ਪਿਆਰੇ ਦੋਸਤੋ,
ਮੈਂ ਅਮਨਦੀਪ ਸਿੰਘ ਆਪ ਜੀ ਦੇ ਸਨਮੁੱਖ ਕਵਿਤਾਵਾਂ ਦਾ ਇੱਕ ਨਵਾਂ ਪ੍ਰੋਗਰਾਮ ‘ਕਵਿਤਾ ਜਦੋਂ ਬੋਲਦੀ ਹੈ’ ਲੈ ਕੇ ਹਾਜ਼ਿਰ ਹਾਂ। ਉਮੀਦ ਹੈ ਆਪ ਜੀ ਨੂੰ ਪਸੰਦ ਆਏਗਾ। ਕਵਿਤਾ ਜਦੋਂ ਬੋਲਦੀ ਹੈ ਤਾਂ ਦਿਲ ਦੀਆਂ ਘੁੰਡੀਆਂ ਖੋਲ੍ਹਦੀ ਹੈ। ਜਿਵੇਂ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹਨ - ਦਿਲ ਦੀਆਂ ਘੁੰਡੀਆਂ ਖੋਲ ਅਸਾਂ ਨਾਲ ਹੱਸ ਖਾਂ ਵੇ ਅੜਿਆ। ਇੱਕ ਕਹਾਵਤ ਹੈ ਕਿ ਜਦੋਂ ਤੁਸੀਂ ਕਵਿਤਾ ਉੱਚੀ ਦੇਣੀ ਬੋਲ ਕੇ ਪੜ੍ਹਦੇ ਹੋ ਤਾਂ ਉਹ ਤੁਹਾਡਾ ਅੰਗ ਬਣ ਜਾਂਦੀ ਹੈ। ਆਸ ਹੈ ਆਪ ਜੀ ਨੂੰ ਪਸੰਦ ਆਏਗਾ ਤੇ ਆਪ ਜੀ ਆਪਣੇ ਵਡਮੁੱਲੇ ਸੁਝਾਅ ਦਿਓਗੇ। ਧੰਨਵਾਦ।
ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਅਗ਼ਾਜ਼ ਰੱਬੀ ਨੂਰ ਤੇ ਮਹਾਨ ਕਵੀ ਧੰਨ ਗੁਰੂ ਨਾਨਕ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਰੀਏ। ਗੁਰੂ ਜੀ ਨੇ ਮਨੁੱਖਤਾ ਨੂੰ ਸੱਚ ਦਾ ਮਾਰਗ ਦੱਸਿਆ। ਉਹਨਾਂ ਨੇ 28, 000 ਮੀਲ ਤੋਂ ਵੀ ਵੱਧ ਪੈਦਲ ਯਾਤਰਾ ਕੀਤੀ। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਆਪਣੀ ਮਿਹਰ ਨਾਲ਼ ਚੰਗੇ, ਬੁਰੇ ਅਣਗਿਣਤ ਲੋਕਾਂ ਨੂੰ ਤਾਰਿਆ - ਜਿਵੇਂ ਕਿ ਆਦਮਖੋਰ ਕੌਡਾ ਭੀਲ, ਸੱਜਣ ਠਗ, ਮਲਿਕ ਭਾਗੋ, ਭਾਈ ਲਾਲੋ, ਆਦਿਕ। ਮੈਂ, ਕਵੀ ਗੁਰੂ ਜੀ ਦੇ ਅੱਗੇ ਅਰਦਾਸ ਕਰ ਰਿਹਾ ਹਾਂ ਕਿ ਸਾਡੇ ਤੇ ਵੀ ਬਖ਼ਸ਼ਿਸ਼ ਕਰੋ ਤੇ ਸਾਨੂੰ ਵੀ ਤਾਰੋ।
ਅਮਨਦੀਪ ਸਿੰਘ
[ਜਾਂ ਗੁਰੂ ਨਾਨਕ ਦੀ ਬਖ਼ਸ਼ਿਸ਼। ਇਸ ਕਵਿਤਾ ਵਿਚ ਕੁਝ ਲਾਈਨਾਂ ਗੁਰੂ ਸਾਹਿਬ ਦੀ ਬਾਣੀ ਤੇ ਇੱਕ ਅਗਿਆਤ ਕਵੀ ਦੀਆਂ ਹਨ।]
ਗੁਰੂ ਨਾਨਕ ਦੇ ਕਰਮ ਦੇ ਕਰਕੇ
ਕੌਡੇ ਵਰਗੇ ਰਾਖ਼ਸ਼ ਤਰ ਗਏ
ਸੱਜਣ ਵਰਗੇ ਠਗ ਵੀ ਐਥੇ
ਸਤਿਨਾਮ ਦੀ ਚੂਲੀ ਭਰ ਗਏ
ਸਾਨੂੰ ਵੀ ਹੁਣ ਤਾਰ ਦਾਤਾ ਜੀ -
ਸਾਨੂੰ ਵੀ ਹੁਣ ਤਾਰ!
