ਮੇਰੀ (ਮੈਂਹਡੀ) ਜਾਨ ਜੋ ਰੰਗੇ ਸੋ ਰੰਗੇ।
ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,
ਭਾਗ ਤਿੰਨਾਂ ਦੇ ਚੰਗੇ।
ਸੁਰਤ ਦੀ ਸੂਈ, ਪ੍ਰੇਮ ਦੇ ਧਾਗੇ,
ਪੇਂਵਦੁ ਲੱਗੇ ਸਤਿਸੰਗੇ।
ਕਹੇ ਹੁਸੈਨ ਫ਼ਕੀਰ ਸਾਈਂ ਦਾ,
ਤਖ਼ਤ ਨਾ ਮਿਲ਼ਦੇ ਮੰਗੇ।
ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀਆਂ।
ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ,
ਹਰਿ ਗੱਲੋਂ ਮੈਂ ਚੁਕੀ ਆਂ।
ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ,
ਬਖਸਿ ਕਰੈਂ ਤਾਂ ਮੈਂ ਛੁਟੀਆਂ।
ਜਿਉਂ ਭਾਵੈ ਤਿਉਂ ਰਾਖ ਪਿਆਰਿਆ,
ਦਾਵਣ ਤੇਰੇ ਮੈਂ ਲੁੱਕੀਆਂ।
ਜੇ ਤੂੰ ਨਜ਼ਰ ਮਿਹਰ ਦੀ ਪਾਵੇਂ,
ਚੜਿ ਚਉਬਾਰੇ ਮੈਂ ਸੁੱਤੀ ਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਰ ਤੇਰੇ ਦੀ ਮੈਂ ਕੁੱਤੀ ਆਂ।
ਮੈਂ ਭੀ ਝੋਕ ਰਾਂਝਣ ਦੀ ਜਾਣਾ,
ਨਾਲਿ ਮੇਰੇ ਕੋਈ ਚੱਲੇ।
ਪੈਰੀਂ ਪਉਂਦੀ ਮਿੰਨਤਾਂ ਕਰਦੀ,
ਜਾਣਾ ਤਾਂ ਪਇਆ ਇਕੱਲੇ।
ਨੀਂ ਭੀ ਡੂੰਘੀ ਤੁਲਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ।
ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ,
ਮੈਂ ਹਥਿ ਦੇ ਦੇਨੀਆਂ ਛੱਲੇ।
ਰਾਤੀ ਦਰਦੁ ਦਿਹੇਂ ਦਰਾਮਾਂਦੀ,
ਘਾਉ ਮਿੱਤਰਾਂ ਦੇ ਅੱਲੇ।
ਰਾਂਝਾ ਯਾਰ ਤਬੀਬ ਸੁਣੀਦਾ,
ਮੈਂ ਤਨ ਦਰਦ ਅਵੱਲੇ।
ਕਹੈ ਹੁਸੈਨ ਫ਼ਕੀਰ ਨਿਮਾਣਾ
ਸਾਈਂ ਸੁਨੇਹੜੇ ਘੱਲੇ।
ਰੱਬਾ ਮੇਰੇ ਅਉਗਣੁ ਚਿਤਿ ਨ ਧਰੀ
ਰੱਬਾ ਮੇਰੇ ਅਉਗਣੁ ਚਿਤਿ ਨ ਧਰੀ
ਅਉਗੁਣਿਆਰੀ ਨੂੰ ਕੋ ਗੁਣ ਨਾਹੀ,
ਲੂੰ ਲੂੰ ਐਬ ਭਰੀ।
ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,
ਮੈਂ ਤੇਰੇ ਦੁਆਰੈ ਪਰੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਅਦਲੋਂ ਫ਼ਜ਼ਲੁ ਕਰੀਂ।
ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ।
ਸੂਲਾਂ ਮਾਰ ਦੀਵਾਨੀ ਕੀਤੀ ਬਿਰਹੁ ਪਇਆ ਸਾਡੇ ਖਿਆਲ
ਨੀ ਮੈਂ ਕੈਨੂੰ ਆਖਾਂ।
ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ, ਨੀ ਮੈਂ ਕੈਨੂੰ ਆਖਾਂ।
ਜੰਗਲ ਜੰਗਲ ਫਿਰਾਂ ਢੂਢੇਦੀ,
ਅਜੇ ਨ ਮਿਲਿਆ ਮਹੀਵਾਲ, ਨੀ ਮੈਂ ਕੈਨੂੰ ਆਖਾਂ।
ਰਾਂਝਣ ਰਾਂਝਣ ਫਿਰਾਂ ਢੁਡੇਂਦੀ,
ਰਾਂਝਣ ਮੇਰੇ ਨਾਲ, ਨੀ ਮੈਂ ਕੈਨੂੰ ਆਖਾਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਕੈਨੂੰ ਆਖਾਂ।
ਮਨ ਅਟਕਿਆ ਬੇਪ੍ਰਵਾਹਿ ਨਾਲ,
ਉਹ ਦੀਨ ਦੁਨੀ ਦੇ ਸ਼ਾਹ ਨਾਲਿ।
ਕਾਜ਼ੀ ਮੁੱਲਾਂ ਮੱਤੀਂ ਦੇਂਦੇ.
