ਟੁੱਟਦੇ ਤਾਰਿਆਂ ਦੀ ਦਾਸਤਾਨ
ਵਿਗਿਆਨ-ਗਲਪ ਕਹਾਣੀਆਂ
ਅਮਨਦੀਪ ਸਿੰਘ
Tuttde Tarian di Dastaan
Science Fiction Stories in Punjabi
By Amandeep Singh
ਵਿਗਿਆਨ-ਗਲਪ ਕਹਾਣੀਆਂ
ਅਮਨਦੀਪ ਸਿੰਘ
Science Fiction Stories in Punjabi
By Amandeep Singh
ਜੇ ਤੁਹਾਨੂੰ ਇਹ ਕਹਾਣੀਆਂ ਪਸੰਦ ਆਈਆਂ ਹਨ ਤਾਂ ਆਪ ਜੀ ਇਸ ਕਿਤਾਬ ਦਾ ਪ੍ਰਿੰਟ ਐਡੀਸ਼ਨ ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ।
ਭਾਰਤ ਵਿੱਚ:
https://store.pothi.com/book/amandeep-singh-tutday-tarian-di-dastaan/
ਵਿਦੇਸ਼ ਵਿੱਚ:
https://www.amazon.com/dp/1667137581
OR
'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਦਾ ਦੂਸਰਾ ਕੰਪਿਊਟਰ ਡਿਜਿਟਲ ਐਡੀਸ਼ਨ ਪੇਸ਼ ਕਰਦਿਆਂ, ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹਨਾਂ ਕਹਾਣੀਆਂ ਰਾਹੀਂ ਵਿਗਿਆਨਕ ਯੁੱਗ ਦੇ ਵਿੱਚ ਹੋਣ ਵਾਲ਼ੀਆਂ ਘਟਨਾਵਾਂ ਨੂੰ ਵਰਣਨ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਤਾਂ ਜੋ ਪੰਜਾਬੀ ਪਾਠਕ ਵਿਗਿਆਨ ਦੇ ਚਾਨਣ, ਹਨੇਰਾਪਨ, ਤੇ ਉਸ ਤੋਂ ਹੋਣ ਵਾਲ਼ੀਆਂ ਖੋਜਾਂ, ਸਹੂਲਤਾਂ ਤੇ ਸਮੱਸਿਆਵਾਂ ਵਾਰੇ ਜਾਣਕਾਰੀ ਪ੍ਰਾਪਤ ਕਰ ਸਕਣ, ਤੇ ਵਿਗਿਆਨ ਨੂੰ ਸਮਝਣ ਦੀ ਉਹਨਾਂ ਦੇ ਮਨ ਵਿੱਚ ਉਤਸੁਕਤਾ ਪਣਪ ਸਕੇ!
ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਸ. ਕਰਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ , ਜਿਹਨਾਂ ਨੇ ਹਮੇਸ਼ਾਂ ਮੈਨੂੰ ਸਹਿਤ ਸਿਰਜਣਾ ਲੁਈ ਉਤਸ਼ਾਹਿਤ ਕੀਤਾ ਤੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਸੀ।
ਮੈਂ ਪੰਜਾਬੀ ਦੇ ਪ੍ਰਸਿੱਧ ਵਿਗਿਆਨਕ ਲੇਖਕ ਡਾ. ਡੀ.ਪੀ. ਸਿੰਘ ਜੀ ਦਾ ਵੀ ਬਹੁਤ ਬਹੁਤ ਸ਼ੁਕ੍ਰਗ਼ੁਜ਼ਾਰ ਹਾਂ, ਜਿਹਨਾਂ ਨੇ ਵੀ ਮੈਨੂੰ ਹਮੇਸ਼ਾਂ ਪੰਜਾਬੀ ਵਿੱਚ ਵਿਗਿਆਨਕ ਸਹਿਤ-ਸਿਰਜਣਾ ਲਈ ਪ੍ਰੇਰਿਆ। ਜਦੋ ਵੀ ਮੌਕਾ ਮਿਲਿਆ, ਹਮੇਸ਼ਾਂ ਹੀ ਉਹਨਾਂ ਨੇ ਇਸ ਕਿਤਾਬ ਦਾ ਜ਼ਿਕਰ ਆਪਣੇ ਲੇਖਾਂ ਵਿੱਚ ਕੀਤਾ। ‘ਭਵਿੱਖ ਦੀ ਪੈੜ (ਸਿੰਘ ਬ੍ਰਦਰਜ਼, 2003)’ ਵਿਗਿਆਨ ਗਲਪ ਕਹਾਣੀਆਂ ਦੇ ਸੰਗ੍ਰਹਿ ਵਿੱਚ ਡਾ. ਡੀ.ਪੀ. ਸਿੰਘ ਲਿਖਦੇ ਹਨ -’ ਪੰਜਾਬੀ ਵਿੱਚ ਵਿਗਿਆਨ-ਗਲਪ ਕਹਾਣੀਆਂ ਦੀ ਪਹਿਲੀ ਕਿਤਾਬ ਟੁੱਟਦੇ ਤਾਰਿਆਂ ਦੀ ਦਾਸਤਾਨ, ਅਮਨਦੀਪ ਸਿੰਘ ਨੌਰਾ ਵਲ੍ਹੋਂ ਰਚਿਤ, ਸੰਨ 1989 ਵਿੱਚ ਸਾਹਮਣੇ ਆਈ।’
ਮੈਂ ਜਾਗ੍ਰਿਤੀ ਪੰਜਾਬੀ ਮੈਗ਼ਜ਼ੀਨ ਦੇ ਸਾਬਕਾ ਐਡੀਟਰ ਸ. ਬਲਜੀਤ ਸਿੰਘ ਬਲੀ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਹਨਾਂ ਨੇ ਇਹਨਾਂ ਕਹਾਣੀਆਂ ਨੂੰ ਉਸ ਸਮੇਂ ਜਾਗ੍ਰਿਤੀ ਵਿੱਚ ਪ੍ਰਕਾਸ਼ਿਤ ਕੀਤਾ ਤੇ ਇਸ ਕਿਤਾਬ ਦਾ ਮੁੱਖਬੰਦ ਲਿਖਿਆ।
ਇਸ ਨਵੇਂ ਐਡੀਸ਼ਨ ਵਿੱਚ ਮੈਂ ਕਹਾਣੀਆਂ ਦੇ ਅੰਤ ਵਿੱਚ ਅੱਜ ਦੇ ਯੁੱਗ ਨੂੰ ਮੁੱਖ ਰੱਖਦਿਆਂ ਕੁੱਝ ਇੱਕ ਟਿੱਪਣੀਆਂ ਕੀਤੀਆਂ ਹਨ। ਮੈਨੂੰ ਉਮੀਦ ਹੈ ਆਪ ਜੀ ਇਹਨਾਂ ਕਹਾਣੀਆਂ ਨੂੰ ਪਸੰਦ ਕਰੋਗੇ। ਆਪਣੇ ਕੀਮਤੀ ਸੁਝਾਅ ਤੁਸੀਂ ਮੈਨੂੰ punjabiscifi@gmail.com ਤੇ ਈ-ਮੇਲ ਕਰ ਸਕਦੇ ਹੋ।
ਕਿੰਨੀ ਅਜੀਬ ਗੱਲ ਹੈ, ਕਦੀ ਅਚੇਤ ਹੀ ਜ਼ਿੰਦਗੀ ਵਿੱਚ ਐਸੇ ਪਾਤਰਾਂ ਦਾ ਆਵੇਸ਼ ਹੋ ਜਾਂਦਾ ਹੈ, ਜਿਹੜੇ ਸਮੁੱਚੇ ਬ੍ਰਹਿਮੰਡ ਦੀ ਸਾਂਝੀ
ਇੱਕ ਮੂਕ-ਭਾਸ਼ਾ ਦੇ ਚਿੰਨ੍ਹ ਅਤੇ ਪ੍ਰਤੀਕ ਹੋ ਨਿਬੜਦੇ ਹਨ। ਇਹ ਕੋਈ ਅਤਿ ਕਥਨੀ ਨਹੀਂ- ਸਗੋਂ ਸੱਚ ਹੈ, ਸਾਕਾਰ ਸੱਚ।
ਬਤੌਰ ਐਡੀਟਰ ਜਾਗ੍ਰਤੀ ਮੇਰਾ ਵਾਹ ਅਨੇਕਾਂ ਲੇਖਕਾਂ ਨਾਲ ਪਿਆ ਹੈ। ਕਈਆਂ ਦੀਆਂ ਰਚਨਾਵਾਂ ਦਾ ਅਨੂਠਾ ਪ੍ਰਭਾਵ ਮੇਰੇ ਮਨ ਤੇ ਸਥਾਈ ਰੂਪ ਵਿੱਚ ਪਿਆ ਹੈ। ਦੋ ਤਿੰਨ ਸਾਲਾਂ ਤੋਂ ਅਮਨਦੀਪ ਨਾਂ ਦੇ ਇਕ ਕਹਾਣੀਕਾਰ ਦੇ ਪੱਤਰ ਤੇ ਉਸ ਦੀਆਂ ਰਚਨਾਵਾਂ ਮੈਨੂੰ ਮਿਲਦੀਆਂ ਰਹੀਆਂ। ਮੈਨੂੰ ਉਸ ਦੀਆਂ ਕਹਾਣੀਆਂ ਬਹੁਤ ਹੀ ਚੰਗੀਆਂ ਲੱਗੀਆਂ, ਜੋ ਮੈਂ ਸਮੇਂ-ਸਮੇਂ ਜਾਗ੍ਰਤੀ ਵਿੱਚ ਛਾਪੀਆਂ-ਕਿਉਂਕਿ ਇਹ ਕਹਾਣੀਆਂ ਬਾਕੀ ਸਭ ਕਹਾਣੀਆਂ ਨਾਲੋਂ ਵੱਖਰੀਆਂ ਸਨ। ਇਹਨਾਂ ਦਾ ਰੂਪ ਵਿਗਿਆਨ-ਗਲਪ ਸੀ, ਜੋ ਮੈਂ ਚਾਰ ਦਹਾਕੇ ਪਹਿਲਾਂ ਐਚ. ਜੀ. ਵੈਲਜ਼ ਦੀਆਂ ਕਹਾਣੀਆਂ ਵਿੱਚ ਵੇਖਿਆ ਸੀ ਅਤੇ ਜਿਸ ਰੂਪ ਨੂੰ ਮੈਂ ਹੁਣ ਤੱਕ ਕਿਸੇ ਵੀ ਪੰਜਾਬੀ ਕਹਾਣੀ ਵਿੱਚੋਂ ਨਹੀਂ ਸਾਂ ਲੱਭ ਸਕਿਆ। ਏਸੇ ਲਈ ਮੈਨੂੰ ਅਮਨਦੀਪ ਵਿੱਚ ਇਕ ਵਿਲੱਖਣਤਾ ਨਜ਼ਰ ਆਉਂਦੀ ਸੀ।
ਮੇਰਾ ਮਨ ਕੀਤਾ ਕਿ ਅਮਨਦੀਪ ਦੀਆਂ ਵਿਗਿਆਨ-ਗਲਪ (Science-Fiction) ਦੀਆਂ ਕਹਾਣੀਆਂ ਦਾ ਇਕ ਸੰਗ੍ਰਹਿ ਪ੍ਰਕਾਸ਼ਤ ਹੋ ਕੇ ਮਾਰਕੀਟ ਵਿੱਚ ਨਜ਼ਰ ਆਉਣਾ ਚਾਹੀਦਾ ਹੈ। ਬਹੁਤ ਸਾਰੇ ਪਾਠਕਾਂ ਵਲੋਂ ਮੈਨੂੰ ਉਸ ਲਈ ਪ੍ਰਸੰਸਾ ਪੱਤਰ ਮਿਲਦੇ ਰਹੇ ਸਨ। ਆਖਰ ਮੇਰੇ ਵਲੋਂ ਇਸ ਮਨੋਰਥ ਲਈ ਮਜ਼ਬੂਰ ਕਰਨ ਤੇ ਅਮਨ ਦੇ ਪਿਤਾ ਜੀ ਨੇ ਹੁਣੇ ਪਿਛਲੇ ਦਿਨੀਂ ਚੰਡੀਗੜ ਆ ਦਰਸ਼ਨ ਮੈਨੂੰ ਦਿੱਤੇ। ਉਹਨਾਂ ਦੇ ਨਾਲ ਸੀ 17-18 ਸਾਲਾਂ ਦਾ ਸਾਊ ਜਿਹਾ, ਸੰਗਾਊ ਜਿਹਾ ਇਕ ਮੁੰਡਾ। ਮੈਂ ਬਿਲਕੁਲ ਹੀ ਅੰਦਾਜ਼ਾ ਨਹੀਂ ਸਾਂ ਲਾ ਸਕਦਾ ਸਾਂ ਕਿ ਇਕੀਵੀਂ ਨਹੀਂ ਸਗੋਂ ਬਾਈਸਵੀਂ ਸਦੀ ਦੇ ਯੁੱਗ ਦੀਆਂ ਬਾਤਾਂ ਪਾਉਣ ਵਾਲਾ ਇਹ ਛੀਟਕਾ ਜਿਹਾ ਮਸ-ਫੁਟ ਨਵਯੁਵਕ ਅਮਨਦੀਪ ਸਿੰਘ ਹੋ ਸਕਦਾ ਹੈ। ਥੋੜ੍ਹਾ ਚਿਰ ਬੈਠਣ, ਚਾਹ-ਪਾਣੀ ਪੀਣ ਮਗਰੋਂ ਮੈਂ ਵੇਖਿਆ ਹੱਥਲੀ ਪੁਸਤਕ ਟੁੱਟਦੇ ਤਾਰਿਆਂ ਦੀ ਦਾਸਤਾਨ ਦਾ ਖਰੜਾ ਮੇਰੇ ਹੱਥਾਂ ਵਿੱਚ ਸੀ। ਇਸ ਅਦਭੁਤ ਨਵਯੁਵਕ ਕਹਾਣੀਕਾਰ ਨਾਲ ਇਹ ਮੇਰੀ ਪਹਿਲੀ ਮੁਲਾਕਾਤ।
ਅਮਨਦੀਪ ਨੇ "ਪਲੱਸ ਟੂ" ਕਰਨ ਮਗਰੋਂ ਕੰਪੀਊਟਰ ਸਾਇੰਸ ਵਿੱਚ ਬੀ.ਟੈੱਕ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦੋ ਸਾਲ ਪਹਿਲਾਂ ਦਾਖਲਾ ਲਿਆ। ਭਾਵੇਂ ਕੰਪੀਊਟਰ ਸਾਇੰਸ ਦੀ ਪੜ੍ਹਾਈ ਨੇ ਉਸ ਦੀਆਂ ਬ੍ਰਹਿਮੰਡੀ ਖੋਜ ਦੀਆਂ ਸੋਚਾਂ ਤੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਹੈ, ਪਰ ਫਿਰ ਵੀ ਇਸ ਫਾਰਮਲ ਪੜ੍ਹਾਈ ਵਿੱਚ ਦਾਖਲੇ ਤੋਂ ਕਿੰਨਾ ਸਮਾਂ ਪਹਿਲਾਂ ਹੀ ਉਸ ਦਾ ਮਨ ਅੰਤ੍ਰਿਕਸ਼ ਵਿੱਚ ਵਿੱਚਰਦੇ ਦੁਸਰੇ ਸਿਆਰਿਆਂ ਦੀ ਖੋਜ ਅਤੇ ਉਥੇ ਵਸਦੇ ਲੋਕਾਂ ਦੇ ਜੀਵਨ ਨੂੰ ਜਾਣਨ, ਅਨੁਭਵ ਕਰਨ ਲਈ ਉਡਾਰੀਆਂ ਮਾਰਦਾ ਹੁੰਦਾ ਸੀ, ਜਿਸ ਦਾ ਪ੍ਰਤੀਬਿੰਬ ਉਸ ਦੀਆਂ ਪਹਿਲੀਆਂ ਕਹਾਣੀਆਂ ਵਿੱਚੋਂ ਵੇਖਿਆ ਜਾ ਸਕਦਾ ਹੈ।
ਬੜੀ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਅਮਨਦੀਪ ਇਕ ਬੌਧਕ ਸੂਝ ਵਾਲਾ ਕਵੀ ਵੀ ਹੈ। ਉਸ ਦੀਆਂ ਛੰਦ-ਮੁਕਤ ਕਵਿਤਾਵਾਂ ਵਿੱਚ ਮਨੁੱਖੀ ਸਾਂਝ ਅਤੇ ਵਿਸ਼ਵ ਸ਼ਾਂਤੀ ਦੀ ਸੰਵੇਦਨਾ ਹੈ। ਏਸ ਲਈ ਜਦੋਂ ਉਸ ਦੀ ਵਾਰਤਕ ਸ਼ੈਲੀ ਵੱਲ ਮੇਰੀ ਨਜ਼ਰ ਗਈ ਤਾਂ ਇਸ ਗੱਲ ਦੀ ਪੁਸ਼ਟੀ ਮੈਨੂੰ ਮਿਲ ਗਈ। ਉਸ ਦੀ ਕਹਾਣੀ "ਖਾਨਾ ਬਦੋਸ਼" ਦੀਆਂ ਕੁਝ ਸਤਰਾਂ ਇਸ ਗੱਲ ਦਾ ਸਬੂਤ ਹਨ। ਜ਼ਰਾ ਵੇਖੋ:
'ਜਿਵੇਂ ਸਦੀਆਂ ਬੀਤ ਗਈਆਂ। ਜੁਗੜਿਆਂ ਦੇ ਰੱਥ ਨੇ ਇਕ ਲੰਮਾ ਚੱਕਰ ਕੱਢ ਕੇ ਪਲਟੀ ਖਾਧੀ। ਸਾਗਰਾਂ ਦੇ ਸੀਨਿਆਂ ਤੇ ਲਿਟਦੀਆਂ ਛੱਲਾਂ ਦੇ ਦਿਲ ਧੜਕੇ। ਬ੍ਰਹਿਮੰਡ ਦੇ ਅਤਿਅਮਤ ਵਿਸ਼ਾਲ, ਅੰਨਤ, ਅਥਾਹ-ਉਜਵਲ ਖੰਭਾਂ ਵਿੱਚ ਕੰਬਣੀ ਦੀ ਲੀਹ ਉਠੀ। ਸੁਪਨਿਆਂ ਦੇ ਦੇਸ਼ਾਂ ਦੇ ਰਾਹੀ, ਸਿਤਾਰੇ, ਜਦ ਹੌਲੀ-ਹੌਲੀ ਰਾਤ ਦੀ ਕਾਲੀ ਚੁਨਰੀ ਤੇ ਮੋਤੀਆਂ ਵਾਂਗ ਚਮਕਣ ਲੱਗੇ, ਤਾਂ ਮੈਂ ਆਪਣੇ ਪੱਥਰ ਬਣ ਚੁੱਕੇ ਸਰਿਰ ਨੂੰ ਉਠਾਉਣਾ ਚਾਹਿਆ। ਪਰ ਮੈਥੋਂ ਹਿੱਲਿਆ ਨਹੀਂ ਜਾ ਰਿਹਾ ਸੀ......'
ਅਮਨ ਵਰਤਮਾਨ ਨੂੰ ਅਤੀਤ ਸਮਝ ਹਜ਼ਾਰ ਸਾਲ ਬਾਅਦ ਦੇ ਸਮੇਂ ਨੂੰ ਆਪਣਾ ਵਰਤਮਾਨ ਬਣਿਆ ਜਾਣਨਾ ਚਾਹੁੰਦਾ ਹੈ- ਜਿਸ ਯੁੱਗ ਵਿੱਚ ਧਰਤੀ ਤੇ ਕੰਪੀਊਟਰੀ ਵਿਗਿਆਨ ਦਾ ਰਾਜ ਹੋਵੇਗਾ ਅਤੇ ਸਾਰੇ ਮਨੁੱਖਾਂ ਦੇ ਮਨ-ਦਿਮਾਗ ਕੰਪੀਊਟਰ ਦੇ ਕੰਟਰੋਲ ਹੇਠ ਹੀ ਹੋਣਗੇ ਉਹ ਇਸ ਧਰਤੀ ਤੋਂ ਕਰੋੜਾਂ ਮੀਲ ਦੂਰ ਬ੍ਰਹਿਮੰਡ ਵਿੱਚ ਵਿੱਚਰਦੇ ਦੂਸਰੇ ਗ੍ਰਹਿਆ ਵਿੱਚ ਵਸਦੇ ਮਨੁੱਖਾਂ ਅਤੇ ਉਥੋਂ ਦੀ ਵਿੱਚਰਦੀ ਦੁਨੀਆਂ ਤੇ ਜ਼ਿੰਦਗੀ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ।
ਸਭ ਤੋਂ ਵੱਡੀ ਗੱਲ- ਉਸ ਦੀਆਂ ਕਹਾਣੀਆਂ ਵਿੱਚ ਮਨੁੱਖੀ ਪਿਆਰ ਦੇ ਸਦੀਵੀ ਜਜ਼ਬੇ ਨੂੰ ਬਾਹਰਲੀ ਦੁਨੀਆਂ ਵਿੱਚ ਵੀ ਏਵੇਂ ਹੀ ਪ੍ਰਜਵਲਤ ਵਿਖਾਇਆ ਗਿਆ ਹੈ ਜਿਵੇਂ ਇਸ ਧਰਤੀ ਤੇ ਇਸ ਦੀ ਲੋੜ ਹੈ। ਪਿਆਰ ਦੀ ਹਰ ਥਾਂ ਜਿੱਤ ਹੁੰਦੀ ਹੈ। ਪਿਆਰ ਲਈ ਕੁਰਬਾਨੀ ਦਾ ਜਜ਼ਬਾ ਉਹਨਾਂ ਗ੍ਰਹਿਆਂ ਤੇ ਵਸਦੇ ਮਨੁੱਖਾਂ ਦੇ ਦਿਲਾਂ ਵਿੱਚ ਵੀ ਹੈ। ਇਹ ਗੱਲ ਸਾਰੇ ਬ੍ਰਹਿਮੰਡ ਦੀ ਸਾਂਝੀ ਧੜਕਣ ਹੈ, ਜਿਸ ਨੂੰ ਅਮਨਦੀਪ ਨੇ ਉਜਾਗਰ ਕੀਤਾ ਹੈ।
ਸੱਚ ਮੁੱਚ ਅਮਨਦੀਪ ਇਕ ਉਭਰਦਾ ਹੋਇਆ ਪਰ ਅਤਿ ਪਤਿਭਾਸ਼ਾਲੀ ਕਵੀ ਤੇ ਕਹਾਣੀਕਾਰ ਹੈ, ਜਿਸ ਦੀਆਂ ਕਿਰਤਾਂ ਦਾ ਅਵੱਸ਼ ਹੀ ਭਵਿੱਕ ਵਿੱਚ ਮੁੱਲ ਪਵੇਗਾ। ਪੰਜਾਬੀ ਸਾਹਿਤ ਵਿੱਚ ਇਹ ਪੁਸਤਕ ਇਕ ਵਿਲੱਖਣ ਵਾਧਾ ਹੈ। ਮੈਨੂੰ ਇਸ ਪੁਸਤਕ ਤੇ ਕਹਾਣੀਕਾਰ ਲਈ ਇਹ ਕੁਝ ਸਤਰਾਂ ਲਿਖਦਿਆਂ ਗੌਰਵ ਮਹਿਸੁਸ ਹੋ ਰਿਹਾ ਹੈ।
3277/1, ਸੈਕਟਰ 44 ਡੀ, ਬਲਜੀਤ ਸਿੰਘ ਬਲੀ
ਚੰਡੀਗੜ੍ਹ-160022 ਐਡੀਟਰ, ਜਾਂਗ੍ਰਤੀ
ਮਿਤੀ 15 ਸਤੰਬਰ, 1989
ਘਟਨਾ-ਕ੍ਰਮ
[25 ਜੁਲਾਈ, 2204]
ਰਾਤ ਹੌਲੀ-ਹੌਲੀ ਜ਼ਮੀਨ ਉਪਰ ਆਪਣਾ ਰੈਣ-ਬਸੇਰਾ ਉਤਾਰ ਰਹੀ ਹੈ। ਸਦੀਆਂ ਪੁਰਾਣਾ ਸੁਰਜ, ਜਿਸ ਨੇ ਹਰ ਯੁੱਗ ਵੇਖਿਆ, ਹੌਲੀ-ਹੌਲੀ ਪੱਛਮ ਦੇ ਆਸਮਾਨ ਵਿੱਚ ਹਲਕੀ ਸੰਗਤਰੀ ਅਤੇ ਗੁਲਾਬੀ ਰੌਸ਼ਨੀ ਬਿਖੇਰਦਿਆਂ, ਕਿਸੇ ਸੁੱਖ ਦੇ ਦੀਪ ਵੱਲ ਨੂੰ ਉਜਾਲਾ ਕਰਨ ਜਾ ਰਿਹਾ ਹੈ। ਸ਼ਾਮ ਦੇ ਇਸ ਸੁਹਾਵਣੇ ਵਾਤਾਵਰਣ ਵਿੱਚ ਇਸਪਾਤ ਦੀਆਂ ਬਿਲਡਿੰਗਾਂ ਬੜੀਆਂ ਲੁਭਾਵਣੀਆਂ ਪ੍ਰਤੀਤ ਹੋ ਰਹੀਆਂ ਹਨ। ਮੈਂ ਹੁਣੇ ਹੀ ਆਪਣੇ ਦਫ਼ਤਰ "ਅੰਤਰਿਖਸ਼ ਅਨੁਸੰਧਾਨ ਕੇਂਦਰ" ਤੋਂ ਘਰ ਪਰਤਿਆ ਹਾਂ। ਰੁਝੇਵੇਂ ਬੜੇ ਵੱਧ ਗਏ ਨੇ। ਜ਼ਿੰਦਗੀ ਮਸ਼ੀਨਾਂ ਤੇ ਹੀ ਨਿਰਭਰ ਹੋ ਕੇ ਰਹਿ ਗਈ ਹੈ। ਹਰ ਪਾਸੇ ਭੀੜ ਹੀ ਭੀੜ ਵਿਖਾਈ ਦਿੰਦੀ ਹੈ। ਇਨਸਾਨ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ, ਹਰ ਵਕਤ ਨੱਠ-ਭੱਜ ਕਰਦਾ ਰਹਿੰਦਾ ਹੈ। ਕਿਸੇ ਨੂੰ ਵੀ ਕਿਸੇ ਬਾਰੇ ਸੋਚਣ ਦੀ ਵਿਹਲ ਨਹੀਂ।
ਆਕਾਸ਼ ਵਿੱਚ ਵੀ ਯਾਤਯਾਤ ਬਹੁਤ ਵੱਧ ਗਿਆ ਹੈ। ਛੋਟੇ-ਛੋਟੇ ਬੱਚੇ "ਉੜਨ ਕਾਰਾਂ" ਤੇ 'ਜਹਾਜ਼' ਉੜਾਈ ਫਿਰਦੇ ਨੇ। ਪਤਾ ਨਹੀਂ ਲੋਕ ਕਿਵੇਂ ਬੱਚਿਆ ਨੂੰ ਇਜਾਜ਼ਤ ਦੇ ਦਿੰਦੇ ਨੇ। ਦੁਰਘਟਨਾਵਾਂ ਵੀ ਬੜੀਆਂ ਵੱਧ ਗਈਆਂ ਨੇ। ਸਰਵ ਸ਼ਕਤੀਮਾਨ ਸੁੱਖ ਰੱਖੇ!
ਮੈਂ ਹਲਕਾ ਜਿਹਾ ਭੋਜਨ ਕਰਕੇ ਬਾਲਕਨੀ ਵਿੱਚ ਆ ਜਾਂਦਾ ਹਾਂ। ਅਰੁਣਾ ਥਕਾਵਟ ਦਾ ਕਾਰਣ ਪੁੱਛ ਰਹੀ ਸੀ ਤਾਂ ਮੈਂ ਹੱਸ ਕੇ ਟਾਲ ਗਿਆ। ਅਸਲੀ ਕਾਰਣ ਤਾਂ ਮੈਨੂੰ ਵੀ ਨਹੀਂ ਪਤਾ। ਮੇਰਾ ਮਸਤਕ ਕਿਸੇ ਅਣਜਾਣੇ ਡਰ ਕਰਕੇ ਬੋਝਲ ਹੈ?
ਪਰਛਾਵੇਂ ਪੁਰੀ ਤਰ੍ਹਾਂ ਢਲ ਚੁੱਕੇ ਹਨ। ਬਾਲਕਨੀ ਵਿੱਚ ਸਮੁੰਦਰ ਵਲੋਂ ਠੰਡੀ ਹਵਾ ਆ ਰਹੀ ਹੈ। ਆਹ! ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਹ ਹਵਾ ਕਿੰਨੀ ਸੁਖਾਵੀਂ ਲਗਦੀ ਹੈ। ਮਨ ਹਲਕਾ-ਫੁਲਕਾ ਹੋ ਜਾਂਦਾ ਹੈ।
ਬਾਲਕਾਨੀ ਵਿੱਚ ਖੜਾ ਮੈਂ ਆਸਪਾਸ ਤੱਕ ਰਿਹਾ ਹਾਂ। ਰਾਤ ਨੂੰ ਬਹੁਤਾ ਟੀ.ਵੀ. ਵੇਖਣ ਦੀ ਮੇਰੀ ਆਦਤ ਨਹੀਂ। ਬੱਸ ਇੰਝ ਬਾਲਕਾਨੀ ਵਿੱਚ ਖੜੋ ਕੇ ਸੋਚਣਾ ਹੀ ਮੈਂਨੂੰ ਚੰਗਾ ਲਗਦਾ ਹੈ। ਸਾਰਾ ਸ਼ਹਿਰ ਰੌਸ਼ਨੀਆਂ ਵਿੱਚ ਨਹਾਇਆ ਪਿਆ ਹੈ। ਜਿਵੇਂ ਕਿਸੇ ਦੁਲਹਨ ਦੇ ਸਿਰ ਤੇ ਸਿਤਾਰਿਆਂ ਵਾਲਾ ਦੁਪੱਟਾ ਹੋਵੇ। ਹਰ ਪਾਸੇ ਲਟ ਲਟ ਕਰਦੀ ਰੌਸ਼ਨੀ ਹੀ ਰੌਸ਼ਨੀ ਹੈ। ਲੋਕ ਕਿੰਨੇ ਰੁੱਝੇ ਹੋਏ ਨੇ। ਸਾਰਾ ਕੰਮ ਕੰਪਿਉਟਰਜ਼ ਤੇ ਹੀ ਨਿਰਭਰ ਹੈ। ਲੋਕ ਆਪਣੇ ਦਿਮਾਗ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦੇ। ਉਦਯੋਗਾਂ ਅਤੇ ਘਰਾਂ ਵਿੱਚ ਸਾਰਾ ਕੰਮ ਯੰਤਰ-ਮਾਨਵ, ਰੋਬਟ ਹੀ ਕਰਦੇ ਹਨ। ਫੇਰ ਵੀ ਪਤਾ ਨਹੀਂ ਲੋਕ ਕਿਉਂ ਹੜਬੜਾਹਟ ਵਿੱਚ ਨੇ। ਹਾਂ, ਸੱਚ ਮੈਨੂੰ ਵੀ ਯਾਦ ਆਇਆ, ਆਪਣੇ ਘਰ ਕੰਮ ਕਰਨ ਵਾਲੇ ਰੋਬਟ ਯੋਗੇਸ਼ ਨੂੰ ਵੀ ਚੈੱਕ ਕਰਨਾ ਏ। ਕਈ ਦਿਨਾਂ ਤੋਂ ਠੀਕ ਕੰਮ ਨਹੀਂ ਕਰ ਰਿਹਾ। ਹੋ ਸਕਦਾ ਹੈ ਉਸ ਦੇ ਦਿਮਾਗ ਦਾ ਕੋਈ ਸਕਰਿਊ ਢਿੱਲਾ ਹੋ ਗਿਆ ਹੋਵੇ। ਅਰੁਣਾ ਕੱਲ੍ਹ ਸ਼ਿਕਾਇਤ ਕਰ ਰਹੀ ਸੀ ਕਿ ਕਾਫ਼ੀ ਸਾਰਾ ਕੰਮ ਉਸ ਨੂੰ ਹੀ ਕਰਨਾ ਪੈਂਦਾ ਹੈ। ਹੋ ਸਕੇ ਤਾਂ ਇਕ ਰੋਬਟ ਹੋਰ ਲੈ ਆਵਾਂਗਾ। ਯੋਗੇਸ਼ ਵੀ ਆਖਿਰ ਮਸ਼ੀਨ ਹੀ ਏ। ਕਿੰਨਾ ਕੁ ਕੰਮ ਕਰ ਲਵੇਗਾ?
ਉਹ ਵੀ ਦਿਨ ਸਨ, ਜਦੋਂ ਲੋਕ ਸਾਰੇ ਕੰਮ ਖ਼ੁਦ ਕਰਦੇ ਸਨ। ਯੰਤਰ-ਮਾਨਵਾਂ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਹੁੰਦਾ।
"ਕੀ ਸੋਚ ਰਹੇ ਹੋ?" ਅਚਾਨਕ ਅਰੁਣਾ ਦੇ ਬੋਲਾਂ ਦੀ ਛਣਕਾਰ ਨਾਲ ਮੇਰੀ ਵਿੱਚਾਰ-ਤੰਦਰਾ ਟੁੱਟਦੀ ਹੈ।
"ਹੂੰ....।" ਮੇਰੇ ਮੂੰਹੋ ਬੱਸ ਇੰਨਾ ਹੀ ਨਿਕਲਦਾ ਹੈ।
ਸਮੁੰਦਰ ਵਲੋਂ ਆਉਂਦੀ ਹਵਾ ਦਾ ਝੌਂਕਾ ਅਰੁਣਾ ਦੇ ਵਾਲਾਂ ਨੂੰ ਲਹਿਰਾ ਜਾਂਦਾ ਹੈ। ਉਸ ਦੇ ਬੱਦਲਾਂ ਜਿਹੇ ਸਿਆਹ ਕਾਲੇ ਵਾਲ ਉਡ ਕੇ ਉਸ ਦੇ ਸੁੰਦਰ ਮੁੱਖੜੇ ਦੇ ਸੀਮਿਤ ਅਸਮਾਨ ਤੇ ਫੈਲ ਜਾਂਦੇ ਹਨ। ਅਰੁਣਾ ਕਿੰਨੀ ਖੂਬਸੂਰਤ ਲੱਗ ਰਹੀ ਹੈ! ਮੈਂ ਪਲ ਲਈ ਉਸ ਦੇ ਸੁੰਦਰ ਮੁੱਖੜੇ ਦੀ ਚਾਂਦਨੀ ਵਿੱਚ ਗੁੰਮ ਹੋ ਜਾਂਦਾ ਹਾਂ।
"ਤੁਹਾਡੇ ਅੰਤਰਿਖਸ਼ ਮਿਸ਼ਨ ਦਾ ਕੀ ਬਣਿਆ?" ਉਹ ਪੁੱਛਦੀ ਹੈ। ਸ਼ਾਇਦ ਮੈਨੂੰ ਆਪਣੇ ਸੌਰ-ਮੰਡਲ (Solar System) ਤੋਂ ਬਾਹਰ ਜਾਣਾ ਪਵੇ। ਕਰਾਊਨ ਗ੍ਰਹਿ ਦੇ ਥੋੜ੍ਹੇ ਜਿਹੇ ਲੋਕਾਂ ਤੇ ਭਾਰੀ ਮੁਸੀਬਤ ਟੁੱਟ ਪਈ ਏ।
"ਕੀ ਹੋਇਆ?"
"ਉਥੇ ਕੰਪਿਊਟਰਜ਼ ਅਤੇ ਪ੍ਰੌਜ਼ੀਟਰੋਨ ਰੋਬਟਸ ਨੇ ਬਗ਼ਾਵਤ ਕਰਕੇ ਸੱਤਾ ਤੇ ਕਬਜ਼ਾ ਕਰ ਲਿਆ ਏ ਅਤੇ ਉਥੋਂ ਦੇ ਸ਼ਾਸਕ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਏ।" "ਹਾਇਓ.... ਰੱਬਾ....!" ਅਰੁਣਾ ਦੇ ਮੂੰਹੋਂ ਚੀਖ਼ ਨਿਕਲ ਜਾਂਦੀ ਹੈ। ਫੇਰ ਛੇਤੀ ਹੀ ਉਹ ਸੰਭਲ ਕੇ ਆਪਣੇ ਮਧੁਰ ਬੋਲਾਂ ਦੀ ਛਣਕਾਰ ਬਿਖੇਰਦੀ ਹੈ, "ਮੈਨੂੰ-- ਜਾਂਦੇ ਹੋਏ, ਚੰਦਰਮਾ ਤੇ ਮਾਂ ਕੋਲ ਛੱਡ ਜਾਇਓ। ਉਸਦੀ ਚਿੱਠੀ ਆਈ ਸੀ ਕਿ ਉਸ ਦਾ ਮੈਨੂੰ ਵੇਖਣ ਨੂੰ ਬਹੁਤ ਜੀਅ ਕਰਦਾ ਹੈ।"
"ਅਰੁਣਾ, ਸਾਡਾ ਯਾਨ ਤਾਂ ਸਿੱਧਾ ਜਾਵੇਗਾ। ਅਸੀਂ ਕਿਤੇ ਰੁਕਣਾ ਨਹੀਂ ਅਤੇ ਨਾ ਹੀ ਸਾਨੂੰ ਕਿਤੇ ਰੁਕਣ ਦੀ ਆਗਿਆ ਹੀ ਹੁੰਦੀ ਏ। ਖ਼ੈਰ ਮੈਂ ਜਸਵੰਤ ਨੂੰ ਕਹਿ ਕੇ ਤੇਰੀ ਯਾਤਰਾ ਦਾ ਪੂਰਾ ਪ੍ਰਬੰਧ ਕਰਵਾ ਦਿਆਂਗਾ। ਉਸਦੀ ਪਤਨੀ ਨੂੰ ਵੀ ਆਪਣੇ ਨਾਲ ਲੈ ਜਾਵੀਂ।"
"ਕੋਈ ਨਹੀਂ ਵਿੱਕੀ ਅੰਦਰ ਚਲੋ। ਵਰਖਾ ਸ਼ੁਰੂ ਹੋ ਗਈ ਹੈ।" "ਹਾਂ, ਖੇਤੀ ਵਿਗਿਆਨਕਾਂ ਨੇ ਦਿਹਾਤੀ ਇਲਾਕੇ ਵਿੱਚ ਬਨਾਵਟੀ ਵਰਖਾ ਦੀ ਬੌਛਾਰ ਕਰਵਾਈ ਹੋਣੀ ਏ, ਕਿਉਂਕਿ ਐਤਕੀਂ ਬਰਸਾਤ ਸ਼ਾਇਦ ਦੇਰ ਨਾਲ ਆਉਣੀ ਏ। ਕੁਝ ਬੱਦਲ ਇੱਧਰ ਵੀ ਉੜ ਕੇ ਆ ਗਏ ਹੋਣਗੇ।"
ਅਰੁਣਾ ਨਾਲ ਮੈਂ ਅੰਦਰ ਆ ਜਾਂਦਾ ਹੈ। ਮੇਰੀ ਪਤਨੀ ਅਰੁਣਾ ਇਕ ਚੰਗੇ ਦਿਲ ਵਾਲੀ ਅੋਰਤ ਏ। ਉਸ ਨੇ ਫਾਇਨ ਆਰਟ ਦਾ ਡਿਪਲੋਮਾ ਕੀਤਾ ਹੋਇਆ ਏ। ਬੜੀਆਂ ਸੁੰਦਰ ਪੈਂਟਿੰਗਜ਼ ਬਣਾਉਂਦੀ ਹੈ। ਮੈਂ ਇਸ ਨੂੰ ਕਿਤੇ ਨੌਕਰੀ ਤੇ ਲਗਵਾਉਣ ਤੇ ਦੇ ਆਹਰ ਵਿੱਚ ਹਾਂ।
ਅਰੁਣਾ ਖਿੜਕੀ ਤੋਂ ਪਰਦਾ ਹਟਾ ਦਿੰਦੀ ਹੈ। ਬਾਹਰ ਹਲਕੀ ਹਲਕੀ ਬਾਰਿਸ਼ ਹੋ ਰਹੀ ਏ। ਫੇਰ ਵੀ ਹੇਠਾਂ ਸੜਕ ਤੇ ਆਵਾਜਾਈ ਹੈ। ਲੋਕ ਬਿਨਾਂ ਕਿਸੇ ਰੁਕਾਵਟ ਦੇ ਕੰਮਾਂ-ਕਾਰਾਂ ਵਿੱਚ ਲੱਗੇ ਹੋਏ ਨੇ। ਸੱਚ ਮੁੱਚ ਇਨਸਾਨ ਮਸ਼ੀਨ ਨਾਲ ਮਸ਼ੀਨ ਹੋ ਕੇ ਰਹਿ ਗਿਆ ਹੈ।
"ਹੁਣ ਕੀ ਸੋਚਣ ਲੱਗ ਪਏ, ਕੀ ਤਬੀਅਤ ਖਰਾਬ ਏ?" ਅਰੁਣਾ ਪਿਆਰ ਨਾਲ ਪੁੱਛਦੀ ਹੈ।
"ਨਹੀਂ, ਕੁੱਝ ਨਹੀਂ।"
ਅਰੁਣਾ ਬਿਸਤਰੇ 'ਤੇ ਲੰਮੀ ਪੈ ਜਾਂਦੀ ਹੈ। ਮੈਂ ਅਜੇ ਵੀ ਖਿੜਕੀ ਕੋਲ ਹੀ ਖੜਾ ਹਾਂ।
ਇਸ ਵਾਰ ਘਰ ਦੀਆਂ, ਇਸਪਾਤ ਦੀਆਂ ਦੀਵਾਰਾਂ ਨੂੰ ਪੇਂਟ ਵੀ ਕਰਵਾਉਣਾ ਏ। ਯੋਗੇਸ਼ ਨੂੰ ਇਸ ਵਾਰੇ ਕਹਾਂਗਾ। ਬਰਸਾਤ ਵਿੱਚ ਕਿਤੇ ਜ਼ੰਗ ਹੀ ਨਾ ਲੱਗ ਜਾਵੇ। ਹੋਰ ਵੀ ਕਰਨ ਨੂੰ ਬਥੇਰੇ ਕੰਮ ਨੇ। "ਅੰਤਰਿਖਸ਼ ਅਨੁਸੰਧਾਨ ਕੇਂਦਰ" ਤੋਂ ਹੀ ਵਿਹਲ ਨਹੀਂ ਮਿਲਦੀ।
ਆਕਾਸ਼ ਵਿੱਚ ਯਾਤਯਾਤ ਵਧਣ ਕਰਕੇ ਕੰਮ ਵੀ ਕਾਫ਼ੀ ਵਧ ਗਿਆ ਹੈ।
ਬਾਹਰ ਮੀਂਹ ਸ਼ਾਇਦ ਹਟ ਗਿਆ ਏ। ਰਾਤ ਦੇ ਦਸ ਵੱਜ ਚੁੱਕੇ ਨੇ, ਪਤਾ ਨਹੀਂ ਮੈਂ ਕਿਹੜੀਆਂ ਸੋਚਾਂ ਵਿੱਚ ਉਡਾਰੀਆਂ ਲਾਉਂਦਾ ਰਿਹਾ। ਪਰ ਮੇਰੀਆਂ ਅੱਖਾਂ ਤੋਂ ਨੀਂਦ ਕੋਹਾਂ ਦੂਰ ਏ। ਮੈਂ ਫਿਰ ਬਾਲਕਾਨੀ ਵਿੱਚ ਆ ਜਾਂਦਾ ਹੈ।
ਪਤਾ ਨਹੀਂ ਕਰਾਊਨ ਗ੍ਰਹਿ ਦੇ ਲੋਕਾਂ ਦੀ ਕਿਹੋ ਜਿਹੀ ਹਾਲਤ ਹੋਵੇਗੀ? ਉਥੇ ਤਾਂ ਕੰਪਿਊਟਰਜ਼ ਜਿਊਂਦੇ-ਜਾਗਦੇ ਲੋਕਾਂ ਨੂੰ ਮਸ਼ੀਨਾਂ ਵਿੱਚ ਪਰਵਰਤਿਤ ਕਰੀ ਜਾ ਰਹੇ ਨੇ। ਇਨਸਾਨ ਜੀਊਂਦੇ-ਜੀਅ ਮਰ ਰਿਹਾ ਏ। ਉਹ ਮਰ ਵੀ ਰਿਹਾ ਏ, ਪਰ ਮਸ਼ੀਨ ਦੀ ਪੀੜਾ ਭਰੀ ਜ਼ਿੰਦਗੀ ਵੀ ਜੀ ਰਿਹਾ ਏ। ਉਥੇ ਕਿਹੋ ਜਿਹਾ ਬੋਝਲ ਵਾਤਾਵਰਣ ਹੋਵੇਗਾ? ਹੇ ਪਰਵਰਦਿਗਾਰ! ਸਾਡੇ ਗੁਨਾਹ ਮਾਫ਼ ਕਰੀਂ। ਮੇਰਾ ਦਿਮਾਗ਼ ਕਾਫੀ ਭਾਰਾ ਹੋ ਰਿਹਾ ਹੈ। ਸ਼ਾਇਦ ਦਿਨ ਭਰ ਦੀ ਥਕਾਵਟ ਅਤੇ ਬੇਅਰਾਮੀ ਕਰਕੇ। ਫੇਰ ਵੀ ਮੇਰਾ ਜੀ ਕੁਝ ਸੋਚਣ ਨੂੰ ਕਰਦਾ ਹੈ।
"ਅੰਤਰਿਖਸ਼ ਅਨੁਸ਼ੰਧਾਨ ਕੇਂਦਰ ਤੋਂ ਤੁਹਾਡਾ ਫੋਨ ਏ।" ਇਹ ਕਹਿਕੇ ਅਰੁਣਾ ਰਿਸੀਵਰ ਮੇਰੇ ਹੱਥ ਵਿੱਚ ਫੜਾ ਦਿੰਦੀ ਹੈ।
"ਹੈਲੋ, ਮੇਜਰ ਵਿਸ਼ਵਾਸ, ਮੈਂ ਮਹਿੰਦਰ ਸਿੰਘ ਅੰਤਰਿਖਸ਼ ਅਨੁਸੰਧਾਨ ਕੇਂਦਰ ਦਾ ਚੀਫ਼ ਬੋਲ ਰਿਹਾ ਹਾਂ। ਤੈਨੂੰ ਅਤੇ ਮਿਸ ਵੀਣਾ ਨੂੰ ਹੁਣੇ ਹੀ ਕਰਾਊਨ ਗ੍ਰਹਿ ਵੱਲ ਨੂੰ ਚਾਲੇ ਪਾਣੇ ਪੈਣੇ ਨੇ। ਉਥੋਂ ਦੀ ਹਾਲਤ ਬੜੀ ਚਿੰਤਾਜਨਕ ਹੋ ਗਈ ਏ। ਉਥੋਂ ਦੇ ਭੂਤਪੂਰਵ ਸ਼ਾਸਕ ਮਿਸਟਰ ਹਿਊਗੋ ਨੇ ਮੇਰੇ ਨਾਲ ਮਾਨਸਿਕ ਸੰਪਰਕ ਕਾਇਮ ਕੀਤਾ ਸੀ ਅਤੇ ਤੁਰੰਤ ਮਦਦ ਵਾਸਤੇ ਤਰਲਾ ਕੀਤਾ ਸੀ। ਪੂਰੇ ਪ੍ਰਬੰਧ ਹੋ ਚੁਕੇ ਨੇ। ਤੂੰ ਮਿਸ ਵੀਣਾ ਨੂੰ ਲੈ ਕੇ ਛੇਤੀ ਤੋਂ ਛੇਤੀ ਪਹੁੰਚ। ਤੁਹਾਡੇ ਨਾਲ ਕਇਕ ਬਟਾਲੀਅਨ ਲੜਾਕੂ ਕੰਪਿਊਟਰਜ਼ ਤੇ ਰੋਬਟਸ ਵੀ ਭੇਜੇ ਜਾ ਰਹੇ ਸਨ। ਬੱਸ, ਜਲਦੀ ਪੁੱਜੋ।"
ਮੇਰੇ ਕੁੱਝ ਕਹਿਣ ਤੋਂ ਪਹਿਲਾਂ ਹੀ ਉੱਧਰੋਂ ਸੰਬੰਧ ਟੁੱਟ ਜਾਂਦਾ ਹੈ। ਮੈਂ ਸਾਰੀ ਗੱਲ ਅਰੁਣਾ ਨੂੰ ਦੱਸ ਦਿੰਦਾ ਹਾਂ। ਉਸ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਉਦਾਸੀ ਛਾ ਜਾਂਦੀ ਹੈ। ਪਰ ਛੇਤੀ ਹੀ ਉਹ ਭਾਵਨਾ ਰਹਿਤ ਹੋ ਜਾਂਦੀ ਹੈ।
ਮੈਂ ਪਲਕ ਝਪਕਦਿਆਂ ਹੀ ਆਪਣੀ ਉੜਨਕਾਰ ਕੋਲ ਪੁੱਜਦਾ ਹਾਂ। ਉਸ ਨੂੰ ਸਟਾਰਟ ਕਰਕੇ ਅਰੁਣਾ ਵੱਲ ਵੇਖਦਾ ਹਾਂ। ਉਹ ਸੱਚੀ ਤੇ ਸੁਨੇਹਮਈ ਮੁਸਕਰਾਹਟ ਨਾਲ ਮੈਂਨੂੰ ਵਿਦਾ ਕਰਦੀ ਹੈ।
"ਮੈਂ ਮਿਸਟਰ ਜਸਵੰਤ ਨੂੰ ਤੇਰੀ ਯਾਤਰਾ ਬਾਰੇ ਆਖ ਦੇਵਾਂਗਾ।"
ਦੋ ਮਿੰਟਾ ਬਾਅਦ-
ਮੈਂ ਵੀਣਾ ਦੇ ਫ਼ਲੈਟ ਤੇ ਪੁੱਜਦਾ ਹਾਂ।
"ਔਹ, ਵਿੱਕੀ ਤੁਸੀਂ!"
"ਹਾਂ ਵੀਣਾ, ਜਲਦੀ ਨਾਲ ਤਿਆਰ ਹੋ। ਅਸੀਂ ਤੁਰੰਤ ਕੇਂਦਰ ਪਹੁੰਚਣਾ ਏ। ਕਰਾਊਨ ਗ੍ਰਹਿ ਦੀ ਸਥਿਤੀ ਬਹੁਤ ਨਾਜ਼ੁਕ ਹੈ। ਸਾਨੂੰ ਫੇਰ ਉਥੇ ਲਈ ਚਾਲੇ ਪਾਣੇ ਪੈਣੇ ਨੇ।"
ਉਹ ਬਿਨਾਂ ਕੁਝ ਕਹੇ ਤਿਆਰ ਹੋਣ ਲੱਗ ਜਾਂਦੀ ਹੈ। ਮੈਂ ਮਿਸਟਰ ਜਸਵੰਤ ਸਿੰਘ ਨੂੰ ਜੋ ਕਿ ਮੇਰਾ ਅਤਿਅੰਤ ਪਿਆਰਾ ਦੋਸਤ ਹੈ, ਅਰੁਣਾ ਦੀ ਚੰਦਰਮਾ ਯਾਤਰਾ ਬਾਰੇ ਫੋਨ ਕਰ ਦਿੰਦਾ ਹਾਂ।
ਵੀਣਾ ਤਿਆਰ ਹੋ ਚੁੱਕੀ ਹੈ। ਉਹ ਅੰਤਰਿਖਸ਼ ਅਨੁਸੰਧਾਨ ਕੇਂਦਰ ਵਿੱਚ ਮੇਰੀ ਸਹਾਇਕ ਹੈ। ਉਹ ਬੜੀ ਪਿਆਰੀ ਜਿਹੀ ਯੁਵਤੀ ਹੈ, ਆਪਣੇ ਫ਼ਰਜ਼ ਨੂੰ ਸੱਚੇ ਦਿਲੋਂ ਨਿਭਾਉਣ ਵਾਲੀ।
ਪੰਜ ਮਿੰਟਾ ਬਾਅਦ-
ਅਸੀਂ ਅੰਤਰਿਖਸ਼ ਅਨੁਸੰਧਾਨ ਕੇਂਦਰ ਪੁੱਜ ਜਾਦੇ ਹਾਂ। ਚੀਫ਼ ਸਾਡੀ ਹੀ ਉਡੀਕ ਕਰ ਰਿਹਾ ਸੀ।
ਅਸੀਂ ਅੰਤਰਿਖਸ਼ ਯਾਤਰਾ ਵਾਸਤੇ ਅਤੇ ਅਦਿਖ ਖ਼ਤਰਿਆਂ ਤੋਂ ਬਚਣ ਲਈ ਖ਼ਾਸ ਪੌਸ਼ਾਕਾਂ ਪਹਿਨ ਲੈਂਦੇ ਹਾਂ। ਥੋੜ੍ਹੀ ਦੇਰ ਬਾਅਦ ਅਸੀਂ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਾਂ। ਚੀਫ਼ ਸਾਨੂੰ ਪੂਰੇ ਹਾਲਤ ਵਿਸਥਾਰ ਪੂਰਵਕ ਦੱਸ ਦਿੰਦਾ ਹੈ।
ਹੁਣ ਅਸੀਂ ਵਿਸ਼ਾਲ ਅੰਤਰਿਖਸ਼ ਯਾਨ "ਐਰੋ" ਵਿੱਚ ਹਾਂ। ਜਿਹੜਾ ਕਿ ਆਕਾਸ਼ੀ ਯਾਤਰਾ ਲਈ ਪੁਰੀ ਤਰ੍ਹਾਂ ਸੁਰਖਿਅਤ ਹੈ। ਸੰਚਾਲਕ ਕੰਪਿਊਟਰ ਅੰਤਰਿਖਸ਼ ਯਾਨ ਨੂੰ ਅੰਤਿਮ ਵਾਰ ਚੈੱਕ ਕਰਕੇ, ਥੋੜ੍ਹੀ ਦੇਰ ਵੀ ਨਾ ਕੀਤਿਆਂ- ਯਾਤਰਾ ਸ਼ੁਰੂ ਕਰ ਦਿੰਦਾ ਹੈ।
ਟੀ.ਵੀ. ਸਕਰੀਨ ਤੇ ਚੀਫ਼ ਮਹਿੰਦਰ ਸਿੰਘ ਦੀ ਤਸਵੀਰਰ ਉਭਰਦੀ ਹੈ ਤੇ ਉਸ ਦੇ ਮੂੰਹੋਂ ਬੋਲ ਝੜਦੇ ਹਨ-
"ਪ੍ਰਮਾਤਮਾ, ਤੁਹਾਨੂੰ ਕਾਮਯਾਬੀ ਬਖਸ਼ੇ।"
ਸਾਡੀ ਯਾਤਰਾ ਸ਼ੁਰੂ ਹੋ ਚੁੱਕੀ ਹੈ।
'ਕੰਪਿਊਟਰ! ਅਸੀਂ ਕਦ ਤੱਕ ਕਰਾਉਨ ਗ੍ਰਹਿ ਪੁੱਜ ਜਾਵਾਂਗੇ?' ਵੀਣਾ ਸੰਚਾਲਕ ਕੰਪਿਊਟਰ ਨੂੰ ਪੁੱਛਦੀ ਹੈ।
"ਮਿੱਸ, ਅਸੀਂ ਪੂਰੇ ਪੰਦਰਾਂ ਘੰਟੇ, ਦਸ ਮਿੰਟ ਅਤੇ ਪੰਜਾ ਸਕਿੰਟਾ ਬਾਅਦ ਕਰਾਊਨ ਗ੍ਰਹਿ ਦੇ ਧਰਾਤਲ ਤੇ ਲੈਂਡ ਕਰ ਰਹੇ ਹੋਵਾਂਗੇ।"
ਸਾਡਾ ਯਾਨ ਪ੍ਰਕਾਸ਼ ਦੀ ਗਤੀ ਨਾਲ ਵਧ ਰਿਹਾ ਹੈ।
26 ਜੁਲਾਈ, 2204
ਸਾਨੂੰ ਆਪਣਾ ਸੋਰ-ਮੰਡਲ ਛੱਡਿਆਂ ਸੱਤ ਘੰਟੇ, ਚਾਰ ਮਿੰਟ ਅਤੇ ਚਾਲੀ ਸਕਿੰਟ ਹੋ ਚੁੱਕੇ ਹਨ। ਇਸ ਵਿੱਚਕਾਰ, ਮੈਂ ਸਾਰੇ ਯਾਨ ਨੂੰ ਆਪ ਚੈੱਕ ਕਰਕੇ ਸੰਤੁਸ਼ਟੀ ਕਰ ਲਈ ਸੀ। ਮੈਂ ਲੜਾਕੂ ਕੰਪਿਊਟਰਜ਼ ਬਟਾਲੀਅਨ ਨੂੰ ਵੀ ਪੂਰੇ ਵੇਰਵੇ ਸਮਝਾ ਦਿੱਤੇ ਹਨ। ਅਸੀਂ ਕਰਾਊਨ ਗ੍ਰਹਿ ਦੇ ਕੰਪਿਊਟਰਜ਼ ਨਾਲ ਹੋਣ ਵਾਲੇ ਯੁੱਧ ਦੀਆਂ ਪੁਰੀਆਂ ਤਿਆਰੀਆਂ ਕਰ ਰੱਖੀਆਂ ਹਨ। ਕਰਾਊਨ ਗ੍ਰਹਿ ਬੜਾ ਹੀ ਛੋਟਾ ਜਿਹਾ, ਪਰ ਇੱਕ ਖੂਬਸੁਰਤ ਗ੍ਰਹਿ ਹੈ। ਮੈਂ ਪਹਿਲਾਂ ਵੀ ਉੱਥੇ ਦੋ ਵਾਰ ਜਾ ਚੁੱਕਾ ਹਾਂ। ਪ੍ਰਿਥਵੀ ਨਾਲ ਇਸ ਗ੍ਰਹਿ ਦੇ ਬੜੇ ਚੰਗੇ ਸੰਬੰਧ ਨੇ।
ਸਾਡਾ ਯਾਨ ਆਪਣੀ ਮੰਜ਼ਿਲ ਵੱਲ ਨੂੰ ਨਿਰੰਤਰ ਵਧ ਰਿਹਾ ਹੈ। ਵੀਣਾ ਸੰਚਾਲਕ ਕੰਪਿਊਟਰ ਨੂੰ ਯਾਨ ਚਾਲੂ ਰੱਖਣ ਵਿੱਚ ਸਹਿਯੋਗ ਦੇ ਰਹੀ ਹੈ।
"ਵਿੱਕੀ, ਹੁਣ ਅਸੀਂ ਕਰਾਊਨ ਗ੍ਰਹਿ ਤੋਂ ਦਸ ਹਜ਼ਾਰ ਕਿਲੋਮੀਟਰ ਦੂਰ ਹਾਂ। ਕੀ ਮੈ ਯਾਨ ਨੂੰ ਸਥਿਰ ਕਰ ਦੇਵਾਂ?" ਵੀਣਾ ਦੇ ਮੂੰਹੋ ਬੋਲਾਂ ਦੀ ਛਣਕਾਰ ਫੱਟਦੀ ਹੈ।
"ਹਾਂ ਕਰ ਦੇ।"
ਯਾਨ ਆਕਾਸ਼ ਵਿੱਚ ਸਥਿਰ ਹੋ ਗਿਆ ਹੈ। ਕਰਾਉਨ ਗ੍ਰਹਿ ਦਾ ਦ੍ਰਿਸ਼ ਸਕਰੀਨ ਤੇ ਉੱਭਰਦਾ ਹੈ। ਉੱਥੇ ਮਸ਼ੀਨਾਂ ਕਿਵੇਂ ਜਿਊਂਦੇ ਜਾਗਦੇ ਇਨਸਾਨਾਂ ਤੇ ਜ਼ੁਲਮ ਡਾਹ ਰਹੀਆਂ ਹਨ। ਵੇਖ ਕੇ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ।
ਅਚਾਨਕ ਟੀ.ਵੀ ਸਕਰੀਨ ਦਾ ਦ੍ਰਿਸ਼ ਬਦਲਦਾ ਹੈ ਅਤੇ ਇੱਕ ਕੰਪਿਊਟਰ ਦਾ ਅਕਸ ਉੱਭਰਦਾ ਹੈ। ਉਸ ਦੇ ਮੂੰਹ ਵਿੱਚੋਂ ਆਵਾਜ਼ ਦੀਆਂ ਤਰੰਗਾ ਨਿਕਲਦੀਆਂ ਹਨ-
"ਪ੍ਰਿਥਵੀ ਵਾਸੀਓ! ਕਰਾਊਨ ਗ੍ਰਹਿ ਤੇ ਤੁਹਾਡਾ ਸਵਾਗਤ ਹੈ। ਮੈਂ ਇਥੋਂ ਦਾ ਪ੍ਰਧਾਨ ਸ਼ਾਸਕ ਕੰਪਿਊਟਰ ਜ਼ੀਰੋ ਬੋਲ ਰਿਹਾ ਹਾਂ। ਤੁਹਾਡੇ ਯੁੱਧ ਦੇ ਇਰਾਦੇ ਨੂੰ ਮੈਂ ਸਮਝਦਾ ਹਾਂ। ਪਹਿਲਾਂ ਦਸਤਾ ਭੇਜ ਰਿਹਾ ਹਾਂ।"
"ਅੱਛਾ...ਗੁੱਡ ਲੱਕ।"
"ਜਲਦੀ ਨਾਲ ਤੋਪਾਂ ਦੀ ਪੋਜ਼ੀਸ਼ਨ ਸਹੀ ਕਰੋਪ" ਮੈਂ ਲੜਾਕੂ ਕੰਪਿਉਟਰਜ਼ ਨੂੰ ਆਦੇਸ਼ ਦਿੰਦਾ ਹਾਂ।
ਟੀ.ਵੀ. ਸਕਰੀਨ ਤੇ ਲੜਾਕੂ ਕੰਪਿਊਟਰਜ਼ ਦਾ ਦਸਤਾ ਉੱਭਰਦਾ ਹੈ। ਉਹ ਚਾਰੇ ਪਾਸਿਓ ਹਮਲਾ ਕਰਨ ਲਈ ਤੇਜ਼ੀ ਨਾਲ ਚਲੇ ਆ ਰਹੇ ਹਨ।
"ਵਿੱਕੀ! ਉਹਨਾਂ ਦੇ ਸੁਰੱਖਿਆ ਕਵਚ ਸਾਡੀਆਂ ਵਿਨਾਸ਼ਕਾਰੀ ਕਿਰਣਾਂ ਨਹੀਂ ਭੇਦ ਸਕਦੀਆਂ। ਵੀਣਾ ਪੂਰੀ ਸਥਿਤੀ ਨੂੰ ਗੌਰ ਕਰਦਿਆਂ ਆਖਦੀ ਹੈ।"
"ਕੋਈ ਗੱਲ ਨਹੀਂ, ਉਹਨਾਂ ਨੂੰ ਸਾਡੇ ਯਾਨ ਤੇ ਹਮਲਾ ਕਰ ਲੈਣ ਦਿਓ। ਸਾਡਾ ਯਾਨ ਪੁਰੀ ਤਰ੍ਹਾਂ ਸੁੱਰਖਿਅਤ ਹੈ। ਹਮਲਾ ਕਰਨ ਵੇਲੇ ਉਹ ਆਪਣਾ ਸੁਰਖਿਆ ਕਵਚ ਹਟਾਉਣਗੇ। ਬੱਸ ਓਹੀ ਵੇਲਾ ਉਹਨਾਂ ਦੀ ਤਬਾਹੀ ਬਣ ਜਾਵੇਗਾ।"
ਠੀਕ ਮੇਰੇ ਕਹੇ ਅਨੁਸਾਰ ਵਾਪਰਦਾ ਹੈ। ਕਰਾਊਨ ਗ੍ਰਹਿ ਦਾ ਪਹਿਲਾਂ ਦਸਤਾ ਸਮਾਪਤ ਹੋ ਜਾਂਦਾ ਹੈ।
ਪਰ ਅਚਾਨਕ-
ਟੀ.ਵੀ. ਸਕਰੀਨ ਤੇ ਇਹ ਕੀ ਉੱਭਰਦਾ ਹੈ?!!!!
ਮੇਰੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਹਨ!
ਪੁਰੇ ਦਾ ਪੁਰਾ ਕਰਾਉਨ ਗ੍ਰਹਿ ਕਿਸੇ ਜਵਾਲਾਮੁਖੀ ਦੇ ਵਾਂਗ ਫਟਣਾ ਸ਼ੁਰੂ ਹੋ ਜਾਂਦਾ ਹੈ। ਜੀਵਿਤ ਮਨੁੱਖਾਂ ਦੀਆਂ ਚੀਖਾਂ ਨਾਲ ਵਾਯੂਮੰਡਲ ਥੱਰਾ ਜਾਂਦਾ ਹੈ। ਮੇਰੇ ਸਰੀਰ ਵਿੱਚ ਇੱਕ ਅਜਬ ਜਿਹੇ ਭੈ ਅਤੇ ਰੋਮਾਂਚ ਦੀ ਕੰਬਣੀ ਛਾ ਜਾਂਦੀ ਹੈ। ਹੇ ਸਰਵਸ਼ਕਤੀਮਾਨ! ਇਹ ਕਿਹੜਾ ਕਹਿਰ ਵਾਪਰ ਰਿਹਾ ਹੈ?.... ਕੁੱਝ ਸਮਝ ਨਹੀਂ ਆ ਰਹੀ!" ਹੇ ਰੱਬਾ! ਮਹਾਂ ਵਿਨਾਸ਼.... ਮਹਾਂ ਵਿਨਾਸ਼ ਆਰੰਭ ਹੋ ਚੁੱਕਾ ਹੈ।" ਵੀਣਾ ਦੇ ਮੂੰਹੋਂ ਦਰਦ ਭਰੇ ਬੋਲਾਂ ਦੀਆਂ ਤਰੰਗਾ ਨਿਕਲਦੀਆਂ ਹਨ। ਸ੍ਰੀਮਾਨ! ਮੈਂ ਇਹ ਸਾਰੀ ਸਥਿੱਤੀ ਸਮਝਣ ਤੋਂ ਅਸਮਰੱਥ ਹਾਂ।" ਸੰਚਾਲਕ ਕੰਪਿਊਟਰ ਹੇਰਾਨੀ ਦੇ ਸਾਗਰ ਵਿੱਚ ਗੋਤੇ ਲਗਾਉਂਦਾ ਹੋਇਆ ਆਖਦਾ ਹੈ।
"ਸ਼ਾਇਦ, ਕਿਸੇ ਕੰਪਿਊਟਰ ਹੱਥੋਂ ਗ਼ਲਤੀ ਨਾਲ ਵਿਨਾਸ਼ਕਾਰੀ ਸਵਿੱਚ ਦੱਬ ਗਿਆ ਹੋਵੇ। ਹੋ ਸਕਦਾ ਹੈ, ਆਪਣੀ ਹਾਰ ਕਰਕੇ ਹੀ ਉੱਥੋਂ ਦੇ ਸ਼ਾਸਕ ਕੰਪਿਊਟਰ ਨੇ ਅਜਿਹਾ ਕਰ ਦਿੱਤਾ ਹੋਵੇ। ਨਹੀਂ .... ਪਰ ਅਜੇ ਉਹ ਹਾਰਿਆ ਨਹੀਂ ਸੀ। ਜਾਂ ਉਥੋਂ ਦੇ ਭੂਤਪੁਰਵ ਸ਼ਾਸਕ ਨੇ ਹੀ ਆਵੇਸ਼ ਵਿੱਚ ਆ ਕੇ ਇਹ ਤਬਾਹੀ ਮਚਾ ਦਿੱਤੀ ਹੋਵੇ। ਕੁੱਝ ਵੀ ਹੋਵੇ, ਸਭ ਪਾਸੋਂ ਤਬਾਹੀ ਦਾ ਕਾਰਣ ਜਾਣ ਸਕੀਏ। ਹੇ ਪ੍ਰਮਾਤਮਾ ਸਾਨੂੰ ਮਾਫ਼ ਕਰੀਂ।" ਮੈਂ ਆਪਣੇ ਅੰਦਾਜ਼ੇ ਜ਼ਾਹਿਰ ਕਰਦਾ ਹਾਂ।
"ਹਾਂ, ਅਸੀਂ ਸੁੰਦਰ ਧਰਤੀ ਦੇ ਸੁੰਦਰ ਜੀਵਾਂ ਨੂੰ ਨਹੀਂ ਬਚਾ ਸਕੇ। ਸਾਨੂੰ ਉਮਰ ਭਰ ਇਸਦਾ ਅਫ਼ਸੋਸ ਰਹੇਗਾ।" ਵੀਣਾ ਨੇ ਆਹ ਭਰੀ।
"ਵਾਪਸੀ ਯਾਤਰਾ ਆਰੰਭ ਕਰ ਦੇਵੋ ਸੰਚਾਲਕ ਕੰਪਿਊਟਰ।" ਮੈਂ ਆਦੇਸ਼ ਦਿੰਦਾ ਹਾਂ ਹੁਣ ਇੱਥੇ ਕੁੱਝ ਵੀ ਨਹੀਂ ਬਚਿਆ। ਸਭ ਕੁੱਝ ਮੁੱਕ ਗਿਆ।"
27 ਜੁਲਾਈ, 2204
ਅਸੀਂ ਪੰਜ ਮਿੰਟ ਪਹਿਲਾਂ ਹੀ ਪ੍ਰਿਥੱਵੀ ਤੇ ਸੁਖੀ ਸਾਂਦੀ ਪਰਤੇ ਹਾਂ। ਜਦ ਅਸੀਂ ਪ੍ਰਿਥਵੀ ਵੱਲ ਨੂੰ ਪਰਤ ਰਹੇ ਸੀ ਤਾਂ ਰਸਤੇ ਵਿੱਚ ਸਾਨੂੰ ਕਰਾਊਨ ਗ੍ਰਹਿ ਦਾ ਬਚਿਆ ਖੁਚਿਆ, ਬੜੀ ਮਾੜੀ ਹਾਲਤ ਵਿੱਚ ਇੱਕ ਕੰਪਿਊਟਰ ਮਿਲਿਆ। ਉਸ ਨੇ ਬਗ਼ਾਵਤ ਨਹੀਂ ਕੀਤੀ ਸੀ। ਉਹ ਉਥੋਂ ਦੇ ਸ਼ਾਸਕ ਮਿਸਟਰ ਹਿਊਗੋ ਦਾ ਰਖਿਅੱਕ ਕੰਪਿਊਟਰ ਸੀ। ਉਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇੱਕ ਬਾਗ਼ੀ ਕੰਪਿਊਟਰ ਹੱਥੋਂ, ਜਿਸ ਦੇ ਸਰਕਟ ਵਿੱਚ ਗੜਬੜ ਹੋ ਗਈ ਸੀ, ਕੰਟਰੋਲ ਰੂਮ ਨੂੰ ਚੈਕ ਕਰਦਿਆਂ ਗ਼ਲਤੀ ਨਾਲ ਵਿਨਾਸ਼ਕਾਰੀ ਸਵਿੱਚ ਦਬਾ ਹੋ ਗਿਆ ਸੀ। ਬੱਸ ਫੇਰ ਸਭ ਕੁੱਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਕੁਝ ਵੀ ਨਾ ਕੀਤਾ ਜਾ ਸਕਿਆ।
ਮਸ਼ੀਨ ਆਖ਼ਿਰ ਮਸ਼ੀਨ ਹੀ ਹੈ ਉਹ ਆਦਮੀ ਦਾ ਮੁਕਾਬਲਾ ਹਰਗਿਜ਼ ਨਹੀਂ ਕਰ ਸਕਦੀ। ਮੈਂ ਚੀਫ਼ ਨੂੰ ਸਾਰੀ ਰਿਪੋਰਟ ਦੇ ਦਿੱਤੀ ਹੈ। ਰਿਕਾਰਡ ਕੀਤਾ ਤਬਾਹੀ ਦ੍ਰਿਸ਼ ਵੀ ਵਿਖਾ ਦਿੱਤਾ ਹੈ। ਦੇਖ ਕੇ ਉਸ ਦਾ ਦਿਲ ਬੜਾ ਹੀ ਕੱਚਾ ਹੋਇਆ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਛੇਤੀ ਹੀ ਉੱਚ ਕੋਟੀ ਦੇ ਵਿਗਿਆਨਕਾਂ ਦੀ ਮੀਟਿੰਗ ਬੁਲਾਈ ਜਾਵੇਗੀ। ਜਿਸ ਵਿੱਚ ਕੰਪਿਊਟਰਜ਼ ਦੇ ਬਾਗ਼ੀਪਣ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਿਆ ਜਾਵੇਗਾ।
ਕੀ ਪਤਾ, ਪ੍ਰਿਥਵੀ ਤੇ ਵੀ ਕੱਲ੍ਹ ਨੂੰ ਅਜਿਹੇ ਹਾਲਤ ਪੈਦਾ ਹੋ ਸਕਦੇ ਹਨ?
ਪਰਛਾਵੇਂ ਢਲ ਰਹੇ ਹਨ। ਸੂਰਜ ਫੇਰ ਪੱਛਮ ਦੇ ਅਸਮਾਨ ਵਿੱਚ ਸੰਗਤਰੀ ਅਤੇ ਗੁਲਾਬੀ ਭਾਅ ਬਿਖੇਰ ਰਿਹਾ ਹੈ।
ਕਰਾਊਨ ਗ੍ਰਹਿ ਹੁਣ ਇਹੋ ਜਿਹੀ ਸਥਿੱਤੀ ਵਿੱਚ ਹੋਣਾ ਏ, ਇਹੋ ਸਥਿਤੀ ਵਿੱਚ ਆਪਣੇ ਸੂਰਜ ਤੋਂ ਅਲੱਗ ਹੋਣ ਵੇਲੇ ਸੀ। ਲੱਖਾਂ ਕਰੋੜਾਂ ਸਾਲ ਬਾਅਦ ਉੱਥੇ ਜੀਵਿਤ ਪ੍ਰਾਣੀ ਹੋਂਦ ਵਿੱਚ ਆਉਣਗੇ। ਮੈਂ ਘਰ ਪਰਤ ਆਉਂਦਾ ਹਾਂ। ਮੇਰੇ ਮਸਤਕ ਵਿੱਚ ਅਜੇ ਵੀ ਤਬਾਹੀ ਦਾ ਅਕਸ ਜਿਓਂ ਦਾ ਤਿਓਂ ਹੈ। ਥਕਾਵਟ ਕਾਰਣ ਮੈਨੂੰ ਆਪਣਾ ਸਰੀਰ ਭਾਰਾ ਲੱਗ ਰਿਹਾ ਹੈ। ਅਰੁਣਾ ਨੂੰ ਵੇਖ ਕੇ ਮੇਰੀ ਥਕਾਵਟ ਥੋੜ੍ਹੀ ਜਿਹੀ ਦੂਰ ਹੋ ਜਾਂਦੀ ਹੈ। ਮੈਂ ਬੁੱਲ੍ਹਾਂ ਤੇ ਹਲਕੀ ਜਿਹੀ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕਾਮਯਾਬ ਨਹੀਂ ਹੁੰਦਾ।
"ਅਰੁਣਾ, ਤੂੰ ਮਾਂ ਕੌਲ ਨਹੀਂ ਗਈ?"
"ਨਹੀਂ ਫੇਰ ਮੇਰਾ ਜਾਣ ਨੂੰ ਜੀਅ ਨਹੀਂ ਕੀਤਾ। ਮੈਨੂੰ ਸਭ ਕੁਝ ਪਤਾ ਲੱਗ ਚੁੱਕਿਆ ਹੈ। ਸਚਮੁੱਚ ਬਹੁਤ ਬੁਰਾ ਹੋਇਆ।" ਉਹ ਸੱਚੇ ਦੁੱਖ ਬਰੇ ਅੰਦਾਜ਼ ਵਿੱਚ ਆਖਦੀ ਹੈ। ਪਰ ਮੈਨੂੰ ਲਗਦਾ ਹੈ ਕਿ ਮੈਨੂੰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ। ਮੇਰੇ ਦਿਲੋ ਦਿਮਾਗ਼ ਵਿੱਚ ਹਥੌੜੇ ਜਿਹੇ ਵੱਜ ਰਹੇ ਹਨ। ਮੇਰੀਆਂ ਪਲਕਾਂ ਭਾਰੀਆਂ ਹੋ ਕੇ ਬੰਦ ਹੋ ਰਹੀਆਂ ਹਨ। ਆਹ..... ਮੈਂ ਹੇਠਾਂ ਡਿਗ ਰਿਹਾ ਹਾਂ। ਪਰ ਅਰੁਣਾ ਮੈਨੂੰ ਆਪਣੀਆਂ ਕੋਮਲ ਬਾਹਾਂ ਵਿੱਚ ਸਾਂਭ ਲੈਂਦੀ ਹੈ।
"ਕੀ ਹੋਇਆ.... ਵਿੱਕੀ?"