ਡੁੱਬਦੀ ਜਾਂਦੀ ਸਾਡੀ ਬੇੜੀ
ਭਵਜਲ ਤੋਂ ਕਰ ਪਾਰ ਦਾਤਾ ਜੀ !
ਬਾਬੇ ਨਾਨਕ ਘਰ ਘਰ ਜਾਕੇ
ਇਹ ਲੋਕਾਂ ਨੂੰ ਦੱਸਿਆ ਏ।
ਦਸਾਂ-ਨਹੁੰਆਂ ਦੀ ਕਿਰਤ-ਕਮਾਈ
ਉੱਤਮ ਇੱਕ ਤਪੱਸਿਆ ਏ।**
ਬਾਬੇ ਉੱਚਾ ਦਰਜਾ ਦਿੱਤਾ -
ਸੱਚੀ-ਸੁੱਚੀ ਕਾਰ।
ਸਾਨੂੰ ਵੀ ਹੁਣ ਤਾਰ ਦਾਤਾ ਜੀ -
ਸਾਨੂੰ ਵੀ ਹੁਣ ਤਾਰ!
ਭਾਈ ਲਾਲੋ ਦੀ ਰੋਟੀ ‘ਚੋਂ
ਦੁੱਧ ਦੇ ਤੁਪਕੇ ਕੱਢੇ ਸੀ
ਮਾਲਿਕ ਭਾਗੋ ਦੀ ਰੋਟੀ 'ਚੋਂ
ਖ਼ੂਨ ਦੇ ਛਿੱਟੇ ਵੱਗੇ ਸੀ
ਸਾਡੀ ਰੋਟੀ ਤਾਂ ਦਾਤਾ ਜੀ
ਟੁੱਟੀ ਅੱਧ-ਵਿਚਕਾਰ
ਸਾਨੂੰ ਵੀ ਹੁਣ ਤਾਰ ਦਾਤਾ ਜੀ -
ਸਾਨੂੰ ਵੀ ਹੁਣ ਤਾਰ!
“ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥”***
ਬਾਬਰ ਦੇ ਜ਼ੁਲਮਾਂ ਦੇ ਅੱਗੇ
ਹਾਅ ਦਾ ਨਾਅਰਾ ਲਾਇਆ।
ਸਤਿਗੁਰ ਦੇ ਕੌਤਕ ਨੂੰ ਦੇਖ
ਬਾਬਰ ਗਿਆ ਸੀ ਹਾਰ।
ਸਾਨੂੰ ਵੀ ਹੁਣ ਤਾਰ ਦਾਤਾ ਜੀ -
ਸਾਨੂੰ ਵੀ ਹੁਣ ਤਾਰ!
