ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿੱਚ ਪਾ ਦੇਨੀ ਆਂ
ਘੁੰਡ ਕੱਡਣੇ ਦੀ ਅਲਖ ਮੁਕਾ ਦੇਨੀ ਆਂ |
*
ਆਓ ਚੋਬਰੋ ਗਿੱਧਾ ਪਾਈਏ
ਆਓ ਝਨਾਂ ਕਿਨਾਰੇ |
ਪਾਣੀ ਉੱਤੇ ਫੁੱਲ ਤਰਦਾ
ਚੁੱਕ ਲੈ, ਬਾਂਕੀਏ ਨਾਰੇ !
*
ਊਠਾਂ ਵਾਲੀਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ |
ਮੇਲੇ ਜੈਤੋਂ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ |
*
ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਹਢਾ ਜੁਲਮ ਕਮਾਇਆ |
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਘੇਰਾ ਪਾਇਆ |
*
ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਓਂ ਕਰਦੀ ?
ਦੰਦ ਚਿੱਟੇ ਰੱਖਣ ਦੀ ਮਾਰੀ
ਸੋਹਣੀ ਕਿਓਂ ਬਣਦੀ ?
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ,
ਮੈਂ ਤੇਰਾ ਭੌਰ ਸਰਕਾਰੀ |
ਕਾਲਿਆ ਹਰਨਾ, ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ, ਕੀ ਕੁਝ ਲਿਖਿਆ ?
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ
ਹੁਣ ਨਹੀਂ ਟੱਪੀ ਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦੇਨਾਂ ਏਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚਿਣਾਇਆ
ਵਿੱਚ ਰਖਾਈ ਮੋਰੀ
ਤੇਰਾ ਦੁੱਖ ਸੁਣਕੇ
ਹੀਰ ਹੋ ਗਈ ਪੋਰੀ ਪੋਰੀ |
*
ਗੱਜੇ ਬੱਦਲ, ਚਮਕੇ ਬਿਜਲੀ
ਮੋਰਾਂ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ
ਦਿਲ ਦੀਆਂ ਖੋਲ ਸੁਣਾਈਆਂ
*
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸੌਣ ਦੀਏ
ਤੈਨੂੰ ਹੱਥ ਤੇ ਚੋਗ ਚੁਗਾਵਾਂ
*
ਉੱਚਾ ਚੁਬਾਰਾ ਹੇਠ ਪੋੜੀਆਂ
ਵਿੱਚ ਪਤਲੋ ਰੂੰ ਵੇਲੇ
ਵਿਛੜੇ ਸੱਜਣਾਂ ਦੇ
ਹੋਣਗੇ ਸੰਜੋਗੀ ਮੇਲੇ
ਇਸ਼ਕ਼ ਤੰਦੂਰ ਹੱਡਾਂ ਦਾ ਬਾਲਣ
ਹੌਕਿਆਂ ਨਾਲ ਤਪਾਵਾਂ
ਕਢ ਕੇ ਕਲੇਜਾ ਕਰ ਲਾਂ ਪੇੜੇ
ਹੁਸਨ ਪਲੇਥਣ ਲਾਵਾਂ
ਸਿਪਾਹੀਆ ਮੁੜ ਪੌ ਵੇ
ਮੈਂ ਰੋਜ਼ ਔਂਸੀਆਂ ਪਾਵਾਂ
*
ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ, ਨੌਂ ਦਰਵਾਜ਼ੇ,
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹਿਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ ?
*
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵੱਜ ਗਏ ਢੋਲ ਨਗਾਰੇ
ਸੋਹਣੀਏ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ
*
ਜਿਹੜੇ ਪੱਤਣ ਅੱਜ ਪਾਣੀ ਲੰਘਦਾ
ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ, ਤ੍ਰਿੰਜਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲ ਕੇ
ਨਚ ਕੇ ਵਿਖਾ ਮੇਲਣੇ,
ਜਾਈ ਨਾਂ ਗਿਧੇ 'ਚੋਂ ਟਲ ਕੇ