ਆਪ ਜੀ 'ਸੁਰਾਹੀ' ਕਿਤਾਬ ਦਾ ਪ੍ਰਿੰਟ ਐਡੀਸ਼ਨ ਜਾਂ PDF ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ।
ਭਾਰਤ ਵਿੱਚ:
https://store.pothi.com/book/amandeep-singh-surahi/
ਵਿਦੇਸ਼ ਵਿੱਚ:
https://www.lulu.com/shop/amandeep-singh/surahi/paperback/product-k4eg54.html
ਆਪ ਜੀ 'ਸੁਰਾਹੀ' ਕਿਤਾਬ ਦਾ ਪ੍ਰਿੰਟ ਐਡੀਸ਼ਨ ਜਾਂ PDF ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ।
ਭਾਰਤ ਵਿੱਚ:
https://store.pothi.com/book/amandeep-singh-surahi/
ਵਿਦੇਸ਼ ਵਿੱਚ:
https://www.lulu.com/shop/amandeep-singh/surahi/paperback/product-k4eg54.html
ਜੀਵਨ-ਅੰਮ੍ਰਿਤ ਨਾਲ਼ ਸ਼ਾਦਾਬ ਕਵਿਤਾਵਾਂ
ਅਮਨਦੀਪ ਸਿੰਘ
Poems filled with Nectar of Life
Amandeep Singh
ਜਾਮ ਸੁਰਾਹੀ ਪੀ ਲੈ ਤੂੰ
ਹੋਂਠ ਤਿਰੇ ਤ੍ਰਿਹਾਏ !
ਜਿਓਂ ਸਾਹਿਲ ਦੀ ਤਪਦੀ ਰੇਤ
ਸਾਗਰ ਪੀਣਾ ਚਾਹੇ !
~ ਅਮਨਦੀਪ ਸਿੰਘ
ਇਹ ਜ਼ਿਕਰ ਹੈ ਉਹਨਾਂ ਸੁਰਾਹੀਆਂ ਦਾ ਜੋ ਇਨਸਾਨ ਨੂੰ ਪਿਆਰ ਦਾ ਜਾਮ ਪਿਲਾਉਣ ਲਈ ਤਤਪਰ ਹਨ। ਇੱਕ ਤੜਪ ਹੈ ਜੋ ਸਾਗਰ (ਪੈਮਾਨੇ) ਦੇ ਵਿੱਚ ਉੱਤਰਨ ਲਈ ਉਤੇਜਿਤ ਹੈ। ਇੱਕ ਆਸ ਹੈ ਕਿ ਸੰਸਾਰ ਵਿੱਚੋਂ ਨਫ਼ਰਤ ਦੀ ਅੱਗ ਬੁਝ ਜਾਏ ਤੇ ਪਿਆਰ ਦੀ ਮਧੁਰ ਫ਼ੁਹਾਰ ਬਰਸੇ! ਇਨਸਾਨ, ਇਨਸਾਨ ਦੇ ਨਾਲ਼ ਇੱਕ ਸੁਰ ਹੋ ਕੇ ਰਹਿਣ, ਤੇ ਹਰ ਪਲ ਪਿਆਰ ਦੇ ਨਗ਼ਮੇ ਗਾਉਣ!
ਇਸ ਕਿਤਾਬ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੈ - ਜਿਵੇਂ ਜੀਵਨ ਦੇ ਚਾਰ ਪਹਿਰ! ਬਚਪਨ ਦਾ ਕੋਮਲ ਮਨ, ਕਿਸੇ ਛਲ-ਕਪਟ ਤੋਂ ਰਹਿਤ ਆਪ-ਮੁਹਾਰੇ ਹੀ ਪ੍ਰਭੂ ਦਾ ਨਾਮ ਧਿਆਉਂਦਾ ਹੈ। ਪਰ ਫੇਰ ਜਿਵੇਂ ਜਿਵੇਂ ਜੀਵਨ ਵੱਡਾ ਹੁੰਦਾ ਹੈ, ਛਲ-ਕਪਟ ਤੇ ਨਫ਼ਰਤ ਬਿਨ ਬੁਲਾਏ ਮਹਿਮਾਨ ਵਾਂਗ ਆ ਵੜਦੀ ਹੈ। ਪਰ ਸਾਨੂੰ ਉਸਦੀ ਕੋਈ ਜਾਣਕਾਰੀ ਨਹੀਂ ਹੁੰਦੀ। ਇੰਝ ਹੀ ਸਮਸਤ ਸੰਸਾਰ ਵਿੱਚ ਨਫ਼ਰਤ ਪਸਰੀ ਹੋਈ ਹੈ। ਜੀਵਨ ਦੇ ਤੀਜੇ ਪਹਿਰ ਫਿਰ ਅਸੀਂ ਜੀਵਨ ਦੇ ਅਰਥ, ਮਾਨਵਤਾ ਦੀ ਹੋਂਦ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੰਸਾਰ ਵਿੱਚ ਫੈਲੀ ਨਫ਼ਰਤ ਤੇ ਅਨਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਨਾਲ਼ ਸੰਘਰਸ਼ ਕਰਦੇ ਹਾਂ। ਬਹੁਤੀ ਵਾਰ ਹਾਰ ਜਾਂਦੇ ਹਾਂ, ਖ਼ਾਸ ਤੌਰ ਤੇ ਜਦੋਂ ਅਸੀਂ ਸੱਚੇ ਨਹੀਂ ਹੁੰਦੇ। ਪਰ ਕਦੇ-ਕਦੇ ਸ਼ਾਂਤਮਈ ਕਿਸਾਨੀ ਸੰਘਰਸ਼ ਵਾਂਗ ਜਿੱਤ ਵੀ ਹੁੰਦੀ ਹੈ - ਇਨਕਲਾਬ ਆਉਂਦਾ ਹੈ! ਪਰ ਹਰ ਵਾਰ ਨਹੀਂ! ਅਕਸਰ ਅਸੀਂ ਪਿਆਰ ਤੇ ਅਮਨ ਦੀ ਕਾਮਨਾ ਕਰਦੇ ਹਾਂ। ਜੀਵਨ ਦੇ ਚੌਥੇ ਪਹਿਰ, ਜਦੋਂ ਅੰਤਕਾਲ ਨੇੜੇ ਆਉਣ ਲੱਗਦਾ ਹੈ, ਮਨ ਵਿੱਚ ਸਦੀਵੀ ਆਸ ਭਰ ਕੇ ਨਵੀਂ ਸਵੇਰ ਦੀ ਕਾਮਨਾ ਕਰਦੇ ਹਾਂ, ਇਲਾਹੀ ਨੂਰ ਲੱਭਦੇ ਹਾਂ! ਸੰਸਾਰ ਵਿੱਚ ਪਿਆਰ ਵੇਖਦੇ ਹਾਂ। ਇਹ ਸੱਚ ਹੈ ਕਿ ਸੰਸਾਰ ਵਿੱਚ ਜਿੰਨੀ ਨਫ਼ਰਤ ਹੈ ਉਸਤੋਂ ਦੁੱਗਣਾ ਪਿਆਰ ਹੈ - ਬੱਸ ਸਾਨੂੰ ਲੱਭਣ ਤੇ ਸਮਝਣ ਦੀ ਲੋੜ ਹੈ। ਇਹੀ ਧੰਨ ਗੁਰੂ ਨਾਨਕ ਦਾ ਫ਼ਲਸਫ਼ਾ ਵੀ ਹੈ, ਤੇ ਜਦੋਂ ਸਭ ਨੂੰ ਉਹ ਫ਼ਲਸਫ਼ਾ ਸਮਝ ਆ ਜਾਵੇਗਾ, ਉਦੋਂ ਇਸ ਸੰਸਾਰ ਵਿੱਚ ਇਨਕਲਾਬ ਆ ਜਾਵੇਗਾ!
ਆਪਣੇ ਖ਼ਿਆਲ ਕਵਿਤਾ ਦੇ ਰੂਪ ਵਿੱਚ ਆਪ ਜੀ ਦੇ ਸਨਮੁਖ ਪੇਸ਼ ਕਰਨ ਦੀ ਇਹ ਇੱਕ ਨਿਮਾਣੀ ਜਿਹੀ ਕੋਸ਼ਸ਼ ਹੈ। ਉਮੀਦ ਹੈ ਆਪ ਜੀ ਇਹਨਾਂ ਕਵਿਤਾਵਾਂ ਨੂੰ ਪਸੰਦ ਕਰੋਗੇ। ਕਿਰਪਾ ਕਰਕੇ ਆਪਣੇ ਵਡਮੁੱਲੇ ਸੁਝਾਅ ਮੈਨੂੰ ਜ਼ਰੂਰ ਈ-ਮੇਲ ਕਰਨਾ ਜੀ।
ਧੰਨਵਾਦ,
~ ਅਮਨਦੀਪ ਸਿੰਘ
amanysingh@gmail.com
ਇਸ ਸੁਰਾਹੀ ਨੇ ਰੰਗ ਬਦਲਿਆ
ਹੰਝੂਆਂ ਦਾ ਪਾਣੀ ਪੀ ਕੇ
ਲੱਖਾਂ ਹੀ ਬੇਵਸ ਮਰ ਗਏ
ਧਰਤੀ ਉੱਪਰ ਜੀ ਕੇ
ਦਿਲ ਦੀਆਂ ਪੀੜਾਂ
ਮਧੁਰ ਮਧੁਰ ਰਾਗ ਜਦ ਅਲਾਪਣ
ਸਾਰੇ ਜੱਗ ਦੇ ਜੀਵ
ਇੱਕ ਸੁਪਨੇ ਵਾਂਗੂੰ ਜਾਪਣ !