ਡੁੱਬਦੀ ਜਾਂਦੀ ਸਾਡੀ ਬੇੜੀ
ਭਵਜਲ ਤੋਂ ਕਰ ਪਾਰ।
ਅਪ੍ਰੈਲ ਦਾ ਮਹੀਨਾ ਕਵਿਤਾਵਾਂ ਦਾ ਮਹੀਨਾ ਹੈ, ਜੋ ਕਿ 1996 ਵਿੱਚ ਅਮਰੀਕਨ ਕਵੀਆਂ ਦੀ ਅਕੈਡਮੀ ਵਲ੍ਹੋਂ ਸ਼ੁਰੂ ਕੀਤਾ ਗਿਆ ਸੀ। ਕਵੀ ਤੇ ਕਵਿਤਾ ਨੂੰ ਸਮਰਪਤਿ ਇੱਕ ਪੂਰਾ ਖ਼ਾਸ ਮਹੀਨਾ ਜੋ ਕਿ ਕਵੀਆਂ ਦੇ ਸਭਿਆਚਾਰ ਵਿੱਚ ਵੱਡਮੁੱਲੇ ਯੋਗਦਾਨ ਨੂੰ ਕਬੂਲਦਾ ਹੈ ਤੇ ਇਹ ਦਰਸਾਉਂਦਾ ਹੈ ਕਿ ਕਵਿਤਾ ਇੱਕ ਖੂਬਸੂਰਤ ਰਚਨਾ ਹੈ! ਹੌਲ਼ੀ-ਹੌਲ਼ੀ ਸਾਲ ਬੀਤਣ 'ਤੇ, ਇਹ ਪੂਰੇ ਸੰਸਾਰ ਵਿੱਚ ਕਵਿਤਾ ਮਾਹ ਵਜੋਂ ਮਨਾਇਆ ਜਾਣ ਲੱਗਿਆ।
ਕਵਿਤਾ ਕੀ ਹੈ? ਸੁੰਦਰ, ਦਿਲ ਨੂੰ ਲੁਭਾਵਣ ਵਾਲ਼ੀ, ਅਲੰਕਾਰਾਂ ਨਾਲ਼ ਮਨ ਵਿੱਚ ਸਜੀਵ ਪ੍ਰਤੀਬਿੰਬ ਬਣਾਉਣ ਵਾਲ਼ੀ, ਛੰਦ-ਬੰਦ ਜਾਂ ਛੰਦ-ਮੁਕਤ ਰਚਨਾ ਨੂੰ ਅਸੀਂ ਕਵਿਤਾ ਕਹਿ ਸਕਦੇ ਹਾਂ। ਕਵਿਤਾ ਸਾਡੇ ਮਨ ਵਿੱਚ ਪਿਆਰ, ਅਮਨ, ਉਤਸ਼ਾਹ ਤੇ ਹੋਰ ਅਨੰਤ ਭਾਵ ਉਤਪੰਨ ਕਰਦੀ ਹੈ।
ਦਿਲ ਦੀ ਕਿਤਾਬ ਤੇ ਲਿਖੇ ਸ਼ਬਦ
ਅਨਹਦ ਨਾਦ ਨਾਲ਼ ਲਬਰੇਜ਼
ਮਨਮੋਹਕ ਨਗ਼ਮੇ ਗਾਉਂਦੇ
ਅਲੌਕਿਕ ਨਾਚ ਨੱਚਦੇ
ਆਦਿ ਸ਼ਕਤੀ ਦਾ ਤਾਂਡਵ ਕਰਦੇ
ਮਨ ਦੇ ਕੋਰੇ ਕੈਨਵਸ ‘ਤੇ
ਖੂਬਸੂਰਤ ਚਿੱਤਰ ਵਾਹੁੰਦੇ
ਕਵਿਤਾ ਦਾ ਰੂਪ ਨੇ ਵਟਾਉਂਦੇ।
ਅਮਨਦੀਪ ਸਿੰਘ
[ਇਹ ਕਵਿਤਾ ਦੁਨੀਆ ਭਰ ਦੀਆਂ ਔਰਤਾਂ ਦੇ ਨਾਂ ਜਿਨ੍ਹਾਂ ਨੂੰ ਆਪਣੇ ਫੈਸਲੇ ਆਪ ਲੈਣ ਦਾ ਅਧਿਕਾਰ ਨਹੀਂ। ਜਦੋਂ ਅਮਰੀਕਾ ਦੇ ਸੁਪਰੀਮ ਕੋਰਟ ਨੇ ਔਰਤਾਂ ਤੋਂ ਪ੍ਰਜਨਨ ਅਧਿਕਾਰ ਦੇ ਸਾਰੇ ਹੱਕ ਖੋਹ ਲਏ ਤੇ ਉਹ ਅਧਿਕਾਰ ਰਾਜਾਂ ਦੀਆਂ ਸਰਕਾਰਾਂ ਦੇ ਹਵਾਲੇ ਕਰ ਦਿੱਤੇ, ਉਹਨਾਂ ਨੂੰ ਆਪਣੀ ਸਿਹਤ ਦਾ ਆਪ ਫੈਸਲਾ ਕਰਨ ਦਾ ਹੱਕ ਵੀ ਨਹੀਂ ਰਿਹਾ। ਅਮਰੀਕਾ ਦੇ ਕਈ ਰਾਜਾਂ ਵਿੱਚ ਤਾਂ ਬਲਾਤਕਾਰ ਦੀਆਂ ਪੀੜ੍ਹਤ ਔਰਤਾਂ ਨੂੰ ਵੀ ਗਰਭ ਗਿਰਾਉਣ ਦਾ ਅਧਿਕਾਰ ਨਹੀਂ।]
ਸਾਡਾ ਹੱਕ ਸਾਡਾ ਹੈ
ਸਾਡਾ ਜਿਸਮ ਸਾਡਾ ਹੈ
ਇਸ ਵਾਰੇ ਫ਼ੈਸਲੇ ਲੈਣ ਵਾਲ਼ੇ
ਤੁਸੀਂ ਕੌਣ ਹੁੰਦੇ ਹੋ?
ਜਦੋਂ ਨੰਨ੍ਹੀਆਂ ਮਾਸੂਮ ਜਿੰਦਾਂ ਨਾਲ਼
ਬਲਾਤਕਾਰ ਨੇ ਕਰਦੇ
ਉਹਨਾਂ ਦੇ ਜਿਸਮਾਂ ਨਾਲ਼
ਖਿਲਵਾੜ ਨੇ ਕਰਦੇ
ਫੇਰ ਉਹਨਾਂ ਨੂੰ ਆਪਣੇ
ਜਿਸਮ ਦੇ ਫੈਸਲੇ ਲੈਣ ਦਾ
ਹੱਕ ਕਿਉਂ ਨਹੀਂ?
ਕਿਓਂ ਖੋਂਹਦੇ ਹੋ ਇਹ ਹੱਕ?
ਸਿਰਫ਼ ਆਪਣੇ ਸੰਕੀਰਣ
ਵਿਚਾਰਾਂ ਤੇ ਸੋਚ ਕਰਕੇ!
ਆਪਣੇ ਹਉਮੇ ਤੇ
ਆਪਣੇ ਘੁਮੰਡ ਕਰਕੇ।
ਜਗਤ-ਜਨਣੀ ਨੂੰ
ਆਪਣੇ ਫੈਸਲੇ
ਆਪ ਲੈਣ ਦਿਓ
ਤੁਸੀਂ ਉਸਦੇ ਅੱਗੇ
ਦੀਵਾਰ ਬਣਕੇ ਨਾ ਖੜੋ।
ਸਦੀਆਂ ਤੋਂ ਜੋ ਔਰਤ
ਜ਼ੁਲਮ ਦੀ ਚੱਕੀ
‘ਚ ਪਿਸਦੀ ਹੈ ਆਈ।
ਕਦੇ ਸਤੀ ਬਣਦੀ
ਕਦੇ ਦਹੇਜ ਦੀ ਬਲ਼ੀ ਚੜ੍ਹਦੀ
ਅੱਗ ਵਿੱਚ ਸੜਦੀ
ਕਦੇ ਬਜ਼ਾਰਾਂ ਵਿੱਚ ਨਿਲਾਮ ਹੁੰਦੀ
ਕਦੇ ਕੋਠਿਆਂ ‘ਤੇ ਵਿਕਦੀ
ਕਦੇ ਕੱਲਬਾਂ ਵਿੱਚ ਹੈ ਨਚਾਉਂਦੇ
ਕਦੋਂ ਉਸਨੂੰ ਸਵੈ ਚੇਤਨਤਾ
ਦੀ ਜੋਤੀ ਬਣਨ ਦਿਓਂਗੇ?
