ਅਮਨਦੀਪ ਸਿੰਘ
ਤਕਰੀਬਨ 12000 ਸਾਲ ਤੋਂ ਵੀ ਪਹਿਲਾਂ, ਕੁਦਰਤ ਦਾ ਦਿਲ ਧੜਕਿਆ, ਇੱਕ ਗਲੇਸ਼ੀਅਰ ਦੀ ਬਰਫ਼ ਇੰਝ ਪਿਘਲੀ ਕਿ ਨਵੀਆਂ ਬਣੀਆਂ ਮਹਾਂ ਝੀਲਾਂ ਦਾ ਸੈਲਾਬ ਆਪਣਾ ਰਾਹ ਉਲੀਕਦਾ ਹੋਇਆ, ਨਿਆਗਰਾ ਚੱਟਾਨ ਦੀ ਢਲਾਨ ਤੋਂ ਇੱਕ ਸ਼ਾਨਦਾਰ ਆਬਸ਼ਾਰ ਬਣ ਕੇ ਵਹਿਣ ਲੱਗਿਆ। ਇਹ ਉਸ ਸਮੇਂ ਦੀ ਘਟਨਾ ਹੈ, ਜਦੋਂ ਅਜੇ ਬਰਫ਼ ਯੁੱਗ ਖਤਮ ਹੀ ਹੋਇਆ ਸੀ। ਬਰਫ਼ ਯੁੱਗ ਦੇ ਦਰਮਿਆਨ ਲਗਭੱਗ 17 ਲੱਖ ਸਾਲ ਪਹਿਲਾਂ ਉੱਤਰੀ ਅਮਰੀਕਾ ਮਹਾਂਦੀਪ ਦੇ ਗਲੇਸ਼ੀਅਰ, ਜਿਨ੍ਹਾਂ ਦੀ ਤਹਿ ਤਕਰੀਬਨ 1-2 ਮੀਲ ਸੀ, ਨੇ ਨਿਆਗਰਾ ਫ਼ਰੰਟੀਅਰ ਖੇਤਰ ਨੂੰ ਢਕਿਆ ਹੋਇਆ ਸੀ। ਪਹਿਲਾਂ ਪਹਿਲ ਨਿਆਗਰਾ ਝਰਨੇ ਸੱਤ ਮੀਲ ਤੱਕ ਫੈਲੇ ਹੋਏ ਸਨ, ਪਰ ਯੁੱਗ ਬੀਤਣ ਨਾਲ਼ ਚੱਟਾਨਾਂ ਦੇ ਕੰਢੇ ਖ਼ੁਰਦੇ ਗਏ(ਕਦੇ ਕਦੇ ਇਕ ਸਾਲ ਵਿੱਚ 6 ਫੁੱਟ), ਅਤੇ ਅੱਜ ਦਿਖਣ ਵਾਲ਼ਾ ਕੁਦਰਤੀ ਅਜੂਬਾ ਨਿੱਖਰ ਕੇ ਸਾਡੇ ਸਾਹਵੇਂ ਆਇਆ। ਨਿਆਗਰਾ ਝਰਨੇ ਤਿੰਨ ਝਰਨਿਆਂ ਦਾ ਸਮੂਹ ਹਨ, ਜੋ ਕਿ ਇਸ ਪ੍ਰਕਾਰ ਹਨ: ਅਮਰੀਕਨ, ਬ੍ਰਾਈਡਲ ਵੇਲ(ਦੁਲਹਨ ਦਾ ਘੁੰਡ) ਅਤੇ ਹੌਰਸ ਸ਼ੂ(ਘੋੜੇ ਦਾ ਤੱਲਾ) ਝਰਨੇ। ਝਰਨਿਆਂ ਦੇ ਉੱਪਰੋਂ ਇੱਕ ਸਕਿੰਟ ਵਿੱਚ 3160 ਟੰਨ ਪਾਣੀ ਵਹਿੰਦਾ ਹੈ, ਜੋ ਕਿ ਸੰਸਾਰ ਦੇ ਕਿਸੇ ਵੀ ਝਰਨੇਂ ਤੋਂ ਵੱਧ ਹੈ। ਪਾਣੀ 23 ਫੁੱਟ/ਸਕਿੰਟ ਦੇ ਵੇਗ ਨਾਲ਼ ਡਿਗਦਾ ਹੈ ਅਤੇ ਥੱਲੇ ਕ੍ਰਮਵਾਰ 280 ਟੰਨ(ਅਮਰੀਕਨ ਤੇ ਬ੍ਰਾਈਡਲ ਵੇਲ) ਅਤੇ 2509 ਟੰਨ(ਹੋਰਸ ਸ਼ੂ) ਦੇ ਜ਼ੋਰ ਨਾਲ਼ ਇੰਝ ਡਿਗਦਾ ਹੈ ਕਿ ਆਸਪਾਸ ਅਤਿਅੰਤ ਖੂਬਸੂਰਤ ਅਤੇ ਵਿਸ਼ਾਲ ਧੁੰਦ (Mist) ਦੇ ਬੱਦਲ ਫੈਲ ਜਾਂਦੇ ਹਨ, ਜੋ ਦੂਰ ਦੂਰ ਤੱਕ ਠੰਡੀ ਫ਼ੁਹਾਰ ਵਰਸਾਉਂਦੇ ਹਨ ਅਤੇ ਆਸਪਾਸ ਗ਼ੁਜ਼ਰਨ ਵਾਲਿਆਂ ਨੂੰ ਸਰਸ਼ਾਰ ਕਰ ਦਿੰਦੇ ਹਨ!
ਭਾਵੇਂ ਨਿਆਗਰਾ ਝਰਨੇ ਸੰਸਾਰ ਦੇ ਸਭ ਤੋਂ ਉੱਚੇ ਝਰਨੇ ਨਹੀਂ ਹਨ ਪਰ ਉਹ ਚੌੜਾਈ ਵਿੱਚ ਸਭ ਤੋਂ ਵੱਡੇ ਹਨ। ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿੱਚੋ ਚਾਰ ਝੀਲਾਂ(ਸੁਪੀਰੀਅਰ, ਮਿਸ਼ੀਗਨ, ਹੁਰੌਨ ਅਤੇ ਈਰੀ) ਦਾ ਪਾਣੀ ਵਹਿੰਦਾ ਹੋਇਆ ਨਿਆਗਰਾ ਝਰਨਿਆਂ ਦੇ ਉੱਪਰੋਂ ਡਿਗ ਕੇ ਨਿਆਗਰਾ ਦਰਿਆ ਦੇ ਰਾਹੀਂ ਸਭ ਤੋਂ ਵੱਡੀ ਝੀਲ ਓਂਟੈਰੀਓ ਵਿੱਚ ਜਾ ਮਿਲ਼ਦਾ, ਜਿੱਥੋਂ ਅੰਤ ਵਿਚ ਸਮੁੰਦਰ ਵਿੱਚ ਮਿਲ਼ ਜਾਂਦਾ ਹੈ। ਨਿਆਗਰਾ ਸਟੇਟ ਪਾਰਕ ਦੇ ਅਨੁਸਾਰ ਨਿਆਗਰਾ ਝਰਨੇ ਦੇ ਉੱਪਰ ਉਸਰੇ ਡੈਮ ਤੋਂ 40 ਲੱਖ ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜਿਹੜੀ ਅਮਰੀਕਾ ਅਤੇ ਕਨੇਡਾ ਆਪਸ ਵਿਚ ਵੰਡ ਲੈਂਦੇ ਹਨ।