ਫਿਰ ਇੱਕ ਛੋਹ ਐਸੀ ਹੈ ਲਗਦੀ
ਬਿਜਲੀ ਚਮਕ ਹੈ ਪੈਂਦੀ
ਪ੍ਰਭੁ ਦੀ ਅਮ੍ਰਿਤਮਈ ਸੁਰਾਹੀ ਵਿੱਚ
ਸਾਡੀ ਰੂਹ ਡੁਬਕੀਆਂ ਲਗਾਉਂਦੀ
ਜਾਮ ਸੁਰਾਹੀ ਪੀ ਲੈ ਤੂੰ
ਹੋਂਠ ਤਿਰੇ ਤ੍ਰਿਹਾਏ !
ਜਿਓਂ ਸਾਹਿਲ ਦੀ ਤਪਦੀ ਰੇਤ
ਸਾਗਰ ਪੀਣਾ ਚਾਹੇ !
ਸੱਤ ਰੰਗੀਆਂ ਕਿਰਨਾਂ ਦਾ ਚਾਨਣ
ਅੱਖਾਂ ਨੂੰ ਮਸਤਾਏ !
ਪ੍ਰੇਮ ਜਾਮ ਦਾ ਇੱਕ ਘੁੱਟ
ਹਰ ਕੋਈ ਪੀਣਾ ਚਾਹੇ
ਤਾਰਿਆਂ ਨਾਲ ਖੇਡ ਕੇ
ਹਰ ਕੋਈ ਜੀਅ ਪਰਚਾਏ
ਨੈਣਾਂ ਦੇ ਸਾਗਰ ਵਿੱਚੋਂ
ਆਸ ਦਾ ਮੀਂਹ ਵਰਸਾਏ !!!
ਤੜਪ ਦੇ ਮਗਰੋਂ ਏਸ ਤੜਪ ਨੇ
ਐਸਾ ਰੰਗ ਵਟਾਇਆ
ਅੰਬਰਾਂ ਦੀ ਬਿਜਲੀ ਦਾ ਗੱਜਣਾ
ਸਾਰੇ ਜੱਗ ਤੇ ਛਾਇਆ
ਇਸ ਤੜਪ ਦਾ ਰੰਗ ਹੈ ਐਸਾ
ਦੂਰ ਹੈ ਉਡਦੀ ਜਾਂਦੀ
ਪਰਬਤਾਂ ਦੀਆਂ ਜੜ੍ਹਾਂ ਨੂੰ
ਇਸਨੇ ਹੈ ਕੰਬਾਇਆ।
ਅਮਰ ਸੁਰਾਹੀ ਦਾ ਅਮਰ ਅੰਮ੍ਰਿਤ
ਮੈਨੂੰ ਅੱਜ ਪਿਲਾ ਦੇਵੋ
ਨਫਰਤ ਦੇ ਹਨੇਰਿਆਂ ਨੂੰ
ਪ੍ਰਕਾਸ਼ ਨਾਲ਼ ਨਹਿਲਾ ਦੇਵੋ
ਦੂਰ ਕਿਤੇ ਸ਼ਹਿਨਾਈ ਵੱਜਦੀ ਸੁਣ ਰਹੀ
ਮੈਨੂੰ ਉਸ ਸ਼ਹਿਨਾਈ ਤੱਕ ਪੰਹੁਚਾ ਦੇਵੋ
ਮੇਰੇ ਦਿਲ ਦੇ ਦਾਗਾਂ ਨੂੰ
ਅਮਰ ਅੰਮ੍ਰਿਤ ਨਾਲ਼ ਮਿਟਾ ਦੇਵੋ
ਅਮਰ ਸੁਰਾਹੀ ਦਾ ਅਮਰ ਅੰਮ੍ਰਿਤ
ਮੈਨੂੰ ਅੱਜ ਪਿਲਾ ਦੇਵੋ।
ਜੇ ਤੁਹਾਨੂੰ ਇਹ ਕਵਿਤਾਵਾਂ ਪਸੰਦ ਆਈਆਂ ਹਨ ਤਾਂ ਆਪ ਜੀ 'ਸੁਰਾਹੀ' ਕਿਤਾਬ ਦਾ ਪ੍ਰਿੰਟ ਐਡੀਸ਼ਨ ਜਾਂ PDF ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ।
ਭਾਰਤ ਵਿੱਚ:
https://store.pothi.com/book/amandeep-singh-surahi/
ਵਿਦੇਸ਼ ਵਿੱਚ:
https://www.lulu.com/shop/amandeep-singh/surahi/paperback/product-k4eg54.html
https://www.amazon.com/dp/1794753281