ਅੱਜ ਜਦੋਂ ਸੰਸਾਰ
ਇੰਨੀ ਤਰੱਕੀ ਕਰ ਚੁੱਕਾ ਹੈ!
ਵਿਗਿਆਨ ਤੇ ਆਧੁਨਿਕਤਾ ਦੇ
ਚਾਨਣ ਵਿੱਚ ਨਹਾ ਚੁੱਕਾ ਹੈ।
ਅੱਜ ਵੀ ਉਸਨੂੰ
ਆਪਣੇ ਹੱਕ ਲੈਣ ਦਾ ਹੱਕ ਨਹੀਂ।
ਅੱਜ ਕਿਓਂ ਉਸਨੂੰ
ਭਿਅੰਕਰ ਅਤੀਤ ਵਿੱਚ
ਵਾਪਿਸ ਭੇਜ ਰਹੇ ਹੋ?
ਜਾਗੋ, ਲੋਕੋ ਹੁਣ ਤਾਂ ਜਾਗੋ
ਸਾਡੇ ਹੱਕ ਖੋਹਣ ਵਾਲੀਆਂ
ਤਾਕਤਾਂ ਦੇ ਖ਼ਿਲਾਫ਼ ਜਾਗੋ!
ਇਸਤੋਂ ਪਹਿਲਾਂ ਉਹ
ਸਾਡੇ ਜਿਊਣ ਦਾ ਹੱਕ ਹੀ ਨਾ ਖੋਹ ਲੈਣ
ਜਾਗੋ ਹੁਣ ਤਾਂ ਜਾਗੋ
ਆਪਣੇ ਹੱਕ ਵਾਪਸ ਮੰਗੋ -
“ਸਾਡੇ ਹੱਕ, ਐਥੇ ਰੱਖ”
ਦੇ ਨਾਅਰੇ ਬੁਲੰਦ ਕਰੋ।
ਆਪਣੀ ਅਵਾਜ਼ ਬੁਲੰਦ ਕਰੋ!
ਮੇਰੀ ਅਗਲੀ ਕਵਿਤਾ ਦੀ ਅਨੁਵਾਨ ਹੈ - ਅਬੋਲ ਬੋਲ। ਇਸ ਕਵਿਤਾ ਨੂੰ ਅੰਮ੍ਰਿਤਾ ਪ੍ਰੀਤਮ ਜੀ ਦੇ ਨਾਗਮਣੀ ਮੈਗ਼ਜ਼ੀਨ ਵਿਚ ਸ਼ਾਮਲ ਹੋਣ ਦਾ ਸੁਭਾਗ ਵੀ ਪ੍ਰਾਪਤ ਹੈ।
ਅਮਨਦੀਪ ਸਿੰਘ
ਅਸੀਂ ਅਬੋਲ ਬੋਲਾਂ ਦੀ
ਭੀੜੀ ਸਰਦਲ ਤੋਂ ਅੱਗੇ ਨਾ ਲੰਘ ਸਕੇ,
ਚੁੱਪਚਾਪ ਅਸਾਂ ਜ਼ਿੰਦਗੀ ਦੇ ਯਥਾਰਥ ਨੂੰ
ਆਪਣੇ ਮੱਥੇ ਤੇ ਪ੍ਰਵਾਨ ਕੀਤਾ!
ਅਸੀਂ ਕਿਉਂ ਦੂਰ ਦੂਰ ਖੜੇ, ਤੜਪਦੇ ਰਹੇ…
ਕਿਉਂ ਦਰਦ ਦੀਆਂ ਜੂਹਾਂ ਕੱਛਦੇ ਰਹੇ…
ਅਬੋਲ ਸੀਗੇ ਸਾਡੇ ਬੋਲ!