ਤੁੱਛ ਜਿਹੇ ਕੁੱਝ ਕੁ ਲਫ਼ਜ਼ ਇਸ ਕੁਦਰਤੀ ਅਜੂਬੇ ਦੀ ਸ਼ਾਨ ਨਹੀਂ ਬਿਆਨ ਕਰ ਸਕਦੇ, ਬੱਸ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ ਹੈ - ਉਸਦੇ ਖੂਬਸੂਰਤ ਝਰੋਖਿਆਂ ਵਾਰੇ ਜਾਨਣ ਦੀ! ਨਿਆਗਰਾ ਝਰਨੇ ਸੰਸਾਰ ਦੇ ਸੈਲਾਨੀਆਂ ਲਈ ਇੱਕ ਮਸ਼ਹੂਰ ਅਤੇ ਵਿਲੱਖਣ ਮੰਜ਼ਿਲ ਹੈ - ਜਿਥੇ ਹਰ ਸਾਲ ਲੱਖਾਂ ਦੀ ਤਦਾਦ ਵਿੱਚ ਸੈਲਾਨੀ ਘੁੰਮਣ ਆਉਂਦੇ ਹਨ, ਜਿਵੇਂ ਇਹ ਇੱਕ ਕੁਦਰਤੀ ਤੀਰਥ-ਅਸਥਾਨ ਹੋਵੇ! ਵਿਆਹ ਦੇ ਬੰਧਨਾਂ ਵਿੱਚ ਬੱਝਣ ਅਤੇ ਹਨੀਮੂਨ ਮਨਾਉਣ ਲਈ ਵੀ ਇਹ ਇੱਕ ਪ੍ਰਸਿੱਧ ਜਗ੍ਹਾ ਹੈ। ਕੁਦਰਤੀ ਕਰਿਸ਼ਮੇ ਵਿਸ਼ਾਲ ਆਬਸ਼ਾਰਾਂ ਅਤੇ ਆਸਪਾਸ ਦੇ ਮਨਮੋਹਕ ਦ੍ਰਿੱਸ਼ਾਂ ਦਾ ਦੀਦਾਰ ਕਰਕੇ, ਯਾਤਰੂਆਂ ਨੂੰ ਸਭ ਕੁੱਝ ਭੁੱਲ ਜਾਂਦਾ ਹੈ ਤੇ ਉਹ ਠੰਡੀ ਭੂਰ ਦੇ ਕੋਮਲ ਸਪਰਸ਼ ਨਾਲ ਗਦਗਦ ਹੋ ਜਾਂਦੇ ਹਨ। ਝਰਨਿਆਂ ਤੋਂ ਉਤਪੰਨ ਹੋਣ ਵਾਲ਼ੇ ਬੱਦਲਾਂ ਵਿੱਚੋ ਸੂਰਜ ਦੀਆਂ ਕਿਰਨਾਂ ਪ੍ਰਵਰਤਿਤ ਹੋ ਕੇ ਇੰਦਰਧਨੁਸ਼ ਜਾਂ ਸਤਰੰਗੀਆਂ ਪੀਂਘਾਂ ਬਣਾਉਂਦੀਆਂ ਹਨ। ਜਿੱਧਰ ਵੀ ਨਜ਼ਰ ਫੇਰੋ ਤੁਸੀਂ ਉਹ ਸਤਰੰਗੇ ਇੰਦਰਧਨੁਸ਼ ਵੇਖ ਸਕਦੇ ਹੋ। ਇਸੇ ਕਰਕੇ ਅਮਰੀਕਾ ਤੇ ਕਨੇਡਾ ਨੂੰ ਜੋੜਨ ਵਾਲੇ ਪੁਲ ਦਾ ਨਾ ਵੀ ਇੰਦਰਧਨੁਸ਼ ਪੁਲ (Rainbow Bridge) ਰੱਖਿਆ ਗਿਆ ਹੈ। ਝਰਨਿਆਂ ਦੀ ਵਿਸ਼ਾਲਤਾ ਨੂੰ ਵੇਖ ਕੇ ਸੈਲਾਨੀਆਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ ਪਰ ਪਾਣੀ ਦੇ ਉਛਾਲ ਤੋਂ ਉਪਜੀ ਧੁੰਧ ਦੀ ਮਦਹੋਸ਼ੀ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੋ ਉਹ ਕੁਦਰਤ ਨਾਲ਼ ਇਕ-ਮਿਕ ਹੋ ਕੇ ਅਤੇ ਉਸਦੀ ਖੂਬਸੂਰਤੀ ਵਿੱਚ ਲੀਨ ਹੋ ਕੇ ਧਿਆਨ ਧਰ ਸਕੇ। ਪਰ ਉਫ਼! ਮਸ਼ੀਨੀ ਦੁਨੀਆ ਦਾ ਸ਼ੋਰ ਅਤੇ ਖਿੱਚ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦੇ! ਆਸਪਾਸ ਉਸਰੇ ਜੂਆ-ਘਰ (Casino) ਤੇ ਹੋਰ ਬਨਾਵਟੀ ਆਕਰਸ਼ਣ ਤੁਹਾਨੂੰ ਆਪਣੇ ਵੱਲ੍ਹ ਖਿੱਚਣ ਦੀ ਕੋਸ਼ਿਸ ਕਰਦੇ ਹਨ, ਕੁਦਰਤ ਦਾ ਅਨੰਦ ਮਾਨਣ ਆਇਆ ਯਾਤਰੀ ਸੁਭਾਵਿਕ ਹੀ ਬਨਾਵਟੀ ਅਤੇ ਝੂਠੇ ਅਨੰਦ ਵਿੱਚ ਗੁਆਚ ਜਾਂਦਾ ਹੈ। ਪਰ ਕੁੱਝ ਇੱਕ ਆਕਰਸ਼ਣ ਕੁਦਰਤੀ ਅਨੁਭਵ ਪ੍ਰਦਾਨ ਕਰਦੇ ਹਨ - ਜਿਵੇਂ ਕਿ ‘ਧੁੰਦ ਕੰਨਿਆ’ (Maid of the Mist) ਨਾਂ ਦੀ ਕਿਸ਼ਤੀ ਦੀ ਸੈਰ, ਜੋ ਤੁਹਾਨੂੰ ਨਿਆਗਰਾ ਝਰਨਿਆਂ ਦੇ ਕਦਮਾਂ ਦੇ ਬਿਲਕੁਲ ਕੋਲ਼ ਲੈ ਜਾਂਦੀ ਹੈ, ਬਹੁਤ ਹੀ ਵਧੀਆ ਤੇ ਗਿਆਨਪੂਰਵਕ ਹੈ, ਜੋ ਹਰ ਇੱਕ ਸੈਲਾਨੀ ਨੂੰ ਜ਼ਰੂਰ ਕਰਨੀ ਚਾਹੀਦੀ ਹੈ।
ਨਿਆਗਰਾ ਫ਼ਾਲਜ਼ ਦੋ ਜੁੜਵੇਂ ਸ਼ਹਿਰਾਂ ਦਾ ਨਾਂ ਵੀ ਹੈ - ਇੱਕ ਅਮਰੀਕਾ ਵਿੱਚ ਅਤੇ ਦੂਜਾ ਕਨੇਡਾ ਵਿੱਚ। ਕਨੇਡਾ ਵਿਚਲਾ ਸ਼ਹਿਰ ਜ਼ਿਆਦਾ ਵਿਓਪਾਰਕ ਜਾਂ ਕਮਰਸ਼ੀਅਲ (Commercial) ਹੈ, ਕਿਉਂਕਿ ਕਨੇਡਾ ਵਾਲ਼ੇ ਪਾਸਿਓਂ ਹੀ ਤੁਸੀਂ ਤਿੰਨੇ ਝਰਨਿਆਂ ਦਾ ਸੰਪੂਰਨ ਦ੍ਰਿੱਸ਼ ਵੇਖ ਸਕਦੇ ਹੋ ਜੋ ਕਿ ਅਮਰੀਕਾ ਵਾਲ਼ੇ ਪਾਸੇ ਤੋਂ ਸੰਭਵ ਨਹੀਂ ਹੈ। ਹਾਲਾਂਕਿ ਅਮਰੀਕਾ ਵਾਲੇ ਪਾਸੇ ਇੱਕ ਲੰਬਾ ਪੁਲ ਉਸਾਰ ਕੇ ਕਾਫ਼ੀ ਹੱਦ ਤਕ ਪੂਰਾ ਦ੍ਰਿੱਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੂਰਾ ਦ੍ਰਿੱਸ਼ ਕਿਸ਼ਤੀ ਦੀ ਸੈਰ ਰਾਹੀਂ ਦਿੱਖ ਜਾਂਦਾ ਹੈ, ਅਮਰੀਕਾ ਵਾਲੇ ਪਾਸਿਓਂ ਵੀ ਕਿਸ਼ਤੀ ਦੀ ਸੈਰ ਤੁਹਾਨੂੰ ਕਨੇਡੀਅਨ ਪਾਣੀਆਂ ਵਿੱਚ ਲੈ ਜਾਂਦੀ ਹੈ। ਅਮਰੀਕਨ ਪਾਸਾ ਇੰਨਾ ਜ਼ਿਆਦਾ ਕਮਰਸ਼ੀਅਲ ਨਹੀਂ ਅਤੇ ਉੱਧਰ ਜ਼ਿਆਦਾ ਤੋਂ ਜ਼ਿਆਦਾ ਕੁਦਰਤੀ ਮਾਹੌਲ ਕਾਇਮ ਰੱਖਣ ਦੀ ਕੋਸ਼ਿਸ ਕੀਤੀ ਗਈ। ਇਸ ਰਾਸ਼ਟਰੀ ਖਜ਼ਾਨੇ ਨੂੰ ਸੰਭਾਲਣ ਲਈ ਇਸਨੂੰ ਸਟੇਟ ਪਾਰਕ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ ਜੋ ਕਿ ਪ੍ਰਸਿੱਧ ਭਵਨ ਨਿਰਮਾਤਾ ਫਰੈਡਰਿਕ ਲਾ ਓਮਸਟੈਂਡ ਨੇ ਤਿਆਰ ਕੀਤੀ ਸੀ। ਇਹ ਅਮਰੀਕਾ ਦੀ ਸਭ ਤੋਂ ਪੁਰਾਣੀ ਸਟੇਟ ਪਾਰਕ ਹੈ। ਇੱਥੇ ਤੁਸੀਂ ਆਸਪਾਸ ਦੀਆਂ ਪ੍ਰਸਿੱਧ ਥਾਵਾਂ ਵੇਖ ਸਕਦੇ ਹੋ ਜਿਵੇਂ ਕਿ ਦੇਖਣ-ਸਥੱਲ, ਹਵਾਵਾਂ ਦੀ ਗੁਫ਼ਾ (Cave of the Winds), ਨਿਆਗਰਾ ਮੱਛਲੀ ਘਰ(Niagara Aquarium), ਨਿਆਗਰਾ ਖੋਜ ਅਜਾਇਬ ਘਰ, ਬੱਕਰੀ ਟਾਪੂ (Goat Island) ਆਦਿਕ। ਹਵਾਵਾਂ ਦੀ ਗੁਫ਼ਾ ਦੇਖਣ ਲਿਫਟ ਅਤੇ ਲਕੜੀ ਦੀਆਂ ਪੌੜੀਆਂ ਰਾਹੀਂ ਤੁਸੀਂ ਅਮਰੀਕਨ ਝਰਨੇ ਦੇ ਹੇਠਾਂ ਬਿਲਕੁਲ ਕੋਲ ਜਾ ਸਕਦੇ ਹੋ ਅਤੇ ਉਸਦੀ ਵਿਸ਼ਾਲਤਾ ਦਾ ਆਨੰਦ ਮਾਣ ਸਕਦੇ ਹੋ। ਨਿਆਗਰਾ ਮੱਛਲੀ ਘਰ ਵੀ ਬਹੁਤ ਪ੍ਰਸਿੱਧ ਤੇ ਵੇਖਣਯੋਗ ਅਜਾਇਬ ਘਰ ਹੈ, ਜਿੱਥੇ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਮੱਛੀਆਂ ਤੇ ਉਹਨਾਂ ਦਾ ਪ੍ਰਦਰਸ਼ਨ ਦੇਖ ਸਕਦੇ ਹੋ। ਤੁਸੀਂ ਗ਼ੁਬਾਰੇ ਦੀ ਸੈਰ, ਹੈਲੀਕਾਪਟਰ ਤੇ ਟਰਾਲੀ ਟੂਰ ਵੀ ਕਰ ਸਕਦੇ ਹੋ। ਜੇ ਤੁਸੀਂ ਕੁਦਰਤ ਨਾਲ਼ ਇੱਕ-ਮਿਕ ਹੋਣਾ ਹੈ ਤਾਂ ਤੁਸੀਂ ਨਿਆਗਰਾ ਘਾਟੀ ਦੀ ਪਦਯਾਤ੍ਰਾ ਵੀ ਕਰ ਸਕਦੇ ਹੋ। ਹੁਣ ਦੇਖਾ ਦੇਖੀ ਅਤੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਉੱਥੇ ਵੀ ਜੁਆ-ਘਰ ਖੁੱਲ੍ਹ ਗਏ ਹਨ। ਬੱਕਰੀ ਟਾਪੂ ਇੱਕ ਛੋਟਾ ਜਿਹਾ ਟਾਪੂ ਹੈ ਜੋ ਕਿ ਦੋ ਝਰਨਿਆਂ ਦੇ ਵਿਚਕਾਰ ਸਥਿੱਤ ਹੈ, ਜਿੱਥੋਂ ਵਹਿੰਦੇ ਦਰਿਆ ਤੇ ਝਰਨਿਆਂ ਦੇ ਬਹੁਤ ਸੋਹਣੇ ਨਜ਼ਾਰੇ ਵਿਖਾਈ ਦਿੰਦੇ ਹਨ। ਝਰਨਿਆਂ ਤੋਂ ਵਰਸਦੀ ਫੁਹਾਰ ਉਥੋਂ ਦੀ ਮੂਲ ਬਨਸਪਤੀ ਲਈ ਇੱਕ ਕੁਦਰਤੀ ਨਰਸਰੀ ਬਣਾਉਂਦੀ ਹੈ। ਉਥੇ ਮਿਲਣ ਵਾਲ਼ੀਆਂ ਬਨਸਪਤੀ ਦੀਆਂ ਕਿਸਮਾਂ 600 ਤੋਂ ਵੀ ਜ਼ਿਆਦਾ ਹਨ।