"ਅਰੁਣਾ.....ਅਰੁਣਾ... ਮੇਰਾ ਸਿਰ ਭਾਰਾ ਹੋ ਰਿਹਾ ਹੈ। ਸਰੀਰ ਥੱਕ ਕੇ ਚੂਰ ਹੋ ਚੁੱਕਿਆ ਹੈ। ਆਹ..... ਮੈਨੂੰ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ। ਮੇਰੇ ਚਾਰੇ ਪਾਸੇ ਹਨੇਰਾ ਫੈਲ ਰਿਹਾ ਹੈ।"
ਇਹ ਕਹਿ ਕੇ ਮੈਂ ਆਪਣਾ ਸਿਰ ਅਰੁਣਾ ਦੀ ਗੋਦ ਵਿੱਚ ਰੱਖ ਦਿੰਦਾ ਹਾਂ।
ਟਿੱਪਣੀ - ਆਖਿਰਕਾਰ ਉੜਨ-ਕਾਰਾਂ ਖ਼ਿਤਿਜ ਤੇ ਦਿਖਾਈ ਦੇਣ ਲੱਗੀਆਂ ਹਨ। ਪਾਲ-ਵੀ (ਹੈਲੀਕੌਪਟਰ, ਕਾਰ ਅਤੇ ਮੋਟਰਸਾਇਕਲ ਦਾ ਸੁਮੇਲ), ਟੈਰਾਫਿਊਜੀਆ ਟਰਾਂਜ਼ੀਸ਼ਨ (ਕਾਰ ਜੋ ਛੋਟੇ ਜਹਾਜ਼ ਵਿੱਚ ਬਦਲ ਸਕਦੀ ਹੈ), ਮੈਵਰਿਕ (ਜਿਸਨੂੰ ਸੜਕਾਂ ਦੀ ਲੋੜ ਨਹੀਂ, ਕਿਤੇ ਵੀ ਚੱਲ ਤੇ ਉੜ ਸਕਦੀ ਹੈ) ਅਤੇ ਐਰੋ-ਮੋਬਾਇਲ (ਸਪੇਸਕਰਾਫ਼ਟ ਦੇ ਵਾਂਗ ਤੇਜ਼)। ਉਹ ਦਿਨ ਦੂਰ ਨਹੀਂ ਜਦੋਂ ਅਕਾਸ਼ ਵਿੱਚ ਉੜਨ-ਕਾਰਾਂ ਦਾ ਯਾਤਾਯਾਤ ਹੋਵੇਗਾ ਅਤੇ ਸਵੇਰੇ ਲੋਕ ਕੰਮ ਤੇ ਉੜਨ-ਕਾਰਾਂ ਵਿੱਚ ਸਵਾਰ ਹੋ ਕੇ ਜਾਣਗੇ। ਹੇਠਲੇ ਵੀਡੀਓ ਤੇ ਤੁਸੀਂ ਉੜਨ-ਕਾਰਾਂ ਵਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਕਰੁਣਾ ਉਸ ਦਿਨ ਜਦ ਆਪਣੀ ਮਾਂ ਦੇ ਨਾਲ "ਨਿਊ ਵੇਵ ਰੋਬੋ ਸੈਂਟਰ" ਤੋਂ ਘਰ ਦੇ ਕੰਮ ਕਰਨ ਲਈ ਇਕ ਰੋਬਟ ਖਰੀਦਣ ਗਈ ਤਾਂ ਉਸ ਦਾ ਮਨ ਖੁਸ਼ੀ ਵਿੱਚ ਫੁਲਿਆ ਨਹੀਂ ਸਮਾ ਰਿਹਾ ਸੀ। ਕਰੁਣਾ ਦਸ-ਗਿਆਰਾਂ ਸਾਲ ਦੀ ਗੁੱਡੀ-ਵਰਗੀ, ਬੜੀ ਪਿਆਰੀ, ਇੱਕ ਛੋਟੀ ਜਿਹੀ ਬੱਚੀ ਸੀ। ਉਸ ਨੇ ਅੱਜ ਤਕ ਕਦੇ ਰੋਬਟ ਨਹੀਂ ਵੇਖੇ ਸਨ। ਸਿਰਫ਼ ਸੁਣਿਆ ਹੀ ਸੀ- ਉਹਨਾਂ ਦੇ ਬਾਰੇ ਵਿੱਚ, ਸਕੂਲ ਵਿੱਚ ਉਸ ਦਿਨ ਜਦ ਮਿੱਸ ਵਿਗਿਆਨ ਦਾ 'ਬਾਰ੍ਹਵਾਂ ਅਧਿਆਇ' ਪੜ੍ਹਾ ਰਹੀ ਸੀ ਤਾਂ ਉਸ ਵਿੱਚ ਰੋਬਟ ਦਾ ਜ਼ਿਕਰ ਆਇਆ ਸੀ ਅਤੇ ਇਸੇ 'ਗੱਲ ਤੇ' 'ਮਿਸ' ਨੇ ਰੋਬਟਾਂ ਤੇ ਇੱਕ ਲੰਬਾ ਚੌੜਾ ਭਾਸ਼ਣ ਦੇ ਦਿੱਤਾ ਸੀ। ਪਰ ਉਹ 'ਮਿਸ' ਦੇ ਭਾਸ਼ਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਰ ਹੋ ਗਈ ਸੀ। 'ਮਿਸ' ਦਾ ਭਾਸ਼ਣ ਦੇਣਾ ਉਸਨੂੰ ਹਮੇਸ਼ਾ ਬੋਰ ਲਗਦਾ ਸੀ। ਵਿਗਿਆਨ-ਅਧਿਆਪਕਾ, ਮਿੱਸ ਨੀਲਾ ਜਦ ਆਪਣੀ ਜਪਾਨੀ ਐਨਕਾਂ ਦੇ ਵਿੱਚੋਂ ਸਾਰੇ ਬੱਚਿਆਂ ਵੱਲ ਝਾਕ ਕੇ ਭਾਸ਼ਣ ਦੇਣਾ ਸ਼ੁਰੂ ਕਰਦੀ ਸੀ ਤਾਂ ਉਸਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਕਰੁਣਾ ਦਾ ਹੀ ਨਹੀਂ ਸਾਰੇ ਬੱਚਿਆਂ ਦਾ ਵੀ ਇਹੀ ਹਾਲ ਸੀ। ਖ਼ੈਰ ਉਸ ਦਿਨ ਤਾਂ ਉਸਨੇ 'ਮਿਸ' ਦਾ ਭਾਸ਼ਣ ਧਿਆਨ ਨਾਲ ਨਹੀਂ ਸੁਣਿਆ ਸੀ। ਪਰ ਜਦ ਰੇਣੁਕਾ, ਜੋ ਉਸਦੀ ਜਮਾਤਣ ਸੀ, ਨੇ ਆਪਣੇ ਘਰ ਆਏ ਨਵੇਂ ਰੋਬਟ ਬਾਰੇ ਮਿਰਚ ਮਸਾਲਾ ਲਾ ਕੇ ਦਸਿਆ ਤਾਂ ਉਸ ਦੇ ਮੂੰਹ 'ਚ ਪਾਣੀ ਭਰ ਆਇਆ ਸੀ।
"ਹੱਛਾ!..... ਤਾਂ ਫੇਰ ਤੁਹਾਡਾ ਰੋਬਟ ਕੀ ਕੀ ਕਰਦਾ ਏ?" ਉਸਨੇ ਰੇਣੁਕਾ ਦੀ ਖੁਸ਼ਾਮਦ ਕਰਦਿਆਂ ਪੁਛਿਆ।
"ਸਾਡਾ ਰੌਬਟ ਘਰ ਦੇ ਸਾਰੇ ਕੰਮ ਕਰਦਾ ਹੈ ਅਤੇ ਸਵੇਰੇ ਮੈਨੂੰ ਬਿਸਕਿਟੱਸ ਨਾਲ ਦੁੱਧ ਅਤੇ ਦੁਪਹਿਰ ਨੂੰ ਟਾਫੀਆਂ ਅਤੇ ਚਾਕਲੈਟ ਦਿੰਦਾ ਹੈ। ਸ਼ਾਮ ਨੂੰ ਆਈਸ ਕਰੀਮ.... ਸੱਚ ਮੈਂ ਤੇ ਉਹ ਬਹੁਤ ਚੰਗੇ ਦੋਸਤ ਬਣ ਗਏ ਹਾਂ।"
ਉਹ ਰੇਣੁਕਾ ਦੀ ਗੱਲ ਸੁਣਕੇ ਸੁਪਨਿਆਂ ਵਿੱਚ ਗੁੰਮ ਹੋ ਗਈ ਸੀ। ਕਾਸ਼ ! ਸਾਡੇ ਘਰ ਵੀ ਇਕ ਪਿਆਰਾ ਜਿਹਾ ਰੋਬਟ ਹੁੰਦਾ। ਉਹ ਸੌਚਦੀ- ਮੈਨੂੰ ਵੀ ਚਾਕਲੇਟ ਤੇ ਬਿਸਕਿੱਟਸ ਦਿੰਦਾ.....।
....ਤੇ ਫੇਰ ਉਸ ਦਿਨ ਜਦ ਕਰੁਣਾ ਦੇ ਪਿਤਾ ਨੇ ਉਸ ਦੀ ਮਾਂ ਨੂੰ ਇਕ ਰੋਬਟ ਲੈ ਆਉਣ ਬਾਰੇ ਆਖਿਆ ਤਾਂ ਉਹ ਖੁਸ਼ੀ ਵਿੱਚ ਚੀਖ਼ ਉੱਠੀ ਸੀ।
ਇਲੈਕਟਰੋਨਿਕ ਟਰੇਨ ਨੂੰ ਇੱਕ ਝਟਕਾ ਲਗਿਆ ਤਾਂ ਕਰੁਣਾ ਵਰਤਮਾਨ ਵਿੱਚ ਪਰਤੀ। ਉਸ ਦੀ ਮਾਂ ਆਖ ਰਹੀ ਸੀ ਕਿ ਸਟੇਸ਼ਨ ਆ ਗਿਆ ਹੈ। ਉਹ ਸੁੱਤੇ ਸਿੱਧ ਉਠ ਕੇ ਮਾਂ ਨਾਲ ਤੁਰ ਪਈ। ਪਰ ਰੌਬਟ ਦੋਸਤ ਦੇ ਖਿਆਲ ਅਜੇ ਵੀ ਉਸ ਦੇ ਮਨ ਵਿੱਚ ਘਰ ਕਰੀ ਬੈਠੇ ਸਨ। "ਨਿਊ ਵੇਵ ਰੋਬੋ ਸੈਂਟਰ" ਸਟੇਸ਼ਨ ਤੋਂ ਥੋੜ੍ਹੀ ਵਿੱਥ ਤੇ ਹੀ ਸੀ। ਉਹ ਸਜੀਆਂ-ਧਜੀਆਂ ਦੁਕਾਨਾਂ ਦੀ ਸੁੰਦਰਤਾ ਨੂੰ ਅੱਛੀਆਂ ਨਜ਼ਰਾਂ ਨਾਲ ਵੇਖ ਰਹੀ ਸੀ।
"ਨਿਊ ਵੇਵ ਰੋਬੋ ਸੈਂਟਰ" ਰੰਗ ਬਰੰਗੀਆਂ ਰੌਸ਼ਨੀਆਂ ਵਿੱਚ ਝਿਲਮਿਲ ਕਰਦੀ ਇੱਕ ਆਕਰਸ਼ਕ ਦੁਕਾਨ ਸੀ। ਕਰੁਣਾ ਨੂੰ ਉਹ ਉਸ ਦੀ ਮਾਂ ਦੁਆਰਾ ਸਜਾਏ ਘਰ ਨਾਲੋਂ ਵੀ ਵਧੇਰੇ ਖੂਬਸੂਰਤ ਲੱਗੀ। ਉਸਨੇ ਨਜ਼ਰਾਂ ਘੁਮਾ ਕੇ ਇੱਧਰ-ਉਧਰ ਤਕਿਆ ਤਾਂ ਚਾਰੇ ਪਾਸੇ ਰੌਬਟ ਹੀ ਰੌਬਟ ਨਜ਼ਰ ਆਏ। ਉਹ ਬੇੱਹਦ ਪਤਲੀ ਆਵਾਜ਼ ਵਿੱਚ ਗੱਲਾਂ ਕਰ ਰਹੇ ਸਨ। ਕਾਊਂਟਰਮੈਨ ਕਰੁਣਾ ਵੱਲ ਵੇਕ ਕੇ ਮੁਸਕਰਾਇਆ। ਮਿਸਿਜ਼ ਸਿੰਘ ਉਸੇ ਵਿਅਕਤੀ ਵਲ ਜਾ ਰਹੀ ਸੀ। ਉਸ ਨੇ ਉਸ ਵਿਅਕਤੀ ਨਾਲ ਹੱਥ ਮਿਲਾਇਆ ਅਤੇ ਬੋਲੀ ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਰੌਬਟ ਕਰੀਦਣਾ ਚਾਹੁੰਦੀ ਹਾਂ।
ਉਹ ਵਿਅਕਤੀ ਨਿਮਰਤਾ ਨਾਲ ਬੋਲਿਆ... ਉਹ ਨੁੱਕਰ ਵਿੱਚ ਕੰਪਿਊਟਰ ਜ਼ੀਰੋ(ਮਾਸਟਰ) ਹੈ। ਉਸ ਨਾਲ ਸੰਪਰਕ ਕਰੋ, ਉਹ ਤੁਹਾਨੂੰ ਇਕ ਵਧੀਆ ਰੌਬਟ ਦੇਵੇਗਾ।
ਮਿਸਿਜ਼ ਸਿੰਘ ਤੇ ਕਰੁਣਾ ਕੰਪਿਊਟਰ ਜ਼ੀਰੋ ਵੱਲ ਨੂੰ ਚਲ ਪਈਆਂ। ਕਰੁਣਾ ਨੇ ਉਸ ਦੀਆਂ ਪੈਨੀਆਂ ਅੱਖਾਂ ਵਿੱਚ ਹਰੇ ਬਲਦੇ ਬਲਬ ਵੇਖੇ। ਕੰਪਿਊਟਰ ਕਰੁਣਾ ਨੂੰ ਵੇਖ ਕੇ ਪਿਆਰ ਨਾਲ ਬੋਲਿਆ "ਹੈਲੋ ਲਵਲੀ ਕਿਡ।" ਫੇਰ ਉਹ ਮਿਸਿਜ਼ ਸਿੰਘ ਵੱਲ ਨੂੰ ਮੁਖਾਤਿਬ ਹੋਇਆ....."ਮੈਡਮ, ਦਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?"
"ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਇਕ ਰੌਬਟ ਖਰੀਦਣਾ ਚਾਹੁੰਦੀ ਹਾਂ।" "ਓ.ਕੇ. ਬਸ ਥੋੜ੍ਹੀ ਦੇਰ ਇੰਤਜ਼ਾਰ ਕਰੋ।" ਕੰਪਿਊਟਰ ਲੰਬੀ ਆਵਾਜ਼ ਵਿੱਚ ਬੇਲਿਆ।
ਫੇਰ ਉਸ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਤਿੰਨ ਵਾਰ ਜਲੇ ਬੁਝੇ। ਸ਼ਾਇਦ ਉਹ ਕੋਈ ਮਸਤਕ ਸੰਦੇਸ਼ ਭੇਜ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਇਕ ਤਿੰਨ ਫੁੱਟ ਰੌਬਟ ਚੱਲਦਾ ਹੋਇਆ ਉਹਨਾਂ ਦੇ ਕੋਲ ਆਇਆ। ਉਸ ਦਾ ਧਾਤ ਦਾ ਬਣਿਆ ਹੋਇਆ ਹਰਾ ਚਿਹਰਾ ਬਹੁਤ ਖੂਬਸੁਰਤ ਸੀ ਅਤੇ ਉਸ ਦੀਆਂ ਅੱਖਾਂ ਦੇ ਬਲਬਾਂ ਦਾ ਰੰਗ ਨੀਲਾ ਸੀ।
ਮਾਸਟਰ ਕੰਪਿਊਟਰ (ਜ਼ੀਰੋ) ਬੋਲਿਆ...."ਮੈਡਮ ਇਹ ਲਉ, ਆਪਣਾ ਰੌਬਟ।" ਫੇਰ ਉਸਨੇ ਰੌਬਟ ਨੂੰ ਆਦੇਸ਼ ਦਿੱਤਾ......."ਨੰਬਰ ਟੈਨ, ਤੂੰ ਇਹਨਾਂ ਦੀ ਹੀ ਆਗਿਆ ਦਾ ਪਾਲਣ ਕਰਨਾ ਹੈ।"
"ਓ. ਕੇ. ਲਾਰਡ", ਰੌਬਟ ਥੋੜ੍ਹਾ ਜਿਹਾ ਝੁਕਦਾ ਹੋਇਆ ਬੋਲਿਆ। "ਹੈਲੋ.... ਮੇਰਾ ਨਾਂ ਰਾਜਦੀਪ ਹੈ ਤੇ ਇਹ ਮੇਰੀ ਬੇਟੀ ਕਰੁਣਾ ਹੈ।" ਮਿਸਿਜ਼ ਸਿੰਘ ਪਿਆਰ ਨਾਲ ਉਸਨੂੰ ਤੱਕਦਿਆਂ ਬੋਲੀ।
ਰੌਬਟ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਜਗੇ ਬੁਝੇ, ਫੇਰ ਉਹ ਤਿਖੀ ਪਰ ਬਰੀਕ ਆਵਾਜ਼ ਵਿੱਚ ਬੋਲਿਆ....."ਹੈਲੋ.... ਮੇਰਾ ਨਾਂ ਐਲੀ ਹੈ।" ਫੇਰ ਉਸ ਕਰੁਣਾ ਨੂੰ ਆਖਿਆ.... ਹੈਲੋ.... ਪਿਆਰੇ ਬੱਚੇ।
ਕਰੁਣਾ ਮੁਸਕਰਾਈ।
ਫੇਰ ਰਾਜਦੀਪ ਨੇ ਰੌਬਟ ਦਾ ਬਿਲ ਅਦਾ ਕੀਤਾ ਅਤੇ ਘਰ ਵਾਪਿਸ ਆਉਣ ਲਈ ਸਟੇਸ਼ਨ ਵੱਲ ਨੂੰ ਚੱਲ ਪਈ।
ਰਸਤੇ ਵਿੱਚ ਕਰੁਣਾ ਐਲੀ ਨੂੰ ਪੁੱਛ ਰਹੀ ਸੀ...."ਐਲੀ.... ਕੀ ਤੂੰ ਮੈਨੂੰ ਰੋਜ਼ ਨਾਸ਼ਤੇ ਵਿੱਚ ਬਿਸਕਿਟਸ ਅਤੇ ਦੁੱਧ ਦੇਵੇਂਗਾ?"
"ਕਿਉਂ ਨਹੀਂ ਬੇਬੀ...ਬੱਚਿਆਂ ਨੂੰ ਖੁਸ਼ ਰੱਖਣਾ ਤਾਂ ਸਾਨੂੰ ਖਾਸ ਤੌਰ ਤੇ ਸਿਖਾਇਆ ਜਾਂਦਾ ਹੈ।" ਉਸਦੀ ਆਵਾਜ਼ ਵਿੱਚ ਨਰਮੀ ਸੀ।
ਐਲੀ ਨੂੰ ਆਇਆਂ ਹੁਣ ਮਹੀਨਾ ਬੀਤ ਚੁਕਿਆ ਸੀ। ਕਰੁਣਾ ਉਸ ਦੀ ਸੰਗਤ ਵਿੱਚ ਹੁਣ ਕਾਫੀ ਖੁਸ਼ ਰਹਿੰਦੀ ਸੀ। ਐਲੀ ਉਸਦੀ ਹਰ ਜ਼ਰੁਰਤ ਦਾ ਖਿਆਲ ਰੱਖਦਾ ਸੀ। ਜਦ ਕਦੇ ਐਲੀ ਵਿਹਲਾ ਹੁੰਦਾ ਸੀ ਤਾਂ ਉਹ ਕਰਣਾ ਨਾਲ "ਲੁਕਣਮਿਟੀ" ਵੀ ਖੇਡਦਾ ਹੁੰਦਾ ਸੀ।
ਅੱਜ ਅੇਤਵਾਰ ਸੀ ਅਤੇ ਕਰੁਣਾ ਦੇਰ ਤੱਕ ਸੌਂਦੀ ਰਹੀ ਸੀ। ਐਲੀ ਨੂੰ ਵੀ ਪਤਾ ਸੀ ਕਿ ਅੱਜ ਉਸਨੇ ਦੇਰ ਨਾਲ ਉਠਣਾ ਹੈ। ਇਸ ਲਈ ਉਹ ਦਸ ਵਜੇ ਦੁੱਧ ਅਤੇ ਬਿਸਕਿਟਸ ਲੈ ਕੇ ਉਸ ਦੇ ਕਮਰੇ ਵਿੱਚ ਪੁੱਜਾ ਅਤੇ ਉਸਨੂੰ ਉਠਦਿਆਂ ਬੋਲਿਆ "ਉਠੋ ਬੇਬੀ ਲਓ ਦੁੱਧ ਪੀ ਲਓ। ਉਹ ਹੋ... ਉਠੋ ਨਾ... ਅੱਜ ਮੈਂ ਰੌਬੋਟੀਜ਼ ਯੂਨੀਅਨ ਦੀ ਮੀਟਿੰਗ ਤੇ ਜਾਣਾ ਹੈ।"
ਕਰੁਣਾ ਉਠਦਿਆਂ ਬੋਲੀ "ਐਲੀ.... ਅੱਗੇ ਤਾਂ ਤੂੰ ਕਦੇ ਕਿਤੇ ਨਹੀਂ ਗਿਆ? ਅੱਜ ਕਿਉਂ ਜਾਣਾ ਹੈ? ਮੈਂ ਤੇਰੇ ਨਾਲ ਖੇਡਣਾ ਸੀ....।"
"ਉਹ ਬੇਬੀ, ਮੈਂ ਕਿਉਂਕਿ ਰੋਬੋਟੀਜ਼ ਯੂਨੀਅਨ ਦਾ ਨਵਾਂ ਮੈਂਬਰ ਬਣਿਆ ਹਾਂ। ਕੋਈ ਨਹੀਂ ਮੈ ਛੇਤੀ ਹੀ ਆ ਜਾਣਾ ਹੈ। ਅੱਛਾ ਮੇਰਾ ਸਮਾਂ ਹੋ ਗਿਆ।"
ਇੰਨਾ ਕਹਿਕੇ ਐਲੀ ਚਲਿਆ ਗਿਆ। ਕਰੁਣਾ ਥੋੜ੍ਹਾ ਜਿਹਾ ਉਦਾਸ ਹੋ ਗਈ। ਉਸਨੇ ਐਲੀ ਨੂੰ ਆਵਾਜ਼ ਦੇ ਕੇ ਰੋਕਣਾ ਚਾਹਿਆ ਪਰ ਤਦੇ ਉਸਨੂੰ ਬਾਹਰੋਂ ਤਿਖਾ ਤੇ ਉਚਾ ਸ਼ੋਰ ਸੁਣਾਈ ਦਿਤਾ।
ਉਸਨੇ ਖਿੜਕੀ ਦਾ ਪਰਦਾ ਹਟਾ ਕੇ ਹੇਠਾਂ ਵੇਖਿਆ ਤਾਂ ਸੜਕ ਤੇ ਅਨੇਕਾਂ ਰੌਬੋਟਾਂ ਦਾ ਇਕ ਵਿਸ਼ਾਲ ਜਲੂਸ ਟੁਰਿਆ ਜਾ ਰਿਹਾ ਸੀ। ਉਹ ਉਚੀ ਆਵਾਜ਼ ਵਿੱਚ ਨਾਅਰੇ ਲਗਾ ਰਹੇ ਸਨ।
"ਰੋਬੋਟੀਜ਼ ਯੂਨੀਅਨ.....।"
"ਜ਼ਿੰਦਾਬਾਦ।"
"ਅਸੀਂ ਕੀ ਚਾਹੁੰਦੇ ਹਾਂ?"
"ਆਜ਼ਾਦੀ....।"
ਉਸਨੇ ਵੇਖਿਆ ਕਿ ਐਲੀ ਵੀ ਰੌਬੋਟਾਂ ਦੇ ਜਲੂਸ ਵਿਸ ਸ਼ਾਮਿਲ ਹੋ ਗਿਆ ਹੈ। ਕਰੁਣਾ ਦੌੜ ਕੇ ਦੂਸਰੇ ਕਮਰੇ ਵਿੱਚ ਆਪਣੀ ਮਾਂ ਕੋਲ ਆ ਗਈ। ਰਾਜਦੀਪ ਖਿੜਕੀ ਰਾਹੀਂ ਰੌਬਟਾਂ ਨੂੰ ਹੀ ਤੱਕ ਰਹੀ ਸੀ।
ਉਹਨਾਂ ਵੇਖਿਆ ਕਿ ਰੌਬਟ ਹੌਰ ਉਚੀ ਆਵਾਜ਼ ਵਿੱਚ ਨਾਅਰੇ ਲਗਾਉਣ ਲਗ ਪਏ ਸਨ।
ਪਰ ਅਚਾਨਕ - ਉਸੇ ਵੇਲੇ ਉਥੇ ਇਕ "ਧਮਾਕਾ" ਹੋਇਆ ਅਤੇ ਸਾਰੇ ਰੌਬਟ ਬੇਜਾਨ ਹੋ ਕੇ ਜ਼ਮੀਨ ਤੇ ਡਿਗ ਪਏ।
ਕਰੁਣਾ ਨੇ ਵੇਖਿਆ ਕਿ ਇਕ ਪਾਸਿਉਂ ਕੁਝ ਵਿਅਕਤੀ ਰੌਬਟਾਂ ਵੱਲ ਵੱਧ ਰਹੇ ਸਨ।
ਕਰੁਣਾ ਨੇ ਆਪਣੀ ਮਾਂ ਤੋਂ ਪੁਛਿਆ ਕਿ ਇਹ ਕੀ ਵਾਪਰ ਰਿਹਾ ਹੈ?
ਮਿਸਿਜ਼ ਸਿੰਘ ਨੇ ਦਸਿਆ "ਕਰੁਣਾ.... ਇਹ ਵਿਅਕਤੀ ਮਸ਼ਹੂਰ ਵਿਗਿਆਨਕ ਹਨ। ਇਹਨਾਂ ਨੇ ਹੀ ਰੋਬੇਸ਼ੂਟਗੰਨ ਨਾਲ ਰੌਬਟਾਂ ਦਾ ਸਰਕਟ ਡੈਡ ਕੀਤਾ ਹੈ ਅਤੇ ਹੁਣ ਇਹ ਵੇਖਣਗੇ ਰੌਬਟਾਂ ਦੇ ਦਿਮਾਗ ਵਿੱਚ ਬਗਾਵਤ ਦਾ ਵਿੱਚਾਰ ਕਿਉਂ ਤੇ ਕਿਵੇਂ ਆਇਆ।"
"ਕੀ ਹੁਣ ਸਾਡਾ ਐਲੀ ਕਦੇ ਵਾਪਸ ਨਹੀਂ ਆਏਗਾ?" ਉਸਨੇ ਰਤਾ ਉਦਾਸ ਸੁਰ ਵਿੱਚ ਪੁਛਿਆ। ਉਸਦੀਆਂ ਅੱਖਾਂ ਵਿੱਚ ਹਲਕਾ ਤੂਫਾਨ ਝਲਕ ਰਿਹਾ ਸੀ।
"ਬੇਬੀ... ਅਸੀਂ ਨਵਾਂ ਐਲੀ ਲੈ ਆਵਾਂਗੇ।" ਰਾਜਦੀਪ ਨੇ ਕਰੁਣਾ ਨੂੰ ਪਿਆਰ ਨਾਲ ਆਪਣੀ ਜੱਫੀ ਵਿੱਚ ਲੈਂਦਿਆਂ ਆਖਿਆ।
ਕਰੁਣਾ ਵੀ ਸਭ ਕੁਝ ਭੁੱਲ ਕੇ ਮਾਂ ਦੇ ਪਿਆਰ ਸਾਗਰ ਵਿੱਚ ਡੁੱਬ ਗਈ।
ਟਿੱਪਣੀ - ਅੱਜ ਦੇ ਯੁੱਗ ਵਿੱਚ ਰੋਬੋਟ ਜਾਂ ਕੰਪਿਊਟਰ ਹੀ ਬਹੁਤ ਸਾਰੇ ਕੰਮ ਕਰਦੇ ਹਨ - ਕਾਰਖਾਨਿਆਂ ਵਿੱਚ ਵਸਤਾਂ ਦਾ ਨਿਰਮਾਣ, ਜਹਾਜ਼ ਚਲਾਉਣਾ(ਆਟੋ ਪਾਇਲਟ), ਘਰ ਦੀ ਸਫ਼ਾਈ, ਦਫਤਰਾਂ ਦੇ ਕੰਮ, ਸਟਾਕ ਮਾਰਕੀਟ ਵਿੱਚ ਸ਼ੇਅਰਾਂ ਦੀ ਖਰੀਦੋ-ਫ਼ਰੋਖ਼ਤ। ਸਵੈ-ਚਲਨੀਕਰਨ ਜਾਂ ਆਟੋਮੇਸ਼ਨ (automation) ਨੇ ਮਨੁੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਤੋਂ ਬਾਂਝਾ ਕਰ ਦਿੱਤਾ ਹੈ। ਜੇ ਕਿਤੇ ਵੀ ਥੋੜ੍ਹੀ ਜਿਹੀ ਖਰਾਬੀ ਆ ਜਾਵੇ ਤਾਂ ਲੱਖਾਂ-ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ। ਜੇ ਇੱਕ ਦਿਨ ਇਹ ਸਿਸਟਮ ਖੜ ਜਾਵੇ ਤਾਂ ਅੱਜ ਦੇ ਮਨੁੱਖ ਦੀ ਪੂਰੀ ਜ਼ਿੰਦਗੀ ਖੜ ਜਾਵੇਗੀ। ਅਸੀਂ ਇਸ ਸਿਸਟਮ ਉੱਤੇ ਬਹੁਤ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ। ਹਾਲਾਂਕਿ ਰੋਬੋਟ ਜਾਂ ਕੰਪਿਊਟਰ ਦੀ ਬਗ਼ਾਵਤ ਤਕਨੀਕੀ ਤੌਰ ਤੇ ਅਜੇ ਆਪਣੇ ਆਪ ਸੰਭਵ ਨਹੀਂ ਪਰ ਕੋਈ ਵੀ ਸ਼ੈਤਾਨੀ ਦਿਮਾਗ਼ ਉਹਨਾਂ ਨੂੰ ਸਮੂਹਿਕ ਤੌਰ ਹੈਕ (Hack) ਜਾਂ ਕੰਟਰੋਲ ਕਰ ਸਕਦਾ ਹੈ। ਅੱਜ ਦੇ ਯੁੱਗ ਵਿੱਚ ਹੈਕਰ (Hackers) ਕੰਪਨੀਆਂ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਰਹੇ ਹਨ। ਈਲੌਨ ਮਸਕ, ਜੋ ਟੈਸਲਾ, ਸੋਲਰ ਸਿਟੀ ਅਤੇ ਸਪੇਸ-ਐਕਸ, ਵਰਗੀਆਂ ਕੰਪਨੀਆਂ ਦਾ ਸੰਸਥਾਪਕ ਹੈ, ਦੇ ਅਨੁਸਾਰ ਭਵਿੱਖ ਵਿੱਚ ਜਦੋਂ ਮਸ਼ੀਨਾਂ ਹੀ ਸਾਰੇ ਕੰਮ ਕਰਨ ਲੱਗ ਪੈਣਗੀਆਂ ਤਾਂ ਲੋਕਾਂ ਵਾਸਤੇ ਨੌਕਰੀਆਂ ਨਹੀਂ ਹੋਣਗੀਆਂ, ਉਦੋਂ ਸਰਕਾਰ ਨੂੰ ਹੀ ਉਹਨਾਂ ਨੂੰ ਥੋੜਾ-ਬਹੁਤਾ ਖਰਚਾ -ਪਾਣੀ ਦੇਣਾ ਪਵੇਗਾ - ਜਿਸ ਤਰ੍ਹਾਂ ਸਵਿਟਜ਼ਰਲੈਂਡ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਖਰਚਾ ਦਿੰਦੀ ਹੈ।
"ਅਲਵਿਦਾ ਦੋਸਤੋ! ਯਾਤਰਾ ਸੁੱਖਮਈ ਹੋਵੇ।" ਸਰਦੀਆਂ ਦੀ ਰੁੱਤੇ ਕੋਸੇ ਪਾਣੀ ਜਿਹੇ ਨਿੱਘੇ ਸ਼ਬਦਾਂ ਦੇ ਕੰਪਨ ਨੇ ਉਸਦਾ ਧਿਆਨ ਭੰਗ ਕੀਤਾ। ਹਾਲਾਂ ਕਿ "ਅੰਤਰਿਖ਼ਸ਼ ਯਾਨ" ਵਾਤਾ-ਅਨੁਕੂਲ ਸੀ ਪਰ ਫੇਰ ਵੀ ਇਨ੍ਹਾਂ ਬੋਲਾਂ ਦੀ ਨਿਮ੍ਹੀ ਗਰਮੀ ਦਾ ਅਹਿਸਾਸ ਉਸ ਨੂੰ ਹੋ ਗਿਆ ਸੀ। ਉਹ ਇਸ ਸਮੇਂ ਯਾਨ "ਅਕਾਸ਼ਦੀਪ" ਵਿੱਚ ਆਪਣੀ ਸਹਾਇਕ ਨਾਲ ਬੈਠਾ ਸੀ। ਯਾਨ ਥੋੜੇ ਹੀ ਸਮੇਂ ਬਾਅਦ ਅਕਾਸ਼ ਵਿੱਚ ਉਡਾਰੀਆਂ ਲਾਉਣ ਵਾਲਾ ਸੀ।
ਉਸ ਨੇ ਨਜ਼ਰ ਉਠਾ ਕੇ ਸਕਰੀਨ ਵੱਲ ਤੱਕਿਆ।
ਹਮੇਸ਼ਾ ਮੁਸਕਰਾਉਂਦੀ ਰਹਿਣ ਵਾਲੀ ਮਾਧੁਰੀ ਦੀ "ਮੋਨਾਲੀਜ਼ਾ" ਜਿਹੀ ਅਕ੍ਰਿਤੀ ਯਾਨ ਦੀ ਵਿਸ਼ਾਲ ਸਕਰੀਨ ਤੇ ਤੈਰ ਰਹੀ ਸੀ। ਉਸ ਦਾ ਬੋਲਣਾ ਜਾਰੀ ਸੀ। "ਦੂਸਰੀਆਂ ਸੱਭਿਆਤਾਵਾਂ ਦੀ ਖੋਜ ਵਾਸਤੇ ਜਾ ਰਹੀ ਤੁਸੀਂ ਪਹਿਲੀ ਜੋੜੀ ਹੋ। ਮੈਂ ਸੱਚੇ ਦਿਲ ਨਾਲ ਖ਼ਤਰਿਆ ਨਾਲ ਭਰੇ ਅੰਤਰਿਖ਼ਸ਼ ਵਿੱਚ ਤੁਹਾਡੀ ਸਲਾਮਤੀ ਲਈ ਪ੍ਰਵਰਦਿਗਾਰ ਕੋਲੋਂ ਦੁਆ ਮੰਗਦੀ ਹਾਂ। ਸ਼ਾਲਾ! ਤੁਸੀਂ ਇੱਕਵੀਂ ਸਦੀ ਦੇ ਮਨੁੱਖਾਂ ਵਾਸਤੇ ਗ੍ਰਹਿ ਅੰਤਰਿਖ਼ਸ਼ ਦੀ ਵਿਸਤ੍ਰਿਤ ਜਾਣਕਾਰੀ ਲਿਆ ਸਕੋ, ਅੱਛਾ... ਇੱਕ ਵੇਰਾਂ ਫੇਰ ਵਿਦਾ। ਅਸੀਂ ਇਥੇ ਪ੍ਰਿਥਵੀ ਤੇ ਹਰ ਪਲ ਤੁਹਾਡੇ ਵਾਸਤੇ ਦੁਆ ਕਰਾਂਗੇ।"
ਉਸ ਨੇ ਆਪਣੀ ਸਹਾਇਕ ਵੱਲ ਵੇਖਿਆ। ਉਹ ਨਿਰਭਵ ਸ਼ਾਂਤ ਚਿਤ ਡਰਾਈਵਿੰਗ ਸੀਟ ਤੇ ਬੈਠੀ ਸੀ। ਉਸ ਦਾ ਹੁਸੀਨ ਮੁੱਖੜਾ ਇਸ ਵੇਲੇ ਉਸ ਨੂੰ ਬੜਾ ਪਿਆਰਾ ਲੱਗਾ।
ਉਸ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਮਾਧੁਰੀ ਵੱਲ ਨੂੰ ਤੱਕਿਆ ਤੇ ਫੇਰ ਉਸ ਦੇ ਮੂੰਹੋਂ ਬੋਲ ਝੜ ਉਠੇ:
"ਯਾਨ ਨੂੰ ਇਕ ਵੇਰਾਂ ਫੇਰ ਚੈਕ ਕਰਕੇ, ਯਾਤਰਾ ਪ੍ਰਾਰੰਭ ਕਰ ਦੇਵੋ। ਫੇਰ ਸਾਰਾ ਕੰਮ ਕੰਪਿਊਟਰ ਦੇ ਹੱਥ ਸੌਂਪ ਦੇਣਾ।" ਉਸ ਨੇ ਆਪਣੀ ਸਹਾਇਕ ਨੂੰ ਕਿਹਾ।
ਸੁੰਦਰ ਲੜਕੀ ਨੇ ਇੱਕ ਵਾਰ ਫਿਰ ਯਾਨ ਨੂੰ ਬਰੀਕ ਨਜ਼ਰਾਂ ਨਾਲ ਵੇਖਿਆ। "ਅੇਵੀਰੀਥਿੰਗ ਇਜ਼ ਆਲਰਾਈਟ....।" ਉਸ ਦੇ ਮੂੰਹੋਂ ਸ਼ਹਿਦ ਜਿਹੀ ਅਵਾਜ਼ ਨਿੱਕਲੀ।
ਫੇਰ ਇੱਕ ਸਕਿੰਟ ਦੇ ਹਜ਼ਾਰਵੇਂ ਭਾਗ ਵਿੱਚ ਉਸ ਨੇ ਯਾਨ ਨੂੰ ਚਾਲੂ ਕਰ ਦਿੱਤਾ। ਉਸ ਦੇ ਹੱਥ ਅਣਗਿਣਤ ਸਵਿੱਚਾ ਅਤੇ ਨਾਬਾਂ ਨਾਲ ਖਿਲਵਾੜ ਕਰ ਰਹੇ ਸਨ। ਭਿਆਨਕ ਗੜਗੜਾਹਟ ਦੇ ਨਾਲ "ਅਕਾਸ਼ਦੀਪ" ਉਪਰ ਉਠਣ ਲੱਗਾ।
ਜਦ ਅਕਾਸ਼ਦੀਪ ਪ੍ਰਿਥਵੀ ਦੇ ਵਾਯੂ ਮੰਡਲ ਨੂੰ ਚੀਰ ਕੇ ਬਾਹਰ ਜਾਣ ਲੱਗਾ ਤਾਂ ਉਹਨਾਂ ਦੇ ਮੂੰਹੋਂ ਇੱਕਠੀਆਂ ਅਵਾਜ਼ਾਂ ਨਿੱਕਲੀਆਂ:
"ਅੱਛਾ ਮਾਧੁਰੀ ਵਿਦਾ", ਇੱਕਵੀਂ ਸਦੀ ਦਾ ਆਰੰਭ ਸ਼ੁਭ ਹੋਵੇ ਜੇ ਰੱਬ ਨੇ ਚਾਹਿਆ ਤਾਂ ਫੇਰ ਮੁਲਾਕਾਤ ਹੋਵੇਗੀ।
ਹਮੇਸ਼ਾ ਹੱਸਦੀ ਰਹਿਣ ਵਾਲੀ ਮਾਧੁਰੀ ਦੀ ਮੁਸਕਰਾਹਟ ਪਲ ਲਈ ਜਿਵੇਂ ਅਲੋਪ ਹੋ ਗਈ ਨੈਣਾਂ ਵਿੱਚੋਂ ਨੀਰ ਵਹਿਣ ਲੱਗੇ ਸਨ ਪਰ ਉਸ ਨੇ ਆਪਣੇ ਆਪ ਤੇ ਕਾਬੂ ਪਾ ਲਿਆ। ਉਹ ਇਸ ਸਮੇਂ "ਅੰਤਰਿਖਸ਼ ਅਨੁਸੰਧਾਨ ਕੇਂਦਰ ਜ਼ੀਰੋ, ਦੇ ਕੰਟਰੋਲ ਰੂਮ ਵਿੱਚ ਬੈਠੀ ਸੀ। ਉਸ ਦੀ ਇੱਕਲੀ ਦੀ ਹੀ ਇਥੇ ਡਿਊਟੀ ਲੱਗੀ ਹੋਈ ਸੀ। ਉੱਚ ਅਧਿਕਾਰੀਆਂ ਨੇ ਇਥੇ ਆ ਕੇ "ਦੋ ਯਾਤਰੀਆਂ" ਨੂੰ ਵਿਦਾਈ ਨਹੀਂ ਦਿਤੀ ਸੀ - ਉਹ ਸ਼ਾਇਦ ਇੱਕਵੀ ਸਦੀ ਨੂੰ ਜੀ ਆਇਆਂ ਆਖਣ ਪਾਰਟੀ ਵਿੱਚ ਸ਼ਾਮਿਲ ਹੋਣ ਗਏ ਸਨ।
ਮਾਧੁਰੀ ਦੀਆਂ ਤੇਜ਼ ਨਜ਼ਰਾਂ ਹਰ ਪਲ ਸਕਰੀਨ ਤੇ ਟਿਕੀਆਂ ਹੋਈਆਂ ਸਨ। ਪਲ ਪ੍ਰਤੀ ਪਲ ਅਕਾਸ਼ਦੀਪ ਸਕਰੀਨ ਤੇ ਛੋਟਾ ਹੋਈ ਜਾ ਰਿਹਾ ਸੀ। ਫੇਰ ਉਹ ਸੱਚਮੁਚ ਹੀ ਸਕਰੀਨ ਤੋਂ ਗਾਇਬ ਹੋ ਗਿਆ। ਮਾਧੁਰੀ ਨੇ ਇਕ ਲੰਬਾ ਸਾਹ ਲਿਆ ਅਤੇ ਫੇਰ ਉਸ ਨੇ ਉਨ੍ਹਾਂ ਦੋ ਯਾਤਰੀਆਂ ਵਾਸਤੇ ਦੁਆ ਕੀਤੀ।
ਸਮਾਂ......ਗਿਆਰਾਂ ਵੱਜ ਕੇ ਪੰਜਾਹ ਮਿੰਟ।
ਸਾਰੇ ਸੰਸਾਰ ਦੇ ਲੋਕਾਂ ਦੇ ਜਿਸਮਾਂ ਵਿੱਚ ਇਸ ਸਮੇਂ ਅਜਬ ਜਿਹੇ ਰੋਮਾਂਚ ਦੀ ਲਹਿਰ ਨ੍ਰਿਤ ਕਰ ਰਹੀ ਸੀ।ਉਹ ਬੜੀ ਤੇਜ਼ੀ ਨਾਲ ਇੱਕਵੀਂ ਸਦੀ ਵੱਲ, ਵੱਧ ਰਹੇ ਸਨ। ਵੱਡੇ ਵੱਡੇ ਸ਼ਹਿਰਾਂ ਦੇ ਮਸ਼ਹੂਰ ਹੋਟਲਾਂ ਵਿੱਚ ਇਸ ਸਮੇਂ ਇੱਕਵੀਂ ਸਦੀ ਨੂੰ ਜੀ ਆਇਆਂ ਆਖਣ ਲਈ, ਵਿਸ਼ਾਲ ਪਾਰਟੀਆਂ ਆਯੋਜਤ ਕੀਤੀਆਂ ਗਈਆਂ ਸਨ।
ਇਹ ਵੀਹਵੀਂ ਸਦੀ (1999 ਈ:) ਦੀ ਆਖਰੀ ਰਾਤ ਸੀ ਯਾਨੀ 31 ਦਸੰਬਰ....
ਸਮਾਂ ਬੜੀ ਤੇਜ਼ੀ ਨਾਲ ਗੁਜ਼ਰ ਰਿਹਾ ਸੀ, ਤੇ ਜਿਵੇਂ ਜਿਵੇਂ ਉਹ ਗੁਜ਼ਰ ਰਿਹਾ ਸੀ, ਤਿਵੇਂ ਤਿਵੇਂ ਲੋਕਾਂ ਦੇ ਜਿਸਮਾਂ ਵਿੱਚ ਇਕ ਅਜਬ ਜਿਹਾ ਰੋਮਾਂਚ ਦੀ ਝਰਨਾਹਟ ਵਧਦੀ ਜਾ ਰਹੀ ਸੀ।
ਫੇਰ ਜਿਵੇਂ ਹੀ ਘੜੀ ਦੀਆਂ ਸੂਈਆਂ ਨੇ ਬਾਰਾਂ ਨੂੰ ਕਰਾਸ ਕੀਤਾ ਤਾਂ ਜਿਸਮਾਂ 'ਚ ਮਸਲ ਰਹੇ ਰੋਮਾਂਚ ਦੀਆਂ ਲਹਿਰਾਂ ਸਿਖਰ ਬਿੰਦੂ ਤੇ ਅੱਪੜ ਗਈਆਂ। ਉਹ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਏ ਸਨ। ਉਹਨਾਂ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਣ ਘਟਨਾਵਾਂ ਚੇਤੇ ਆਉਣ ਲੱਗੀਆਂ।
ਪਹਿਲਾਂ ਵਿਸ਼ਵ ਯੁੱਧ......
ਮਾਨਵਤਾ ਦੀ ਚੀਖੋ ਪੁਕਾਰ।
ਦੂਸਰਾ ਵਿਸ਼ਵ ਯੁੱਧ... ਤੇ ਹਿਟਲਰ ਦੇ ਭਿਆਨਕ ਕਾਰਨਾਮੇ।
ਹੀਰੋਸ਼ੀਮਾ ਤੇ ਨਾਗਸਾਕੀ ਦੀ ਤਬਾਹੀ....
ਬਸਤੀਵਾਦ ਤੇ ਸਾਮਰਾਜਵਾਦ ਦਾ ਪਤਨ......
ਉੱਤਰੀ ਤੇ ਦੱਖਣੀ ਧਰੁਵ ਤੇ ਇਨਸਾਨ ਦਾ ਪਹਿਲਾ ਕਦਮ।
ਮਾਊਂਟ ਐਵਰੈਸਟ ਤੇ ਵਿਜੇ।
ਤੇ ਸਭ ਤੋਂ ਜ਼ਿਆਦਾ
ਪੁਲਾੜ ਵੱਲ ਨੂੰ ਇਨਸਾਨ ਦੇ ਕਦਮ ਤੇ
ਉਸ ਦਾ ਚਮਦਰਮਾ ਤੇ ਅੱਪੜਨਾ।
ਤੇ ਲੋਕਾਂ ਦੇ ਜਿਸਮਾਂ ਵਿੱਚ ਲਹਿ ਲਹਾਂਦੇ ਰੋਮਾਂਚ ਦੀ ਲਹਿਰ ਸਿਖਰ ਤੇ ਪੁੱਜ ਗਈ। ਬਿਲਕੁਲ ਉਸੇ ਸਮੇਂ।ਜਦ ਇੱਕਵੀ ਸਦੀ ਦਾ ਸ਼ੁਭ ਅਰੰਭ ਹੋਇਆ। ਅੰਤਰਿਖ਼ਸ਼ ਯਾਨ "ਅਕਾਸ਼ਦੀਪ" ਨੇ ਧਰਤੀ ਛੱਡ ਦਿਤੀ ਸੀ।ਉਹ ਨਵੀਂਆਂ ਸੱਭਿਆਤਾਵਾਂ ਦੀ ਖੋਜ ਵਿੱਚ ਚਲੇ ਗਏ ਸਨ। ਉਹਨਾਂ ਵੱਲ ਦੋਸਤੀ ਦਾ ਹੱਥ ਵਧਾਉਣ, ਜੋ ਅੰਤਰਿਖਸ਼ ਦੇ ਵਿੱਚ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਸਨ।
ਉਹ ਦੋ ਜਣੇ ਸਨ - ਮਿ: ਹਰਬੀਰ ਸਿੰਘ ਤੇ ਮਿਸ ਸਿਲਕੀ। ਜਿਹੜੇ ਇਸ ਮਹਾਨ ਮਿਸ਼ਨ ਤੇ ਜਾ ਰਹੇ ਸਨ.....
ਯਾਨ "ਅਕਾਸ਼ਦੀਪ" ਪ੍ਰਿੱਥਵੀ ਦੇ ਸਭ ਤੋਂ ਉੱਚ ਕੋਟੀ ਦੇ ਯਾਨਾਂ ਵਿੱਚੋਂ ਇੱਕ ਸੀ, ਜਿਹੜਾ ਕਿ ਅਕਾਸ਼ੀ ਯਾਤਰਾ ਵਾਸਤੇ ਬਿਲਕੁਲ ਸੁਰੱਖਿਅਤ ਸੀ। ਉਸਦੀ ਸ਼ਕਲ ਕਿਸੇ ਉੜਨ ਤਸ਼ਤਰੀ ਦੇ ਵਾਂਗ ਬਣਾਈ ਹੋਈ ਸੀ। ਇਹੋ ਜਿਹੀਆਂ ਉੜਨ ਤਸ਼ਤਰੀਆਂ ਦੂਸਰੇ ਗ੍ਰਹਿਆਂ ਤੋਂ ਆਉਂਦੀਆਂ ਵੇਖੀਆਂ ਗਈਆਂ ਸਨ। ਪਰ ਅਜੇ ਤੱਕ ਤਾਰਾ-ਵਿਗਿਆਨੀ ਅਥਾਹ ਬ੍ਰਹਿਮੰਡ ਵਿੱਚ ਇੱਕ ਵੀ ਸਭਿਅਤਾ ਨਹੀਂ ਲੱਭ ਸਕੇ ਸਨ। ਇਸੇ ਉਦੇਸ਼ ਨਾਲ ਯਾਨ "ਅਕਾਸ਼ਦੀਪ" ਦਾ ਨਿਰਮਾਣ ਕੀਤਾ ਗਿਆ ਸੀ।
ਸਪੇਸ ਵਿੱਚ ਤੈਰਦਾ "ਅਕਾਸ਼ਦੀਪ" ਸੁਰਜ ਦੇ ਲਲਾਟ ਵਾਂਗ ਚਮਕ ਰਿਹਾ ਸੀ। ਉਸ ਦਾ ਰੰਗ ਲਾਲ ਸੀ ਤੇ ਕਿਤੇ ਕਿਤੇ ਵਿੱਚ ਚਿੱਟੀਆਂ ਧਾਰੀਆਂ ਸਨ। ਯਾਨ ਵਿੱਚ ਬਨਾਵਟੀ ਗੁਰੂਤਾਕਸ਼ਣ ਸਿਰਜਿਆ ਹੋਇਆ ਸੀ ਤਾਂ ਕਿ ਉਸ ਵਿੱਚ ਬੈਠੇ ਦੋ ਯਾਤਰੀਆਂ, ਨੂੰ ਭਾਰਹੀਣਤਾ ਦਾ ਅਹਿਸਾਸ ਨਾ ਹੋ ਸਕੇ।
"ਅਕਾਸ਼ਦੀਪ" ਬੜੀ ਤੇਜ਼ੀ ਨਾਲ, ਅਕਾਸ਼ ਦਾ ਸੀਨਾ ਚੀਰਦਾ ਅੱਗੇ ਵੱਧ ਰਿਹਾ ਸੀ। ਉਸ ਨੂੰ ਆਪਣਾ ਸੌਰਮੰਡਲ ਛੱਡਿਆ ਅਜੇ ਕੁੱਝ ਹੀ ਪਲ ਗੁਜ਼ਰੇ ਸਨ। ਯਾਨ ਦੇ ਉਪਰ ਇਕ ਕੈਮਰਾ ਫਿੱਟ ਸੀ, ਜੋ ਕਿ ਨਿਰੰਤਰ ਯਾਤਰਾ ਨੂੰ ਫਿਲਮਾ ਰਿਹਾ ਸੀ। ਉਹ ਬੜੀ ਤੇਜ਼ੀ ਨਾਲ ਮੰਗਲ ਦੀ ਲਾਲ ਧਰਤੀ ਕੋਲੋਂ ਦੀ ਗੁਜ਼ਰੇ ਸਨ। ਸ਼ਨੀ ਦੇ ਚਮਕਦੇ ਛੱਲੇ ਉਹਨਾਂ ਦੂਰੋਂ ਹੀ ਵੇਖੇ ਸਨ। ਬ੍ਰਹਿਸਪਤੌ ਦੇ ਗਿਰਦ ਘੁੰਮਦੇ ਉਸ ਦੇ ਚੌਦਾਂ ਉਪਗ੍ਰਹਿ ਬੜੇ ਹੀ ਸੁੰਦਰ ਪ੍ਰਤੀਤ ਹੋ ਰਹੇ ਸਨ।
ਸਿਲਕੀ ਚੀਖੀ ਸੀ.... "ਹਰਬੀਰ! ਉਹ ਵੇਖੋ ਨਿੱਕਾ ਜਿਹਾ ਪਲੈਟੋ ਗ੍ਰਹਿ.........। ਕਿੰਨਾ ਸੁੰਦਰ ਵਿਖਾਈ ਦੇ ਰਿਹਾ ਏ!"
ਟੀ.ਵੀ ਸਕਰੀਨ ਤੇ ਇਹ ਸਾਰੇ ਦ੍ਰਿਸ਼ ਵਾਰੀ ਵਾਰੀ ਆ ਰਹੇ ਸਨ। ਯਾਨ ਦਾ ਸੰਚਾਲਨ "ਮਾਸਟਰ ਕੰਪਿਉਟਰਾਂ" ਦੇ ਹੱਥ ਵਿੱਚ ਸੀ। ਉਹ ਤਾਂ ਬਸ ਅੰਤਰਿਖਸ਼ ਯਾਤਰਾ ਦਾ ਅਨੰਦ ਲੈ ਰਹੇ ਸਨ। ਪਰ ਅੰਤਰਿਖ਼ਸ਼ ਤਾਂ ਅਨੇਕਾਂ ਖ਼ਤਰਿਆ ਨਾਲ ਭਰਿਆ ਪਿਆ ਸੀ। ਪ੍ਰੰਤੂ ਅਜੇ ਤੱਕ ਉਹਨਾਂ ਦੇ ਸਾਹਮਣੇ ਕੋਈ ਖ਼ਤਰਾ ਨਹੀਂ ਆਇਆ ਸੀ।
ਪਰ....
ਅਚਾਨਕ ਸਿਲਕੀ ਚੀਖ ਉੱਠੀ।
"ਹਰਬੀਰ" ਉਹ ਵਿਸ਼ਾਲ ਉਲਕਾ ਬੜੀ ਤੇਜ਼ੀ ਨਾਲ ਸਾਡੇ ਸ਼ਿੱਪ ਵੱਲ ਨੂੰ ਵੱਧ ਰਿਹਾ ਹੈ। ਹਰਬੀਰ ਨੇ ਧਿਆਨ ਨਾਲ ਵੇਖਿਆ। ਇੱਕ ਅਗਨੀ ਪਿੰਡ ਜਿਹਾ ਸਕਰੀਨ ਤੇ ਤੈਰ ਰਿਹਾ ਸੀ।
"ਕੀ ਸਥਿਤੀ ਹੈ, ਮਾਸਟਰ ਕੰਪਿਊਟਰ?" ਉਸਨੇ ਆਖਿਆ।
"ਸਰ! ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਉਲਕਾ ਸਾਡੇ ਯਾਨ ਤੋਂ ਦਸ ਮੀਟਰ ਪਰਾਂਹ ਦੀ ਹੋ ਕੇ ਲੰਘ ਜਾਵੇਗਾ। ਮੈਂ ਸਾਰੀਆਂ ਕੈਲਕੂਲੇਸ਼ਨਜ਼ ਲਗਾ ਕੇ ਵੇਖ ਲਈਆਂ ਹਨ।"
ਸੱਚਮੁੱਚ ਉਵੇਂ ਹੀ ਹੋਇਆ।
ਸਿਲਕੀ ਤੇ ਹਰਬੀਰ ਨੇ ਸੁੱਖ ਦਾ ਇੱਕ ਲੰਬਾ ਸਾਹ ਲੈ ਕੇ ਪ੍ਰਮਾਤਮਾਦਾ ਲੱਖ ਲੱਖ ਸ਼ੁਕਰ ਅਦਾ ਕੀਤਾ।
ਪਰ ਅੰਤਰਿਖਸ਼ ਵਿੱਚ ਤਾਂ ਕਦਮ ਕਦਮ ਤੇ ਖਤਰੇ ਨੇ... ਇਕ ਟਲ ਗਿਆ ਤਾਂ ਦੂਸਰਾ ਮੂੰਹ ਅੱਡੀ ਖੜਾ ਸੀ।
ਹਰਬੀਰ ਅਤੇ ਸਿਲਕੀ ਅੱਖਾ ਵਿਸ਼ਾਲ ਸਕਰੀਨ ਤੇ ਇਕ ਟੱਕ ਟਿਕੀਆਂ ਹੋਈਆਂ ਸਨ। ਉਲਕਾ ਗੁਜ਼ਰ ਚੁਕਾ ਸੀ ਅਤੇ ਉਨ੍ਹਾ ਦਾ ਯਾਨ ਠੀਕ ਠਾਕ ਸੀ। ਟੀ. ਵੀ. ਸਕਰੀਨ ਤੇ ਉਨ੍ਹਾਂ ਨੂੰ ਚਾਰੇ ਪਾਸੇ ਨੀਲਾ ਅੰਤਰਿਖਸ਼ ਨਜ਼ਰ ਆ ਜਾਂਦਾ। ਅੰਤਰਿਖ਼ਸ਼ ਦਾ ਗਾੜ੍ਹਾ ਨੀਲਾਪਣ ਉਨ੍ਹਾਂ ਨੂੰ ਬਹੁਤ ਸੁਖਾਵਾਂ ਲੱਗ ਰਿਹਾ ਸੀ।
ਅਚਾਨਕ....
ਸਕਰੀਨ ਤੇ ਇਕ ਛੋਟਾ ਜਿਹਾ ਲਾਲ ਬਿੰਦੂ ਨਜ਼ਰ ਆਇਆ ਹਰਬੀਰ ਦੀਆਂ ਅਖੀਆਂ ਸੁੰਘੜ ਗਈਆਂ। ਉਹ ਤਿੱਖੀ ਅਵਾਜ਼ ਵਿੱਚ ਬੋਲਿਆ......
"ਕੰਪਿਊਟਰ, ਕੈਮਰਾ ਉਸ ਲਾਲ ਬਿੰਦੂ ਤੇ ਫੋਕਸ ਕਰੋ।"
"ਓ.ਕੇ. ਸਰ" ਕੰਪਿਊਟਰ ਆਪਣਾ ਕੰਮ ਕਰਨ ਲੱਗਾ।
"ਤੇਰੇ ਖ਼ਿਆਲ ਵਿੱਚ ਉਹ ਕੀ ਚੀਜ਼ ਹੋ ਸਕਦੀ ਏ?" ਸਿਲਕੀ ਨੇ ਪੁਛਿਆ।
"ਕੋਈ ਗ੍ਰਹਿ ਜਾਂ... ਪਰ ਮੇਰਾ ਅੰਦਾਜ਼ਾ ਗਲਤ ਵੀ ਹੋ ਸਕਦਾ ਹੈ।"
ਉੰਨੇ ਚਿਰ ਤੱਕ ਟੀ.ਵੀ. ਸਕਰੀਂਨ ਤੇ ਉਸ ਲਾਲ ਬਿੰਦੂ ਦਾ ਸੰਪੂਰਣ ਤੇ ਸਪਸ਼ਟ ਚਿੱਤਰ ਤੈਰ ਰਿਹਾ ਸੀ। ਦਰਅਸਲ ਉਹ ਲਾਲ ਬਿੰਦੂ, ਕੋਈ ਬੜੀ ਹੀ ਅਜੀਬ ਵਸਤੂ ਸੀ। ਉਸ ਨੂੰ ਗ੍ਰਹਿ ਜਾਂ ਉਪਗ੍ਰਹਿ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਸੀ ਅਤੇ ਨਾ ਹੀ ਅਸ ਨੂੰ ਉਲਕਾ ਜਾਂ ਕੋਮੈਟ(ਪੂਛਲ-ਤਾਰਾ) ਕਿਹਾ ਜਾ ਸਕਦਾ ਸੀ। ਉਸ ਅਜੀਬ ਖ਼ਤਰੇ ਦੀ ਬਣਤਰ ਬਹੁਤ ਅਨੋਖੀ ਸੀ ਜਿਵੇਂ ਕੋਈ ਜਾਲ ਫੈਲ਼ਿਆ ਹੋਵੇ।
"ਇਹ ਕੀ ਹੋ ਸਕਦਾ ਹੈ?, ਹਰਬੀਰ"
"ਮੈਂ ਖ਼ੁਦ ਹੀ ਨਹੀਂ ਸਮਝ ਰਿਹਾ ਹਾਂ ਕਿ ਇਹ ਕੀ ਚੀਜ਼ ਹੋ ਸਕਦੀ ?" ਤੇਰੇ ਖ਼ਿਆਲ ਵਿੱਚ ਕੰਪਿਊਟਰ ਇਹ ਕਿਹੜੀ ਵਸਤੂ ਏ?
"ਸ਼੍ਰੀਮਾਨ, ਮੈਂ ਇਸ ਦੀ ਸੰਰਚਨਾਂ ਸਮਝਣ ਵਿੱਚ ਲੱਗਿਆ ਹੋਇਆ ਹਾਂ। ਤੁਸੀਂ ਵੇਖ ਹੀ ਰਹੇ ਹੋ ਕਿ ਇਹ ਵਿੱਚਕਾਰੋਂ ਖੋਖਲਾ ਏ ਅਤੇ ਇਸ ਦੇ ਆਰਪਾਰ ਜਾਇਆ ਜਾ ਸਕਦਾ ਹੈ ਅਤੇ ਇਹ ਏਨਾ ਚੌੜਾ ਹੈ ਕਿ ਅਸੀਂ ਆਪਣਾ ਯਾਨ ਇਸ ਤੋਂ ਦੂਰ ਕਰਕੇ ਨਹੀਂ ਲੈ ਜਾ ਸਕਦੇ। ਸਾਨੂੰ ਇਸ ਦੇ ਵਿੱਚਕਾਰੋਂ ਹੀ ਗੁਜ਼ਰਨਾ ਪਵੇਗਾ। "ਪਰ ਇਸ ਦੇ ਅੰਦਰ ਤਾਂ ਅਣਗਿਣਤ ਅੱਗ ਦੀਆਂ ਸਲਾਖਾਂ ਜਿਹੀਆਂ, ਇਸ ਦੇ ਕੇਂਦਰ ਨਾਲ ਟਕਰਾ ਕੇ ਵਾਪਸ ਪਰਤ ਰਹੀਆਂ ਹਨ। ਆਪਣੇ ਪਹਿਲੇ ਵਾਲੇ ਸਥਾਨ ਤੇ। ਇਹੋ ਜਿਹੇ ਖ਼ਤਰੇ ਵਿੱਚ ਕੁਦਣਾ ਤਾਂ ਸ਼ਾਖਸਾਤ ਮਰਨਾ ਹੀ ਏ।"
"ਮਜਬੂਰੀ ਹੈ ਸਰ, ਅਸੀਂ ਇਸ ਦੇ ਵਿੱਚਕਾਰੋਂ ਹੀ ਲੰਘ ਸਕਦੇ ਹਾਂ। ਮੈਂ ਕੁਝ ਸੋਚ ਰਿਹਾ ਹਾਂ। ਕਿਰਪਾ ਕਰਕੇ ਮੈਂਨੂੰ ਪੰਜ ਮਿੰਟ ਡਿਸਟਰਬ ਨਾ ਕਰਨਾ।" ਦਰਅਸਲ ਸਪੇਸਸ਼ਿਪ ਦਾ ਰਾਹ ਰੋਕੀ ਇਕ ਵਿਸ਼ਾਲ ਚੱਕਰਨੁਮਾ ਵਸਤੂ ਖੜ੍ਹੀ ਸੀ। ਉਹ ਨਿਰੰਤਰ ਆਪਣੀ ਧੁਰੀ ਦੁਆਲੇ ਘੁੰਮ ਰਹੀ ਸੀ ਅਤੇ ਉਸ ਦੇ ਬਾਹਰੀ ਹਿੱਸੇ ਤੋਂ ਬਹੁਤ ਚੌੜੀਆ ਸ਼ਲਾਖਾਂ ਜਿਹੀਆਂ ਨਿਕਲ ਕੇ ਨਿਸ਼ਚਿਤ ਸਮੇਂ ਲਈ ਧੁਰੀ ਨਾਲ ਟਰਕਰਾਉਂਦੀਆਂ ਸਨ ਅਤੇ ਨਿਸ਼ਚਿਤ ਅੰਤਰਾਲ ਬਾਅਦ ਵਾਪਸ ਆਪਣੇ ਪਹਿਲਾਂ ਵਾਲੇ ਸਥਾਨ ਤੇ ਪੁਜ ਜਾਂਦੀਆਂ ਸਨ। ਉਹ ਸਾਰਾ ਚੱਕਰ ਸੁਰਜ ਵਾਂਗ ਬਲ ਰਿਹਾ ਸੀ ਅਤੇ ਉਸ ਦੇ ਅੰਦਰ ਥਰਮੋਨਿਉਕਲ਼ੀਅਰ ਪ੍ਰਤੀ ਕ੍ਰਿਆਵਾਂ ਚੱਲ ਰਹੀਆਂ ਸਨ। ਜਿਸ ਦੇ ਨਾਲ ਕਾਫ਼ੀ ਬੜੀ ਮਾਤਰਾ ਵਿੱਚ ਊਰਜਾ ਉਤਪੰਨ ਹੋ ਰਹੀ ਸੀ।
ਪੰਜ ਮਿੰਟਾ ਬਾਅਦ-ਕੰਪਿਊਟਰ ਨੇ ਬੋਲਣਾ ਸ਼ੁਰੂ ਕੀਤਾ.....
"ਸਰ, ਅਸੀਂ ਅਜੇ ਇਸ 'ਅਕਾਸ਼ੀ ਭੰਵਰ' ਤੋਂ ਪੰਜ ਹਜ਼ਾਰ ਕਿਲੋਮੀਟਰ ਦੂਰ ਹਾਂ। ਇਸ ਅਕਾਸ਼ੀ ਭੰਵਰ ਦਾ ਵਿਆਸ ਸਾਡੇ ਸੂਰਜ ਦੇ ਸਮਾਨ ਹੈ ਅਤੇ ਤਾਪਮਾਨ 2000 ਕੈਲਵਿਨ ਹੈ ਜੋ ਕਿ ਸੂਰਜ ਦੇ ਤਾਪਮਾਨ ਤੋਂ ਕਾਫ਼ੀ ਘੱਟ ਹੈ ਪਰ ਸਾਨੂੰ ਤਾਪ ਦੀ ਪ੍ਰਵਾਹ ਨਹੀਂ ਕਿਉਂਕਿ ਸਾਡੇ ਸ਼ਿੱਪ ਦੀ ਭਿਆਨਕ ਤੋਂ ਭਿਆਨਕ ਗਰਮੀ ਨਾਲ ਵੀ ਨਹੀਂ ਪਿਘਲ ਸਕਦੀ।"
"ਕੀ ਇਸ ਵਿੱਚੋਂ ਜ਼ਰੂਰ ਗੁਜ਼ਰਨਾ ਪਵੇਗਾ? ਹੋਰ ਕੋਈ ਰਸਤਾ ਨਹੀਂ....?.....?" ਸਿਲਕੀ ਨੇ ਪੁੱਛਿਆ।
"ਮੈਡਮ, ਸੱਚ-ਮੁੱਚ ਸਾਡੇ ਕੋਲ, ਹੋਰ ਕਈ ਰਸਤਾ ਨਹੀਂ ਕਿਉਂਕਿ ਇਸ 'ਅਕਾਸ਼ੀ ਭੰਵਰ' ਦਾ ਫੈਲਾਅ ਬਹੁਤ ਜ਼ਿਆਦਾ ਹੈ। ਇਸ ਲਈ ਅਸੀਂ ਇਸ ਤੋਂ ਪਾਸੇ ਹਟ ਕੇ ਵੀ ਨਹੀਂ ਲੰਘ ਸਕਦੇ। ਕਿਉਂਕਿ ਇਹ ਅੰਦਰੋਂ ਖੋਖਲਾ ਹੈ, ਇਸ ਲਈ ਅਸਾਡੇ ਲਈ ਕੇਵਲ ਇਕੋ ਰਸਤਾ ਹੈ।"
"ਪਰ ਸਾਡੀ ਮੌਤ ਨਿਸ਼ਚਿਤ ਹੈ ਜੇ ਅਸੀਂ ਵਿੱਚੋਂ ਲੰਘੇ।"
"ਜ਼ਰੂਰੀ ਨਹੀਂ ਸਰ ਕਿ ਸਾਡਾ ਯਾਨ ਤਬਾਹ ਹੋ ਜਾਵੇ। ਦਰਅਸਲ ਇਸ ਅਕਾਸ਼ੀ ਭੰਵਰ ਵਿੱਚ ਤਪਦੀਆਂ ਹੋਈਆਂ ਸਲਾਖਾਂ, ਜਿਹਨਾਂ ਦਾ ਵਿਆਸ 500 ਮੀਟਰ ਪ੍ਰਤੀ ਹੈ, ਆਪਣੀ ਦੂਰੀ ਤਹਿ ਕਰਦੀਆਂ ਪੰਜ ਮਿੰਟ ਬਾਅਦ ਧੁਰੀ ਯਾਨੀ ਇਸ ਵਿਸ਼ਾਲ ਚੱਕਰ ਦੇ ਕੇਂਦਰ ਤੋ ਪੁੱਜ ਜਾਂਦੀਆਂ ਹਨ ਅਤੇ ਉਸੇ ਪਲ ਪਿਛਾਂਹ ਮੁੜ ਜਾਂਦੀਆਂ ਹਨ। ਇਸ ਤਰ੍ਹਾਂ ਸਾਡੇ ਕੋਲ ਸਿਰਫ਼ ਪੰਜ ਮਿੰਟ ਬਚਦੇ ਹਨ। ਉਸ ਸਮੇਂ ਵਿੱਚ ਅਸੀਂ ਪਲਕ ਝਪਕਦਿਆਂ ਹੀ ਇਸ ਭੰਵਰ ਨੂੰ ਪਾਰ ਕਰ ਸਕਦੇ ਹਾਂ।"
"ਪਰ ਜੇ ਸਲਾਖਾਂ ਸਮੇਂ ਪਹਿਲਾਂ ਸਾਡੇ ਯਾਨ ਨਾਲ ਟਕਰਾ ਗਈਆਂ।" ਹਰਬੀਰ ਨੇ ਆਖਿਆ।
"ਉਫ਼.....।" ਸਿਲਕੀ ਦੇ ਮੂਹੋਂ ਸਿਸਕਾਰੀ ਗਈ। "ਨੋ ਸਰ! ਕੁਦਰਤ ਦੇ ਨਿਯਮ ਅਟੱਲ ਹੁੰਦੇ ਹਨ। ਜਿਸ ਤਰ੍ਹਾਂ ਸਾਡੀ ਧਰਤ 23 ਘੰਟੇ 56 ਮਿੰਟ ਵਿੱਚ ਚੱਕਰ ਆਪਣੀ ਧੁਰੀ ਦੁਆਲੇ ਪੂਰਾ ਕਰਦੀ ਹੈ ਇਸ ਤਰ੍ਹਾਂ ਇਹ ਸਲਾਖਾਂ ਵੀ ਪੂਰੇ ਪੰਜ ਮਿੱਟਾ ਦੇ ਸਮੇਂ ਬਾਅਦ ਧੁਰੀ ਨੂੰ ਸਪਰਸ਼ ਕਰਦੀਆਂ ਹਨ।"
ਓ.ਕੇ. ਇਹ ਰਿਸਕ ਤਾਂ ਲੈਣਾ ਹੀ ਪਵੇਗਾ। ਹੁਣ ਅਸੀਂ 'ਅਕਾਸ਼ੀ ਭੰਵਰ' ਤੋਂ ਕਿੰਨੀ ਕੁ ਦੂਰ ਹਾਂ? ਹਰਬੀਰ ਨੇ ਪ੍ਰਸ਼ਨ ਕੀਤਾ।
"ਇਸ ਸਮੇਂ ਅਸੀਂ" ਖਤਰੇ ਤੋਂ ਸੌ ਕਿਲੋਮੀਟਰ ਦੂਰ ਹਾਂ। ਮੈਂ ਯਾਨ ਦੀ ਚਾਲ ਸੁਸਤ ਕਰ ਦੇਵਾਂਗਾ ਅਤੇ ਜਦ ਅਸੀਂ 'ਅਕਾਸ਼ੀ ਭੰਵਰ' ਤੋਂ ਇੱਕ ਕਿਲੋਮੀਟਰ ਦੂਰ ਰਹਿ ਜਾਵਾਂਗੇ, ਤਾਂ ਮੈਂ ਯਾਨ ਨੂੰ ਸਥਿਰ ਕਰ ਦੇਵਾਂਗਾ। ਜਦੋਂ ਹੀ ਸਲਾਖਾਂ ਧੁਰੀ ਨਾਲ ਸਪਰਸ਼ ਕਰਕੇ ਵਾਪਸ ਮੁੜਨਗੀਆਂ ਮੈਂ ਯਾਨ ਨੂੰ ਚਾਲੂ ਕਰਕੇ ਇਸ ਦੀ ਸਪੀਡ ਤੁਰੰਤ ਪ੍ਰਕਾਸ਼ ਦੀ ਗਤੀ ਬਰਾਬਰ ਕਰ ਦੇਵਾਂਗਾ ਅਤੇ ਪਲਾਂ ਵਿੱਚ ਹੀ ਅਸੀਂ ਇਸ ਅਕਾਸ਼ੀ ਭੰਵਰ ਤੋਂ ਲੱਖਾ ਮੀਲ ਦੂਰ ਹੋ ਜਾਵਾਗੇ।"
"ਓ. ਕੇ.। ਮੈਂ ਸੰਤੁਸ਼ਟ ਹਾਂ। ਬਸ਼ਰਤੇ ਕਿ ਕੁਦਰਤ ਦਾ ਨਿਯਮ ਨਾ ਬਦਲ ਜਾਵੇ।" ਹਰਬੀਰ ਨੇ ਸਿਲਕੀ ਵੱਲ ਵੇਖਦਿਆਂ ਕਿਹਾ।"
ਉਸ ਦੀਆਂ ਅੱਖਾਂ ਵਿੱਚ ਉਦਾਸੀ ਦੇ ਭਾਵ ਸਨ। "ਡੌਂਟ ਵਰੀ, ਸਿਲਕੀ... ਪ੍ਰਮਾਤਮਾ ਸਭ ਕੁੱਝ ਠੀਕ ਕਰ ਦੇਵੇਗਾ।"
ਹਰਬੀਰ ਨੇ ਆਪਣਾ ਹੱਥ ਉਸ ਦੀਆਂ ਕੋਮਲ ਗੱਲ੍ਹਾਂ ਤੇ ਫਰਦਿਆਂ ਆਖਿਆ। ਮਾਸਟਰ ਕੰਪਿਊਟਰ ਕੁਝ ਨਾ ਬੋਲਿਆ, ਬਸ ਉਸਦੇ ਮੂੰਹ ਦੇ ਤਾਰ ਹਿਲਕੇ ਰਹਿ ਗਏ। ਇਹੋ ਜਿਹਾ ਪ੍ਰੇਮ ਸਪੱਰਸ਼ ਉਹ ਕਿਵੇਂ ਅਨੁਭਵ ਕਰ ਸਕਦਾ ਸੀ?