ਖਰੇ ਸਿਆਣੇ ਰਾਹ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ।
ਨਦੀਉਂ ਪਾਰ ਰਾਂਝਣ ਦਾ ਠਾਣਾ,
ਕੀਤਾ ਕਉਲ ਜ਼ਰੂਰਤ ਜਾਣਾ,
ਮਿੰਨਤਾਂ ਕਰਾਂ ਮਲਾਹਿ ਨਾਲਿ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖਰ ਮਰ ਜਾਣਾ,
ਓੜਕਿ ਕੰਮ ਅਲਾਹਿ ਦੇ ਨਾਲ।
ਬੰਦੇ ਆਪੁ ਨੂੰ ਪਛਾਣਿ,
ਜੇ ਤੂੰ ਆਪਣਾ ਆਪ ਪਛਾਤਾ,
ਸਾਈਂ ਦਾ ਮਿਲਣ ਆਸਾਨੁ।
ਸੁਇਨੇ ਦੇ ਕੋਟੁ ਰੁਪਹਿਰੀ ਛੱਜੇ
ਹਰਿ ਬਿਨ ਜਾਣਿ ਮਸਾਣਿ॥
ਤੇਰੇ ਸਿਰ ਤੇ ਜਮ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨਾਂ ਜਾਣ।
ਸਾਢੇ ਤਿੰਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ॥
ਸੁਇਨਾ ਰੁਪਾ ਤੇ ਮਾਲੁ ਖਜ਼ੀਨਾ,
ਹੋਇ ਰਹਿਆ ਮਹਿਮਾਨੁ॥
ਕਹੈ ਹੁਸੈਨ ਫ਼ਕੀਰ ਨਿਮਾਣਾ,
ਛਡਿ ਦੇ ਖੁਦੀ ਤੇ ਗੁਮਾਨ।
ਆਪ ਨੂੰ ਪਛਾਣ ਬੰਦੇ,
ਜੇ ਤੁਧ ਆਪਣਾ ਆਪ ਪਛਾਤਾ॥
ਸਾਹਿਬ ਨੂੰ ਮਿਲਣ ਆਸਾਨ ਬੰਦੇ,
ਉੱਚੜੀ ਮਾੜੀ ਸੁਇਨੇ ਦੀ ਸੇਜਾ।
ਹਰ ਬਿਨ ਜਾਣ ਮਸਾਣ ਬੰਦੇ,
ਇਥੇ ਰਹਿਣ ਕਿਸੇ ਦਾ ਨਾਹੀਂ।
ਕਾਹੇ ਕੁ ਤਾਣਹਿ ਤਾਣ ਬੰਦੇ।
ਕਹੈ ਹੁਸੈਨ ਫ਼ਕੀਰ ਰੱਬਾਣਾ।
ਫ਼ਾਨੀ ਸਭ ਜਹਾਨ ਬੰਦੇ।
ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
ਉਡਿਆ ਭੌਰ ਥੀਆ ਪਰਦੇਸੀ,
ਅੱਗੇ ਰਾਹ ਅਗੰਮ ਦਾ।
ਕੂੜੀ ਦੁਨੀਆਂ ਕੂੜ ਪਸਾਰਾ,
ਜਿਉਂ ਮੋਤੀ-ਸ਼ਬਨਮ ਦਾ।
ਜਿਨ੍ਹਾਂ ਮੇਰਾ ਸਹੁ ਰੀਝਾਇਆ,
ਤਿਨਾਂ ਨਹੀਂ ਭਓ ਜੰਮੁ ਦਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਛੋਡ ਸਰੀਰ ਭਸਮ ਦਾ।
ਨੀ ਮਾਏ, ਮੈਨੂੰ ਖੇੜਿਆਂ ਦੀ,
ਗਲਿ ਨਾ ਆਖਿ॥
ਰਾਂਝਣ ਮੈਂਹਡਾਂ, ਮੈਂ ਰਾਂਝਣ ਦੀ,
ਖੇੜਿਆਂ ਨੂੰ ਕੂੜੀ ਝਾਕੁ॥
ਲੋਕੁ ਜਾਣੈ ਹੀਰ ਕਮਲੀ ਹੋਈ,
ਹੀਰੇ ਦਾ ਵਰ ਚਾਕੂ!