ਪਰ ਕੀ ਅੱਖੀਆਂ ਦੀ ਭਾਸ਼ਾ ਕੁੱਝ ਨਹੀਂ ਕਹਿੰਦੀ…
ਤੂੰ ਵੀ ਅੱਖੀਆਂ ਦੇ ਮੂਕ ਸੰਦੇਸ਼ ਭੇਜੇ,
ਮੈਂ ਨਜ਼ਰਾਂ ਚੁਰਾਂਦਾ ਰਿਹਾ…
ਸਮਝ ਕੇ ਵੀ ਬੇਸਮਝ ਰਿਹਾ!
ਤੂੰ ਬਹੁਤ ਕੁੱਝ ਸਮਝਦੀ ਹੋਈ ਵੀ ਚੁੱਪ ਰਹੀ…
ਕਿੰਝ ਅਸੀਂ ਆਪਣੀ ਮਿੱਟੀ ਦੇ ਖੋਲਾਂ 'ਚ
ਹੀ ਬੱਝੇ ਰਹੇ!
ਕਿਉਂ ਨਹੀਂ ਅਸੀਂ ਆਪਣੇ ਹੱਥ
ਇਕਰਾਰ ਦੇ ਵਾਸਤੇ ਅਗਾਂਹ ਵਧਾਏ…
ਮਾਣਸ–ਦੇਹਾਂ ਤਪਦੀਆਂ ਰਹੀਆਂ –
ਆਪਣੇ ਅਰਮਾਨਾਂ ਦੀ ਅੱਗ 'ਚ
ਭੁੱਜਦੀਆਂ ਰਹੀਆਂ –
ਜਨਮਾਂ ਦੀਆਂ ਤੜਪਦੀਆਂ, ਲੁੱਛਦੀਆਂ!
ਕਿੰਝ ਸੁਰੀਲੀਆਂ ਰਾਤਾਂ ਨੂੰ
ਅਸੀਂ ਕਰਵਟਾਂ ਬਦਲੀਆਂ –
ਅਤੇ ਕਿੰਝ ਗਰਮ ਫ਼ਰਸ਼ ਤੇ ਪਏ
ਮੀਂਹ ਦੇ ਠੰਡੇ ਪਾਣੀ 'ਤੇ
ਨੰਗੇ ਪੈਰੀਂ ਟੁਰਦੇ ਅਸੀਂ-
ਖਾਮੋਸ਼ ਰਾਤਾਂ 'ਚ ਚੰਦਰਮਾ ਵੱਲ੍ਹ ਨੂੰ
ਮਜ਼ਬੂਰ ਨਜ਼ਰਾਂ ਨਾਲ਼ ਤੱਕਿਆ ਸੀ –
ਵਕਤ ਦੀ ਗ਼ਰਦਿਸ਼ ਘੂੰਮਣਘੇਰੀਆਂ
ਕੱਢਦੀ ਰਹੀ ਸੀ….
ਅਸੀਂ ਆਪਣੇ ਹੀ ਪਿੰਜਰਿਆਂ 'ਚ ਕੈਦ ਰਹੇ –
ਹਾਏ! ਉਹ ਰਾਤਾਂ ਜੁਦਾਈ ਦੀਆਂ –
ਮੈਂ ਰੋਂਦਾ ਰਿਹਾ – ਕੱਟਦਾ ਰਿਹਾ –
ਪਰ ਤੇਰੇ ਕੂਲੇ ਹੱਥ ਨਹੀਂ ਸਨ –
ਮੈਨੂੰ ਚੁੱਪ ਕਰਵਾਣ ਵਾਸਤੇ …
ਤੇਰੇ ਤੋਂ ਬਿਨਾਂ ਕੋਈ ਕਿੰਝ ਕਹਿੰਦਾ –
ਚੁੱਪ ਕਰਵਾਂਦਾ ...