ਹੁਣ ਉਹਨਾਂ ਦਾ ਯਾਨ "ਅਕਾਸ਼ੀ ਭੰਵਰ" ਤੋਂ ਇਕ ਕਿਲੋਮੀਟਰ ਦੂਰ ਸੀ। ਕੰਪਿਊਟਰ ਨੇ ਯਾਨ ਸਥਿਰ ਕਰ ਦਿੱਤਾ ਸੀ।
ਹਰਬੀਰ ਮਨ ਹੀ ਮਨ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। "ਉਹ ਗਾਡ! ਪਲੀਜ਼ ਹੈਲਪ ਅੱਸ....।" ਸਿਲਕੀ ਦੇ ਮੂੰਹੋਂ ਬੋਲ ਝੜ ਰਹੇ ਸਨ। ਫੇਰ ਹਰਬੀਰ ਨੇ ਆਪਣਾ ਪੂਰਾ ਧਿਆਨ ਟੀ ਵੀ ਸਕਰੀਨ ਤੇ ਚੱਕਰ ਦੇ ਕਿਨਾਰੇ ਤੋਂ "ਅਕਾਸ਼ੌ ਭੰਵਰ" ਦੇ ਚਿੱਤਰ ਤੇ ਕੇਂਦਿਰਤ ਕਰ ਦਿੱਤਾ। ਜਿਵੇਂ ਹੀ 500 ਮੀਟਰ ਵਿਆਸ ਵਾਲੀਆਂ ਤਪਦੀਆਂ ਸਲਾਖਾਂ ਨੇ ਚੱਕਰ ਦੇ ਕਿਨਾਰੇ ਤੋਂ ਧੁਰੀ ਵੱਲ ਨੂੰ ਵੱਧਣਾ ਸ਼ੁਰੂ ਕੀਤਾ ਤਾਂ ਕੰਪਿਊਟਰ ਨੇ ਯਾਨ ਦੀ ਗਤੀ ਮੱਧਮ ਕਰਕੇ ਉਸ ਨੂੰ ਚਾਲੂ ਕਰ ਦਿੱਤਾ। ਹਰਬੀਰ ਅਤੇ ਸਿਲਕੀ ਦੇ ਦਿਲ ਐਨੀ ਤੇਜ਼ੀ ਨਾਲ ਧੜਕ ਰਹੇ ਸਨ ਜਿਵੇਂ ਪੱਖੇ ਦੇ ਪਰ ਘੁੰਮਦੇ ਹੋਣ। ਟੀ.ਵੀ. ਕੈਮਰਾ ਸਾਰੇ ਹਾਲਾਤ ਫਿਲਮਾਂ ਰਿਹਾ ਸੀ।
....ਤੇ ਫਿਰ ਜਦ ਸਲਾਖਾਂ ਨੇ ਧੂਰੀ ਨਾਲ ਸਪੱਰਸ਼ ਕਰਕੇ ਵਾਪਸ ਮੁੜਨਾ ਸ਼ੁਰੂ ਕੀਤਾ।
ਬਿਲਕੁਲ.....।
ਉਸੇ ਪਲ
ਕੰਪਿਊਟਰ ਨੇ ਯਾਨ ਦੀ ਗਤੀ ਕਲਪਨਾ ਜਿੰਨੀ ਤੇਜ਼ ਕਰ ਦਿੱਤੀ। ਯਾਨ ਪ੍ਰਕਾਸ਼ ਦੀ ਗਤੀ ਨਾਲ ਦੌੜ੍ਹਦਾ ਹੋਇਆ "ਅਕਾਸ਼ੀ ਭੰਵਰ" ਵੱਲ ਵੱਧ ਰਿਹਾ ਸੀ।
ਹਰਬੀਰ ਨੇ ਸਿਲਕੀ ਦੇ ਦਿਲ ਧੜਕ ਰਹੇ ਸਨ। ਉਹ ਮਨ ਹੀ ਮਨ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ।
ਫੇਰ.....।
ਉਹ ਸਮਾਂ ਵੀ ਆਇਆ ਜਦ ਯਾਨ "ਅਕਾਸ਼ ਭੰਵਰ" ਦੇ ਚੱਕਰ ਦੇ ਖੋਲ ਵਿੱਚ ਪ੍ਰਵੇਸ਼ ਕਰ ਗਿਆ ਅਤੇ ਇਕ ਸਕਿੰਟ ਬਾਅਦ ਹੀ ਹਾਂ-ਇਕ ਸਕਿੰਟ ਬਾਅਦ ਹੀ ਯਾਨ ਭੰਵਰ ਤੋਂ ਤਿੰਨ ਲੱਖ ਕਿਲੋਮੀਟਰ ਦੂਰ ਸੀ। ਪਰ ਥੋੜ੍ਹੀ ਦੇਰ ਹੋ ਗਈ ਅਤੇ ਯਾਨ ਦਾ ਪਿਛਲਾ ਹਿੱਸਾ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ।
ਹਰਬੀਰ ਤੇ ਸਿਲਕੀ ਨੇ ਖੁਸ਼ੀ ਅਤੇ ਹੈਰਾਨੀ ਨਾਲ ਇਕ ਦੂਜੇ ਨੂੰ ਵੇਖਿਆ। ਉਨ੍ਹਾਂ ਦੀਆਂ ਅੱਖਾਂ ਵਿੱਚ ਅਸੀਮ ਸ਼ਾਂਤੀ ਦੇ ਭਾਵ ਸਨ। ਫੇਰ ਹਰਬੀਰ ਨੇ ਚੁੱਪੀ ਤੋੜੀ.... "ਕੰਪਿਊਟਰ, ਯਾਨ ਦਾ ਪਿਛਲਾ ਹਿੱਸਾ ਤਾਂ ਖਰਾਬ ਹੋ ਗਿੳਾ ਹੈ।" ਹੁਣ ਸਾਨੂੰ ਕਿਸੇ ਗ੍ਰਹਿ ਤੇ ਉਤਰਨਾ ਪਵੇਗਾ! "ਹਾਂ ਸ਼੍ਰੀਮਾਨ ਜੀ ਤੁਸੀਂ ਠੀਕ ਆਖਦੇ ਹੋ।"
"ਅਕਾਸ਼ਦੀਪ" ਨੇ ਪਿਛਲੇ ਹਿੱਸੇ ਵਿੱਚ ਭਾਵੇਂ ਥੋੜ੍ਹੀ ਜਿਹੀ ਖਰਾਬੀ ਆਈ ਸੀ। ਪਰ ਜੇ ਇਸ ਹਾਲਤ ਵਿੱਚ ਯਾਤਰਾ ਜਾਰੀ ਰੱਖੀ ਜਾਂਦੀ ਤਾਂ ਯਾਨ ਕਾਫ਼ੀ ਖਰਾਬ ਹੋ ਸਕਦਾ ਸੀ। ਇਸ ਲਈ ਕਿਸੇ ਗ੍ਰਹਿ ਤੇ ਉਤਰਨਾ ਜ਼ਰੁਰੀ ਹੋ ਗਿਆ। ਤਾਂ ਜੋ ਯਾਨ ਨੂੰ ਠੀਕ ਕੀਤਾ ਜਾ ਸਕੇ। ਮਾਸਟਰ ਕੰਪਿਊਟਰ ਦੀਆਂ ਤੇਜ਼ ਐਕਸ-ਰੇ-ਨਜ਼ਰਾਂ ਕਾਫੀ ਦੂਰ ਦੂਰ ਤਕ ਕਿਸੇ ਉਤਰਨ ਯੋਗ ਧਰਤੀ ਨੂੰ ਭਾਲ ਰਹੀਆਂ ਸਨ।
ਹਰਬੀਰ ਅਤੇ ਸਿਲਕੀ ਦੀਆਂ ਖੋਜੀ ਨਜ਼ਰਾਂ ਵੀ ਸਕਰੀਨ ਤੇ ਜੰਮੀਆਂ ਹੋਈਆਂ ਸਨ।
ਅਚਾਨਕ ਸਿਲਕੀ ਚੀਖ ਉਠੀ....।
"ਔਹ ਵੇਖੋ! ਧਰਤੀ ਨਜ਼ਰ ਆ ਰਹੀ ਹੈ।" ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਸੀ।
ਹਰਬੀਰ ਵੀ ਵੇਖ ਰਿਹਾ ਸੀ।
"ਯੈਸ ਮੈਡਮ? ਅਸੀਂ ਇਕ ਛੋਟੇ ਜਿਹੇ ਗ੍ਰਹਿ ਤੇ ਉਤਰ ਰਹੇ ਹਾਂ। ਜਿਸ ਦਾ ਨਾਂ ਮਾਰਕੋ ਹੈ। ਇਹ ਗ੍ਰਹਿ ਦੀ ਸਭਿਅਤਾ ਬਹੁਤ ਸਾਲ ਪਿਛੇ ਹੈ। ਇਸ ਤੇ ਆਦਿਵਾਸੀ ਵੱਸਦੇ ਹਨ। ਜਿਸ ਤਰ੍ਹਾਂ 'ਪੱਥਰ ਯੁਗ' ਵਿੱਚ ਪ੍ਰਿਥਵੀ ਤੋਂ ਵੱਸਦੇ ਸਨ। ਇਨ੍ਹਾਂ ਦੀ ਸ਼ਕਲ ਸੂਰਤ ਬਿਲਕੁਲ 'ਪੱਥਰ ਯੁੱਗ' ਦੇ ਮਾਨਵ ਵਰਗੀ ਹੈ। ਇਥੇ ਕਾਫੀ ਵਿੱਚਿਤਰ ਜੀਵ ਜੰਤੂ ਵੀ ਵਸਦੇ ਨੇ....। ਸਭਿਅਤਾ ਪ੍ਰਥਮ ਚਰਣ ਵਿੱਚ ਹੀ ਬਟਕ ਰਹੀ ਹੈ।"
"ਅਸੀਂ ਕਦ ਲੈਂਡ ਕਰਾਂਗੇ?" ਸਿਲਕੀ ਨੇ ਪੁਛਿਆ।
"ਪੰਜ ਮਿੰਟ ਬਾਅਦ।"
ਤੇ ਫਿਰ ਪੰਜ ਮਿੰਟਾਂ ਬਾਅਦ 'ਅਕਾਸ਼ਦੀਪ' ਮਾਰਕੋ ਗ੍ਰਹਿ ਦੇ ਇਕ ਨਿਰਜਨ ਸਬੱਲ ਤੇ ਉਤਰਿਆਂ ਹਰਬੀਰ ਨੇ ਦਰਵਾਜ਼ਾ ਖੋਲ੍ਹ ਦਿੱਤਾ।
"ਕੰਪਿਊਟਰ ਕੀ ਬਾਹਰ ਜਾਣਾ ਸੁਰੱਖਿਅਤ ਹੋਵੇਗਾ?"
"ਹਾਂ....ਪਰ ਬਹੁਤੀ ਦੂਰ ਨਾ ਜਾਣਾ।"
ਹਰਬੀਰ ਅਤੇ ਸਿਲਕੀ ਬਾਹਰ ਆ ਗਏ। ਉਹਨਾਂ ਦੇ ਚਿਹਰੇ ਤੇ 'ਵਿਜੇ' ਦੇ ਚਿੰਨ੍ਹ ਸਨ।
ਆਖਰ ਉਹਨਾਂ ਨੇ ਇਕ ਸਭਿਅਤਾ ਤਾਂ ਲੱਭ ਹੀ ਲਈ।
ਮਾਸਟਰ ਕੰਪਿਊਟਰ ਯਾਨ ਨੂੰ ਠੀਕ ਕਰਨ ਲੱਗ ਪਿਆ। ਟੀ.ਵੀ ਕੈਮਰਾ, ਜਿਹੜਾ ਕਿ ਯਾਨ ਦੇ ਸਿਖਰ ਤੇ ਸਥਿਤ ਸੀ, ਸਾਰੇ ਹਾਲਤ ਫਿਲਮਾ ਰਿਹਾ ਸੀ। ਉਹਨਾਂ ਦੂਰ ਦੂਰ ਨਜ਼ਰ ਮਾਰੀ ਤਾਂ ਦਰੱਖ਼ਤਾ ਦੇ ਝੁੰਡ ਨਜ਼ਰ ਆਏ। ਥੋੜੀ ਦੂਰ ਹੀ ਇਕ ਵਿਸ਼ਾਲ ਜੀਵ ਨਜ਼ਰ ਆ ਰਿਹਾ ਸੀ ਜੋ ਜ਼ਮੀਨ ਤੇ ਲੰਮਾ ਪਿਆ ਹੋਇਆ ਸੀ। ਉਸ ਦੀ ਸ਼ਕਲ ਬਹੁਤ ਹੱਦ ਤਕ ਡਾਈਨਾਸੋਰ ਨਾਲ ਮਿਲ ਰਹੀ ਸੀ।
ਉੱਤਰ ਵੱਲ ਨੂੰ ਵੇਖਣ ਤੇ ਉਹਨਾਂ ਨੂੰ ਪਾਣੀ ਦਾ ਇਕ ਛੋਟਾ ਜਿਹਾ ਤਲਾਬ ਨਜ਼ਰ ਆਇਆ। ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਉਭਰ ਆਈ। ਉਹ ਟੁਰ ਕੇ ਤਲਾਬ ਤੱਕ ਆ ਗਏ।
ਹਰਬੀਰ ਹੱਥ ਵਧਾ ਕੇ ਪਾਣੀ ਦਾ ਘੁੱਟ ਭਰਨ ਲੱਗਾ ਤਾਂ ਸਿਲਕੀ ਨੇ ਉਸ ਦਾ ਹੱਥ ਫੜ ਲਿਆ।
ਨਹੀਂ ਪਹਿਲਾਂ ਇਸ ਦਾ ਨਿਰੀਖਣ ਕਰ ਲਵਾਂ।
ਥੋੜ੍ਹੀ ਦੇਰ ਬਾਅਦ ਜਦੋਂ ਸਿਲਕੀ ਪੁਰੀ ਤਰ੍ਹਾਂ ਪਾਣੀ ਨੂੰ ਚੈਕ ਕਰ ਚੁੱਕੀ ਤਾਂ ਉਸਦੇ ਚਿਹਰੇ ਤੇ ਪੀੜ ਦੀਆਂ ਰੇਖਾਵਾਂ ਨ੍ਰਿਤ ਕਰ ਰਹੀਆਂ ਸਨ।
"ਵੇਖਿਆ, ਹਰਬੀਰ ਪਾਣੀ ਵਿੱਚ ਪੋਟਾਸ਼ੀਅਮ ਸਾਇਆਨਾਈਡ ਦੇ ਅੰਸ਼ ਹਨ।"
"ਓਹ....!" ਹਰਬੀਰ ਦੇ ਮੁੰਹੋਂ ਡੂੰਘਾ ਸਾਹ ਨਿਕਲਿਆ। ਉਸ ਨੇ ਪਿਆਰ ਨਾਲ ਸਿਲਕੀ ਵੱਲ ਨੂੰ ਤੱਕਿਆ ਇਸ ਤੱਕਣੀ ਵਿੱਚ ਧੰਨਵਾਦ ਦੇ ਮਿਲੇ ਜੁਲੇ ਭਾਵ ਸਨ।
ਤਦੇ ਉਹਨਾਂ ਨੂੰ ਸ਼ੋਰ ਸੁਣਾਈ ਦਿੱਤਾ। ਸ਼ੋਰ ਉਹਨਾਂ ਦੇ ਯਾਨ ਵੱਲੋਂ ਆ ਰਿਹਾ ਸੀ। ਉਨ੍ਹਾਂ ਨੇ ਨਜ਼ਰ ਘੁਮਾ ਕੇ ਉਧਰ ਵੇਖਿਆ ਤਾਂ ਹੈਰਾਨ ਰਹਿ ਗਏ। ਕੁਝ ਆਦਿ ਮਾਨਵ, ਜਿਨ੍ਹਾਂ ਨੇ ਲੱਕ ਤੇ ਹੀ ਸਿਰਫ਼ ਕੱਪੜਾ ਬੰਨਿਆ ਹੋਇਆ ਸੀ ਯਾਨ ਦੇ ਦੁਆਲੇ ਇੱਕਠੇ ਹੋ ਕੇ ਨੱਚ ਰਹੇ ਸਨ। ਉਨ੍ਹਾਂ ਦੇ ਹੱਥ ਵਿੱਚ ਪ੍ਰਚੀਨ ਕਾਲ ਦੇ ਸਾਰੇ ਹਥਿਆਰ ਸਨ। ਗਦਾ ਤੇ ਤ੍ਰਿਸ਼ੂਲ ਵਰਗਾ ਹਥਿਆਰ। "ਹੁਣ ਕੀ ਹੋਵੇਗਾ?" ਸਿਲਕੀ ਨੇ ਪੁਛਿਆ।
ਉਹ ਕਿਸੇ ਅਜੀਬੋ ਗਰੀਬ ਭਾਸ਼ਾ ਵਿੱਚ ਸ਼ੋਰ ਮਚਾ ਰਹੇ ਸਨ। "ਡੋਂਟ ਵਰੀ" ਹਰਬੀਰ ਨੇ ਜੇਬ ਵਿੱਚੋਂ ਪਿਸਤੌਲ ਕੱਢਦਿਆਂ ਆਖਿਆ।
ਸਿਲਕੀ ਜਾਣਦੀ ਸੀ ਕਿ ਇਸ ਪਿਸਤੌਲ ਵਿੱਚੋਂ ਇਕ ਥੈਲੀ ਜਿਹੀ ਨਿਕਲਦੀ ਹੈ ਜਿਸ ਨਾਲ ਚਾਰੇ ਪਾਸੇ "ਅੱਥਰੂ" ਗੈਸ ਫੈਲ ਜਾਂਦੀ ਹੈ। ਸਿਲਕੀ ਨੇ ਤੇਜ਼ੀ ਨਾਲ ਮਿੱਟੀ ਪੁੱਟ ਕੇ ਰਬੜ ਦੀ ਥੈਲੀ ਵਿੱਚ ਪਾ ਲਈ।
ਅਚਾਨਕ ਇਕ ਆਦਿ ਮਾਨਵ ਦੀ ਨਜ਼ਰ ਉਹਨਾਂ ਤੇ ਪਈ।
"ਵਾਂਗਾਂ-ਚੁਆਂ",ਉਹ ਉਹਨਾਂ ਵੱਲ ਨੂੰ ਹੱਥ ਕਰਕੇ ਕਿਸੇ ਅਜੀਬ ਜਿਹੀ ਭਾਸ਼ਾ ਵਿੱਚ ਹੀ ਚੀਖਿਆ।
ਸਾਰੇ ਆਦਿ ਮਾਨਵ ਉਹਨਾਂ ਵਲ ਦੌੜ ਪਏ। ਪਰ ਹਰਬੀਰ ਨੇ ਸਿਲਕੀ ਇਕ ਪਲ ਲਈ ਵੀ ਨਹੀਂ ਘਬਰਾਏ।
ਜਦੋਂ ਆਦਿ ਮਾਨਵ ਉਹਨਾਂ ਦੇ ਐਨ ਨਜ਼ਦੀਕ ਪੁੱਜ ਗਏ ਤਾਂ ਹਰਬੀਰ ਨੇ ਪਿਸਤੌਲ ਹਵਾ ਵਿੱਚ ਉਠਾ ਕੇ ਘੋੜਾ ਦਬਾ ਦਿੱਤਾ। ਪਿਸਤੋਲ ਦੀ ਨਾਲ ਵਿੱਚੋਂ ਇਕ ਦੋ ਕੁ ਸੈਂਟੀਮੀਟਰ ਦੀ ਥੈਲੀ ਨਿਕਲੀ ਅਤੇ ਵਾਤਾਰਵਰਣ ਵਿੱਚ ਕੌੜਾ ਧੂੰਆ ਪਸਰ ਗਿਆ।
ਆਦਿ ਮਾਨਵ ਅੱਖਾ ਤੇ ਹੱਥ ਰੱਖ ਕੇ ਜਿਧਰ ਨੂੰ ਰਸਤਾ ਮਿਲਿਆ ਭੱਜਣ ਲੱਗ ਪਏ। ਛੇਤੀ ਹੀ ਉਹ ਦਰੱਖਤਾ ਦੇ ਝੁੰਡਾਂ ਵਿੱਚ ਪੁੱਜ ਕੇ ਗਾਇਬ ਹੋ ਗਏ। ਹਰਬੀਰ ਅਤੇ ਸਿਲਕੀ ਨੇ ਧੂੰਏ ਦੇ ਕੌੜੇਪਣ ਤੋਂ ਬਚਣ ਲਈ ਅੱਖਾਂ ਤੇ ਪਹਿਲਾਂ ਹੀ ਗਾਗਲਜ਼ ਚੜ੍ਹਾਏ ਹੋਏ ਸਨ। ਉਹ ਛੇਤੀ ਯਾਨ ਵਿੱਚ ਆ ਗਏ। ਯਾਨ ਨੂੰ ਮਾਸਟਰ ਕੰਪਿਊਟਰ ਹੁਣ ਪੂਰੀ ਤਰ੍ਹਾਂ ਠੀਕ ਕਰ ਚੁਕਿਆ ਸੀ।
"ਸਰ! ਮੈਂ ਹੁਣੇ ਹੀ ਜਦ ਅਤਰਿਖਸ਼ ਦਾ ਅਧੀਐਨ ਕਰ ਰਿਹਾ ਸੀ ਤਾਂ ਪੂਰਬ ਵੱਲ ਨੂੰ 45 ਦੇ ਕੋਣ ਤੇ ਵੇਖਣ ਤੇ ਪਤਾ ਲੱਗਾ ਕਿ ਇਕ ਹੋਰ ਸਭਿਅਤਾ ਵੀ ਅਬਾਦ ਹੈ। ਉਸ ਗ੍ਰਹਿ ਦਾ ਨਾਂ ਡੈਕਲੀ ਹੈ। ਉਥੋਂ ਦਾ ਵਿਗਿਆਨ ਪ੍ਰਿਥਵੀ ਦੇ ਵਿਗਿਆਨ ਤੋਂ ਪੰਜ ਲੱਖ ਸਾਲ ਅੱਗੇ ਹੈ। ਉਹ ਗ੍ਰਹਿ ਇਸ ਗ੍ਰਹਿ ਤੋਂ ਪੰਜਾਬ ਹਜ਼ਾਰ ਮੀਲ ਦੂਰ ਹੈ।" ਕੰਪਿਊਟਰ ਦੇ ਮੁੰਹੋਂ ਆਵਾਜ਼ ਦੀਆਂ ਤਰੰਗਾਂ ਫੁੱਟੀਆਂ।
ਉਹਨਾਂ ਦੀਆਂ ਅੱਖਾਂ ਵਿੱਚ ਫੇਰ ਚਮਕ ਉਭਰ ਆਈ। "ਡੈਕਲੀ ਗ੍ਰਹਿ ਵੱਲ ਨੂੰ ਚਾਲੇ ਪਾ ਦੇਵੋ।" ਹਰਬੀਰ ਨੇ ਆਖਿਆ। "ਡੈਕਲੀ ਗ੍ਰਹਿ ਵੱਲ ਨੂੰ ਚਾਲੇ ਪਾ ਦੇਵੋ।" ਹਰਬੀਰ ਨੇ ਆਖਿਆ।
ਬੁਲਬੁਲੇ ਦੇ ਬਣਨ ਤੋਂ ਲੈ ਕੇ ਵਿਲੀਨ ਹੋਣ ਜਿੰਨੇ ਸਮੇਂ ਵਿੱਚ ਆਕਾਸ਼ਦੀਪ ਮਾਰਕੋ ਗ੍ਰਹਿ ਦੀ ਧਰਤੀ ਛੱਡ ਗਿਆ। ਹੁਣ ਉਹ ਡੈਕਲੀ ਗ੍ਰਹਿ ਵੱਲ ਨੂੰ ਨਿਰੰਤਰ ਵੱਧ ਰਿਹਾ ਸੀ।
ਗ੍ਰਹਿ ਡੈਕਲੀ!
ਉਥੋਂ ਦੀ ਰਾਜਧਾਨੀ--ਵਿੰਟਰ।
ਚਾਰੇ ਪਾਸੇ ਇਸਪਾਤ ਅਤੇ ਸੋਨੇ ਦੀਆਂ ਬਣੀਆਂ ਗਗਨ ਚੁੰਬੀ ਇਮਾਰਤਾਂ। ਸੜਕਾਂ ਤੇ ਦੌੜਦੇ ਭਾਰੀ ਵਾਹਨ ਅਤੇ ਹਵਾ ਵਿੱਚ ਤੇਰਦੀਆਂ ਉੜਨਕਾਰਾਂ। ਗੱਲ ਕੀ ਪੂਰੇ ਦਾ ਪੂਰਾ ਵਿੰਟਰ ਸ਼ਹਿਰ ਪ੍ਰਿਥਵੀ ਦੇ ਕਿਸੇ ਮਨੁੱਖ ਦੇ ਸੁਪਨਿਆਂ ਦੇ ਹਾਣ ਦਾ ਸੀ। ਕਿਸੇ ਦੇਵ ਲੋਕ ਵਾਂਗ। ਚਾਰੇ ਪਾਸੇ ਪਸਰੀਆਂ ਰੰਗ-ਬਰੰਗੀਆਂ ਇਮਾਰਤਾਂ ਬੜਾ ਹੀ ਮਨਮੋਹਕ ਵਾਤਾਵਰਣ ਬਣਾ ਰਹੀਆਂ ਸਨ। ਜਿਸ ਸੌਰਮੰਡਲ ਵਿੱਚ ਡੈਕਲੀ ਗ੍ਰਹਿ ਸੀ ਉਸ ਵਿੱਚ ਕੁੱਲ ਬਾਰਾਂ ਗ੍ਰਹਿ ਸਨ ਅਤੇ ਦੋ ਸੁਰਜ ਸਨ। ਪਰ ਸਾਡੇ ਸੂਰਜ ਤੋਂ ਅੱਧੇ ਅਕਾਰ ਦੇ। ਉਸ ਸੌਰਮੰਡਲ ਵਿੱਚ "ਡੈਕਲੀ" ਤੋਂ ਇਲਾਵਾ ਹੋਰ ਵੀ ਦੋ ਗ੍ਰਹਿਆਂ ਤੇ ਜੀਵਨ ਸੀ। ਸੀਵਨ ਅਤੇ ਵੀਂਜ - ਇਹ ਗ੍ਰਹਿ ਆਕਾਰ ਦੇ ਪੱਖੋ ਡੈਕਲੀ ਗ੍ਰਹਿ ਤੋਂ ਬਹੁਤ ਛੋਟੇ ਸਨ। ਇਨ੍ਹਾਂ ਗ੍ਰਹਿਆਂ ਤੇ ਵੀ ਡੈਕਲੀ ਗ੍ਰਹਿ ਦੇ ਸ਼ਾਸਕ ਰਿਆਜ਼ੇ ਦੀ ਹਕੂਮਤ ਹੀ ਸੀ।
ਇਹ ਤਿੰਨੇ ਗ੍ਰਹਿ ਵਿਗਿਆਨ ਦੇ ਖੇਤਰ ਵਿੱਚ ਪ੍ਰਿਥਵੀ ਤੋਂ ਬਹੁਤ ਅੱਗੇ ਸਨ। ਜਿਨ੍ਹਾਂ ਚੀਜ਼ਾਂ ਦੀ ਅਜੇ ਅਸੀਂ ਕਲਪਨਾ ਵੀ ਨਹੀਂ ਕੀਤੀ ਸੀ। ਉਹ ਇਨ੍ਹਾਂ ਗ੍ਰਹਿਆ ਤੇ ਆਸਾਨੀ ਨਾਲ ਉਪਲਬਧ ਸਨ। ਇਨ੍ਹਾਂ ਤਿੰਨਾਂ ਗ੍ਰਹਿਆ ਤੇ ਜਿਹੜੇ ਮਨੁੱਖ ਵਸਦੇ ਸਨ ਉਨ੍ਹਾਂ ਦਾ ਕੱਦ ਪ੍ਰਿਥਵੀ ਵਾਸੀਆਂ ਤੋਂ ਥੋੜ੍ਹਾ ਛੋਟਾ ਸੀ ਪਰ ਉਨ੍ਹਾਂ ਦਾ ਮਸਤਕ ਅਸਾਡੇ ਨਾਲੋਂ ਕਿਤੇ ਚੋੜਾ ਸੀ। ਇਥੇ ਡੇਢ ਮਹੀਨੇ ਦਾ ਬੱਚਾ ਤੁਰਨ ਫਿਰਨ ਲਗ ਪੈਂਦਾ ਸੀ। ਉਨ੍ਹਾਂ ਗ੍ਰਹਿ ਵਾਸੀਆਂ ਦੇ ਚਿਹਰੇ ਤੇ ਇਕ ਵੀ ਵਾਲ ਨਹੀਂ ਸੀ। ਸਾਰੇ ਦੇ ਸਾਰੇ ਗ੍ਰਹਿ ਵਾਸੀ ਜਨਮਜਾਤ ਗੰਜੇ ਸਨ। ਉਨ੍ਹਾਂ ਦੇ ਚਿਹਰੇ ਤੇ ਵੀ ਦੋ ਹੀ ਅੱਖੀਆਂ ਸਨ ਪਰ ਸਾਰੇ ਵਾਸੀਆਂ ਦੀਆਂ ਅੱਖਾਂ ਦਾ ਰੰਗ ਹਰਾ ਸੀ। ਉਹ ਗੁੰਝਲਦਾਰ ਤੋਂ ਵੀ ਗੁੰਝਲਦਾਰ ਗੱਲ ਨੂੰ ਬਹੁਤ ਛੇਤੀ ਸਮਝ ਲੈਂਦੇ ਸਨ। ਵਿਗਿਆਨ ਦੇ ਲੰਬੇ ਚੋੜੇ ਸਵਾਲ ਪਲਾਂ ਵਿੱਚ ਹੀ ਕੱਢ ਮਾਰਦੇ ਸਨ। ਹਰੇਕ ਵਿਅਕਤੀ ਨੂੰ ਵਿਗਿਆਨ ਵਿੱਚ ਰੁੱਚੀ ਸੀ ਤਦੇ ਹੀ ਉਹ ਗ੍ਰਹਿ ਐਨੀ ਤਰੱਕੀ ਕਰ ਸਕੇ ਸਨ।
ਸ਼ਹਿਰ ਵਿੰਟਰ ਦੀ ਸੌ ਮੰਜ਼ਿਲਾ ਇਮਾਰਤ ਜਿਸਦਾ ਨਾਂ "ਸਿਤਾਰਾ ਘਰ" ਸੀ। ਵਿਗਿਆਨਕਾਂ ਦੇ ਵਿੱਚਾਰ ਕਰਨ ਦੀ ਜਗ੍ਹਾ ਸੀ। ਉਥੋਂ ਦੇ ਚੀਫ਼ ਦਾ ਨਾਂ ਸੀ-ਨੀਵਾਨ। ਹਾਲਾਂ ਕਿ ਵਿਗਿਆਨ ਦੇ ਖੇਤਰ ਵਿੱਚ ਉਸਨੇ ਕੋਈ ਬਹੁਤਾ ਵੱਡਾ ਮਾਅਰਕਾ ਨਹੀਂ ਸੀ ਮਾਰਿਆ ਪਰ ਫੇਰ ਵੀ ਉਹ ਆਪਣੇ ਵਿਲੱਖਣ ਗੁਣਾਂ ਕਰਕੇ ਚੀਫ਼ ਬਣ ਬੈਠਾ ਸੀ। ਉਸਦਾ ਘਰ ਵੀ ਵਿੰਟਰ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਸੀ। ਉਥੇ ਉਹ ਇਕੱਲਾ ਹੀ ਰਹਿੰਦਾ ਸੀ। ਉਹ ਕਿਸੇ ਵੀ ਪ੍ਰਸਥਿਤੀ ਵਿੱਚ ਨਹੀਂ ਘਬਰਾਉਂਦਾ ਸੀ।
ਇਸ ਸਮੇਂ ਉਹ "ਸਿਤਾਰਾ ਘਰ" ਦੀ ਸੌਵੀਂ ਮੰਜ਼ਿਲ ਤੇ ਸਥਿੱਤ ਆਪਣੇ ਆਫਿਸ ਵਿੱਚੋਂ ਛੁੱਟੀ ਕਰਕੇ ਨਿਕਲਿਆ ਸੀ। ਉਹ ਬਾਹਰ ਪੋਰਚ ਵਿੱਚ ਖੜੀ ਆਪਣੀ ਉੜਨਕਾਰ ਕੋਲ ਆਇਆ ਅਤੇ ਤੇਜ਼ੀ ਨਾਲ ਉਸਨੂੰ ਸਟਾਰਟ ਕਰਕੇ ਆਪਣੇ ਘਰ ਵੱਲ ਨੂੰ ਨਿਕਲ ਪਿਆ। ਉਸ ਸਮੇਂ ਉਸਨੇ ਆਪਣੇ ਘਰ ਦੇ ਦਲਾਨ ਵਿੱਚ ਆਪਣੀ ਕਾਰ ਨੂੰ ਉਤਾਰਿਆ ਸੀ ਜਦ ਉਸਨੇ "ਆਕਾਸ਼ ਦੀਪ" ਯਾਨ ਨੂੰ ਹਵਾ ਵਿੱਚ ਤੇਰਦਿਆਂ ਵੇਖਿਆ। ਉਸ ਦੀਆਂ ਅਨੁਭਵੀ ਅੱਖਾਂ ਝੱਟ ਤਾੜ ਗਈਆਂ ਕਿ ਇਹ ਯਾਨ ਉਹਨਾਂ ਦੇ ਆਪਣੇ ਗ੍ਰਹਿਆ ਦਾ ਨਹੀਂ ਬਲਕਿ ਕਿਸੇ ਬਾਹਰੀ ਦੁਨੀਆਂ ਤੋਂ ਆਇਆ ਹੈ। ਉਸ ਦੀਆਂ ਛੋਟੀਆਂ ਅੱਖਾਂ ਹੋਰ ਛੋਟੀਆ ਹੋ ਗਈਆਂ ਅਤੇ ਉਹ ਅਕਾਸ਼ਦੀਪ ਨੂੰ ਵੇਖ ਕੇ ਨਾ ਹੁੰਦਿਆ ਹੋਇਆ ਵੀ ਮੁਸਕਰਾ ਪਿਆ। ਅਕਾਸ਼ਦੀਪ ਉਸਦੇ ਘਰ ਤੋਂ ਦੂਰ ਇਕ ਨਿਰਜਨ ਸਥੱਲ ਤੇ ਹੌਲੀ ਹੌਲੀ ਉਤਰ ਰਿਹਾ ਸੀ। ਨੀਵਾਨ ਕਾਰ ਖੜੀ ਕਰਕੇ ਉੱਧਰ ਚੱਲ ਪਿਆ।
ਥੌੜੀ ਦੇਰ ਬਾਅਦ ਉਹ ਉਸ ਜਗ੍ਹਾ ਤੇ ਪੁੱਜ ਗਿਆ। ਜਿਥੇ ਅਕਾਸ਼ ਦੀਪ ਹੁਣੇ ਹੀ ਉਤਰਿਆ ਸੀ। ਅਕਾਸ਼ ਦੀਪ ਵਿੱਚੋਂ ਨਿਕਲਦੀ ਤੇਜ਼ ਗੈਸ ਕਾਰਣ ਆਸਪਾਸ ਦੇ ਵਾਤਵਰਣ ਵਿੱਚ ਮਿੱਟੀ ਉੜ ਕੇ ਭਰ ਗਈ ਸੀ। ਉਹ ਇਕ ਦਰੱਖਤ ਦੇ ਤਣੇ ਦੇ ਉਹਲੇ ਹੋ ਗਿਆ।
"ਅਕਾਸ਼-ਦੀਪ" ਯਾਨ ਵਿੱਚੋਂ ਨਿਕਲ ਰਹੀ ਤੇਜ਼ ਚਮਕ ਉਸ ਦੀਆਂ ਅੱਖੀਆਂ ਚੁੰਧਿਆ ਰਹੀ ਸੀ।
"ਸਰ! ਅਸੀਂ ਡੈਕਲੀ ਗ੍ਰਹਿ ਦੇ ਧਰਾਤਲ ਤੇ ਠੀਕ ਠਾਕ ਲੈਂਡ ਕਰ ਗਏ ਹਾਂ।" ਕੰਪਿਊਟਰ ਦੇ ਮੂੰਹੋ ਆਵਾਜ਼ ਦੀਆਂ ਲਹਿਰਾ ਨਿਕਲੀਆਂ।
ਕੰਪਿਉਟਰ ਨੇ ਉਹਨਾਂ ਨੂੰ ਡੈਕਲੀ, ਸੀਵਨ ਅਤੇ ਵੀਂਜ ਗ੍ਰਹਿਆਂ ਬਾਰੇ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ।
ਉਸ ਸਮੇਂ ਸਿਲਕੀ ਸਕਰੀਨ ਤੇ ਇਕ ਦਰਖ਼ਤ ਉਹਲੇ ਖੜੇ ਨੀਵਾਨ ਨੂੰ ਵੇਖਕੇ ਚੌਂਕੀ।
"ਹਰਬੀਰ, ਉਹ ਵੇਖੋ ਆਦਮੀ!"
ਹਰਬੀਰ ਨੇ ਵੀ ਤਦ ਤਕ ਨੀਵਾਨ ਨੂੰ ਵੇਖ ਲਿਆ ਸੀ।
“ਹਾਂ, ਸੱਚਮੁਚ, ਸਾਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ।”
ਫੇਰ ਹਰਬੀਰ ਨੇ ਮਾਈਕ ਸੰਭਾਲ ਲਿਆ।
"ਪਰ ਅਸੀਂ ਉਸ ਆਦਮੀ ਦੀ ਭਾਸ਼ਾ ਕਿਵੇਂ ਬੋਲ ਸਕਦੇ ਹਾਂ?" ਮੈਂ ਉਸਨੂੰ ਗਣਿਤਕ ਭਾਸ਼ਾ ਰਾਹੀਂ ਕੁਝ ਸੰਕੇਤ ਦੇਵਾਂਗਾ। ਫੇਰ ਉਹ ਆਪਣੀ ਭਾਸ਼ਾ ਦੇ ਕੁਝ ਸ਼ਬਦ ਬੋਲੇਗਾ। ਉਸੇ ਸਮੇਂ ਮੈਂ ਆਪਣੇ ਦਿਮਾਗ਼ ਵਿੱਚ ਉਸਦੀ ਫੁਰੀ ਬੋਲੀ ਨੂੰ ਬਿਠਾ ਲਵਾਂਗਾ। ਹਰਬੀਰ ਦੇ ਦਿਮਾਗ ਦੀ ਇਕ ਖਾਸੀਅਤ ਇਹ ਸੀ ਕਿ ਉਹ ਕਿਸੇ ਅਜਨਬੀ ਭਾਸ਼ਾ ਦੇ ਕੁਝ ਸ਼ਬਦ ਸੁਣ ਕੇ ਉਸ ਸਮੁੱਚੀ ਭਾਸ਼ਾ ਨੂੰ ਕਾਫ਼ੀ ਸਮਝ ਲੈਂਦਾ ਸੀ।
"ਕੰਪਿਉਟਰ ਤੈਨੂੰ ਉਸ ਭਾਸ਼ਾ ਦੇ ਅਰਥ ਨਾਲ ਨਾਲ ਸਮਝਾਈ ਜਾਊ।" ਹਰਬੀਰ ਨੇ ਸਿਲਕੀ ਵੱਲ ਨੂੰ ਪਿਆਰ ਨਾਲ ਵੇਖਦਿਆ ਆਖਿਆ।
"ਓ.ਕੇ...।"
ਫੇਰ ਹਰਬੀਰ ਨੇ ਗਣਿਤਕ ਭਾਸ਼ਾ ਵਿੱਚ ਕੁਝ ਸੰਕੇਤ ਮਾਈਕ ਤੇ ਦੁਹਰਾਏ ਜਿਨ੍ਹਾਂ ਨੂੰ ਬਾਹਰ ਖੜੇ ਨੀਵਾਨ ਨੇ ਸੁਣ ਲਿਆ।
ਸਿਤਾਰਾ ਘਰ ਦਾ ਚੀਫ਼ ਹੋਣ ਦੇ ਨਾਤੇ ਉਹ ਸਭ ਕੁਝ ਸਮਝ ਗਿਆ। ਉਸਦੇ ਮੂੰਹੋਂ ਆਵਾਜ਼ ਦੀਆਂ ਲਹਿਰਾਂ ਨੇ ਨਿਕਲ ਕੇ ਅੰਗੜਾਈ ਲਈ।
"ਹੇ ਅਜਨਬੀ ਪ੍ਰਦੇਸ਼ ਦੇ ਯਾਤਰੀਓ!" ਉਹ ਆਪਣੀ ਭਾਸ਼ਾ ਵਿੱਚ ਬੋਲਿਆ। ਉਸਦੀ ਆਵਾਜ ਬੇਹੱਦ ਮੋਟੀ ਸੀ।
ਏਨੇ ਸਮੇਂ ਵਿੱਚ ਹਰਬੀਰ ਦਾ ਦਿਮਾਗ ਉਸ ਦੀ ਭਾਸ਼ਾ ਨੂੰ ਕੁੱਝ ਕੁੱਝ ਸਮਝਣ ਲੱਗਿਆ ਸੀ। ਕੰਪਿਊਟਰ ਨੇ ਵੀ ਇਹਨਾ ਸ਼ਬਦਾਂ ਦਾ ਅਨੁਵਾਦ ਦੋਹਰਾ ਦਿੱਤਾ। ਨੀਵਾਨ ਬੋਲ ਰਿਹਾ ਸੀ-"ਇਹ ਗ੍ਰਹਿ ਡੈਕਲੀ ਹੈ। ਮੈਂ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦਾ ਹਾਂ। ਮੈਂ ਇਥੋਂ ਦੀ ਰਾਜਧਾਨੀ ਵਿੰਟਰ ਦੇ 'ਸਿਤਾਰਾ ਘਰ" ਦਾ ਚੀਫ਼ ਹਾਂ। ਕੀ ਤੁਸੀਂ ਮੇਰੀ ਗੱਲ ਸਮਝ ਰਹੇ ਹੋ?
"ਹਾਂ...।" ਹਰਬੀਰ ਨੇ ਆਖਿਆ.... "ਅਸੀਂ" ਪ੍ਰਿਥਵੀ ਤੋਂ ਆਏ ਹਾਂ। ਸਾਨੂੰ ਤੁਹਾਡੇ ਨਾਲ ਮਿਲਕੇ ਖੁਸ਼ੀ ਹੋਵੇਗੀ" ਇਨੇ ਸਮੇਂ ਵਿੱਚ ਹਰਬੀਰ ਉਸਦੀ ਕਾਫੀ ਭਾਸ਼ਾ ਸਮਝ ਚੁੱਕਾ ਸੀ।
"ਹਾਂ, ਮੈਨੂੰ ਵੀ ਖ਼ੁਸ਼ੀ ਹੋਵੇਗੀ।" ਨੀਵਾਨ ਨੇ ਆਖਿਆ।
ਕੰਪਿਊਟਰ ਨੇ ਸਿਲਕੀ ਨੂੰ ਭਾਸ਼ਾ ਬਦਲਣ ਵਾਲਾ ਯੰਤਰ ਦੇ ਦਿੱਤਾ ਅਤੇ ਫੇਰ.... ਹਰਬੀਰ ਅਤੇ ਸਿਲਕੀ ਦੋਵੇਂ ਸ਼ਿੱਪ ਦਾ ਦਰਵਾਜ਼ਾ ਖੋਹਲ ਕੇ ਬਾਹਰ ਆ ਗਏ। ਨੀਵਾਨ ਵੀ ਹੁਣ ਯਾਨ ਦੇ ਕੋਲ ਆ ਚੁੱਕਾ ਸੀ। ਹਰਬੀਰ ਨੇ ਉਸ ਵੱਲ ਹੱਥ ਵਧਾਇਆ ਤਾਂ ਉਸਨੇ ਵੇਖਿਆ ਕਿ ਨਿਵਾਨ ਦੇ ਹੱਥ ਦੀਆਂ ਉਂਗਲੀਆਂ ਨਹੀਂ ਸਨ। ਹੱਥ ਬਿਲਕੁਲ ਸਪਾਟ ਸੀ। ਫੇਰ ਨੀਵਾਨ ਨੇ ਸਿਲਕੀ ਨਾਲ ਵੀ ਹੱਥ ਮਿਲਾਇਆ। ਗੱਲ ਹਰਬੀਰ ਨੇ ਸ਼ੁਰੂ ਕੀਤੀ.... "ਮਿ: ਨੀਵਾਨ ਕੀ ਤੁਸੀਂ ਸਾਨੂੰ ਦੋਵਾਂ ਨੂੰ ਵਿੰਟਰ ਸ਼ਹਿਰ ਦਿਖਾ ਸਕਦੇ ਹੋ?"
"ਹਾਂ ਹਾਂ.... ਕਿਉਂ ਨਹੀਂ ਮੈਂ ਸਮਰਾਟ ਰਿਆਜ਼ੋ ਨਾਲ ਗੱਲ ਕਰਦਾ ਹਾਂ।" ਨੀਵਾਨ ਬੋਲਿਆ। ਲਿਖਣ ਦੀ ਲੋੜ ਨਹੀਂ ਕਿ "ਲੈਗੁਏਜ਼ ਚੇਂਜਰ" ਦੇ ਰਾਹੀਂ ਸਿਲਕੀ ਵੀ ਸਾਰੀ ਗੱਲਬਾਤ ਸਮਝ ਰਹੀ ਸੀ।
ਨੀਵਾਨ ਨੇ ਆਪਣੇ ਹੱਥ ਤੇ ਬੱਧੀ ਗੁੱਟ ਘੜੀ ਦੇ ਕੁਝ ਸਵਿੱਚ ਦਬਾਏ ਅਤੇ ਫੇਰ ਉਸ ਵਿੱਚ ਬੋਲਿਆ, "ਹੈਲੋ, ਸਮਰਾਟ ਰਿਆਜ਼ੋ.... ਦਿਸ ਇਜ਼ ਅਰਜੈਂਟ ਇਕ ਅਗਿਆਤ ਗ੍ਰਹਿ ਜਿਸਦਾ ਨਾਂ ਪ੍ਰਿਥਵੀ ਹੈ, ਦੇ ਦੋ ਪ੍ਰਾਣੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।"
"ਓ.ਕੇ.! ਉਹਨਾਂ ਨੂੰ ਰਾਜ-ਮਹਿਲ ਵਿੱਚ ਲੈ ਆਉ।" ਦੂਸਰੇ ਪਾਸਿਉਂ ਆਵਾਜ਼ ਆ ਰਹੀ ਸੀ। ਜੋ ਨਿਸ਼ਚੇ ਹੀ ਸਮਰਾਟ ਰਿਆਜ਼ੋ ਦੀ ਹੀ ਸੀ।
ਹਰਬੀਰ ਅਤੇ ਸਿਲਕੀ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੀ ਚਮਕ ਉੱਤਰ ਆਈ। ਨੀਵਾਨ ਉਨ੍ਹਾਂ ਨੂੰ ਨਾਲ ਲੈ ਕੇ ਆਪਣੇ ਨਿਵਾਸ ਅਸਥਾਨ ਤੱਕ ਲੈ ਆਇਆ। ਉਥੋਂ ਉਹ ਉਹਨਾਂ ਨੂੰ ਉੜਨਕਾਰ ਵਿੱਚ ਬਿਠਾ ਕੇ ਵਿੰਟਰ ਸ਼ਹਿਰ ਵੱਲ ਨੂੰ ਚੱਲ ਪਿਆ।
"ਕਮਾਲ ਹੈ....ਸੱਚ ਮੁੱਚ ਇਥੋਂ ਦਾ ਵਿਗਿਆਨ ਸਾਥੋਂ ਬਹੁਤ ਅੱਗੇ ਹੈ। ਅਸੀਂ ਤਾਂ ਉੜਨ ਕਾਰਾਂ ਦੀ ਅਜੇ ਕਲਪਨਾਂ ਹੀ ਕਰ ਸਕਦੇ ਹਾਂ।" ਸਿਲਕੀ ਅਚੰਭੇ ਵਿੱਚ ਬੋਲੀ।
ਨੀਵਾਨ ਅਤੇ ਹਰਬੀਰ ਮੁਸਕਰਾ ਕੇ ਹੀ ਰਹਿ ਗਏ।
ਥੋੜ੍ਹੀ ਦੇਰ ਬਾਅਦ--
ਉਹ ਵਿੰਟਰ ਸ਼ਹਿਰ ਦੇ ਉੱਪਰ ਉਡ ਰਹੇ ਸਨ। ਕਾਰ ਗਗਨ ਚੁੰਬੀ ਇਮਾਰਤਾਂ ਦੇ ਵਿੱਚਕਾਰੋਂ ਦੀ ਵਲ ਖਾਂਦੀ ਹੋਈ ਲੰਘ ਰਹੀ ਸੀ। ਹਰਬੀਰ ਅਤੇ ਸਿਲਕੀ ਨੇ ਥੱਲੇ ਨਜ਼ਰ ਘੁਮਾ ਕੇ ਤਕਿਆ ਤਾਂ ਸਾਫ਼ ਸੁਥਰੀਆਂ ਸੜਕਾਂ ਤੇ ਬੜੇ ਬੜੇ ਸੁੰਦਰ ਵਾਹਨ ਦੌੜ ਰਹੇ ਸਨ। ਪੂਰੇ ਦਾ ਪੂਰਾ ਵਿੰਟਰ ਸ਼ਹਿਰ ਉਹਨਾਂ ਨੂੰ ਸੁਪਨ-ਲੋਕ ਵਰਗਾ ਲੱਗਿਆ।ਉਨ੍ਹਾਂ ਦੇ ਦੇਖਦਿਆਂ ਹੀ ਦੇਖਦਿਆਂ ਕਈ ਉੜਨਕਾਰਾਂ ਤੇ ਛੋਟੇ ਜਹਾਜ਼ ਕੋਲੋਂ ਦੀ ਲੰਘ ਗਏ ਵਿੰਟਰ ਸ਼ਹਿਰ ਦੇ ਇਕ ਪਾਸੇ ਨੀਲਾ ਸਮੁੰਦਰ ਸੀ।
ਸ਼ਾਮ ਦੇ ਇਸ ਹੁਸੀਨ ਵਕਤ ਦੋ ਸੂਰਜ ਅਸਤ ਹੁੰਦੇ ਹੋਏ ਉਨ੍ਹਾਂ ਨੂੰ ਬੜੇ ਹੀ ਲੁਭਾਵਣੇ ਲੱਗੇ। ਉਹਨਾਂ ਨੇ ਇਕ ਲੰਬਾ ਚੱਕਰ ਪੂਰੇ ਵਿੰਟਰ ਸ਼ਹਿਰ ਦਾ ਲਗਾਇਆ।
'ਸੁੰਦਰ ਅਤਿ ਸੁੰਦਰ.....।' ਹਰਬੀਰ ਅਤੇ ਸਿਲਕੀ ਦੇ ਮੁੰਹੋਂ ਨਿਕਲਿਆ ਵਿੰਟਰ ਸ਼ਹਿਰ ਘੁੰਮਣ ਤੋਂ ਬਾਅਦ, ਉਹ ਸ਼ਹਿਰ ਦੇ ਐਨ ਵਿੱਚਕਾਰ ਰਾਹ ਮਹਿਲ ਸਥਿੱਤ ਦੀ ਸੁੰਦਰ ਅਤੇ ਵਿਸ਼ਾਲ ਇਮਾਰਤ ਦੇ ਦਲਾਨ ਵਿੱਚ ਜਾ ਉਤਰੇ।
ਡੈਕਲੀ, ਸੀਵਨ ਅਤੇ ਵੀਂਜ ਗ੍ਰਹਿਆਂ ਦਾ ਸਮਰਾਟ ਰਿਆਜ਼ ਉਨ੍ਹਾਂ ਦੇ ਸਵਾਗਤ ਲਈ ਆਪਣੇ ਸੇਵਕਾਂ ਸਮੇਤ ਖੜਾ ਸੀ। ਰਿਅਤਜ਼ੋ ਸਾਢੇ ਤਿੰਨ ਫੁੱਟ ਦਾ ਇਕ ਉਧੇੜ ਉਮਰ ਦਾ ਵਿਅਕਤੀ ਸੀ। ਉਸ ਦੇ ਸਿਰ ਤੇ ਰੰਗ-ਬਰੰਗੇ ਹੀਰਿਆ ਦਾ ਇਕ ਸੁੰਦਰ ਤਾਜ਼ ਸੁਸ਼ੋਭਿਤ ਸੀ। ਉਸਦੇ ਸਡੋਲ ਜਿਸਮ ਤੇ ਦੁੱਧ ਵਰਗਾ ਸਫੈਦ ਲਿਬਾਸ ਸੀ।
ਉਸਨੇ ਅੱਗੇ ਵੱਧ ਕੇ ਉਨ੍ਹਾਂ ਨਾਲ ਹੱਥ ਮਿਲਾਇਆ।
"ਸਮਰਾਟ ਰਿਆਜ਼ੋ ਤੁਹਾਡਾ ਸਵਾਗਤ ਕਰਦਾ ਹੈ, ਹੇ ਪ੍ਰਿਥਵੀ ਵਾਸੀਓ।"
ਉਹ ਉਨ੍ਹਾਂ ਨੂੰ ਇਕ ਵਿਸ਼ਾਲ ਤੇ ਸੁਸਜਿਤ ਕਮਰੇ ਵਿੱਚ ਲੈ ਆਇਆ। ਜਿਥੇ ਅਣਗਿਣਤ ਟੀ.ਵੀ ਸਕਰੀਨਾ ਲਗੀਆਂ ਹੋਈਆਂ ਸਨ। ਉਨ੍ਹਾਂ ਤੇ ਪੁਰੇ ਡਕੈਲੀ ਗ੍ਰਹਿ ਦੇ ਭਿੰਨ-ਭਿੰਨ ਦ੍ਰਿਸ਼ ਸਨ। ਹਰੇਕ ਸਕਰੀਨ ਦੇ ਸਾਹਮਣੇ ਇਕ ਇਕ ਅਪਰੇਟਰ ਬਿਰਾਜਮਾਨ ਸੀ।
"ਇਹ ਸਾਡਾ ਕੰਪਟਰੋਲ ਰੂਮ ਹੈ।" ਸਮਾਰਟ ਰਿਆਜ਼ੋ ਉਹਨਾਂ ਨੂੰ ਦੱਸਦਾ ਹੋਇਆ ਬੋਲਿਆ। "ਇਥੋਂ ਅਸੀਂ ਸਾਰੇ ਹਾਲਾਤ ਦਾ ਪਤਾ ਕਰ ਲੈਂਦੇ ਹਾਂ ਕਿ ਕਿਥੇ ਕਿਥੇ ਕਿਹੜੀ ਕਿਹੜੀ ਘਟਨਾ ਵਾਪਰ ਰਹੀ ਹੈ?"
"ਮੈਂ ਸੀਵਨ ਤੇ ਵੀਂਜ ਗ੍ਰਹਿ ਦੇ ਦ੍ਰਿਸ਼ ਵੀ ਵੇਖਣਾ ਚਾਹੁੰਦਾ ਹਾਂ।" ਹਰਬੀਰ ਨੇ ਇੱਛਾ ਪਰਗਟ ਕੀਤੀ।
ਰਿਆਜ਼ੋ ਉਹਨਾਂ ਨੂੰ ਇਕ ਵਿਸ਼ਾਲ ਸਕਰੀਨ ਦੇ ਸਾਹਮਣੇ ਲੈ ਆਇਆ। ਫੇਰ ਉਸ ਅਪਰੇਟਰ ਨੂੰ ਆਖਿਆ।
"ਅਪਰੇਟਰ, ਸੀਵਨ ਗ੍ਰਹਿ ਦੀ ਰਾਜਧਾਨੀ ਬਾਂਗਵਾ ਦਾ ਦ੍ਰਿਸ਼ ਪ੍ਰਸਤੁਤ ਕਰੋ।"
"ਜੀ ਮਹਾਮਹਿਮ।"
ਥੋੜ੍ਹੀ ਦੇਰ ਬਾਅਦ ਟੀ.ਵੀ. ਸਕਰੀਨ ਤੇ ਬਾਂਗਵਾ ਸ਼ਹਿਰ ਦਾ ਦ੍ਰਿਸ਼ ਤੈਰ ਰਿਹਾ ਸੀ।
ਉਥੋਂ ਦੀਆਂ ਇਮਾਰਤਾਂ ਵਿੰਟਰ ਸ਼ਹਿਰ ਦੀਆਂ ਇਮਾਰਤਾਂ ਤੋਂ ਕੁਝ ਛੋਟੀਆਂ ਸਨ। ਪਰ ਉਹਨਾਂ ਦਾ ਦ੍ਰਿਸ਼ ਵੀ ਬਹੁਤ ਲੁਭਾਵਣਾ ਸੀ।
ਹਰ ਪਾਸੇ ਵਿਗਿਆਨ ਦਾ ਚਾਨਣ ਫੈਲਿਆ ਹੋਇਆ ਸੀ। ਵੀਂਜ ਗ੍ਰਹਿ ਦੀ ਰਾਜਧਾਨੀ ਬ੍ਰੀਨੀਅਸ ਦਾ ਵੀ ਉਹੀ ਦ੍ਰਿਸ਼ ਸੀ। ਉਹੀ ਵਿਗਿਆਨ ਦਾ ਚਾਨਣ, ਗਗਨ ਚੁੰਬੀ ਇਮਾਰਤਾਂ ਅਤੇ ਦੋ ਸੂਰਜਾਂ ਦੀ ਕਹਿਕਸ਼ਾਂ।
ਹਰਬੀਰ ਅਤੇ ਸਿਲਕੀ ਦੇ ਮੂੰਹੋਂ ਨਿਕਲਿਆ... "ਵੰਡਰਫੁੱਲ, ਵੈਰੀ ਫਾਈਨ....।"
"ਥੈਂਕਸ ਏ ਲਾਟ ਸਰ।" ਹਰਬੀਰ ਨੇ ਰਿਆਜ਼ੋ ਨੂੰ ਆਖਿਆ।
ਫੇਰ ਸਮਰਾਟ ਰਿਆਜ਼ੋ ਅਤੇ ਨੀਵਾਨ ਉਨ੍ਹਾਂ ਨੂੰ ਮਹਿਮਾਨ ਕਮਰੇ ਵਿੱਚ ਲੈ ਆਇਆ। ਉਨ੍ਹਾਂ ਨੂੰ ਡੈਕਲੀ ਗ੍ਰਹਿ ਦੇ ਬਦਾਮਾਂ ਦੀ ਸ਼ਰਾਬ ਪੇਸ਼ ਕੀਤੀ ਗਈ।
ਹਰਬੀਰ ਨੇ ਉਹ ਰਸੀਲੀ ਸ਼ਰਾਬ ਸਿੱਪ ਕਰਦਿਆਂ ਕਿਹਾ, ਕੀ ਇਥੇ ਨੇੜੇ ਤੇੜੇ ਸੀਵਨ ਅਤੇ ਵੀਂਜ ਗ੍ਰਹਿਆ ਤੋਂ ਇਲਾਵਾ ਕੋਈ ਹੋਰ ਦੀ ਸਭਿਆਤਾ ਅਬਾਦ ਹੈ?
ਨੀਵਾਨ ਬੋਲ ਉਠਿਆ-"ਨਹੀਂ ਸਾਡੀ ਗਲੈਕਸੀ ਵਿੱਚ ਹੋਰ ਕਿਸੇ ਗ੍ਰਹਿ ਤੇ ਜੀਵਨ ਨਹੀਂ ਏ। ਹਾਂ, ਐਂਡਰੋਮੇਡਾ ਗਲੈਕਸੀ ਦੇ ਅੰਤ ਵਿੱਚ ਪੰਜ ਗ੍ਰਹਿ ਆਬਾਦ ਹਨ।"
"ਉਨ੍ਹਾਂ ਦਾ ਵਿਗਿਆਨ ਚਰਮ ਸੀਮਾ ਤੋਂ ਵੀ ਅੱਗੇ ਵੱਧ ਚੁਕਿਆ ਹੈ। ਪਰ ਉਹਾਨੂੰ ਪ੍ਰਕਾਸ਼ ਦੀ ਗਤੀ ਨਾਲ ਵਧਦਿਆਂ ਉਥੇ ਪੁੱਜਣ ਤੱਕ ਦੋ ਸਾਲ ਲੱਗ ਜਾਣਗੇ। ਪਰ ਰਸਤੇ ਵਿੱਚ ਅਨੇਕਾਂ ਖਤਰੇ ਨੇ। ਅਸਾਡੇ ਬਹੁਤ ਸਾਰੇ ਖੋਜੀ ਯਾਨ ਉਧਰ ਵਧਦਿਆਂ 'ਅਕਾਸ਼ੀ ਭੰਵਰਾਂ' ਵਿੱਚ ਫਸ ਗਏ ਨੇ।"
"ਉਹੋ...।" ਹਰਬੀਰ ਨੇ ਡੂੰਘਾ ਸਾਹ ਲਿਆ।
"ਅੱਛਾ.....ਅਸੀਂ ਤੁਹਾਡੇ ਨਾਲ ਬਹੁਤ ਚੰਗਾ ਸਮਾਂ ਗੁਜਾਰਿਆ। ਹੁਣ ਅਸੀਂ ਚਲਦੇ ਹਾਂ।"
"ਤੁਸੀਂ ਹੋਰ ਰੁਕ ਲੈਂਦੇ।“ ਸਮਾਰਟ ਰਿਆਜ਼ੋ ਨੇ ਆਖਿਆ।
"ਨਹੀਂ ਸਾਨੂੰ ਚਲੀਆਂ ਤਿੰਨ ਮਹੀਨੇ ਹੋ ਗਏ ਨੇ। ਸਹਿਯੋਗ ਲਈ ਤੁਹਾਡਾ ਧੰਨਵਾਦ।"
"ਕੀ ਪ੍ਰਿਥਵੀ ਨਾਲ ਤੁਹਾਡਾ ਕਿਸੇ ਤਰ੍ਹਾਂ ਸਬੰਧ ਨਹੀਂ ਸਥਾਪਿਤ ਹੋ ਸਕਦਾ।" ਸਿਲਕੀ ਚਹਿਕ ਉਠੀ।
"ਰੇਡੀਓ ਰੇਜ਼ ਤੋਂ ਛੁੱਟ ਹੋਰ ਕੋਈ ਰਸਤਾ ਨਹੀਂ। ਰੇਡੀਓ ਸਿਗਨਲਜ਼ ਵੀ ਰਸਤੇ ਵਿੱਚ ਅਣਗਿਣਤ ਐਕਟਿਵ ਪਦਾਰਥਾਂ ਦੀ ਪ੍ਰਤੀਕਿਰਿਆ ਅਤੇ ਹੋਰ ਗੈਸਾਂ ਦੀ ਕਿਰਿਆ ਕਰਕੇ ਕਰੈਸ਼ ਹੋ ਜਾਂਦੇ ਹਨ। ਅਸੀਂ ਭਵਿੱਖ ਵਿੱਚ ਨਵੀਆਂ ਯੋਜਨਾਵਾਂ ਸੋਚਾਂਗੇ। ਫੇਰ ਜ਼ਰੂਰ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ।"
"ਅੱਛਾ ਵਿਦਾ ਸਮਰਾਟ ਰਿਆਜ਼ੋ!" ਹਰਬੀਰ ਅਤੇ ਸਿਲਕੀ ਨੇ ਰਿਆਜ਼ੋ ਨਾਲ ਹੱਥ ਮਿਲਾਉਂਦਿਆਂ ਕਿਹਾ। 'ਵਿਦਾ! ਨਿੱਘੇ ਦੋਸਤੋ!' ਰਿਆਜ਼ੋ ਦੇ ਮੂੰਹੋ ਧੁਨੀ ਤਰੰਗਾ ਪ੍ਰਸਫੁਟਿਤ ਹੋਈਆ। ਫੇਰ ਨਿਵਾਨ ਦੀ ਉੜਨਕਾਰ ਵਿੱਚ ਸਵਾਰ ਹੋ ਕੇ ਉਹ ਆਪਣੇ ਯਾਨ ਵੱਲ ਨੂੰ ਉੜ ਗਏ।
ਟੀ.ਵੀ. ਕੈਮਰੇ ਰਾਹੀਂ ਉਹਨਾਂ ਨੇ ਆਪਣੀ ਮਿਲਣੀ ਦੀ ਫਿਲਮ ਤਿੳਾਰ ਕਰਵਾ ਲਈ ਸੀ। ਜਿਹੜੀ ਹਰਬੀਰ ਆਪਣੇ ਨਾਲ ਲੈ ਗਿਆ ਸੀ।ਸਕਰੀਨ ਤੇ ਰਿਆਜ਼ੋ ਯਾਨ "ਅਕਾਸ਼ਦੀਪ" ਨੂੰ ਉੜਦਿਆਂ ਤੱਕ ਰਿਹਾ ਸੀ। ਉਸ ਦੇ ਹੋਠਾਂ ਤੇ ਹਲਕੀ ਮੁਸਕਰਾਹਟ ਸੀ। ਯਾਨ ਅਕਾਸ਼ਦੀਪ ਡੈਕਲੀ ਗ੍ਰਹਿ ਤੋਂ ਕਾਫੀ ਦੂਰ ਆ ਚੁੱਕਾ ਸੀ। ਹੁਣ ਫੇਰ ਉਹਨਾਂ ਦੇ ਸਾਹਮਣੇ ਪਹਿਲਾਂ ਵਾਲਾ ਅਕਾਸ਼ੀ ਭੰਵਰ ਸੀ। ਜਿਸ ਵਿੱਚ ਬੜੀਆਂ-ਬੜੀਆਂ ਲਾਲ ਸਲਾਖਾਂ ਪੰਜ ਮਿੰਟਾ ਬਾਅਦ ਧੁਰੀ ਨੂੰ ਸਪਰਸ਼ ਕਰਦੀਆਂ ਸਨ। "ਕੀ ਹੁਣ ਫੇਰ ਅਸੀਂ ਪਹਿਲਾਂ ਵਾਲੀ ਤਕਨੀਕ ਨਾਲ ਪਾਰ ਨਿਕਲਾਂਗੇ।" ਸਿਲਕੀ ਨੇ ਮਾਸਟਰ ਕੰਪਿਊਟਰ ਨੂੰ ਪੁਛਿਆ।
"ਯੈਸ ਮੈਡਮ।"
"ਨਹੀਂ" ਹਰਬੀਰ ਬੋਲ ਉਠਿਆ, "ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਕੰਪਿਊਟਰ ਤੂੰ ਐਮਰਜ਼ੈਂਸੀ ਕੰਪਿਉਟਰ ਨੂੰ ਸੁਚੇਤ ਕਰਕੇ ਉਸ ਕੋਲ ਸਾਰੀ ਫਿਲਮ ਅਤੇ ਮਾਰਕੋ ਗ੍ਰਹਿ ਦੀ ਮਿੱਟੀ ਦੀ ਥੈਲੀ ਸੌਂਪ ਕੇ ਪ੍ਰਿਥਵੀ ਵੱਲ ਨੂੰ ਰਵਾਨਾ ਕਰਦੇ। ਪ੍ਰਿਥਵੀ ਹੁਣ ਬਹੁਤੀ ਦੂਰ ਨਹੀਂ। ਕੀ ਪਤਾ ਅਸੀਂ ਨਸ਼ਟ ਹੋ ਜਾਈਏ? ਐਮਰਜ਼ੈਂਸੀ ਕੰਪਿਊਟਰ ਕਿਸੇ ਵੀ ਹਾਲਤ ਵਿੱਚ ਨਸ਼ਟ ਨਹੀਂ ਹੋ ਸਕਦਾ।"
ਹਰਬੀਰ ਨੇ ਬਹੁਤ ਸੋਚ ਸਮਝ ਕੇ ਇਹ ਨਿਰਣਾ ਲਿਆ ਸੀ। ਕਿ ਮਾਸਟਰ ਕੰਪਿਊਟਰ ਨੇ ਹਰਬੀਰ ਦੇ ਕਹੇ ਅਨੁਸਾਰ ਐਮਰਜੈਂਸੀ ਕੰਪਿਊਟਰ ਦਾ ਸਰਕਟ ਚਾਲੂ ਕਰਕੇ ਉਸ ਨੂੰ ਫਿਲਮ ਦੀ ਕੈਸਟ ਅਤੇ ਮਿੱਟੀ ਦੀ ਥੈਲੀ ਸੋਂਪ ਕੇ, ਪ੍ਰਿਥਵੀ ਤੇ ਸਥਿਤ ਅੰਤਰਿਖਸ਼ ਅਨੁਸੰਧਾਨ ਕੇਂਦਰ ਜ਼ੀਰੋ ਵੱਲ ਦੀ ਦਿਸ਼ਾ ਮਿੱਥ ਕੇ ਭੇਜ ਦਿੱਤਾ।
ਐਮਰਜੈਂਸੀ ਕੰਪਿਊਟਰ ਅਕਾਸ਼ੀ ਭੰਵਰ ਨੂੰ ਚੀਰਦਾ ਹੋਇਆ ਸੁਰੱਖਿਅਤ ਪ੍ਰਿਥਵੀ ਵੱਲ ਨੂੰ ਕੂਚ ਕਰ ਗਿਆ। ਉਸ ਵਿੱਚ ਇਕ ਸਵੈ-ਚਲਿਤ ਰਾਕਿਟ ਫਿਟ ਸੀ।
ਹੁਣ ਮਾਸਟਰ ਕੰਪਿਊਟਰ ਨੇ ਪਹਿਲਾਂ ਵਾਲੀ ਤਕਨੀਕੀ ਨਾਲ ਯਾਨ ਨੂੰ ਚਕੱਰਨੁਮਾ ਅਕਾਸ਼ੀ ਭੰਵਰ ਵਿੱਚ ਦਾਖ਼ਲ ਕਰ ਦਿੱਤਾ।
ਪਰ... ਇਥੇ ਹੀ ਭੁਲ ਹੋ ਹਈ। ਹਰਬੀਰ ਦੀ ਸ਼ੰਕਾ ਸੱਚ ਹੋ ਗਈ।
ਉਹਨਾਂ ਦੇ ਯਾਨ ਵਿੱਚ ਐਨ ਉਸ ਸਮੇਂ ਖਰਾਬੀ ਆ ਗਈ ਅਤੇ ਉਸ ਦੀ ਸਪੀਡ ਯਕਾਯਕ ਪ੍ਰਕਾਸ਼ ਦੀ ਗਤੀ ਤੋਂ ਘੱਟ ਕੇ ਬਹੁਤ ਹੇਠਾਂ ਆ ਗਈ।ਅਤੇ ਫੋਲਾਦ ਜਿਹੀਆਂ ਮਜ਼ਬੂਤ ਸਲਾਖਾਂ ਨੇ ਸ਼ਿੱਪ ਨੂੰ ਚਾਰ ਚੁਫੇਰਿਓਂ ਆਪਣੇ ਮਜ਼ਬੁਤ ਸ਼ਿਕੰਜੇ ਵਿੱਚ ਕੱਸ ਲਿਆ।
ਇਕ ਸਕਿੰਟ ਮੌਤ ਬਣ ਕੇ ਉਭਰ ਆਇਆ। ਅਕਾਸ਼ਦੀਪ ਥੋੜੀ ਦੇਰ ਮਜ਼ਬੂਤ ਸਲਾਖਾਂ ਵਿੱਚ ਕਸਮਸਾਇਆ ਅਤੇ ਫੇਰ.... ਕਤਰਾ ਕਤਰਾ ਬਣ ਕੇ ਅੱਗ ਦੇ ਦਰਿਆ ਵਿੱਚ ਰਚ ਗਿਆ।
ਸਿਲਕੀ ਅੰਤਿਮ ਵਕਤ ਹਰਬੀਰ ਨਾਲ ਲਿਪਟ ਗਈ ਸੀ ਅਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਗਹਰਿੀ ਹੈਰਾਨੀ ਦੇ ਭਾਵ ਸਨ- ਪਰ ਸ਼ਾਇਦ ਦੂਰ ਕਿਤੇ ਅੱਖਾਂ ਵਿੱਚ ਇਕ ਚਮਕ ਵੀ ਸੀ-ਵਿਜੈ ਦੀ ਚਮਕ।
ਅੰਤਰਿਖਸ਼ ਦੇ ਮਤਵਾਲੇ ਅੰਤਰਿਖਸ਼ ਦੀ ਕਹਿਕਸ਼ਾ ਵਿੱਚ ਸਮਾ ਗਏ ਸਨ।
ਐਮਰਜੈਂਸੀ ਕੰਪਿਊਟਰ ਅੰਤਰਿਖਸ਼ ਅਨੁਸੰਧਾਨ ਕੇਂਦਰ ਜ਼ੀਰੋ ਦੇ ਵਿਗਿਆਨਕਾਂ ਨੇ ਕੈਚ ਕਰ ਲਿਆ ਸੀ।
ਉਹਨਾਂ ਨੇ ਫਿਲਮ ਦੀ ਕੈਸਟ ਵੀ ਵੇਖ ਲਈ ਸੀ ਅਤੇ ਸਮਝ ਲਿਆ ਸੀ ਕਿ ਉਹ ਦੋਨੋ ਮਾਨਵਤਾ ਲਈ ਸ਼ਹੀਦ ਹੋ ਗਏ।
ਮਾਧੁਰੀ ਨੇ ਵੀ ਆਪਣੇ ਚੀਫ਼ ਨਾਲ ਬੈਠ ਕੇ ਪੂਰੀ ਫਿਲਮ ਵੇਖੀ ਸੀ। ਉਹ ਦੋਵੇਂ ਨਾ ਭੁਲਣ ਵਾਲੀ ਦੇਣ ਦੇ ਗਏ ਸਨ। ਹਰਬੀਰ ਅਤੇ ਸਿਲਕੀ ਨੂੰ ਯਾਦ ਕਰਕੇ ਉਸ ਦਾ ਮਨ ਉਦਾਸ ਹੋ ਗਿਆ। ਉਸ ਦੇ ਦਿਲ ਵਿੱਚ ਜਿਵੇਂ ਇਕ ਖਲਾਅ ਜਿਹਾ ਉਤਪੰਨ ਹੋ ਗਿਆ ਸੀ। ਉਸ ਦੀਆਂ ਅੱਖਾਂ ਨਮ ਹੋ ਗਈਆ ਸਨ। ਉਹ ਦੋਵੇਂ ਉਸ ਦੇ ਗੂੜ੍ਹੇ, ਦੋਸਤ ਰਹਿ ਚੁੱਕੇ ਸਨ।
ਫੇਰ ਉਹ ਆਪਣੇ ਘਰ ਆ ਗਈ। ਹੁਣ ਤੱਕ ਜਜ਼ਬ ਕੀਤੇ ਹੋਏ ਅਥਰੂਆਂ ਦਾ ਸੈਲਾਬ ਪਲਕਾਂ ਦੇ ਬੰਨ੍ਹ ਤੋੜ ਕੇ ਵਹਿ ਤੁਰਿਆ।
ਫੇਰ ਜਦ ਉਸ ਦੀਆਂ ਅੱਖਾਂ ਹੰਝੂਆ ਨਾਲ ਧੋ ਹੋ ਗਈਆਂ ਤਾਂ ਉਸ ਨੇ ਆਪਣੇ ਅੰਤਰਮਨ ਵਿੱਚੋਂ ਗੂੰਜਦੀ ਆਵਾਜ਼ ਨਾਲ ਅੰਤਰਿਖਸ਼ ਦੇ ਮਤਵਾਲਿਆਂ ਦੀ ਆਤਮਾ ਦੀ ਸ਼ਾਤੀ ਲਈ ਅਰਦਾਸ ਕੀਤੀ।
ਟਿੱਪਣੀ - ਤਾਰਾ ਵਿਗਿਆਨੀ ਅੱਜ ਕੱਲ੍ਹ ਗੋਲਡੀਲੌਕਸ ਬਾਹਰੀ-ਗ੍ਰਹਿ (Goldilocks exoplanets) ਲੱਭ ਰਹੇ ਹਨ, ਜੋ ਸਾਡੇ ਸੌਰ-ਮੰਡਲ ਤੋਂ ਬਾਹਰ ਦੇ ਤਾਰਿਆਂ ਦੇ ਗਿਰਦ ਗਰਦਿਸ਼ ਕਰ ਰਹੇ ਹਨ | ਇਹ ਉਹ ਗ੍ਰਹਿ ਹਨ ਜੋ ਆਪਣੇ ਸੂਰਜ ਤੋਂ ਪ੍ਰਿਥਵੀ ਵਾਂਗ ਸਹੀ ਦੂਰੀ ਤੇ ਹਨ, ਜੋ ਨਾਂ ਤਾਂ ਬਹੁਤੇ ਗਰਮ ਤੇ ਨਾਂ ਹੀ ਬਹੁਤੇ ਠੰਡੇ ਹਨ - ਜਿੱਥੇ ਪਾਣੀ ਹੋ ਸਕਦਾ ਹੈ ਅਤੇ ਜਿਨ੍ਹਾਂ ਤੇ ਜੀਵਨ ਦੀ ਹੋਂਦ ਹੋ ਸਕਦੀ ਹੈ! ਹੁਣ ਤੱਕ ਬਹੁਤ ਸਾਰੇ ਅਜਿਹੇ ਬਾਹਰੀ-ਗ੍ਰਹਿ ਲੱਭੇ ਜਾ ਚੁੱਕੇ ਹਨ, ਇਹਨਾਂ ਵਿੱਚੋ ਬਹੁਤੇ ਗ੍ਰਹਿ ਮਹਾਂ-ਧਰਤੀਆਂ (Super-Earth) ਜਾਂ ਗੈਸ ਦੇ ਗੋਲੇ (Gas Giants) ਹਨ, ਜੋ ਕਿ ਲੱਭਣੇ ਅਸਾਨ ਹਨ। ਨਾਸਾ ਦੇ ਕੈਪਲਰ ਸਪੇਸ ਕਰਾਫ਼ਟ ਨੇ ਅਜਿਹਾ ਇੱਕ ਗ੍ਰਹਿ ਕੈਪਲਰ-22b ਲੱਭਿਆ ਹੈ, ਜੋ ਕਿ ਪ੍ਰਿਥਵੀ ਤੋਂ 2.4 ਗੁਣਾ ਵੱਡਾ ਹੈ, ਜਿਸ ‘ਤੇ ਪਾਣੀ ਅਤੇ ਬੱਦਲ ਹੋ ਸਕਦੇ ਹਨ, ਪਰ ਅਜੇ ਇਸ ਤੱਥ ਦੀ ਪੁਸ਼ਟੀ ਨਹੀਂ ਹੋ ਸਕੀ। ਨਾਸਾ ਦਾ ਕੈਪਲਰ ਮਿਸ਼ਨ 2009 ਵਿੱਚ ਸ਼ੁਰੂ ਕੀਤਾ ਗਿਆ ਸੀ - ਜਿਸਦਾ ਮੁੱਖ ਮੰਤਵ ਅਕਾਸ਼ਗੰਗਾ ਦਾ ਸਰਵੇਖਣ ਅਤੇ ਜੀਵਨ ਦੇ ਯੋਗ ਗ੍ਰਹਿ ਲੱਭਣਾ ਹੈ। ਇਸਦਾ ਪਹਿਲਾ ਮਿਸ਼ਨ 2012 ਵਿਚ ਸੰਪੂਰਨ ਹੋਇਆ ਅਤੇ ਇਸਨੇ 5000 ਤੋਂ ਉੱਪਰ ਬਾਹਰੀ-ਗ੍ਰਹਿ ਲੱਭੇ ਹਨ। ਹੁਣ ਇਹ ਆਪਣੇ ਦੂਜੇ ਮਿਸ਼ਨ (K2) ਤੇ ਹੈ ਅਤੇ ਪ੍ਰਿਥਵੀ ਤੋਂ 75 ਮਿਲਅਨ ਮੀਲ ਤੋਂ ਵੀ ਦੂਰ ਹੈ। ਇਸਨੂੰ ਬਹੁਤ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਨਾਸਾ ਨੂੰ ਇਸਨੂੰ ਕਈ ਵਾਰ ਠੀਕ ਕਰਨਾ ਪਿਆ।
ਗਹਿਨ ਅੰਤਰਿਖਸ਼ ਖਤਰਿਆਂ ਤੋਂ ਖਾਲੀ ਨਹੀਂ ਹੈ। ਰੌਕੇਟ ਅਤੇ ਸਪੇਸ ਸ਼ਟਲ ਨੂੰ ਪ੍ਰਿਥਵੀ ਤੋਂ ਉੜਾਨ ਵੇਲੇ ਅਤੇ ਵਾਪਿਸ ਆਉਣ ਤੱਕ ਅਨੇਕਾਂ ਹੀ ਖਤਰੇ ਪੇਸ਼ ਆਉਂਦੇ ਹਨ। ਕਈ ਵਾਰ ਤਬਾਹੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਅਚਨਚੇਤ ਹੀ ਵੇਸ਼-ਕੀਮਤੀ ਜਾਨਾਂ ਨੂੰ ਬਲਿਦਾਨ ਦੇਣਾ ਪੈਂਦਾ ਹੈ। ਸਪੇਸ ਸ਼ਟਲ ਚੈਲੇਂਜਰ ਆਪਣੇ ਨੌਂ ਸਫ਼ਲਤਾ ਪੂਰਵਕ ਮਿਸ਼ਨ ਸੰਪੂਰਨ ਕਰਨ ਤੋਂ ਬਾਅਦ, ਜਨਵਰੀ 1986 ਨੂੰ ਕੈਨੇਡੀ ਸਪੇਸ ਸੈਂਟਰ ‘ਤੇ ਉੜਾਨ ਤੋਂ ਥੋੜ੍ਹੀ ਹੀ ਦੇਰ ਬਾਅਦ ਦੁਰਘਟਨਾ ਗ੍ਰਸਤ ਹੋ ਗਈ ਅਤੇ ਉਸ ਵਿੱਚ ਸਵਾਰ ਸੱਤ ਮਹੱਤਵਪੂਰਨ ਅੰਤਰਿਖਸ਼ ਯਾਤਰੀ ਕੁਰਬਾਨ ਹੋ ਗਏ। ਕੋਲੰਬੀਆ ਸਪੇਸ ਸ਼ਟਲ ਦੇ ਭਿਆਨਕ ਹਾਦਸੇ ਵਾਰੇ ਅਸੀਂ ਸਾਰੇ ਜਾਣਦੇ ਹਾਂ, ਜਿਸ ਵਿੱਚ ਹਿੰਦੁਸਤਾਨ ਦੀ ਸਪੁੱਤਰੀ ਕਲਪਨਾ ਚਾਵਲਾ ਅਤੇ ਛੇ ਹੋਰ ਕਰਿਊ ਮੈਂਬਰ ਲਿਵ ਵਿੱਚ ਵਿਲੀਨ ਹੋ ਗਏ। ਕੋਲੰਬੀਆ ਸਪੇਸ ਸ਼ਟਲ ਨੇ 1981 ਤੋਂ ਲੈ ਕੇ 2003 ਤੱਕ 27 ਮਿਸ਼ਨ ਸਫਲ ਕੀਤੇ ਪਰ ਫਰਵਰੀ 2003 ਵਿੱਚ ਉਸਦੇ ਇੱਕ ਖੰਭ ਵਿੱਚ ਉੜਾਨ ਦੇ ਵਕਤ ਮੋਰੀ ਹੋਣ ਕਰਕੇ, ਜਦੋਂ ਉਹ ਪ੍ਰਿਥਵੀ ਦੇ ਵਾਯੂਮੰਡਲ ਵਿੱਚ ਵਾਪਿਸ ਦਾਖਿਲ ਹੋ ਰਹੀ ਸੀ ਤਾਂ ਅਤਿਅੰਤ ਤਾਪ ਦੇ ਕਾਰਨ ਗਰਮ ਗੈਸਾਂ ਉਸਦੇ ਦੇ ਅੰਦਰ ਫੈਲ ਗਈਆਂ, ਹਾਈਡ੍ਰੋਲਿਕ ਸਿਸਟਮ ਅਤੇ ਹੋਰ ਪੁਰਜ਼ੇ ਫੇਲ ਹੋਣ ਕਾਰਨ ਅਤੇ ਅੰਦਰੂਨੀ ਦਬਾਅ ਪੈਦਾ ਹੋਣ ਕਰਕੇ, ਸ਼ਟਲ ਤਬਾਹ ਹੋ ਗਈ।
ਹਵਾਲਾ: (https://kepler.nasa.gov/)
ਸਮੁੰਦਰ ਦਾ ਪਾਣੀ ਸ਼ਾਂਤ ਸੀ। ਬਿਲਕੁਲ ਸ਼ਾਂਤ। ਸਵੇਰ ਦਾ ਉਜਾਲਾ ਫੈਲਣ ਵਿੱਚ ਅਜੇ ਥੋੜ੍ਹੀ ਦੇਰ ਸੀ। ਦੂਰ-ਦੂਰ ਤੱਕ ਵੇਖਣ ਤੇ ਕੋਈ ਵੀ ਪਰਿੰਦਾ ਜਾਂ ਮਨੁੱਖ ਨਜ਼ਰ ਨਹੀਂ ਸੀ ਆਉਂਦਾ। ਜਿਵੇਂ ਜਿਵੇਂ ਸਮੁੰਦਰ ਦਾ ਹਰਾ ਅਤੇ ਹਲਕਾ ਚਿੱਟਾ ਨਿਰਮਲ ਜਲ, ਸਵੇਰ ਦੀ ਲਾਲੀ ਨਾਲ ਲਾਲ ਸੂਹਾ ਹੋ ਰਿਹਾ ਸੀ ਤਾਂ ਇਕ ਪਰਛਾਵਾਂ ਰੇਤ ਤੇ ਟੁਰਦਾ ਜਾਂਦਾ ਸਪੱਸ਼ਟ ਹੋ ਰਿਹਾ ਸੀ। ਠੰਡੀ ਰੇਤ ਉਸ ਦੇ ਗਿੱਲੇ ਪੈਰਾਂ ਨਾਲ ਚਿਪਕ ਰਹੀ ਸੀ। ਪਰ ਉਹ ਆਪਣੀ ਹੀ ਧੁੰਨ ਵਿੱਚ ਮਗਨ ਸਮੁੰਦਰ ਦੇ ਕਿਨਾਰੇ ਟੁਰਿਆ ਜਾ ਰਿਹਾ ਸੀ। ਜਿਵੇਂ ਹੀ ਸਵੇਰ ਨੇ ਅੰਗੜਾਈ ਲਈ, ਉਹ ਪਰਛਾਵਾਂ ਇਕ ਮਨੁੱਖ ਵਿੱਚ ਵਟਦਾ ਚਲਾ ਗਿਆ।
ਕੀ ਉਹ ਮਨੁੱਖ ਹੀ ਸੀ?
ਨਹੀਂ!... ਧਿਆਨ ਨਾਲ ਦੇਖਣ ਤੇ ਪਤਾ ਲਗਦਾ ਸੀ ਕਿ ਉਹ ਕਿਸੇ ਵਿਗਿਆਨਕ ਦਾ ਵਡਮੁੱਲਾ ਸ਼ਾਹਕਾਰ ਸੀ। ਬਿਲਕੁਲ ਮਨੁੱਖ ਦਿਖਣ ਵਾਲਾ ਉਹ ਇਕ ਰੌਬਟ ਸੀ, ਜਿਸ ਕੋਲ ਸੱਚ ਮੁੱਚ ਇਕ ਦਿਮਾਗ ਸੀ... ਸੁਤੰਤਰ ਦਿਮਾਗ। ਉਹ ਬਿਲਕੁਲ ਕਿਸੇ ਮਨੁੱਖ ਵਾਂਗ ਸੋਚ ਸਕਦਾ ਸੀ। ਲੇਕਿਨ ਅਜੇ ਉਸ ਦੇ ਸੀਨੇ ਵਿੱਚ ਦਿਲ ਨਹੀਂ ਸੀ, ਇਸ ਲਈ ਉਹ ਲੋਕ ਮਨ ਦੀਆਂ ਪੀੜਾਂ ਨਹੀਂ ਬਿਆਨ ਕਰ ਸਕਦਾ ਸੀ। ਪਰ ਨਹੀਂ..... ਮੈਂ ਵੀ ਸ਼ਾਇਦ ਗਲਤ ਹਾਂ। ਉਸ ਦੀਆਂ ਨੀਲੀਆਂ ਅੱਖਾਂ ਵਿੱਚ ਤਰਲਤਾ ਸੀ... ਸ਼ਾਇਦ ਅਥਰੂ ਸਨ। ਕੀ ਉਸ ਮਹਾਨ ਵਿਗਿਆਨਿਕ ਨੇ ਉਸ ਨੂੰ ਦਿਲ ਵੀ ਦਿੱਤਾ ਸੀ? ਉਸ ਦੀਆਂ ਅੱਖਾਂ ਵਿੱਚ ਏਨੀ ਡੂੰਘੀ ਉਦਾਸੀ ਸੀ ਜਿੰਨੀ ਕਿਸੇ ਸ਼ਾਇਰ ਦੀਆਂ ਅੱਖਾਂ ਵਿੱਚ ਹੀ ਹੋ ਸਕਦੀ ਹੈ। ਜਾਂ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਜਿਹੜਾ ਦੂਸਰਿਆਂ ਦੇ ਦੁੱਖ ਨੂੰ ਆਪਣਾ ਸਮਝਦਾ ਹੋਵੇ।
ਉਹ ਠੰਡੀ ਰੇਤ ਤੇ ਤੁਰ ਰਿਹਾ ਸੀ, ਜਿਹੜੀ ਕਿ ਹੌਲੀ-ਹੌਲੀ ਗਰਮ ਹੋ ਰਹੀ ਸੀ। ਫੇਰ ਉਹ ਸਮੁੰਦਰ ਦੇ ਕਿਨਾਰੇ ਚਲਦਿਆਂ ਦੂਰ ਨਿਕਲ ਗਿਆ....।
ਥੋੜੀ ਦੇਰ ਬਾਅਦ... ਉਹ ਇਕ ਬੰਗਲੇ ਸਾਹਮਣੇ ਸੀ। ਬੰਗਲੇ ਦੇ ਪਿਛਵਾੜੇ ਵਿੱਚ ਇਕ ਬਗੀਚੀ ਬਣੀ ਹੋਈ ਸੀ। ਠੰਡੀ-ਠੰਡੀ ਪੋਣ ਰੁਮਕ ਰਹੀ ਸੀ? ਪਰ ਸ਼ਾਇਦ ਉਸ ਰੌਬਟ ਤੇ ਇਸ ਦਾ ਕੋਈ ਅਸਰ ਨਹੀਂ ਸੀ। ਉਹ ਆਪਣੇ ਵਿੱਚ ਗੁਆਚਿਆ ਹੋਇਆ, ਉਸ ਬੰਗਲੇ ਦੇ ਅੰਦਰ ਘੁਸਦਾ ਚਲਿਆ ਗਿਆ। ਬੰਗਲੇ ਦੇ ਅੰਦਰ ਪੁਜ ਕੇ ਉਸ ਨੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਉਹ ਆਪਣੇ ਆਪ ਹੀ ਖੁੱਲ੍ਹ ਗਿਆ। ਆਪਣੇ ਚਿਹਰੇ ਤੇ ਬਿਨਾਂ ਕਿਸੇ ਹੈਰਾਨੀ ਦੇ ਭਾਵ ਲਿਆਉਂਦਿਆਂ, ਉਸ ਨੇ ਬੰਗਲੇ ਦੇ ਅੰਦਰ ਇਧਰ-ਉਧਰ ਫਿਰਨਾ ਸ਼ੁਰੂ ਕਰ ਦਿੱਤਾ। ਉਹ ਬੰਗਲਾ ਵੇਖਣ ਨੂੰ ਕਿਸੇ ਰਾਜੇ-ਮਹਾਰਾਜੇ ਦੇ ਮਹਿਲ ਤੋਂ ਵੀ ਵੱਧ ਆਲੀਸ਼ਾਨ ਸੀ। ਹਲਕੇ ਨੀਲੇ ਰੰਗ ਦਾ ਪੇਂਟ ਦੀਵਾਰਾਂ ਦੀ ਸੁੰਦਰਤਾ ਵਿੱਚ ਹੋਰ ਵੀ ਵਾਧਾ ਕਰ ਰਿਹਾ ਸੀ।
ਰੌਬਟ ਆਪਣੇ ਆਪ ਵਿੱਚ ਹੀ ਬੁੜਬੜਾਇਆ-- "ਪਤਾ ਨਹੀਂ ਮੈਡਮ ਇਸ ਵਕਤ ਕਿਥੇ ਹੋਵੇਗੀ" ਉਸ ਦੀ ਆਵਾਜ਼ ਹੌਲੀ ਹੁੰਦਿਆਂ ਵੀ ਬੇਹੱਦ ਮਨਮੋਹਣੀ ਸੀ। ਫੇਰ ਕਿਸੇ ਵਿੱਚਾਰ ਨੂੰ ਦਿਮਾਗ਼ ਵਿੱਚ ਲਿਆਉਂਦਿਆਂ ਹੀ ਉਸ ਨੇ ਆਪਣੇ ਸਿਰ ਨੂੰ ਇਕ ਝਟਕਾ ਦਿੱਤਾ। ਉਸ ਦੀਆਂ ਅੱਖਾਂ ਜਿਵੇਂ ਸਿਫ਼ਰ ਵਿੱਚ ਸਥਿਰ ਹੋ ਗਈਆਂ। ਪਲ ਭਰ ਲਈ ਜਿਵੇਂ ਉਹ ਨਿਰਜੀਵ ਹੋ ਗਿਆ। ਉਸ ਨੇ ਆਪਣੇ ਮਸਤਕ ਤੇ ਜ਼ੋਰ ਦਿੱਤਾ ਤਾਂ ਉਸ ਨੂੰ ਇਕ ਕਮਰੇ ਵਿੱਚ ਆਰਾਮ ਕਰਦੀ ਹੋਈ ਇਕ ਔਰਤ ਦੀ ਤਸਵੀਰ ਨਜ਼ਰੀਂ ਆਈ।
ਤੁਰੰਤ ਹੀ ਉਸ ਦੀਆਂ ਅੱਖਾਂ ਦੀ ਚਮਕ ਵਾਪਸ ਆ ਗਈ। ਜਿਸ ਨੂੰ ਉਹ ਮਿਲਣਾ ਚਾਹੁੰਦਾ ਸੀ ਨਿਸ਼ਚੇ ਹੀ ਉਹ ਉਸ ਨੂੰ ਮਿਲ ਗਈ ਸੀ।
ਹੌਲੀ ਹੌਲੀ ਉਹ ਕਮਰੇ ਵੱਲ ਵਧਿਆ। ਲਿਖਣ ਦੀ ਲੋੜ ਨਹੀਂ ਕਿ ਉਸ ਕਮਰੇ ਦਾ ਦਰਵਾਜ਼ਾ ਵੀ ਆਪਣੇ ਆਪ ਹੀ ਖੁੱਲ੍ਹ ਗਿਆ ਹੋਵੇਗਾ। ਅੰਦਰੋਂ ਤੇਜ਼ ਪਰ ਮਿੱਠੀ ਸੁਗੰਧ ਉਸ ਦੇ ਨੱਕ ਨਾਲ ਟਕਰਾਈ। ਉਹ ਕਮਰਾ ਦਰਅਸਲ ਬੈਡਰੂਮ ਸੀ। ਇਕ ਬਹੁਤ ਹੀ ਖੂਬਸੂਰਤ ਔਰਤ ਪਲੰਘ ਤੇ ਸੋਂ ਰਹੀ ਸੀ। ਨਹੀਂ... ਉਹ ਸੋਂ ਨਹੀਂ ਰਹੀ ਸੀ ਸ਼ਾਇਦ ਸੋਚਾਂ ਦੇ ਕਿਸੀ ਅਜਨਬੀ ਪ੍ਰਦੇਸ਼ ਦੀ ਯਾਤਰਾ ਕਰ ਰਹੀ ਸੀ।
ਹਲਕੀ ਜਿਹੀ ਆਹਟ ਨਾਲ ਉਹ ਚੌਂਕ ਕੇ ਉਠ ਬੈਠੀ। ਸਾਹਮਣੇ ਖੜੇ ਰੌਬਟ ਨੂੰ ਵੇਖ ਕੇ ਇਕ ਅਨੋਖੀ ਖੁਸ਼ੀ ਉਸ ਦੇ ਮੁਖੜੇ ਤੇ ਨਾਚ ਕਰਨ ਲੱਗੀ।
"ਹੇ ਜਨਮ ਦਾਤਾ! ਮੈਂ ਵਾਪਸ ਪਰਤ ਆਇਆ ਹਾਂ!" ਰੌਬਟ ਦੇ ਮੂੰਹੋਂ ਸ਼ਬਦਾ ਦੀਆਂ ਤਰੰਗਾਂ ਨਿਕਲ ਕੇ ਕਮਰੇ ਦੀ ਸੁਗੰਧੀ ਨਾਲ ਰਚ ਗਈਆਂ।
ਉਹ ਔਰਤ, ਜਿਸ ਨੇ ਰੌਬਟ ਨੂੰ ਬਣਾਇਆ ਸੀ ਠੀਕ ਤਰ੍ਹਾਂ ਹੋ ਕੇ ਪਲੰਘ ਤੇ ਬੈਠ ਗਈ।
"ਹਾਂ ਤਾਂ ਸਾਵਨ ਤੂੰ ਇਸ ਨਾਸ਼ਵਾਨ ਦੁਨਿਆਂ ਵਿੱਚ ਕੀ ਵੇਖਿਆ?"
"ਹੇ ਮਹਾਨ ਚੇਤਨਾ! ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਜਦ ਤੁਸੀਂ ਮੈਂਨੂੰ ਜਨਮ ਦਿੱਤਾ ਸੀ ਤਾਂ ਮੈਂ ਇਕ ਸਾਧਾਰਨ ਰੌਬਟ ਸਾਂ। ਫਿਰ ਪੂਰਾ ਇਕ ਸਾਲ ਹੋਰ ਤੁਸੀਂ ਮੇਰੇ ਤੇ ਖਰਚ ਕੀਤਾ ਤਾਂ ਮੈਂ ਇਸ ਰੂਪ ਵਿੱਚ ਪੁਜਿਆ। ਅੱਜ ਤੋਂ ਤਿੰਨ ਸਾਲ ਪਹਿਲਾਂ ਤੁਸੀਂ ਮੈਂਨੂੰ ਵਿਸ਼ਵ ਦੀ ਯਾਤਰਾ ਵਾਸਤੇ ਭੇਜਿਆ ਸੀ ਅਤੇ ਇਹ ਪ੍ਰਯੋਗ ਸ਼ੁਰੂ ਕੀਤਾ ਸੀ ਕਿ ਜੇ ਰੌਬਟਾਂ ਨੂੰ ਮਨੁੱਖ ਵਰਗੇ ਹਾਲਾਤ ਵਿੱਚ ਜਿਉਣਾ ਪਵੇ ਤਾਂ ਕੀ ਉਹਨਾਂ ਦੇ ਸਰਕਿਟ ਵਿੱਚ ਸੰਵੇਦਨਸ਼ੀਲਤਾ ਨਾਮਕ ਕੋਈ ਵਸਤੂ ਉਤਪੰਨ ਹੋ ਸਕੇਗੀ? ਮੈਂ ਆਪਣੀ ਯਾਤਰਾ ਦਾ ਵਿਵਰਣ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਦਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਅੱਜ ਤੋਂ ਤਿੰਨ ਸਾਲ ਪਹਿਲਾਂ ਮੇਰੇ ਸਰਕਿਟ ਵਿੱਚ"
ਪਿਆਰ ਨਾਮਕ ਅਦਿੱਖ ਵਸਤੂ ਨੂੰ ਅਨੁਭਵ ਕਰਨਾ ਨਹੀਂ ਸੀ। ਪਰ ਅੱਜ ਮੈ ਤੁਹਾਡੇ ਸਾਹਮਣੇ ਖੜਾ ਇਹ ਅਨੁਭਵ ਕਰ ਰਿਹਾ ਹਾਂ ਕਿ ਤੁਹਾਡੇ ਪ੍ਰਤੀ ਮੇਰੇ ਸਰਕਿਟ ਵਿੱਚ ਪਿਆਰ ਦਾ ਹਲਕਾ ਕੰਪਨ ਉਤਪੰਨ ਹੋ ਰਿਹਾ ਹੈ...."
ਚੇਤਨਾ ਦੇ ਚਿਹਰੇ ਤੇ ਹਲਕੀ ਜਿਹੀ ਖੁਸ਼ੀ ਦੀ ਲਾਲੀ ਪਸਰ ਗਈ।
"ਮੈਂ ਤੈਥੋਂ ਪੂਰਾ ਬ੍ਰਿਤਾਂਤ ਸੁਣਨਾ ਚਾਹਾਂਗੀ...."
ਸਾਵਨ, ਜਿਹੜਾ ਕਿ ਇਕ ਯੰਤਰ ਮਾਨਵ ਸੀ, ਨੇ ਆਪਣਾ ਸਫ਼ਰ ਨਾਮਾ ਸਣਾਉਣਾ ਸ਼ੁਰੂ ਕੀਤਾ-
"ਪਹਿਲੇ ਸਾਲ ਮੈਂ ਚਕਾਚੌਂਧ ਕਰਨ ਵਾਲੀ ਉਸ ਦੁਨੀਆਂ ਵਿੱਚ ਪੁੱਜਾ, ਜਿਥੇ ਸਿਰਫ਼ ਦਿਖਾਵਾ ਹੈ ਦੌਲਤ ਹੈ, ਪਰ ਸੱਚਾ ਪਿਆਰ ਨਹੀਂ । ਸਿਰਫ਼ ਦਿਖਾਵੇ ਦਾ ਪਿਆਰ ਹੈ। ਵਾਸ਼ਨਾ ਦਾ ਪਲ ਭਰ ਦਾ ਤੂਫਾਨ ਹੈ। ਇਹੋ ਜਿਹੇ ਗਲੈਮਰ ਦੀ ਦੁਨਿਆਂ ਵਿੱਚ- ਜਿਥੇ ਲੋਕ ਪੈਸਾ ਲੁਟਾਉਂਦੇ ਹਨ। ਕਲੱਬਾਂ ਵਿੱਚ ਜਾ ਕੇ ਕੈਬਰੇ ਵੇਖਦੇ ਹਨ। ਰੰਗ ਬਰੰਗੀਆਂ ਰੌਸ਼ਨੀਆਂ ਵਿੱਚ ਆਪਣੇ ਜੀਵਨ ਨੂੰ ਇੰਝ ਰੁਲਾ ਦਿੰਦੇ ਹਨ ਜਿਵੇਂ ਉਹਨਾਂ ਜੀਵਨ ਆਨੰਦ ਦੀ ਸਿਖਰ ਮੰਜ਼ਿਲ ਪਾ ਲਈ ਹੋਵੇ। ਜਿਵੇਂ ਉਹਨਾਂ ਆਪਣੀ ਜ਼ਿੰਦਗੀ ਦਾ ਸਹੀ ਮਨੋਰਥ ਪਾ ਲਿਆ ਹੋਵੇ। ਪਰ ਉਹ ਇਹਨਾਂ ਚਮਕਦੀਆਂ ਗੁਲਾਬੀ ਤੇ ਹਰੀਆਂ ਰੌਸ਼ਨੀਆਂ ਵਿੱਚ ਇਹ ਭੁੱਲ ਜਾਂਦੇ ਹਨ ਕਿ ਇਹਨਾਂ ਗੁਲਾਬੀ ਰਾਤਾਂ ਥੱਲੇ ਇਕ ਬੱਚਾ ਵੀ ਭੁੱਖ ਨਾਲ ਵਿਲਕ ਰਿਹਾ ਹੈ, ਜਿਸਦੀ ਮਾਂ ਹੁਣੇ ਹੀ ਕੇਵਲ ਦਸ ਰੁਪਏ ਵਿੱਚ ਆਪਣੇ ਜਿਸਮ ਦਾ ਰੇਸ਼ਾ ਰੇਸ਼ਾ ਭੁੱਖੇ ਦਰਿੰਦਿਆ ਦੇ ਹੱਥ ਸੋਂਪ ਕੇ ਹਟੀ ਹੈ। ਰੰਗਬਰੰਗੀਆਂ ਰੌਸ਼ਨੀਆਂ ਵਿੱਚ ਵਿੱਚਰਦੀਆਂ ਇਹਨਾਂ ਜੀਵਤ ਲਾਸ਼ਾਂ ਨੂੰ ਪਤਾ ਨਹੀਂ ਦੁੱਖ ਕਿਸ ਚੀਜ਼ ਦਾ ਨਾਂ ਹੈ? ਉਹ ਤਾਂ ਦੌਲਤ ਲੁਟਾਂਦੇ ਹਨ, ਆਨੰਦ ਪਾਉਂਦੇ ਹਨ! ਜਿਹੜੇ ਆਪਣੀਆਂ ਆਲੀਸ਼ਾਨ ਕੋਠੜੀਆਂ ਵਿੱਚ ਆ ਕੇ ਬਾਹਰੀ ਦੁਨੀਆਂ ਨੂੰ ਬਿਲਕੁਲ ਭੁੱਲ ਜਾਂਦੇ ਹਨ। ਉਹਨਾਂ ਦੇ ਮਨਾਂ ਤੇ ਕੋਈ ਅਸਰ ਨਹੀਂ ਹੁੰਦਾ... ਭਾਵੇਂ ਉਹਨਾਂ ਸਾਹਮਣੇ ਕੋਈ ਭੁੱਖਾ ਗਿੜਗਿੜਾਉਂਦਾ ਰਹੇ......"
ਪਰ ਇਸੇ ਚਕਾਚੋਂਧ ਦੀ ਦੁਨੀਆਂ ਦਾ ਉਹ ਪਹਿਲੂ ਵੀ ਹੈ.... ਜਥੇ ਇਹ ਲੋਕ ਜੀਵਤ ਹੀ ਮਰ ਰਹੇ ਹਨ। ਪਰ ਉਹਨਾਂ ਨੂੰ ਆਪਣੀ ਮੌਤ ਦੀ ਖ਼ਬਰ ਨਹੀਂ। ਉਹ ਰੰਗਬਰੰਗੀਆਂ ਰੌਸ਼ਨੀਆਂ ਦੇ ਹੁੰਦਿਆਂ ਵੀ ਇਕ ਅਜਿਹੇ ਹਨੇਰੇ ਵਿੱਚ ਡੁੱਬੇ ਹੋਏ ਹਨ, ਜਿਥੋਂ ਨਿਕਲਣਾ ਬਿਲਕੁਲ ਅਸੰਭਵ ਹੈ। ਉਹ ਗੁਆਚ ਚੁੱਕੇ ਨੇ-ਚਰਸ ਦੇ ਧੂੰਏ ਵਿੱਚ ਹਿਰੋਇਨ ਜਿਹੇ ਘਾਤਕ ਨਸ਼ੇ ਦੀ ਤਰਲਤਾ ਵਿੱਚ। ਅਤੇ ਐਲ. ਐਸ. ਦੀ. ਦੀਆਂ ਗੋਲੀਆਂ ਦੇ ਤੂਫਾਨ ਵਿੱਚ। ਮੈਂ ਅਜੇ ਵੀ ਵੇਖ ਰਿਹਾ ਹਾਂ ਕਿ ਉਹਨਾਂ ਦੀਆਂ ਅੱਖਾਂ ਮੌਤ ਦੇ ਗਹਿਰੇ ਧੂੰਏ ਵਿੱਚ ਸਥਿਰ ਹਨ। ਉਹਨਾਂ ਦਾ ਜਿਸਮ ਨਸ਼ੇ ਦੀ ਤਰੰਗ ਵਿੱਚ ਢਿੱਲਾ ਹੋ ਕੇ ਜ਼ਮੀਨ ਤੇ ਲੁੜਕਿਆ ਪਿਆ ਹੈ। ਉਹ ਆਪ ਤੋਂ ਬੇਖ਼ਬਰ ਪਤਾ ਨਹੀਂ ਕਿਸ ਦੁਨੀਆਂ ਵਿੱਚ ਪੁੱਜੇ ਹੋਏ ਨੇ....।
ਫੇਰ ਮੈਂ ਵੇਖਿਆ ਕਿ ਇਕ ਆਦਮੀ ਦੌਲਤ ਵਿੱਚ ਨਹਾ ਰਿਹਾ ਸੀ, ਉਸ ਦੌਲਤ ਵਿੱਚ ਜਿਹਵੀ ਉਸ ਨੇ ਹਜ਼ਾਰਾਂ ਲੋਕਾਂ ਨੂੰ ਹੀਰੋਇਨ ਵੇਚ ਕੇ ਕਮਾਈ ਸੀ। ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਝੌਂਕ ਕੇ, ਪਰ ਉਸ ਵਿਅਕਤੀ ਦੇ ਚਿਹਰੇ ਤੇ ਰੱਤੀ ਭਰ ਵੀ ਸ਼ਿਕਨ ਨਹੀਂ ਸੀ। ਬੱਸ ਉਹ ਦੌਲਤ ਹਵਾ ਵਿੱਚ ਉਛਾਲ ਕੇ ਕਿਲਕਾਰੀਆਂ ਮਾਰ ਰਿਹਾ ਸੀ- ਕਿਸੇ ਬੱਚੇ ਵਾਂਗ! ਜਿਸ ਨੂੰ ਉਸ ਦਾ ਮਨਪਸੰਦ ਖਿਡੋਣਾ ਮਿਲ ਗਿਆ ਹੋਵੇ।
"ਫੇਰ ਫੋਨ ਦੀ ਘੰਟੀ ਵੱਜੀ ਅਤੇ ਉਸ ਵਿਅਕਤੀ ਨੇ ਫੋਨ ਚੁਕਿਆ...."
"ਹੈਲੋ! ਹਾਂ... ਹਾਂ... ਮੈਂ ਬੋਲ ਰਿਹਾ ਹਾਂ। ਕੀ ਦੋ ਟਰੱਕ ਹੀਰੋਇਨ ਹੋਰ ਆ ਗਈ ਏ.... ਅੋਹ ਗਾਡ! ਯੂ ਮਰਸੀਫੁੱਲ....। ਦੋ ਟਰੱਕ...! ਫੇਰ ਤਾਂ ਮੈਂ ਮਾਲਾਮਾਲ ਹੋ ਜਾਵਾਂਗਾ?"
ਮੈਂ ਉਸ ਦੇ ਇਹ ਸ਼ਬਦ ਸੁਣਦਿਆਂ ਹੀ ਪਾਗਲ ਹੋ ਗਿਆ ਅਤੇ ਮੈਂ ਉਰੰਤ ਉਸ ਨੂੰ ਮੌਤ ਦੀ ਧੁੰਦ ਵਿੱਚ ਕਣ-ਕਣ ਮਿਲਾ ਦਿੱਤਾ।
ਸਾਵਨ ਜਿਵੇਂ ਸਾਹ ਲੈਣ ਲਈ ਕੁਝ ਦੇਰ ਰੁਕਿਆ। ਚੇਤਨਾ ਨੇ ਉਸਦੀਆਂ ਗੱਲ੍ਹਾਂ ਤੇ ਬੜੇ ਪਿਆਰ ਨਾਲ ਆਪਣਾ ਕੋਮਲ ਹੱਥ ਰੱਖ ਦਿੱਤਾ। ਸਾਵਨ ਜਿਹੀ ਮਸ਼ੀਨ ਵੀ ਇਸ ਮਮਤਾਈ ਪਿਆਰ ਦੀ ਤਰਲਤਾ ਨੂੰ ਮਹਿਸੂਸ ਕਰਕੇ ਮਿੱਠੇ ਆਨੰਦ ਨਾਲ ਕਰਾਹ ਉੱਠੀ।
ਚੇਤਨਾ ਨੇ ਉਸਨੂੰ ਆਪਣੀ ਗੱਲ ਜਾਰੀ ਰੱਖਣ ਦਾ ਮੂਕ ਇਸ਼ਾਰਾ ਕੀਤਾ।
'ਤੇ ਇਸ ਤਰ੍ਹਾਂ ਇਕ ਸਾਲ ਪਲਕ ਝਪਕਦਿਆਂ ਹੀ ਗੁਜ਼ਰ ਗਿਆ। ਕਹਾਣੀ ਬੜੀ ਲੰਬੀ ਹੈ। ਦੁਸਰੇ ਸਾਲ ਮੈਂ ਬਰਫ਼ ਨਾਲ ਢਕੇ ਪਹਾੜਾਂ ਦੀਆਂ ਵਾਦੀਆਂ ਵਿੱਚ ਪੁੱਜ ਗਿਆ- ਤਾਂ ਕਿ ਮੈਨੂੰ ਸਕੂਨ ਮਿਲ ਸਕੇ। ਮੈਂ ਉੱਥੇ ਪਹੁੰਚ ਗਿਆ ਜਿਥੇ ਠੰਡੀਆਂ ਹਵਾਵਾਂ ਚੱਲਦੀਆਂ ਹਨ ਅਤੇ ਇਨਸਾਨਾਂ ਦੇ ਜਿਸਮਾਂ ਵਿੱਚ ਗੁਦਗੁਦੀਆਂ ਦੌੜਾਂ ਦਿੰਦੀਆਂ ਹਨ। ਉੱਥੇ ਜਿੱਥੇ ਲੋਕ ਰੇਂਡੀਅਰ ਦੀ ਖੱਲ ਦੇ ਬਣੇ ਭਾਰੇ ਭਾਰੇ ਕੋਟ ਪਹਿਨਦੇ ਹਨ। ਜਿਨ੍ਹਾ ਦੇ ਚਿਹਰੇ ਅਤਿਅੰਤ ਹੁਸੀਨ ਹਨ। ਪਰ ਮੈਨੂੰ ਲੱਗਾ ਕਿ ਉਹਨਾਂ ਦੇ ਹੁਸੀਨ ਚਿਹਰਿਆਂ ਦੇ ਅੰਦਰ ਅਤਿਅੰਤ ਦੁੱਖ ਛਿਪਿਆ ਹੋਇਆ ਹੈ। ਹੱਸਦੇ, ਮੁਸਕਰਾਉਂਦੇ ਮਨੁੱਖ ਦਾ ਤਾਂ ਉਨ੍ਹਾਂ ਸਿਰਫ਼ ਮਖੌਟਾ ਹੀ ਪਹਿਨਿਆ ਹੋਇਆ ਹੈ। ਅਸਲ ਵਿੱਚ ਇਨਸਾਨ ਦਾ ਅੰਦਰੂਨੀ, ਸਰਕਿਟ ਜਿਵੇਂ ਬਿਲਕੁਲ ਹੀ ਟੁੱਟ ਚੁੱਕਿਆ ਹੈ। ਬਰਫ਼ ਦੇ ਹੁਸੀਨ ਪ੍ਰਦੇਸ਼ ਵਿੱਚ ਵਸਦੇ ਲੋਕ ਵੀ ਜ਼ਿੰਦਗੀ ਤੋਂ ਉਦਾਸ ਵਿਖਾਈ ਦਿੰਦੇ ਹਨ। ਨੌਂ ਮਹੀਨੇ ਬਰਫ਼ ਵਿੱਚ ਰਹਿਣ ਕਰਕੇ ਕਦੇ ਕਦੇ ਜਦ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਤਾਂ ਉਹਨਾਂ ਦੀ ਕਬਰ ਬਰਫ਼ ਵਿੱਚ ਹੀ ਬਣ ਜਾਂਦੀ। ਜ਼ਿੰਦਗੀ ਦੇ ਦੁੱਖਾਂ ਦੀ ਬਰਫ਼ ਦਾ ਤੂਫਾਨ ਉਹਨਾਂ ਨੂੰ ਜ਼ੀਰਣ-ਸ਼ੀਰਣ ਕਰ ਦਿੰਦਾ ਹੈ।
"ਮੈਂ ਉਹਨਾਂ ਹਰਿਆਲੀਆਂ ਵਾਦੀਆਂ ਵਿੱਚ ਵੀ ਗਿਆ। ਜਿਥੇ ਸਿਰਫ਼ ਰੰਗਰਬਰੰਗੀਆਂ ਚਿੜੀਆਂ ਹੀ ਰਹਿੰਦੀਆਂ ਹਨ। ਉੱਥੇ ਵੀ ਮੈਨੂੰ ਗ਼ਰੀਬੀ ਨਾਲ ਵਿਲਕਦੇ ਬਚਿਆ ਦੀਆਂ ਚੀਖਾਂ ਹੀ ਸੁਣਾਈ ਦਿੰਦੀਆਂ ਰਹੀਆਂ। ਮੇਰੇ ਕੰਨਾਂ ਦਾ ਡਾਇਆਫਾਰਮ ਐਨਾ ਸੰਵੇਦਨਸ਼ੀਲ ਹੋ ਗਿਆ ਸੀ ਕਿ ਦੂਰ ਦੇ ਕਿਸੇ ਵੀ ਪ੍ਰਦੁਸ਼ ਵਿੱਚ ਹੋਣ ਵਾਲੀ ਆਹਟ ਮੈਂ ਤੁਰੰਤ ਸੁਣ ਸਕਦਾ ਸਾਂ। ਮੈਨੂੰ ਮਜ਼ਬੂਰ ਮਾਵਾਂ ਦੀ ਦਾਸਤਾਨ ਨਾ ਭੁੱਲੀ। ਉਹ ਰੰਗਬਰੰਗੀਆਂ ਚਿੜੀਆਂ ਗਰਮ ਦੇਸ਼ਾਂ ਨੂੰ ਜਾਣ ਦਾ ਵਿੱਚਾਰ ਕਰ ਰਹਿਆ ਹਨ। ਮੈਂ ਉਨ੍ਹਾਂ ਦੀ ਭਾਸ਼ਾ ਸਮਝ ਸਕਦਾ ਸਾਂ। ਮੈਂ ਹਰੇ ਹਰੇ ਦਰਖ਼ੱਤਾਂ ਤੋਂ ਕੁਝ ਫਲ ਤੋੜ ਕੇ ਉਨ੍ਹਾਂ ਨੂੰ ਦਿੰਦਿਆਂ ਕਿਹਾ।
"ਐ ਦੂਰ ਦੇਸ਼ ਜਾਣ ਵਾਲੀਓ ਚਿੜੀਓ! ਕੀ ਉਸੀਂ ਭੁੱਖ ਨਾਲ ਤੜਫਦੇ ਬੱਚਿਆਂ ਨੂੰ ਮੇਰਾ ਤੁੱਛ ਜਿਹਾ ਤੋਹਫਾ ਦੇ ਸਕੋਗੀਆਂ? ਮੈ ਥੋੜੀ ਦੇਰ ਅਜੇ ਹੋਰ ਠਹਿਰਨਾ ਹੈ।"
"ਉਨ੍ਹਾਂ ਖ਼ੂਸ਼ੀ ਖ਼ੂਸ਼ੀ ਮੇਰੀ ਬੇਨਤੀ ਪ੍ਰਵਾਨ ਕਰ ਲਈ ਮੇਰੇ ਦਿਲ ਨੂੰ ਕੁੱਝ ਰਾਹਤ ਮਿਲੀ। ਮੇਰੇ ਸਰਕਿਟ ਵਿੱਚ ਪਹਿਲਾਂ ਅਜਿਹੀ ਕੋਈ ਗੱਲ ਨਹੀਂ ਸੀ। ਪਰ ਮੈਂ ਚਿੜੀਆਂ ਨੂੰ ਫਲ ਦੇਣ ਤੋਂ ਬਾਅਦ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਿਤਾ।"
ਸਾਵਨ ਜਿਵੇਂ ਇੱਕੋ ਸਾਹ ਹੀ ਬੋਲੀ ਜਾ ਰਿਹਾ ਸੀ-
“ਫੇਰ ਮੇਰਾ ਜੀਅ ਹਰਿਆਲੀ ਅਤੇ ਠੰਢੀਆਂ ਹਵਾਵਾਂ ਦੇ ਦੇਸ਼ ਵਿੱਚ ਨਾ ਲੱਗ ਸਕਿਆ। ਮੈਂ ਉਨ੍ਹਾਂ ਗਰਮ ਦੇਸ਼ਾ ਨੂੰ ਚੱਲ ਪਿਆ ਜਿੱਥੇ ਮੇਰੀਆਂ ਦੋਸਤ ਚਿੜੀਆਂ ਗਈਆਂ ਸਨ। ਮੈਂ ਸਪੱਸ਼ਟ ਦੇਖ ਰਿਹਾ ਸਾਂ ਕਿ ਉਹ ਗਰਮ ਦੇਸ਼ਾ ਦੀ ਗਰਮ ਰੇਤ ਵਿੱਚ ਕਿਵੇਂ ਫੁਦਕ ਰਹੀਆਂ ਸਨ। ਜਦ ਉਨ੍ਹਾਂ ਮੇਰਾ ਤੋਹਫਾ ਇੱਕ ਭੁੱਖ ਨਾਲ ਕੁਰਲਾਂਦੇ, ਬਾਲਕ ਨੂੰ ਦਿੱਤਾ ਤਾਂ ਉਸ ਬਾਲਕ ਤੋਂ ਜ਼ਿਆਦਾ ਮੇਰਾ ਮਨ ਖ਼ੁਸ਼ ਹੋਇਆ।
ਤੀਸਰੇ ਸਾਲ ਮੈਂ ਉਹਨਾਂ ਗ਼ਰੀਬੜਿਆਂ ਦੀਆਂ ਝੋਂਪੜੀਆਂ ਵਿੱਚ ਗਿਆ, ਜਿਨ੍ਹਾਂ ਵਿੱਚ ਅਜੇ ਵੀ ਗੁਲਾਮੀ ਦੀ ਘਣਘੋਰ ਕਾਲੀ ਰਾਤ ਛਾਈ ਹੋਈ। ਜਿਨ੍ਹਾ ਨੇ ਅਜੇ ਵੀ ਸੁਤੰਤਰਤਾ ਦੀ ਜੋਤੀ ਦਾ ਉਜਾਲਾ ਨਹੀਂ ਵੇਖਿਆ। ਬੱਚੇ ਭੁੱਖ ਨਾਲ ਕੁਰਲਾ ਰਹੇ ਸਨ। ਉਹਨਾਂ ਦੇ ਤਨ ਤੇ ਕਪੜੇ ਦਾ ਇਕੋ ਰੇਸ਼ਾ ਵੀ ਨਹੀਂ ਸੀ।
ਉਥੇ ਮੈਂ ਇਕ ਬੇਸਹਾਰਾ ਬੁੱਢੀ ਔਰਤ ਨੂੰ ਵੇਖਿਆ ਜਿਸ ਦੀਆਂ ਅੱਖਾਂ ਵਿੱਚ ਅਥਾਹ ਮਮਤਾ ਸੀ। ਉਸਨੂੰ ਉਸਦੀ ਬਹੂ ਨੇ ਖੂਹ ਤੋਂ ਪਾਣੀ ਭਰਨ ਜ਼ਬਰਦਸਤੀ ਭੇਜ ਦਿੱਤਾ ਸੀ। ਬਾਲਟੀ ਤਾਂ ਕੀ ਉਠਾਈ ਜਾਣੀ ਸੀ, ਉਸ ਤੋਂ ਤੁਰਿਆਂ ਵੀ ਨਹੀਂ ਸੀ ਜਾ ਰਿਹਾ। ਮੈਂ ਉਸ ਇਸਤਰੀ ਨੂੰ ਉਸੇ ਪਲ ਨੋਸਤੋਨਾਬੂਦ ਕਰ ਦੇਣਾ ਚਾਹਿਆ। ਜਦ ਮੈਂ ਉਸ ਨੂੰ ਮਾਰਨ ਲਈ ਆਪਣਾ ਹੱਥ ਉੱਪਰ ਚੁਕਿਆ ਤਾਂ ਮੇਰੀਆਂ ਅੱਖਾਂ ਨਾਲ ਟਕਰਾਈਆਂ ਤਾਂ ਮੇਰਾ ਹੱਥ ਹਵਾ ਵਿੱਚ ਹੀ ਸਥਿਰ ਹੋ ਕੇ ਰਹਿ ਗਿਆ। ਉਸ ਦੀਆਂ ਨੀਰਸ ਅੱਖਾਂ ਵਿੱਚ ਮੈਨੂੰ ਗ਼ਰੀਬੀ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਈ।
ਮੈਂ ਉਨ੍ਹਾਂ ਨੂੰ ਕਿਸਮਤ ਦੇ ਸਹਾਰੇ ਛੱਡ ਆਇਆ। ਹੋਰ ਮੈਂ ਕਰ ਵੀ ਕੀ ਸਕਦਾ ਸੀ? ਮੇਰੇ ਕੋਲ ਉਨ੍ਹਾਂ ਨੂੰ ਦੇਣ ਵਾਸਤੇ ਕੁਝ ਨਹੀਂ ਸੀ।"
"ਫੇਰ ਮੈਂ ਉਸ ਬਸਤੀ ਵਿੱਚ ਪੁੱਜਿਆ ਜਿਥੇ ਚਾਰ ਚੁਫੇਰੇ ਪਸ਼ੂਆਂ ਦੀਆਂ ਹੱਡੀਆਂ ਬਿਖਰੀਆਂ ਪਈਆਂ ਸਨ। ਜਿਥੇ ਕੁਝ ਹੋਰ ਗਰੀਬੀ ਦੇ ਸਤਾਏ ਵਸਦੇ ਸਨ। ਉਹ ਰੋਟੀ ਖਾਤਰ ਇਕ ਦੂਸਰੇ ਨਾਲ ਇੰਝ ਲੜ ਰਹੇ ਸਨ ਜਿਵੇਂ ਹੱਡੀ ਖਾਤਰ ਕੁੱਤੇ ਲੜਦੇ ਹਨ। ਮੈਥੌਂ ਹੋਰ ਬਹੁਤੀ ਦੇਰ ਉਥੇ ਨਾ ਠਹਿਰ ਹੋਇਆ।ਉਸ ਸਮੇਂ ਮੇਰੀਆਂ ਅੱਖਾਂ ਨਾਲ ਰੋਸ਼ਨੀ ਟਕਰਾਈ-ਮੈਂ ਸੂਰਜ ਵੱਲ ਨੂੰ ਵੇਖਿਆ ਤਾਂ ਝੌਂਪੜੀਆਂ ਦੇ ਪਾਰ ਇਕ ਫ਼ਾਇਵ ਸਟਾਰ ਹੋਟਲ ਬਣਿਆ ਹੋਈਆ ਸੀ। ਉਹ ਰੋਸ਼ਨੀ ਸੂਰਜ ਤੋਂ ਨਹੀਂ ਬਲਕਿ ਹੋਟਲ ਦੇ ਡਿਸਕੋ ਰੂਮ ਵਿੱਚੋਂ ਆ ਰਹੀ ਸੀ। ਜਿਥੇ ਜਵਾਨੀਆਂ ਮਦਹੋਸ਼ ਗੀਤ ਗਾ ਰਹੀਆਂ ਸਨ ਅਤੇ ਉਨ੍ਹਾਂ ਦੇ ਹੇਠਾਂ ਲੜਾਈ ਚੱਲ ਰਹੀ ਸੀ- ਰੋਟੀ ਖਾਤਰ।"
ਚੇਤਨਾ ਸਾਹ ਰੋਕੇ ਸੁਣਦੀ ਰਹੀ। ਉਸ ਦੀਆਂ ਗੁਲਾਬੀ ਗੱਲ੍ਹਾਂ ਤੇ ਇਕ ਹੰਝੂ ਲਟਕ ਆਇਆ ਸੀ।
"ਮੈਂ ਥੋੜ੍ਹਾ ਹੋਰ ਅੱਗੇ ਗਿਆ ਤਾਂ ਇਕ ਵਿਅਕਤੀ, ਨਹੀਂ... ਉਸਨੂੰ ਮੈਂ ਵਿਅਕਤੀ ਨਹੀਂ ਦਰਿੰਦਾ ਕਹਾਂਗਾ। ਇਕ ਦਰਿੰਦਾ ਸ਼ਰਾਬ ਦੇ ਨਸ਼ੇ ਵਿੱਚ ਡੁਬਿਆ ਆਪਣੀ ਗਰਭਵਤੀ ਪਤਨੀ ਨੂੰ, ਸ਼ਰਾਬ ਪੀਣ ਲਈ ਹੋਰ ਪੈਸਿਆਂ ਖਾਤਰ ਬੇਦਰਦੀ ਨਾਲ ਮਾਰ ਰਿਹਾ ਸੀ। ਉਸਦੇ ਬੱਚੇ ਰੋਟੀ ਲਈ ਵਿਲਕ ਰਹੇ ਸਨ। ਪਰ ਉਸ ਨੂੰ ਤਾਂ ਸ਼ਰਾਬ ਚਾਹੀਦੀ ਸੀ। ਹੁਣ... ਹੁਣ ਮੈਥੋਂ ਸਹਾਰ ਨਾ ਹੋਇਆ। ਮੈਂ ਉਸ ਦਰਿੰਦੇ ਨੂੰ ਉਥੇ ਹੀ ਸੁਲਾ ਦਿੱਤਾ। ਤਦੇ ਮੈਨੂੰ ਪੁਲਿਸ ਜੀਪ ਦੇ ਸਾਇਰਨ ਦੀ ਅਵਾਜ਼ ਸੁਣਾਈ ਦਿੱਤੀ। ਮੈਂ ਉਥੋਂ ਦੋੜ ਆਇਆ ਅਤੇ ਬੇਤਹਾਸ਼ਾ ਦੋੜਦਾ ਰਿਹਾ...। ਮੇਰੇ ਕਦਮ ਇਕ ਵੇਰਾਂ ਫੇਰ ਉਸ ਕਾਲੀ ਬਸਤੀ ਵਿੱਚ ਜਾ ਕੇ ਰੁਕੇ ਜਿੱਥੇ ਦੋ ਕੋਮਲ ਬੱਚੇ ਇਕ ਮਰੇ ਹੋਏ ਕੁੱਤੇ ਦੇ ਮੂੰਹੋਂ ਰੋਟੀ ਖੋਹ ਰਹੇ ਸਨ....।”
"....ਬੱਸ....! ਬੱਸ ਕਰੋ ਸਾਵਨ! ਹੁਣ ਹੋਰ ਨਹੀਂ ਸੁਣਿਆ ਜਾਂਦਾ।....!"
"ਤੁਸੀਂ ਕੀ ਸਮਝਦੇ ਹੋ.... ਹੇ ਮਹਾਨ ਚੇਤਨਾ! ਮੈਂ ਵੀ ਉਸ ਦ੍ਰਿਸ਼ ਨੂੰ ਵੇਖ ਕੇ ਉਥੇ ਰੁਕਿਆ ਹੋਵਾਂਗਾ? ਮੈਂ ਫੈਸਲਾ ਕਰ ਲਿਆ ਕਿ ਹੁਣ ਇਸ ਦੁਨੀਆਂ ਵਿੱਚ ਹੋਰ ਨਹੀਂ ਰਹਿਣਾ... ਜਿੱਥੇ ਪਿਆਰ ਨਹੀਂ .... ਭੁੱਖ ਹੈ... ਗਰੀਬੀ ਹੈ... ਮੈਂ ਆਪਣੇ ਆਪ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਪਰ ਫੇਰ ਮੈਂ ਸਾਰੀ ਕਹਾਣੀ ਦੱਸਣ ਤੁਹਾਡੇ ਕੋਲ ਆ ਗਿਆ।"
ਇੰਨਾ ਕਹਿ ਕੇ ਸਾਵਨ ਦਾ ਹੱਥ ਆਪਣੇ ਫ਼ਿਊਜ਼ ਪੁਆਂਇਟ ਤੇ ਚਲਿਆ ਗਿਆ। ਉਸਦੇ ਪੈਰ ਲੜਖੜਾ ਗਏ। ਚੇਤਨਾ ਨੇ ਦੌੜ੍ਹ ਕੇ ਉਸਨੂੰ ਸਾਂਭ ਲਿਆ। ਪਰ ਉਸਦੇ ਨੈਣਾਂ ਦੀ ਜੋਤੀ ਬੁਝ ਚੁੱਕੀ ਸੀ।
ਚੇਤਨਾ ਆਪਣੀ ਬਣਾਈ ਮਸ਼ੀਨ... ਨਹੀਂ। ਸ਼ਾਇਦ ਮੈਂ ਗ਼ਲਤ ਹਾਂ। ਉਹ ਮਸ਼ੀਨ ਨਹੀਂ ਕਿਸੇ ਮਨੁੱਖ ਤੋਂ ਵੀ ਵੱਧਕੇ ਸੀ... ਨੂੰ ਅਪਲਕ ਨਿਹਾਰਦੀ ਰਹੀ। ਉਸਦੇ ਦਿਲ ਵਿੱਚ ਦਰ ਦੀ ਇਕ ਲਹਿਰ ਉੱਠਦੀ ਚਲੀ ਗਈ। ਉਸ ਦੀਆਂ ਗੱਲ੍ਹਾਂ ਹੰਝੂਆਂ ਨਾਲ ਤਰ ਹੋ ਗਈਆਂ।
.... ਤੇ ਦੂਰ ਕਿਤਿਓਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸ਼ਾਇਦ ਠੰਢੀਆਂ ਹਵਾਵਾਂ ਦੇ ਪ੍ਰਦੇਸ਼ਾਂ ਤੋਂ ਆਉਣ ਵਾਲੀਆਂ ਚਿੜੀਆਂ ਇਸ ਵਾਰ ਉਸ ਲਈ ਫਲਾਂ ਦਾ ਤੋਹਫ਼ਾ ਨਹੀਂ ਲੈ ਕੇ ਆਈਆਂ ਸਨ।
ਟਿੱਪਣੀ - ਵਿਕਸਿਤ ਦੇਸ਼ਾਂ ਵਿੱਚ ਅੱਜ ਰੋਬਟ ਕਾਰੋਬਾਰ ਵਿੱਚ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੇ ਹਨ - ਕਾਰਖਾਨਿਆਂ, ਹਸਪਤਾਲਾਂ, ਘਰਾਂ (ਸਫ਼ਾਈ ਵਿੱਚ), ਪੁਲੀਸ, ਫ਼ੌਜ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਸਰਗਰਮ ਹਨ। ਉਹ ਦਿਨ ਦੂਰ ਨਹੀਂ ਜਦੋਂ ਰੋਬਟ ਮਨੁੱਖ ਦੇ ਜ਼ਿੰਦਗੀ ਬਚਾਉਣ ਵਿੱਚ ਵੀ ਅਤਿਅੰਤ ਵੱਡਮੁੱਲਾ ਯੋਗਦਾਨ ਪਾਉਣਗੇ, ਜਿਵੇਂ ਕਿ ਅੱਗ ਵਿੱਚ ਬਲ ਰਹੀਆਂ ਇਮਾਰਤਾਂ ਦੇ ਵਿੱਚੋਂ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ। ਇੱਕ ਸਰਵੇਖਣ ਅਨੁਸਾਰ, ਕਿਸੇ ਅਣਸੁਖਾਵੀਂ ਘਟਨਾ ਵਿੱਚੋਂ ਨਿਕੱਲਣ ਲਈ ਜਦੋਂ ਇੱਕ ਰੋਬਟ ਨੂੰ ਸੰਕੇਤ ਦੇਣ ਲਈ ਖੜਾ ਕੀਤਾ ਗਿਆ ਤਾਂ ਸਾਰੇ ਮਨੁੱਖਾਂ ਨੇ ਅਨੁਸ਼ਾਸਨ ਨਾਲ ਉਹਨਾਂ ਦਾ ਪਾਲਣ ਕਰਿਆ। ਬਦਕਿਸਮਤੀ ਨਾਲ, ਫ਼ੌਜ, ਪੁਲੀਸ ਅਤੇ ਗ਼ੈਰ-ਕਨੂੰਨੀ ਅਨਸਰ ਰੋਬਟਾਂ ਨੂੰ ਜਾਨ ਲੈਣ ਲਈ ਵੀ ਵਰਤ ਸਕਦੇ ਹਨ!
ਬੋਸਟਨ ਡਾਈਨਾਮਿਕਸ (www.bostondynamics.com) ਕੰਪਨੀ ਬਹੁਤ ਜ਼ਿਆਦਾ ਵਿਕਸਿਤ ਰੋਬਟ ਬਣਾ ਰਹੀ ਹੈ, ਜਿਹਨਾਂ ਦੀ ਗਤੀ, ਫੁਰਤੀ, ਨਿਪੁੰਨਤਾ ਅਤੇ ਤੇਜ਼ੀ ਹੈਰਾਨੀਕੁੰਨ ਹੈ। ਤੁਸੀਂ ਕੰਪਨੀ ਦੀ ਵੈਬਸਾਈਟ ਤੇ ਹੋ ਜਾਣਕਾਰੀ ਲੈ ਸਕਦੇ ਹੋ। ਜਪਾਨ ਅਤੇ ਹੋਰ ਦੇਸ਼ਾਂ ਦੀਆਂ ਕੰਪਨੀਆਂ ਵੀ ਵਿੱਲਖਣ ਕਿਸਮ ਦੇ ਰੋਬਟ ਬਣਾ ਰਹੀਆਂ ਹਨ।
ਮੰਗਲ ਦੀ ਲਾਲ ਧਰਤੀ ਇਸ ਵੇਲੇ ਦੂਰ ਗਗਨ ਦੀ ਛਾਂ ਵਿੱਚ ਛੁਪ ਰਹੇ ਸੂਰਜ ਦੀ ਹਲਕੀ ਗੁਲਾਬੀ ਅਤੇ ਲਾਲ ਰੌਸ਼ਨੀ ਨਾਲ, ਦਿਲਾਂ ਵਿੱਚ ਧੂਹ ਪਾ ਦੇਣ ਵਾਲੇ, ਵਿੱਚਿੱਤਰ ਜਿਹੇ ਰੰਗ ਨਾਲ ਚਮਕ ਰਹੀ ਸੀ। ਮੰਗਲ ਗ੍ਰਹਿ ਦੀ ਲਾਲ ਗੇਂਦ ਦੇ ਇੱਕ ਪਾਸੇ ਉੱਸਰੀਆਂ, ਇਸਪਾਤ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਵਿੱਚ, ਪੀਲਾ ਪ੍ਰਕਾਸ਼ ਮੁਸਕਰਾਉਣ ਲੱਗ ਪਿਆ ਸੀ। ਛੁਪ ਰਿਹਾ ਸੂਰਜ, ਜਿਹੜਾ ਕਿ ਪ੍ਰਿਥਵੀ, ਮੰਗਲ ਤੇ ਸੂਰਜ ਮੰਡਲ ਦੀਆਂ ਹੋਰ ਵਸਤਾਂ ਦਾ ਜਨਮਦਾਤਾ ਸੀ, ਮੰਗਲ ਗ੍ਰਹਿ ਦੇ ਵਿਕਾਸ ਦਾ ਗਵਾਹ ਸੀ। ਇਸੇ ਦੀ ਹੋਂਦ ਵਿੱਚ ਪ੍ਰਿਥਵੀ ਦੇ ਮਿਹਨਤੀ ਲੋਕਾਂ ਨੇ ਮੰਗਲ ਗ੍ਰਹਿ ਤੇ ਪੱਸਰੇ ਨੀਲੇ ਕੋਹਰੇ ਦੇ ਬੱਦਲਾਂ ਨੂੰ ਹਟਾ ਕੇ ਆਧੁਨਿਕ ਸਭਿਅਤਾ ਦੀ ਜੋਤ ਜਲਾਈ ਸੀ, ਜਿਹੜੀ ਆਪਣੇ ਉੱਜਲ ਪ੍ਰਕਾਸ਼ ਨਾਲ ਮੰਗਲ ਗ੍ਰਹਿ ਦੀ ਲਾਲ ਧਰਤੀ ਨੂੰ ਨਹਿਲਾ ਰਹੀ ਸੀ।
ਰਣਤੇਜ ਆਪਣੇ ਮਕਾਨ ਦੀ ਬਾਲਕੋਨੀ ਵਿੱਚ ਖੜਾ, ਛੁਪ ਰਹੇ ਸੂਰਜ ਦੀ ਸੰਗਤਰੀ ਕਲੋਲ ਵੇਖ ਰਿਹਾ ਸੀ। ਛੁਪ ਰਹੇ ਸੂਰਜ ਨੂੰ ਵੇਖਦਿਆਂ ਸਮੇਂ ਉਸਦੇ ਦਿਮਾਗ ਵਿੱਚ ਕੋਈ ਸੋਚ ਨਹੀਂ ਸੀ, ਪਰ ਜਿਵੇਂ ਹੀ ਸੂਰਜ ਗਗਨ ਦੇ ਵਿਸ਼ਾਲ ਖੰਭਾਂ ਵਿੱਚ ਸਮਾ ਗਿਆ, ਤਿਵੇਂ ਹੀ ਉਸਦੇ ਮਸਤਕ ਵਿੱਚ ਸੋਚਾਂ ਦੀ ਲਹਿਰ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ। ਪ੍ਰਿਥਵੀ ਤੋਂ ਮੰਗਲ ਗ੍ਰਹਿ ਤੇ ਆਇਆਂ, ਉਸਨੂੰ ਹਾਲੇ ਦੋ ਹੀ ਦਿਨ ਹੋਏ ਸਨ। ਉਸਨੇ ਅਕਾਸ਼ ਵੱਲ੍ਹ ਨਜ਼ਰ ਸੁੱਟੀ, ਹਨੇਰਾ ਹੋ ਗਿਆ ਸੀ ਅਤੇ ਫੋਬੋਸ ਤੇ ਦੀਮੋਸ (Phobos and Deimos), ਮੰਗਲ ਦੇ ਦੋ ਉਪਗ੍ਰਹਿ, ਅਤਿਅੰਤ ਹੀ ਪਿਆਰੇ ਦਿਖਾਈ ਦੇ ਰਹੇ ਸਨ।
ਰਣਤੇਜ ਨੂੰ ਪ੍ਰਿਥਵੀ ਤੋਂ, ਮੰਗਲ ਗ੍ਰਹਿ ਦੀ ਛੋਟੀ ਜਿਹੀ ਸੈਨਾ ਦਾ ਕਮਾਂਡਰ ਨਿਯੁਕਤ ਕਰਕੇ ਭੇਜਿਆ ਗਿਆ ਸੀ, ਤਾਂ ਜੋ ਉੱਥੇ ਵੱਸਦੇ ਪਰਿਵਾਰਾਂ, ਜੋ ਕਿ ਵਿਸ਼ੇਸ਼ ਕਰਕੇ ਵਿਗਿਆਨਿਕ ਸਨ, ਦੀ ਰੱਖਿਆ ਕੀਤੀ ਜਾ ਸਕੇ। ਮੰਗਲ ਗ੍ਰਹਿ ਦੀ ਸੈਨਾ ਵਿੱਚ ਵੀ ਗਿਣੇ ਚੁਣੇ ਜਵਾਨ ਸਨ। ਪਰ ਉਹਨਾਂ ਕੋਲ ਅਨੇਕਾਂ ਹੀ ਉੱਚ ਕੋਟੀ ਦੇ ਆਧੁਨਿਕ ਹਥਿਆਰ ਤੇ ਸਪੇਸ ਕਰਾਫ਼ਟ ਸਨ। ਆਉਂਦਿਆਂ ਹੀ ਉਸਨੇ ਸੈਨਾ ਦਾ ਚਾਰਜ ਸੰਭਾਲ ਲਿਆ ਸੀ। ਮੰਗਲ ਗ੍ਰਹਿ 'ਤੇ ਵਸੀ ਅਤਿਅੰਤ ਹੀ ਸੁੰਦਰ ਨਗਰੀ ਵਿੱਚ ਉਸ ਲਈ ਇੱਕ ਫਲੈਟ ਪਹਿਲਾਂ ਹੀ ਰਾਖਵਾਂ ਸੀ। ਉੱਥੇ ਅਜੇ ਸਿਰਫ਼ ਇੱਕ ਹੀ ਨਗਰ ਸੀ - ਜਿਸਦਾ ਨਾਂ "ਗੈਂਗਲੀਅਨ" (Ganglion) ਸੀ, ਵਿੱਚ ਗਿਣੇ ਚੁਣੇ ਕੁੱਲ ਸੌ ਮਕਾਨ ਸਨ। ਮੰਗਲ ਗ੍ਰਹਿ ਤੇ ਖੋਜ ਕਰ ਰਹੇ ਵਿਗਿਆਨਿਕ ਆਪਣੇ ਪਰਿਵਾਰਾਂ ਸਮੇਤ ਇੱਥੇ ਰਹਿ ਰਹੇ ਸਨ। ਉਹਨਾਂ ਦੇ ਬੱਚਿਆਂ ਦੇ ਪੜ੍ਹਨ ਵਾਸਤੇ ਇੱਕ ਸਕੂਲ ਤੇ ਕਾਲਿਜ ਵੀ ਬਣਾਇਆ ਗਿਆ ਸੀ - ਉੱਥੇ ਜ਼ਰੂਰੀ ਵਸਤਾਂ ਦੀ ਖਰੀਦੋ-ਫ਼ਰੋਖ਼ਤ ਲਈ ਇੱਕ ਬਜ਼ਾਰ ਵੀ ਸੀ।
ਰਣਤੇਜ ਸੈਨਾ ਦੇ ਕੰਮ ਤੋਂ ਵਿਹਲਾ ਹੋ ਕੇ ਅੱਜ ਸ਼ਾਮ ਦੇ ਵੇਲੇ ਹੀ ਸ਼ਹਿਰ ਦੇ ਮੱਧ ਦੇ ਵਿੱਚ ਸਥਿੱਤ 'ਪ੍ਰਾਚੀਨ ਅਜਾਇਬਘਰ' ਵਿੱਚ ਗਿਆ ਸੀ। ਉੱਥੇ ਪੁਰਾਣੇ ਮੰਗਲ ਗ੍ਰਹਿ, ਜਿਹੜਾ ਕਿ ਬਹਾਰੋਂ ਸੱਖਣਾ ਸੀ, ਦੇ ਚਿੱਤਰ ਲੱਗੇ ਹੋਏ ਸਨ, ਅਤੇ ਮੰਗਲ ਗ੍ਰਹਿ ਦੀ ਖੁਸ਼ਹਾਲੀ ਲਈ ਜਿਹਨਾਂ ਲੋਕਾਂ ਨੇ ਉੱਦਮ ਕੀਤਾ ਸੀ, ਉਹਨਾਂ ਦੀਆਂ ਤਸਵੀਰਾਂ ਤੇ ਕੰਮ ਦੀ ਪੂਰੀ ਫ਼ਿਲਮ ਪ੍ਰਦਰਸ਼ਿਤ ਸੀ। ਅਜਾਇਬ ਘਰ ਵਿੱਚ ਪ੍ਰਵੇਸ਼ ਕਰਦਿਆਂ ਹੀ, ਵਾਈਕਿੰਗ-1 ਤੇ 2 (Viking-I & II) ਅਤੇ ਮੈਰੀਨਰ (Marinar-9 ) ਸਪੇਸਕਰਾਫ਼ਟ ਚਿੱਤਰਾਂ ਵਿੱਚ ਬੁਲੰਦ ਖੜੇ ਸਨ, ਜਿਨ੍ਹਾਂ ਨੇ ਪਹਿਲਾਂ ਪਹਿਲ ਪ੍ਰਿਥਵੀ ਵਾਸੀਆਂ ਨੂੰ, ਮੰਗਲ ਗ੍ਰਹਿ ਵਾਰੇ ਜਾਣਕਾਰੀ ਦਿੱਤੀ ਸੀ। ਫੇਰ ਉਸਨੇ ਵੀਡੀਓ ਤੇ ਵੇਖਿਆ ਕਿ ਕਿਵੇਂ ਵੀਹਵੀਂ ਸਦੀ ਦੇ ਅੰਤਲੇ ਵਰ੍ਹਿਆਂ ਵਿੱਚ ਮੰਗਲ ਗ੍ਰਹਿ ਤੇ ਜੀਵਨ ਦੀ ਇਕ ਨੰਨ੍ਹੀ ਜਿਹੀ ਚਿੰਗਾਰੀ ਵਸਾਉਣ ਦੇ ਯਤਨ ਅਰੰਭੇ ਗਏ ਸਨ। ਉਸ ਸਮੇਂ ਨੀਲਾ ਕੋਹਰਾ ਮੰਗਲ ਗ੍ਰਹਿ ਦੇ ਚਾਰ-ਚੁਫ਼ੇਰੇ ਆਪਣਾ ਰਾਜ ਜਮਾਈ ਬੈਠਾ ਸੀ। ਹਵਾ ਵਿੱਚ ਕਾਰਬਨ ਡਾਈਓਕਸਾਈਡ ਗੈਸ ਤੇ ਪਾਣੀ ਦੇ ਥੋੜੇ ਥੋੜੇ ਕਤਰੇ ਮੌਜੂਦ ਸਨ। ਪੱਥਰਾਂ ਵਿੱਚ ਉੱਗਣ ਵਾਲ਼ੀ ਕਾਈ (Lichens) ਵੀ ਕਿਤੇ ਕਿਤੇ ਦਿਖਾਈ ਦੇ ਜਾਂਦੀ ਸੀ। ਅਜਿਹੇ ਵਾਤਾਵਰਣ ਵਿੱਚ ਜੀਵਤ ਪ੍ਰਾਣੀ ਅਤੇ ਪੌਦੇ ਭਲਾ ਕਿੰਵੇਂ ਜਿਊਂਦੇ ਰਹਿ ਸਕਦੇ ਸਨ? ਪਰ ਉਸ ਵੇਲੇ ਅਜਿਹੇ ਕਈ ਚਿੰਨ੍ਹ ਮਿਲਣ ਲੱਗੇ ਸਨ, ਜਿਨ੍ਹਾਂ ਤੋਂ ਗ੍ਰਹਿ ਤੇ ਭਵਿੱਖ ਵਿੱਚ ਜੀਵਤ ਪ੍ਰਾਣੀਆਂ ਦੀ ਹੋਂਦ ਦੀ ਆਸ ਰੱਖੀ ਜਾ ਸਕਦੀ ਸੀ। ਇਹ ਚਿੰਨ੍ਹ ਸਨ - ਉੱਥੋਂ ਦੇ ਵਾਯੂਮੰਡਲ ਵਿੱਚ ਪਾਣੀ ਦੇ ਕਤਰੇ, ਬਹੁਤਾ ਤਾਂ ਮੰਗਲ ਗ੍ਰਹਿ ਦਾ ਪ੍ਰਿਥਵੀ ਵਰਗਾ ਆਕਾਰ ਸੀ। ਪ੍ਰਿਥਵੀ ਨਾਲ ਕਈ ਹੋਰ ਸਮਾਨਤਾਵਾਂ ਸਨ ਜਿਵੇਂ ਮੰਗਲ ਗ੍ਰਹਿ ਦਾ ਆਪਣੀ ਧੁਰੀ ਦੁਆਲੇ 24 ਘੰਟੇ 27 ਮਿੰਟ ਵਿੱਚ ਇੱਕ ਚੱਕਰ ਲਗਾਉਣਾ। ਇਸ ਤਰ੍ਹਾਂ ਉੱਥੇ ਵਸਣ ਵਾਲ਼ਿਆਂ ਨੂੰ ਪ੍ਰਿਥਵੀ ਵਰਗਾ ਮਹੌਲ ਸਿਰਜਣ ਵਿੱਚ ਸਫ਼ਲਤਾ ਮਿਲੀ ਸੀ।
ਅਜਾਇਬਘਰ ਵਿੱਚ ਮੰਗਲ ਗ੍ਰਹਿ 'ਤੇ ਜੀਵਨ ਦੀ ਸਿਰਜਣਾ ਦੇ ਉਹ ਸਾਰੇ ਪਲ ਸਾਂਭੇ ਗਏ ਸਨ। ਹਾਲਾਂਕਿ ਮੰਗਲ ਗ੍ਰਹਿ ਦੇ ਸਾਰੇ ਵਾਤਾਵਰਣ ਨੂੰ ਦੂਸ਼ਿਤ ਗੈਸਾਂ ਤੋਂ ਮੁਕਤੀ ਨਹੀਂ ਮਿਲੀ ਸੀ, ਪਰ ਜਿੱਥੇ ਗੈਂਗਲੀਅਨ ਨਗਰ ਆਬਾਦ ਸੀ - ਉਸ ਦੇ ਆਸ-ਪਾਸ ਦੇ ਸੌ ਕਿ: ਮੀ: ਦੇ ਖੇਤਰ ਵਿੱਚ ਕਾਰਬਨ ਡਾਈਓਕਸਾਈਡ ਤੇ ਹੋਰ ਗੈਸਾਂ, ਜਿਹੜੀਆਂ ਜੀਵਤ ਪ੍ਰਾਣੀਆਂ ਵਾਸਤੇ ਹਾਨੀਕਾਰਕ ਸਨ, ਦੀ ਮਾਤਰਾ ਬਹੁਤ ਹੱਦ ਤੱਕ ਘਟਾ ਦਿੱਤੀ ਗਈ ਸੀ। ਉਸ ਖੇਤਰ ਵਿੱਚ ਜ਼ਿੰਦਗੀ ਦੀ ਜ਼ੁੰਬਸ਼ ਲਹਿਰ ਦੁੜਾਉਣ ਵਾਲ਼ੀ ਆਕਸੀਜਨ ਗੈਸ ਬਣਾਉਣ ਵਾਸਤੇ ਇੱਕ ਬਹੁਤ ਹੀ ਵਿਸ਼ਾਲ ਜਨਰੇਟਰ ਲਗਾਇਆ ਗਿਆ ਸੀ। ਉਸ ਸੰਜੀਵਨੀ ਜਨਰੇਟਰ ਦਾ ਨਿਰਮਾਣ ਪ੍ਰਿਥਵੀ ਦੇ ਵਿਗਿਆਨਿਕਾਂ ਨੇ ਰਾਤ-ਦਿਨ ਇੱਕ ਕਰਕੇ ਕੀਤਾ ਸੀ ਆਕਸੀਜਨ ਦੀ ਮਾਤਰਾ ਘੱਟ ਨਾ ਹੋਵੇ, ਇਸ ਲਈ ਪੰਜ ਹੋਰ ਜਨਰੇਟਰ ਤਿਆਰ ਸਨ। ਹਰ ਘਰ ਵਿੱਚ ਇੱਕ ਮਿੰਨੀ-ਜਨਰੇਟਰ ਰੱਖਿਆ ਗਿਆ ਸੀ। ਉੱਥੇ ਪੁੱਜਣ ਵਾਲ਼ੇ ਉੱਦਮੀ ਲੋਕਾਂ ਨੇ ਮੰਗਲ ਗ੍ਰਹਿ ਦੀ ਬੰਜਰ ਧਰਤੀ ਨੂੰ ਰਾਤ-ਦਿਨ ਇੱਕ ਕਰਕੇ ਵਾਹਿਆ-ਗੁੱਡਿਆ ਸੀ। ਬਨਸਪਤੀ ਦੀਆਂ ਕਰੂੰਬਲਾਂ ਉਗਾਉਣ ਲਈ ਅਨੇਕਾਂ ਖਾਦ ਪਦਾਰਥਾਂ, ਰਸਾਇਣਾਂ ਤੇ ਜ਼ਰਖੇਜ਼ ਮਿੱਟੀ ਨੂੰ ਜ਼ਮੀਨ ਵਿੱਚ ਮਿਲਾਇਆ ਸੀ। ਕਾਫ਼ੀ ਸਾਲਾਂ ਦੀ ਮਿਹਨਤ ਤੋਂ ਬਾਅਦ, ਥੋੜ੍ਹੇ ਜਿਹੇ ਹਿੱਸੇ ਵਿੱਚ ਦਰਖ਼ਤ ਪਨਪਣ ਲੱਗ ਪਏ ਸਨ, ਜਿਹੜੇ ਵਾਤਾਵਰਣ ਨੂੰ ਸੁਖਾਵਾਂ ਰੱਖਣ ਵਿੱਚ ਸਹਾਇਤਾ ਕਰ ਰਹੇ ਸਨ।
ਉੱਧਰ ਪ੍ਰਿਥਵੀ ਤੋਂ ਰੋਜ਼ਾਨਾ ਹੀ ਖਾਦ-ਸਮਗਰੀ ਤੇ ਹੋਰ ਜ਼ਰੂਰੀ ਵਸਤਾਂ ਲੈ ਕੇ ਪੁਲਾੜੀ ਯਾਨ (ਸਪੇਸ ਸ਼ਿੱਪ), ਮੰਗਲ ਗ੍ਰਹਿ ਲਈ ਰਵਾਨਾ ਹੁੰਦੇ ਸਨ। ਪ੍ਰਿਥਵੀ ਦੇ ਕਰੋੜਾਂ ਲੋਕਾਂ ਦੀਆਂ ਸ਼ੁੱਭ-ਕਾਮਨਾਵਾਂ ਨਾਲ਼, ਉਹ ਸੁੱਖੀਂ -ਸਾਂਦੀ ਮੰਗਲ ਦੀ ਧਰਤੀ 'ਤੇ ਉੱਤਰਦੇ ਸਨ।
ਮੰਗਲ ਗ੍ਰਹਿ 'ਤੇ ਵਸਣ ਵਾਲ਼ੇ ਲੋਕਾਂ ਨੇ ਵੀ ਹੁਣ ਕੁੱਝ ਜ਼ਰੂਰੀ ਵਸਤਾਂ ਜਿਵੇਂ ਕਣਕ, ਦਾਲਾਂ ਆਦਿ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਿਥਵੀ ਦੇ ਉੱਚ-ਕੋਟੀ ਦੇ ਖੇਤੀ ਮਾਹਿਰਾਂ ਵਿੱਚੋਂ ਕੁੱਝ ਗਿਣੇ-ਚੁਣੇ ਮਾਹਿਰ ਮੰਗਲ 'ਤੇ ਵੱਸ ਰਹੇ ਸਨ, ਜੋ ਖੇਤੀਬਾੜੀ ਦੀ ਦੇਖਭਾਲ਼ ਕਰਦੇ ਸਨ।
ਵਾਯੂ ਮੰਡਲ ਵਿੱਚ ਉਪਸਥਿਤ ਕੁੱਝ ਕਿਰਨਾਂ ਅਤੇ ਬਾਹਰੀ ਅੰਤਰਿਖਸ਼ 'ਚੋਂ ਆ ਰਹੀਆਂ ਕਾਸਮਿਕ ਰੈਜ਼ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਲੋਕਾਂ ਦੀਆਂ ਪਹਿਨਣ ਵਾਲੀਆਂ ਪੌਸ਼ਾਕਾਂ ਨੂੰ ਖਾਸ ਰਸਾਇਣਾਂ ਵਿੱਚ ਧੋਇਆ ਜਾਂਦਾ ਸੀ ਅਤੇ ਲੋਕ ਕੁੱਝ ਦਵਾਈਆਂ (Drugs) ਦਾ ਸੇਵਨ ਕਰਦੇ ਸਨ ਤਾਂ ਜੋ ਮਾਰੂ ਬਿਮਾਰੀਆਂ ਤੋਂ ਬਚਾਅ ਹੋ ਸਕੇ- ਜਿਹੜੀਆਂ ਇਹਨਾਂ ਵਿਕਿਰਨਾਂ ਤੋਂ ਉੱਪਜਦੀਆਂ ਸਨ।
ਰਣਤੇਜ ਇਹਨਾਂ ਸਾਰਿਆਂ ਖ਼ਿਆਲਾਂ ਵਿੱਚ ਗੁੰਮ ਹੋ ਗਿਆ ਸੀ। ਅਜਾਇਬਘਰ ਵਿੱਚ ਵੇਖੀਆਂ ਸਾਰੀਆਂ ਚੀਜ਼ਾਂ ਉਸ ਦੇ ਮਸਤਕ ਵਿੱਚ ਕਿਸੇ ਫ਼ਿਲਮ ਵਾਂਗ ਘੁੰਮ ਗਈਆਂ ਸਨ। ਹਰੇ ਤੇ ਪੀਲੇ ਪ੍ਰਕਾਸ਼ ਵਿੱਚ ਨਹਾ ਰਹੀ ਗੈਂਗਲੀਅਨ ਨਗਰੀ ਇਸ ਵੇਲੇ ਬੜੀ ਹੀ ਖੂਬਸੂਰਤ ਲੱਗ ਰਹੀ ਸੀ। ਉਸ ਨੂੰ ਪਰੀ-ਕਹਾਣੀਆਂ ਵਿੱਚਲਾਂ ਸੁਪਨ ਲੋਕ ਯਾਦ ਆ ਗਿਆ। ਫੇਰ ਉਸ ਨੂੰ ਸੁਪਨ ਲੋਕ ਵਿੱਚ ਵਸਦੇ ਲੋਕਾਂ ਦੀ ਯਾਦ ਆ ਗਈ। ਇਹਨਾਂ ਦੋ ਦਿਨਾਂ ਵਿੱਚ, ਉਹ ਲਗਪਗ ਸਾਰੇ ਹੀ ਗ੍ਰਹਿ ਵਾਸੀਆਂ ਨੂੰ ਮਿਲ ਚੁੱਕਾ ਸੀ। ਉਹ ਉਸ ਨੂੰ ਸਾਰੇ ਹੀ ਚੰਗੇ ਇਨਸਾਨ ਲੱਗੇ ਸਨ। ਉਹ ਸਾਰਿਆਂ ਨਾਲ ਇਕ ਸੱਚੀ ਤੇ ਸਨੇਹਮਈ ਅਪੱਣਤ ਨਾਲ, ਗਲਵਕੜੀ ਪਾ ਕੇ ਮਿਲਿਆ ਸੀ ਅਤੇ ਆਪਣੇ ਮੁਸਕਾਂਦੇ ਮੁੱਖੜੇ ਕਾਰਣ ਉਸ ਨੇ ਹਰ ਦਿਲ ਵਿੱਚ ਆਪਣੀ ਥਾਂ ਬਣਾ ਲਈ ਸੀ। ਸੈਨਾ ਦਾ ਕਮਾਂਡਰ ਹੋਣ ਕਰਕੇ ਵੀ ਉਸ ਨੇ ਹਰੇਕ ਵਾਸੀ ਦਾ ਹਾਲ ਚਾਲ ਪੁਛਿਆ ਸੀ। ਉਸ ਨੇ ਇਸ ਕੰਮ ਵਿੱਚ ਪ੍ਰਸੰਨਤਾ ਹੀ ਮਹਿਸੂਸ ਕੀਤੀ ਸੀ ਅਤੇ ਹਰ ਵਾਸੀ ਨੂੰ ਪ੍ਰਿਥਵੀ ਦਾ ਸੁੱਖ ਸਮਾਚਾਰ ਦੱਸਿਆ ਸੀ। ਛੇਤੀ ਹੀ ਉਸ ਨੇ ਹਰ ਵਾਸੀ ਦੇ ਫਲੈਟ ਦੇ ਫੋਨ ਨੰਬਰ ਚੇਤੇ ਕਰ ਲਏ ਸਨ ਤਾਂ ਜੋ ਹਰ ਰੋਜ਼ ਉਹਨਾਂ ਦਾ ਸੁੱਖ ਸਮਾਚਾਰ ਪੁਛਿਆ ਜਾ ਸਕੇ।
ਉਸ ਨੇ ਇਕ ਨਜ਼ਰ ਉਠਾ ਕੇ ਦੂਰ ਅਕਾਸ਼ ਵੱਲ ਵੇਖਿਆ। ਤਾਰੇ ਅਤੇ ਹੋਰ ਗ੍ਰਹਿ ਚਮਕ ਰਹੇ ਸਨ। ਉਸ ਨੂੰ ਆਪਣੇ ਮਾਤ-ਗ੍ਰਹਿ ਪ੍ਰਿਥਵੀ ਦਾ ਚੇਤਾ ਆ ਗਿਆ, ਜਿਹੜਾ ਕਿ ਸੁਰਜ ਮੰਡਲ ਵਿੱਚ ਸਭ ਤੋਂ ਸੁੰਦਰ ਗ੍ਰਹਿ ਸੀ। ਉਸ ਦਾ ਦਿਲ ਮਿੱਠੇ ਦਰਦ ਨਾਲ ਧੜਕਣ ਲੱਗਾ। ਪ੍ਰਿਥਵੀ ਤੇ ਵਸਦੀ ਉਸ ਨੂੰ ਆਪਣੇ ਸੁਪਨਿਆਂ ਦੀ ਸ਼ਹਿਜ਼ਾਦੀ ਵਲੀਨਾ ਦੀ ਯਾਦ ਆ ਗਈ। ਉਸ ਨੂੰ ਇੰਝ ਲੱਗਾ ਕਿ ਅਕਾਸ਼ ਦੇ ਵੱਡੇ-ਵੱਡੇ ਖੰਭਾਂ ਤੇ ਵਲੀਨਾ ਹੀ ਮੁਸਕਾ ਰਹੀ ਹੋਵੇ। ਫੇਰ ਵਲੀਨਾ ਦੇ ਖ਼ਿਆਲ ਗਗਨ ਦੇ ਖੰਭਾਂ ਵਿੱਚੋਂ ਨਿਕਲ ਕੇ ਉਸ ਦੇ ਸਰੀਰ ਦੇ ਰੋਮ-ਰੋਮ ਵਿੱਚ ਘਰ ਕਰ ਗਏ। ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਉੜ ਕੇ ਪ੍ਰਿਥਵੀ ਤੇ ਆਪਣੀ 'ਜ਼ਿੰਦਗੀ' ਕੋਲ ਚਲਾ ਜਾਵੇ।
ਉਹ ਹਾਲੇ ਹੋਰ ਪਤਾ ਨਹੀਂ ਕਿੰਨੀ ਕੁ ਦੇਰ ਸੋਚਾਂ ਦੇ ਅਕਾਸ਼ ਵਿੱਚ ਘੁੰਮਦਾ ਰਹਿੰਦਾ ਜੇ ਉਸ ਦੀ ਜੇਬ 'ਚ ਪਿਆ 'ਟਰਾਂਸਮੀਟਰ' ਸਪਾਰਕ ਨਾ ਕਰਦਾ। ਉਸ ਨੇ ਜੇਬ ਵਿੱਚੋਂ 'ਟਰਾਂਸਮੀਟਰ' ਕੱਢਿਆ ਅਤੇ ਉਸ ਨੂੰ ਚਾਲੂ ਕਰਕੇ ਬੋਲਿਆ-"ਹੈਲੋ! ਰਣਤੇਜ ਹੀਅਰ.....।"
"ਹੈਲੋ, ਸਰ ਮੈਂ ਸਪੇਸ ਕੰਟਰੋਲ ਰੂਮ ਤੋਂ ਬੋਲ ਰਿਹਾਂ ਹਾਂ। ਪ੍ਰਿਥਵੀ ਤੋਂ ਮਿਸ ਵਲੀਨਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ.....!"