ਕਨੇਡਾ ਵਾਲ਼ੇ ਪਾਸੇ ਖੂਬਸੂਰਤ ਨਜ਼ਾਰਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਕਰਸ਼ਣ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਕਿਸ਼ਤੀ ਦੀ ਸੈਰ ਹੈ। ‘ਝਰਨਿਆਂ ਦੇ ਪਿੱਛੇ ਯਾਤਰਾ’ ਵਿੱਚ ਤੁਸੀਂ ਹੋਰਸ ਸ਼ੂ ਝਰਨੇ ਦੇ ਪਿੱਛੇ ਬਣੀ ਸੁਰੰਗ ਦੇ ਵਿੱਚ ਜਾ ਕੇ ਆਪਣੇ ਹੱਥਾਂ ਨਾਲ਼ ਸਰਸ਼ਾਰ ਡਿਗਦੇ ਪਾਣੀ ਦਾ ਸਪਰਸ਼ ਕਰ ਸਕਦੇ ਹੋ। ਹਨੇਰੀ ਸੁਰੰਗ ਦੇ ਅੰਤ ਵਿੱਚ ਚਾਂਦੀ ਰੰਗੇ ਪਾਣੀ ਦੀ ਝਾਲਰ ਮਨਮੋਹਕ ਦ੍ਰਿੱਸ਼ ਪੇਸ਼ ਕਰਦੀ ਹੈ! ‘ਸਕਾਈ ਲੋਨ ਟਾਵਰ’ ਦੀ ਅਕਾਸ਼ ਨੂੰ ਛੂੰਹਦੀ ਇਮਾਰਤ ਉੱਤੇ ਜਾ ਕੇ ਤੁਸੀਂ ਘੁੰਮਦੇ ਹੋਏ ਰੈਸਤਰਾਂ ਵਿੱਚ ਖਾਣਾ ਖਾਂਦੇ ਹੋਏ ਝਰਨਿਆਂ ਦੀ ਸੁੰਦਰਤਾ ਦਾ ਅਨੰਦ ਮਾਣ ਸਕਦੇ ਹੋ। ਉੱਥੇ ਸਿਨਮਾ ਘਰ, ਦੁਕਾਨਾਂ ਅਤੇ ਹੋਰ ਆਕਰਸ਼ਣ ਵੀ ਹਨ। ‘ਸਕਾਈ ਵੀਲ੍ਹ’ ਜੋ ਕਿ ਇੱਕ ਵੱਡਾ ਹਿੰਡੋਲਾ (Ferris wheel) ਹੈ, ਵਿੱਚ ਚੱਕਰ ਲੈਂਦੇ ਹੋਏ ਝਰਨਿਆਂ ਦਾ ਮੰਜ਼ਰ ਵੇਖ ਸਕਦੇ ਹੋ। ਆਸਪਾਸ ਹੋਰ ਵੀ ਅਨੇਕਾਂ ਆਕਰਸ਼ਣ ਹਨ ਜੋ ਯਾਤਰੂਆਂ ਨੂੰ ਵਿਅਸਤ ਰੱਖਦੇ ਹਨ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਵਿਕਟੋਰੀਆ ਜ਼ਮਾਨੇ ਦੀ ਘੋੜਾ-ਗੱਡੀ ਦੀ ਸੈਰ ਕਰ ਸਕਦੇ ਹੋ ਜੋ ਕਿ ਛੋਟੇ ਬੱਚਿਆਂ ਨੂੰ ਬਹੁਤ ਚੰਗੀ ਲਗਦੀ ਹੈ। ਗਰਮੀਆਂ ਵਿਚ ਰੋਜ਼ ਰਾਤ ਨੂੰ ਆਤਿਸ਼ਬਾਜ਼ੀ-ਪਟਾਖਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਹੁੰਦਾ ਹੈ, ਜੋ ਦਰਸ਼ਕਾਂ ਦਾ ਮਨ ਮੋਹ ਲੈਂਦਾ ਹੈ। ਰਗ-ਬਰੰਗੀਆਂ ਆਤਿਸ਼ਬਾਜ਼ੀਆਂ ਹਵਾ ਵਿੱਚ ਕਲਾਬਾਜ਼ੀਆਂ ਖਾਂਦੀਆਂ, ਅਕਾਸ਼ ਦੇ ਕਾਲ਼ੇ ਕੈਨਵਸ ‘ਤੇ ਖੂਬਸੂਰਤ ਨਮੂਨੇ ਵਾਹੁੰਦੀਆਂ, ਹਵਾ ਦੇ ਵਿੱਚ ਇੱਕ ਜਾਦੂਈ ਮਹੌਲ ਸਿਰਜਦੀਆਂ ਹਨ। ਨਾਲ਼ ਹੀ ਰੌਸ਼ਨੀ ਤੇ ਆਵਾਜ਼ (ਝਰਨਿਆਂ ਦੀ ਕੁਦਰਤੀ) ਦਾ ਪ੍ਰਦਰਸ਼ਨ ਵੀ ਵੇਖਣਯੋਗ ਹੁੰਦਾ ਹੈ ਜੋ ਕਿ ਯਾਤਰੀਆਂ ਨੂੰ ਇਕ ਵਿਲੱਖਣ ਕੋਨੇ ਤੋਂ ਝਰਨਿਆਂ ਦੀ ਸੁੰਦਰਤਾ ਦਾ ਅਨੰਦ ਮਾਨਣ ਦਾ ਮੌਕਾ ਪ੍ਰਦਾਨ ਕਰਦਾ ਹੈ। ਅੱਲਗ-ਅੱਲਗ ਰੰਗ ਦੀਆਂ ਰੌਸ਼ਨੀਆਂ ਝਰਨਿਆਂ ਉੱਤੇ ਝਲਕ ਮਾਰ ਕੇ ਸੁਰੀਲੀ ਸ਼ਾਮ ਨੂੰ ਰੰਗਮਈ ਬਣਾ ਦਿੰਦੀਆਂ ਹਨ। ਇੰਝ ਲਗਦਾ ਕਿ ਉਹਨਾਂ ਨੂੰ ਹੀ ਬੱਸ ਅਪਲਕ ਨਿਹਾਰਦੇ ਰਹੀਏ! ਆਤਿਸ਼ਬਾਜ਼ੀ ਤੋਂ ਜ਼ਿਆਦਾ ਰੌਸ਼ਨੀਆਂ ਦਾ ਪ੍ਰਦਰਸ਼ਨ ਜ਼ਿਆਦਾ ਸੁਕੂਨ ਦਿੰਦਾ ਹੈ ਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਨਹੀਂ ਕਰਦਾ।
ਭੂਰੇ ਰੰਗ ਦੀ ਫੋਮ
ਨਿਆਗਰਾ ਝਰਨਿਆਂ ਦੇ ਥੱਲੇ ਅਕਸਰ ਭੂਰੇ ਰੰਗ ਦੀ ਫ਼ੋਮ ਦਿਖਾਈ ਦਿੰਦੀ ਹੈ, ਜੋ ਕਿ ਨਿਰੰਤਰ ਕਈ ਟੰਨ ਪਾਣੀ ਡਿਗਣ ਕਰਕੇ ਕੁਦਰਤੀ ਹੀ ਬਣਦੀ ਹੈ। ਭੂਰਾ ਰੰਗ ਮਿੱਟੀ ਤੋਂ (ਕੈਲਸ਼ੀਅਮ ਕਾਰਬੋਨੇਟ) ਅਤੇ ਹੋਰ ਬਨਸਪਤੀ ਆਦਿਕ ਕਰਕੇ ਹੈ।