ਅਸੀਂ ਇੰਝ ਹੀ ਪਿਸ ਗਏ
ਵਕਤ ਦੀ ਖ਼ਾਮੋਸ਼ ਗ਼ਰਦਿਸ਼ ਵਿੱਚ…
ਤੇ ਜਦ ਹੋਸ਼ ਆਇਆ ਤਾਂ
ਉਦੋਂ ਕੁੱਝ ਨਹੀਂ ਹੋ ਸਕਦਾ ਸੀ।
ਖ਼ੈਰ! ਅਸੀਂ ਇਹਨਾਂ ਦੇਹੀ-ਨੁਮਾ
ਪਿੰਜਰਿਆਂ ਦੀ ਕੈਦ ਕੱਟ ਰਹੇ ਹਾਂ….
ਧੁੰਧਲੀਆਂ ਅਤੇ ਬੇਸਰੂਪ ਯਾਦਾਂ ਦੇ
ਚੱਲ-ਚਿੱਤਰਾਂ 'ਚ ਗੁੰਮੇ-
ਜ਼ਿੰਦਗੀ ਦਾ ਸੂਤ ਵੱਟ ਰਹੇ ਹਾਂ…
ਅਤੇ ਦੇਹੀ-ਨੁਮਾ ਪਿੰਜਰਿਆਂ ਤੋਂ
ਮਿਲਣ ਵਾਲੀ ਅਜ਼ਾਦੀ ਦੀ ਉਡੀਕ ਕਰ ਰਹੇ ਹਾਂ!
ਹੁਣ ਮੈਂ ਆਪ ਜੀ ਨੂੰ ਇੱਕ ਗ਼ਜ਼ਲ ਸੁਣਾਉਂਦਾ ਹਾਂ।
ਅਮਨਦੀਪ ਸਿੰਘ
ਉਦਾਸ ਜਿਹੀ ਇਸ ਰਾਤ ਦਾ ਕੀ ਕਰੀਏ?
ਹੰਝੂਆਂ ਦੀ ਸੁਗਾਤ ਦਾ ਕੀ ਕਰੀਏ?
ਜੀਵਨ 'ਚ ਜਦ ਤਾਰੀਕੀ ਹੀ ਛਾ ਗਈ ਤਾਂ-
ਤਾਰਿਆਂ ਦੀ ਬਰਾਤ ਦਾ ਕੀ ਕਰੀਏ?
ਬਦਲ ਗਏ ਨੇ ਤਖ਼ਤ ਦੇ ਤਾਬੇਦਾਰ –
ਨਾ ਬਦਲੇ ਹਾਲਾਤ ਦਾ ਕੀ ਕਰੀਏ?
ਰਾਤ ਨੂੰ ਵਿੱਚ ਵਿਚਾਲੇ ਹੀ ਜੋ ਰਹਿ ਗਈ –
ਰਾਜਾ-ਰਾਣੀ ਦੀ ਬਾਤ ਦਾ ਕੀ ਕਰੀਏ?
ਬੱਸ ਆਏ ਤੇ ਆ ਕੇ ਉਹ ਚਲੇ ਗਏ –
ਇਹੋ ਜਿਹੀ ਮੁਲਾਕਾਤ ਦਾ ਕੀ ਕਰੀਏ?
