ਸ਼ਾਮ ਸਵੇਰੇ ਨੈਣ ਵਿਛਾ ਕੇ

  • ਮੀਰਾਂ ਬਾਈ


ਸ਼ਾਮ ਸਵੇਰੇ ਨੈਣ ਵਿਛਾ ਕੇ

ਰਾਹ ਤੱਕਾਂ ਮੈਂ ਸਾਜਨ ਦੀ

ਰਾਮ ਹੀ ਜਾਣੇ ਕਦ ਚਮਕੇਗੀ

ਕਿਸਮਤ ਮੇਰੇ ਆਂਗਨ ਦੀ


ਨੈਣ ਚੁਰਾਕੇ

ਜਦ ਤੋਂ ਪ੍ਰੀਤਮ ਪਰਦੇਸ ਗਏ

ਬਿਰਹਨ ਦੀਆਂ ਅੱਖੀਆਂ 'ਚੋ ਵਰਸੇ

ਬਿਨ ਸਾਵਣ ਰੁੱਤ ਸਾਵਣ ਦੀ...


ਵਰਖਾ ਰੁੱਤ ਜਦ ਛਮ ਛਮ ਵਰਸੇ

ਮਨ ਮੇਰਾ ਰੋਏ ਅੱਖ ਵੀ ਤਰਸੇ

ਤਾਰਿਆਂ 'ਚੋਂ ਜਦ ਚੰਦਾ ਚਮਕੇ

ਦਰਦ ਉੱਠੇ ਮਨ ਵਿੱਚ ਥੰਮ ਥੰਮ ਕੇ

ਬਿਰਹਾ ਸੁਲਗੇ ਜਦ ਮੇਰੇ ਤਨ ਵਿੱਚ

ਚੁਪਕੇ ਚੁਪਕੇ ਮਨ ਆਂਗਨ ਵਿੱਚ

ਆਸ ਦੇ ਬੰਧਨ ਟੁੱਟ ਗਏ

ਸੱਜਣ ਸਾਥੋਂ ਰੁੱਸ ਗਏ!


ਸੂਲ਼ੀ ਉੱਤੇ ਸੇਜ ਹੈ ਮੇਰੀ

ਕਿਤ ਬਿਧ ਸੌਣਾ ਹੋਵੇ

ਗਗਨ ਮੰਡਲ 'ਤੇ ਸੇਜ ਸੱਜਣ ਦੀ

ਕਿਤ ਬਿਧ ਮਿਲਣਾ ਹੋਵੇ

ਜੌਹਰੀ ਦੀ ਗਤ ਜੌਹਰੀ ਜਾਣੇ

ਜੇ ਕੋਈ ਜੌਹਰੀ ਹੋਵੇ

ਜ਼ਖ਼ਮੀ ਦੀ ਗਤ ਜ਼ਖ਼ਮੀ ਜਾਣੇ

ਜੇ ਕੋਈ ਜ਼ਖ਼ਮੀ ਹੋਵੇ

ਦਰਦ ਦੀ ਮਾਰੀ

ਜੰਗਲ ਢੂੰਢਾਂ

ਵੈਦ ਨਾ ਮਿਲਿਆ ਕੋਈ

'ਮੀਰਾਂ' ਦੀ ਤਦ ਪੀੜ ਮਿਟੇ

ਜਦ ਵੈਦ ਸੱਜਣ ਜੀ ਹੋਏ

ਲੋਕੋ ਮੈਂ ਤਾਂ ਪ੍ਰੇਮ ਦੀਵਾਨੀ

ਮੇਰਾ ਦਰਦ ਨਾ ਜਾਣੇ ਕੋਇ !


ਜੋਗਣ ਦਾ ਭੇਸ ਵਟਾਕੇ

ਸੱਜਣ ਢੂੰਡਣ ਜਾਵਾਂ

ਨਗਰ ਨਗਰ ਦੁਆਰੇ ਦੁਆਰੇ

ਸੱਜਣ ਸ਼ਬਦ ਸੁਣਾਵਾਂ

ਤਨ ਮਨ ਉਸ ਤੇ ਵਾਰਾਂ

ਮੈਂ ਜੋਗਣ ਕਹਿਲਾਵਾਂ !