ਉੰਝ ਤਾਂ ਨਿਆਗਰਾ ਫਾਲਜ਼ ਵੇਖਣ ਦਾ ਸਭ ਤੋਂ ਵਧੀਆ ਸਮਾਂ ਗਰਮੀਆਂ ਵਿੱਚ ਹੈ ਪਰ ਇਸ ਵਾਰ ਅਸੀਂ ਨਵੰਬਰ ਦੇ ਮਹੀਨੇ ਵਿੱਚ ਟਰੋਂਟੋ ਜਾਂਦਿਆ ਉੱਥੇ ਇੱਕ ਦਿਨ ਲਈ ਰੁਕੇ - ਜੋ ਕਿ ਇੱਕ ਅੱਲਗ ਕਿਸਮ ਦਾ ਅਨੁਭਵ ਸੀ। ਨਵੰਬਰ ਵਿੱਚ ਉੱਥੇ ਬਹੁਤ ਠੰਡ ਹੋ ਜਾਂਦੀ ਹੈ ਅਤੇ ਠੰਡੀਆਂ ਤੇਜ਼ ਹਵਾਵਾਂ ਵਗਦੀਆਂ ਹਨ, ਜੋ ਕਿ ਆਰਕਟਿਕ (ਉੱਤਰੀ ਧਰੁਵ) ਖੇਤਰ ਤੋਂ ਆਉਂਦੀਆਂ ਹਨ। ਹਵਾਵਾਂ ਬਹੁਤ ਤੇਜ਼ ਰਫ਼ਤਾਰ, ਤਕਰੀਬਨ 30-35 ਕਿਲੋਮੀਟਰ ਪ੍ਰਤੀ ਘੰਟਾ, ਨਾਲ਼ ਚੱਲਦੀਆਂ ਹਨ। ਜਦੋਂ ਅਸੀਂ ਰਸਤੇ ਵਿੱਚ ਜਾ ਰਹੇ ਸੀ ਅਤੇ ਉੱਥੇ ਪੰਹੁਚ ਕੇ ਇੱਕ ਪਲ ਲਈ ਤਾਂ ਸੋਚਿਆ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਉੱਥੇ ਕਿਸ ਤਰ੍ਹਾਂ ਘੁੰਮਿਆ ਜਾਏਗਾ। ਦੂਜੇ ਦਿਨ ਸਵੇਰੇ ਜਾਗ ਕੇ ਅਸੀਂ ਹੋਟਲ ਦੇ ਕਮਰੇ ਵਿੱਚੋ ਵੀ ਪਹਿਲਾਂ ਬਾਹਰ ਵੇਖਿਆ - ਹਵਾਵਾਂ ਅਜੇ ਵੀ ਬਹੁਤ ਤੇਜ਼ ਚੱਲ ਰਹੀਆਂ ਸਨ ਅਤੇ ਧੁੱਪ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ, ਪਰ ਮੌਸਮ ਵਿਭਾਗ ਦੇ ਅਨੁਸਾਰ ਦੁਪਹਿਰ ਤੱਕ ਧੁੱਪ ਨਿਕਲਣ ਦੀ ਸੰਭਾਵਨਾ ਸੀ। ਹੋਟਲ ਵਿਚੋਂ ਨਿੱਕਲ ਕੇ ਪਹਿਲਾਂ ਅਸੀਂ ਕਾਰ ਵਿੱਚ ਹੀ ਘੁੰਮਣਾ ਸ਼ੁਰੂ ਕੀਤਾ - ਝਰਨਿਆਂ ਦੇ ਨਾਲ਼ ਦੀ ਸੜਕ ਤੇ ਪਾਵਰ ਪਲਾਂਟ ਵੱਲ੍ਹ ਨੂੰ ਜਾਂਦਿਆਂ ਅਤੇ ਨਿਆਗਰਾ ਦਰਿਆ ਦੀਆਂ ਤੇਜ਼ ਧਾਰਾਵਾਂ ਦੀ ਮਟਕ ਚਾਲ ਨੂੰ ਵੇਖਦਿਆਂ ਅਸੀਂ ਕੁੱਝ ਕੁ ਤਸਵੀਰਾਂ ਲਈਆਂ। ਝਰਨਿਆਂ ਵੱਲ੍ਹ ਨਜ਼ਰ ਫੇਰਨ ਨਾਲ਼ ਬਹੁਤ ਸਾਰੇ ਇੰਦਰਧਨੁਸ਼ ਬਣਦੇ ਦਿਖਾਈ ਦਿੱਤੇ। ਇੰਦਰਧਨੁਸ਼ ਪੁਲ ਦੇ ਹੇਠਾਂ ਵੀ ਇੱਕ ਇੰਦਰਧਨੁਸ਼ ਬਣਿਆ ਹੋਇਆ ਸੀ, ਜਿਸ ਦੀ ਵਜ੍ਹਾ ਕਰਕੇ ਹੀ ਪੁਲ ਦਾ ਇਹ ਨਾਂ ਪਿਆ ਸੀ। ਸਤਰੰਗੀਆਂ ਪੀਂਘਾਂ ਬਹੁਤ ਮਨਭਾਵਕ ਲੱਗ ਰਹੀਆਂ ਸਨ।
ਉਸ ਤੋਂ ਬਾਅਦ ਅਸੀਂ ‘ਧੁੰਦ ਕੰਨਿਆ’ (Maid of the Mist) ਕਿਸ਼ਤੀ ਦੀ ਸੈਰ ਕਰਨ ਵਾਸਤੇ ਪਹੁੰਚੇ। ਟਿਕਟਾਂ ਲੈ ਕੇ ਅਸੀਂ ਲਿਫ਼ਟ ਵੱਲ੍ਹ ਨੂੰ ਚੱਲ ਪਏ, ਜੋ ਕਿ 20-25 ਮੰਜ਼ਿਲਾਂ ਹੇਠਾਂ ਝਰਨਿਆਂ ਦੇ ਤਲ ਤੱਕ ਲੈ ਜਾਂਦੀ ਹੈ - ਮੱਠੀ ਮੱਠੀ ਧੁੱਪ ਨਿੱਕਲ ਆਈ ਸੀ - ਤੇਜ਼ ਹਵਾ ਦੇ ਬਾਵਜੂਦ ਵੀ ਠੰਡ ਨਹੀਂ ਲੱਗ ਰਹੀ ਸੀ। ਬਹੁਤ ਸਾਰੇ ਸੈਲਾਨੀ ਪਹਿਲਾਂ ਹੀ ਕਤਾਰ ਵਿੱਚ ਲੱਗੇ ਹੋਏ ਸਨ - ਇੱਕ ਕਿਸ਼ਤੀ ਭਰ ਕੇ ਪਹਿਲਾਂ ਹੀ ਰਵਾਨਾ ਹੋ ਚੁੱਕੀ ਸੀ। ਅਸੀਂ ਟਿਕਟਾਂ ਦਿਖਾ ਕੇ, ਝਰਨਿਆਂ ਦੇ ਮੀਂਹ ਦੀ ਫੁਹਾਰ ਤੋਂ ਬਚਣ ਲਈ ਬਰਸਾਤੀਆਂ (Poncho) ਲੈ ਕੇ ਕਤਾਰ ਵਿੱਚ ਲੱਗ ਗਏ। ਬੱਚੇ ਬੜੀ ਰੋਚਕਤਾ ਨਾਲ਼ ਖੂਬਸੂਰਤ ਨਜ਼ਾਰਾ ਵੇਖ ਰਹੇ ਸਨ ਅਤੇ ਤਸਵੀਰਾਂ ਖਿੱਚ ਰਹੇ ਸਨ। ਕਿਸ਼ਤੀ ਆਈ ਤਾਂ ਅਸੀਂ ਸਭ ਤੋਂ ਅੱਗੇ ਮਸਤੁਲ ਦੇ ਕੋਲ਼ ਖੜੇ ਹੋ ਗਏ। ਸਾਰੇ ਯਾਤਰੂ ਬੜੇ ਉਤਸ਼ਾਹਿਤ ਸਨ ਅਤੇ ਧੜਾਧੜ ਆਪਣੇ ਫ਼ੋਨ ਨਾਲ਼ ਤਸਵੀਰਾਂ ਅਤੇ ਵੀਡੀਓ ਬਣਾ ਰਹੇ ਸਨ। ਪਹਿਲਾਂ ਤਾਂ ਕਿਸੇ ਕਿਸੇ ਕੋਲ਼ ਕੈਮਰਾ ਹੁੰਦਾ ਸੀ ਪਰ ਅੱਜ ਦੇ ਯੁੱਗ ਵਿੱਚ ਟੈਕਨੋਲੋਜੀ ਦੀ ਤਰੱਕੀ ਕਰਕੇ ਹਰ ਕਿਸੇ ਕੋਲ਼ ਫ਼ੋਨ ਤੇ ਕੈਮਰਾ ਹੈ - ਹਰ ਕੋਈ ਫੋਟੋਗ੍ਰਾਫ਼ਰ ਬਣਕੇ ਆਪਣੇ ਮਨ ਦੀ ਰੀਝ ਪੂਰੀ ਕਰ ਸਕਦਾ ਹੈ!