ਰਣਤੇਜ ਦੇ ਮਸਤਕ ਵਿੱਚ ਜਿਵੇਂ ਘੰਟੀਆਂ ਵੱਜਣ ਲੱਗ ਪਈਆਂ। "ਹੈਲੋ....!" ਸ਼ਹਿਦ ਵਿੱਚ ਭਿੱਜਿਆ ਸ੍ਵਰ ਅਜਿਹਾ ਸੀ ਜਿਵੇਂ ਕੋਈ ਬਹੁਤ ਡੂੰਘੇ ਖੂਹ ਦੇ ਅੰਦਰੋਂ ਬੋਲ ਰਿਹਾ ਹੋਵੇ।
ਰਣਤੇਜ ਦਾ ਦਿਲ ਵਲੀਨਾ ਦੀ ਸੁਰੀਲੀ ਤੇ ਛਣਕਦੀ ਅਵਾਜ਼ ਸੁਣ ਕੇ ਜ਼ੋਰ-ਜ਼ੋਰ ਨਾਲ ਧੜਕ ਇਹਾ ਸੀ। ਉਸ ਨੂੰ ਹੋਸ਼ ਨਹੀਂ ਰਹੀ ਕਿ ਇੰਨੇ ਸਮੇਂ ਵਿੱਚ ਵਲੀਨਾ ਨਾਲ ਕੀ ਗੱਲਬਾਤ ਹੋਈ। ਬੱਸ ਉਸ ਨੂੰ ਤਾਂ ਇਨਾਂ ਚੇਤੇ ਸੀ ਕਿ ਵਲੀਨਾ ਨੇ ਦਸ ਦਿਨ ਬਾਅਦ ਮੰਗਲ ਗ੍ਰਹਿ ਤੇ ਉਸ ਦੇ ਕੌ, ਉਸ ਦੇ ਦੋਸਤ ਹਰਿੰਦਰ ਨਾਲ ਆਉਣਾ ਏ।
...ਤੇ ਉਸ ਨੂੰ ਫੇਰ ਪਤਾ ਨਹੀਂ ਲੱਗਾ ਕਿ ਸਮੇਂ ਦੇ ਪੰਛੀ ਕਿੰਝ ਖੰਭ ਫੜਫੜਾ ਕੇ ਉਡਾਰੀਆਂ ਲਾ ਗਏ। ਪ੍ਰਿਥਵੀ ਤੋਂ ਮੰਗਲ ਗ੍ਰਹਿ ਤੇ ਪੁੱਜਣ ਲਈ ਦਸ ਦਿਨ ਲਗਦੇ ਸਨ ਅਤੇ ਅੱਜ ਵਲੀਨਾ ਨੂੰ ਪ੍ਰਿਥਵੀ ਤੋਂ ਚਲਿਆਂ ਦਸ ਦਿਨ ਹੋ ਗਏ ਸਨ ਤੇ ਉਹ 'ਸਪੇਸਕਰਾਫ਼ਟ' ਦੇ ਆਉਣ ਦੀ ਉਡੀਕ ਕਰ ਰਿਹਾ ਸੀ।
ਇਹਨਾਂ ਦਸ ਦਿਨਾਂ ਵਿੱਚ ਉਸ ਨੇ ਗੈਂਗਨੀਅਨ ਨਗਰ ਦੀ ਸਾਰੀ ਵਿਵਸਥਾ ਚੈੱਕ ਕਰ ਲਈ ਸੀ। ਗ੍ਰਹਿ ਵਾਸੀ ਬੜੇ ਆਰਾਮ ਨਾਲ ਰਹਿ ਰਹੇ ਸਨ ਅਤੇ ਭਵਿੱਖ ਲਈ ਮੰਗਲ ਗ੍ਰਹਿ ਨੂੰ ਤਿਆਰ ਕਰ ਰਹੇ ਸਨ ਤਾਂ ਕਿ ਉਥੇ ਵੀ ਹੌਲੀ-ਹੌਲੀ ਪ੍ਰਿਥਵੀ ਜਿਹਾ ਵਾਤਾਵਰਣ ਸਿਰਜਿਆ ਜਾ ਸਕੇ। ਉਹ ਨਿੱਤ ਮੰਗਲ ਗ੍ਰਹਿ ਨੂੰ ਵਿਕਾਸ ਦੀ ਚਰਮ ਸੀਮਾ ਵੱਲ ਲਿਜਾ ਰਹੇ ਸਨ। ਮੰਗਲ ਗ੍ਰਹਿ ਤੇ ਵਸਣ ਵਾਲੇ ਸਾਰੇ ਵਿਅਕਤੀਆਂ ਨਾਲ ਰਣਤੇਜ ਨੇ ਜਾਣ ਪਹਿਚਾਣ ਕਰ ਲਈ ਸੀ ਅਤੇ ਉਹਨਾਂ ਦੀ ਸੁਰਖਿਆ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦਾ ਵਚਨ ਦਿੱਤਾ ਸੀ। ਰਣਤੇਜ ਦੇ ਹੰਸੂ-ਹੰਸੂ ਕਰਦੇ ਸੂਹੇ ਮੁੱਖੜੇ ਨੇ ਹਰ ਇਕ ਦੇ ਦਿਲ ਦੀ ਜੂਹੇ ਜਗ੍ਹਾ ਬਣਾ ਲਈ ਸੀ ਅਤੇ ਆਪਣੇ ਵਿਲੱਖਣ ਗੁਣਾਂ ਕਰਕੇ ਉਹ ਸਾਰੇ ਵਾਸੀਆਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ। ਸ਼ਾਮ ਨੂੰ ਬਾਜ਼ਾਰ ਦੇ ਵਿੱਚ ਵਿੱਚਰਦਿਆਂ ਹਰ ਇਕ ਦੇ ਨਾਲ ਗੱਲਬਾਤ ਕਰਦਾ ਸੀ। ਲੋਕ ਵੀ ਉਸ ਨੂੰ ਸੱਚੀ ਤੇ ਸਨੇਹਮਈ ਮੁਸਕਾਨ ਨਾਲ ਮਿਲਦੇ।
ਸਪੇਸਕਰਾਫ਼ਟ ਦੀ ਉੱਚੀ ਆਵਾਜ਼ ਉਸ ਦੇ ਕੰਨਾਂ ਨਾਲ ਟਕਰਾਈ ਅਤੇ ਉਹ ਖ਼ਿਆਲਾਂ ਦੇ ਆਕਾਸ਼ ਤੋਂ ਵਰਤਮਾਨ ਦੀ ਸੋਹਲ ਧਰਤੀ ਤੇ ਉਤਰਿਆ। "ਮਾਰਸ ਸਪੇਸ ਸ਼ਿੱਪ" ਪਲੇਟਫ਼ਾਰਮ ਤੇ ਲੈਂਡ ਕਰ ਚੁੱਕਾ ਸੀ ਅਤੇ ਉਸ ਵਿੱਚੋਂ ਯਾਤਰੀ ਉਤੱਰ ਰਹੇ ਸਨ। ਵਲੀਨਾ ਅਤੇ ਹਰਿੰਦਰ ਨੂੰ ਵੇਖ ਕੇ ਉਸ ਨੇ ਆਪਣੀਆਂ ਦੋਵੇਂ ਬਾਹਵਾਂ ਉੱਚੀਆਂ ਕਰਕੇ ਹਵਾ ਵਿੱਚ ਲਹਿਰਾਈਆਂ।
ਥੋੜ੍ਹੀ ਦੇਰ ਬਾਅਦ ਵਲੀਨਾ ਅਤੇ ਹਰਿੰਦਰ ਉਸ ਦੇ ਸਾਹਮਣੇ ਸਨ। ਦਿਲਾਂ ਦੇ ਭਾਵ ਕਾਬੂ ਵਿੱਚ ਨਾ ਰਹੇ ਅਤੇ ਦੋਵੇਂ ਪ੍ਰੇਮੀ ਇਕ ਦੂਸਰੇ ਦੀਆਂ ਬਾਹਵਾਂ ਦੇ ਸੀਮਤ ਘੇਰਿਆਂ ਵਿੱਚ ਸਮਾ ਗਏ।
ਫੇਰ ਉਸ ਨੇ ਹਰਿੰਦਰ ਨਾਲ ਹੱਥ ਮਿਲਾਇਆ ਅਤੇ ਉਹ ਪਲੇਟ ਫ਼ਾਰਮ ਤੋਂ ਬਾਹਰ ਆ ਗਏ। ਸ਼ਾਮ ਪੈ ਗਈ ਸੀ ਅਤੇ ਗੈਂਗਲੀਆਨ ਨਗਰੀ ਪ੍ਰਕਾਸ਼ ਵਿੱਚ ਨਹਾਈ ਕਿਸੇ 'ਕਾਰਨੀਵਾਲ' ਵਾਂਗ ਵਿਖਾਈ ਦੇ ਰਹੀ ਸੀ, ਜਿਵੇਂ ਕਿਸੇ ਦੁਲਹਨ ਨੇ ਸਿਤਾਰਿਆਂ ਨਾਲ ਜੜਿਆ ਦੁਪੱਟਾ ਲਿਆ ਹੋਵੇ।
ਉਹ ਮੰਗਲ ਗ੍ਰਹਿ ਦੀਆਂ ਸੜਕਾਂ ਤੇ ਦੋੜਨ ਵਾਲੀਆਂ 'ਬੁਲੇਟ ਕਾਰਾਂ' ਵਿੱਚੋਂ ਇੱਕ ਤੇ ਸਵਾਰ ਹੋ ਗਏ। ਕਾਰ ਸੜਕ ਤੇ ਦੌੜਨ ਲੱਗੀ- ਬੰਦੂਕ 'ਚੋਂ ਨਿਕਲੀ ਗੋਲੀ ਵਾਂਗ।
ਪਰ ਉਹ ਤਿੰਨੇ ਜਣੇ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ। ਉਹਨਾਂ ਤਿੰਨਾਂ ਦਿਆਂ ਚਿਹਰਿਆਂ ਤੋਂ ਅਸੀਮ ਖੁਸ਼ੀ ਦੇ ਭਾਵ ਸਾਫ਼ ਝਲਕ ਰਹੇ ਸਨ। ਰਣਤੇਜ ਤਾਂ ਹੋਰ ਵੀ ਜ਼ਿਆਦਾ ਖੁਸ਼ ਸੀ।
ਦੂਸਰੇ ਦਿਨ ਰਣਤੇਜ ਉਹਨਾਂ ਨੂੰ ਗੈਂਗਲੀਅਨ ਸ਼ਹਿਰ ਵਿਖਾਉਂਦਾ ਰਿਹਾ ਅਤੇ ਕਿੰਝ ਵੀਹਵੀਂ ਸਦੀ ਦੇ ਮਨੁੱਖਾਂ ਨੇ ਮੰਗਲਗ੍ਰਹਿ ਤੇ ਜੀਵਨ ਦੇ ਅਰੰਭ ਲਈ ਉਪਰਾਲੇ ਕੀਤੇ ਸੀ - ਇਹ ਦੱਸਦਾ ਇਹਾ।
ਵਲੀਨਾ ਸਾਰੇ ਸ਼ਹਿਰ ਨੂੰ ਅੱਡੀਆਂ ਨਜ਼ਰਾਂ ਨਾਲ ਵੇਖ ਰਹੀ ਸੀ- ਜਿਹੜਾ ਉਸ ਤੋਂ ਵੀ ਸੁੰਦਰ ਹੋ ਨਿਬੜਿਆ ਸੀ। 'ਸੱਚਮੁੱਚ.... ਕਿਸੇ ਪਰੀ ਲੋਕ ਵਰਗਾ। ਇਸ ਸ਼ਹਿਰ ਦਾ ਨਕਸ਼ਾ ਬਣਾਉਣ ਵਾਲਾ ਸੱਚਮੁੱਚ ਮਹਾਨ ਹੋਵੇਗਾ।'
ਫੇਰ ਰਣਤੇਜ ਉਹਨਾਂ ਨੂੰ ਲੈ ਕੇ ਗੈਂਗਲੀਅਨ ਸ਼ਹਿਰ ਤੋਂ ਦੋ ਕਿਲੋਮੀਟਰ ਬਾਹਰ 'ਵਾਈਟ ਸ਼ਾਵਰ' ਨਾਮਕ ਸੱਥਲ ਦਿਖਾਉਣ ਲੈ ਗਿਆ। 'ਵਾਈਟ ਸ਼ਾਵਰ' ਦੋ ਪਹਾੜੀਆਂ ਦੇ ਵਿੱਚਕਾਰ ਇਕ ਡੂੰਘੀ ਖਾਈ ਸੀ-ਜਿਹੜੀ ਕਿ ਅਤਿਅੰਤ ਧੁੰਦ ਦੇ ਨਾਲ ਭਰੀ ਪਈ ਸੀ ਅਤੇ ਜਿਸ ਵਿੱਚ ਸੁੱਕੀ ਬਰਫ਼ (Solid CO2) ਦੇ ਅੰਸ਼ ਵੀ ਕੁੱਝ ਮਾਤਰਾ ਵਿੱਚ ਉਪਸਥਿੱਤ ਸਨ। ਉਹ ਦ੍ਰਿਸ਼ ਸੱਚਮੁੱਚ ਹੀ ਬਹੁਤ ਦਿਲ ਖਿੱਚਵਾਂ ਸੀ। ਸੁਪਨਿਆਂ ਤੋਂ ਵੀ ਪਾਰਲੇ ਪ੍ਰਦੇਸ਼ ਦਾ....।
ਅਜੇ ਵਾਈਟ ਸ਼ਾਵਰ ਦੀ ਪ੍ਰਸੰਸਾ ਵਿੱਚ ਉਹਨਾਂ ਦੇ ਮੂੰਹੋਂ ਸ਼ਬਦਾਂ ਦਾ ਛਣਕਾਟਾ ਨਿਕਲਣ ਹੀ ਵਾਲਾ ਸੀ ਕਿ ਰਣਤੇਜ ਦੀ ਜੇਬ ਪਿਆ ਟਰਾਂਸਮੀਟਰ ਤੜਪਣ ਲੱਗਾ।
"ਹੈਲੋ, ਰਣਤੇਜ ਹੀਅਰ!"
"ਸਰ, ਮੈਂ ਕੰਟਰੋਲ ਰੂਮ ਵਿੱਚੋਂ ਜੈੱਕ ਬੋਲ ਰਿਹਾ ਹਾਂ। ਸਰ, ਮੰਗਲ ਗ੍ਰਹਿ ਵੱਲ ਇਕ ਚਮਕਦਾ ਹੋਇਆ ਗੋਲਾ, ਜਿਸ ਦਾ ਵਿਆਸ 20,000 ਮੀਟਰ ਹੈ, ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਕੰਪਿਊਟਰਜ਼ ਉਸ ਵਾਰੇ ਜਾਣਕਾਰੀ ਲੈ ਰਹੇ ਸਨ। ਸਥਿਤੀ ਬਹੁਤ ਸੀਰੀਅਸ ਹੈ ਸਰ.... ਤੁਸੀਂ ਛੇਤੀ ਪੁੱਜੋ।"
"ਮੈਂ ਹੁਣੇ ਆਂਦਾ ਹਾਂ।" ਰਣਤੇਜ ਚੀਖਿਆ।
ਉਸਨੇ ਸਾਰੀ ਗੱਲ, ਉਹਨਾਂ ਦੋਨਾਂ ਨੂੰ ਦੱਸੀ ਅਤੇ ਉਹ ਤੇਜ਼ੀ ਨਾਲ ਬੁਲੇਟਕਾਰ ਵਿੱਚ ਸਵਾਰ ਹੋ ਗਏ।
ਦੋ ਮਿੰਟਾਂ ਬਾਅਦ ਰਣਤੇਜ ਮੰਗਲ ਗ੍ਰਹਿ ਦੇ ਕੰਟਰੋਲ ਰੂਮ ਵਿੱਚ ਖੜ੍ਹਾ ਪ੍ਰਕਾਸ਼ੀ ਗੋਲੇ ਦਾ ਚਿੱਤਰ ਸਕਰੀਨ ਤੇ ਵੇਖ ਰਿਹਾ ਸੀ। ਥੋੜ੍ਹੀ ਦੇਰ ਬਾਅਦ ਕੰਪਿਉਟਰ ਨੇ ਆਪਣੀ ਜਾਣਕਾਰੀ ਸੁਣਾਈ- "ਸ਼੍ਰੀਮਾਨ, ਇਸ ਪ੍ਰਕਾਸ਼ੀ ਗੋਲੇ ਦਾ ਤਾਪਮਾਨ 1000 ਕੈਲਵਿਨ ਹੈ ਅਤੇ ਇਹ 10000 ਮੀਟਰ ਪ੍ਰਤਿ ਸਕਿੰਟ ਵੇਗ ਨਾਲ ਮੰਗਲ ਗ੍ਰਹਿ ਵੱਲ ਨੂੰ ਵੱਧ ਰਿਹਾ ਹੈ ਅਤੇ ਇਸ ਦਾ ਨਿਸ਼ਾਨਾ ਸਿੱਧਾ ਗੈਂਗਲੀਅਨ ਨਗਰੀ ਹੈ। ਇਸ ਵੇਲੇ ਇਹ ਸਾਥੋਂ 36000 ਕਿਲੋਮੀਟਰ ਦੂਰ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਇੱਕ ਘੰਟੇ ਬਾਅਦ ਗੈਂਗਲੀਅਨ ਨਗਰੀ ਨਾਲ ਟਕਰਾ ਜਾਵੇਗਾ....!"
"ਕੀ ਇਹ ਕਿਸੇ ਬਾਹਰੀ ਗ੍ਰਹਿ ਵਲੋਂ ਗੈਂਗਲੀਅਨ ਨਗਰੀ ਤਬਾਹ ਕਰਨ ਲਈ ਭੇਜਿਆ ਗੀਆ ਹੈ?" ਰਣਤੇਜ ਨੇ ਪੁਛਿਆ।
"ਨਹੀਂ, ਇਹ ਕੁਦਰਤੀ ਆਫ਼ਤ ਹੈ। ਸਾਡੇ ਸੌਰਮੰਡਲ ਤੋਂ ਬਾਹਰ ਸਥਿੱਤ ਇਕ ਸਿਤਾਰੇ ਵਿੱਚ ਵਿਸਫੋਟ ਹੋਇਆ ਹੈ, ਜਿਹੜਾ ਆਪਣੇ ਅੰਤਿਮ ਚਰਣ ਤੇ ਸੀ। ਇਹ ਗੋਲਾ ਉਸ ਤੋਂ ਹੀ ਅੱਡ ਹੋ ਕੇ ਸਾਡੇ ਸੋਰ ਮੰਡਲ 'ਚ ਪ੍ਰਵੇਸ਼ ਕਰ ਗਿਆ ਸੀ। ਇਹ ਅਕਾਸ਼ੀ ਪਿੰਡ ਆਪਣੇ ਪੰਧ ਤੋਂ ਅਲੱਗ ਹੋ ਚੁੱਕਾ ਹੈ ਅਤੇ ਹੁਣ ਬੜੀ ਤੇਜ਼ੀ ਨਾਲ ਇੱਧਰ ਵਧ ਰਿਹਾ ਹੈ। ਤੁਹਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ! ਸਮਾਂ ਬਹੁਤ ਘੱਟ ਹੈ।"
ਰਣਤੇਜ ਤੁਰੰਤ ਕੰਟਰੋਲ ਰੂਮ ਦੇ ਪਲੇਟ ਫ਼ਾਰਮ ਤੇ ਖੜੇ ਸਭ ਤੋਂ ਉੱਚ ਕੋਟੀ ਦੇ ਲੜਾਕੂ ਯਾਨ ਕੋਲ ਪੁਜਿਆ, ਬਾਕੀ ਵਿਅਕਤੀ ਵੀ ਉਸ ਨਾਲ ਉਥੇ ਪੁੱਜ ਗਏ।
"ਸਰ, ਤੁਸੀਂ ਨਾ ਜਾਵੋਂ, ਅਸੀਂ ਮਾਸਟਰ ਕੰਪਿਊਟਰ ਅਤੇ ਹੋਰ ਲੜਾਕੂ ਰੋਬਟ ਭੇਜ ਦਿੰਦੇ ਹਾਂ।" ਜੈੱਕ ਰਣਤੇਜ ਦੀ ਮੰਸ਼ਾ ਭਾਂਪ ਕੇ ਬੋਲਿਆ।
"ਨਹੀਂ ਜੈੱਕ, ਮੈਂ ਕੋਈ ਵੀ ਰਿਸਕ ਨਹੀਂ ਲੈ ਸਕਦਾ। ਇਸ ਵੇਲੇ ਕਿਸੇ ਮਸ਼ੀਨ ਦੀ ਨਹੀਂ ਇਨਸਾਨ ਦੀ ਲੋੜ ਹੈ। ਯਾਨ ਬਿਲਕੁਲ ਤਿਆਰ ਹੈ।"
"ਯੈਸ, ਸਰ.....।"
ਰਣਤੇਜ ਨੇ ਇਕ ਨਜ਼ਰ ਵਲੀਨਾ ਵੱਲ ਵੇਖਿਆ। ਉਸਦੀ ਚਿਹਰੇ ਦੇ ਹਲਕੀ ਉਦਾਸੀ ਦੇ ਚਿੰਨ੍ਹ ਸਨ। ਉਸਨੇ ਜਬਰਨ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ।
ਰਣਤੇਜ ਤੇਜ਼ੀ ਨਾਲ ਯਾਨ ਵਿੱਚ ਸਵਾਰ ਹੋ ਗਿਆ। ਥੋੜ੍ਹੀ ਦੇਰ ਬਾਅਦ ਯਾਨ ਚਾਲੂ ਹੋ ਚੁੱਕਿਆ ਸੀ। ਉਸਨੇ ਯਾਨ ਵਿੱਚ ਲੱਗੇ ਮਾਸਟਰ ਕੰਪਿਊਟਰ ਨੂੰ ਇਕ ਵੇਰਾਂ ਯਾਨ ਦਾ ਨਿਰੀਖਣ ਕਰਨ ਦਾ ਆਦੇਸ਼ ਦੇ ਦਿੱਤਾ। ਪੰਜ ਮਿੰਟ ਬਾਅਦ ਮਾਸਟਰ ਕੰਪਿਊਟਰ ਨੇ ਯਾਨ ਦੇ ਸਹੀ ਹੋਣ ਬਾਰੇ ਦੱਸ ਦਿੱਤਾ। ਉਸਨੇ ਟੀ.ਵੀ ਸਕਰੀਨ ਚਾਲੂ ਕਰ ਦਿੱਤੀ। ਉਸ ਉਤੇ ਉਸਨੂੰ ਆਕਾਸ਼ੀ ਪਿੰਡ ਦਾ ਚਿੱਤਰ ਤੈਰ ਰਿਹਾ ਨਜ਼ਰ ਆਇਆ। ਪ੍ਰਮਾਤਮਾ ਦਾ ਨਾਂ ਲੈ ਕੇ ਉਸਨੇ ਯਾਨ ਨੂੰ ਆਕਾਸ਼ ਵੱਲ ਉੜਾ ਦਿੱਤਾ। ਯਾਨ ਬੜੀ ਤੇਜ਼ੀ ਨਾਲ ਆਕਾਸ਼ੀ ਪਿੰਡ ਵੱਲ ਵਧ ਰਿਹਾ ਸੀ। ਪੰਜ ਮਿੰਟ ਬਾਅਦ... ਉਹ ਉਸ ਆਕਾਸ਼ੀ ਪਿੰਡ ਤੋਂ ਕੇਵਲ ਪੰਜ ਸੌ ਕਿਲੋਮੀਟਰ ਦੂਰ ਸੀ। ਹੁਣ ਉਸਨੇ ਯਾਨ ਨੂੰ ਆਕਾਸ਼ ਵੱਲ ਸਥਿਰ ਕਰ ਦਿੱਤਾ ਅਤੇ ਇਕ ਸਕਿੰਟ ਦੀ ਵੀ ਦੇਰ ਨਾ ਕਰਦਿਆਂ ਇਕ ਨਾਬ(knob) ਨੂੰ ਦਬਾ ਦਿੱਤਾ। ਯਾਨ ਦੇ ਬਾਹਰ ਲੱਗੀ ਇਕ ਤੋਪ ਦਾ ਮੂੰਹ ਖੁੱਲਿਆ ਅਤੇ ਉਸਨੇ ਆਕਾਸ਼ੀ ਪਿੰਡ ਦਾ ਨਿਸ਼ਾਨਾ ਸਾਥ ਦਿੱਤਾ। ਬਹੁਤ ਜ਼ਿਆਦਾ ਹਾਈ ਪਾਵਰ ਵਾਲੀ ਲੇਜ਼ਰ ਬੀਮ ਤੋਪ ਦੇ ਮੂੰਹੋ ਨਿਕਲੀ ਅਤੇ ਉਸ ਆਕਾਸ਼ੀ ਪਿੰਡ ਨਾਲ ਜਾ ਟਕਰਾਈ। ਥੋੜ੍ਹੀ ਦੇਰ ਬਾਅਦ ਬਿਜਲੀ ਜਿਹੀ ਚਮਕੀ, ਪਰ ਉਸ ਅਕਾਸ਼ੀ ਪਿੰਡ ਨੂੰ ਸ਼ਾਇਦ ਕੋਈ ਫਰਕ ਨਾ ਪਿਆ।
"ਕੰਪਿਊਟਰ, ਕੋਈ ਇਫੈਕਟ ਪਿਆ?"
"ਸਰ, ਉਸਦੇ ਆਕਾਰ ਵਿੱਚ ਤਾਂ ਕੋਈ ਤਬਦੀਲੀ ਨਹੀਂ ਆਈ। ਪਰ ਉਸ ਦਾ ਵੇਗ ਪੰਜ ਮੀਟਰ ਪ੍ਰਤਿ ਸਕਿੰਟ ਘੱਟ ਗਿਆ ਹੈ ਤੁਹਾਨੂੰ ਲਗਾਤਾਰ ਪੰਜ ਛੇ ਅਟੈਕ ਕਰਨੇ ਚਾਹੀਦੇ ਹਨ।"
ਰਣਤੇਜ ਨੇ ਉਵੇਂ ਹੀ ਕੀਤਾ। ਕੁਝ ਚਿਰ ਬਿਜਲੀ ਜਿਹੀ ਕੜਕਦੀ ਰਹੀ, ਪਰ ਰਣਤੇਜ ਨੇ ਵੇਖਿਆ ਕਿ ਆਕਾਸ਼ੀ ਪਿੰਡ ਦੇ ਆਕਾਰ ਵਿੱਚ ਕੋਈ ਫ਼ਰਕ ਨਹੀਂ ਪਿਆ ਤੇ ਨਾ ਹੀ ਉਸਦਾ ਰਸਤਾ ਬਦਲਿਆ।
ਉਸ ਦੀਆਂ ਅੱਖਾਂ ਵਿੱਚ ਆਕਾਸ਼ੀ ਪਿੰਡ ਨੂੰ ਵੇਖ ਕੇ ਰੋਹ ਦੇ ਭਾਵ ਉੱਭਰ ਆਏ। ਉਸਨੇ ਇੱਕ ਹੋਰ ਤੋਪ ਚਾਲੂ ਕਰ ਲਈ ਅਤੇ ਅਕਾਸ਼ੀ ਪਿੰਡ ਤੇ ਲਗਾਤਾਰ ਪੰਦਰਾਂ ਅਟੈਕ ਕੀਤੇ।
ਪਰ......
ਅਫ਼ਸੋਸ ਕਿ ਉਸ ਤਬਾਹੀ ਦੇ ਗੋਲੇ ਦੀ ਤਬਾਹੀ ਨਾ ਹੋ ਸਕੀ ਅਤੇ ਹੁਣ ਉਹ ਨਿਰੰਤਰ ਮੰਗਲ ਵੱਲ ਨੂੰ ਵੱਧ ਰਿਹਾ ਸੀ। ਰਣਤੇਜ ਦੀਆਂ ਅੱਖਾਂ ਰੋਹ ਨਾਲ ਲਾਲ ਹੋ ਗਈਆਂ। ਉਸਨੇ ਸੋਚਿਆ ਕਿ ਜੇ ਉਹ ਇੰਝ ਹੀ ਅਟੈਕ ਕਰਦਾ ਗਿਆ ਤਾਂ ਉਸ ਗੋਲੇ ਤੇ ਕੋਈ ਅਸਰ ਨਹੀਂ ਹੋਣਾ।
ਉਧਰ ਸਮੇਂ ਦਾ ਰਵਾ (Crystal) ਮਹੌਲ ਦੀ ਗਰਮੀ ਨਾਲ ਪਿੱਘਲਦਾ ਜਾ ਰਿਹਾ ਸੀ।
ਫੇਰ ਅਚਾਨਕ....
ਰਣਤੇਜ ਦੇ ਮਨ ਵਿੱਚ ਇਕ ਬਹੁਤ ਹੀ ਭਿਆਨਕ ਵਿੱਚਾਰ ਨੇ ਜਨਮ ਲਿਆ।
ਉਸਨੇ ਯਾਨ ਨੂੰ ਚਾਲੂ ਕਰਕੇ, ਪ੍ਰਕਾਸ਼ ਦੀ ਗਤੀ ਜਿੰਨਾ ਤੇਜ਼ ਕਰ ਦਿੱਤਾ! ਪਲਕ ਝਪਕਦਿਆਂ ਹੀ ਯਾਨ ਕਲਪਨਾ ਜਿੰਨੀ ਗਤੀ ਨਾਲ ਉਸ ਆਕਾਸ਼ੀ ਪਿੰਡ ਨਾਲ ਜਾ ਟਕਰਾਇਆ!
ਅੰਤਰਿਖਸ਼ ਵਿੱਚ ਇਕ ਤੂਫਾਨ ਜਿਹਾ ਮਚ ਗਿਆ। ਯਾਨ ਦੀ ਟੱਕਰ ਨਾਲ ਕਾਫ਼ੀ ਮਾਤਰਾ ਵਿੱਚ ਤਾਪ ਉਤਪੰਨ ਹੋਇਆ, ਜਿਸਦੇ ਨਾਲ ਯਾਨ ਬਿਲਕੁਲ ਤਬਾਹ ਹੋ ਗਿਆ ਸੀ।
ਤੇ ਰਣਤੇਜ.....
ਉਹ ਤਾਂ ਉਸੇ ਤਾਪ ਦੀ ਭੇਂਟ ਚੜ੍ਹ ਗਿਆ।
ਉੱਧਰ ਕੰਟਰੋਲ ਰੁਮ 'ਚ ਜਦ ਵਲੀਨਾ, ਹਰਿੰਦਰ, ਜੈੱਕ ਤੇ ਹੋਰ ਲੋਕਾਂ ਨੇ ਇਹ ਦ੍ਰਿਸ਼ ਵੇਖਿਆ ਤਾਂ ਪਲ ਲਈ ਉਹਨਾਂ ਦੇ ਦਿਲ ਜਿਵੇਂ ਧੜਕਣੋਂ ਰੁਕ ਗਏ ਸੀ।
ਇਕ ਪਲ ਤਾਂ ਉਹਨਾਂ ਨੂੰ ਪਤਾ ਹੀ ਨਾ ਚਲਿਆ ਕਿ ਕੀ ਵਾਪਰ ਗਿਆ ਹੈ। ਵਲੀਨਾ ਤਾਂ ਬੇਹੋਸ਼ ਹੋ ਕੇ ਹੀ ਡਿੱਗ ਪਈ। ਹਰਿੰਦਰ ਉਸਨੂੰ ਜ਼ਮੀਨ ਤੋਂ ਚੁੱਕਣ ਲਈ ਦੌੜਿਆ। ਇਸ ਕਸ਼ਮਕਸ਼ ਨੂੰ ਹੁੰਦਿਆਂ ਪੰਤਾਲੀ ਮਿੰਟ ਹੋ ਗਏ ਸਨ। ਪਰ ਉਸ ਆਕਾਸ਼ੀ ਪਿੰਡ ਦਾ ਰਸਤਾ ਬਦਲ ਚੁੱਕਾ ਸੀ। ਰਣਤੇਜ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ..... ਮੰਗਲ ਵਾਸੀਆਂ ਦੀ ਰੱਖਿਆ ਵਾਸਤੇ।
ਹਰ ਦਿਲ ਵਿੱਚ ਉਸਦੇ ਵਾਸਤੇ ਸਨਮਾਨ ਦੀ ਅਥਾਹ ਭਾਵਨਾ ਸੀ।
ਇਹ ਗੱਲ ਉਦੋਂ ਦੀ ਸੀ, ਜਦੋਂ ਬਸੰਤ ਰੁੱਤ ਹੁੰਦੀ ਹੈ, ਜਦੋ ਫੁੱਲ ਬੂਟੇ ਆਪਣੇ ਪੂਰੇ ਜੋਬਨ ਤੇ ਹੁੰਦੇ ਹਨ। ਤੇ ਹੁਣ ਇਕ ਸਾਲ ਗੁਜ਼ਰ ਚੁੱਕਾ ਸੀ। ਸਰਦੀਆਂ ਤੋਂ ਬਾਅਦ ਬਸੰਤ ਆਈ, ਪਰ ਪ੍ਰਿਥਵੀ ਤੇ ਵਲੀਨਾ ਦਾ ਮਨ ਬਹਾਰੋਂ ਸੱਖਣਾ ਸੀ, ਉਸਨੂੰ ਅਜੇ ਰਣਤੇਜ ਨਹੀਂ ਭੁੱਲਿਆ ਸੀ।
ਅੱਜ ਉਸਦੀ ਪਹਿਲੀ ਬਰਸੀ ਸੀ। ਵਲਿਨਾ, ਹਰਿੰਦਰ ਨਾਲ ਮੰਗਲ ਗ੍ਰਹਿ ਤੇ ਪੁੱਜੀ ਸੀ।
ਰਣਤੇਜ ਦੀ ਮੜ੍ਹੀ ਤੇ ਨਜ਼ਰ ਪੈਂਦਿਆ ਹੀ ਵਲੀਨਾ ਦੇ ਅਥਰੂਆਂ ਦਾ ਸੈਲਾਬ ਵਹਿ ਤੁਰਿਆ ਕਾਫੀ ਚਿਰ ਬਾਅਦ ਉਸ ਤੋਂ ਆਪਣੇ ਆਪ ਤੇ ਕਾਬੂ ਪਾਇਆ ਗਿਆ।
ਉਸਨੇ ਇਕ ਨਜ਼ਰ ਮੜ੍ਹੀ ਵਲ ਵੇਖਿਆ। ਉਸ ਵਿੱਚ ਜਿਵੇਂ ਰਣਤੇਜ ਦਾ ਹਮੇਸ਼ਾ ਹੱਸਦਾ ਰਹਿਣ ਵਾਲਾ ਚਿਹਰਾ ਇਸ ਵੇਲੇ ਵੀ ਮੁਸਕਾ ਰਿਹਾ ਸੀ। ਫੇਰ ਉਸਨੂੰ ਲੱਗਿਆ ਕਿ ਰਣਤੇਜ ਦਾ ਮੁਸਕਰਾਉਂਦਾ ਚਿਹਰਾ ਪਲ ਪ੍ਰਤੀ ਪਲ ਵਿਸ਼ਾਲ ਹੋਈ ਜਾ ਰਿਹਾ ਅਤੇ ਉਹ ਇੰਨਾ ਵਿਸ਼ਾਲ ਹੋ ਗਿਆ ਕਿ ਸਾਰੇ ਸੂਰਜ ਮੰਡਲ ਵਿੱਚ ਫੈਲ ਗਿਆ ਅਤੇ ਫੇਰ........
ਸੂਰਜ ਮੰਡਲ ਤੋਂ ਵੀ ਵਿਸ਼ਾਲ ਹੋ ਗਿਆ।
ਟਿੱਪਣੀ - ਅੱਜ ਨਾਸਾ ਅਤੇ ਸਪੇਸ-ਐਕਸ (ਈਲੌਨ ਮਸਕ) ਵਰਗੀਆਂ ਕੰਪਨੀਆਂ ਮੰਗਲ ਗ੍ਰਹਿ 'ਤੇ ਜਾਣ ਅਤੇ ਵਸਣ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ। ਸਿਤੰਬਰ 27, 2016 ਨੂੰ ਮੈਕਸੀਕੋ ਵਿਖੇ ਇੱਕ ਕਾਨਫ਼ਰੰਸ ਵਿੱਚ, ਈਲੌਨ ਮਸਕ ਨੇ ਆਪਣੀ ਕੰਪਨੀ ਦੇ ਅੰਤਰ-ਗ੍ਰਹਿ ਯਾਤਾਯਾਤ ਵਿਵਸਥਾ (Interplanetary Transport System) ਦਾ ਵੇਰਵਾ ਦੱਸਿਆ - ਹੁਣ ਤੱਕ ਸਭ ਤੋਂ ਵੱਧ ਸ਼ਕਤੀ ਵਾਲ਼ਾ ਰੌਕੇਟ ਅਤੇ ਸਪਸਸ਼ਿੱਪ, ਜੋ 100 ਦੇ ਕਰੀਬ ਯਾਤਰੀ ਲਾਲ ਗ੍ਰਹਿ ਤੇ ਲੈ ਕੇ ਜਾਣ ਦੇ ਸਮਰੱਥ ਹੋਵੇਗਾ। ਜੇ ਸਭ ਕੁੱਝ ਯੋਜਨਾ ਦੇ ਅਨੁਸਾਰ ਹੋਇਆ ਤਾਂ ਅਗਲੇ 50-100 ਸਾਲਾਂ ਤੱਕ ਮਨੁੱਖ ਮੰਗਲ ਗ੍ਰਹਿ ਤੇ ਪਹੁੰਚਣ ਅਤੇ ਸਵੈ-ਨਿਰਭਰ ਕਲੋਨੀ ਬਣਾਉਣ ਦੇ ਯੋਗ ਹੋ ਸਕੇਗਾ! ਨਾਸਾ ਦੀ ਯੋਜਨਾ ਜ਼ਿਆਦਾ ਵਾਸਤਵਿਕ ਹੈ - ਨਾਸਾ ਮਨੁੱਖਾਂ ਨੂੰ 2025 ਤੱਕ ਅਕਾਸ਼ੀ ਪਿੰਡਾਂ (asteroids) ਅਤੇ 2035 ਤੱਕ ਮੰਗਲ ਤੇ ਲੈ ਕੇ ਜਾਣ ਵਾਸਤੇ ਤਿਆਰੀ ਕਰ ਰਿਹਾ ਹੈ। ਇਹ ਤਜਰਬਾ ਵਿਗਿਆਨਕਾਂ ਨੂੰ ਪ੍ਰਿਥਵੀ ਦੇ ਨੀਵੇਂ ਅੰਤਰਿਖਸ਼ ਪੱਥ (Beyond low-Earth Orbit) ਤੋਂ ਪਾਰ ਮਨੁੱਖੀ-ਅੰਤਰਿਖਸ਼ ਉੜਾਨ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੋਏਗਾ - ਜਿਵੇਂ ਕਿ ਸੂਰਜੀ ਤੇ ਬਿਜਲਈ ਸੰਚਾਲਨ ਊਰਜਾ (Solar Electric Propulsion), ਜਿਹੜੀ ਕਿ ਮਾਲ (cargo) ਨੂੰ ਮੰਗਲ ਤੱਕ ਭੇਜਣ ਲਈ ਜ਼ਰੂਰੀ ਹੋਏਗੀ। ਹਵਾਲੇ - space.com, nasa.gov/mars
ਚਾਰੇ ਪਾਸੇ ਅੰਧਕਾਰ ਫੈਲਿਆ ਹੋਇਆ ਸੀ। ਸੁਬੀਰਾ ਗ੍ਰਹਿ ਤੇ ਸੂਰਜ ਦਾ ਬਲਦਾ ਹੋਇਆ ਅਗਨਕੁੰਡ ਥੋੜ੍ਹੇ ਅੰਤਰਾਲ ਲਈ ਸ਼ਾਂਤ ਹੋ ਗਿਆ ਸੀ। ਗ੍ਰਹਿ ਸੁਬੀਰਾ ਮਸਤਾਨੀ ਚਾਲ ਨਾਲ ਆਪਣੇ ਸੂਰਜ ਦੁਆਲੇ ਘੁੰਮ ਰਿਹਾ ਸੀ। ਜਿਵੇਂ ਜਿਵੇਂ ਰਾਤ ਦਾ ਅੰਧਕਾਰ ਗਹਿਰਾ ਹੁੰਦਾ ਗਿਆ ਤਿਵੈਂ ਤਿਵੇਂ ਵਾਤਾਵਰਣ ਦੀ ਖਾਮੋਸ਼ੀ ਆਪਣੀ ਜਵਾਨੀ 'ਚ ਕਦਮ ਰੱਖਦੀ ਗਈ। ਪਰ ਛੇਤੀ ਹੀ ਭਰ ਜਵਾਨ ਹੋ ੲਹੀ ਖਮੋਸ਼ੀ ਨੂੰ ਬਲਾਤਕਰ ਦਾ ਸ਼ਿਕਾਰ ਹੋਣਾ ਪਿਆ।
ਉਹ ਇੱਕ ਗੁਫ਼ਾ ਸੀ, ਅਸਮਾਨ ਨੂੰ ਛੂਹ ਰਹੇ ਪਹਾੜਾਂ ਦੇ ਵਿੱਚਕਾਰ, ਚਾਰੇ ਪਾਸੇ ਕਾਲੇ ਕਾਲੇ ਦਰੱਖ਼ਤਾਂ ਦੇ ਝੁੰਡ ਫੈਲੇ ਹੋਏ ਸਨ, ਜਿਥੋਂ 'ਇਹ' ਅਵਾਜ਼ ਆਈ ਸੀ..... ਜਿਸਨੇ ਖ਼ਾਮੋਸ਼ੀ ਦੇ ਦਾਮਨ 'ਚ ਕੰਡੇ ਭਰ ਦਿੱਤੇ ਸਨ। ਚਾਰ-ਪੰਜ ਬੰਦਿਆਂ ਦੀ ਤਿੱਖੀ ਅਵਾਜ਼ ਨੇ ਹੀ ਖ਼ਾਮੋਸ਼ੀ ਨੂੰ ਤੋੜਿਆ ਸੀ। ਹਾਲਾਂਕਿ ਪਹਿਲਾਂ-ਪਹਿਲ ਉਹਨਾਂ ਦੀ ਅਵਾਜ਼ ਕਾਫੀ ਉੱਚੀ ਸੀ। ਪਰ ਜਿਵੇਂ ਜਿਵੇਂ ਉਹਨਾਂ ਦੀ ਗੱਲਬਾਤ ਸਿਖਰ ਵੱਲ ਵਧਦੀ ਗਈ ਤਿਵੇਂ ਤਿਵੇਂ ਉਹਨਾਂ ਦੀ ਆਵਾਜ਼ ਹੌਲੀ ਹੁੰਦੀ ਗਈ। ਉਹ ਚਾਰੇ-ਪੰਜੇ ਜਣੇ(ਜਿਨ੍ਹਾਂ ਸਹੀ ਗਿਣਤੀ ਹਨੇਰਾ ਹੋਣ ਕਰਕੇ ਪਤਾ ਨਹੀਂ ਲੱਗ ਸਕੀ ਸੀ।), ਪੱਥਰਾਂ ਦੀ ਬਣੀ ਇਕ ਚੌੜੀ ਮੇਜ਼ ਦੇ ਗ਼ਿਰਦ ਬੈਠੇ ਸਨ।
ਅਜੇ ਉਹ ਆਪਣੀ ਗੱਲਬਾਤ ਵਿੱਚ ਮਸਰੂਫ਼ ਹੀ ਸਨ ਜਾਂ ਸ਼ਾਇਦ ਉਹਨਾਂ ਦੀ ਗੱਲਬਾਤ ਕਿਸੇ ਲਖ਼ਸ਼ ਤੇ ਅੱਪੜ ਗਈ ਸੀ। ਗੁਫ਼ਾ ਦੇ ਇਕ ਪਾਸੇ, ਜਿਥੋਂ ਕਿ ਗੁਫ਼ਾਂ ਕਾਫ਼ੀ ਚੌੜੀ ਸੀ, ਨੀਲੀ ਰੋਸ਼ਨੀ ਦਾ ਝਲਕਾਰਾ ਵਜਿਆ ਤਾਂ ਅੰਧਿਕਾਰ ਦੇ ਸਰੋਵਰ ਵਿੱਚ ਡੁੱਬੀ ਕਾਇਨਾਤ ਰੌਸ਼ਨੀ ਦੇ ਆਗਮਨ ਨਾਲ ਸਿਰਫ਼ ਇਕ 'ਆਹ' ਭਰ ਕੇ ਰਹਿ ਗਈ।
"ਮਕਰੰਦ, ਤੂੰ ਜਾਣਦਾ ਏਂ ਕਿ ਅਸੀਂ ਹਨੇਰੇ ਦੇ ਸੌਦਾਗਰ ਹਾਂ, ਸਾਨੂੰ ਰੌਸ਼ਨੀ ਪਸੰਦ ਨਹੀਂ। ਫਿਰ ਵੀ ਇਸ ਨੀਲੀ ਰੌਸ਼ਨੀ ਨੇ ਸਾਡੇ ਨੈਣਾਂ 'ਚ ਆਪਣੀਆਂ ਕਿਰਨਾਂ ਨਾਲ ਜਲਣ ਪੈਦਾ ਕੀਤੀ ਏ।"
"ਮਹਾਮਹਿਮ੍ ਇਹ ਨੀਲੀ ਰੌਸ਼ਨੀ ਸਿਆਰੋ ਦੇ ਆਉਣ ਦਾ ਚਿੰਨ੍ਹ ਏ। ਜਿਸਨੂੰ ਤੁਸੀਂ ਹੁਣੇ ਹੁਣੇ ਯਾਦ ਕੀਤਾ ਏ।" ਜਿਸਦਾ ਨਾਂ ਮਕਰੰਦ ਸੀ, ਉਸਦੇ ਮੂੰਹੋ ਆਵਾਜ਼ ਦੀਆਂ ਤਰੰਗਾ ਨਿਕਲ ਕੇ ਗੁਫ਼ਾ ਦੀ ਦੀਵਾਰ ਨਾਲ ਟਕਰਾ ਗਈਆਂ।
ਉਸੇ ਸਮੇਂ ਕਮਰੇ 'ਚ ਇਕ ਪਰਛਾਵਾਂ ਜਿਹਾ ਉਭਰਿਆ ਅਤੇ ਕੁਝ ਹੀ ਸਕਿੰਟਾਂ ਬਾਅਦ ਇਕ ਉੱਚੇ ਲੰਮੇ ਵਿਅਕਤੀ 'ਚ ਵਟ ਗਿਆ।
"ਸਿਆਰੋ, ਮਹਾਮਹਿਮ ਦੀ ਹਜ਼ੂਰੀ 'ਚ ਹਾਜ਼ਰ ਏ।" ਆੁਣ ਵਾਲੇ ਦੇ ਮੂਹੋਂ ਇਹ ਸ਼ਬਦ ਨਿਕਲੇ।
"ਹਨੇਰਿਆਂ ਦੇ ਸੋਦਾਗਰ, ਸਿਆਰੋ ਦਾ ਸਵਾਗਤ ਏ।" ਉਹ ਵਿਅਕਤੀ ਜਿਹੜਾ ਸ਼ਾਇਦ ਉਹਨਾਂ ਦਾ ਸਰਦਾਰ ਸੀ, ਬੋਲਿਆ।
"ਸਿਆਰੋ ਵਾਸਤੇ ਕੀ ਹੁਕਮ ਹੈ, ਮਹਾਮਹਿਮ!"
"ਸਿਆਰੋ! ਸਾਡੇ ਸੌਰ ਮੰਡਲ ਤੋਂ ਬਹੁਤ ਦੂਰ ਪ੍ਰਿਥਵੀ ਨਾਮਕ ਇਕ ਗ੍ਰਹਿ ਹੈ, ਜਿਹੜਾ ਵਿਗਿਆਨ ਦੇ ਖੇਤਰ ਵਿੱਚ ਨਿੱਤ ਨਵੀਆਂ ਪੁਲਾਂਘਾ ਪੁੱਟ ਰਿਹਾ ਏ ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਪ੍ਰਿਥਵੀ ਗ੍ਰਹਿ ਦਾ ਵਿਗਿਆਨ ਚਰਮ ਸੀਮਾ ਤੋਂ ਵੀ ਅਗਾਂਹ ਵੱਧ ਜਾਵੇਗਾ ਅਤੇ ਪ੍ਰਿਥਵੀ ਪੂਰੇ ਬ੍ਰਹਿਮੰਡ ਵਿੱਚ ਸਾਥੋਂ ਵੀ ਵਡੇਰੀ ਤਾਕਤ ਬਣ ਉਭਰੇਗਾ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਥਵੀ ਦੇ ਵਿਗਿਆਨ ਦਾ ਵਿਕਾਸ ਚਰਮ ਸੀਮਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ। ਤਾਂ ਜੋ ਅਗਾਂਹ ਭਵਿੱਖ ਵਿੱਚ ਪ੍ਰਿਥਵੀ ਸਾਥੋਂ ਵਡੇਰੀ ਤਾਕਤ ਨਾ ਬਣ ਸਕੇ। ਜੇ ਕੁਝ ਹੋਰ ਜਾਣਕਾਰੀ ਪ੍ਰਿਥਵੀ ਬਾਰੇ ਚਾਹੀਦੀ ਹੈ ਤਾਂ ਕੰਟਰੋਲ ਰੂਮ ਵਿੱਚੋਂ ਲੈ ਲਵੀਂ।"
"ਜੀ ਨਹੀਂ ਸ੍ਰੀਮਾਨ, ਇਕ ਅੰਤਰਿਖ਼ਸ਼ ਵਿਗਿਆਨੀ ਹੋਣ ਦੇ ਨਾਤੇ ਮੇਰੇ ਕੋਲ ਬ੍ਰਹਿਮੰਡ ਦੇ ਸਾਰੇ ਗ੍ਰਹਿਆ ਦਾ ਰਿਕਾਰਡ ਮੌਜੂਦ ਹੈ।"
"ਸਿਆਰੋਂ, ਤੂੰ ਵਿਗਿਆਨ ਦੀਆਂ ਅਥਾਹ ਸ਼ਕਤੀਆਂ ਦਾ ਮਾਲਿਕ ਏਂ, ਇਸ ਲਈ ਇਸ ਕੰਮ ਲਈ ਅਸੀਂ ਤੇਰੀ ਚੋਣ ਕੀਤੀ ਏ। ਸਾਨੂੰ ਉਮੀਦ ਹੈ ਕਿ ਤੂੰ ਇਸ ਮਿਸ਼ਨ ਤੋਂ ਕਾਮਯਾਬ ਹੋ ਕੇ ਹੀ ਵਾਪਿਸ ਪਿਆਰੇ ਸੁਬੀਰਾ ਗ੍ਰਹਿ ਤੇ ਆਵੇਗਾ।"
"ਇਹ ਮੇਰੀ ਖੁਸ਼-ਕਿਸਮਤੀ ਹੈ ਕਿ ਤੁਸੀਂ ਮੈਂਨੂੰ ਇਸ ਕੰਮ ਲਈ ਯੋਗ ਸਮਝਿਆ। ਮੈਂ ਆਪਦੀ ਇਸ ਆਸ ਨੂੰ ਜ਼ਰੂਰ ਪੂਰਾ ਕਰਾਂਗਾ।" ਇੰਨਾ ਕਹਿ ਸਿਆਰੋ ਉਥੋਂ ਟਰਾਂਸਮਿਟ ਹੋ ਕੇ ਆਪਣੀ ਪ੍ਰਯੋਗਸ਼ਾਲਾਂ ਵਿੱਚ ਆ ਗਿਆ।
ਉਸਦੀ ਪ੍ਰਯੋਗਸ਼ਾਲਾ ਕਾਫ਼ੀ ਵਿਸ਼ਾਲ ਸੀ, ਇਕ ਪਹਾੜੀ ਦੀ ਗੋਦ ਵਿੱਚ ਬਣੀ ਹੋਈ ਸੀ। ਸਿਆਰੋ ਨੇ ਆਪਣੀ ਨਿੱਜੀ ਕਮਰੇ 'ਚੋਂ ਕੁਝ ਜ਼ਰੁਰੀ ਵਸਤਾਂ ਲਈਆਂ ਅਤੇ ਆਪਣੀ ਪ੍ਰਯੋਗਸ਼ਾਲਾ ਦੇ ਖਾਸ ਕਮਰੇ ਵਿੱਚ ਆ ਗੀਆ, ਜਿਵੇਂ ਇਕ ਪਲੇਟਫ਼ਾਰਮ ਲੱਗਾ ਹੋਇਆ ਸੀ। ਉਸਨੇ "ਮਾਸਟਰ ਕੰਪਿਊਟਰ" ਨੂੰ ਕੁਝ ਖ਼ਾਸ ਆਦੇਸ਼ ਦਿੱਤੇ ਅਤੇ ਪਲੇਟਫ਼ਾਰਮ 'ਤੇ ਆ ਗਿਆ।
ਥੋੜੇ ਚਿਰ ਬਾਅਦ....
ਪਲੇਟਫ਼ਾਰਮ ਤੇ ਰੌਸ਼ਨੀ ਦਾ ਇਕ ਤੇਜ਼ ਪ੍ਰਕਾਸ਼ ਪੁੰਜ ਚਮਕਿਆ ਅਤੇ ਸਿਆਰੋ ਦਾ ਜਿਸਮ ਇਕ ਪਰਛਾਵੇਂ ਜਿਹੇ ਵਿੱਚ ਵਟਦਾ ਚਲਿਆ ਗਿਆ। ਫੇਰ ਉਹ ਪਰਛਾਵਾਂ ਅਸਗਾਹ, ਅੰਨਤ ਪੁਲਾੜ ਵਿੱਚੋਂ ਵਲ-ਵਲੇਵੇਂ ਖਾਂਦਾ ਹੋਇਆ ਕੁਝ ਹੀ ਪਲਾਂ ਵਿੱਚ ਪ੍ਰਿਥਵੀ ਦੇ ਇਕ ਮਹਾਂਨਗਰ 'ਚ ਆ ਕੇ ਫੈਲ ਗਿਆ.....
x x x
"ਸੀਮਾ, ਮੈਂ ਸਰ ਜੋਹਨ ਦੇ ਪੁੱਤਰ ਸਾਈਕੀ ਨੂੰ ਮਿਲਣ ਹੋਟਲ ਗਰੀਨ ਪੈਲੇਸ ਚੱਲੀ ਹਾਂ। ਮੇਰੇ ਆਉਣ ਤੱਕ ਤੂੰ ਇਸ ਕੇਸ ਦੀ ਫ਼ਾਈਲ ਤਿਆਰ ਕਰ ਲਵੀਂ।"
"ਓਕੇ ਵਰੀਨਾ।"
ਉਹ ਲੜਕੀ ਜਿਸਦਾ ਨਾਂ ਵਰੀਨਾ ਸੀ ਹਵਾ ਵਾਂਗ ਕਮਰੇ 'ਚੋਂ ਬਾਹਰ ਨਿਕਲ ਗਈ। ਬਾਹਰ ਆ ਕੇ ਉਸਨੇ ਆਪਣੀ ਕਾਰ ਸਟਾਰਟ ਕੀਤੀ ਅਤੇ ਉਸਨੂੰ ਸ਼ਹਿਰ ਦੀਆਂ ਸੜਕਾਂ ਤੇ ਦੋੜਾ ਦਿੱਤਾ। ਉਹ ਕੁੜੀ.... ਜਿਸਦੀ ਮੰਜ਼ਿਲ 'ਗਰੀਨ ਪੈਲੇਸ' ਸੀ, ਅਸਲ ਵਿੱਚ ਇਕ ਦਲੇਰ ਕੁੜੀ ਸੀ, ਜਿਸ ਨੇ ਇਕ ਡਿਟੈਕਟਿਵ ਦਾ ਪੇਸ਼ਾ ਅਪਣਾਇਆ ਹੋਇਆ ਸੀ। ਅੱਜ ਤੱਕ ਮੌਤ ਉਸ ਨੂੰ ਕਈ ਰੂਪਾਂ ਵਿੱਚ ਮਿਲ ਚੁੱਕੀ ਸੀ ਪਰ ਉਹ ਛਲਾਵੀ ਹਰ ਵਾਰ ਮੌਤ ਨੂੰ ਧੋਖਾ ਦੇ ਜਾਂਦੀ ਸੀ।
ਉਹ ਕੁੜੀ-ਜਿਸਦਾ ਨਾਂ ਵਰੀਨਾ ਸੀ ਅਤੇ ਜਿਸਦੀ ਮੰਜ਼ਿਲ 'ਗਰੀਨ ਪੈਲੇਸ' ਨਾਮਕ ਕੋਈ ਹੋਟਲ ਸੀ, ਅੰਤਾ ਦੀ ਖੂਬਸੂਰਤ ਅਤੇ ਬਿਜਲੀ ਵਾਂਗ ਤੇਜ਼ ਸੀ......
ਵਰੀਨਾ...... ਜਿਹੜੀ ਬਿਜਲੀ ਵਾਂਗ ਤੇਜ਼ ਸੀ, ਜਦ ਮਿਸਟਰ ਸਾਈਕੀ ਨੂੰ ਮਿਲ ਕੇ ਕੈਬਿਨ ਵਿੱਚੋਂ ਬਾਹਰ ਨਿਕਲੀ ਤਾਂ ਹੜਬੜ੍ਹਾਟ ਅਤੇ ਕਾਹਲੀ ਵਿੱਚ ਉਥੇ ਵਿੱਚਰ ਰਹੇ ਸਿਆਰੋ ਨਾਲ ਟਕਰਾ ਗਈ। ਸਿਆਰੋ ਦਾ ਧਿਆਨ ਵੀ ਕਿਧਰੇ ਹੋਰ ਹੀ ਸੀ। ਉੱਝ ਵੀ ਉਹ ਸਫ਼ਰ ਅਤੇ ਹੰਗਾਮਿਆਂ ਕਾਰਣ ਕਾਫ਼ੀ ਥੱਕ ਜਿਹਾ ਗਿਆ ਸੀ।
ਉਸ ਵੇਲੇ.....
ਜਿਸ ਵੇਲੇ ਵਰੀਨਾ ਸਿਆਰੋ ਨਾਲ ਟਕਰਾਈ ਸੀ, ਉਸਦੇ ਸਾਰੇ ਸਰੀਰ ਵਿੱਚ ਜਿਵੇਂ ਤੂਫਾਨ ਆ ਗਿਆ ਹੋਵੇ। ਉਸਦਾ ਸਾਰਾ ਸਰੀਰ ਇੱਕ ਅਜੀਬ ਜਿਹੇ ਤੂਫਾਨੀ ਵੇਗ ਨਾਲ ਕੰਬ ਉੱਠਿਆ ਅਤੇ ਉਹ ਉਸ ਤੂਫ਼ਾਨੀ ਵੇਗ ਦਾ ਤਾਬ ਨਾ ਝੱਲਦੀ ਹੋਈ ਬੇਹੋਸ਼ ਹੋ ਗਈ।
ਸਿਆਰੋ ਨੇ ਡਿਗਦੀ ਵਰੀਨਾ ਨੂੰ ਆਪਣੀਆਂ ਮਜ਼ਬੂਤ ਬਾਹਵਾਂ ਵਿੱਚ ਸਾਂਭ ਲਿਆ ਅਤੇ ਉਸਨੂੰ ਹੋਟਲ ਵਿੱਚ, ਆਪਣੇ ਕਮਰੇ ਵਿੱਚ ਲੈ ਆਇਆ। ਹੋਟਲ ਦੇ ਹਾਲ ਵਿੱਚ ਉਸ ਵੇਲੇ ਬਹੁਤੀ ਭੀੜ ਨਹੀਂ ਸੀ, (ਵੈਸੇ ਵੀ ਮਹਾਂਨਗਰ ਦੇ ਹੋਟਲਾਂ ਵਿੱਚ ਜੀਵਨ ਰਾਤ ਨੂੰ ਸ਼ੁਰੂ ਹੁੰਦਾ ਹੈ।) ਇਸ ਲਈ ਸਿਆਰੋ ਨੂੰ ਕਿਸੇ ਵੀ ਨਾ ਵੇਖਿਆ, ਜਦੋਂ ਉਸਨੇ ਵਰੀਨਾ ਨੂੰ ਆਪਣੇ ਕਮਰੇ ਵਿੱਚ ਲਿਆਂਦਾ। ਉਹ ਜਾਣ ਗਿਆ ਸੀ ਵਰੀਨਾ ਉਸ ਦੀ ਅਮਾਨਵੀ, ਸੁਪਰ ਨੈਚੁਰੱਲ ਪਾਵਰ ਕਰਕੇ ਬੇਹੋਸ਼ ਹੋਈ ਸੀ।
ਸਿਆਰੋ ਨੇ ਵਰੀਨਾ ਨੂੰ ਬਿਸਤਰ ਤੇ ਲਿਟਾ ਦਿੱਤਾ। ਫੇਰ ਉਹ ਬਾਥਰੂਮ ਵਿੱਚੋਂ ਇਕ ਜੱਗ 'ਚ ਪਾਣੀ ਭਰਕੇ ਲੈ ਆਇਆ ਅਤੇ ਪਾਣੀ ਦੇ ਕੁਝ ਛਿੱਟੇ ਵਰੀਨਾ ਦੇ ਮੂੰਹ ਤੇ ਮਾਰੇ। ਵਰੀਨਾ ਨੇ ਕਰਾਹ ਕੇ ਅੱਖਾਂ ਖੋਲ੍ਹੀਆਂ।
"ਆਹ.... ਮੈਂ ਕਿੱਥੇ ਹਾਂ?"