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣਦਾ ਮਉਲਾ ਆਪ॥
ਘੁੰਮ ਚਰਖੜਿਆ ਵੇ,
ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣ ਵਾਲੀ ਜੀਵੇ।
ਬੁੱਢਾ ਹੋਇਓਂ ਸ਼ਾਹ ਹੁਸੈਨਾ,
ਦੰਦੀ ਝੇਰਾਂ ਪਈਆਂ।
ਉਠ ਸਵੇਰ ਢੂੰਡਣਿ ਲੱਗੇ,
ਸੰਝ ਦੀਆਂ ਜੋ ਗਈਆਂ।
ਹਰ ਦਮ ਨਾਮੁ ਸਮਾਲ ਸਾਈਂ ਦਾ,
ਤਾਂ ਤੂੰ ਇਸਥਿਰ ਥੀਵੇਂ।
ਚਰਖਾ ਬੋਲੇ ਸਾਈਂ ਸਾਈਂ,
ਬਇੜ ਬੋਲੇ ਤੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਨਾਹੀਂ ਸਭ ਤੂੰ।
ਸੱਜਣ ਬਿਨ ਰਾਤੀ ਹੋਈਆਂ ਵੱਡੀਆਂ।
ਮਾਸ ਝੜੇ ਝੜ ਪਿੰਜਰ ਹੋਇਆ,
ਕਣ-ਕਣ ਹੋਈਆਂ ਹੱਡੀਆਂ।
ਇਸ਼ਕ ਛੁਪਾਇਆ ਛੁਪਦਾ ਨਾਹੀਂ,
ਬਿਰਹੋਂ ਤਾਣਾਵਾਂ ਗੱਡੀਆਂ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰ ਕਰ ਸੱਦੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਮਨ ਤੇਰੇ ਲੱਗੀਆਂ।
ਅਸਾਂ ਬਹੁੜਿ ਨਾ ਦੁਨਿਆਂ ਆਵਣਾ
ਅਸਾਂ ਬਹੁੜਿ ਨਾ ਦੁਨਿਆਂ ਆਵਣਾ
ਸਦਾ ਨਾ ਫੁਲਨਿ ਤੋਰੀਆਂ,
ਸਦਾ ਨਾ ਲਗਦੇ ਨੀ ਸਾਵਣਾ।
ਸੋਈ ਕੰਮੁ ਵਿਚਾਰਿ ਕੇ ਕੀਜੀਐ ਜੀ,
ਜਾਂ ਤੇ ਅੰਤੁ ਨਹੀਂ ਪਛੁਤਾਵਣਾ
ਕਹੈ ਸ਼ਾਹ ਹੁਸੈਨ ਸੁਣਾਇ ਕੈ,
ਅਸਾਂ ਖ਼ਾਕ ਦੇ ਨਾਲ ਸਮਾਵਣਾ।
ਨੀ ਸਈਓ ਅਸੀਂ ਨੈਣਾਂ ਦੇ ਆਖੇ ਲਗੇ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੋ ਕਹੀ ਨਾ ਜਾਂਦੇ ਠੱਗੇ!
