ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆ ਫਿਰਦਾ ਏਂ ਜਾਨੀ|
ਭਾੜੇ ਦੀ ਹੱਟੀ ਵਿੱਚ ਰਹਿ ਕੇ, ਬੰਦਿਆ
ਤੈਂ ਮੌਜ ਬਥੇਰੀ ਮਾਣੀ|
ਵਿੱਚ ਕਾਲਿਆਂ ਦੇ ਆ ਗਏ ਧੌਲੇ
ਹੁਣ ਆ ਗਈ ਮੌਤ ਨਿਸ਼ਾਨੀ|
ਬਦੀਆਂ ਨਾ ਕਰ ਵੇ
ਕੈ ਦਿਨ ਦੀ ਜਿੰਦਗਾਨੀ |
*
ਮਰ ਗਏ ਵੀਰ, ਰੋਂਦੀਆਂ ਭੈਣਾਂ
ਵਿਛੜੀ ਵਿਸਾਖੀ ਤੇ ਭਰ ਗਿਆ ਸ਼ਹਿਣਾ
ਛੁਪ ਜਾਊ ਕੁੱਲ ਦੁਨੀਆਂ
ਇੱਥੇ ਨਾਮ ਸਾਈ ਦਾ ਰਹਿਣਾ
ਸੋਹਣੀ ਜਿੰਦੜੀ ਨੇ
ਰਾਹ ਮੌਤਾਂ ਦੇ ਪੈਣਾ |
*
ਚੱਲ ਵੇ ਮਨਾ, ਬਿਗਾਨੀਆ ਧਨਾ
ਕਾਹਨੂੰ ਪ੍ਰੀਤਾਂ ਜੜੀਆਂ ?
ਓੜਕ ਇੱਥੋਂ ਚਲਣਾ ਇੱਕ ਦਿਨ
ਕਬਰਾਂ ਉਡੀਕਣ ਖੜੀਆਂ ?
ਉੱਤੋਂ ਦੀ ਤੇਰੇ ਵਗਣ ਨੇਰ੍ਹੀਆਂ
ਲਗਣ ਸੌਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ, ਜਾ ਲੜੀਆਂ |
*
ਬਾਬੁਲ ਮੇਰੇ ਬਾਗ ਲਗਾਇਆ
ਵਿੱਚ ਬਹਾਇਆ ਮਾਲੀ |
ਬੂਟੇ ਬੂਟੇ ਮਾਲੀ ਪਾਣੀ ਦੇਵੇ
ਫੁੱਲ ਲੱਗ ਗਿਆ ਡਾਲੀ ਡਾਲੀ
ਰੂਪ ਕੁਆਰੀ ਦਾ
ਦਿਹੁੰ ਚੜਦੇ ਦੀ ਲਾਲੀ |
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਮਗਰੋਂ ਪੈਂਦੀ ਭੂਰ!
ਰੋਟੀ ਲੈ ਨਿਕਲੀ, ਖੇਤ ਸੁਣੀਂਦਾ ਦੂਰ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਬੱਦਲਾਂ ਨੇ ਪਾਏ ਘੇਰੇ
ਰੋਟੀ ਲੈ ਆਈ, ਕੱਪੜੇ ਭਿੱਜ ਗਏ ਤੇਰੇ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਭਿੱਜ ਗਿਆ ਗੈਬੀ ਤੋਤਾ
ਮੇਲਣ ਇਓਂ ਨੱਚਦੀ, ਜਿਵੇਂ ਟੱਪਦਾ ਸੜਕ ਤੇ ਬੋਤਾ|
ਖੁੱਲ ਕੇ ਨੱਚ ਲੈ ਨੀ, ਹਾਣੋ ਹਾਣ ਖਲੋਤਾ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਘਾਹ ਕੁੜੇ, ਤੇਰਾ ਕਦ ਮੁਕਲਾਵਾ ਭਾਗ ਕੁਰੇ|
*
ਵਗਦੀ ਸੀ ਰਾਵੀ ਵਿੱਚ ਨੌਣ ਨੀ ਕੁਆਰੀਆਂ !
ਕੰਨੀਂ ਬੁੰਦੇ ਨੀ ਸਾਈਓ, ਅੱਖਾਂ ਲੋੜ੍ਹੇ ਮਾਰੀਆਂ !