"ਮੈਡਮ, ਤੁਸੀਂ ਇਸ ਵੇਲੇ ਹੋਟਲ ਦੇ ਇਕ ਕਮਰੇ 'ਚ ਹੋ। ਤੁਸੀਂ ਮੇਰੇ ਨਾਲ ਟਕਰਾ ਕੇ, ਜ਼ਮੀਨ ਤੇ ਡਿੱਗ ਕੇ ਬੇਹੋਸ਼ ਹੋ ਗਏ ਸੀ। ਮੈਂ ਤੁਹਾਨੂੰ ਆਪਣੇ ਕਮਰੇ 'ਚ ਲੈ ਆਇਆ। ਮੈਂ ਸਮਝਿਆ ਸ਼ਾਇਦ ਡਾਕਟਰ ਦੀ ਜ਼ਰੂਰਤ ਆ ਪਵੇ।"
"ਉਹ!.... ਸ਼ਾਇਦ ਚੱਕਰ ਆ ਗਿਆ ਸੀ।"
ਵਰੀਨਾ ਬਿਸਤਰੇ ਤੋਂ ਉੱਠ ਖੜ੍ਹੀ ਹੋਈ। ਹੁਣ ਉਹ ਆਪਣੇ ਆਪ ਨੂੰ ਬਿਲਕੁਲ ਠੀਕ ਮਹਿਸੂਸ ਕਰ ਰਹੀ।
"ਮਦਦ ਲਈ ਤੁਹਾਡਾ ਸ਼ੁਕਰੀਆਂ। ਕੀ ਮੈ ਤੁਹਾਡਾ ਨਾਮ ਜਾਣ ਸਕਦੀ ਹਾਂ?"
"ਸਿਆਰੋ ਹੈ ਮੇਰਾ ਨਾਮ.... ਪਰਦੇਸੀ ਹਾਂ....!"
"ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ।" ਵਰੀਨਾ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ।
"ਮੈਨੂੰ ਵਰੀਨਾ ਕਹਿੰਦੇ ਹਨ।"ਸਿਆਰੋ ਨੇ ਵਰੀਨਾ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆ। ਇਕ ਵੇਰਾਂ ਫੇਰ ਕੰਬਣੀ ਜਿਹੀ ਛਿੜ ਗਈ
ਵਰੀਨਾ ਦੇ ਸਾਰੇ ਬਦਨ ਵਿੱਚ। ਪਰ ਇਸ ਵਾਰ ਉਹ ਬੇਹੋਸ਼ ਨਹੀਂ ਹੋਈ। ਇਸ ਤੋਂ ਬਾਅਦ ਵਰੀਨਾ ਵਾਪਸ ਆਪਣੇ ਆਫ਼ਿਸ ਆ ਗਈ।
"ਕੇਸ ਦੀ ਫ਼ਾਇਲ ਤਿਆਰ ਹੋ ਗਈ। " ਉਸਨੇ ਆਪਣੀ ਸਹਾਇਕ ਸੀਮਾ ਨੂੰ ਪੁੱਛਿਆ।
"ਹਾਂ.... ਵਰੀਨਾ।"
"ਵੇਖ, ਮੇਰੀ ਤਬੀਅਤ ਕੁਝ ਠੀਕ ਨਹੀ। ਮੈਂ ਆਰਾਮ ਕਰਨ ਜਾ ਰਹੀ ਹਾਂ। ਜੇ ਕੋਈ ਜ਼ਰੂਰੀ ਫੋਨ ਹੋਵੇ ਤਾਂ ਹੀ ਮੈਨੂੰ ਜਗਾਈਂ, ਨਹੀਂ ਤਾਂ ਸੁੱਤੀ ਰਹਿਣ ਦਵੀਂ।"
ਵਰੀਨਾ ਆਪਣੇ ਬੈਡਰੂਮ ਵਿੱਚ ਆ ਕੇ ਬਿਸਤਰੇ ਤੇ ਢੇਰੀ ਹੋ ਗਈ(ਇਕਦਮ)। ਉਸਦੇ ਦਿਲੋ-ਦਿਮਾਗ਼ ਸਿਆਰੋ ਦਾ ਅਮਾਨਵੀ ਵਿਅਕਤੀਤੱਵ ਹੀ ਛਾਇਆ ਹੋਇਆ ਸੀ। ਅਜੇ ਵੀ ਕੰਬਣੀ ਦੀ ਇਕ ਲੀਹ ਉਸਦੇ ਜਿਸਮ ਦੇ ਕਿਸੇ ਕੋਨੇ ਵਿੱਚ ਉੱਠੀ ਚਲੀ ਜਾ ਰਹੀ ਸੀ। ਉਸਦਾ ਮਨ ਸੌਣ ਨੂੰ ਕਰਦਾ ਸੀ ਪਰ ਨੀਂਦ ਦਾ ਦੂਰ ਦੂਰ ਤੱਕ ਨਾਂ-ਨਿਸ਼ਾਨ ਨਹੀਂ ਸੀ। ਉਸਦੀ ਸੋਚ ਦੂਰ ਕਿਤੇ ਰੇਤ ਦੇ ਗਹਿਰੇ ਸਮੁੰਦਰਾਂ 'ਚ ਭਟਕ ਰਹੀ ਸੀ, ਪਰ ਥੋੜ੍ਹੀ ਦੇਰ ਬਾਅਦ ਫਿਰ ਉਸਦੇ ਮਨ ਦੇ ਅਕਾਸ਼ ਤੇ ਸਿਆਰੋ ਦਾ ਅਕਸ ਉੱਭਰ ਆਉਂਦਾ ਸੀ। ਉਹ ਵਾਰ ਵਾਰ ਬਿਸਤਰ ਤੇ ਕਰਵਟਾਂ ਬਦਲ ਰਹੀ ਸੀ। ਉਸਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਉਹ ਸਿਆਰੋ ਦੇ ਬਗੈਰ ਨਹੀਂ ਰਹਿ ਸਕੇਗੀ(ਸ਼ਾਇਦ!)।
ਅਗਲੇ ਦਿਨ ਸਵੇਰੇ ਹੀ ਉਹ ਤਿਆਰ ਹੋ ਕੇ 'ਗਰੀਨ ਪੈਲੇਸ' ਪੁੱਜ ਗਈ। ਸਿਆਰੋ ਉਸ ਵਕਤ ਬਰੇਕਫ਼ਾਸਟ ਕਰ ਰਿਹਾ ਸੀ। ਉਸ ਦਾ ਚਿਹਰਾ ਵਰੀਨਾ ਨੂੰ ਵੇਖਦਿਆਂ ਹੀ ਮਹਿਕ ਉੱਠਿਆ।
"ਆਓ.... ਵਰੀਨਾ ... ਇੱਟ'ਸ ਏ ਪਲੈਜ਼ੈਂਟ ਸਰਪਰਾਈਜ਼....।"
"ਹੈਲੋ....!" ਵਰੀਨਾ ਮੁਸਕਰਾਹਰ ਬਖੇਰਦਿਆਂ ਬੋਲੀ।
"ਹੈਲੋ.... ਸਿਆਰੋ।"
ਉਸ ਦਿਨ ਉਹ ਦੋਵੇਂ ਸਾਰਾ ਦਿਨ ਘੁੰਮਦੇ ਫਿਰਦੇ ਰਹੇ। ਸਿਆਰੋ ਕਿਉਂਕਿ ਉਸ ਸ਼ਹਿਰ ਵਿੱਚ ਅਜਨਬੀ ਸੀ, ਇਸ ਲਈ ਵਰੀਨਾ ਉਸਨੂੰ ਸ਼ਹਿਰ ਦੇ ਮੁੱਖ-ਮੁੱਖ ਵੇਖਣ ਯੋਗ ਸਥਾਨ ਵਿਖਾ ਰਹੀ ਸੀ। ਇੰਨੇ ਸਮੇਂ ਵਿੱਚ ਉਹ ਦੋਵੇਂ ਇਕ ਦੂਸਰੇ ਪ੍ਰਤੀ ਆਪਣਾ ਪ੍ਰੇਮ ਪ੍ਰਦਰਸ਼ਿਤ ਕਰ ਚੁੱਕੇ ਸੀ।
ਹਾਲਾਂਕਿ ਸਿਆਰੋ ਨੂੰ ਵਰੀਨਾਂ ਨਾਲ ਕੋਈ ਪਿਆਰ-ਵਿਆਰ ਨਹੀਂ ਸੀ ਹੋਇਆ। ਪਰ ਕਿਉਂਕਿ ਉਸ ਸ਼ਹਿਰ ਵਿੱਚ ਉਸਨੂੰ ਇਕ ਵਿਅਕਤੀ ਦੀ ਜ਼ਰੂਰਤ ਸੀ। ਇਸ ਲਈ ਉਸਨੇ ਵਰੀਨਾ ਨਾਲ ਇਹ ਨਾਟਕ ਖੇਡਣਾ ਉੱਚਿਤ ਸਮਝਿਆ।
ਵਰੀਨਾ ਨੇ ਸੀਮਾ ਨੂੰ ਫ਼ੋਨ ਕਰਕੇ ਆਖ ਦਿੱਤਾ ਸੀ ਕਿ ਉਹ ਰਾਤ ਨੂੰ ਨਹੀਂ ਆਵੇਗੀ। ਸੀਮਾ ਲਈ ਇਹ ਸੋਚ ਦਾ ਕਾਰਣ ਹੀ ਸੀ ਕਿ ਅਚਾਨਕ ਵਰੀਨਾ ਜਿਹੀ ਤੇਜ਼-ਕੱਰਾਰ ਕੁੜੀ ਨੂੰ ਇਕਦਮ ਕੀ ਹੋ ਗੀਆ?
x x x
ਸਮਾਂ.............
ਰਾਤ ਦੇ ਦੋ ਵੱਜ ਕੇ ਪੰਜ ਮਿੰਟ ਤੇ ਛੱਤੀ ਸਕਿੰਟ। ਵਰੀਨਾ ਅਤੇ ਸਿਆਰੋ ਗੂੜ੍ਹੀ ਨੀਂਦੇ ਸੁੱਤੇ ਪਏ ਸੀ। ਅਚਾਨਕ....
ਸਿਆਰੋ ਦੇ ਦਿਮਾਗ਼ ਵਿੱਚ ਅਜਿਹੀ ਹਲਚਲ ਜਿਹੀ ਹੋਈ..... ਉੱਠੋ... ਸਿਆਰੋ.... ਜਾਗੋ। ਇਹ ਵਕਤ ਸੌਣ ਦਾ ਨਹੀਂ ਹੈ... ਉੱਠੋ ਅਤੇ ਆਪਣਾ ਮਿਸ਼ਨ ਆਰੰਭ ਕਰ ਦੇਵੋ.....।
ਸਿਆਰੋ ਤ੍ਰਭਕ ਕੇ ਉੱਠ ਬੈਠਾ। ਉਹ ਇਸ ਅਵਾਜ਼ ਨੂੰ ਪਹਿਚਾਣਦਾ ਸੀ। ਇਹ ਅਵਾਜ਼ ਸੁਬੀਰਾ ਗ੍ਰਹਿ ਦੇ ਕੰਟਰੋਲ ਰੂਮ ਦੇ ਕੰਟਰੋਲਰ ਦੀ ਸੀ। ਜਿਹੜਾ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਿਹਾ ਸੀ।
ਸਿਆਰੋ ਨੇ ਕੋਲ ਪਿਆਰ ਆਪਣਾ ਸੂਟ ਪਾਇਆ ਅਤੇ ਬਿਸਤਰ ਤੋਂ ਉੱਠ ਖੜ੍ਹਾ ਹੋਇਆ। ਇਕਦਮ ਉਸਦੇ ਦਿਮਾਗ ਵਿੱਚ ਪਿਛਲੇ ਦਿਨ ਦਾ ਵੇਖਿਆ 'ਵਿਗਿਆਨ ਭਵਨ' ਉੱਭਰ ਆਇਆ। ਝੱਟ ਹੀ ਉਸ ਦੇ ਦਿਮਾਗ਼ ਵਿੱਚ ਇਕ ਖ਼ਤਰਨਾਕ ਵਿੱਚਾਰ ਨੇ ਜਨਮ ਲਿਆ। ਉਸ ਦੇ ਬੁੱਲ੍ਹਾਂ ਤੇ ਇਕ ਜ਼ਹਿਰੀਲੀ ਮੁਸਕਾਨ ਨ੍ਰਿਤ ਕਰਨ ਲੱਗੀ। ਉਸ ਦੇ ਮਨ ਦਾ ਸ਼ੈਤਾਨ ਜਾਗ ਉਠਿਆ ਸੀ।
ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਜਾਣ ਲੱਗਾ ਤਾ-
"ਡਾਰਲਿੰਗ, ਕਿੱਧਰ ਜਰ ਰਹੇ ਹੋ?"
ਅਚਾਨਕ ਜਿਵੇਂ ਸਿਆਰੋ ਦੇ ਸਿਰ ਤੇ ਅਸਮਾਨ ਡਿਗ ਆਇਆ ਹੋਵੇ। ਉਸ ਦੇ ਮੱਥੇ ਦੀਆਂ ਤਿਊੜੀਆਂ ਹੋਰ ਗਹਿਰੀਆਂ ਹੋ ਗਈਆਂ।
ਉਸ ਨੇ ਕੋਸ਼ਿਸ਼ ਕਰਕੇ ਆਪਣੀ ਅਵਾਜ਼ ਨਰਮ ਬਣਾਉਂਦਿਆਂ ਆਖਿਆ-
"ਬੱਸ ਥੋੜ੍ਹੀ ਦੇਰ 'ਚ ਹੀ ਆਇਆ।"
ਇਹ ਕਹਿ ਕੇ ਉਹ ਕਮਰੇ 'ਦੋਂ ਬਾਹਰ ਆ ਗਿਆ। ਥੋੜ੍ਹੀ ਦੇਰ ਪਹਿਲਾਂ ਉਹ ਕਾਫ਼ੀ ਡਰ ਗਿਆ ਸੀ। ਪਰ ਹੁਣ ਉਸ ਨੂੰ ਆਪਣੇ ਆਪ ਤੇ ਹੀ ਗੁੱਸਾ ਆ ਰਿਹਾ ਸੀ।
ਪਲਕ ਝਪਕਦਿਆਂ ਹੀ ਉਹ ਟਰਾਂਸਮਿਟ ਹੋ ਕੇ 'ਵਿਗਿਆਨ ਭਵਨ' ਦੇ ਕੋਲ ਪੁੱਜ ਗਿਆ। ਉਹ ਵਿਗਿਆਨ ਭਵਨ ਦੇ ਪਿਛਲੇ ਪਾਸੇ, ਦਰੱਖ਼ਤਾਂ ਦੇ ਕੋਲ ਆ ਗਿਆ। ਉਸ ਨੂੰ ਇਕ ਦਰੱਖ਼ਤ ਦੇ ਉਹਲੇ ਖੜੇ ਹੋ ਕੇ ਆਪਣੇ ਸੂਟ 'ਚੋਂ ਇਕ ਛੋਟੀ ਜਿਹੀ ਗੰਨ ਕੱਢੀ ਅਤੇ ਉਸ ਦਾ ਰੁੱਖ ਵਿਗਿਆਨ ਭਵਨ ਵੱਲ ਨੂੰ ਕਰਕੇ ਟਰਿਗਰ ਦਬਾ ਦਿੱਤਾ। ਗੰਨ ਵਿੱਚੋਂ ਅਗਨ ਕਿਰਨਾਂ ਨਿਕਲ ਕੇ ਵਿਗਿਆਨ ਭਵਨ ਨਾਲ ਜਾ ਟਕਰਾਈਆਂ ਅਤੇ ਵਿਗਿਆਨ ਭਵਨ ਦੀ ਦਸ ਮੰਜ਼ਿਲਾ ਇਮਾਰਤ ਧੂੰ-ਧੂੰ ਕਰਕੇ ਜਲ ਉੱਠੀ।
.......... ਫੇਰ ਥੋੜ੍ਹੀ ਹੀ ਦੇਰ ਬਾਅਦ ਉਹ ਆਪਣੇ ਕਮਰੇ 'ਚ ਸੀ। ਜਿਵੇਂ ਕੁੱਝ ਹੋਇਆ ਹੀ ਨਾ ਹੋਵੇ।
"ਕਿੱਥੇ ਗਏ ਸੀ?" ਵਰੀਨਾ ਨੇ ਅੰਗੜਾਈ ਲੈਂਦਿਆਂ ਪੁੱਛਿਆ।
"ਬੱਸ ਥੋੜ੍ਹੀ ਦੇਰ ਬਾਹਰ ਘੁੰਮਣ ਗਿਆ ਸੀ ਹਨੀ। ਨੀਂਦ ਨਹੀਂ ਆ ਰਹੀ ਸੀ।"
ਪਰ ਵਰੀਨਾ ਨੂੰ ਸਿਆਰੋ ਦੀ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਆਇਆ। ਉਸ ਦਾ ਡਿਟੈਕਟਿਵ ਨੇਚਰ ਸਿਆਰੋ ਦੀ ਗੱਲ ਸਵੀਕਾਰ ਨਹੀਂ ਕਰ ਰਿਹਾ ਸੀ ਅਤੇ ਉਸ ਵੇਲੇ ਵਰੀਨਾ ਦੇ ਮਸਤਕ 'ਚ ਪਹਿਲੀ ਵਾਰ ਸਿਆਰੋ ਪ੍ਰਤੀ ਸ਼ੱਕ ਦਾ ਕੀੜਾ ਉਪਜਿਆ।
ਹਾਲਾਂਕਿ ਵਰੀਨਾ ਸਿਆਰੋ ਦੇ ਪ੍ਰਤੀ ਕੋਈ ਵੀ ਸ਼ੱਕ ਨਹੀਂ ਕਰਨਾ ਚਾਹੁੰਦੀ ਸੀ। ਉਹ ਸਿਆਰੋ ਨਾਲ ਬਿਤਾਏ ਪਲਾਂ ਵਿੱਚ ਆਪਣੇ ਡਿਟੈਕਟਿਵ ਦੇ ਧੰਦੇ ਨੂੰ ਸ਼ਾਮਲ ਨਹੀਂ ਹੋਣ ਦੇਣਾ ਚਾਹੁੰਦੀ ਸੀ। ਪਰ ਉਸ ਦਾ ਜਾਸੂਸੀ ਮਨ ਉਸ ਨੂੰ ਸਿਆਰੋ ਦੇ ਪ੍ਰਤੀ ਕੁਝ ਸੋਚਣ ਲਈ ਮਜ਼ਬੂਰ ਕਰ ਰਿਹਾ ਸੀ। ਜੇ ਕੋਈ ਆਮ ਯੁਵਤੀ ਸਿਆਰੋ ਦੇ ਸੰਪਰਕ 'ਚ ਆਈ ਹੁੰਦੀ ਤਾਂ ਉਸ ਨੂੰ ਸਿਆਰੋ ਦੀ ਰਾਤ ਵਾਲੀ ਗਤੀਵਿਧੀ ਰਹੱਸਮਈ ਨਹੀਂ ਲੱਗਣੀ ਸੀ। ਪਰ ਵਰੀਨਾ ਕਿਉਂਕਿ ਕੋਈ ਆਮ ਯੁਵਤੀ ਨਹੀਂ ਸੀ, ਇਸ ਲਈ ਸਿਆਰੋ ਦੀ ਰਾਤ ਵਾਲੀ ਹਰਕਤ ਉਸ ਲਈ ਸ਼ੱਕੀ ਸੀ। ਉਸ ਦੀ ਸਿਆਰੋ ਨਾਲ ਜਾਨ ਪਹਿਚਾਣ ਹੋਇਆਂ ਅਜੇ ਇਕ ਹੀ ਤਾਂ ਦਿਨ ਹੋਇਆ ਸੀ। ਪਰ ਉਹ ਸਿਆਰੋ ਬਾਰੇ ਕੁਝ ਵੀ ਨਾ ਜਾਣਦਿਆਂ ਹੋਇਆਂ, ਕਾਫੀ ਕੁਝ ਜਾਣਦੀ ਸੀ।
ਉਸ ਦੇ ਲਈ ਸਿਆਰੋ ਕਿਸੇ ਪ੍ਰਦੇਸੀ ਮੁਲਕ ਦਾ ਵਸਨੀਕ ਸੀ ਜਿਹੜਾ ਸੈਰ ਸਪਾਟੇ ਲਈ ਇੱਥੇ ਆਇਆ ਸੀ। ਪਰ ਵਰੀਨਾ ਨੇ ਸਿਆਰੋ ਦੇ ਵਿੱਚ ਉਹ ਸ਼ਕਤੀ ਪਹਿਚਾਣੀ ਸੀ, ਜਿਹੜੀ ਕਿਸੇ ਪ੍ਰਿਥਵੀ ਦੇ ਮਨੁੱਖ 'ਚ ਨਹੀਂ ਹੋ ਸਕਦੀ ਸੀ। ਜਦ ਵਰੀਨਾ ਸਿਆਰੋ ਨਾਲ ਟਕਰਾ ਕੇ ਡਿੱਗੀ ਸੀ ਤਾਂ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਜਿਹੜਾਝਟਕਾ ਉਸ ਨੂੰ ਲੱਗਾ ਹੈ, ਉਹ ਇਸ ਵਿਅਕਤੀ ਦੇ ਕਿਸੇ ਅੰਦਰੂਨੀ ਸ਼ਕਤੀ ਕਰਨ ਹੀ ਲੱਗਾ ਹੈ। ਪਹਿਲਾਂ ਉਸ ਨੂੰ ਕਦੇ ਵੀ ਅਜਿਹਾ ਝਟਕਾ ਨਹੀ ਲੱਗਾ ਸੀ ਤੇ ... ਨਾ ਹੀ ਕੋਈ ਚੱਕਰ-ਵੱਕਰ ਆਇਆ ਸੀ। ਇਸ ਲਈ ਉਸ ਨੇ ਸਿਆਰੋ ਨੂੰ ਜਾਨਣ ਵਾਸਤੇ ਉਸ ਨਾਲ ਜਾਣ ਪਹਿਚਾਣ ਵਧਾਉਣ ਦਾ ਇਰਾਦਾ ਕੀਤਾ ਸੀ। ਵੈਸੇ ਵੀ ਉਹ ਸਿਆਰੋ ਦੀ ਅਮਾਨਵੀ ਸ਼ਖਸੀਅਤ ਵੱਲ ਖਿੱਚੀ ਗਈ ਸੀ।
ਇਸ ਵੇਲੇ, ਉਹ ਸਿਆਰੋ ਦੇ ਕੋਲ ਹੀ ਬੈਠੀ ਸੀ। ਹੁਣੇ ਹੀ ਉਹ ਬਰੇਕਫ਼ਾਸਟ ਕਰਕੇ ਹਟੇ ਸਨ। ਅਤੇ ਅੱਜ ਉਹਨਾਂ ਕਿੱਥੇ-ਕਿੱਥੇ ਘੁੰਮਣ ਜਾਣਾ ਹੈ? ਇਸ ਬਾਰੇ ਸਲਾਹ ਮਸ਼ਵਰਾ ਕਰ ਰਹੇ ਸਨ। ਸਵੇਰੇ ਬਰੇਕਫ਼ਾਸਟ ਨਾਲ ਵਰੀਨਾ ਦੇ ਅਖ਼ਬਾਰ ਵੀ ਵੇਖਿਆ ਸੀ ਅਤੇ ਉਸ ਨੇ ਇਹ ਖ਼ਬਰ ਵੀ ਪੜ੍ਹੀ ਸੀ ਕਿ ਰਾਤੀਂ ਵਿਗਿਆਨ ਭਵਨ ਦੀ ਸ਼ਕਤੀਸ਼ਾਲੀ ਇਮਾਰਤ ਕਿਸੇ ਅਦਿੱਖ ਸ਼ਕਤੀ ਨੇ ਪਲਾਂ ਵਿੱਚ ਹੀ ਉੜਾ ਦਿੱਤੀ। ਜਿਸ ਦੇ ਫਲਸਵਰੂਪ ਉੱਥੇ ਰਾਤ ਨੂੰ ਕੰਮ ਕਰ ਰਹੇ ਪੰਜਾਹ ਵਿਗਿਆਨਕ ਮੌਤ ਨੂੰ ਗਲਵੱਕੜੀ ਪਾ ਗਏ। ਪ੍ਰਿਥਵੀ ਦੇ ਵਿਗਿਆਨ ਲਈ ਇਹ ਇਕ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਸੀ।
ਵਰੀਨਾ ਨੇ ਵਿਗਿਆਨ ਭਵਨ ਦੇ ਨਸ਼ਟ ਹੋਣ ਦਾ ਸਮਾਂ ਵੇਖਿਆ ਤਾਂ ਚਕਿਤ ਰਹਿ ਗਈ। ਉਸ ਸਮਾਂ ਉਹੀ ਸੀ, ਜਦੋਂ ਕੁ ਸਿਆਰੋ ਉਸ ਕੋਲੋਂ ਗਿਆ ਸੀ। ਰਾਤ ਨੂੰ ਸਿਆਰੋ ਤਕਰੀਬਨ ਦੋ ਵੱਜ ਕੇ ਪੰਜ ਮਿੰਟ ਤੇ ਗਿਆ ਸੀ ਅਤੇ ਵਿਗਿਆਨ ਭਵਨ ਦੇ ਨਸ਼ਟ ਹੋਣ ਦਾ ਸਮਾਂ ਦੋ ਵੱਜ ਕੇ ਦਸ ਮਿੰਟ ਸੀ। ਪਰ ਹੋਟਲ ਤੋਂ ਵਿਗਿਆਨ ਭਵਨ ਦਾ ਵੀਹ ਕਿਲੋਮੀਟਰ ਦਾ ਰਸਤਾ ਕਾਰ ਜਾਂ ਹੋਰ ਕਿਸੇ ਤੇਜ਼ ਵਾਹਨ ਨਾਲ ਪੰਜ ਮਿੰਟਾਂ ਵਿੱਚ ਤਹਿ ਨਹੀਂ ਕੀਤਾ ਜਾ ਸਕਦਾ ਸੀ ਅਤੇ ਫੇਰ ਐਨੀ ਛੇਤੀ ਤਬਾਹੀ ਮਚਾਉਣੀ ਮੁਸ਼ਕਿਲ ਹੀ ਸੀ।
ਅਤੇ ਵਰੀਨਾ ਨੂੰ ਸਿਆਰੋ ਤੇ ਸ਼ੱਕ ਕਰਨਾ ਫਜ਼ੂਲ ਹੀ ਲੱਗਾ। ਪਰ ਉਸ ਦਾ ਅੰਦਰੂਨੀ ਮਨ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਵਰੀਨਾ ਨੇ ਸਿਆਰੋ ਤੇ ਨਜ਼ਰ ਰੱਖਣ ਦਾ ਮਨ ਬਣਾ ਲਿਆ। ਇਸ ਵਿੱਚਕਾਰ ਉਸ ਨੇ ਰਿਮੋਟ ਕੰਟਰੋਲ ਵਰਗੀਆਂ ਹੋਰ ਸੰਭਾਵਨਾਵਾਂ ਤੇ ਵੀ ਵਿੱਚਾਰ ਕੀਤਾ। ਪਰ ਉਸ ਲਈ ਵਿਗਿਆਨ ਭਵਨ ਵਿੱਚ ਪਹਿਲਾਂ ਹੀ ਐਕਸਪਲੋਸਿਵਜ਼ ਮੌਜੂਦ ਹੋਣੇ ਜ਼ਰੂਰੀ ਸਨ, ਜਿਹੜੇ ਕਿ ਉੱਥੇ ਰੱਖਣੇ ਅਸੰਭਵ ਹੀ ਸਨ। ਕਿਉਂਕਿ ਕੋਈ ਵੀ ਆਮ ਆਦਮੀ ਵਿਗਿਆਨ ਭਵਨ ਦੇ ਅੰਦਰ ਨਹੀਂ ਜਾ ਸਕਦਾ ਸੀ। ਖ਼ੈਰ......
ਉਸ ਦਿਨ ਵਰੀਨਾ ਸਿਆਰੋ ਨਾਲ ਸਾਰਾ ਦਿਨ ਫੇਰ ਘੁੰਮਦੀ ਰਹੀ। ਉਸ ਨੇ ਸੀਮਾ ਨੂੰ ਫ਼ੋਨ ਕਰਕੇ ਆਪਣੇ ਨਾ ਆਉਣ ਬਾਰੇ ਵੀ ਦੱਸ ਦਿੱਤਾ ਸੀ।
ਜਦ ਉਸ ਨੇ ਸ਼ਹਿਰ ਤੋਂ ਥੋੜ੍ਹਾ ਬਾਹਰ ਪ੍ਰੋ: ਸੂਰਜ ਦੀ ਪ੍ਰਯੋਗਸ਼ਾਲਾ ਬਾਹਰੋਂ ਸਿਆਰੋ ਨੂੰ ਵਿਖਾਈ ਤਾਂ ਉਹ ਸਿਆਰੋ ਦੀ ਪ੍ਰਯੋਗਸ਼ਾਲਾ ਵਿੱਚ ਦਿਲਚਸਪੀ ਵੇਖ ਕੇ ਹੈਰਾਨ ਰਹਿ ਗਈ। ਸਿਆਰੋ ਉਸ ਕੋਲੋਂ ਪ੍ਰੋ: ਸੂਰਜ ਅਤੇ ਪ੍ਰਯੋਗਸ਼ਾਲਾ ਬਾਰੇ ਬੜੀ ਦੇਰ ਸਵਾਲ ਪੁੱਛਦਾ ਰਿਹਾ।
ਪ੍ਰੋ: ਸੂਰਜ ਇਕ ਜੀਨੀਅਸ ਵਿਗਿਆਨਕ ਸੀ ਅਤੇ ਉਹਨਾਂ ਦਿਨਾਂ ਵਿੱਚ ਉਹ ਇਕ ਅਜਿਹਾ ਸਪੇਸਸ਼ਿੱਪ ਤਿਆਰ ਕਰ ਰਿਹਾ ਸੀ, ਜਿਸ ਨਾਲ ਆਪਣੇ ਸੌਰਮੰਡਲ ਤੋਂ ਬਾਹਰ ਜਾ ਕੇ ਹੋਰ ਗ੍ਰਹਿਆ ਤੇ ਖੋਜ ਕਰਨੀ ਕਾਫ਼ੀ ਅਸਾਨ ਹੋ ਜਾਣੀ ਸੀ ਅਤੇ ਉਹ ਸਪੇਸਸ਼ਿੱਪ ਅੰਤਰਿਖਸ਼ ਵਿੱਚ ਮਾਰੂ ਖ਼ਤਰਿਆਂ ਤੋਂ ਪੂਰੀ ਤਰ੍ਹਾਂ ਸਰੁੱਖਿਅਤ ਸੀ।
"ਦੁਸ਼ਮਣ ਦੇਸ਼ ਦੇ ਜਾਸੂਸ ਇਸ ਪ੍ਰਯੋਗਸ਼ਾਲਾ ਨੂੰ ਤਬਾਹ ਵੀ ਕਰ ਸਕਦੇ ਹਨ। ਇਸ ਵਾਸਤੇ ਇੱਥੇ ਕੋਈ ਸਰੁੱਖਿਆ ਪ੍ਰਬੰਧ ਵੀ ਹੈ?" ਸਿਆਰੋ ਦੇ ਇਸ ਪ੍ਰਸ਼ਨ ਤੇ ਵਰੀਨਾ ਹੋਰ ਵੀ ਹੇਰਾਨ ਹੋਈ ਸੀ।
"ਇੱਥੋਂ ਦੀ ਸੁਰੱਖਿਆ ਸਰਕਾਰ ਨੇ ਸਾਡੇ ਦੇਸ਼ ਦੀ ਜਾਸੂਸੀ ਸੰਸਥਾ ਨੂੰ ਸੌਂਪੀ ਹੋਈ ਹੈ ਅਤੇ ਕੋਈ ਵੀ ਵਿਅਕਤੀ ਅਸਾਨੀ ਨਾਲ ਇਸ ਪ੍ਰਯੋਗਸ਼ਾਲਾ ਦੇ ਅੰਦਰ ਨਹੀਂ ਘੁੰਮ ਸਕਦਾ।"
ਜਦ ਸਿਆਰੋ ਨੇ ਵਰੀਨਾ ਨੂੰ ਕੁਰੇਦ-ਕੁਰੇਦ ਕੇ ਪ੍ਰਯੋਗਸ਼ਾਲਾ ਦੀ ਸੁਰੱਖਿਆ ਬਾਰੇ ਹੋਰ ਜ਼ਿਆਦਾ ਪੁੱਛਣਾ ਚਾਹਿਆ ਤਾਂ ਵਰੀਨਾ ਬੜੀ ਸਫ਼ਾਈ ਨਾਲ ਗੱਲ ਟਾਲ ਗਈ। ਵੈਸੇ ਉਸ ਨੂੰ ਇਸ ਤੋਂ ਵੱਧ ਹੋਰ ਪਤਾ ਵੀ ਨਹੀਂ ਸੀ।
ਪਰ ਵਰੀਨਾ ਹੁਣ ਆਪਣੇ ਤਰਕਸ਼ 'ਚੋਂ ਤੀਰ ਛੱਡ ਚੁੱਕੀ ਸੀ। ਜੇ ਸਿਆਰੋ ਸੱਚਮੁਚ ਕਿਸੇ ਦੁਸ਼ਮਣ ਦੇਸ਼ ਦਾ ਜਾਸੂਸ ਹੋਇਆ ਜਾਂ ਕੋਈ ਹੋਰ ਬੁਰਾ ਆਦਮੀ ਜਿਹੜਾ ਉਸ ਦੇ ਦੇਸ਼ ਦੀ ਤਬਾਹੀ ਚਾਹੁੰਦਾ ਹੋਵੇ, ਤਾਂ ਉਹ ਨਿਸਚੇ ਹੀ ਇਸ ਪ੍ਰਯੋਗਸ਼ਾਲਾ 'ਚ ਘੁਸਣ ਦਾ ਜਾਂ ਇਸ ਨੂੰ ਤਬਾਹ ਕਰਨ ਦਾ ਯਤਨ ਕਰੇਗਾ।
ਉਸ ਰਾਤ ਵੀ ਵਰੀਨਾ ਸਿਆਰੋ ਦੇ ਕੋਲ ਹੋਟਲ ਵਿੱਚ ਹੀ ਸੀ। ਵਰੀਨਾ ਬੜੀ ਬੇਤਾਬੀ ਨਾਲ "ਅੱਧੀ ਰਾਤ" ਹੋਣ ਦੀ ਉਡੀਕ ਕਰ ਰਹੀ ਸੀ। ਉਂਝ ਉਹ ਸੋਣ ਦਾ ਨਾਟਕ ਕਰ ਰਹੀ ਸੀ ਪਰ ਅਸਲ ਵਿੱਚ ਉਹ ਪੂਰੀ ਤਰ੍ਹਾਂ ਜਾਗਰਿਤ ਅਵਸਥਾ ਵਿੱਚ ਸੀ। ਉਹ ਸਮਾਂ ਨਜ਼ਦੀਕ ਆ ਰਿਹਾ ਜਦੋਂ ਉਸ ਦੇ ਸ਼ੱਕ ਦਾ ਇਮਤਿਾਹਨ ਹੋਣਾ ਸੀ। ਅਤੇ ਆਖ਼ਿਰਕਾਰ ਉਹ ਸਮਾਂ ਆ ਹੀ ਗਿਆ- ਜਿਸ ਦਾ ਵਰੀਨਾ ਨੂੰ ਇੰਤਜ਼ਾਰ ਸੀ.......
ਹਲਕੀ ਜਿਹੀ ਆਹਟ ਨਾਲ ਉਸ ਨੇ ਅੱਖਾਂ ਖੋਹਲੀਆਂ। ਲੰਬੀ ਪਈ ਨੇ ਹੀ ਉਸ ਨੇ ਹਨੇਰੇ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ। ਸਿਆਰੋ ਹੌਲੀ-ਹੌਲੀ ਕਮਰੇ 'ਚੋਂ ਬਾਹਰ ਜਾ ਰਿਹਾ ਸੀ। ਕੱਲ੍ਹ ਰਾਤ ਵਾਂਗ ਉਸ ਨੇ ਸਿਆਰੋ ਹੌਲੀ-ਹੌਲੀ ਕਮਰੇ 'ਚੋਂ ਬਾਹਰ ਜਾ ਰਿਹਾ ਸੀ। ਕੱਲ੍ਹ ਰਾਤ ਵਾਂਗ ਉਸ ਨੇ ਸਿਆਰੋ ਨੂੰ ਪਿੱਛਿਓ ਅਵਾਜ਼ ਨਹੀਂ ਦਿੱਤੀ।
ਫੇਰ ਉਹ ਥੋੜ੍ਹੀ ਦੇਰ ਆਹਟ ਸੁਣਨ ਦੀ ਕੋਸ਼ਿਸ਼ ਕਰਦੀ ਰਹੀ। ਜਦ ਉਸ ਨੂੰ ਯਕੀਨ ਹੋ ਗਿਆ ਕਿ ਸਿਆਰੋ ਦੋ ਚਾਰ ਕਦਮ ਅਗਾਂਹ ਚਲਿਆ ਗਿਆ ਹੋਵੇਗਾ।
ਉਹ ਮਸ਼ੀਨੀ ਗਤੀ ਨਾਲ ਉੱਠੀ ਅਤੇ ਕਮਰੇ 'ਚੋਂ ਬਾਹਰ ਆ ਗਈ। ਉਸ ਨੇ ਰਾਹਦਾਰੀ ਵਿੱਚ ਨਜ਼ਰ ਸੁੱਟੀ ਤਾਂ ਵੇਖਿਆ ਸਿਆਰੋ ਅਜੇ ਥੋੜ੍ਹੀ ਦੂਰ ਹੀ ਜਾ ਰਿਹਾ ਸੀ। ਉਹ ਸਾਵਧਾਨੀ ਨਾਲ ਉਸ ਨਾਲ ਉਸ ਦਾ ਪਿੱਛਾ ਕਰਨ ਲੱਗੀ। ਸਿਆਰੋ ਆਪਣੇ ਆਲੇ ਦੁਆਲੇ ਤੋਂ ਬੇਖ਼ਬਰ ਬੱਸ ਟੁਈ ਜਾ ਰਿਹਾ ਸੀ ਅਤੇ ਥੋੜ੍ਹੀ ਦੂਰ ਜਾਣ ਤੋਂ ਬਾਅਦ ਉਹ ਲਿਫ਼ਟ ਵਿੱਚ ਸਵਾਰ ਹੋ ਗਿਆ।
ਹੁਣ ਵਰੀਨਾ ਦੇ ਸਾਹਮਣੇ ਮੁਸ਼ਕਿਲ ਆ ਗਈ। ਇਕ ਦਮ ਉਹ ਪੌੜ੍ਹੀਆਂ ਵੱਲ ਹੋਈ ਅਤੇ ਤੇਜ਼ੀ ਨਾਲ ਹੇਠਾਂ ਉੱਤਰਨ ਲੱਗੀ। ਸਿਆਰੋ ਨੇ ਨਿਸ਼ਚੈ ਹੀ ਹੋਟਲ ਦੇ ਗਰਾਉਂਡ ਫ਼ਲੋਰ ਤੇ ਜਾਣਾ ਸੀ।
ਲਿਫ਼ਟ ਵਰੀਨਾ ਤੋਂ ਪਹਿਲਾਂ ਹੀ ਹੇਠਾਂ ਪੁੱਜ ਗਈ ਸੀ। ਜਦ ਵਰੀਨਾ ਹੇਠਾਂ ਪੁੱਜੀ ਤਾਂ ਉਸ ਨੂੰ ਆਸ ਪਾਸ ਸਿਆਰੋ ਕਿਤੇ ਵੀ ਨਜ਼ਰ ਨਾ ਆਇਆ। ਉਹ ਤੇਜ਼ੀ ਨਾਲ ਨੱਸ ਕੇ ਹੋਟਲ ਦੇ ਪ੍ਰਵੇਸ਼-ਦੁਆਰ ਦੇ ਸਾਹਮਣੇ ਬਣੇ ਪੋਰਚ ਵਿੱਚ ਆਈ ਤਾਂ ਉੱਥੇ ਕਿਸੇ ਵੀ ਕਰ ਦੇ ਜਾਣ ਦੇ ਚਿੰਨ੍ਹ ਨਹੀਂ ਸਨ। ਫੇਰ ਵਰਿਨਾ ਨੇ ਸੋਚਿਆ ਸ਼ਾਇਦ ਉਸ ਨੇ ਬਾਹਰੋਂ ਸੜਕ ਤੋਂ ਟੈਕਸੀ ਫੜ ਲਈ ਹੋਵੇਗੀ ਜਾਂ ਉਸ ਦੇ ਹੋਰ ਸਾਥੀ ਪਹਿਲਾਂ ਹੀ ਉੱਥੇ ਮੌਜੂਦ ਹੋਣ।
ਇਕ ਦਮ ਉਸਦੇ ਮਨ ਵਿੱਚ ਇਕ ਖ਼ਿਆਲ ਆਇਆ। ਉਹ ਜਲਦੀ ਨਾਲ ਟੈਲੀਫ਼ੋਨ ਬੂਥ ਵੱਲ ਨੂੰ ਲਪਕੀ। ਉਹ ਪ੍ਰੋ: ਸੁਰਜ ਦੀ ਪ੍ਰਯੋਗਸ਼ਾਲਾ ਨੂੰ ਫ਼ੋਨ ਕਰਨਾ ਚਾਹੁੰਦੀ ਸੀ। ਫ਼ੋਨ ਕਰਨ ਤੋਂ ਪਹਿਲਾਂ ਇਕ ਵਾਰ ਉਸ ਨੇ ਇਹ ਵੀ ਸੋਚਿਆ ਕਿ ਸ਼ਾਇਦ ਉਸ ਦਾ ਸ਼ੱਕ ਨਿਰਮੂਲ ਹੀ ਹੋਵੇ। ਪਰ ਫੇਰ ਉਸ ਨੇ ਪ੍ਰੋ: ਸੂਰਜ ਦੀ ਪ੍ਰਯੋਗਸ਼ਾਲਾ ਦਾ ਸਿਕਿਊਰਿਟੀ ਡਿਵੀਜ਼ਨ ਨੂੰ ਸਾਵਧਾਨ ਕਰ ਹੀ ਦਿੱਤਾ।
ਅਤੇ ਫੇਰ ਉਹ ਤੁਰੰਤ ਹੀ ਹੋਟਲ ਦੇ ਬਾਹਰ ਖੜੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਪ੍ਰਯੋਗਸ਼ਾਲਾ ਵੱਲ ਨੂੰ ਟੁਰ ਪਈ।
ਉੱਧਰ......!
ਸਿਆਰੋ.... ਪ੍ਰਯੋਗਸ਼ਾਲਾ ਤੋਂ ਥੋੜ੍ਹੀ ਦੂਰ ਟਰਾਂਸਮਿਟ ਹੋ ਚੁੱਕਾ ਸੀ। ਉਹ ਹੌਲੀ-ਹੌਲੀ ਕਦਮ ਪੁੱਟਦਾ ਪ੍ਰਯੋਗਸ਼ਾਲਾ ਵੱਲ ਨੂੰ ਵਧ ਰਿਹਾ ਸੀ। ਉਸ ਵੇਲੇ ਉਸ ਦੀਆਂ ਅੱਖਾਂ ਵਿੱਚ ਜਿਵੇਂ ਜਵਾਲਾਮੁਕੀ ਉੱਬਲ ਰਿਹਾ ਸੀ। ਉਸ ਦੇ ਮਨ ਦਾ ਸ਼ੈਤਾਨ ਜਾਗ ਚੁੱਕਾ ਸੀ।
ਪ੍ਰਯੋਗਸ਼ਾਲਾ ਦੀ ਸਕਿਊਰਿਟੀ ਡਿਵੀਜ਼ਨ ਦੇ ਜਾਸੂਸ ਸਿਆਰੋ ਨੂੰ ਪ੍ਰਯੋਗਸ਼ਾਲਾ ਦੇ ਗਿਰਦ ਮੰਡਰਾਉਂਦਾ ਵੇਖ ਕੇ ਬਾਹਰ ਆ ਗਏ। ਉਹ ਗਿਣਤੀ ਵਿੱਚ ਸੱਤ ਸਨ ਅਤੇ ਸੱਤੇ ਮੰਨੇ-ਪ੍ਰਮੰਨੇ ਤੇ ਹੰਢੇ ਹੋਏ ਜਾਸੂਸ ਸਨ। ਜਿਹਨਾਂ ਨੇ ਕਈ ਵੇਰਾਂ ਮੌਤ ਨੂੰ ਧੋਖਾ ਦਿੱਤਾ ਸੀ। ਉਹਨਾਂ ਦੇ ਗਰੁੱਪ ਦਾ ਨਾਂ 'ਛਲਾਵੇ' ਸੀ। ਸਿਆਰੌ ਨੂੰ ਚਾਰੇ ਪਾਸਿਓ ਘੇਰ ਲਿਆ ਉਹਨਾਂ ਅਤੇ ਉਸ ਉੱਤੇ ਪ੍ਰਸ਼ਨਾਂ ਦੀ ਧੜਾਧੜ ਬੌਛਾਰ ਕਰ ਦਿੱਤੀ।
ਪਰ ਸਿਆਰੋ ਉਸ ਵੇਲੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਮੂਡ ਵਿੱਚ ਨਹੀਂ ਸੀ। ਉਸ ਨੇ ਸੱਤਾਂ ਨੂੰ ਮਿੰਟਾਂ ਵਿੱਚ ਹੀ ਆਪਣੀ ਬਿਜਲਈ ਸਰੀਰਕ ਸ਼ਕਤੀ ਦੇ ਜ਼ੋਰ ਨਾਲ ਮੌਤ ਦੇ ਅਸਗਾਹ ਪੈਡਿਆਂ ਦੇ ਪਾਂਧੀ ਬਣਾ ਦਿੱਤਾ।
ਉਸ ਸੱਤੇ ਛਲਾਵੇ ਆਪਣੇ ਅੰਤਿਮ ਵਕਤ ਇਹ ਵੀ ਨਾ ਜਾਣ ਸਕੇ ਕਿ ਮੌਤ ਨੇ ਉਹਨਾਂ ਨੇ ਕਿਹੜੇ ਰੂਪ ਵਿੱਚ ਘੇਰ ਲਿਆ ਏ?
ਫੇਰ ਉਸਨੇ ਆਪਣੇ ਲਿਬਾਸ ਵਿੱਚੋਂ ਖ਼ਤਰਨਾਕ ਇਨਫਰਾਸੋਨਿਕ ਵੇਵਜ਼ ਉਗਲਣ ਵਾਲਾ ਯੰਤਰ ਕੱਢਿਆ। ਉਹ ਯੰਤਰ ਅਸਲ ਵਿੱਚ ਗੰਨ ਟਾਈਪ ਸੀ। ਝੱਟ ਹੀ ਸਿਆਰੋ ਨੇ ਟ੍ਰਿਗਰ ਦਬਾ ਦਿੱਤਾ ਅਤੇ ਪਲਾਂ ਵਿੱਚ ਹੀ ਉਹ ਪ੍ਰਯੋਗਸ਼ਾਲਾ ਜ਼ਮੀਨ ਨਾਲ ਗਲਵੱਕੜੀ ਪਾ ਗਈ। ਆਸਪਾਸ ਦਾ ਵਾਤਾਵਰਣ ਵੀ ਫੜਫੜਾ ਉੱਠਿਆ।
ਸਿਆਰੋ ਨੇ ਇਕ ਲੰਬਾ ਸਾਹ ਲਿਆ ਅਤੇ ਕੁੱਝ ਸੋਚ ਕੇ ਉਸ ਜਗ੍ਹਾ ਜਾ ਖੜਾ ਹੋਇਆ-ਜਿਥੇ ਗਹਿਰਾ ਹਨੇਰਾ ਸੀ।
ਉਸ ਵੇਲੇ ਵਰੀਨਾ ਆਪਣੀ ਕਾਰ ਵਿੱਚ ਉਥੇ ਪੁੱਜ ਗਈ। ਪ੍ਰਯੋਗਸ਼ਾਲਾ ਦੀ ਤਬਾਹੀ ਵੇਖ ਕੇ ਉਸਦਾ ਦਿਲ 'ਜਲ ਬਿਨ ਮੱਛਲੀ' ਵਾਂਗ ਤੜਪ ਉੱਠਿਆ। ਉਹ ਸਹਿਮੀ ਜਿਹੀ ਕਾਰ 'ਚੋਂ ਉੱਤਰੀ ਅਤੇ ਇਕ ਨਜ਼ਰ ਤਬਾਹ ਹੋ ਚੁੱਕੀ ਇਮਾਰਤ ਵਲ ਵੇਖਿਆ। ਪਲ ਲਈ ਤਬਾਹੀ ਵੇਖ ਕੇ ਜਿਵੇਂ ਉਸਦਾ ਸਰੀਰ ਬਰਫ਼ ਵਾਂਗ ਜੰਮ ਗਿਆ।
ਉਹ ਉਦਾਸ ਜਿਹੀ ਕਾਰ 'ਚ ਬੈਠ ਗਈ ਅਤੇ ਹੋਟਲ ਵੱਲ ਨੂੰ ਵੱਲ ਪਈ। ਉਸਨੇ ਸ਼ਾਇਦ ਕੁੱਝ ਸੋਚ ਲਿਆ ਸੀ ਅਤੇ ਹੁਣ ਉਸਦਾ ਚਿਹਰਾ ਕੁੱਝ ਸੰਜਿਤ ਸੀ। ਉਸਨੇ ਸਿਆਰੋ ਨਾਲ ਨਿਪਟਣ ਦਾ ਫੈਸਲਾਂ ਕਰ ਲਿਆ ਸੀ। ਤਦੇ ਉਸਨੂੰ ਆਪਣੇ ਸੱਜੇ ਮੋਢੇ ਤੇ ਮਜ਼ਬੂਤ ਪਕੜ ਦਾ ਅਹਿਸਾਸ ਹੋਇਆ।
ਉਸਨੇ ਦਰਪਣ ਵਿੱਚ ਵੇਖਿਆ ਤਾਂ ਇੱਕ ਪਲ ਲਈ ਤਾਂ ਉਹ ਤਾਰ ਵਾਂਗ, ਕੰਬ ਕੇ ਰਹਿ ਗਈ। ਕਾਰ ਦੀ ਪਿਛਲੀ ਸੀਤ ਤੇ ਸਿਆਰੋ ਬੈਠਾ ਸੀ। ਉਸ ਦੀਆਂ ਅੱਖਾਂ ਵਿੱਚ ਹਿੰਸਕ ਭਾਵ ਸਨ। ਉਸਨੇ ਵਰੀਨਾ ਨੂੰ ਕਾਰ ਰੋਕਣ ਲਈ ਆਦੇਸ਼ ਦਿੱਤਾ। ਵਰੀਨਾ ਨੇ ਚੁੱਪਚਾਪ ਕਾਰ ਰੋਕ ਦਿੱਤੀ ਅਤੇ ਸਿਆਰੋ ਨੇ ਉਸਨੂੰ ਕਾਰ ਤੋਂ ਬਾਹਰ ਨਿਕਲਣ ਲਈ ਆਖਿਆ।
ਸਿਆਰੋ ਵਰੀਨਾ ਨੁੰ ਉਸੇ ਵੇਲੇ ਮੌਤ ਦੀ ਨੀਂਦਰ ਸੁਲਾ ਦੇਣਾ ਚਾਹੁੰਦਾ ਸੀ ਕਿਉਂਕਿ ਉਹ ਸਿਆਰੋ ਬਾਰੇ ਕਾਫ਼ੀ ਕੁੱਝ ਜਾਣ ਗਈ ਸੀ।
ਵਰਿਨਾ ਸਹਿਮੀ ਜਿਹੀ ਸਿਆਰੋ ਦੇ ਸਾਹਮਣੇ ਖੜ੍ਹੀ ਸੀ। ਹੋਰ ਇਸ ਵੇਲੇ ਉਹ ਕਰ ਵੀ ਕੀ ਸਕਦੀ ਸੀ? ਕਾਹਲੀ ਵਿੱਚ ਉਹ ਆਪਣਾ ਪਿਸਟਲ ਵੀ ਹੋਟਲ ਭੁੱਲ ਆੲੀ ਸੀ।
ਫੇਰ.... ਸਿਆਰੋ ਨੇ ਜਿਵੇਂ ਹੀ ਵਰੀਨਾ ਨੂੰ ਮਾਰਨ ਲਈ ਆਪਣਾ ਵਿਨਾਸ਼ਕਾਰੀ ਹੱਥ ਚੁੱਕਿਆ.........!....!...!
ਤਾਂ ਉਸਦਾ ਹੱਥ ਹਵਾ ਵਿੱਚ ਸਥਿਰ ਹੋ ਕੇ ਰਹਿ ਗਿਆ।
ਉਸਦੇ ਮਸਤਕ 'ਚ ਰੌਸ਼ਨੀ ਦਾ ਝਲਕਾਰਾ ਫੁੱਟ ਉੱਠਿਆ ਅਤੇ ਅਤੀਤ ਦੀਆਂ ਕਈ ਧੁੰਦਲੀਆਂ ਯਾਦਾਂ ਫੈਲ ਗਈਆਂ.....
ਉਸਨੂੰ 'ਜੈਸਲ' ਦੀ ਯਾਦ ਆ ਗਈ... ਜਿਹੜੀ ਉਸਦੀ ਸਹਿਪਾਠਣ ਹੁੰਦੀ ਸੀ। ਜਦੋਂ ਉਹ ਆਪਣੇ ਸੁਬੀਰਾ ਗ੍ਰਹਿ ਦੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੁੰਦਾ ਸੀ। ਜੈਸਲ ਤੇ ਸਿਆਰੋ ਇੱਕ ਦੂਸਰੇ ਨੂੰ ਅੰਤ ਦਾ ਚਾਹੁੰਦੇ ਸਨ। ਉਹਨਾਂ ਇੱਕ ਦੂਸਰੇ ਨਾਲ ਸਦਾ ਦੇ ਬੰਧਨਾਂ ਵਿੱਚ ਬੱਝ ਜਾਣਾ ਸੀ ਪਰ ਅਫਸੋਸ਼ ਕਿ ਜੈਸਲ ਜੋਬਨ ਰੁੱਤੇ ਹੀ ਮੌਤ ਦੇ ਜਾਮ ਪੀ ਗਈ....
ਅਤੇ ਅੱਜ ਵਰੀਨਾ ਨੂੰ ਵੇਖਦਿਆਂ ਹੀ ਉਸਨੂੰ ਜੈਸਲ ਦੀ ਅਕ੍ਰਿਤੀ ਨਜ਼ਰ ਆਈ। ਉਸਨੇ ਆਪਣੇ ਦਿਮਾਗ ਨੂੰ ਝਟਕਾ ਜਿਹਾ ਦਿੱਤਾ ਅਤੇ ਆਪਣਾ ਹੱਥ ਹੇਠਾਂ ਉਤਾਰਿਆ।
ਉਸਦੇ ਦਿਮਾਗ ਤੇ ਸਵਾਰ ਹੋਇਆ ਸ਼ੈਤਾਨ ਹੁਣ ਉੱਤਰ ਚੁੱਕਾ ਸੀ।
ਉਸਨੇ ਬੜੇ ਹੀ ਪਿਆਰ ਭਰੇ ਢੰਗ ਨਾਲ ਵਰੀਨਾ ਦਾ ਹੱਥ ਫੜਿਆ ਅਤੇ ਚੁੰਮ ਲਿਆ।
ਫੇਰ ਉਹ (ਜਿਵੇਂ) ਪਿਆਰ ਵਿੱਚ ਪਾਗਲ ਹੋ ਗੁਆ। ਉਸਨੇ ਵਰੀਨਾ ਦਾ ਹੱਥ ਫੜਿਆ ਅਤੇ ਹਨੇਰੇ 'ਚ ਇਕ ਪਾਸੇ ਨੂੰ ਟੁਰਨ ਲੱਗਾ।
ਉਸਦੇ ਮਸਤਕ 'ਚ ਲਗਾਤਾਰ ਆਵਾਜ਼ਾਂ ਗੂੰਜ ਰਹੀਆਂ ਸਨ। 'ਸਿਆਰੋ....!' ਕੀ ਤੂੰ ਮੇਰੀ ਆਵਾਜ਼ ਸੁਣ ਇਹੈਂ। ਆਪਣੇ ਮਿਸ਼ਨ ਤੋਂ ਭਟਕ ਨਾ...! ਇਸ ਯੁਵਤੀ ਨੂੰ ਹਰ ਹਾਲਤ ਵਿੱਚ ਮਰਨਾ ਹੀ ਪੈਣਾ ਏ.... ਸਿਆਰੋ.... ਕੀ ਤੂੰ ਮੇਰੀ ਆਵਾਜ਼ ਸੁਣ ਰਿਹੈ?'
ਪਰ ਸਿਆਰੋ ਇਹਨਾਂ ਆਵਾਜ਼ਾਂ ਨੂੰ ਅਣਸੁਣੀਆਂ ਕਰਦਾ ਟੁਰੀ ਜਾ ਰਿਹਾ ਸੀ।
'ਕਿਥੇ ਜਾ ਰਿਹੈ?' ਵਰੀਨਾ ਨੇ ਪੁੱਛਿਆ।
'......?'
ਸਿਆਰੋ ਬੜੀ ਦੇਰ ਤੱਕ ਟੁਰਦਾ ਰਿਹਾ ਅਤੇ ਕਾਫੀ ਦੇਰ ਬਾਅਦ ਉਹ ਇਕ ਨਦੀ ਕੋਲ ਜਾ ਕੇ ਰੁਕਿਆ। ਉਹ ਨਦੀ ਦੇ ਕਿਨਾਰੇ ਬੈਠ ਗਏ।
"ਸਿਆਰੋ' ਤੂੰ ਮੈਨੂੰ ਇਥੇ ਕਾਤੇ ਲੈ ਆਇਐਂ?" ਵਰੀਨਾ ਨੇ ਰੁੱਖੀ ਜਿਹੀ ਆਵਾਜ਼ ਵਿੱਚ ਪੁੱਛਿਆ।
"ਵਰੀਨਾ.... ਮੇਰੀ ਗੱਲ ਧਿਆਨ ਨਾਲ ਸੁਣ। ਮੇਰੇ ਕੋਲ ਬਹੁਤਾ ਵਕਤ ਨਹੀਂ' ਇਹ ਠੀਕ ਹੈ ਕਿ ਮੈਂ ਇਥੇ ਤਬਾਹੀ ਮਚਾਉਣ ਆਇਆ ਸੀ ਅਤੇ ਮੈਂ ਇਸ ਸ਼ਹਿਰ ਵਿੱਚ ਕਾਫ਼ੀ ਤਬਾਹੀ ਮਚਾ ਵੀ ਚੁੱਕਾ ਹਾਂ। ਪਰ ਮੈਂ ਇਹ ਸਾਰੀ ਤਬਾਹੀ ਕਿਸੇ ਦੇ ਦਬਾਅ ਹੇਠਾਂ ਮਚਾਈ ਸੀ ਅਤੇ ਹੁਣ ਮੇਰੀਆਂ ਅੱਖਾਂ ਖੁਲ੍ਹ ਗਈਆਂ ਨੇ। ਅਤੇ ਮੈਂ ਅੱਗੇ ਤੋਂ ਆਪਣੇ ਮਹਾਮਹਿਮ ਦੀ ਕੋਈ ਵੀ ਗੱਲ ਨਾ ਮੰਨਣ ਦਾ ਫ਼ੈਸਲਾ ਕਰ ਲਿਆ ਏ!"
"ਮੈਂ ਕੁੱਝ ਸਮਝ ਨਹੀਂ ਰਹੀ! ਤੂੰ ਕਿਹੜੇ ਦੇਸ਼ ਦਾ ਵਸਨੀਕ ਏਂ?"
"ਮੈਂ ਪ੍ਰਿਥਵੀ ਦਾ ਵਾਸੀ ਨਹੀਂ ਹਾਂ।"
'ਤਾਂ ਫੇਰ ਤੂੰ ਕਿਸੇ ਬਾਹਰੀ ਦੁਨੀਆਂ ਤੋਂ ਆਇਆ ਏਂ?'
"ਹਾਂ! ਅਤੇ ਮੈਂ ਇਥੇ ਪ੍ਰਿਥਵੀ ਦੀ ਨਿਤ ਵਧ ਰਹੀ ਤਰੱਕੀ ਰੋਕਣ ਆਇਆ ਸੀ। ਪਰ ਮੈਂ ਹੁਣ ਕੁੱਝ ਨਹੀਂ ਕਰਾਂਗਾ।"
"ਕਿਉਂ ਹੁਣ ਕੀ ਵਾਪਰ ਗਿਐ?" ਵਰੀਨਾ ਨੇ ਵਿਅੰਗ ਕੱਸਿਆ।
"ਸਿਰਫ਼ ਤੇਰੀ ਖ਼ਾਤਰ....।" ਸਿਆਰੋ ਬੋਲਿਆ। ਵਰੀਨਾ ਜ਼ੋਰ ਦੇਣੀ ਹੱਸੀ।
"ਯਕੀਨ ਜਾਣੀ ਵਰੀਨਾ, ਤੇਰੇ ਮੁੱਖੜੇ ਦੀ ਜਗਮਗਾਉਂਦੀ ਚਾਂਦਨੀ ਨੇ ਮੇਰੀਆਂ ਰਾਹਾਂ ਆ ਮੱਲੀਆਂ ਨੇ। ਮੈਂ ਬ੍ਰਹਿਮੰਡ ਦੇ ਜਨਮਦਾਤੇ ਦੀ ਸੁਗੰਧ ਖਾ ਕੇ ਤੇਰੇ ਤੋਂ ਆਪਣੇ ਕੀਤੇ ਦੀ ਮੁਆਫ਼ੀ ਮੰਗ ਰਿਹਾ ਹਾਂ।" ਸਿਆਰੋ ਦੀਆਂ ਅੱਖਾਂ ਵਿੱਚ ਉਸ ਵੇਲੇ ਅਥਾਹ ਤਰਲਤਾ ਸੀ।
ਵਰੀਨਾ ਨੇ ਅਨੁਭਵ ਕੀਤਾ ਕਿ ਉਹ ਸ਼ਾਇਦ ਠੀਕ ਹੀ ਆਖ ਰਿਹਾ ਹੈ।
ਉਸ ਵੇਲੇ- ਸਿਆਰੋ ਦੇ ਦਿਮਾਗ ਵਿੱਚ ਧੁਨੀ ਦਾ ਕੰਪਨ ਹੋਇਆ-
"ਸਿਆਰੋ!..... ਤੂੰ ਅਸਫਲ ਹੋ ਚੁੱਕਾ ਏਂ। ਅਸੀਂ ਤੈਨੂੰ ਸੁਬੀਰਾ ਗ੍ਰਹਿ ਤੇ ਵਾਪਿਸ ਬੁਲਾ ਰਸੇ ਹਾਂ।" ਸਿਆਰੋ ਤੜਪ ਕੇ ਰਹਿ ਗਿਆ।
ਵਰੀਨਾ ਕੁੱਝ ਨਾ ਬੋਲ ਸਕੀ। ਉਹ ਤਾਂ ਬੱਸ ਗਾਇਬ ਹੋ ਰਹੇ ਸਿਆਰੋ ਨੂੰ ਇਕ ਟੱਕ ਨਿਹਾਰਦੀ ਰਹੀ, ਜਿਹੜਾ ਹੁਣ ਅੰਤਰਿਖਸ਼ ਦੇ ਗਹਿਨ ਹਨ੍ਹੇਰੇ 'ਚ ਗੁਆਚ ਚੁੱਕਾ ਸੀ। ਤੇ ਵਿੱਚਾਰੀ ਅੱਜ ਤੱਕ ਨਾ ਜਾਣ ਸਕੀ ਕਿ ਅਸਲ ਵਿੱਚ ਸਿਆਰੋ ਕਿਥੋਂ ਆਇਆ ਸੀ....।
ਟਿੱਪਣੀ - ਸਿਤਾਰਿਆਂ ਤੋਂ ਅੱਗੇ ਵੀ ਜ਼ਿੰਦਗੀ ਹੈ! ਇਸਦਾ ਇਹ ਮਤਲਬ ਨਹੀਂ ਕਿ ਜਿੱਥੇ ਕਿਤੇ ਵੀ ਧਰਤੀ ਜਾਂ ਪ੍ਰਿਥਵੀ ਵਰਗੇ ਗ੍ਰਹਿ ਹਨ, ਉੱਥੇ ਜੀਵਨ ਦੀ ਹੋਂਦ ਹੈ। ਮੁਢਲੇ ਅੰਗਰੇਜ਼ੀ ਵਿਗਿਆਨ ਗਲਪ ਦੇ ਵਿੱਚ ਫੁੱਲੀਆਂ ਅੱਖਾਂ ਵਾਲ਼ੇ ਦੈਂਤਾਂ ਜਾਂ Bugeyed Monsters (BEM) ਸ਼ਬਦ ਅਜਨਬੀ ਗ੍ਰਹਿਆਂ ਦੇ ਵਸਨੀਕਾਂ ਲਈ ਵਰਤਿਆ ਜਾਂਦਾ ਸੀ, ਜਿਹੜੇ ਮਿਥੇਨ ਗੈਸ ਵਿੱਚ ਸਾਹ ਲੈਂਦੇ ਹਨ ਅਤੇ -150 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਰਹਿ ਸਕਦੇ ਹਨ। ਕੀ ਇਹੋ ਜਿਹੇ ਜੀਵ ਸੱਚਮੁੱਚ ਹੋ ਸਕਦੇ ਹਨ? ਵਿਗਿਆਨਕਾਂ ਨੂੰ ਅਜੇ ਤੱਕ ਇਸਦਾ ਕੋਈ ਸਬੂਤ ਨਹੀਂ ਲੱਭਿਆ। ‘ਕੀ ਕਿਤੇ ਹੋਰ ਵੀ ਜੀਵਨ ਹੈ’ ਜੇ ਇਸ ਵਿਸ਼ੇ ਤੇ ਤਰਕਸ਼ੀਲ ਬਹਿਸ ਕਰਨ ਲੱਗ ਜਾਈਏ ਤਾਂ ਅਸੀਂ ਇਸ ਵਿਚਾਰ ਤੇ ਆਕੇ ਅਟਕ ਜਾਵਾਂਗੇ ਕਿ ‘ਜ਼ਿੰਦਗੀ ਉੱਨੀ ਹੀ ਹੈ ਜਿੰਨੀ ਕੁ ਅਸੀਂ ਜਾਣਦੇ ਹਾਂ, ਬਾਕੀ ਸਭ ਤਾਂ ਕਿਆਸ ਹੀ ਹੋਵੇਗਾ। ਪ੍ਰਿਥਵੀ ਵਰਗਾ ਕੋਈ ਗ੍ਰਹਿ ਆਪਣੀ ਹਿੱਕ ‘ਤੇ ਸਾਡੇ ਵਰਗੀ ਜ਼ਿੰਦਗੀ ਸਮੋਈ ਬੈਠਾ ਹੋ ਸਕਦਾ ਹੈ। ਉਹਨਾਂ ਜੀਵਾਂ ਵਿੱਚ ਵੀ ਸਾਡੇ ਵਰਗੀਆਂ ਕਮਜ਼ੋਰੀਆਂ ਹੋ ਸਕਦੀਆਂ ਹਨ। ਜਿਵੇਂ ਕਿ ਸਾਥੋਂ 19 ਪ੍ਰਕਾਸ਼ਵਰ੍ਹੇ ਦੂਰ ਸੂਰਜ ਵਰਗਾ, 4 ਮੈਗਨੀਟਿਊਡ (Magnitude) ਦਾ, ਇੱਕ ਸਿਤਾਰਾ ਡੈਲਟਾ ਪਾਵੋਨਿਸ (Delta ) ਹੈ। ਸਾਨੂੰ ਇਸ ਵਾਰੇ ਅਜੇ ਕੋਈ ਗਿਆਨ ਨਹੀਂ ਕਿ ਉਸਦੇ ਗਿਰਦ ਗ੍ਰਹਿ ਹਨ ਜਾਂ ਨਹੀਂ, ਜੇ ਹਨ ਤਾਂ ਕੀ ਉਹ ਆਪਣੇ ਸੂਰਜ ਤੋਂ ਪ੍ਰਿਥਵੀ ਵਰਗੇ ਘੇਰੇ ਵਿੱਚ ਹਨ, ਜਿੱਥੇ ਜ਼ਿੰਦਗੀ ਸੰਭਵ ਹੋ ਸਕਦੀ ਹੈ? ਉਸ ਗ੍ਰਹਿ ਤੇ ਠੰਡਾ ਜਲਵਾਯੂ ਉੱਥੇ ਸਾਡੇ ਧਰੁਵੀ ਖੇਤਰਾਂ ਵਰਗੀ ਜ਼ਿੰਦਗੀ ਸਿਰਜ ਸਕਦਾ ਹੈ ਅਤੇ ਗਰਮ ਜਲਵਾਯੂ ਭੂ-ਮੱਧ ਰੇਖੀ ਖੇਤਰਾਂ ਵਰਗੀ ਜ਼ਿੰਦਗੀ ਸਿਰਜ ਸਕਦਾ ਹੈ ਜਾਂ ਫਿਰ ਦੋਵਾਂ ਤਰ੍ਹਾਂ ਦੀ ਜ਼ਿੰਦਗੀ ਵੀ ਸੰਭਵ ਹੋ ਸਕਦੀ ਹੈ।
ਪਿੱਛੇ ਜਿਹੇ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫ਼ਨ ਹਾਕਿੰਗਜ਼ ਨੇ ਚੇਤਾਵਨੀ ਦਿੱਤੀ ਕਿ ਸਾਨੂੰ ਅਜਨਬੀ ਗ੍ਰਹਿਆਂ ਦੇ ਵਸਨੀਕਾਂ (Aliens) ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਹੋ ਸਕਦਾ ਹੈ ਉਹ ਸਾਡੇ ਤੋਂ ਬਹੁਤ ਜ਼ਿਆਦਾ ਵਿਕਸਿਤ ਹੋਣ - ਸ਼ਾਇਦ ਖਰਬਾਂ ਵਰ੍ਹੇ ਤੋਂ ਵੀ ਜ਼ਿਆਦਾ ਵਿਕਸਿਤ। ਉਹ ਸਾਡੇ ਨਾਲ਼ ਅਜਿਹਾ ਹੀ ਵਿਓਹਾਰ ਕਰਨਗੇ ਜਿਵੇਂ ਅਸੀਂ ਛੋਟੇ ਜੀਵ-ਜੰਤੂਆਂ ਜਾਂ ਬੈਕਟੀਰੀਆ ਨਾਲ਼ ਕਰਦੇ ਹਾਂ। ਉਹ ਪਲਾਂ ਵਿੱਚ ਸਾਨੂੰ ਮਸਲ ਸਕਦੇ ਹਨ - ਧਰਤੀ ਦਾ ਨਾਮੋ-ਨਿਸ਼ਾਨ ਮਿਟਾ ਸਕਦੇ ਹਨ। ਜਾਂ ਫਿਰ ਸਾਡੇ ਤੇ ਕੋਈ ਪ੍ਰਯੋਗ ਕਰ ਸਕਦੇ ਹਨ ਜਿਸ ਵਾਰੇ ਅਸੀਂ ਵਾਕਿਫ਼ ਵੀ ਨਹੀਂ ਹੋਵਾਂਗੇ। ਪਰ ਬਹੁਤ ਦੇਰ ਹੋ ਚੁੱਕੀ ਹੈ, ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਮਨੁੱਖ ਅੰਤਰਿਖ਼ਸ਼ ਵਿੱਚ ਨਿਰੰਤਰ ਰੇਡੀਓ ਸਿਗਨਲ ਭੇਜ ਰਿਹਾ ਹੈ ਜੋ ਕਿ ਕੋਈ ਵੀ ਵਿਕਸਿਤ ਸੱਭਿਅਤਾ ਸੁਣ ਅਤੇ ਸਮਝ ਸਕਦੀ ਹੈ। ਉਹ ਵੀ ਵਾਪਿਸ ਰੇਡੀਓ ਸਿਗਨਲ ਭੇਜ ਸਕਦੀ ਹੈ। ਅਸਲ ਵਿੱਚ ਪ੍ਰੋਜੈਕਟ ਸੇਤੀ ਸੰਸਥਾ (SETI - Search for Extraterrestrial Intelligence) ਦੇ ਨਾਲ਼ ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਰੇਡੀਓ ਵੇਦਸ਼ਾਲਾਵਾਂ (Radio Astronmy Labs) ਬਣਾਈਆਂ ਗਈਆਂ ਹਨ, ਜੋ ਹਰ ਵਕਤ ਰੇਡੀਓ ਸਿਗਨਲ ਲੱਭ ਰਹੀਆਂ ਹਨ। ਰੇਡੀਓ ਸਿਗਨਲ ਵੀ ਪ੍ਰਕਾਸ਼ ਦੀ ਗਤੀ ਨਾਲ਼ ਚੱਲ ਕੇ ਨੇੜਲੇ ਸਿਤਾਰੇ ਤੱਕ ਪੁੱਜਣ ਲਈ ਕਈ ਸਾਲ ਲਗਾ ਦੇਣਗੇ। ਪਰ ਅਜੇ ਤੱਕ ਕੋਈ ਵੀ ਨਤੀਜੇ ਸਾਹਮਣੇ ਨਹੀਂ ਆਏ। ਹੋ ਸਕਦਾ ਹੈ ਅਸੀਂ ਅਜੇ ਇੰਨੀ ਤਰੱਕੀ ਨਹੀਂ ਕਰ ਸਕੇ ਕਿ ਰੇਡੀਓ ਸਿਗਨਲ ਜਾਂ ਹੋਰ ਤਰੀਕਿਆਂ ਨਾਲ਼ ਸਿਤਾਰਿਆਂ ਤੋਂ ਪਾਰ ਬੁੱਧੀਮਾਨ ਜ਼ਿੰਦਗੀ ਲੱਭ ਸਕੀਏ। ਜਾਂ ਫਿਰ ਸਾਡੀ ਮੁੱਢਲੀ ਧਾਰਨਾ ਹੀ ਗ਼ਲਤ ਹੈ ਕਿ ਕਿਤੇ ਹੋਰ ਵੀ (ਬੁੱਧੀਮਾਨ) ਜ਼ਿੰਦਗੀ ਹੈ। ਪਰ ਇਸਦੇ ਪਿੱਛੇ ਵੀ ਕੋਈ ਕਾਰਣ ਨਹੀਂ ਦਿਖਦਾ ਕਿ ਇਹ ਸਭ ਕੁੱਝ ਸੰਭਵ ਨਹੀਂ ਹੈ, ਕਿਓਂਕਿ ਬ੍ਰਹਿਮੰਡ ਦਾ ਆਕਾਰ ਅਤੇ ਉਮਰ ਬਹੁਤ ਸਾਰੀਆਂ ਵਿਕਸਿਤ ਸਭਿਅਤਾਵਾਂ ਦੀ ਹੋਂਦ ਦਾ ਵਿਸ਼ਵਾਸ਼ ਦਿਲਾਉਂਦੀ ਹੈ। ਆਖਿਰਕਾਰ ਪ੍ਰਿਥਵੀ ਤੇ ਜੀਵਨ ਵੀ ਤਾਂ ਸਿਤਾਰਿਆਂ ਦੀ ਧੂੜ (Star-dust) ਤੋਂ ਹੀ ਉਪਜਿਆ ਹੋ ਸਕਦਾ ਹੈ। ਖ਼ਬਰੇ ਅਸੀਂ ਵੀ ਉਹਨਾਂ ਵਿਕਸਿਤ ਸਭਿਅਤਾਵਾਂ ਦਾ ਹੀ ਇੱਕ ਅੰਸ਼ ਹੋਈਏ ਜਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਿਥਵੀ ਤੇ ਮੌਜੂਦ ਹੋਣ ਜਾਂ ਗਹਿਨ ਅੰਤਰਿਖ਼ਸ਼ ਦੇ ਕਿਸੇ ਕੋਨੇ ਤੋਂ ਸਾਨੂੰ ਨੀਝ ਨਾਲ਼ ਤੱਕ ਰਹੇ ਹੋਣ!