ਕਾਲੇ ਪੱਟ ਨਾ ਚੜ੍ਹੇ ਸਫੈਦੀ,
ਕਾਗੁ ਨ ਥੀਦੇ ਬੱਗੇ,
ਸ਼ਾਹ ਹੁਸੈਨ ਸ਼ਹਾਦਤ ਪਾਇਨ
ਜੋ ਮਰਨ ਮਿੱਤਰਾਂ ਦੇ ਅੱਗੇ।
ਨੀ ਸਈਓ, ਮੈਨੂੰ ਢੋਲ ਮਿਲੈ ਤਾਂ ਜਾਪੈ
ਬਿਰਹੁ ਬਲਾਇ ਘੱਤੀ ਤਨ ਅੰਦਰ,
ਮੈਂ ਆਪੇ ਹੋਈ ਆਪੈ।
ਬਾਲਪਣਾ ਮੈਂ ਖੇਲ ਗਵਾਇਆ,
ਜੋਬਨ ਮਾਣ ਬਿਆਪੈ।
ਸਹੁ ਰਾਵਣ ਦੀ ਰੀਤ ਨਾ ਜਾਣੀ,
ਇਸ ਸੰਵੇ ਤਣਾਪੈ!
ਇਸ਼ਕ ਵਿਛੋੜੇ ਦੀ ਬਾਲੀ ਢਾਢੀ,
ਹਰ ਦਮ ਮੈਨੂੰ ਤਾਪੈ।
ਹਿਕਸ ਕਹੀਂ ਨਾਲ ਦਾਦ ਨਾ ਦਿੱਤੀ,
ਇਸ ਸੰਵੇ ਤਰਨਾਪੇ।
ਸਿਕਣ ਦੂਰ ਨਾ ਥੀਵੇ ਦਿਲ ਤੋਂ,
ਵੇਖਣ ਨੂੰ ਮਨ ਤਾਪੈ।
ਕਹੈ ਹੁਸੈਨ ਸੁਹਾਗਣ ਸਾਈ,
ਜਾਂ ਸਹੁ ਆਪ ਸਿੰਵਾਪੈ!
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।
ਅੰਦਰਿ ਤੂੰ ਹੈਂ ਬਾਹਿਰ ਤੂੰ ਹੈਂ,
ਰੋਮਿ ਰੋਮ ਵਿਚਿ ਤੂੰ॥
ਤੂੰ ਹੈਂ ਤਾਣਾ ਤੂੰ ਹੈਂ ਬਾਣਾ,
ਸਭਿ ਕਿਛੁ ਮੇਰਾ ਤੂੰ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਨਾਹੀਂ ਸਭੁ ਤੂੰ।
ਵੱਤ ਨਾ ਦੁਨੀਆਂ ਆਵਣਾ!
ਸਦਾ ਨ ਫੁੱਲੇ ਤੋਰੀਆਂ,
ਸਦਾ ਨ ਲੱਗੇ ਸਾਵਣਾ।
ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੁ ਝੂਠ ਕਮਾਵਣਾ।
ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣਾ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਜੰਗਲ ਜਾਇ ਸਮਾਵਣਾ।
ਮਹਿਰਮ - ਜਾਣੂ। ਬਾਣਾ - ਪੇਟਾ। ਕੈਂਦਾ - ਕਿਸਦਾ। ਚਰੋਕਾ -ਚਿਰ ਦਾ। ਚਾਈ - ਚੁੱਕੀ। ਲਧਾ - ਪ੍ਰਾਪਤ ਕੀਤਾ। ਝਰੋਖਾ - ਬਾਰੀ। ਆਪ ਨੂੰ ਪਛਾਣ - ਆਤਮ ਗਿਆਨ ਪ੍ਰਾਪਤ ਕਰ। ਸੁਇਨੇ - ਸੋਨੇ ਦੇ। ਕੋਟ - ਕਿਲ੍ਹਾ। ਰੁਪਿਹਰੀ - ਚਾਂਦੀ ਦੇ। ਮਿਲਖ - ਜਗੀਰ। ਖੁਦੀ ਤੇ ਗੁਮਾਨ - ਹੰਕਾਰ।
ਸਾਹਿਤ ਮਾਲ਼ਾ:10, ਪੰਜਾਬ ਸਕੂਲ ਸਿੱਖਿਆ ਬੋਰਡ
ਕਾਫ਼ੀਆਂ_ਸ਼ਾਹ_ਹੁਸੈਨ_-_ਚਰਨ_ਪਪਰਾਲਵੀ.