ਗਾਈਡ ਤੇ ਪ੍ਰਕ੍ਰਿਤੀ ਵਿਗਿਆਨੀ (Naturalist) ਦੇ ਸਵਾਗਤ ਨਾਲ਼ ਕਿਸ਼ਤੀ ਚੱਲ ਪਈ, ਤੇ ਉਹ ਨਿਆਗਰਾ ਝਰਨਿਆਂ ਦੇ ਇਤਿਹਾਸ ਵਾਰੇ ਜਾਣਕਾਰੀ ਦੇਣ ਲੱਗਿਆ। ‘ਧੁੰਦ ਕੰਨਿਆ’ (Maid of the Mist) ਕਿਸ਼ਤੀ ਪਹਿਲੀ ਵਾਰ 1846 ਈ: ਵਿੱਚ ਸ਼ੁਰੂ ਹੋਈ ਸੀ, ਜਿਸਨੇ ਯਾਤਰੀਆਂ ਨੂੰ ਅਨੰਦਮਈ ਅਨੁਭਵ ਕਰਵਾਏ ਤੇ ਅੱਜ ਤੱਕ ਕਰਵਾਉਂਦੀ ਆ ਰਹੀ ਹੈ। ਇਸਤੋਂ ਪਹਿਲਾਂ ਯਾਤਰੂਆਂ ਨੂੰ ਨਿਆਗਰਾ ਦਰਿਆ ਪਾਰ ਕਰਵਾਉਣ ਲਈ ਬੇੜੀਆਂ ਪੈਂਦੀਆਂ ਸਨ, ਪਰ ਕੁੱਝ ਉੱਦਮੀ ਲੋਕਾਂ ਨੇ ਵੱਡੀ ਕਿਸ਼ਤੀ ਦੀ ਲੋੜ ਮਹਿਸੂਸ ਕਰਦਿਆਂ ਭਾਫ਼-ਕਿਸ਼ਤੀ ਸ਼ੁਰੂ ਕੀਤੀ ਜੋ ਯਾਤਰੀ, ਮਾਲ, ਡਾਕ ਤੇ ਹੋਰ ਸਮਾਨ ਇੱਧਰ-ਉੱਧਰ ਲੈ ਕੇ ਜਾਣ ਲੱਗੀ। ਪਰ ਜਦੋ ਦਰਿਆ ਦੇ ਉੱਪਰ ਪੁਲ ਬਣ ਗਿਆ ਤਾ ਕਿਸ਼ਤੀ ਦਾ ਕਾਰੋਬਾਰ ਘਟ ਗਿਆ ਤੇ ਉਸਨੂੰ ਬਹੁਤ ਨੇੜੇ ਤੋਂ ਝਰਨਿਆਂ ਦੀ ਖੂਬਸੂਰਤੀ ਵੇਖਣ ਵਾਸਤੇ ਵਰਤਿਆ ਜਾਣ ਲੱਗਿਆ, ਜੋ ਕਿ ਬਹੁਤ ਮਸ਼ਹੂਰ ਅਨੁਭਵ ਸਾਬਤ ਹੋਇਆ। ਕਿਸ਼ਤੀ ਦੀ ਸੈਰ ਇੱਕ ਪ੍ਰਮੁੱਖ ਆਕਰਸ਼ਣ ਬਣੀ। 1949 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਇਸਦੀ ਸੈਰ ਕੀਤੀ। 1952 ਵਿੱਚ ਜਗਤ-ਪ੍ਰਸਿੱਧ ਅਦਾਕਾਰਾ ਮੈਰਿਲਿਨ ਮੁਨਰੋ ਨੇ ‘ਨਿਆਗਰਾ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਸਦੀ ਸਵਾਰੀ ਕੀਤੀ। ਇਸਦੀ ਸੈਰ ਯਾਤਰੀਆਂ ਨੂੰ ਲਗਾਤਾਰ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਦੁੱਤੀ ਅਨੁਭਵ ਪ੍ਰਦਾਨ ਕਰਦੀ ਆ ਰਹੀ ਹੈ। ਇਹ ਸਟੀਲ ਦੀ ਬਣੀ ਤਕਰੀਬਨ 80 ਫੁੱਟ ਲੰਬੀ ਤੇ 145 ਟੰਨ ਭਾਰੀ, ਜਿਸ ਵਿਚ 350 ਹੋਰਸ ਪਾਵਰ ਦੇ ਦੋ ਇੰਜਣ ਲੱਗੇ ਹੋਏ ਹੁੰਦੇ ਹਨ। ਗਾਈਡ ਨੇ ਪਾਣੀ ‘ਤੇ ਤੈਰ ਰਹੀ ਭੂਰੇ ਰੰਗ ਦੀ ਫ਼ੋਮ ਵਾਰੇ ਵੀ ਦੱਸਿਆ। ਭੂਰੇ ਰੰਗ ਦੀ ਫ਼ੋਮ, ਨਿਰੰਤਰ ਕਈ ਟੰਨ ਪਾਣੀ ਡਿਗਣ ਕਰਕੇ ਕੁਦਰਤੀ ਹੀ ਬਣਦੀ ਹੈ। ਫ਼ੋਮ ਦਾ ਭੂਰਾ ਰੰਗ ਮਿੱਟੀ (ਕੈਲਸ਼ੀਅਮ ਕਾਰਬੋਨੇਟ) ਅਤੇ ਹੋਰ ਬਨਸਪਤੀ ਆਦਿਕ ਦੇ ਮਿਸ਼ਰਣ ਕਰਕੇ ਹੁੰਦਾ ਹੈ।
ਜਿਵੇਂ ਹੀ ਕਿਸ਼ਤੀ ਅਮਰੀਕਨ ਝਰਨੇ ਦੇ ਕੋਲ਼ ਪੁੱਜੀ ਤਾਂ ਪਾਣੀ ਦੀ ਪਹਿਲੀ ਕੋਮਲ ਫ਼ੁਹਾਰ ਸਭ ਦੇ ਉੱਪਰ ਪਈ - ਜੋ ਕਿ ਬੜੀ ਸੁਖਦਾਈ ਤੇ ਰੋਮਾਂਚਿਕ ਮਹਿਸੂਸ ਹੋ ਰਹੀ ਸੀ ! ਅਮਰੀਕਨ ਝਰਨਿਆਂ ਤੋਂ ਬਾਅਦ ‘ਧੁੰਦ ਕੰਨਿਆ’ ਕਿਸ਼ਤੀ ਬ੍ਰਾਈਡਲ ਵੇਲ ਤੇ ਹੋਰਸ ਸ਼ੂ ਝਰਨਿਆਂ ਦੇ ਧੜਕਦੇ ਦਿਲ ਵੱਲ੍ਹ ਲੈ ਜਾਂਦੀ ਹੈ - 2,27,125 ਲੀਟਰ ਡਿਗਦੇ ਪਾਣੀ ਦੀ ਗਰਜ ਤੁਹਾਡੇ ਕੰਨਾਂ ਵਿੱਚ ਗੂੰਜਦੀ ਹੋਈ ਇੱਕ ਤਰ੍ਹਾਂ ਦਾ ਅਨਹਦ ਨਾਦ ਪੈਦਾ ਕਰਦੀ ਹੈ,ਜਿਸ ਨਾਲ਼ ਦਰਸ਼ਕ ਦਾ ਦਿਲ ਮੋਹਿਆ ਜਾਂਦਾ ਹੈ। ਝਰਨਿਆਂ ਦੀ ਵਿਸ਼ਾਲਤਾ ਵੇਖ ਕੇ ਉਸਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ! ਸਰਸ਼ਾਰ ਡਿਗਦੇ ਪਾਣੀ ਤੋਂ ਉਪਜੀ ਧੁੰਦ ਦਾ ਜ਼ੋਰਦਾਰ ਸਪਰਸ਼ ਮੁੱਖ ਤੇ ਬੜਾ ਪਿਆਰਾ ਲਗਦਾ ਹੈ, ਜਿਸ ਵਿੱਚ ਡੁੱਬ ਕੇ ਉਹ ਇਸ ਅਦਭੁਤ ਨਜ਼ਾਰੇ ਦੇ ਹਰ ਇੱਕ ਪਲ ਦਾ ਅਨੰਦ ਮਾਣਦਾ ਹੈ। ਠੰਡੀ-ਠੰਡੀ, ਕੂਲੀ ਕੂਲੀ ਫ਼ੁਹਾਰ ਯਾਤਰੀਆਂ ਨੂੰ ਸਮੋਹਿਤ ਕਰ ਦਿੰਦੀ ਹੈ ਤੇ ਉਹ ਜਿਵੇਂ ਲਿਵ ਵਿੱਚ ਵਿਲੀਨ ਹੋਏ ਨੀਲੇ ਪਾਣੀਆਂ ਦਾ ਗੂੰਜਦਾ ਰਾਗ ਸੁਣਦੇ ਰਹਿਣਾ ਚਾਹੁੰਦੇ ਹਨ - ਜਿਸਦੀਆਂ ਵਲ਼ ਖਾਂਦੀਆਂ ਲਹਿਰਾਂ ਵਰਗੀਆਂ ਸੁਰਾਂ ਮਨ ਦੀਆਂ ਨਾਜ਼ੁਕ ਤਹਿਆਂ ਵਿੱਚ ਸਮਾ ਜਾਂਦੀਆਂ ਹਨ। ਧੁੰਦ ਦੇ ਬੱਦਲ ਸੂਰਜ ਦੀਆਂ ਅਗਨ ਕਿਰਨਾਂ ਵਿੱਚ ਵਿੱਚ ਵੀ ਕੰਬਣੀ ਜਿਹੀ ਛੇੜ ਦਿੰਦੇ ਹਨ ਤੇ ਉਹ ਸਤਰੰਗੀ ਪੀਂਘ ਵਿੱਚ ਹੁਲਾਰੇ ਲੈਣ ਲਗਦੀਆਂ ਨੇ! ਧੁੰਦ ਦੀ ਨਮੀ ਭਿੱਜੇ ਸੈਲਾਨੀਆਂ ਦੇ ਸੂਹੇ ਮੁਖੜੀਆਂ ਤੇ ਫੈਲੀ ਖ਼ੁਸ਼ੀ ਪ੍ਰਤੱਖ ਨਜ਼ਰ ਆਉਂਦੀ ਹੈ। ਵਾਪਿਸ ਆ ਕੇ ਵੀ ਉਸ ਵਿਸਮਾਦੀ ਸਪਰਸ਼ ਦਾ ਕੰਪਨ ਬਹੁਤ ਦੇਰ ਤੱਕ ਹਿਰਦੇ ਵਿੱਚ ਥਰਥਰਾਉਂਦਾ ਰਹਿੰਦਾ ਹੈ।
ਉਸਤੋਂ ਬਾਅਦ ਅਸੀਂ ਥੋੜਾ ਬਾਜ਼ਾਰ ਵਿੱਚ ਘੁੰਮ ਕੇ ਜਲ-ਪਾਨ ਦੀ ਜਗ੍ਹਾ ਲੱਭਣ ਲੱਗੇ। ਮੇਰੇ ਮਾਤਾ ਜੀ ਨਾਲ ਹੋਣ ਕਰਕੇ ਸਿਰਫ਼ ਪੰਜਾਬੀ ਖਾਣੇ ਨੂੰ ਹੀ ਪਹਿਲ ਸੀ, ਜਿਸਨੂੰ ਬੱਚੇ ਵੀ ਖ਼ੁਸ਼ੀ-ਖ਼ੁਸ਼ੀ ਮੰਨ ਗਏ। ਅਸੀਂ ‘ਸ਼ੇਰੇ ਪੰਜਾਬ' ਢਾਬੇ ਵਿੱਚ ਪਹੁੰਚੇ, ਦੇਰ ਦੁਪਹਿਰ ਹੋਣ ਕਰਕੇ ਉੱਥੇ ਕੋਈ ਖ਼ਾਸ ਭੀੜ ਨਹੀਂ ਸੀ। ਢਾਬੇ ਵਾਲਿਆਂ ਨੇ ਬੜੇ ਪਿਆਰ ਤੇ ਆਪਣੇਪਣ ਨਾਲ਼ ਸਵਾਗਤ ਕੀਤਾ ਅਤੇ ਬਹੁਤ ਸਵਾਦੀ ਪੰਜਾਬੀ ਖਾਣਾ ਖਿਲਾਇਆ। ਉਹਨਾਂ ਤੋਂ ਇਹ ਵੀ ਪਤਾ ਲੱਗਿਆ ਕਿ ਨਾਨ ਵਿੱਚ ਅਕਸਰ ਆਂਡਾ ਪਾਇਆ ਜਾਂਦਾ ਹੈ, ਪਰ ਉਹਨਾਂ ਨੇ ਸਾਨੂੰ ਦੱਸ ਦਿੱਤਾ ਤੇ ਬਿਨਾ ਆਂਡੇ ਤੋਂ ਨਾਨ ਬਣਾ ਕੇ ਦਿੱਤੇ। ਖਾਣੇ ਤੋਂ ਬਾਅਦ ਅਸੀਂ ਟਰੋਂਟੋ ਵੱਲ੍ਹ ਚਾਲੇ ਪਾ ਦਿੱਤੇ...
ਕਈ ਸਾਹਸੀ ਤੇ ਉੱਦਮੀ ਲੋਕਾਂ/ਬਾਜ਼ੀਗਰਾਂ ਨੇ ਨਿਆਗਰਾ ਝਰਨੇ ਹੋਰਸ ਸ਼ੂ ਝਰਨੇ ਦੇ ਉੱਪਰੋਂ ਲੱਕੜੀ ਦੇ ਢੋਲ (ਬੈਰਲ) ਵਿੱਚ ਛਾਲ ਮਾਰਨ ਦਾ ਸਾਹਸੀ ਕਾਰਨਾਮਾ ਕੀਤਾ। ਸਭ ਤੋਂ ਪਹਿਲਾਂ ਐਨੀ ਐਡੀਸਨ ਟੇਲਰ ਨਾਮ ਦੀ ਇੱਕ ਔਰਤ ਨੇ 1901 ਈ: ਵਿੱਚ ਇਹ ਕਾਰਨਾਮਾ ਅੰਜਾਮ ਚੜ੍ਹਾਇਆ। ਉਸਤੋਂ ਬਾਅਦ ਤਾਂ ਫਿਰ ਬਹੁਤ ਸਾਰੇ ਲੋਕਾਂ ਨੇ ਇਹ ਕਾਰਨਾਮੇ ਕਰ ਵਿਖਾਏ ਤੇ ਨਵੇਂ ਨਵੇਂ ਕੀਰਤੀਮਾਨ ਕਾਇਮ ਕੀਤੇ। ਅਫ਼ਸੋਸ, ਕਈ ਅਭਾਗੇ ਛਲਾਂਗਾਂ ਲਗਾਉਂਦੇ ਹੋਏ ਮੌਤ ਦੇ ਵਹਿਣ ਵਿੱਚ ਵੀ ਵਹਿ ਗਏ! ਬਹੁਤ ਸਾਰੇ ਬਾਜ਼ੀਗਰਾਂ ਨੇ ਰੱਸੀ ਉੱਤੇ ਤੁਰ ਕੇ ਵੀ ਨਿਆਗਰਾ ਝਰਨਿਆਂ ਨੂੰ ਪਾਰ ਕੀਤਾ - ਪਿੱਛੇ ਜਿਹੇ 2012 ਈ: ਵਿੱਚ ਨਿੱਕ ਵਲੈਂਡਾ ਨੇ ਅਜਿਹਾ ਅਮਰੀਕਾ ਤੋਂ ਕਨੇਡਾ ਵੱਲ੍ਹ ਰੱਸੀ ਤੇ ਤੁਰਨ ਦਾ ਪ੍ਰਦਰਸ਼ਨ ਕੀਤਾ ਜਿਸਦੀ ਕਿ ਬਹੁਤ ਚਰਚਾ ਹੋਈ। ਕਹਿੰਦੇ ਹਨ ਜਦੋਂ ਉਹ ਕਨੇਡਾ ਵਾਲ਼ੇ ਪਾਸੇ ਪੁੱਜਿਆ ਤਾਂ ਸਭ ਤੋਂ ਪਹਿਲਾਂ ਉਸਦਾ ਪਾਸਪੋਰਟ ਚੈੱਕ ਕੀਤਾ ਗਿਆ!