ਜਿਵੇਂ ਸਦੀਆਂ ਬੀਤ ਗਈਆਂ। ਜੁਗਾੜਿਆਂ ਦੇ ਰੱਥ ਨੇ ਇੱਕ ਲੰਬਾ ਚੱਕਰ ਕੱਢ ਕੇ ਪਲਟੀ ਖਾਧੀ। ਸਾਗਰਾਂ ਦੇ ਸੀਨਿਆਂ ਤੇ ਲਿਟਦੀਆਂ ਛੱਲਾਂ ਦੇ ਦਿਲ ਧੜਕੇ। ਬ੍ਰਹਿਮੰਡ ਦੇ ਅਤਿਅੰਤ ਵਿਸ਼ਾਲ, ਅਨੰਤ, ਅਥਾਹ- ਉੱਜਵਲ ਖੰਭਾਂ ਵਿੱਚ ਕੰਬਣੀ ਦੀ ਲੀਹ ਉੱਠੀ। ਸੁਪਨਿਆਂ ਦੇ ਦੇਸ਼ਾਂ ਦੇ ਰਾਹੀ, ਸਿਤਾਰੇ, ਜਦ ਹੌਲੀ ਹੌਲੀ ਰਾਤ ਦੀ ਕਾਲੀ ਚੁਨਰੀ ਤੇ ਮੋਤੀਆਂ ਵਾਂਗ ਚਮਕਣ ਲਗੇ, ਤਾਂ ਮੈਂ ਆਪਣੇ ਪੱਥਰ ਬਣ ਚੁਕੇ ਸਰੀਰ ਨੂੰ ਉਠਾਉਣਾ ਚਾਹਿਆ। ਪਰ ਮੈਥੋਂ ਹਿਲਿਆ ਨਹੀਂ ਜਾ ਰਿਹਾ ਸੀ। ਮੇਰੇ ਸਰੀਰ ਦਾ ਭਾਰ(ਜਿਵੇਂ) ਕਾਫੀ ਹੱਦ ਤਕ ਵਧ ਚੁੱਕਾ ਸੀ। ਵਰਤਮਾਨ ਦੇ ਕਠੋਰ ਸ਼ਿਕੰਜੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸਾਂ ਮੈਂ। ਪਰ ਸ਼ਾਇਦ ਵਰਤਮਾਨ ਮੈਨੂੰ ਛੱਡਣਾ ਨਹੀਂ ਚਾਹ ਰਿਹਾ ਸੀ। ਮੈਂ ਆਪਣੇ ਮਸਤਕ ਨੂੰ ਜਾਗ੍ਰਿਤ ਕੀਤਾ ਅਤੇ ਆਪਣੇ ਸਰੀਰ 'ਚ ਤਾਕਤ ਭਰ ਕੇ, ਪੂਰੀ ਸ਼ਕਤੀ ਨਾਲ ਉੱਠਣ ਦੀ ਕੋਸ਼ਿਸ਼ ਕੀਤੀ। ਫੇਰ ਹੌਲੀ ਹੌਲੀ ਮੈਂ ਆਪਣੇ ਵਰਤਮਾਨ ਨੂੰ ਛੱਡ ਕੇ ਭਵਿੱਖ ਦੀ ਦੁਨੀਆਂ ਵਿੱਚ ਜਾਗਿਆ। ਵਰਤਮਾਨ(ਜਿਵੇਂ) ਮੇਰਾ ਅਤੀਤ ਬਣ ਚੁੱਕਾ ਸੀ ਅਤੇ ਹੁਣ ਭਵਿੱਖ ਹੀ ਮੇਰਾ ਵਰਤਮਾਨ ਸੀ। ਹੁਣ ਮੈਂ ਆਂਪਣੇ ਸਮੇਂ ਦੀ ਦੁਨੀਆਂ ਤੋਂ ਹਜ਼ਾਰ ਸਾਲ ਬਾਅਦ ਦੀ ਦੁਨੀਆਂ ਵਿੱਚ ਸਾਂ। ਮੈਂ ਹੌਲੀ ਹੋਲੀ ਆਪਣੇ ਦਿਮਾਗ ਨੂੰ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਕੀਤਾ ਅਤੇ ਆਪਣੇ ਆਸ-ਪਾਸ ਨਜ਼ਰ ਦੌੜ੍ਹਾਈ। ਮੈਂ ਇਕ ਇਕਾਂਤ ਜਗ੍ਹਾ ਵਿੱਚ ਸਾਂ। ਸ਼ਹਿਰ ਸ਼ਾਇਦ ਇਥੌਂ ਦੂਰ ਸੀ।
ਆਪਣੀ ਸਮਾਂਯਾਤਰਾ ਬਾਰੇ ਸੋਚਦਿਆਂ ਮੈਂ ਉੱਠਿਆ ਅਤੇ ਲਾਲ ਬੰਜਰ ਜ਼ਮੀਨ ਤੇ ਆਪਣੇ ਪੈਰ ਧਰ ਦਿੱਤੇ। ਮੈਂ ਇੱਕ ਨਿਸ਼ਚਿਤ ਦਿਸ਼ਾ ਮਿੱਥ ਕੇ ਉੱਧਰ ਨੂੰ ਵਧ ਟੁਰਿਆ। ਮੇਰੇ ਮਸਤਕ 'ਚ ਅਜੇ ਖਾਮੋਸ਼ੀ ਹੀ ਸੀ। ਪਰ ਜਿਉਂ ਹੀ ਮੈਂ ਥੋੜੇ ਜਿਹੇ ਕਦਮ ਪੁੱਟੇ ਤਾਂ ਮੇਰੇ ਮਸਤਕ ਵਿੱਚ ਪ੍ਰਿਥਵੀ ਤੇ ਸਥਿਤ ਮੇਰੇ ਕੰਟਰੋਲ ਰੂਮ ਵਿੱਚੋਂ ਮਾਸਟਰ ਕੰਪਿਊਟਰ ਦੀ ਆਵਾਜ਼ ਸੁਣਾਈ ਦਿੱਤੀ:
"ਪਾਰਿਜਾਤ, ਤੇਰੀ ਨਵੀਂ ਜ਼ਿੰਦਗੀ ਸੁਖਾਵੀਂ ਬੀਤੇ। ਇਸ ਦੁਆ ਦੇ ਨਾਲ ਹੀ ਮੈਂ ਤੇਰੇ ਨਾਲੋਂ ਸੰਬੰਧ ਤੋੜ ਰਿਹਾ ਹਾਂ। ਫੇਰ ਮੈਂ ਜਦ ਚਾਹਾਂਗਾ ਤੇਰੇ ਨਾਲ ਸੰਬੰਧ ਸਥਾਪਿਤ ਕਰ ਲਵਾਂਗਾ। ਅੱਛਾ... ਅਲਵਿਦਾ...!"
"ਅਲਵਿਦਾ!" ਮੇਰੇ ਮੂੰਹੋਂ ਆਪ ਮੁਹਾਰੇ ਸੁਰ ਨਿਕਲੇ।
ਮੈਂ ਹੌਲੀ ਹੌਲੀ ਲਾਲ ਬੰਜਰ ਜ਼ਮੀਨ ਤੇ ਟੁਰਦਾ ਜਾ ਰਿਹਾ ਸਾਂ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮੰਜ਼ਿਲ ਅਜੇ ਕਿੱਡੀ ਕੁ ਦੂਰ ਹੈ? ਬੱਸ ਮੈਂ ਤਾਂ ਟੁਰੀ ਜਾ ਰਿਹਾ ਸੀ।
ਮੈਂ ਅਜੇ ਥੋੜ੍ਹੇ ਹੀ ਕਦਮ ਹੋਰ ਅਗਾਂਹ ਚਲਿਆ ਸੀ ਕਿ ਯਕਾਯਕ ਮੇਰੇ ਤੇ ਚਾਰ ਆਦਮੀਆਂ ਨੇ ਹਮਲਾ ਕਰ ਦਿੱਤਾ। ਉਹਨਾਂ ਨੇ ਅਤਿ ਆਧੁਨਿਕ ਢੰਗ ਨਾਲ ਬਣੀਆਂ ਵਿਗਿਆਨਕ ਪੁਸ਼ਾਕਾਂ ਪਾਈਆਂ ਹੋਈਆਂ ਸਨ। ਉਹਨਾਂ ਦਾ ਹਮਲਾ ਐਨਾ ਅਚਾਨਕ ਸੀ ਕਿ ਮੈਂ ਕੁੱਝ ਵੀ ਨਾ ਕਰ ਸਕਿਆ। ਮੈਂ ਉਹਨਾਂ ਦੇ ਹਮਲੇ ਦੀ ਮਾਰ ਨਾਲ ਜ਼ਮੀਨ ਤੇ ਡਿਗ ਪਿਆ। ਉਹਨਾ ਵਿੱਚੋਂ ਇਕ ਜਣੇ ਨੇ ਮੇਰੇ ਤੇ ਗੰਨ ਤਾਣ ਦਿੱਤੀ ਅਤੇ ਅਜੀਬ ਜਿਹੀ ਭਾਸ਼ਾ ਵਿੱਚ ਕੁੱਝ ਬੋਲਿਆ, ਜਿਹੜੀ ਕਿ ਮੈਂ ਸਮਝ ਨਾ ਸਕਿਆ। ਪਰ ਨਿਸ਼ਚੈ ਹੀ ਉਹ ਮੈਨੂੰ ਦਿਤੀ ਗਈ ਧਮਕੀ ਸੀ। ਉਹ ਚਾਰੇ ਜਣੇ ਮੈਨੂੰ ਆਪਣੇ ਨਾਲ ਲੈ ਕੇ ਕਿਸੇ ਅਣਦੱਸੀ ਥਾਂ ਵੱਲ ਟੁਰ ਪਏ। (ਜੇ ਉਹ ਮੈਨੂੰ ਦੱਸ ਵੀ ਦਿੰਦੇ ਮੈਂ ਤਾਂ ਵੀ ਨ੍ਹੀਂ ਸਮਝ ਸਕਣਾ ਸੀ ਕਿਉਂਕਿ ਅਜੇ ਤੱਕ ਮੈਂ ਇਸ ਧਰਤੀ ਅਤੇ ਉਹਨਾਂ ਲੋਕਾਂ ਦੀ ਭਾਸ਼ਾ ਤੋਂ ਅਣਜਾਣ ਸਾਂ।)
ਥੋੜ੍ਹੀ ਦੇਰ ਟੁਰਨ ਤੋਂ ਬਾਅਦ ਅਸੀਂ ਇਕ ਛੋਟੀ ਜਿਹੀ ਪਹਾੜੀ ਦੇ ਲਾਗੇ ਪੱਜੇ ਅਤੇ ਮੇਰੀ ਸੋਚ ਦੇ ਮੁਤਾਬਿਕ ਉਸ ਪਹਾੜੀ 'ਚ ਇਕ ਗੁਫਾ ਸੀ। ਉਹ ਚਾਰੇ ਜਣੇ ਮੈਨੂੰ ਉਸ ਗੁਫਾ ਦੇ ਅੰਦਰ ਲੈ ਗਏ। ਫੇਰ ਇਕ ਜਣੇ ਨੇ ਆਪਣੀ ਪੌਸ਼ਾਕ 'ਚੋਂ ਰਿਮੋਟ ਕੰਟਰੋਲ ਕੱਢਿਆ ਅਤੇ ਇਕ ਬਟਨ ਪਰੈੱਸ ਕੀਤਾ। ਗ਼ੁਫਾ ਦੀ ਦੀਵਾਰ ਇੱਕ ਪਾਸੇ ਨੂੰ ਹਟ ਗਈ। ਫੇਰ ਅਸੀਂ ਗੁਫ਼ਾ ਅੰਦਰ ਉਤਰਦੇ ਗਏ ਅਤੇ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਜ਼ਮੀਨ ਦੇ ਅੰਦਰ ਇਕ ਅਤਿਅੰਤ ਸੁੰਦਰ ਇਮਾਰਤ ਬਣੀ ਦੇਖੀ। ਉਹ ਆਪਣੀ ਹੀ ਤਰ੍ਹਾਂ ਦਾ ਇੱਕ ਵਿਲੱਖਣ ਸੰਸਾਰ ਸੀ। ਇੱਕ ਮਹਿਲਨੁਮਾ ਇਮਾਰਤ ਮੇਰੇ ਸਨਮੁੱਖ ਸੀ ਅਤੇ ਮੈਂ ਅੱਡੀਆਂ ਨਜ਼ਰਾਂ ਨਾਲ ਉਸਨੂੰ ਨਿਹਾਰ ਰਿਹਾ ਸੀ। ਉਸ ਪਰੀ ਮਹਿਲ ਦਾ ਰੰਗ ਹਲਕਾ ਬਦਾਮੀ ਸੀ, ਜਿਹੜਾ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਸੀ।
ਥੋੜੀ ਦੇਰ ਬਾਅਦ ਉਹ ਚਾਰੇ ਮੈਂਨੂੰ ਮਹਿਲ 'ਚ ਰਹਿ ਰਹੀ ਪਰੀ ਦੇ ਸਾਹਮਣੇ ਲੈ ਗਏ। ਮੈਂ ਇਕ ਅਤਿਅੰਤ ਹੀ ਖ਼ੂਬਸੂਰਤ ਔਰਤ ਦੇ ਸਾਹਮਣੇ ਖੜ੍ਹਾ ਸੀ। ਉਹ ਔਰਤ ਨਿਸ਼ਚੈ ਹੀ ਪ੍ਰਿਥਵੀ ਦੀ ਕਿਸੇ ਵੀ ਔਰਤ ਤੋਂ ਸੋਹਣੀ ਸੀ।
"ਰਾਜਕੁਮਾਰੀ ਅਮਰੀ, ਅਸੀਂ ਇਸ ਵਿਅਕਤੀ ਨੂੰ ਪਕੜ ਕੇ ਲਿਆਏ ਹਾਂ। ਇਹ ਸਾਡੇ ਠਿਕਾਣੇ ਤੋਂ ਥੋੜ੍ਹੀ ਹੀ ਦੂਰ ਘੁੰਮ ਰਿਹਾ ਸੀ, ਜਿਵੇਂ ਕੋਈ ਸੂਹ ਲੈ ਰਿਹਾ ਹੋਵੇ। ਅਸੀਂ ਇਸ ਨੂੰ ਸ਼ਹਿਜ਼ਾਦਾ ਕਣਕ ਦਾ ਜਾਸੂਸ ਸਮਝ ਕੇ ਪਕੜ ਲਿਆਏ ਹਾਂ।"
ਉਨ੍ਹੀ ਦੇਰ ਤੱਕ ਮੈਂ ਆਪਣੇ ਮਸਤਕ ਰਾਹੀ ਮਾਸਟਰ ਕੰਪਿਊਟਰ ਨੂੰ ਅਪਾਣੀ ਭਾਸ਼ਾ ਦੀ ਸਮੱਸਿਆ ਬਾਰੇ ਦੱਸ ਚੁੱਕਾ ਸਾਂ। ਉਸਨੇ ਮੇਰੇ ਮਸਤਕ 'ਚ ਲੱਗੇ ਮਾਈਕਰੋ-ਕੈਪਸੂਲ ਨੂੰ ਇਨ੍ਹਾਂ ਗ੍ਰਹਿਵਾਸੀਆਂ ਦੀ ਭਾਸ਼ਾ ਸਮਝਣ ਦੇ ਯੋਗ ਬਣਾ ਦਿੱਤਾ ਸੀ।
ਮੈਂ ਉਸ ਵਿਅਕਤੀ ਵਲੋਂ ਕਹੇ ਉਪਰੋਕਤ ਸ਼ਬਦ ਹੁਣ ਸਮਝ ਸਕਦਾ ਸਾਂ ਅਤੇ ਉਸ ਵੇਲੇ ਮੇਰੀ ਨਜ਼ਰ ਰਾਜਕੁਮਾਰੀ ਅਮਰੀ ਦੇ ਮੁੱਖੜੇ ਤੇ ਸੀ। ਜਦੋਂ ਉਸ ਵਿਅਕਤੀ ਨੇ 'ਸ਼ਹਿਜ਼ਾਦਾ ਕਣਕ' ਦਾ ਨਾਂ ਲਿਆ ਤਾਂ ਮੈਂ ਵੇਖਿਆ ਕਿ ਰਾਜਕੁਮਾਰੀ ਦਾ ਹੁਸੀਨ ਮੁਖੜਾ ਹੋਰ ਲਾਲ ਹੋ ਗਿਆ ਹੈ ਅਤੇ ਉਸਨੇ ਅਪਾਣੀਆਂ ਅੱਖਾ ਵਿੱਚ ਨਫ਼ਰਤ ਦੇ ਭਾਵ ਭਰਦਿਆਂ ਮੇਰੇ ਵਲ ਨੂੰ ਵੇਖਿਆ। ਮੈਂ ਉਸਦੀਆਂ ਅੱਖਾਂ ਨਾਲ ਆਪਣੀਆਂ ਅੱਖਾਂ ਨਾ ਮਿਲਾ ਸਕਿਆ। ਜਿਵੇਂ ਹੀ ਉਸ ਦੀਆਂ ਅੱਖਾਂ ਮੇਰੀਆਂ ਅੱਖਾਂ ਨਾਲ ਮਿਲੀਆਂ ਤਾਂ ਉਸ ਦੀਆਂ ਅੱਖਾਂ ਵਿੱਚ ਪਸਰੇ ਹੋਏ ਰੋਹ ਨੂੰ ਵੇਖ ਕੇ ਮੇਰੀਆਂ ਅੱਖਾਂ ਵਿੱਚ ਜਲਣ ਜਿਹੀ ਹੋਣ ਲੱਗ ਪਈ। ਮੈਂ ਆਪਣੀਆਂ ਉਂਗਲਾਂ ਨਾਲ ਅੱਖਾਂ ਮਲਣੀਆਂ ਚਾਹੀਆਂ ਪਰ ਮੇਰੇ ਹੱਥ ਬੱਝੇ ਹੋਏ ਸਨ।
"ਬੰਨ੍ਹ ਦਿਉ ਇਸਨੂੰ......!" ਉਸਦੇ ਖ਼ੂਬਸੂਰਤ ਬੁੱਲ੍ਹਾਂ ਚੋਂ ਤਪਦੇ ਲਫ਼ਜ ਨਿਕਲੇ। ਮੈਨੂੰ ਬੰਨ੍ਹ ਦਿੱਤਾ ਗਿਆ, ਦੀਵਾਰ ਦੇ ਨਾਲ ਅਤੇ ਰਾਜਕੁਮਾਰੀ ਮੇਰੇ ਕੋਲ ਆ ਗਈ। ਉਸਨੇ ਮੇਰੀਆਂ ਅੱਖਾਂ 'ਚ ਆਪਣੀਆਂ ਭਖਦੀਆਂ ਭਖਦੀਆਂ ਅੱਖਾਂ ਨਾਲ ਵੇਖਿਆ- "ਕੀ ਕਰ ਰਿਹਾ ਸੀ ਤੂੰ ਇਸ ਇਲਾਕੇ ਵਿੱਚ.......?"
"ਅਮਰੀ.............! ਜੋ ਤੂੰ ਸਮਝ ਰਹੀ ਏਂ ਮੈਂ ਉਹ ਨਹੀਂ। ਤਦੇ ਇਕ ਧੱਕਾ ਜਿਹਾ ਲੱਗਾ ਮੇਰੇ ਸਰੀਰ ਨੂੰ, ਅਤੇ ਮੈਂ ਤੜਪ ਕੇ ਰਹਿ ਗਿਆ। ਮੈਂ ਨਜ਼ਰ ਉਠਾਕੇ ਉਸ ਵਿਅਕਤੀ ਵੱਲ ਵੇਖਿਆ, ਜਿਹੜਾ ਰਾਜਕੁਮਾਰੀ ਨਾਲ ਗੱਲ ਕਰ ਰਿਹਾ ਸੀ। ਉਸਦੇ ਹੱਥ ਵਿੱਚ ਇਨਫ਼ਰਾਸੋਨਿਕ ਵੇਵਜ਼ ਦਾ ਯੰਤਰ ਸੀ ਅਤੇ ਮੇਰੇ ਸਰੀਰ ਤੇ ਇਨਫ਼ਰਾਸੋਨਿਕ ਵੇਵਜ਼ ਦਾ ਬਹੁਤ ਹੀ ਹਲਕਾ ਅਠੈਕ ਹੋਇਆ ਸੀ, ਪਰ ਉਸ ਅਟੈਕ ਨੇ ਹਿ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ।
"ਤੇਰੀ ਹਿੰਮਤ ਕਿਵੇਂ ਹੋਈ ਰਾਜਕੁਮਾਰੀ ਦਾ ਨਾਂ ਲੈਣ ਦੀ..... ਗੁਸਤਾਖ਼!" ਉਸਦੇ ਮੂੰਹੋ ਤਪਦੇ ਸ਼ਬਦ ਨਿਕਲੇ।
ਫੇਰ ਤਕਰੀਬਨ 960 ਸਕਿੰਟ ਰਾਜਕੁਮਾਰੀ ਮੈਥੋਂ ਕਿਸੇ ਸ਼ਹਿਜ਼ਾਦੇ ਕਣਕ ਬਾਰੇ ਪੁੱਛਦੀ ਰਹੀ ਅਤੇ ਮੈਨੂੰ ਉਸਦਾ ਜਾਸੂਸ ਹੋਣ ਬਾਰੇ ਕਬੂਲ ਕਰਨ ਲਈ ਆਖਦੀ ਰਹੀ। ਪਰ ਜੋ ਮੈਂ ਨਹੀਂ ਸੀ.... ਮੈਂ ਕਿਵੇਂ ਮੰਨ ਸਕਦਾ ਸੀ?
ਆਖ਼ਿਰਕਾਰ ਉਸਨੂੰ ਵੀ ਸੋਚਣਾ ਪਿਆ। "ਇਸਨੂੰ ਤਹਿਖਾਨੇ 'ਚ ਸੁੱਟ ਦਿਉ।" ਸ਼ਾਮ ਨੂੰ ਜਦ ਡਾਕਟਰ ਅਵੰਤੀ ਆਵਣਗੇ ਤਾਂ ਇਸਦਾ ਅਤੀਤ ਵੇਖਾਂਗੇ......।
"ਜੋ ਹੁਕਮ.... ਰਾਜਕੁਮਾਰੀ।"
ਮੈਨੂੰ ਉਸ ਪਰੀ ਮਹੱਲ ਦੇ ਤਹਿਖ਼ਾਨੇ ਵਿੱਚ ਸੁੱਟ ਦਿੱਤਾ ਸੀ। ਮੇਰੀ ਆਸ ਦੇ ਉਲਟ ਤਹਿਖ਼ਾਨਾ ਬਹੁਤ ਹੀ ਖ਼ੂਬਸੂਰਤ ਜਗ੍ਹਾ ਸੀ। ਉਥੇ ਛੇ ਕੈਦੀ ਪਹਿਲਾਂ ਤੋਂ ਹੀ ਹੋਰ ਸਨ।
ਮੈਂ ਤਹਿਖ਼ਾਨੇ ਦੇ ਇਕ ਨੁੱਕਰੇ ਪਈ ਆਰਾਮ ਕੁਰਸੀ ਤੇ ਬੈਠ ਗਿਆ। ਪਹਿਲਾਂ ਤਾਂ ਉਹਨਾਂ ਛੇਆਂ ਚੋਂ ਕਿਸੇ ਨੇ ਵੀ ਮੇਰੇ ਨਾਲ ਗੱਲਬਾਤ ਨਾ ਕੀਤੀ। ਪਰ ਫੇਰ ਉਹ ਆਪਣੀ ਉਤਸੁਕਤਾ ਦਬਾ ਨਾ ਸਕੇ ਅਤੇ ਫੇਰ ਮੇਰੇ ਨਾਲ ਗੱਲਬਾਤ ਕਰਨ ਲੱਗੇ। ਮੈਂ ਉਹਨਾਂ ਨੂੰ ਦੱਸਿਆ ਕਿ ਉਹ ਕਿੰਝ ਮੈਂਨੂੰ ਸ਼ਹਿਜਾਦਾ ਕਣਕ ਦਾ ਜਾਸੂਸ ਸਮਝ ਕੇ ਫੜ ਲਿਆਏ ਹਨ। ਪਰ ਮੈਂ ਤਾਂ ਨਾ ਹੀ ਕਣਕ ਨਾ ਹੀ ਅਮਰੀ ਨੂੰ ਜਾਣਦਾ ਹਾਂ।
ਉਹ ਬੜੈ ਹੈਰਾਨ ਹੋਏ। ਉਹਨਾਂ ਮੈਨੂੰ ਦੱਸਿਆ ਕਿ ਉਹ ਤਾਂ ਕਣਕ ਦੇ ਹੀ ਜਸੂਸ ਹਨ ਅਤੇ ਇਹ ਸੁਣਕੇ ਵੀ ਬੜੇ ਹੈਰਾਨ ਹੋਏ ਕਿ ਮੈਂ ਅਮਰੀ ਅਤੇ ਕਣਕ ਨੂੰ ਨਹੀਂ ਜਾਣਦਾ।
"ਤਾਂ ਫੇਰ ਤੂੰ ਗੁਆਂਢੀ ਰਾਜ ਸੀਮਾਂਤ ਤੋਂ ਆਇਆਂ ਏ।" ਉਹਨਾਂ ਚੋਂ ਇਕ ਬੋਲਿਆ।
"ਹਾਂ.......।" ਮੈਂ ਇਹੀ ਕਹਿਣਾ ਉਚਿਤ ਸਮਝਿਆ।
ਫੇਰ ਮੈਂ ਉਹਨਾਂ ਨੂੰ ਕਣਕ ਅਤੇ ਅਮਰੀ ਬਾਰੇ ਪੁੱਛਣ ਲੱਗ ਪੀਆ। ਉਹ ਸ਼ਾਇਦ ਕਾਫੀ ਚਿਰ ਤੋਂ ਬੋਲਣ ਲਈ ਲਲਾਇਤ ਸਨ ਅਤੇ ਵਾਰੀ ਵਾਰੀ ਮੈਨੂੰ ਉਹਨਾਂ ਬਾਰੇ ਸੁਣਾਉਂਦੇ ਰਹੇ..... ਜੋ ਇਸ ਤਰ੍ਹਾਂ ਹੈ-
ਉਦੋਂ ਤੋਂ ਲਗਪਗ ਇਕ ਸਾਲ ਪਹਿਲਾਂ ਉਸ ਛੋਟੇ ਜਿਹੇ ਦੇਸ਼ ਜਿਸਦਾ ਨਾਂ ਬ੍ਰੀਨੀਅਸ ਸੀ, ਤੇ ਰਾਜਕੁਮਾਰੀ ਅਮਰੀ ਦੇ ਪਿਤਾ ਅੰਮ੍ਰਿਤਾਂਸ਼ ਦਾ ਸ਼ਾਸਨ ਸੀ, ਤੇ ਉਹਨਾਂ ਦਿਨਾਂ ਵਿੱਚ ਹੀ ਅਮਰੀ ਦੇ ਚਾਚੇ ਓਤੰਕ ਦੀ ਮੌਤ ਹੋ ਗਈ ਸੀ। ਉਸਦਾ ਚਾਚਾ ਪਹਿਲਾਂ ਤੋ ਹੀ ਬ੍ਰੀਨੀਅਸ ਤੇ ਸ਼ਾਸਨ ਕਰਨ ਦਾ ਇਛੁੱਕ ਸੀ ਪਰ ਉਹ ਆਪਣੇ ਭਰਾ ਤੋਂ ਡਰਦਾ ਸੀ। ਉਸ ਸਮੇਂ ਉਸਨੇ ਅੰਮ੍ਰਿਤਾਂਸ਼ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਹੋਈ ਸੀ, ਪਰ ਮੌਤ ਦੇ ਲੰਬੇ ਹੱਥ ਉਸਨੂੰ ਹੀ ਲੈ ਡੁੱਬੇ। ਪਰ ਉਸਦੇ ਪੁੱਤਰ ਕਣਕ ਨੇ ਆਪਣੇ ਪਿਤਾ ਦਾ ਸੋਚਿਆ ਸੱਚ ਕਰ ਦਿਖਾਇਆ ਅਤੇ ਅੰਮ੍ਰਿਤਾਸ਼ ਨੂੰ ਮੌਤ ਦੀ ਸਿਆਹ ਹਨੇਰੀ 'ਚ ਵਹਾ ਦਿੱਤਾ। ਰਾਜਕੁਮਾਰੀ ਅਮਰੀ ਬੜੀ ਮੁਸ਼ਕਿਲ ਨਾਲ ਕੁੱਝ ਕੁ ਸਾਥੀਆਂ ਨਾਲ ਭੱਜਣ ਵਿੱਚ ਕਾਮਯਾਬ ਹੋ ਗਈ।
ਉੱਧਰ ਕਣਕ ਨੇ ਸੱਤਾ ਤੇ ਕਬਜ਼ਾ ਕਰ ਲਿਆ ਸੀ। ਕਣਕ ਇਕ ਜ਼ਾਲਿਮ ਸ਼ਾਸਕ ਚੋਂ ਨਿੱਬੜਿਆ ਸੀ, ਪਰ ਉਥੋਂ ਦੀ ਜਨਤਾ ਉਸਦੀ ਤਾਕਤ ਅੱਗੇ ਕੁਝ ਬੋਲ ਨਹੀਂ ਸਕਦੀ ਸੀ। ਉਂਝ ਉਹ ਦਿਲੋਂ ਅਮਰੀ ਨੂੰ ਆਪਣੀ ਸ਼ਾਸਕ ਵੇਖਣਾ ਚਾਹੁੰਦੇ ਸਨ।
ਜਿਸ ਦਿਨ ਤੋਂ ਕਣਕ ਨੇ ਬ੍ਰਨੀਅਸ ਵਾਸੀਆਂ ਤੇ ਜ਼ੁਲਮ ਢਾਉਣੇ ਸ਼ੁਰੂ ਕੀਤੇ ਸਨ, ਉਸ ਦਿਨ ਤੋਂ ਹੀ ਅਮਰੀ ਨੇ 'ਸੁਤੰਤਰਤਾ ਦੀ ਜੋਤੀ' ਨਾਮਕ ਇਕ ਕ੍ਰਾਂਤੀਕਾਰੀ ਸੰਗਠਨ ਦੀ ਸਥਾਪਨਾ ਕਰ ਲਈ ਹੁਣ ਉਹ ਕਣਕ ਨੂੰ ਬ੍ਰੀਨੀਅਸ ਦੇ ਤਖ਼ਤ ਤੋਂ ਲਾਹੁਣ ਬਾਰੇ ਯਤਨਸ਼ੀਲ ਸੀ ਅਤੇ ਇਹ ਯਤਨ ਕਰਦਿਆਂ ਉਸਨੂੰ ਸਾਲ ਗੁਜ਼ਰ ਚੁੱਕਾ ਸੀ। ਇੰਨੇ ਸਮੇਂ ਵਿੱਚ ਹੀ "ਸੁਤੰਤਰਤਾ ਦੀ ਜੋਤੀ" ਮੈਂਬਰ ਦਸ ਤੋਂ ਵਧਕੇ ਪੰਜਾਹ ਹੋ ਚੁੱਕੇ ਸਨ।
ਮੈਂ ਇਹ ਸੁਣਦਾ ਹੋਇਆ ਸੋਚ ਰਿਹਾ ਸਾਂ ਕਿ ਭੈੜੀ ਰਾਜਨੀਤੀ ਨੇ ਕਦੇ ਵੀ ਸਮੇਂ ਦੇ ਸ਼ਾਸਕ ਦਾ ਲੜ ਨਾ ਛੱਡਿਆ। ਉਹ ਪੁਰਾਣਾ ਵਕਤ ਸੀ ਜਾਂ ਨਵਾਂ, ਸੱਤਾ ਦੀ ਹਵਸ ਇਨਸਾਨ ਨੂੰ ਹੈਵਾਨ ਬਣਾਉਂਦੀ ਹੀ ਰਹਿੰਦੀ ਹੈ।
ਤਦੇ ਮੈਨੂੰ ਲੈਣ ਉਹੀ ਵਿਅਕਤੀ ਆ ਗਏ, ਸ਼ਾਇਦ ਡਾਕਟਰ ਅਵੰਤੀ ਆ ਗਿਆ ਸੀ। ਉਹ ਮੈਨੂੰ ਇਕ ਹਨੇਰੇ ਜਿਹੇ ਕਮਰੇ 'ਚ ਲੈ ਗਏ। ਉਥੇ ਦੋ ਸ਼ਖਸ਼ ਬੈਠੇ ਸਨ- ਇਕ ਕੋਈ ਬੁੱਢਾ ਵਿਅਕਤੀ ਸੀ ਅਤੇ ਦੂਸਰੀ ਅਮਰੀ ਸੀ। ਅਮਰੀ ਨੇ ਚਿੱਟਾ ਲਿਬਾਸ ਪਾਇਆ ਹੋਇਆ ਸੀ, ਜੋ ਕਿ ਉਸ ਘੁਸਮੁਸੇ ਜਿਹੇ ਵਿੱਚ ਬੜਾ ਹੀ ਪਿਆਰਾ ਲੱਗ ਰਿਹਾ ਸੀ।
ਉਹਨਾਂ ਨੇ ਮੈਨੂੰ ਇਕ ਕੁਰਸੀ ਤੇ ਬਿਠਾ ਦਿੱਤਾ ਅਤੇ ਫੇਰ ਮੇਰੇ ਮਸਤਕ ਦੇ ਗਿਰਦ ਦੋ ਹੈਡਫ਼ੋਨ ਜਿਹੇ ਲਗਾ ਦਿੱਤੇ। ਥੋੜ੍ਹੀ ਦੇਰ ਵਿੱਚ ਹੀ ਮੇਰੇ ਦਿਮਾਗ਼ 'ਚ ਧੁੰਦ ਜਿਹੀ ਛਾ ਗਈ ਅਤੇ ਮੈਂ ਅਚੇਤ ਹੋ ਗਿਆ। ਫੇਰ ਮੈਨੂੰ ਨਹੀਂ ਪਤਾ ਲੱਗਿਆ ਕਿ ਕੀ ਹੋਇਆ.....।
ਮੈਨੂੰ ਹੋਸ਼ ਆਈ ਤਾਂ ਮੈਂ ਉਸੇ ਕਮਰੇ 'ਚ ਸੀ ਅਤੇ ਓਹੀ ਸ਼ਖ਼ਸ਼ ਕਮਰੇ 'ਚ ਸਨ।
"ਮੈਨੂੰ ਬਹੁਤ ਅਫ਼ਸੋਸ ਹੈ ਮਿਸਟਰ ਪਰਿਜਾਤ ਕਿ ਤੁਹਾਡੇ ਨਾਲ ਬੁਰਾ ਸਲੂਕ ਹੋਇਆ। ਪਰ ਇਸ ਵਿੱਚ ਸਾਡਾ ਵੀ ਕੋਈ ਕਸੂਰ ਨਹੀਂ, ਅਸੀਂ ਅਣਜਾਣ ਸਾਂ। ਮੈਂ ਜਾਣ ਗਈ ਹਾਂ ਕਿ ਤੁਸੀਂ ਅਤੀਤ ਦੇ ਇਕ ਅਨੋਖੇ ਹੀ ਸੰਸਾਰ ਵਿੱਚੋਂ ਆਏ ਹੋ, ਜਿਥੋਂ ਦਾ ਵਿਗਿਆਨ ਅਜੇ ਸਾਡੇ ਜਿੰਨੀ ਤਰੱਕੀ ਨਹੀਂ ਕਰ ਸਕਿਆ ਖ਼ੈਰ ਮੈਨੂੰ ਆਪਣੇ ਕੀਤੇ ਤੇ ਅਫ਼ਸੋਸ ਹੈ।"
"ਪਰ ਹੁਣ ਮੇਰੇ ਬਾਰੇ ਕੀ ਸੋਚਿਆ?" ਮੈਂ ਪੁੱਛ ਬੈਠਿਆ।
"ਤੁਹਾਨੂੰ ਅਜੇ ਇਥੇ ਹੀ ਰਹਿਣਾ ਪਵੇਗਾ....।" ਉਹ ਮੁਸਕਰਾਈ।
ਪਰ ਮੈਂ ਇਕ ਛਿਣ ਕੁਝ ਸੋਚਿਆ ਅਤੇ ਫੇਰ ਅੰਤਾਂ ਦੀ ਫ਼ੁਰਤੀ ਨਾਲ ਮੈਂ ਉਥੇ ਖੜੇ ਵਿਅਕਤੀ ਤੋਂ ਗੰਨ ਖੋਹ ਕੇ ਅਮਰੀ ਦੀ ਗਰਦਨ ਤੇ ਰੱਖ ਦਿੱਤੀ। ਇਹ ਸਭ ਕੁਝ ਇੰਨਾ ਜਲਦੀ ਹੋ ਗਿਆ ਕਿ ਉਹ ਕੁਝ ਸੋਚ ਵੀ ਨਾ ਸਕੇ। ਮੇਰੇ ਕੁੱਝ ਕਹਿਣ ਤੋਂ ਪਹਿਲਾਂ ਹੀ ਬਾਕੀਆਂ ਨੇ ਅਪਾਣੇ ਹਥਿਆਰ ਨੀਵੇਂ ਕਰ ਲਏ।
ਨਿਸ਼ਚੇ ਹੀ ਉਹ ਆਪਣੀ ਰਾਜਕੁਮਾਰੀ ਨੂੰ ਖ਼ਤਰੇ 'ਚ ਨਹੀਂ ਦੇਖਣਾ ਚਾਹੁੰਦੇ ਸਨ।
""ਸਮਝਦਾਰ ਹੋ......। ਹੁਣ ਅਮਰੀ ਜੀ ਮੈਨੂੰ ਆਪਣੇ ਇਸ ਜਾਦੂ ਮਹਿਲ ਤੋਂ ਬਾਹਰ ਪਹੁੰਚਾ ਕੇ ਆਉਣਗੇ।" ਮੈਂ ਆਖਿਆ।
ਅਮਰੀ ਅੱਗੇ ਅੱਗੇ ਚਲ ਪਈ। ਅਸੀਂ ਅਝੇ ਥੋੜੇ ਹੀ ਕਦਮ ਟੁਰੇ ਸਾਂ ਕਿ ਮੈਨੂੰ ਚਕਿਤ ਰਹਿ ਜਾਣਾ ਪਿਆ।
ਉਹ ਸਭ ਕੁਝ ਐਨੇ ਘੱਟ ਸਮੇਂ ਵਿੱਚ ਵਾਪਰਿਆ ਸੀ ਕਿ ਮੈਂ ਵੀ ਕੁਝ ਨਹੀਂ ਸੋਚ ਸਕਿਆ ਅਮਰੀ ਦੇ ਹੱਥਾ ਵਿੱਚ ਪਾਏ ਦਸਤਾਨੇ 'ਚ ਇਕ ਬਲ ਖਾਂਦੀ ਕਿਰਨ ਜਿਹੀ ਨਿਕਲੀ ਅਤੇ ਮੇਰੇ ਹੱਥੋ ਗੰਨ ਛੁੱਟ ਕੇ ਦੂਰ ਜਾ ਡਿੱਗੀ ਅਤੇ ਮੇਰੇ ਚਾਰੇ ਪਾਸੇ ਚਮਕਦੀਆਂ ਕਿਰਨਾਂ ਦਾ ਇਕ ਘੇਰਾ ਬਣ ਗੀਆ। ਮੈਂ ਉਸ ਕਿਰਨ ਚੱਕਰ ਵਿੱਚ ਕੈਦ ਹੋ ਕੇ ਰਹਿ ਗਿਆ।
ਅਮਰੀ ਦੇ ਖ਼ੂਬਸੂਰਤ ਮੁੱਖੜੇ ਤੇ ਮੁਸਕਰਾਹਟ ਤੈਰ ਰਹੀ ਸੀ।
"ਨਿਸ਼ਚੇ ਹੀ ਬਹਾਦਰ ਹੋ......।" ਉਹ ਬੋਲੀ।
ਮੈਂ ਕੁਝ ਵੀ ਨਾ ਬੋਲ ਸਕਿਆ।
"ਬਹਾਦਰ ਲੋਕਾਂ ਦੀ ਮੈਂ ਕਦਰ ਕਰਦੀ ਹਾਂ। ਹੁਣ ਮੈਂ ਤੈਨੂੰ ਕੈਦ ਕਰਕੇ ਨਹੀਂ ਰੱਖਾਂਗੀ, ਪਾਰਿਜਾਤ! ਬੱਸ ਮੈਂ ਤੈਨੂੰ ਇੰਨੀ ਹੀ ਬੇਨਤੀ ਕਰ ਸਕਦੀ ਹਾਂ ਕਿ ਹੋ ਸਕੇ ਤਾਂ ਤੂੰ ਮੇਰੀ ਸਹਾਇਤਾ ਕਰੀਂ।" ਇਹ ਕਹਿਕੇ ਉਸਨੇ ਆਪਣੇ ਦਸਤਾਨੇ 'ਚ ਛੁੱਪਿਆ ਇਕ ਬਟਨ ਦਬਾਇਆ ਅਤੇ ਮੇਰੇ ਚੌਗਿਰਦ ਫੈਲਿਆ ਕਿਰਨ ਚੱਕਰ ਆਪਣੇ ਮਨ ਵਿੱਚ ਸੋਚਿਆ।
ਫੇਰ ਮੈਂ ਅਮਰੀ ਕੋਲ ਪੁੱਜਿਆ। ਉਸ ਸਮੇਂ ਮੇਰਾ ਚਿਹਰਾ ਬਿਲਕੁਲ ਭਾਵ ਰਹਿਤ ਸੀ। ਮੈਂ ਅਮਰੀ ਦਾ ਸੱਜਾ ਹੱਥ ਪਕੜਿਆ ਅਤੇ ਉਸਦਾ ਇਕ ਚੁੰਬਨ ਲੈ ਕੇ ਆਖਿਆ- "ਅਮਰੀ ਜੀ, ਮੈਂ ਸੱਚੇ ਦਿਲੋਂ ਆਪ ਦੀ ਮੱਦਦ ਕਰਨ ਲਈ ਤਿਆਰ ਹਾਂ।"
ਅਮਰੀ ਦੇ ਚਿਹਰੇ ਤੇ ਖ਼ੁਸ਼ੀ ਦੇ ਅਸੀਮ ਭਾਵ ਫੈਲ ਗਏ। ਉਸ ਸਮੇਂ ਉਸਦਾ ਮੁੱਖੜਾ ਮੈਨੂੰ ਅਤਿਅੰਤ ਹੀ ਪਿਆਰਾ ਲੱਗਿਆ। ਉਸਦੀ ਪਿਆਰੀ ਸੂਰਤ ਮੇਰੇ ਦਿਲ ਦੇ ਨੁੱਕਰੇ ਇਕ ਮੋਨ ਸੰਗੀਤ ਛੇੜ ਗਈ।
ਫੇਰ ਉਹ ਮੈਨੂੰ ਡਾਈਨਿੰਗ ਹਾਲ ਵਿੱਚ ਲੈ ਗਈ। ਮੈ ਡਾਕਟਰ ਅਵੰਤੀ ਤੇ ਇਕ ਹੋਰ ਵਿਅਕਤੀ ਨੇ, ਜਿਸਦਾ ਨਾਂ ਧਰੁਵ ਸੀ, ਅਮਰੀ ਨਾਲ ਰਾਤ ਦਾ ਭੋਜਨ ਕੀਤਾ।
"ਪਾਰਿਜਾਤ, ਕਲ੍ਹ ਨੂੰ ਬ੍ਰੀਨੀਅਸ ਦੀ ਰਾਜਧਾਨੀ ਕਰੀਨਾ ਵਿੱਚ ਕਣਕ ਦੇ ਵਿਰੁੱਧ ਇਕ ਵਿਖਾਵਾ ਹੋਣ ਵਾਲਾ ਏ। ਮੈਨੂੰ ਪਤਾ ਹੈ ਕਿ ਕਣਕ ਦੇ ਵਿਅਕਤੀ ਨਿਹੱਥੇ ਵਿਖਾਵਾਕਾਰੀਆਂ ਤੇ ਜ਼ਰੁਰ ਹਮਲਾ ਕਰਨਗੇ। ਮੈਂ ਚਾਹੁੰਦੀ ਹਾਂ ਕਿ ਤੂੰ ਤੇ ਧਰੁਵ ਕਲ੍ਹ ਨੂੰ ਉਥੇ ਜਾਓ ਅਤੇ ਹੋ ਸਕੇ ਤਾਂ ਮਾਸੂਮ ਵਿਖਾਵਾਕਾਰੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਿਓ।"
"ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।"
ਮੈਂ ਉਸਨੂੰ ਯਕੀਨ ਦਵਾਇਆ।
ਦੂਸਰੇ ਦਿਨ ਸਵੇਰੇ ਹੀ ਮੈਂ ਤੇ ਧਰੁਵ ਇਕ ਇਕ ਲੇਜ਼ਰ-ਰੇਅਜ਼ ਦੀ ਗੰਨ ਲੈ ਕੇ, ਅਮਰੀ ਤੋਂ ਵਿਦਾ ਲੈ ਕੇ ਚੱਲ ਪਏ, ਅਤੇ "ਬੁੱਲੇਟ ਕਾਰ" ਵਿੱਚ ਸਵਾਰ ਹੋ ਕੇ ਅਸੀਂ 100 ਸਕਿੰਟਾਂ ਬਾਅਦ ਹੀ ਕਰੀਨਾ ਸ਼ਹਿਰ ਪੁੱਜ ਗਏ। ਮੈਂ ਕਰੀਨਾ ਸ਼ਹਿਰ ਨੂੰ ਅਪਲਕ ਨਿਹਾਰਦਾ ਰਿਹਾ। ਇਸਪਾਤ ਨਾਲ ਬਣੀਆਂ ਗਗਨਚੁੰਬੀ ਇਮਾਰਤਾਂ ਕਿਸੇ ਸੁਪਨ ਲੋਕ ਦਾ ਭੁਲੇਖਾ ਪਾਉਂਦੀਆਂ ਸਨ। ਸੜਕਾਂ ਤੇ ਅਤਿਅੰਤ ਆਧੁਨਿਕ ਵਾਹਨ ਦੌੜ੍ਹ ਰਹੇ ਸਨ ਅਤੇ ਉਹਨਾਂ ਵਾਹਨਾਂ ਵਿੱਚ ਬ੍ਰੀਨੀਅਸ ਦੇਸ਼ ਦੀ ਫ਼ੌਜ ਦੇ ਵਾਹਨ ਜ਼ਿਆਦਾ ਸਨ। ਉਹ ਵਾਹਨ ਆਧੁਨਿਕ ਸ਼ਸਤਰਾਂ ਦਾ ਸੰਪੂਰਨ ਭੰਡਾਰ ਪ੍ਰਤੀਤ ਹੁੰਦੇ ਸਨ।
ਧਰੁਵ ਮੈਨੂੰ ਰਾਜਮਹਿਲ ਦੇ ਕੋਲ ਲੈ ਆਇਆ। ਅਸੀਂ ਰਾਜਮਹਿਲ ਤੋਂ ਥੋੜੀ ਦੂਰ ਇਕ ਮਕਾਨ ਦੀ ਬਾਲਕਾਨੀ ਵਿੱਚ ਖੜੇ ਹੋ ਗਏ। ਇਹ ਮਕਾਨ ਕਿਸੇ ਦੇਸ਼ ਭਗਤ ਦਾ ਸੀ। ਰਾਜਮਹਿਲ ਇਕ ਬਹੁਤ ਹੀ ਸ਼ਾਨਦਾਰ ਇਮਾਰਤ ਸੀ, ਨੀਲੇ ਰੰਗ ਦੀ। ਪਰ ਲਗਦਾ ਸੀ ਹੁਣ ਉਸਤੇ ਕਣਕ ਦੇ ਜ਼ੁਲਮ ਦੀ ਕਾਲੀ ਪਰਤ ਚੜ੍ਹਦੀ ਜਾ ਰਹੀ ਸੀ। ਉਸਦਾ ਨੀਲਾ ਰੰਗ ਕਾਲਾ ਪੈਣਾ ਸ਼ੁਰੂ ਹੋ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਹੀ ਵਿਖਾਵਾਕਾਰੀ ਰਾਜਮਹਿਲ ਦੇ ਸਾਹਮਣੇ ਪੁੱਜ ਗਏ। ਵਿਖਾਵਾ-ਕਾਰੀਆਂ ਦੀ ਗਿਣਤੀ ਕੋਈ ਪੰਜ ਕੁ ਸੋ ਦੇ ਕਰੀਬ ਸੀ। ਉਹ ਕਣਕ ਦੇ ਵਿਰੁੱਧ ਨਾਅਰੇ ਲਾ ਰਹੇ ਸਨ।
ਪਹਿਲਾਂ 'ਤੇ ਕੁਝ ਸਮਾਂ ਰਾਜਮਹਿਲ ਵਲੋਂ ਖ਼ਾਮੋਸ਼ੀ ਛਾਈ ਰਹੀ ਸੀ। ਫੇਰ ਥੋੜ੍ਹੀ ਦੇਰ ਬਾਅਦ ਮਹਿਲ ਦੀ ਬਾਲਕੋਨੀ ਵਿੱਚ ਕੁਝ ਵਿਅਕਤੀ ਨਜ਼ਰ ਆਏ। ਉਹਨਾਂ ਵਿੱਚੋਂ ਇਕ ਵਿਅਕਤੀ ਦੇ ਸਰੀਰ ਤੇ ਅਤਿਅੰਤ ਕੀਮਤੀ ਪਸ਼ਾਕ ਸੀ, ਸ਼ਾਇਦ ਉਹੀ ਕਣਕ ਸੀ। ਧਰਵ ਨੇ ਵੀ ਮੇਰੇ ਸੰਦੇਹ ਦੀ ਪੁਸ਼ਟੀ ਕੀਤੀ। ਭੀੜ ਕਣਕ ਨੂੰ ਵੇਖ ਕੇ ਹੋਰ ਉਤੇਜਿਤ ਹੋ ਉੱਠੀ। ਕਣਕ ਦਾ ਮੱਥਾ ਤਿਊੜੀਆਂ ਨਾਲ ਭਰ ਉੱਠਿਆ ਅਤੇ ਉਸਨੇ ਆਪਣੇ ਅੰਗ ਰੱਖਿਅਕਾਂ ਨੂੰ ਕੁੱਝ ਆਖਿਆ।
ਥੋੜ੍ਹੀ ਹੀ ਦੇਰੀ ਵਿੱਚ ਅਨੇਕ ਸੈਨਿਕ ਆਪਣੇ ਹੱਥਾਂ ਵਿੱਚ ਲੇਜ਼ਰ ਕਿਰਨਾਂ ਵਾਲੀਆਂ ਗੰਨਾਂ ਲੈਕੇ ਰਾਜਮਹਿਲ 'ਚੋਂ ਨਿਕਲੇ। ਕਣਕ ਨੇ ਵੀ ਆਪਣੇ ਹੱਥ ਵਿੱਚ ਗੰਨ ਫੜੀ ਅਤੇ ਉਤੇਜਿਤ ਭੀੜ ਵਿੱਚ ਭਗਦੜ ਜਿਹੀ ਛਾ ਗਈ। ਮੇਰੀ ਤੇ ਧਰੁਵ ਦੀਆਂ ਗੰਨਾਂ ਵੀ ਚੱਲੀਆਂ ਅਤੇ ਅਨੇਕ ਸੈਨਿਕ ਮੌਤ ਨੂੰ ਗਲਵੱਕੜੀ ਪਾ ਗਏ।
ਫੇਰ ਸਾਡਾ ਦੋਨਾਂ ਦਾ ਨਿਸ਼ਾਨਾ ਕਣਕ ਸੀ। ਅਸੀਂ ਲਗਾਤਾਰ ਦੋ ਅਟੈਕ ਕੀਤੇ, ਪਰ ਉਸਦੇ ਦੁਆਲੇ ਸੁਰੱਖਿਆ ਕਿਰਨਾਂ ਦਾ ਤਕੜਾ ਘੇਰਾ ਸੀ। ਤਦੇ ਇਕ ਸ਼ਕਤੀਸ਼ਾਲੀ ਲੇਜ਼ਰ ਬੀਮ ਉਸ ਮਕਾਨ ਨਾਲ ਆ ਟਕਰਾਈ।
"ਕੁੱਦੋ ਧਰੁਵ!" ਮੈਂ ਚੀਖਿਆ।
ਅਤੇ ਅਸੀਂ ਬਾਲਕੋਨੀ ਤੋਂ ਕੁੱਦ ਕੇ ਝੱਟ ਜ਼ਮੀਨ ਤੇ ਆ ਗਏ। ਉਹ ਮਕਾਨ ਲੇਜ਼ਰ-ਥੀਮ ਦੀ ਮਾਰ ਨਾ ਸਹਾਰ ਸਕਿਆ ਤੇ ਧਰਤੀ 'ਚ ਧਸ ਗਿਆ।
ਹੁਣ ਸੈਨਿਕਾਂ ਨੇ ਵੀ ਆਪਣੀਆਂ ਪੁਜ਼ੀਸ਼ਨਾਂ ਲੈ ਲਈਆਂ ਸਨ। ਭੀੜ ਖਿੰਡ ਚੁੱਕੀ ਸੀ।
ਅਸੀਂ ਇੱਕਾ ਦੁੱਕਾ ਫ਼ਾਇਰ ਕਰ ਰਹੇ ਸਾਂ।
"ਹੁਣ ਸਾਨੂੰ ਚਲਣਾ ਚਾਹੀਦਾ ਹੈ। ਥੋੜ੍ਹੀ ਦੇਰ ਬਾਅਦ ਹੀ ਇਸ ਸਾਰੇ ਖੇਤਰ ਨੂੰ ਘੇਰ ਲਿਆ ਜਾਵੇਗਾ।" ਧਰੁਵ ਬੋਲਿਆ।
"ਹਾਂ.........।" ਮੈਂ ਹਾਮੀ ਭਰੀ - "ਪਰ, ਜਾਂਦਿਆਂ ਅਸਾਨੂੰ ਕਣਕ ਨੂੰ ਇਸ ਮਾਰੂ ਸੱਟ ਪਹੁੰਚਾਣੀ ਚਾਹੀਦੀ ਹੈ। ਇੰਨ੍ਹਾ ਕਹਿਕੇ ਮੈਂ ਉਸ ਬਾਲਕਨੀ ਦੀ ਛੱਤ ਤੇ ਫਾਇਰ ਕੀਤਾ, ਜਿਸ ਵਿੱਚ ਕਣਕ ਖੜਾ ਸੀ।
ਧਮਾਕਾ ਜਿਹਾ ਹੋਇਆ, ਅਤੇ ਬਾਲਕਨੀ ਦੀ ਛੱਤ ਢਹਿ ਗਈ। ਬਾਲਕਨੀ 'ਚ ਭਗਦੜ ਮਚ ਗਈ , ਜਿਵੇਂ ਤੁਫਾਨ ਆ ਗਿਆ ਹੋਵੇ।
ਇਸ ਤੋਂ ਬਾਅਦ ਮੈਂ ਤੇ ਧਰੁਵ ਫੇਰ ਇਕ ਸਕਿੰਟ ਵੀ ਉਥੇ ਨਾ ਰੁਕੇ।
ਅਤੇ ਅਸੀਂ ਅਮਰੀ ਦੇ ਪਰੀਮਹਿਲ ਵਿੱਚ ਆ ਕੇ ਹੀ ਸਾਹ ਲਿਆ। ਜਦੋਂ ਮੈਂ ਤੇ ਧਰੁਵ ਅਮਰੀ ਦੇ ਕਮਰੇ ਵਿੱਚ ਪੁੱਜੇ ਤਾਂ ਅਮਰੀ ਟਰਾਂਸਮੀਟਰ ਤੇ ਕਿਸੇ ਨਾਲ ਗੱਲਬਾਤ ਕਰ ਰਹੀ ਸੀ - "ਕੀ ਕਿਹਾ.....? ਕਣਕ ਜਖ਼ਮੀ ਹੋ ਗਿਆ। ਕਾਫੀ ਸੱਟਾਂ ਵੱਜੀਆਂ। ਮਰਿਆ ਨਹੀਂ..... ਚਲੋ ਚੰਗਾ ਹੋਇਆ। ਉਸਨੂੰ ਤਾਂ ਮੇਰੇ ਹੱਥੋ ਮਰਨਾ ਏ........ ਓ.ਕੇ.... ਆਵਰ ਐਂਡ ਆਲ।"
ਤਦੇ ਅਮਰੀ ਸਾਡੇ ਵੱਲ ਵੇਖ ਕੇ ਮੁਸਕਰਾਈ।
"ਉਹ ਪਾਰਿਜਾਤ, ਅੱਜ ਮੈਂ ਬਹੁਤ ਖ਼ੁਸ਼ ਹਾਂ। ਤੂੰ ਉਹ ਕਰ ਦਿਖਾਇਆ ਹੋ ਅਸੀਂ ਇੱਕ ਸਾਲ ਤੋਂ ਮਿਲ ਕੇ ਨਹੀਂ ਕਰ ਸਕੇ।"
ਮੇਰੀਆਂ ਬਾਹਵਾਂ ਨੂੰ ਆਪਣੀਆਂ ਬਾਹਵਾਂ 'ਚ ਫੜ ਕੇ, ਮੇਰੇ ਗਿਰਦ ਕਿਸੇ ਬੱਚੇ ਵਾਂਗ ਝੂਲ ਗਈ।
ਅਤੇ ਫੇਰ ਅਸੀਂ ਕੁਰਸੀਆਂ ਤੇ ਬੈਠ ਗਏ ਉਸ ਦੇ ਬੋਲਾਂ ਵਿੱਚ ਸ਼ੁਕਰਾਨੇ ਦੇ ਭਾਵ ਸਨ। ਫੇਰ ਅਸੀਂ ਲੰਚ ਕੀਤਾ ਅਤੇ ਇਸਤੋਂ ਬਾਅਦ ਅਮਰੀ ਧਰੁਵ ਨੂੰ ਮੁਖਾਤਿਬ ਹੁੰਦੀ ਬੋਲੀ-
"ਧਰੁਵ ਤੂੰ ਜਾ, ਹੁਣ ਅਸੀਂ ਬਾਗ਼ ਵਿੱਚ ਸੈਰ ਕਰਨ ਜਾਣਾ ਏ।"
ਧਰੁਵ ਆਪਣੀਆਂ ਬੁੱਲ੍ਹੀਆਂ ਵਿੱਚ ਮੁਸਕਰਾਹਟ ਸਮੇਟੀ ਬਾਹਰ ਚਲਿਆ ਗਿਆ।
ਅਮਰੀ ਨੇ ਆਪਣੇ ਦਸਤਾਨੇ ਵਿੱਚ ਛੁੱਪਿਆ ਇਕ ਬਟਨ ਦਬਾਇਆ ਅਤੇ ਉਸ ਦੇ ਕਮਰੇ ਦੀ ਦੀਵਾਰ ਵਿੱਚ ਇਕ ਦਰਵਾਜ਼ਾ ਉਤਪੰਨ ਹੋ ਗਿਆ। ਅਸੀਂ ਦਰਵਾਜ਼ੇ ਰਾਹੀਂ ਬਾਹਰ ਆ ਗਏ। ਇਸ ਤੋਂ ਬਾਅਦ ਦਰਵਾਜ਼ਾ ਬੰਦ ਹੋ ਗਿਆ। ਹੁਣ ਅਸੀਂ ਇਕ ਵਿਸ਼ਾਲ ਹਰੇ ਭਰੇ ਬਾਗ਼ ਵਿੱਚ ਸਾਂ। ਮਹੌਲ ਬੜਾ ਹੀ ਲੁਭਾਵਣਾ ਸੀ।
ਅਸੀਂ ਹੌਲੀ ਹੋਲੀ ਕਦਮ ਪੁੱਟ ਰਹੇ ਸਾਂ।
"ਮੈਂ ਕਿਨ੍ਹਾਂ ਬੋਲਾਂ ਨਾਲ ਤੇਰਾ ਸ਼ੁਕਰੀਆਂ ਕਰਾਂ, ਪਾਰਿਜਾਤ। ਕਿ ਤੂੰ ਮੇਰੀ ਮਦਦ ਦਾ ਵਚਨ ਲਿਆ।"
"ਆਪਣੇ ਪਿਆਰ ਦਾ ਸ਼ੁਕਰੀਆ ਨਹੀਂ ਕੀਤਾ ਜਾਂਦਾ।” ਸੁਭਾਵਿਕ ਹੀ ਮੇਰੇ ਮੂੰਹੋ ਨਿਕਲ ਗਿਆ।
ਅਮਰੀ ਅਪਲਕ ਮੇਰੇ ਵਲ ਨੂੰ ਵੇਖਦੀ ਰਹੀ। ਸ਼ਾਇਦ ਉਸਦੇ ਦਿਲ ਵਿੱਚ ਕਿਧਰੇ ਘੰਟੀਆਂ ਦਾ ਛਣਕਾਟਾ ਗੂੰਜਿਆ ਹੋਵੇ।
"ਹਾਂ ਅਮਰੀ, ਮੈਂ ਤੈਨੂੰ ਜਦ ਤੋਂ ਵੇਖਿਆ ਏ, ਪਿਆਰ ਕਰਨ ਲੱਗ ਪਿਆ ਹਾਂ। ਕੀ ਤੂੰ ਮੇਰੇ ਪਿਆਰ ਨੂੰ ਹੁੰਗਾਰਾ ਦੇਵੇਗੀ?"
ਹਾਂ, ਹਾਂ ਕਿਉਂ ਨਹੀਂ। ਉਹ ਮੇਰੇ ਮੋਢਿਆਂ ਤੇ ਸਿਰ ਰੱਖਦੀ ਬੋਲੀ - "ਮੇਰੀ ਲਈ ਇਸ ਤੋਂ ਜ਼ਿਆਦਾ ਹੋਰ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਹੈ, ਨਾਲੇ ਮੈਂ ਵੀ ਤੈਨੂੰ ਪਿਆਰ ਕਰਨ ਲੱਗੀ ਹਾਂ।"
ਉਸ ਦੀਆਂ ਅੱਖਾਂ ਨਮ ਹੋ ਗਈਆਂ। ਮੈਂ ਉਸਦਾ ਹੁਸੀਨ ਮੁੱਖ ਆਪਣੇ ਹੱਥਾਂ ਦੀ ਆਗੋਸ਼ ਵਿੱਚ ਲੈ ਲਿਆ। ਮੇਰੇ ਸਰੀਰ ਵਿੱਚ ਪਿਆਰ ਦਾ ਮਿੱਠਾ ਕੰਪਨ ਉਤਪੰਨ ਹੋ ਗਿਆ। ਇਹੋ ਜਿਹਾ ਮੈਨੂੰ ਆਪਣੇ ਜੀਵਨ ਅੰਤਰਾਲ ਵਿੱਚ ਕਦੇ ਵੀ ਮਹਿਸੂਸ ਨਹੀਂ ਹੋਇਆ ਸੀ।
ਮੈਂ ਅਮਰੀ ਨੂੰ ਦਿਲ ਦੀਆਂ ਡੂੰਘਾਈਆ 'ਚੋ ਪਿਆਰ ਕਰਨ ਲੱਗ ਪਿਆ ਸਾਂ ਅਤੇ ਉਸ ਵੇਲੇ ਮੈਨੂੰ ਇਹ ਖਿਆਲ ਨਹੀਂ ਰਿਹਾ ਸੀ ਕਿ ਮੈਂ ਸਮਾਂਯਾਤਰਾ ਕਰਨ ਵਾਲਾ ਇਕ ਖਾਨਾਬਦੋਸ਼ ਹਾਂ। ਮੈਂ ਇਹ ਭੁੱਲ ਗੀਆ ਸਾਂ ਕਿ ਮੈਨੂੰ ਇਕ ਦਿਨ ਉਸ ਪਿਆਰ ਦੀ ਦੇਵੀ ਤੋਂ ਅੱਡ ਹੋਣਾ ਪੈਣਾ ਹੈ।
ਅਸੀਂ ਚਲਦੇ ਚਲਦੇ ਕਾਫ਼ੀ ਦੂਰ ਨਿਕਲ ਆਏ ਸੀ। ਸਾਡੇ ਕੋਲ ਦੀ ਇਕ ਮਿੱਠੇ ਪਾਣੀ ਦਾ ਝਰਨਾ ਵਹਿ ਰਿਹਾ ਸੀ ਜਿਹੜਾ ਕਿ ਇਕ ਛੋਟੀ ਪਹਾੜੀ ਦੇ ਆਂਚਲ ਵਿੱਚੋਂ ਨਿਕਲ ਰਿਹਾ ਸੀ।
"ਕਿੰਨਾ ਖ਼ੂਬਸੂਰਤ ਏ, ਇਹ ਝਰਨਾ! ਮੈਂ ਅਕਸਰ ਇਥੇ ਆਉਂਦੀ ਹਾਂ, ਪਰਿਜਾਤ.....।"
"ਹਾਂ, ਬਹੁਤ ਖ਼ੂਬਸੂਰਤ ਤੇਰੇ ਵਰਗਾ।"
"ਅਸੀਂ ਕਾਫ਼ੀ ਦੂਰ ਨਿਕਲ ਆਏ।"
"ਹਾਂ, ਹੁਣ ਸਾਨੂੰ ਵਾਪਸ ਚੱਲਣਾ ਪੈਣਾ ਏ, ਅਜੇ ਤਾਂ ਇਕ ਲੰਬਾ ਸੰਘਰਸ਼ ਕਰਨਾ ਏ।"
"ਹਾਂ ਅਜੇ ਤਾਂ ਮੈਂ ਆਪਣੇ ਦੇਸ਼ ਨੂੰ ਸੁਤੰਤਰਤਾ ਦਵਾਉਣੀ ਏ।" ਅਚਾਨਕ ਉਸਦਾ ਹਸੀਨ ਮੁਖੜਾ ਆਵੇਸ਼ ਨਾਲ ਸੂਹਾ ਹੋ ਗਿਆ।
ਥੋੜ੍ਹੀ ਦੇਰ ਬਾਅਦ ਅਸੀਂ ਵਾਪਿਸ ਅਮਰੀ ਦੇ ਕਮਰੇ ਵਿੱਚ ਸੀ। ਉੱਥੇ ਹੀ ਡਾ: ਅਵੰਤੀ, ਧਰੁਵ ਅਤੇ 'ਸੁਤੰਤਰਤਾ ਦੀ ਜੋਤੀ' ਸੰਗਠਨ ਦੇ ਦਸ ਹੋਰ ਮੈਂਬਰ ਇੱਕਤਰ ਹੋਏ ਸੀ।
ਅਮਰੀ ਨੇ ਪਹਿਲਾਂ ਤਾਂ ਸਾਰਿਆਂ ਨੂੰ ਕਣਕ ਦੇ ਜ਼ਖ਼ਮੀ ਹੋਣ ਬਾਰੇ ਦਸਿਆ ਅਤੇ ਫੇਰ ਸਾਰਿਆਂ ਤੋਂ ਅਗਲੇਰੇ ਕਦਮ ਬਾਰੇ ਸੁਝਾਅ ਮੰਗੇ।
ਉਹਨਾਂ ਵਿੱਚੋਂ ਬਹੁਤਿਆਂ ਦਾ ਵਿੱਚਾਰ ਤਾਂ ਇਹੀ ਸੀ ਕਿ ਪਹਿਲਾਂ ਕਣਕ ਨੂੰ ਠੀਕ ਹੋ ਲੈਣ ਦਿਤਾ ਜਾਵੇ।
ਫੇਰ ਅਮਰੀ ਨੇ ਮੈਂਨੂੰ ਕੁਝ ਆਖਣ ਲਈ ਕਿਹਾ। ਮੈਂ ਆਖਿਆ-"ਸੁਤੰਤਰਤਾ ਦੀ ਜੋਤੀ" ਦੇ ਦੀਪਕਾਂ ਨੂੰ ਮੈਂ ਇਹੀ ਆਖਣਾ ਚਾਹੁੰਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡਾ ਖ਼ੂਬਸੁਰਤ ਬ੍ਰੀਨੀਅਸ ਦੇਸ਼ ਆਜ਼ਾਦ ਹੋ ਜਾਵੇਗਾ। ਬੱਸ ਜਿਸ ਦਿਨ ਤੋਂ ਕਣਕ ਠੀਕ ਹੋ ਕੇ "ਐਕਸ਼ਨ" ਵਿੱਚ ਆਵੇਗਾ। ਉਹ ਦਿਨ ਉਸ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਗਾ। ਇਹ ਮੇਰਾ ਵਚਨ ਸਮਝ ਲਉ।"
"ਸਾਨੂੰ ਮਿਸਟਰ ਪਾਰਿਜਾਤ ਤੇ ਪੂਰਾ ਯਕੀਨ ਹੈ।"
ਉਹ ਸਹਿਮਤੀ ਨਾਲ ਬੋਲੇ।
ਇਸ ਤੋਂ ਬਾਅਦ ਮੀਟਿੰਗ ਸਮਾਪਤ ਹੋ ਗਈ।
ਕਮਰੇ ਵਿੱਚ ਮੈਂ ਤੇ ਅਮਰੀ ਇੱਕਲੇ ਰਹਿ ਗਏ। ਅਮਰੀ ਥੋੜ੍ਹੀ ਦੇਰ ਤਾਂ ਮੇਰੇ ਵੱਲ ਨੂੰ ਵੇਖਦੀ ਰਹੀ, ਫੇਰ ਅਚਾਨਕ ਉਸ ਨੇ ਮੈਨੂੰ ਗੱਲਵਕੜੀ ਪਾ ਲਈ......
ਇਸ ਤਰ੍ਹਾਂ ਦਿਨ ਬੀਤ ਰਹੇ ਸਨ.... ਅਮਰੀ ਅਤੇ ਮੇਰੇ ਵਿੱਚਕਾਰ ਪਿਆਰ ਪਾਗਲਪਨ ਦੀ ਹੱਦ ਤੱਕ ਵੱਧ ਚੁੱਕਾ ਸੀ। ਉਹ ਦੀਵਾਨੀ ਸੱਚਮੁਚ ਮੈਨੂੰ ਬਹੁਤ ਚਾਹੁਣ ਲੱਗ ਪਈ ਸੀ ਅਤੇ ਮੈਨੂੰ ਇੱਕ ਦਿਨ ਇਸ ਪਿਆਰ ਦੇ ਸਾਗਰ ਨੂੰ ਛੱਡ ਕੇ ਜਾਣਾ ਪੈਣਾ ਏ। ਇਹ ਸੋਚ ਮੇਰਾ ਮਨ ਉਦਾਸ ਹੋ ਜਾਂਦਾ। ਅਜਿਹੀ ਉਦਾਸੀ ਵਿੱਚ ਅਮਰੀ ਮੇਰੀ ਮਦਦ ਕਰਦੀ। ਉਸਦੇ ਹੁਸੀਨ ਮੁੱਖੜੇ ਨੂੰ ਵੇਖ ਕੇ ਮੇਰੀ ਉਦਾਸੀ ਪਲ ਭਰ ਵਿੱਚ ਹੀ ਦੂਰ ਹੋ ਜਾਂਦੀ।
"ਪਾਰਿਜਾਤ, ਕਣਕ ਨੂੰ ਮੈਂ ਆਪਣੇ ਹੱਥਾ ਨਾਲ ਮਾਰਨਾ ਏ।" ਅਕਸਰ ਅਮਰੀ ਆਖਦੀ।
"ਹਾਂ ਹਾਂ.... ਕਿਉਂ ਨਹੀਂ?" ਮੈ ਉਸ ਨੂੰ ਭਰੋਸਾ ਦਿਵਾਉਂਦਾ। ਉਸ ਦੇ ਦਿਲ ਵਿੱਚ ਜਲ ਰਹੀ ਅੱਗ ਤੋਂ ਮੈਂ ਭਲੀ ਭਾਂਤ ਜਾਣੂੰ ਸਾਂ ਅਤੇ ਉਸ ਦੀਆਂ ਭਾਵਨਾਵਾਂ ਸਮਝਦਾ ਸਾਂ। ਮੈਨੂੰ ਇਹ ਵੀ ਪਤਾ ਸੀ ਕਿ ਉਹ ਇਕ ਬਹਾਦਰ ਲੜਕੀ ਹੈ ਅਤੇ ਉਸ ਦਾ ਦਿਲ ਕਾਫ਼ੀ ਮਜ਼ਬੂਤ ਹੈ। ਜਿਧਰ ਇਕ ਪਾਸੇ ਉਸ ਦੇ ਦਿਲ ਵਿੱਚ ਪਿਆਰ ਦੀਆਂ ਭਾਵਨਾਵਾਂ ਸਨ, ਉੱਧਰ ਦੂਸਰੇ ਹੀ ਪਾਸੇ ਉਸ ਦੇ ਦਿਲ ਵਿੱਚ ਬਦਲੇ ਦੀ ਜਵਾਲਾ ਬਲਦੀ ਹੋਈ ਪਲ ਪਲ ਉੱਚੀ ਉੱਠਦੀ ਜਾ ਰਹੀ ਸੀ।
ਫੇਰ ਵਕਤ ਨੇ ਕਰਵਟ ਬਦਲੀ ਅਤੇ ਉਹ ਦਿਨ ਵੀ ਆ ਗੀਆ, ਮੇਰੇ ਇਮਤਿਹਾਨ ਦਾ ਦਿਨ....
ਕਣਕ ਠੀਕ ਹੋ ਚੁੱਕਾ ਸੀ ਤੇ ਆਪਣੇ ਵਹਿਸ਼ੀਪੁਣੇ ਵਿੱਚ ਮੁੜਕੇ ਆ ਚੁੱਕਾ ਸੀ। ਉਸ ਦਿਨ, ਮੈਂ ਗੁਪਤ ਰੂਪ ਵਿੱਚ ਕਰੀਨਾ ਸ਼ਹਿਰ ਵਿੱਚ ਘੁੰਮ ਰਿਹਾ ਸੀ, ਤਾਂ ਅਚਾਨਕ ਇਕ ਉਜਾੜ ਜਿਹੀ ਜਗ੍ਹਾ 'ਚੋਂ ਮੈਨੂੰ ਘੁਟਵੀਂ ਜਿਹੀ ਚੀਖ ਸੁਣਾਈ ਦਿੱਤੀ। ਇਹ ਉਜਾੜ ਜਗ੍ਹਾ ਕਿਸੇ ਮਹਿਲ ਦੇ ਖੰਡਰ ਸਨ। ਮੈਂ ਉੱਧਰ ਗਿਆ ਤਾਂ ਇੱਕ ਯੁਵਤੀ ਅਤਿਅੰਤ ਜ਼ਖ਼ਮੀ ਹਾਲਤ ਵਿੱਚ ਤੋੜ ਰਹੀ ਸੀ। ਉਸਦੇ ਜਿਸਮ ਦੇ ਕਪੜੇ ਚਿਥੜੇ-ਚੀਥੜੇ ਹੋ ਚੁੱਕੇ ਸਨ, ਅਤੇ ਉਸਦੇ ਨਾਜ਼ੁਕ ਸਰੀਰ ਤੇ ਬਹੁਤ ਝਰੀਟਾਂ ਪਈਆ ਹੋਈਆਂ ਸਨ। ਉਸ ਨੂੰ ਬੁਰੀ ਤਰ੍ਹਾਂ ਮਸਲਿਆ ਗਿਆ ਸੀ।
ਮੈਂ ਦੌੜ ਕੇ ਉਸ ਕੋਲ ਪੁੱਜਿਆ।
"ਪਾ....ਣੀ....।" ਆਖਦੀ ਹੋਈ ਉਹ ਮੌਤ ਦੇ ਰਹੱਸਮਈ ਰਾਹਾਂ ਦੀ ਰਾਹੀ ਬਣ ਗਈ। ਮੇਰੀਆਂ ਅੱਖਾਂ ਵਿੱਚ ਖ਼ੂਨ ਉੱਤਰ ਆਇਆ। ਤਦੇ ਮੇਰੀ ਨਜ਼ਰ ਪੈਰਾਂ ਦੇ ਨਿਸ਼ਾਨਾਂ ਤੇ ਪਈ। ਉਹ ਨਿਸ਼ਾਨ ਖੰਡਰ ਦੀ ਦੀਵਾਰ ਦੇ ਪਿਛੇ ਜਾ ਕੇ ਖ਼ਤਮ ਹੁੰਦੇ ਸਨ।
ਮੈਨੂੰ ਕੁੱਝ ਕੁ ਵਿਅਕਤੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਤਾਂ ਮੈਂ ਇਕ ਪਾਸਿਉ ਵੇਖਿਆ ਕਿ ਉਹ ਕਣਕ ਦੇ ਸੈਨਿਕ ਸਨ। ਗਿਣਤੀ ਸੀ ਚਾਰ....। ਅਤੇ ਇਥੇ ਬੈਠੇ ਸ਼ਰਾਬ ਦਾ ਸੇਵਨ ਕਰ ਰਹੇ ਸਨ।
ਉਹਨਾਂ ਵਿੱਚੋਂ ਇਕ ਕਹਿ ਰਿਹ ਸੀ.......।
"ਯਾਰ ਉਹ ਯੁਵਤੀ ਤਾਂ.....!"