ਵਗਦੀ ਸੀ ਰਾਵੀ ਵਿੱਚ ਸੁਰਮਾ ਕਿਨ੍ਹੇ ਡੋਹਲਿਆ ?
ਜਿਦਣ ਦੀ ਆਈ ਕਦੇ ਹੱਸ ਕੇ ਨਾ ਬੋਲਿਆ !
ਵਗਦੀ ਸੀ ਰਾਵੀ ਵਿੱਚ ਘੁੱਗੀਆਂ ਦਾ ਜੋੜਾ ਵੇ !
ਇੱਕ ਘੁੱਗੀ ਉੱਡੀ ਲੰਮਾ ਪੈ ਗਿਆ ਵਿਛੋੜਾ ਵੇ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਹਾਂ ਆਨਾ !
ਖੋਲ੍ਹ ਕੇ ਜਾਈਂ ਵੇ ਸਾਡਾ ਸ਼ਗਨਾਂ ਦਾ ਗਾਨਾ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਆਂ ਪੱਖੀਆਂ !
ਆਪ ਰੁੜ੍ਹਿਆ ਜਾਵੇ ਸਾਨੂੰ ਮਾਰਦਾ ਸੀ ਅੱਖੀਆਂ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਆਂ ਪਤਾਸੇ !
ਆਪ ਤੇ ਟੁਰ ਚੱਲਿਓਂ ਸਾਨੂੰ ਦੇਨਾ ਏਂ ਦਿਲਾਸੇ !
ਵਗਦੀ ਸੀ ਰਾਵੀ ਵਿੱਚ ਬੂਟਾ ਪਲਾਹੀ ਦਾ !
ਮੈਂ ਨਾ ਜੰਮਦੀ ਤਾਂ ਤੂੰ ਕਿੱਥੋਂ ਵਿਆਹੀ ਦਾ !
ਵਗਦੀ ਸੀ ਰਾਵੀ ਵਿੱਚ ਦੋ ਫੁੱਲ ਪੀਲੇ !
ਇੱਕ ਫੁੱਲ ਮੰਗਿਆ ਤੇਥੋਂ, ਕਾਹਨੂੰ ਪੈ ਗਿਆਂ ਦਲੀਲੇ ?
ਕੋਈ ਲੱਦਿਆ ਮੁਸਾਫਿਰ ਜਾਂਦਾ
ਦੁਨੀਆਂ ਲੱਖ ਵੱਸਦੀ
*
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਅੱਖ ਨੂੰ
*
ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ
*
ਮੁੱਲ ਵਿਕਦਾ ਸੱਜਣ ਮਿਲ ਜਾਵੇ
ਲੈ ਆਵਾਂ ਜਿੰਦ ਵੇਚ ਕੇ
*
ਦੁਨੀਆਂ ਲੱਖ ਵੱਸਦੀ
ਯਾਰਾਂ ਨਾਲ ਬਹਾਰਾਂ
*
ਇੱਕ ਵਾਰੀ ਮੇਲ ਵੇ ਰੱਬਾ
ਕਿਤੇ ਵਿੱਛੜੇ ਨਾ ਮਾਰ ਜਾਈਏ
*
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਛੁੱਟੀ ਲੈ ਕੇ ਆਜਾ ਨੌਕਰਾ
*
ਤੇਰੀ ਮੇਰੀ ਇੱਕ ਜਿੰਦੜੀ
ਐਵੇਂ ਦੋ ਕਲਬੂਤ ਬਣਾਏ
*
ਜੱਫੀ ਪਾਇਆਂ, ਛਣਕ ਪਵੇ
ਬਾਜ਼ੂਬੰਦ ਬੇਸ਼ਰਮੀ ਗਹਿਣਾ
*
ਮੇਰਾ ਡਿਗਿਆ ਰੁਮਾਲ ਫੜਾਈ
ਰਾਹੇ ਰਾਹੇ ਜਾਣ ਵਾਲੀਏ
ਤੇਰਾ ਡਿਗਿਆ ਰੁਮਾਲ ਫੜਾਵਾਂ
ਤੂੰ ਕਿਹੜਾ ਲਾਟ ਦਾ ਬੱਚਾ