ਇੱਕ ਤੜਪ ਜਿਹੀ ਵਹਿੰਦੀ ਰਹੀ ਦਰਿਆ ਬਣਕੇ!
ਸੀਨੇ ਠਰਦੇ ਰਹੇ ਅਤੇ ਅਸੀਂ ਟੁਰਦੇ ਰਹੇ –
ਜ਼ਿੰਦਗੀ ਦੇ ਪੰਧ ਲੰਮੇਰੇ ਸੀਗੇ –
ਪਰ ਤੜਪ ਦਾ ਵੇਗ ਸੀ –
ਜਿਹੜਾ ਮਜ਼ਬੂਰ ਕਰ ਰਿਹਾ ਸੀ!
ਉਹ ਤੜਪ ਪਤਾ ਨਹੀਂ ਕਿਸਦੇ ਲਈ ਸੀ –
ਕਿਸ ਹੁਸੀਨ ਮੰਜ਼ਿਲ ਲਈ ਸੀ?
ਕਦੇ ਵੀ ਉਸ ਹਸੀਨ ਮੰਜ਼ਿਲ ਦੇ
ਖ਼ਿਆਲੀ ਅਕਸ ਨੇ ਹਕੀਕਤ ਦਾ ਲਿਬਾਸ ਨਾ ਪਾਇਆ!
ਅਸੀਂ ਪੁੱਛਦੇ ਰਹੇ ਤੇ ਟੁਰਦੇ ਗਏ, ਉਸਦੀ ਤਲਾਸ਼ ਵਿੱਚ!
ਪਰ ਹਰ ਮੋੜ ਤੇ ਅਸਫ਼ਲਤਾ ਮਿਲੀ!
ਕਿਸੇ ਵੀ ਮੋੜ ਤੇ ਉਸਦੇ ਦੀਦਾਰ ਨਾ ਹੋਏ –
ਬੱਸ ਸੁਪਨਈ ਖ਼ਿਆਲ ਹੀ ਸੀਗੇ
ਜਿਹਨਾਂ ਨੇ ਜਿੰਦਾ ਰੱਖਿਆ, ਟੁਰਦੇ ਰੱਖਿਆ!
ਇੱਕ ਅਜਿਹਾ ਬਿੰਬ, ਅਜਿਹਾ ਨਕਸ਼,
ਜਿਸਦੇ ਵਿੱਚੋਂ ਨੂਰ ਦੇ ਝਲਕਾਰੇ ਪੈਂਦੇ ਨੇ –
ਇੱਕ ਸੁਪਨਾ, ਇੱਕ ਖ਼ਿਆਲ!
ਜੋ ਇੱਕ ਤੜਪ, ਇੱਕ ਪੀੜ ਬਣ ਚੁੱਕਾ ਹੈ…
ਕੱਚੇ ਸੁਪਨੇ, ਤਿੱਖੀਆਂ ਪਿਆਸਾਂ…
ਇਹ ਸੰਸਾਰਿਕ ਜਗੀਰਾਂ ਜਿਸ ਪਿਆਸ ਨੂੰ ਨਹੀਂ ਬੁਝਾ ਸਕਦੀਆਂ!