ਇਹ ਸੰਸਾਰ ਪਿਆਰ ਤੇ ਨਫ਼ਰਤ ਦਾ ਇੱਕ ਅਜੀਬ ਮੁਜੱਸਮਾ ਹੈ। ਅਸੀਂ ਅਕਸਰ ਜੀਵਨ ਦੇ ਅਰਥ ਤੇ ਮਾਨਵਤਾ ਦੀ ਹੋਂਦ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੰਸਾਰ ਵਿੱਚ ਫੈਲੀ ਨਫ਼ਰਤ ਤੇ ਅਨਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਨਾਲ਼ ਸੰਘਰਸ਼ ਕਰਦੇ ਹਾਂ। ਬਹੁਤੀ ਵਾਰ ਹਾਰ ਜਾਂਦੇ ਹਾਂ, ਖ਼ਾਸ ਤੌਰ ਤੇ ਉਦੋਂ ਜਦੋਂ ਅਸੀਂ ਸੱਚੇ ਨਹੀਂ ਹੁੰਦੇ। ਪਰ ਕਦੇ ਕਦੇ ਸ਼ਾਂਤਮਈ ਸੰਘਰਸ਼ ਜਿਵੇਂ ਕਿ ਕਿਸਾਨ ਅੰਦੋਲਨ, ਦੀ ਜਿੱਤ ਵੀ ਹੁੰਦੀ ਹੈ - ਇਨਕਲਾਬ ਆਉਂਦਾ ਹੈ! ਪਰ ਹਰ ਵਾਰ ਨਹੀਂ! ਤੇ ਇਹ ਸੰਘਰਸ਼ ਚੱਲਦਾ ਰਹਿੰਦਾ ਹੈ। ਜੀਵਨ ਪਥ ਦੇ ਸਾਧਕ ਤੁਰਦੇ ਜਾਂਦੇ ਹਨ, ਰੁਕਣਾ ਉਹਨਾਂ ਦੀ ਫਿਤਰਤ ਨਹੀਂ। ਅੰਤ ਵਿਚ ਇਸੇ ਜਜ਼ਬੇ ਨੂੰ ਸਮਰਪਿਤ ਇੱਕ ਗੀਤ - ਅਸਾਂ ਟੁਰੀ ਜਾਣਾ ਹੋ - ਮੈਂ ਆਪ ਜੀ ਦੇ ਅੱਗੇ ਪੇਸ਼ ਕਰਦਾ ਹਾਂ।
ਅਮਨਦੀਪ ਸਿੰਘ
ਕਾਲੀਆਂ ਘਟਾਵਾਂ ਵਾਲ਼ੀ ਰਾਤ,
ਅਸਾਂ ਟੁਰੀ ਜਾਣਾ ਹੋ!
ਪਿਆਸੇ ਦਿਲਾਂ ਵਿੱਚ ਪਿਆਰ
ਅਸਾਂ ਜੜੀ ਜਾਣਾ ਹੋ!
ਦੇਖ ਤੂਫ਼ਾਨਾਂ ਨੂੰ ਰਾਹਾਂ ਤੇ ਅਸਾਂ ਸੀ ਨਹੀਂ ਕਰਨੀ
ਦੇਖ ਮੌਤ ਨੂੰ ਸਾਹਾਂ ਤੇ ਅਸਾਂ ਅੱਖ ਨਹੀਂ ਭਰਨੀ
ਅਨੇਕਾਂ ਸਿਤਮ ਅਸਾਂ ਜਰੀ ਜਾਣਾ ਹੋ!
ਅਸਾਂ ਟੁਰੀ ਜਾਣਾ ਹੋ!
ਕਦੇ ਨਹੀਂ ਝੁਕਣਾ ਅਸਾਂ ਕਦੇ ਨਹੀਂ ਮੁੱਕਣਾ ਅਸਾਂ
ਪਰਛਾਂਵਿਆਂ ਤੋਂ ਡਰ ਕਦੇ ਨਹੀਂ ਰੁਕਣਾ ਅਸਾਂ
ਮਨ ਵਿੱਚ ਹੌਂਸਲਾ ਅਸਾਂ ਭਰੀ ਜਾਣਾ ਹੋ!
ਅਸਾਂ ਟੁਰੀ ਜਾਣਾ ਹੋ!
ਉਮੀਦ ਹੈ ਆਪ ਜੀ ਨੂੰ ਮੇਰੀਆਂ ਕਵਿਤਾਵਾਂ ਪਸੰਦ ਆਈਆਂ ਹੋਣਗੀਆਂ। ਫਿਰ ਮਿਲਣ ਦੀ ਆਸ ਨਾਲ਼ ਆਪ ਜੀ ਤੋਂ ਵਿਦਾ ਲੈਂਦਾ ਹਾਂ। ਉਮੀਦ ਹੈ ਇਸ ਪ੍ਰੋਗਰਾਮ ਨੂੰ ਵਧੀਆ ਬਣਾਉਣ ਲਈ ਆਪਜੀ ਆਪਣੇ ਵਡਮੁੱਲੇ ਸੁਝਾਅ ਜ਼ਰੂਰ ਦਿਓਂਗੇ। ਧੰਨਵਾਦ।