ਸੰਸਾਰ ਦੀ ਹਨੀਮੂਨ ਰਾਜਧਾਨੀ ਦਾ ਨਾਮ ਦੇਣਾ ਨਿਆਗਰਾ ਝਰਨਿਆਂ ਲਈ ਸਭ ਤੋਂ ਢੁਕਵਾਂ ਸਨਮਾਨ ਹੈ! ਇਤਿਹਾਸਿਕ ਤੌਰ ਤੇ ਇਸਨੂੰ ਪਿਆਰ ਦੀ ਸੈਰਗਾਹ ਕਿਹਾ ਜਾਂਦਾ ਰਿਹਾ ਹੈ - ਭਾਵੇਂ ਇਹ ਝਰਨਿਆਂ ਚੋਂ ਉਡਦੀ ਮਨਮੋਹਕ ਫ਼ੁਹਾਰ ਜਾਂ ਬਹਾਰ ਤੇ ਗਰਮੀ ਰੁੱਤ ਦੇ ਵਧੀਆ ਮੌਸਮ ਕਰਕੇ ਹੋਵੇ - ਹਰ ਸਾਲ ਲੱਖਾਂ ਦੀ ਤਦਾਦ ਵਿੱਚ ਇੱਥੇ ਜੋੜੇ ਵਿਆਹ ਦੇ ਬੰਧਨਾਂ ਵਿੱਚ ਬੱਝਣ ਲਈ ਪੁੱਜਦੇ ਹਨ। ਆਪਣੀ ਪਸੰਦ ਨਾਲ ਉਹ ਚਾਹੇ ਝਰਨਿਆਂ ਦੇ ਕੋਲ ਜਾਂ ਆਸਪਾਸ ਕਿਤੇ ਵੀ ਵਿਆਹ ਦੀਆਂ ਰਸਮਾਂ ਕਰ ਸਕਦੇ ਹਨ, ਨਿਆਗਰਾ ਟੂਰਿਜ਼ਮ ਵਿਭਾਗ ਉਹਨਾਂ ਨੂੰ ਵਿਆਹ ਦਾ ਪ੍ਰਮਾਣਿਕ ਸਰਟੀਫਿਕੇਟ ਵੀ ਜਾਰੀ ਕਰਕੇ ਦਿੰਦਾ ਹੈ। ਜੋੜੀਆਂ ਸ਼ਾਨਦਾਰ ਆਬਸ਼ਾਰ ਦੇ ਸਾਹਮਣੇ ਆਪਣੇ ਖੂਬਸੂਰਤ ਭਵਿੱਖ ਦੀ ਕਾਮਨਾ ਕਰਦੀਆਂ ਹਨ ਅਤੇ ਵਗਦੇ ਝਰਨੇ ਤੇ ਦਰਿਆ ਉਹਨਾਂ ਦੀ ਮੁਹੱਬਤ ਦੇ ਗਵਾਹ ਬਣਦੇ ਹਨ!
ਨਾ ਚੰਨ ਨਾ ਤਾਰੇ, ਨਾ ਫੁੱਲ ਨਾ ਪੱਤੀਆਂ
ਸਾਡੀ ਮੁਹੱਬਤ ਦੀ ਤਾਂ -
ਹਰੀਆਂ ਕਚੂਰ ਨਿਸ਼ਚਲ ਵਾਦੀਆਂ ‘ਚ
ਵਗਦੀ ਇੱਕ ਆਬਸ਼ਾਰ ਗਵਾਹ ਹੈ !
ਤੇਰੇ ਨਾਲ਼ ਹੀ ਹੁਣ
ਜੀਵਨ ਦਾ ਹਰ ਪਲ ਬੀਤੇਗਾ -
ਤੇਰਾ ਮੇਰਾ ਸਾਥ ਤਦ ਤਕ ਰਹੇਗਾ
ਜਦ ਤੱਕ ਸਾਡੇ ਸਾਹਾਂ ਦੇ ਅੰਦਰ ਸਾਹ ਹੈ।
ਨਿਆਗਰਾ ਝਰਨਿਆਂ ਦੇ ਥੱਲੇ ਅਕਸਰ ਭੂਰੇ ਰੰਗ ਦੀ ਫ਼ੋਮ ਦਿਖਾਈ ਦਿੰਦੀ ਹੈ, ਜੋ ਕਿ ਨਿਰੰਤਰ ਕਈ ਟੰਨ ਪਾਣੀ ਡਿਗਣ ਕਰਕੇ ਕੁਦਰਤੀ ਹੀ ਬਣਦੀ ਹੈ। ਭੂਰਾ ਰੰਗ ਮਿੱਟੀ ਤੋਂ (ਕੈਲਸ਼ੀਅਮ ਕਾਰਬੋਨੇਟ) ਅਤੇ ਹੋਰ ਬਨਸਪਤੀ ਆਦਿਕ ਕਰਕੇ ਹੈ।
ਸੁਪਰਮੈਨ ਅਤੇ ਨਿਆਗਰਾ ਫ਼ਿਲਮਾਂ ਦੀ ਸ਼ੂਟਿੰਗ ਵੀ ਇੱਥੇ ਹੋਈ ਸੀ। ਦੁਨੀਆਂ ਦੀ ਸਭ ਤੋਂ ਜ਼ਿਆਦਾ ਫ਼ਿਲਮਾਂ ਦੀ ਸ਼ੂਟਿੰਗ ਕਰਨ ਦੀਆਂ ਥਾਂਵਾਂ ਵਿਚੋਂ ਇੱਕ ਹੈ, ਆਖਿਰਕਾਰ ਨਿਆਗਰਾ ਝਰਨਿਆਂ ਦੇ ਸਦੀਵੀ ਹੁਸਨ ਨੇ ਲੱਖਾਂ-ਕਰੋੜਾ ਯਾਤਰੀਆਂ ਦੀ ਕਲਪਨਾ ਨੂੰ ਆਪਣੇ ਵੱਲ੍ਹ ਖਿੱਚਿਆ ਹੈ।
ਝਰਨਿਆਂ ਤੋਂ ਉਤਪੰਨ ਹੋਣ ਵਾਲ਼ੀ ਸੰਭਾਵਿਕ ਬਿਜਲਈ ਊਰਜਾ ਦੇ ਮੌਕਿਆਂ ਨੇ ਉਦਯੋਗਪਤੀਆਂ ਨੂੰ ਆਪਣੇ ਵੱਲ੍ਹ ਖਿੱਚਿਆ, ਜਿਨ੍ਹਾਂ ਨੇ ਇਹਨਾਂ ਦੀ ਵਿਸ਼ਾਲ ਸ਼ਕਤੀ ਨੂੰ ਬੰਨ੍ਹਣ ਦੇ ਉਪਰਾਲੇ ਕੀਤੇ, ਅਤੇ ਪਣ-ਚੱਕੀਆਂ ਤੋਂ ਆਪਣੀਆਂ ਫੈਕਟਰੀਆਂ ਤੇ ਮਿੱਲਾਂ ਚਲਾਈਆਂ। ਇੱਥੇ 1895 ਵਿੱਚ ਦੁਨੀਆ ਦਾ ਸਭ ਤੋਂ ਪਹਿਲਾ ਪਣ ਬਿਜਲੀ ਸਟੇਸ਼ਨ ਖੁੱਲਿਆ, ਜੋ ਕੇ ਡੀ. ਸੀ. (DC) ਤਰੀਕੇ ਦਾ ਸੀ ਅਤੇ ਸਿਰਫ਼ 100 ਗਜ਼ ਤੱਕ ਹੀ ਬਿਜਲੀ ਭੇਜ ਸਕਦਾ ਸੀ। 1896 ਵਿੱਚ ਇੱਕ ਮਸ਼ਹੂਰ ਬਿਜਲੀ ਇੰਜਨੀਅਰ ਨਿਕੋਲਾ ਟੈਸਲਾ ਨੇ ਏ. ਸੀ. (AC) ਤਰੀਕਾ ਖੋਜਿਆ ਜਿਸ ਨਾਲ ਉਸ ਦੁਆਰਾ ਬਣਾਈ ਮੋਟਰ ਨਾਲ਼ ਨਿਆਗਰਾ ਤੋਂ ਬਫਲੋ ਤੱਕ (ਤਕਰੀਬਨ 20 ਕੁ ਮੀਲ) ਬਿਜਲੀ ਪਹੁੰਚਣੀ ਸ਼ੁਰੂ ਹੋ ਗਈ। ਇਹ ਬਿਜਲੀ ਨੂੰ ਦੂਰ ਖਪਤਕਾਰ ਤੱਕ ਪਹੁੰਚਾਉਣ ਦਾ ਪਹਿਲਾ ਵਿਉਪਾਰਕ ਇਸਤੇਮਾਲ ਸੀ, ਜੋ ਅਜੇ ਤਕ ਪੂਰੇ ਸੰਸਾਰ ਵਿੱਚ ਚੱਲ ਰਿਹਾ ਹੈ। ਨਿਆਗਰਾ ਖੱਡ (gorge) ਖੋਜ ਕੇਂਦਰ ਉਸ ਪਹਿਲੇ ਪਾਵਰ ਪਲਾਂਟ ਤੇ ਬਣਿਆ ਹੋਇਆ ਹੈ।