ਮੇਰੀਆਂ ਅੱਖਾਂ ਸਾਹਮਣੇ ਇਕ ਹਸੀਨ ਯੁਵਤੀ ਦੀ ਰਕਤ ਰੰਜਿਤ ਲਾਸ਼ ਤੈਰ ਗਈ। ਮੈਂ ਆਪਣੀ ਜੇਬ 'ਚੋਂ ਲੇਜ਼ਰ ਕਿਰਨਾਂ ਉਗਲਣ ਵਾਲਾ ਪਿਸਤੌਲ ਕੱਢ ਲਿਆ ਅਤੇ ਉਹਨਾਂ ਦੇ ਸਾਹਮਣੇ ਜਾ ਖੜੋਤਾ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸੋਚ ਸਕਦੇ- ਮੇਰੇ ਪਿਸਤੋਲ 'ਚੋਂ ਲੇਜ਼ਰ ਕਿਰਨਾਂ ਨਿਕਲ, ਵਾਰੀ ਵਾਰੀ ਉਹਨਾਂ ਚਾਰਾਂ ਨੂੰ ਮੌਤ ਦੀਆਂ ਡੂੰਘੀਆਂ ਗੁਫਾਵਾਂ ਵੱਲ ਖਿੱਚ ਕੇ ਲੈ ਗਈਆਂ।
ਮੈਂ ਭਰੇ ਮਨ ਨਾਲ ਅਮਰੀ ਕੋਲ ਵਾਪਸ ਪਰਤ ਆਇਆ।
"ਕੀ ਗੱਲ ਉਦਾਸ ਏਂ...............?"
"ਅਮਰੀ, ਆਪਣੇ ਆਪ ਨੂੰ ਅਗਲੇਰੀਆਂ ਪ੍ਰਸਥਿੱਤੀਆਂ ਵਾਸਤੇ ਤਿਆਰ ਕਰ ਲੈ। ਕਲ੍ਹ ਕਣਕ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਤੂੰ ਆਪਣੇ ਦਿਲ ਨੂੰ ਮਜ਼ਬੂਤ ਕਰ ਲੈ....।"
"ਇਹ ਦਿਲ ਲਹੂ ਵੇਖਣ ਦਾ ਤਾਂ ਉਸ ਦਿਨ ਹੀ ਆਦੀ ਹੋ ਗਿਆ ਸੀ, ਜਿਸ ਦਿਨ ਲਹੂ 'ਚ ਸਨੀ, ਮੈਂ ਆਪਣੇ ਪਿਤਾ ਦੀ ਲਾਸ਼ ਵੇਖੀ ਸੀ।" ਅਮਰੀ ਆਪਣੀ ਅਵਾਜ਼ ਨੂੰ ਸੰਯਤ ਕਰਦਿਆਂ ਬੋਲੀ।
ਉਸ ਦਿਨ ਰਾਤ ਨੂੰ "ਸੁਤੰਤਰਤਾ ਦੀ ਜੋਤੀ" ਦੇ ਸਾਰੇ ਮੈਂਬਰਾਂ ਦੀ ਮੀਟਿੰਗ ਹੋਈ।
"ਸੁਤੰਤਰਤਾ ਦੇ ਪੁਜਾਰੀਓ, ਕਲ੍ਹ ਦਾ ਦਿਨ ਤੁਹਾਡੇ ਵਾਸਤੇ ਆਜ਼ਾਦੀ ਦੇ ਨਵੇਂ ਤਰਾਨੇ ਸਿਰਜੇਗਾ।" ਅਤੇ ਇੰਨਾ ਕਹਿ ਕੇ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਕਲ੍ਹ ਨੂੰ ਰਾਜ ਮਹਿਲ ਤੇ ਧਾਵਾ ਬੋਲ ਦੇਣਾ ਹੈ।
'ਅਸੀਂ ਇਸ ਕੰਮ ਵਿੱਚ ਕਿੰਨਾ ਕੁ ਹਿੱਸਾ ਪਾ ਸਕਦੇ ਹਾਂ?'
"ਬੱਸ ਇੰਨਾ ਹੀ ਕਿ ਤੁਸੀਂ ਦੁਆ ਕਰੋ ਕਿ ਸਾਡੀ ਜਿੱਤ ਹੋਵੇ। ਹਾਂ ਆਪਣੇ 'ਚੋਂ ਪੰਜ ਨਿਪੁੰਨ ਸੈਨਿਕ ਤਿਆਰ ਕਰ ਦਿਓ।"
"ਠੀਕ ਹੈ!" ਇੱਕ ਸਾਥ ਅਵਾਜ਼ਾਂ ਉੱਭਰੀਆਂ।
ਰਾਤ , ਗੁਜ਼ਰ ਗਈ ਤੇ ਨਵਾਂ ਦਿਨ ਚੜ੍ਹ ਗਿਆ, ਜਿਸ ਨੂੰ ਅਮਰੀ ਡੇਢ੍ਹ ਸਾਲ ਤੋਂ ਉਡੀਕ ਰਹੀ ਸੀ। ਉਹ ਸਵੇਰੇ ਜਲਦੀ ਹੀ ਮੈਨੂੰ ਉਠਾਉਣ ਆ ਗਈ। ਮੈਂ ਛੇਤੀਂ ਹੀ ਤਿਆਰ ਹੋ ਗਿਆ। ਇੰਨੇ ਨੂੰ ਧਰੁਵ ਤੇ ਪੰਜ ਹੋਰ ਸੈਨਿਕ ਆ ਗਏ, ਜਿਨ੍ਹਾਂ ਨੇ ਇਸ ਮਿਸ਼ਨ ਵਿੱਚ ਸਾਡਾ ਸਾਥ ਦੇਣਾ ਸੀ।
ਅਮਰੀ ਨੇ ਇਕ ਵਾਰ ਆਪਣੇ ਪਿਤਾ ਜੀ ਦੀ ਤਸਵੀਰ ਨੂੰ ਪ੍ਰਣਾਮ ਕੀਤਾ ਅਤੇ ਆਖਿਆ - "ਚਲੋ ਪਾਰਿਜਾਤ, ਮੈਂ ਤਿਆਰ ਹਾਂ।"
ਅਸੀਂ ਗੁਫ਼ਾ 'ਚੋਂ ਬਾਹਰ ਆ ਕੇ ਬੁਲੇਟ ਕਾਰ ਵਿੱਚ ਸਵਾਰ ਹੋ ਗਏ।
ਪਲ ਭਰ ਵਿੱਚ ਹੀ ਸਾਡੀ ਕਾਰ ਰਾਜ ਮਹਿਲ ਦੇ ਸਾਹਮਣੇ ਜਾ ਰੁਕੀ। ਅਸੀਂ ਅੱਠ ਬੰਦੇ ਜਲਦੀ ਬਾਹਰ ਨਿਕਲੇ ਅਤੇ ਰਾਜ ਮਹਿਲ ਦੇ ਪ੍ਰਵੇਸ਼ ਦੁਆਰ ਤੇ ਜਾ ਪੁੱਜੇ।
ਦਸ ਪੰਦਰਾਂ ਸੈਨਿਕ ਦੌੜ ਕੇ ਸਾਡੇ ਵੱਲ ਆਏ। ਉਹਨਾਂ ਸਾਡੇ ਵਲ, ਨੂੰ ਗੰਨਜ਼ ਤਾਣ, ਦਿੱਤੀਆਂ।
"ਹੇ.... ਕਿਹਨੂੰ ਮਿਲਣੈ?"
ਸਾਡੇ ਮੂੰਹਾਂ ਨੇ ਕੋਈ ਉੱਤਰ ਨਾ ਦਿੱਤਾ। ਸਾਡੀਆਂ ਗੰਨਜ਼ ਹੀ ਚੱਲੀਆਂ, ਅਤੇ ਵਾਤਾਵਰਣ ਵਿੱਚ ਕਈ ਮਾਨਵੀ ਚੀਖ਼ਾਂ ਫੈਲ ਗਈਆਂ।
ਅਸੀਂ ਪ੍ਰਵੇਸ਼ ਦੁਆਰ ਖੋਲ੍ਹਿਆ ਤੇ ਰਾਜ ਮਹਿਲ ਦੇ ਅੰਦਰ ਵਲ ਨੂੰ ਦੌੜ ਪਏ। ਮਹਿਲ ਦੇ ਅੰਦਰ ਖ਼ਤਰੇ ਦਾ ਸਾਇਰਨ ਵੱਜ ਚੁੱਕਾ ਸੀ। ਮਹਿਲ ਵਿੱਚ ਫੈਲਿਆ ਸੈਨਿਕ ਅਮਲਾ ਬਾਹਰ ਵਲ ਨੂੰ ਆ ਰਿਹਾ ਸੀ।
ਮਹਿਲ ਅੰਦਰੋਂ ਕਾਫ਼ੀ ਵਿਸ਼ਾਲ ਸੀ। ਅਸੀਂ ਮਹਿਲ ਦੀ ਰਾਹਦਾਰੀ ਵਿੱਚ ਦੌੜ ਰਹੇ ਸਾਂ। ਸਾਡੇ ਸਾਹਮਣੇ ਪੰਜਾਹ ਸੱਠ ਸੈਨਿਕ ਖੜੇ ਸਨ। ਅਸੀਂ ਰਾਹਦਾਰੀ 'ਚ ਬਣੇ ਸਤੰਭਾਂ ਦੇ ਪਿੱਛੇ ਪੁਜੀਸ਼ਨਾਂ ਲਈਆਂ ਅਤੇ ਆਪਣੇ ਵੱਲ ਵੱਧ ਰਹੇ ਸੈਨਿਕਾਂ ਤੇ ਧੜਾ ਧੜ ਲੇਜ਼ਰ ਕਿਰਨਾਂ ਦੀ ਬਰਸਾਤ ਕਰ ਦਿੱਤੀ। ਥੋੜ੍ਹੀ ਦੇਰ ਧੂਆਂ ਜਿਹਾ ਉੱਠਿਆ ਤੇ ਚੀਖ਼ਾਂ ਜਿਹੀਆਂ ਫੈਲੀਆਂ.....। ਅਸੀਂ ਮੌਤ ਦੇ ਧੂਏਂ ਅਤੇ ਚੀਖ਼ਾਂ ਨੂੰ ਚੀਰਦੇ ਅੱਗੇ ਵਧੀ ਜਾ ਰਹੇ ਸਾਂ। ਅਮਰੀ ਨੂੰ ਕਣਕ ਦੇ ਕਮਰੇ ਦਾ ਪਤਾ ਸੀ। ਉਹ ਉੱਧਰ ਨੂੰ ਵਧਣ ਲੱਗੀ।
ਰਸਤੇ ਵਿੱਚ ਫਿਰ ਸਾਡਾ ਮੌਤ ਨਾਲ ਆਹਮਣਾ ਸਾਹਮਣਾ ਹੋ ਗਿਆ ਤੇ ਇਸ ਵਾਰ ਭਾਵੇਂ ਦੁਸ਼ਮਣ ਦੇ ਸੈਨਿਕ ਮਾਰੇ ਗਏ ਪਰ ਸਾਡੇ ਵੀ ਚਾਰ ਬੰਦੇ ਮੌਤ ਨੂੰ ਗੱਲਵੱਕੜੀ ਪਾ ਗਏ। ਹੁਣ ਅਸੀਂ ਚਾਰ ਹੀ ਬਚੇ ਸੀ।
ਅਸ਼ੀਂ ਕਣਕ ਦੇ ਕਮਰੇ ਸਾਹਮਣੇ ਪੁੱਜ ਗਏ। ਉਸਦੇ ਕਮਰੇ ਮੂਹਰੇ ਚਾਰ ਸੈਨਿਕ ਹੀ ਸਨ, ਜਿਹੜੇ ਝੱਟ ਮੌਤ ਦੀ ਧੁੰਦ 'ਚ ਰਲ ਗਏ।
ਕਣਕ ਪਿਛਲੇ ਪਾਸਿਉਂ ਨੱਠਣ ਦੀਆਂ ਤਿਆਰੀਆਂ ਕਰ ਰਿਹਾ ਸੀ, ਅਚਾਨਕ ਅਸੀਂ ਜਾ ਕੇ ਉਸ ਦਾ ਰਸਤਾ ਰੋਕ ਲਿਆ। ਉਸ ਨੇ ਅਪਾਣੀ ਗੰਨ ਕੱਢੀ ਤੇ ਲੇਜ਼ਰ ਕਿਰਨਾਂ ਅਮਰੀ ਵੱਲ ਨੂੰ ਛੱਡ ਦਿੱਤੀਆਂ। ਮੈਂ ਅਮਰੀ ਨੂੰ ਲੈ ਕੇ ਇਕ ਪਾਸੇ ਨੂੰ ਕੁੱਦ ਗਿਆ। ਲੇਜ਼ਰ ਕਿਰਨਾਂ ਮੇਰੀ ਬਾਂਹ ਦੇ ਕੋਲ ਦੀ ਲੰਘ ਗਈਆਂ, ਫੇਰ ਮੈਂ ਕਮਰੇ ਦੇ ਦਰਵਾਜ਼ੇ ਵੱਲ ਨੂੰ ਛਲਾਂਗ ਲਗਾ ਦਿੱਤੀ। ਕਣਕ ਨੇ ਮੇਰੇ ਤੇ ਲੇਜ਼ਰ ਕਿਰਨ ਛੱਡੀ ਅਤੇ ਉਸੇ ਵੇਲੇ ਅਮਰੀ ਨੇ ਉਸ ਨੂੰ ਆਪਣੀ ਗੰਨ ਦਾ ਨਿਸ਼ਾਨਾ ਬਣਾ ਦਿੱਤਾ......ਅਤੇ ਮੇਰੇ ਵੱਲ ਆਉਂਦੀ ਲੇਜ਼ਰ ਕਿਰਨ ਦਾ ਰਸਤਾ ਧਰੁਵ ਤੇ ਉਸ ਦੇ ਸਾਥੀ ਨੇ ਆਪਣੀਆਂ ਗੰਨਜ਼ ਨਾਲ ਬਦਲ ਦਿੱਤਾ।
ਕਣਕ ਦਾ ਅੰਤ ਹੋ ਚੁੱਕਾ ਸੀ.......
ਅਮਰੀ ਦੀ ਜਿੱਤ ਹੋਈ ਸੀ ਅਤੇ ਉਸ ਦੇ ਪਿਤਾ ਤੋਂ ਖੋਹਿਆ ਗਿਆ ਰਾਜ ਅੱਜ ਉਸ ਨੂੰ ਵਾਪਸ ਮਿਲ ਗਿਆ ਸੀ।
ਸਾਰੇ ਬ੍ਰੀਨੀਅਸ ਰਾਜ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ। ਉਹ ਆਪਣੀ ਨਵੀਂ ਸ਼ਾਸਕ ਨੂੰ ਪਾ ਕੇ ਬਹੁਤ ਖ਼ੁਸ਼ ਸਨ। ਉਹ ਦਿਨ ਅਤੇ ਉਹ ਰਾਤ ਖੁਸ਼ੀਆਂ ਵਿੱਚ ਹੀ ਬੀਤ ਗਈ।
"ਮੈਂ ਤੇਰਾ ਕਿਵੇਂ ਧੰਨਵਾਦ ਕਰ ਸਕਦੀ ਹਾਂ?" ਅਮਰੀ ਮੇਰੇ ਨਾਲ ਲਿਪਟਦੀ ਬੋਲੀ।
"ਫੇਰ ਉਹੀ ਗੱਲ ਆਪਣੇ ਪਿਆਰ ਦਾ ਵੀ ਕੋਈ ਸ਼ੁਕਰੀਆਂ ਕਰਦੈ?"
"ਪਾਰਿਜਾਤ ਇਹ ਰਾਜ ਤੇਰਾ ਜਿੱਤਿਆ ਹੋਇਆ ਏ। ਤੂੰ ਹੀ ਬ੍ਰੀਨੀਅਸ ਦਾ ਅਸਲੀ ਸ਼ਾਸਕ ਹੈ।"
"ਨਹੀਂ, ਅਮਰੀ ਇਹ ਰਾਜ ਸਿਰਫ਼ ਤੇਰਾ ਏ!"
"ਪਾਰਿਜਾਤ, ਠੀਕ ਹੈ! ਪਰ ਤੂੰ ਮੇਰੇ ਤੋਂ ਕਦੇ ਅੱਡ ਤਾਂ ਨਹੀਂ ਹੋਵੇਗਾ?" ਉਸ ਦੀਆਂ ਅੱਖਾਂ ਵਿੱਚ ਅਚਾਨਕ ਨਮੀ ਤੈਰ ਆਈ।
"ਨਹੀਂ ਅਮਰੀ, ਮੈਂ ਸਦਾ ਮੈਂ ਸਦਾ ਤੇਰੇ ਕੋਲ ਰਹਾਂਗਾ।" ਮੈਂ ਹੁਣ ਅਮਰੀ ਕੋਲ ਹੀ ਹਮੇਸ਼ਾ ਵਾਸਤੇ ਰਹਿਣ ਬਾਰੇ ਸੋਚ ਲਿਆ ਸੀ। ਉਸ ਵੇਲੇ ਮੈਂ ਭੁੱਲ ਗਿਆ ਸਾਂ ਕਿ ਇਹ ਸੰਭਵ ਨਹੀਂ ਹੋ ਸਕਦਾ। ਪਰ ਪਿਆਰ 'ਚ ਪਾਗ਼ਲ ਵਿਅਕਤੀ ਸਭ ਕੁਝ ਭੁਲ ਜਾਂਦਾ ਏ। ਉਸੇ ਵਕਤ ਮੇਰੇ ਦਿਮਾਗ਼ ਵਿੱਚ ਪਿਆ ਮਾਈਕਰੋ ਕੈਪਸੂਲ ਆਵਾਜ਼ ਕਰਨ ਲੱਗ ਪਿਆ। ਪ੍ਰਿਥਵੀ ਤੋਂ ਮਾਸਟਰ ਕੰਪਿਊਟਰ ਦੀ ਆਵਾਜ਼ ਆਈ-
"ਪਾਰਿਜਾਤ, ਤੂੰ ਭੁੱਲ ਰਿਹਾ ਏ ਆਪਣਾ ਮਿਸ਼ਨ, ਜੋ ਤੇਰੇ ਮਨ 'ਚ ਏ। ਇਹ ਚੀਜ਼ ਸੰਭਵ ਨਹੀਂ ਹੋ ਸਕਦੀ, ਤੂੰ ਭਵਿੱਖ ਦੀ ਦੁਨੀਆਂ ਵਿੱਚ ਨਹੀਂ ਰਹਿ ਸਕਦਾ। ਤੇਰੇ ਅਸਲ ਵਰਤਮਾਨ ਵਿੱਚ ਅਸੀਂ ਤੈਨੂੰ ਵਾਪਸ ਬੁਲਾ ਰਹੇ ਹਾਂ।"
"ਨਹੀਂ.......!" ਮੈਂ ਜ਼ੋਰ ਦੇਣੀ ਚੀਖ਼ਿਆ।
ਅਚਾਨਕ ਮੇਰੇ ਸਰੀਰ ਵਿੱਚ ਕਮਜ਼ੋਰੀ ਛਾ ਗਈ ਅਤੇ ਮੈਂ ਜ਼ਮੀਨ ਤੇ ਡਿੱਗ ਪਿਆ। ਅਮਰੀ ਨੇ ਦੌੜ ਕੇ ਮੈਨੂੰ ਆਪਣੀ ਆਗ਼ੋਸ਼ 'ਚ ਲੈ ਲਿਆ।
"ਪਾਰਿਜਾਤ.....ਪਾਰਿਜਾਤ।"
"ਅਮਰੀ.... ਸਾਡੇ ਵਿਛੜਨ ਦਾ ਵਕਤ ਆ ਗਿਆ ਏ।"
"ਨਹੀਂ ਇਹ ਨਹੀਂ ਹੋ ਸਕਦਾ।" ਅਮਰੀ ਲਗਪਗ ਰੋਣ ਲੱਗ ਪਈ।
"ਹਾਂ, ਅਮਰੀ ਇਹ ਇਕ ਕਠੋਰ ਸੱਚ ਏ। ਮੈਂ ਭੁੱਲ ਗਿਆ ਸਾਂ ਕਿ ਮੈਂ ਮਾਨਵ ਰੂਪੀ ਇਕ ਮਸ਼ੀਨ ਹੀ ਤਾਂ ਹਾਂ ਅਤੇ ਮਰ ਚੁਕਿਆ ਅਤੀਤ ਕਦੇ ਵਾਪਿਸ ਨਹੀਂ ਆਉਂਦਾ। ਹਾਂ.... ਅਮਰੀ ਮੈਂ ਉਹੀ ਮਰ ਚੁਕਿਆ ਅਤੀਤ ਹਾਂ।"
"ਉਹ ਨਹੀਂ.... ਪਾਰਿਜਾਤ! ਤੂੰ ਮੈਥੋਂ ਵੱਖ ਨਹੀਂ ਹੋ ਸਕਦੈ!"
"ਅਮਰੀ, ਯਥਾਰਥ ਦੀ ਧਰਾਤਲ ਤੇ ਉੱਤਰ ਕੇ ਸਮਝਣ ਦੀ ਕੋਸ਼ਿਸ਼ ਕਰੋ।"
"ਨਹੀਂ.... ਮੈਂ ਕੁਝ ਸਮਝਣਾ ਨਹੀਂ ਚਾਹੁੰਦੀ।"
"ਅਮਰੀ ਮੈਨੂੰ ਆਪਣੀ ਇਕ ਫੋਟੋ ਦੇਵੀਂ।"
ਇੱਕ ਸੈਨਿਕ ਦੌੜ ਕੇ ਅਮਰੀ ਦਾ ਇਕ ਲੇਜ਼ਰ ਹੋਲੋਗਰਾਫ਼( 3D photograph) ਲੈ ਆਇਆ ਤੇ ਉਸ ਨੇ ਮੈਂਨੂੰ ਦੇ ਦਿੱਤਾ।
"ਦੇਖੀਂ.... ਅਮਰੀ ਮੈਨੂੰ ਸਦਾ ਚੇਤੇ ਰੱਖੀਂ....।"
ਇਹ ਮੇਰੇ ਅੰਤਿਮ ਸ਼ਬਦ ਸਨ। ਅਮਰੀ ਉਸ ਵਕਤ ਫੁੱਟ ਫੁੱਟ ਕੇ ਰੋ ਰਹੀ ਸੀ।
ਮਾਸਟਰ ਕੰਪਿਊਟਰ ਨੇ ਮੈਨੂੰ ਪ੍ਰਿਥਵੀ ਤੇ ਵਾਪਿਸ ਬੁਲਾ ਲਿਆ ਸੀ।
ਮੈਨੂੰ ਕੰਟਰੋਲ ਰੂਮ ਦੇ ਇਕ ਬੈੱਡ ਤੇ ਹੋਸ਼ ਆਇਆ। ਮੇਰੇ ਗਿਰਦ ਮੇਰੇ ਮਾਲਿਕ ਡਾਕਟਰ ਸਾਈਕੀ ਅਤੇ ਫਿਰੋਜ਼ ਖੜ੍ਹੇ ਸਨ। ਉਹ ਹਮੇਸ਼ਾ ਦੀ ਤਰ੍ਹਾਂ ਮੁਸਕਰਾ ਰਹੇ ਸਨ।
"ਪਾਰਿਜਾਤ! ਠੀਕ ਤਾਂ ਏ?"
"ਹਾਂ! " ਮੈਂ ਹੌਲੀ ਦੇਣੀ ਆਖਿਆ।
"ਇਸ ਵਾਰ ਹਿਜੜਾ ਤੂੰ ਲੇਜ਼ਰ ਹੋਲੋਗਰਾਫ਼ ਲੈ ਕੇ ਆਇਆ ਏਂ, ਉਹ ਮਾਰਕੀਟ ਵਿੱਚ ਬਹੁਤ ਮਹਿੰਗਾ ਵਿਕੇਗਾ।
"ਬਹੁਤ ਖੂਬਸੂਰਤ ਹੈ ਨਾ" ਸਾਇਕੀ ਬੋਲਿਆ।
"ਨਹੀਂ..... ਮੈਂ ਉਹ ਵੇਚਣ ਨਹੀਂ ਦੇਵਾਂਗਾ।"
ਤਦੇ ਦਰਵਾਜ਼ੇ ਤੇ ਕਿਰਨ ਦੀ ਆਕ੍ਰਿਤੀ ਨਜ਼ਰ ਆਈ। ਕਿਰਨ ਮੇਰੀ ਜੀਵਨ ਸੰਗਿਨੀ। ਉਸ ਨੇ ਲੇਜ਼ਰ ਹੋਲੋਗਰਾਫ਼ ਵੇਖਿਆ ਤਾਂ ਉਹ ਜ਼ੋਰ ਨਾਲ ਚੀਖ਼ੀ- "ਪਾਰਿਜਾਤ, ਇਹ ਮੇਰੀ ਫੋਟੋ ਕਿਵੇਂ ਆ ਗਈ ਇਥੇ?"
ਮੈਂ ਬੈੱਡ ਤੋਂ ਉਠਿਆ ਅਤੇ ਉਸ ਤੋਂ ਲੇਜ਼ਰ ਹੌਲੋਗਰਾਫ਼ ਲੈ ਕੇ ਵੇਖਿਆ। ਉਹ ਬਿਲਕੁਲ ਕਿਰਨ ਨਾਲ ਮਿਲਦਾ ਜੁਲਦਾ ਸੀ। ਮੇਰੀਆਂ ਅੱਖਾਂ ਸਾਹਮਣੇ ਸਾਰੇ ਦ੍ਰਿਸ਼ ਸਾਫ਼ ਹੋ ਗਏ।
"ਹੇ ਅਮਰੀ, ਮੈਂ ਵਾਪਸ ਤੇਰੇ ਕੋਲ ਆ ਗਿਆ ਹਾਂ।" ਇੰਨਾ ਕਹਿ ਕੇ ਮੈਨ ਕਿਰਨ ਦੀ ਗੋਦ ਵਿੱਚ ਆਪਣਾ ਸਿਰ ਟਿਕਾ ਦਿੱਤਾ। ਉਸ ਵੇਲੇ ਮੇਰੇ ਦਿਲ ਤੇ ਅਮਰੀ ਦੀ ਯਾਦ ਦੇ ਬੱਦਲ ਛਾ ਗਏ ਸਨ।
ਕਿਰਨ ਆਪਣੀਆਂ ਅੱਖਾਂ ਵਿੱਚ ਡੂੰਘੀ ਹੈਰਾਨੀ ਦੇ ਭਾਵ ਸਮੇਟੀ, ਮੇਰੇ ਵੱਲ ਨੂੰ ਅਪਲਕ ਵੇਖ ਰਹੀ ਸੀ...........
(ਉਹਨਾਂ ਪਰਵਾਨਿਆਂ ਦੇ ਨਾਂ ਜਿਹੜੇ ਸ਼ਮਾ 'ਚ ਜਲਣ ਲਈ ਬੇਧੜਕ ਕੁੱਦ ਪੈਂਦੇ ਹਨ!)
ਘਟਨਾ-ਕ੍ਰਮ
(12 ਅਕਤੂਬਰ, 2202)
ਫੈਕਟਰੀ ਤੋਂ ਹੁਣੇ ਹੀ ਘਰ ਪਰਤਿਆ ਹਾਂ ਮੈਂ। ਰਾਤ ਕਾਫ਼ੀ ਹੋ ਚੁੱਕੀ ਹੈ, ਪਰ ਅਮਰ (ਮੇਰਾ ਲੜਕਾ) ਅਜੇ ਵੀ ਘਰ ਨਹੀਂ ਪਰਤਿਆ। ਪਤਾ ਨਹੀਂ ਇਹ ਮੁੰਡਾ ਸਾਰਾ ਸਾਰਾ ਦਿਨ ਕਿਥੇ ਭਟਕਦਾ ਰਹਿੰਦਾ ਹੈ? ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਕਿਧਰੇ ਗ਼ਲਤ ਲੋਕਾਂ ਦੇ ਹੱਥੇ ਨਾ ਚੜ ਜਾਵੇ। ਦਰਅਸਲ ਬਿਨ ਮਾਂ ਦੇ ਬੱਚਿਆਂ ਦਾ ਇਹੀ ਹਾਲ ਹੁੰਦਾ ਹੈ। ਕੋਈ ਪਿਤਾ ਮਾਂ ਦਾ ਫ਼ਰਜ਼ ਕਿਵੇਂ ਨਿਭਾ, ਸਕਦਾ ਹੈ? ਮੈਂ ਉਸ ਨੂੰ ਪੁਰਾ ਪਿਆਰ ਨਹੀਂ ਦੇ ਸਕਿਆ। ਇਸ ਗੱਲ ਦਾ ਹੁਣ ਮੈਨੂੰ ਅਫ਼ਸੋਸ ਹੁੰਦਾ ਹੈ। ਜੇ ਉਹ ਗ਼ਲਤ ਸੰਗਤ 'ਚ ਫਸ ਗਿਆ ਹੈ ਤਾਂ ਇਸ ਵਿੱਚ ਮੇਰਾ ਵੀ ਕਸੂਰ ਹੈ।
ਰਿੱਕੀ(ਰੌਬਟ) ਖਾਣਾ ਗਰਮ ਰੱਖਣ ਲੱਗਦਾ ਹੈ ਤਾਂ ਮੈਂ ਉਸ ਨੂੰ ਅਮਰ ਬਾਰੇ ਪੁੱਛਦਾ ਹਾਂ। "ਸਰ! ਉਹ ਦੱਸ ਕੇ ਨਹੀਂ ਗਿਆ। ਆਪਣਾ ਏਅਰ ਕਰਾਫ਼ਟ ਲੈ ਕੇ ਪਤਾ ਨਹੀਂ ਕਿਧਰ ਚਲਿਆ ਗਿਆ ਹੈ? ਮੈਂ ਪੁੱਛਣ ਦੀ ਕੋਸ਼ਿਸ਼! ਕੀਤੀ ਸੀ ਪਰ ਉਸ ਨੇ ਮੈਂਨੂੰ ਦਸਿਆ ਨਹੀਂ।"
"ਉਹ......!"ਮੈਂ ਠੰਡਾ ਸਾਹ ਭਰਦਾ ਹਾਂ।
ਮੈਨੂੰ ਚਿੰਤਾ ਹੋਣ ਲਗਦੀ ਹੈ। ਅਕਾਸ਼ ਵਿੱਚ ਉੜਕਾਰਾਂ ਅਤੇ ਏਅਰ ਕਰਾਫ਼ਟਸ ਦੀ ਭੀੜ ਬਹੁਤ ਵੱਧ ਚੁੱਕੀ ਹੈ। ਆਏ ਦਿਨ ਅਨੇਕਾਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਰੱਬ, ਸੁੱਖ ਰੱਖੇ।
ਮੈਂ ਡਿਨਰ ਕਰਕੇ, ਆਪਣੇ ਬੈੱਡਰੂਮ ਵਿੱਚ ਆ ਜਾਂਦਾ ਹਾਂ। ਰਾਤ ਦੇ ਗਿਆਰਾਂ ਵੱਜ ਚੁੱਕੇ ਹਨ। ਮੈਂ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਨੀਂਦ ਮੇਰੀਆਂ ਅੱਖਾਂ ਤੋਂ ਕੋਹਾਂ ਦੂਰ ਹੈ। ਅਮਰ ਦਾ ਫ਼ਿਕਰ ਬਹੁਤ ਸਤਾਈ ਜਾਂਦਾ ਹੈ। ਪਤਾ ਨਹੀਂ ਕਿੱਥੇ ਹੋਵੇਗਾ?
ਪਰ ਫੇਰ ਮੈਂ ਸੋਚਦਾ ਹਾਂ ਕਿ ਮੈਂ ਬੇਕਾਰ ਹੀ ਬਹੁਤਾ ਫ਼ਿਕਰ ਕਰ ਰਿਹਾ ਹਾਂ। ਅਮਰ ਹੁਣ ਜਵਾਨ ਹੋ ਚੁਕਿਆ ਹੈ। ਇਹੀ ਤਾਂ ਦਿਨ ਨੇ, ਉਸ ਦੇ ਘੁੰਮਣ ਫਿਰਨ ਦੇ।
ਕਾਫ਼ੀ ਦੇਰ ਇੰਝ ਹੀ ਮੈਂ ਖ਼ਿਆਲਾਂ ਦੇ ਸਾਹਿਰਾ ਵਿੱਚ ਭਟਕਦਾ ਰਹਿੰਦਾ ਹਾਂ। ਅਧੇੜ ਉਮਰ 'ਚ ਆ ਕੇ ਆਦਮੀ ਸੱਚਮੁੱਚ ਸਠਿਆ ਜਾਂਦਾ ਹੈ। ਐਵੇਂ ਹੀ ਮੈਂ ਬਹੁਤਾ ਸੋਚਦਾ ਰਹਿੰਦਾ ਹਾਂ।
ਘਰ ਦੇ ਪਿਛਵਾੜੇ, ਲਗਦਾ ਏ, ਏਅਰ ਕਰਾਫ਼ਟ ਦੇ ਉਤਰਨ ਦੀ ਅਵਾਜ਼ ਆ ਰਹੀ ਹੈ। ਮੈਂ ਖਿੜਕੀ ਰਾਹੀਂ ਵੇਖਦਾ ਹਾਂ। ਵਿੱਕੀ ਹੀ ਹੈ। ਬੜੀ ਮਸਤ ਚਾਲ ਵਿੱਚ ਤੁਰਿਆ ਆ ਰਿਹਾ ਹੈ। ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਹਨ ਅਤੇ ਛਾਤੀ ਤੇ ਉਗੀਆਂ ਵਾਲਾਂ ਦੀਆਂ ਹਲਕੀਆਂ ਕਰੂੰਬਲਾਂ ਬੜੀਆਂ ਹੀ ਲੁਭਾਵਣੀਆਂ ਲੱਗ ਰਿਹਾ ਹੈ। ਮੈਨੂੰ ਆਪਣੇ ਬੇਟੇ ਤੇ ਰਸ਼ਕ ਹੁੰਦਾ ਹੈ। ਡਿਨਰ ਕਰਨ ਤੋਂ ਬਾਅਦ, ਅਮਰ ਨੂੰ ਮੈਂ ਆਪਣੇ ਕੋਲ ਬੁਲਾ ਲੈਂਦਾ ਹਾਂ। ਉਹ ਚੁੱਪ ਚਾਪ ਮੇਰੇ ਕੋਲ ਆ ਕੇ ਬੈਠ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਗੁਲਾਬੀ ਡੋਰੇ ਤੈਰ ਰਹੇ ਸਨ। ਪਰ ਲੱਗਦਾ ਹੈ ਉਸ ਨੇ ਸ਼ਰਾਬ ਨਹੀਂ ਪੀਤੀ। ਅੱਖਾਂ ਦੀ ਲਾਲੀ ਦਾ ਕਾਰਣ ਸ਼ਾਇਦ ਥਕਾਵਟ ਹੈ।
ਉਹ ਖ਼ਾਮੋਸ਼ ਹੈ।
"ਬੇਟੇ, ਕਿੱਥੇ ਸੀ ਹੁਣ ਤੱਕ? ਮੈਂ ਪਿਆਰ ਨਾਲ ਉਸ ਦੇ ਮੋਢੇ ਤੇ ਹੱਥ ਰਖਦਿਆਂ ਆਖਦਾ ਹਾਂ।"
"ਡੈਡੀ.... ਮੈਂ ਰੀਨਾ ਨਾਲ ਸੀ। ਅਸੀਂ ਅਕਾਸ਼ 'ਚ ਘੁੰਮ ਰਹੇ ਸੀ....।"
"ਓਹ .... ਪਰ ਇੰਨੀ ਦੇਰ ਅਕਾਸ਼ 'ਚ ਘੁੰਮਣਾ ਠੀਕ ਨਹੀਂ। ਅੱਜ ਕਲ੍ਹ ਦੁਰਘਟਨਾਵਾਂ ਬਹੁਤ ਵੱਧ ਗਈਆਂ ਹਨ।"
"ਡੈਡੀ....ਤੁਸੀਂ ਘਬਰਾਓ ਨ। ਮੈਨੂੰ ਕੁੱਝ ਨਹੀਂ ਹੁੰਦਾ।"
"ਅਮਰ.... ਤੈਨੂੰ ਮੇਰੇ ਪਿਆਰ 'ਚ ਕੋਈ ਕਮੀ ਤਾਂ ਮਹਿਸੂਸ ਨਹੀਂ ਹੋ ਰਹੀ?"
"ਓਹ.... ਹੋ ਤੁਸੀਂ ਇਹ ਗੱਲ ਕਿਵੇਂ ਸੋਚ ਲਈ?" ਉਹ ਮੇਰੇ ਨਾਲ ਲਿਪਟਦਿਆਂ ਆਖਦਾ ਹੈ।
"ਤੁਸੀਂ ਤਾਂ ਮੈਂਨੂੰ ਮੰਮੀ ਦੀ ਯਾਦ ਵੀ ਨਹੀਂ ਆਣ ਦਿੱਤੀ...।" ਇੰਨਾ ਕਹਿੰਦਿਆਂ ਉਸ ਦੀ ਅਵਾਜ਼ ਲੜਖੜਾ ਜਾਂਦੀ ਹੈ।
ਮੈਂ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈਨਦਾ ਹਾਂ। ਸੱਚਮੁੱਚ ਮਾਂ-ਮਾਂ ਹੀ ਹੁੰਦੀ ਹੈ ਅਤੇ ਮਾਂ ਦੀ ਯਾਦ ਬੱਚੇ ਨੂੰ ਦੀਵਾਨਾ ਬਣਾ ਦਿੰਦੀ ਹੈ। ਮਾਂ ਹੀ ਤਾਂ ਬੱਚੇ ਨੂੰ ਪਿਆਰ ਦਾ ਪਹਿਲਾਂ ਹਰਫ਼ ਪੜ੍ਹਾਉਂਦੀ ਹੈ। ਮੈਂ ਅਮਰ ਨੂੰ ਸੌਣ ਲਈ ਆਕਦਾ ਹਾਂ। ਉਹ ਮੈਨੂੰ ਗੁੱਡ ਨਾਈਟ ਆਖ ਕੇ ਚਲਾ ਜਾਂਦਾ ਹੈ। ਮੈਂ ਜਾ ਰਹੇ ਆਪਣੇ ਬੇਟੇ ਅਪਲਕ ਨਿਹਾਰਦਾ ਰਹਿ ਜਾਂਦਾ ਹਾਂ।
13 ਅਕਤੂਬਰ, 2202
ਰਾਤੀਂ ਦੇਰ ਨਾਲ ਸੁੱਤਾ ਹੋਣ ਕਰਕੇ ਮੈਂ ਸਵੇਰੇ ਦੇਰ ਨਾਲ ਉੱਠਿਆ ਹਾਂ। ਰਿੱਕੀ, ਕੁਝ ਦੇਰ ਪਹਿਲਾਂ, ਚਾਹ ਅਤੇ ਅਖ਼ਬਾਰ ਰੱਖ ਗਿਆ ਸੀ। ਮੈਂ ਅਮਰ ਬਾਰੇ ਪੁੱਛਿਆ ਤਾਂ ਉਸ ਨੇ ਦਸਿਆ ਕਿ ਉਹ ਸਵੇਰੇ ਛੇ ਵਜੇ ਦਾ ਹੀ ਏਅਰਕਰਾਫ਼ਟ ਸਮੇਤ ਗਾਇਬ ਹੈ।
ਜ਼ਰੂਰ ਕੋਈ ਖਾਸ ਗੱਲ ਹੋਣੀ ਹੈ? ਮੈਂ ਸੋਚਦਾ ਹਾਂ-ਅੱਗੇ ਤਾਂ ਕਦੇ ਅਮਰ ਨੇ ਇਸ ਤਰ੍ਹਾਂ ਨਹੀਂ ਕੀਤੀ। ਰਾਤੀਂ ਆਇਆ ਵੀ ਲੇਟ ਹੀ ਸੀ ਅਤੇ ਹੁਣ ਸਵੇਰੇ ਹੀ ਚਲਿਆ ਗਿਆ ਹੈ, ਕਿੱਧਰੇ? ਖ਼ੈਰ…ਚਾਹ ਦੀਆਂ ਚੁਸਕੀਆਂ ਭਰਦਾ ਹੋਇਆ, ਮੈਂ ਅਖ਼ਬਾਰ ਪੜ੍ਹਨ ਲਗਦਾ ਹਾਂ।
ਅਚਾਨਕ ਇਕ ਖ਼ਬਰ ਪੜ੍ਹ ਕੇ ਮੈਂ ਚੌਂਕ ਪੈਂਦਾ ਹਾਂ। ਜਿਹੜੀ ਇਸ ਪ੍ਰਕਾਰ ਹੈ-
ਕੱਲ੍ਹ ਰਾਤ ਲਗਾਤਾਰ ਪੰਜ ਏਅਰਕਰਾਫ਼ਟ, ਯਕਾਯਕ ਸ਼ਹਿਰ ਦੇ ਉੱਤਰ ਵੱਲ ਜਾ ਕੇ ਲਾਪਤਾ ਹੋ ਗਏ ਹਨ। ਅਕਾਸ਼ ਵਿੱਚ 3000 ਮੀਟਰ ਉਚਾਈ ਤੇ ਜਾਣ ਤੋਂ ਬਾਅਦ, ਏਅਰ-ਕਰਾਫ਼ਟ ਅਚਾਨਕ ਹੀ ਗ਼ਾਇਬ ਹੋ ਗਏ। ਇਸ ਤੋਂ ਪਹਿਲਾਂ ਵੀ ਦੋ ਏਅਰਕਰਾਫ਼ਟਸ ਉਸ ਖੇਤਰ ਵਿੱਚ ਗ਼ਾਇਬ ਹੋ ਚੁੱਕੇ ਹਨ। ਪਰ ਕਿਉਂਕਿ ਇੱਕ-ਦੋ ਏਅਰਕਰਾਫ਼ਟਸ ਦਾ ਲਾਪਤਾ ਹੋਣਾ ਆਮ ਜਿਹੀ ਗੱਲ ਹੋ ਗਈ ਹੈ, ਇਸ ਕਰਕੇ ਕਿਸੇ ਨੇ ਉੱਧਰ ਬਹੁਤਾ ਧਿਆਨ ਨਹੀਂ ਦਿੱਤਾ। ਪਰ ਜਦ ਕੱਲ੍ਹ ਇੱਕਠੇ ਪੰਜ ਏਅਰਕਰਾਫ਼ਟਸ ਗ਼ਾਇਬ ਹੋ ਗਏ ਤਾਂ "ਅਕਾਸ਼ੀ ਯਤਾਯਾਤ ਨਿਰੀਖਣ ਕੇਂਦਰ" ਵਿੱਚ ਅਚਾਨਕ (ਜਿਵੇਂ) ਭੂਚਾਲ ਆ ਗਿਆ। ਉੱਥੋ ਦੇ ਸਟਾਫ਼ 'ਚ ਭਗਦੜ ਜਿਹੀ ਮਚ ਗਈ। ਅਤੇ "ਉਸ ਖ਼ਤਰਨਾਕ ਖ਼ੇਤਰ' ਦੀ ਖੋਜ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ।
ਖ਼ਬਰ ਪੜ੍ਹ ਕੇ ਮੈਨੂੰ ਅਮਰ ਬਾਰੇ ਫੇਰ ਫ਼ਿਕਰ ਹੋਣ ਲਗਦਾ ਹੈ। ਉਸ ਨੂੰ ਇਸ ਖ਼ਬਰ ਦਾ ਪਤਾ ਨਹੀਂ ਹੈ। ਜੇ ਕਿੱਧਰੇ ਉਹ "ਖ਼ਤਰਨਾਕ ਖ਼ੇਤਰ" ਵੱਲ ਨੂੰ ਚਲਿਆ ਗਿਆ ਤਾਂ..... ਹੇ ਪਰਵਰਦਿਗਾਰ! ਉਸ ਦੀ ਰੱਖਿਆ ਕਰੀਂ।
ਮੈਂ ਰੀਨਾ ਦੇ ਘਰ ਫ਼ੋਨ ਕਰਦਾ ਹਾਂ। ਉਸ ਦੀ ਮਾਂ ਦੱਸਦੀ ਹੈ ਕਿ ਰੀਨਾ ਵੀ ਸਵੇਰ ਦੀ ਹੀ ਗ਼ਾਇਬ ਹੈ। ਉਹ ਵੀ ਉਸ ਬਾਰੇ ਬਹੁਤ ਫ਼ਿਕਰ ਕਰ ਰਹੀ ਹੈ।
ਪੰਜ ਏਅਰਕਰਾਫ਼ਟਸ ਦੇ ਅਚਾਨਕ ਗ਼ਾਇਬ ਹੋ ਜਾਣ ਦੀ ਖ਼ਬਰ ਨੇ ਸਾਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਖ਼ਬਰਾਂ ਸੁਣਨ ਲਈ ਮੈਂ ਟੀ.ਵੀ ਆਨ ਕਰਦਾ ਹਾਂ ਤਾਂ ਉਸ ਵਿੱਚ "ਖ਼ਤਰਨਾਕ ਖ਼ੇਤਰ” ਬਾਰੇ ਹੀ ਦੱਸਿਆ ਜਾ ਰਿਹਾ ਹੈ। ਸ਼ਹਿਰ ਦੇ ਉੱਤਰ ਵੱਲ 3000 ਮੀਟਰ ਉੱਚਾਈ ਅਤੇ 1000 ਵਰਗਮੀਟਰ ਖ਼ੇਤਰਫਲ ਵਾਲਾ ਅਕਾਸ਼ "ਖ਼ਤਰਨਾਕ ਖ਼ੇਤਰ" ਘੋਸ਼ਿਤ ਕਰ ਦਿੱਤਾ ਗਿਆ ਹੈ। ਕਿਸੇ ਵੀ ਅਕਾਸ਼ੀ ਵਾਹਨ ਨੂੰ ਉੱਧਰ ਨਾ ਜਾਣ ਲਈ ਆਖਿਆ ਗਿਆ ਹੈ।
ਅਮਰ ਬਾਰੇ ਮੈਨੂੰ ਬਹੁਤ ਚਿੰਤਾ ਹੋਣ ਲੱਗ ਪਈ ਏ। ਮੈਂ ਉਸ ਦੇ ਸਾਰੇ ਦੋਸਤਾਂ ਨੂੰ ਫੋਨ ਕਰਕੇ ਪੁੱਛਦਾ ਹਾਂ। ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਜਾਂ ਰੀਨਾ ਕਿੱਥੇ ਹਨ? ਫੇਰ ਮੈਂ ਆਪਣਾ ਏਅਰਕਰਾਫ਼ਟ ਸਟਾਰਟ ਕਰਦਾ ਹਾਂ ਅਤੇ ਆਸਪਾਸ ਦੇ ਅਕਾਸ਼ ਵਿੱਚ ਅਮਰ ਅਤੇ ਰੀਨਾ ਨੂੰ ਲੱਭਣ ਲਈ ਟੁਰ ਪੈਂਦਾ ਹਾਂ।
ਅਕਾਸ਼ 'ਚ ਇਕ ਦਮ ਯਾਤਾਯਾਤ ਬਹੁਤ ਘੱਟ ਗਿਆ ਹੈ। ਇਕਾ ਦੁੱਕਾ ਵਾਹਨ ਹੀ ਵਿਖਾਈ ਦਿੰਦੇ ਹਨ।
ਤਕਰੀਬਨ ਇਕ ਘੰਟਾ ਮੈਂ ਆਸਪਾਸ ਦਾ ਸਾਰਾ ਅਕਾਸ਼ ਛਾਣਦਾ ਰਹਿੰਦਾ ਹਾਂ। ਪਰ ਮੈਨੂੰ ਅਮਰ ਦਾ ਏਅਰਕਰਾਫ਼ਟ ਕਿੱਧਰੇ ਵੀ ਨਜ਼ਰ ਨਹੀਂ ਆਉਂਦਾ ਹੈ। ਮੈਂ ਟਰਾਂਸਮੀਟਰ ਦੀ ਮਦਦ ਨਾਲ-ਅਮਰ ਨਾਲ ਸੰਬੰਧ ਸਥਾਪਿਤ ਕਰਨ ਦੀ ਵੀ ਕੋਸ਼ਿਸ਼ ਕਰਦਾ ਹਾਂ ਪਰ ਅਸਫ਼ਲ ਰਹਿੰਦਾ ਹਾਂ। ਅੰਤ ਥੱਕ-ਹਾਰ ਕੇ ਮੈਂ "ਅਕਾਸ਼ੀ ਯਾਤਾਯਾਤ ਨਿਰੀਖਣ ਕੇਂਦਰ" ਪੁੱਜਦਾ ਹਾਂ ਅਤੇ ਉੱਥੋਂ ਦੇ ਸੰਚਾਲਕ ਨੂੰ ਅਮਰ ਬਾਰੇ ਦੱਸਦਾ ਹਾਂ।
ਉਹ ਮੈਨੂੰ ਲੈ ਕੇ ਕੰਟਰੋਲਰੂਮ ਵਿੱਚ ਆ ਜਾਂਦਾ ਹੈ ਅਤੇ ਇਕ ਟੀ.ਵੀ ਸਕਰੀਨ ਸਾਹਮਣੇ ਬੈਠੇ ਅਪਰੇਟਰ ਨੂੰ ਸ਼ਹਿਰ ਦੇ ਉੱਪਰ ਫੈਲਿਆ ਅਕਾਸ਼ ਵੇਖਣ ਲਈ ਆਖਦਾ ਹੈ। ਅਪਰੇਟਰ ਆਸਪਾਸ ਦਾ ਸਾਰਾ ਅਕਾਸ਼ ਛਾਣ ਮਾਰਦਾ ਹੈ। ਪਰ ਅਮਰ ਦਾ ਏਅਰਕਰਾਫ਼ਟ ਵਿਖਾਈ ਨਹੀਂ ਦਿੰਦਾ।
"ਬੱਸ ਹੁਣ ਤਾਂ ਇਸ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ, ਮਿਸਟਰ ਅਜੀਤ, ਕਿ ਖ਼ਤਰਨਾਕ ਖੇਤਰ ਦੇ ਗ਼ਿਰਦ ਤਲਾਸ਼ ਕੀਤੀ ਜਾਵੇ।"
ਮੈਨੂੰ ਆਪਨਾ ਦਿਲ ਕਿਸੇ ਡੂੰਘੀ ਖਾਈ 'ਚ ਡੁੱਬਦਾ ਪ੍ਰਤੀਤ ਹੁੰਦਾ ਹੈ। ਉਦਾਸ ਮਨ ਨਾਲ ਮੈਂ ਹਾਮੀ ਭਰ ਦਿੰਦਾ ਹਾਂ।
ਸੰਚਾਲਕ, ਅਪਰੇਟਰ ਨੂੰ ਟੀ.ਵੀ ਸਕਰੀਨ ਤੇ "ਖ਼ਤਰਨਾਕ ਖੇਤਰ" ਦਾ ਦ੍ਰਿਸ਼ ਲਿਆਉਣ ਲਈ ਆਖਦਾ ਹੈ। "ਖਤਰਨਾਕ ਖ਼ੇਤਰ" ਦਾ ਦ੍ਰਿਸ਼ ਉੱਭਰਦਾ ਹੈ, ਟੀ ਵੀ. ਸਕਰੀਨ ਤੇ। ਅਪਰੇਟਰ "ਖਤਰਨਾਕ ਖੇਤਰ" ਛਾਣਬੀਣ ਕਰਦਾ ਹੈ। ਸਿਰਫ਼ ਨੀਲਾ ਅਕਾਸ਼ ਹੀ ਦਿਖਾਈ ਦਿੰਦਾ ਹੈ।
ਪਰ ਅਚਾਨਕ, ਇਕ ਛੋਟੀ ਜਿਹੀ ਅਕ੍ਰਿਤੀ ਟੀ.ਵੀ ਸਕਰੀਨ ਤੇ ਸਪੱਸ਼ਟ ਹੁੰਦੀ ਹੈ"
"ਅਪਰੇਟੲਰ ਉਸ ਅਕ੍ਰਿਤੀ ਤੇ ਕੈਮਰਾ ਫੋਕਸ ਕਰੋ।" ਸੰਚਾਲਕ ਆਖਦਾ ਹੈ।
ਟੀ.ਵੀ, ਸਕਰੀਨ ਤੇ ਅਮਰ ਦੇ ਏਅਰਕਰਾਫ਼ਟ ਦਾ ਚਿੱਤਰ ਉੱਭਰਦਾ ਹੈ। ਲਗਦਾ ਹੈ ਉਹ ਖ਼ਤਰਨਾਕ ਖ਼ੇਤਰ ਦੇ ਅੰਦਰ ਘੁਸੰਣ ਦੀ ਕੋਸ਼ਿਸ਼ ਵਿੱਚ ਹੈ।
ਮੈਂ ਚਿਲਾਉਂਦਾ ਹੋਇਆ ਆਖਦਾ ਹਾਂ - "ਅਮਰ ਦਾ ਏਅਰਕਰਾਫ਼ਟ.... ਇਹੀ ਹੈ।"
ਥੋੜ੍ਹੀ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਅਮਰ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ।
"ਹੈਲੋ....ਏਅਰਕਰਾਫ਼ਟ 0250, ਕੀ ਤੂੰ ਸੁਣ ਰਿਹਾ ਏਂ?"
"ਹਾਂ......ਮੈਂ ਸੁਣ ਰਿਹਾ ਹਾਂ। ਦੱਸੋ.....?" ਅਮਰ ਬੋਲਦਾ ਹੈ।
"ਤੁਸੀਂ ਦੋਵੇਂ ਖ਼ਤਰਨਾਕ ਖ਼ੇਤਰ ਦੇ ਕੋਲ ਹੋ..... ਜਲਦੀ ਵਾਪਸ ਆ ਜਾਵੋ!"
"...........!"
"ਹੈਲੋ.......ਵਾਪਸ ਆ ਜਾਵੋ!"
"ਨਹੀਂ, ਅਸੀ ਅਜੇ ਵਾਪਸ ਨਹੀਂ ਆ ਸਕਦੇ। ਅਸੀਂ ਇਸ 'ਅਕਾਸ਼ੀ ਭੰਵਰ' ਦਾ ਰਹੱਸ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ।"
"ਹੈਲੋ............0250............ ਤੁਹਾਨੂੰ ਆਪਣੀ ਜ਼ਿੰਦਗੀ ਮੌਤ ਦੇ ਦਾਅ 'ਤੇ ਲਗਾਉਣ ਦਾ ਅਧਿਕਾਰ ਨਹੀਂ ਏ।"
"..............!"
"ਦੂਸਰੇ ਪਾਸਿਓਂ ਸੰਬੰਧ ਟੁਟ ਚੁੱਕਿਆ ਹੈ, ਸਰ!" ਅਪਰੇਟਰ ਆਖਦਾ ਹੈ।
"ਕੋਸ਼ਿਸ਼ ਕਰੋ,............ ਪਲੀਜ਼!" ਮੈਂ ਅਪਰੇਟਰ ਨੂੰ ਆਖਦਾ ਹਾਂ। ਮੈਨੂੰ ਆਪਣਾ ਆਪ ਕਿਸੇ ਡੂੰਘੇ ਸਾਗਰ 'ਚ ਡੁੱਬਦਾ ਮਹਿਸੂਸ ਹੋ ਰਿਹਾ ਹੈ।
"ਕੋਈ ਫ਼ਾਇਦਾ ਨਹੀਂ ਸ਼੍ਰੀਮਾਨ! ਤੁਹਾਡਾ ਲੜਕਾ ਗੱਲ ਨਹੀਂ ਕਰਨੀ ਚਾਹੁੰਦਾ।"
"ਪਲੀਜ਼ ਇਕ ਵੇਰਾਂ ਕੋਸ਼ਿਸ਼ ਕਰੋ!"
ਅਪਰੇਟਰ ਦੇ ਹੱਥ ਥੋੜ੍ਹੀ ਦੇਰ ਨਾਬਾਂ(knobs) ਨਾਲ ਖਿਲਵਾੜ ਕਰਦੇ ਹਨ।
"ਨੈਗਟਿਵ ਸਰ।"
"ਮੈਂ ਦੋ ਏਅਰਕਰਾਫ਼ਟ ਰਵਾਨਾ ਕਰਦਾ ਹਾਂ। ਉਹ ਤੁਹਾਡੇ ਲੜਕੇ ਅਤੇ ਉਸ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ।"
ਥੋੜੀ ਦੇਰ ਬਾਅਦ-"ਅਕਾਸ਼ੀ ਯਾਤਾਯਾਤ ਨਿਰੀਖਣ ਕੇਂਦਰ" ਤੋਂ ਦੋ ਸਕਿਊਰਿਟੀ ਏਅਰਕਰਾਫ਼ਟ “ਖ਼ਤਰਨਾਕ ਖ਼ੇਤਰ” ਵੱਲ ਨੂੰ ਉਡ ਜਾਂਦੇ ਹਨ।
"ਥੈਂਕਸ!" ਮੈਂ ਸੰਚਾਲਕ ਦਾ ਧੰਨਵਾਦ ਕਰਦਾ ਹਾਂ।
ਕੁਝ ਦੇਰ ਮੈਂ ਅਮਰ ਦੀਆਂ ਸੋਚਾਂ ਵਿੱਚ ਗੁੰਮ ਹੋ ਜਾਂਦਾ ਹਾਂ।
ਅਚਾਨਕ!
ਅਪਰੇਟਰ ਚੀਖ਼ਦਾ ਹੈ-"ਸਰ! ਅੋਹ ਵੇਖੋ!........... ਏਅਰਕਰਾਫ਼ਟ ਖ਼ਤਰਨਾਕ ਖ਼ੇਤਰ 'ਚ ਘੁਸਦਾ ਜਾ ਰਿਹਾ ਹੈ। ਓਹ ਗਾਡ!.......।"
ਮੈਂ ਟੀ.ਵੀ ਸਕਰਨੀ ਵੱਲ ਵੇਖਦਾ ਹਾਂ। ਅਮਰ ਅਤੇ ਰੀਨਾ ਦਾ ਏਅਰਕਰਾਫ਼ਟ ਖ਼ਤਰਨਾਕ ਖ਼ੇਤਰ ਵਿੱਚ ਜਾ ਕੇ ਗ਼ਾਇਬ ਹੋ ਜਾਂਦਾ ਹੈ। ਇਕ ਪਲ ਲਈ ਮੈਂ ਠੰਡਾ ਯਖ਼ ਹੋ ਜਾਂਦਾ ਹਾਂ।
"ਓਹ ਨੋ!....!" ਸੰਚਾਲਕ ਆਖਦਾ ਹੈ-"ਮਿਸਟਰ ਅਜੀਤ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ..............।"
ਸੰਚਾਲਕ ਦੇ ਮੂੰਹੋ ਨਿਕਲਣ ਵਾਲੇ ਸ਼ਬਦ ਮੈਨੂੰ ਪੂਰੇ ਸੁਣਾਈ ਨਹੀਂ ਦਿੰਦੇ। ਮੇਰੀਆਂ ਅੱਖਾਂ ਮੂਹਰੇ ਹਨੇਰਾ ਜਿਹਾ ਛਾ ਜਾਂਦਾ ਹੈ। ਮੈਂ ਜ਼ਮੀਨ ਤੇ ਡਿਗਣ ਲਗਦਾ ਹਾਂ ਪਰ ਸੰਚਾਲਕ ਮੈਨੂੰ ਡਿਗਣ ਤੋਂ ਬਚਾਅ ਲੈਂਦਾ ਹੈ।
ਉਸ ਦੇ ਚਿਹਰੇ ਤੋਂ ਅਫ਼ਸੋਸ ਝਲਕ ਰਿਹਾ ਹੈ।
ਉਦਾਸੀ ਦੇ ਸਮੁੰਦਰ 'ਚ ਡੁੱਬਿਆ ਮੈਂ ਘਰ ਆਉਂਦਾ ਹਾਂ। ਸਾਹਮਣੇ ਰੀਨਾ ਦੀ ਮਾਂ, ਮਿਸਿਜ਼ ਰੇਣੁਕਾ ਬੈਠੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈ ਅਸ ਨੂੰ ਕੀ ਆਖਾਂ?
ਮੈਂ ਬੱਚਿਆ ਵਾਂਗ ਫੁੱਟ ਫੁੱਟ ਰੋਣ ਲਗਦਾ ਹਾਂ। ਮਿਸਿਜ਼ ਰੇਣੁਕਾ ਮੇਰੇ ਵੱਲ ਨੂੰ ਇੰਝ ਵੇਖਦੀ ਹੈ ਜਿਵੇਂ ਮੈਂ ਕੋਈ ਅਜੂਬਾ ਹੋਵਾਂ। ਪਰ ਫੇਰ ਜਿਵੇਂ ਉਹ ਸਭ ਕੁਝ ਸਮਝ ਜਾਂਦੀ ਹੈ। ਉਸ ਦੇ ਚਿਹਰੇ ਦਾ ਰੰਗ ਉੜ ਜਾਂਦਾ ਹੈ ਅਤੇ ਅੱਖੀਆ ਬਰਫ਼-ਚਿੱਟੀਆਂ ਹੋ ਜਾਂਦੀਆਂ ਹਨ। ਉਸ ਨੂੰ ਇਸ ਵੇਲੇ ਰੋਣਾ ਨਹੀਂ ਸੁੱਝਦਾ.....
ਮੈਂ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਕੇ ਮਿਸਿਜ਼ ਰੇਣੁਕਾ ਦੇ ਮੋਢੇ ਤੇ ਹੱਥ ਰੱਕ ਦਿੰਦਾ ਹਾਂ। ਹੁਣ ਤੱਕ ਰੁਕਿਆ ਉਸ ਦੇ ਹੰਝੂਆਂ ਦਾ ਸੈਲਾਬ ਪਲਕਾਂ ਦੇ ਬੰਨ੍ਹ ਤੋੜ ਕੇ ਵਹਿ ਟੁਰਦਾ ਹੈ। ਤੇ ਕਾਬੂ ਪਾ ਕੇ ਮਿਸਿਜ਼ ਰੇਣੁਕਾ ਦੇ ਮੋਢੇ ਤੇ ਹੱਥ ਰੱਖ ਦਿੰਦਾ ਹਾਂ।
ਸਾਨੂੰ ਪੰਦਰਾ ਘੰਟੇ ਹੋ ਗਏ ਨੇ ਇੰਝ ਹੀ ਬੈਠਿਆਂ। ਰਿੱਕੀ ਹੈਰਾਨ ਪਰੇਸ਼ਾਨ ਘੁੰਮ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਕੀ ਹੋ ਚੁੱਕਾ ਹੈ? ਮਿਸਿਜ਼ ਰੇਣੁਕਾ ਵੀ ਚੁੱਪ ਬੈਠੀ, ਛੱਤ ਨੂੰ ਨਿਹਾਰ ਰਹੀ ਹੈ ਸਾਡੀਆਂ ਪਲਕਾਂ ਵਿੱਚਲੇ ਅੱਥਰੂ ਸੁੱਕ ਗਏ ਨੇ। ਪਰ ਦਿਲਾਂ ਦੇ ਵਿੱਚ ਅਜੇ ਐਨਾ ਦਰਦ ਬਾਕੀ ਹੈ ਕਿ ਅਸੀਂ ਕਿਆਮਤ ਤੱਕ ਰੋ ਸਕਦੇ ਹਾਂ!
ਤਿੰਨ ਘੰਟੇ ਹੋਰ ਬੀਤ ਜਾਂਦੇ ਹਨ। ਕਮਰੇ 'ਚ ਖ਼ਾਮੋਸ਼ੀ ਦੀ ਕਫ਼ਨ ਜਿਹੀ ਸਫ਼ੈਦ ਚਾਦਰ ਵਿਛੀ ਹੋਈ ਹੈ। ਅਚਾਨਕ ਬਾਹਰਲਾ ਦਰਵਾਜ਼ਾ ਕਿਰਕਿਰਾਉਂਦਾ ਹੋਇਆ ਖ਼ੁਲ੍ਹਦਾ ਹੈ। ਉਸ ਦੀ ਅਵਾਜ਼ ਹੁਣ ਤੱਕ ਪਸਰੇ ਸੱਨਾਟੇ ਨੂੰ ਚੀਰਣ-ਚੀਰਣ ਕਰ ਦਿੰਦੀ ਹੈ। ਮੈਂ ਦਰਵਾਜ਼ੇ ਵੱਲ ਨੂੰ ਵੇਖਦਾ ਹਾਂ। ਦਰਵਾਜ਼ਾ ਹੌਲੀ ਹੌਲੀ ਖੁੱਲ੍ਹ ਰਿਹਾ ਹੈ।
ਫੇਰ ਹਵਾ ਦੇ ਵੇਗ ਨਾਲ ਦਰਵਾਜ਼ਾ ਆਪਣੀ ਸਾਰੀ ਅਵਾਜ਼ ਨਾਲ ਚੀਖ਼ਦਾ ਹੋਇਆ ਖੁੱਲ੍ਹ ਜਾਂਦਾ ਹੈ।
ਸਾਹਮਣੇ ਅਮਰ ਤੇ ਰੀਨਾ ਇਕ ਦੂਸਰੇ ਦੇ ਗਲ 'ਚ ਬਾਹਵਾਂ ਪਾਈ ਖੜ੍ਹੇ ਹਨ। ਉਹਨਾਂ ਦੇ ਕੱਪੜੇ ਖ਼ੂਨ ਅਤੇ ਪਾਣੀ ਨਾਲ ਲੱਥਪੱਥ ਨੇ। ਉਹਨਾਂ ਦੇ ਕਦਮ ਲੜਖੜਾ ਰਹੇ ਹਨ।
ਕੁਝ ਪਲ ਮੈਨੂੰ ਕੁਝ ਵੀ ਨਹੀਂ ਸੁੱਝਦਾ। ਮਿਸਿਜ਼ ਰੇਣੁਕਾ ਵੀ ਬਾਹਰ ਵੱਲ ਨੂੰ ਦੇਖ ਰਹੀ ਹੈ। ਮੇਰੇ ਤੋਂ ਉੱਠ ਕੇ ਉਹਨਾਂ ਦੋਵਾਂ ਕੋਲ ਨਹੀਂ ਜਾ ਹੁੰਦਾ। ਸਰੀਰ 'ਚ ਕਮਜ਼ੋਰੀ ਛਾਈ ਹੋਈ ਹੈ। ਪਰ ਫੇਰ ਮੇਰੇ 'ਚ ਪਤਾ ਨਹੀਂ ਐਨੀ ਤਾਕਤ ਕਿੱਥੋ ਆ ਜਾਂਦੀ ਹੈ। ਮੈਂ ਇਕ ਮਿੰਟ ਦੇ ਹਜ਼ਾਰਵੇਂ ਭਾਗ ਵਿੱਚ ਦਰਵਾਜ਼ੇ ਕੋਲ ਪੁਜ ਕੇ ਉਹਨਾਂ ਦੋਵਾਂ ਨੂੰ ਆਪਣੀ ਬਾਹਵਾਂ 'ਚ ਸਾਂਭ ਲੈਂਦਾ ਹਾਂ।
ਮੈਂ ਉਹਨਾਂ ਨੂੰ ਸਹਾਰਾ ਦੇ ਕੇ ਕਮਰੇ 'ਚ ਲੈ ਆਉਂਦਾ ਹਾਂ। ਮਿਸਿਜ਼ ਰੇਣੁਕਾ ਹੁਣ ਤੱਕ ਸਥਿਤੀ ਨੂੰ ਸਮਝ ਚੁੱਕੀ ਸੀ। ਉਹ ਦੋਵਾਂ ਨਾਲ ਲਿਪਟ ਕੇ ਫੁੱਟ ਫੁੱਟ ਰੋਣ ਲਗਦੀ ਹੈ।
ਮੈਂ ਰਿੱਕੀ ਨੂੰ ਵਾਜ ਮਾਰ ਕੇ ਡਰੈਸਿੰਗ ਦਾ ਸਮਾਨ ਲਿਆਉਣ ਲਈ ਆਖਦਾ ਹਾਂ। ਫੇਰ ਮੈਂ ਤੇ ਰਿੱਕੀ ਉਹਨਾਂ ਦੋਵਾਂ ਦੇ ਜ਼ਖ਼ਮਾਂ ਤੇ ਐਂਟੀਸੈਪਟਿਕ(Anticeptic) ਲਗਾ ਦਿੰਦੇ ਹਾਂ।
ਅਮਰ ਦੱਸਦਾ ਹੈ ਕਿ ਜਦ ਉਹਨਾਂ ਦਾ ਏਅਰ ਕਰਾਫ਼ਟ ਖ਼ਤਰਨਾਕ ਖ਼ੇਤਰ ਵਿੱਚ ਫਸ ਗਿਆ ਸੀ ਤਾਂ ਉਸੇ ਵੇਲੇ ਉਹਨਾਂ ਨੇ ਤੁਰੰਤ ਪੇਰਾਸ਼ੂਟ ਦੀ ਮਦਦ ਨਾਲ ਉੱਤਰੇ ਸਨ ਅਤੇ ਜਦ ਉਹਨਾਂ ਦੇ ਸਰੀਰਾਂ ਨੇ ਜ਼ਮੀਨ ਨਾਲ ਤੇਜ਼ੀ ਨਾਲ ਸਪੱਰਸ਼ ਕੀਤਾ ਤਾਂ ਉਹਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਦਰਿਆ ਦੇ ਕਿਨਾਰੇ ਦੀ ਰੇਤ ਤੇ ਪਏ ਨੁਕੀਲੇ ਪੱਥਰਾਂ ਨਾਲ ਉਹਨਾਂ ਦੇ ਬਦਨ ਜ਼ਖਮੀ ਹੋ ਗਏ ਸਨ।
"ਬੇਟੇ..... ਮੈਂ ਹੁਣ ਤੁਹਾਨੂੰ ਖਤਰਨਾਕ ਖੇਤਰ ਵੱਲ ਨਹੀਂ ਜਾਣ ਦੇਵਾਂਗਾ।"
"ਓਹ....ਹੋ... ਡੈਡੀ! ਤੁਸੀਂ ਐਵੇ ਹੀ ਫਿਕਰ ਨਾ ਕਰੋ। ਅਸੀਂ ਤਾਂ ਅੱਠ ਦਿਨਾਂ ਤੋਂ ਰੋਜ਼ਾਨਾਂ ਉੱਧਰ ਜਾ ਰਹੇ ਹਾਂ। ਅੱਜ ਅਚਾਨਕ ਹੀ ਮਾੜੀ ਜਿਹੀ ਮੁਸੀਬਤ 'ਚ ਫਸ ਗਏ। ਨਹੀਂ ਤਾਂ ਅੱਜ ਅਸੀਂ ਉਸ 'ਅਕਾਸ਼ੀ ਭੰਵਰ' ਬਾਰੇ ਕਾਫ਼ੀ ਕੁਝ ਲੈਣਾ ਸੀ। ਅੱਠ ਦਿਨ ਪਹਿਲਾਂ ਜਦ ਇਕ ਏਅਰ ਕਰਾਫ਼ਟ ਉਸ ਖੇਤਰ ਵਿੱਚ ਲਾਪਤਾ ਹੋਇਆ ਸੀ ਉਸ ਦਿਨ ਹੀ ਅਸੀਂ ਉਸ 'ਅਕਾਸ਼ੀ ਭੰਵਰ' ਦਾ ਰਹੱਸ ਜਾਨਣ ਦੀ ਮਿੱਥ ਲਈ ਸੀ।"
"ਹਾਂ ਅੰਕਲ! ਅਸੀਂ ਕਾਫ਼ੀ ਹੱਦ ਤੱਕ ਕਾਮਯਾਬ ਹੀ ਹੋ ਚੁੱਕੇ ਹਾਂ।" ਰੀਨਾ ਮੁਸਕਾਉਂਦੀ ਹੋਈ ਆਖਦੀ ਹੈ।
"ਪਰ ਬੇਟੇ, ਮੈ ਹੁਣ ਤੁਹਾਨੂੰ ਉੱਧਰ ਨਹੀਂ ਜਾਣ ਦਿਆਂਗਾ।" ਮੈਂ ਬੱਚਿਆਂ ਵਾਂਗ ਜ਼ਿੱਦ ਕਰਦਾ ਹਾਂ।"
"ਹਾਂ, ਮਿਸਟਰ ਅਜੀਤ ਠੀਕ ਆਖਦੇ ਨੇ।" ਮਿਸਿਜ਼ ਰੇਣੁਕਾ ਵੀ ਆਖਦੀ ਹੈ।
"ਅੱਛਾ.... ਨਹੀਂ ਜਾਂਦੇ।" ਅਮਰ ਅਤੇ ਰੀਨਾ, ਇੱਕ ਦੂਸਰੇ ਵੱਲ ਵੇਖਕੇ ਮੁਸਕਰਾਉਂਦਿਆਂ ਹੋਇਆਂ ਆਖਦੇ ਹਨ।
ਮੈਂ ਤੇ ਮਿਸਿਜ਼ ਰੇਣੁਕਾ ਨਿਸ਼ਚਿੰਤ ਹੋ ਜਾਂਦੇ ਹਨ। ਬੱਚੇ ਇਸੇ ਕਮਰੇ 'ਚ ਹੀ ਸੋਫ਼ੇ ਤੇ ਸੌਂ ਗਏ ਹਨ।
ਜੁਦਾਈ ਦੇ ਅੰਧਕਾਰ ਦੇ ਬੋਝਿਲ 18 ਘੰਟੇ ਬਿਤਾਉਣ ਤੋਂ ਬਾਅਦ ਮੈਨੂੰ ਅਤੇ ਮਿਸਿਜ਼ ਰੇਣੁਕਾ ਨੂੰ ਵੀ ਝਪਕੀ ਜਿਹੀ ਆ ਜਾਂਦੀ ਹੈ।
14 ਅਕਤੂਬਰ, 2202
ਮੇਰੀ ਨੀਂਦ ਹੁਣੇ ਹੀ ਟੁੱਟੀ ਹੈ। ਅਮਰ ਅਤੇ ਰੀਨਾ ਕਮਰੇ 'ਚ ਨਹੀਂ ਹਨ। ਮੈਂ ਇਕਦਮ ਤ੍ਰਭਕ ਕੇ ਉੱਠ ਖੜਦਾ ਹਾਂ ਅਤੇ ਪਾਗਲਾਂ ਵਾਂਗ ਸਾਰਾ ਘਰ ਛਾਣ ਮਾਰਦਾ ਹਾਂ। ਪਰ ਉਹ ਕਿਧਰੇ ਵੀ ਵਿਖਾਈ ਨਹੀਂ ਦਿੰਦੇ। ਮੈਂ ਪਿਛਵਾੜੇ ਗੈਰਾਜ ਵਿੱਚ ਵੇਖਦਾ ਹਾ ਕਿ ਮੇਰਾ ਏਅਰ ਕਰਾਫ਼ਟ ਗ਼ਾਇਬ ਹੈ। ਮੇਰੇ ਪੈਰਾਂ ਥਲਿਓ ਜ਼ਮੀਨ ਨਿਕਲ ਜਾਂਦੀ ਹੈ।
ਮੈਂ ਵਾਪਸ ਕਮਰੇ 'ਚ ਆ ਜਾਂਦਾ ਹਾਂ। ਮਿਸਿਜ਼ ਰੇਣੁਕਾ ਅਜੇ ਸੁੱਤੀ ਹੀ ਪਈ ਹੈ। ਮੈਂ ਉਸਨੂੰ ਜਗਾਉਣਾ ਉਚਿਤ ਨਹੀਂ ਸਮਝ ਰਿਹਾ।
ਫੇਰ ਮੈਂ ਅੰਨੇਵਾਹ ਗੁਆਂਢੀਆਂ ਦੇ ਘਰ ਵੱਲ ਨੂੰ ਦੌੜਦਾ ਹਾਂ ਅਤੇ ਸਾਹੋ ਸਾਹ ਹੋਇਆ ਆਪਣੀ ਪਰੇਸ਼ਾਨੀ ਦੱਸ ਕੇ ਉਹਨਾਂ ਦਾ ਏਅਰ ਕਰਾਫ਼ਟ 'ਚ ਉੜਾ ਦਿੰਦਾ ਹਾਂ। ਮੇਰੀ ਮੰਜ਼ਿਲ “ਖ਼ਤਰਨਾਕ ਖੇਤਰ” ਹੀ ਹੈ। ਮੇਰਾ ਏਅਰ ਕਰਾਫ਼ਟ 1000 ਮੀਟਰ ਪ੍ਰਤੀ ਸਕਿੰਟ ਦੀ ਸਪੀਡ ਨਾਲ ਉੜ ਰਿਹਾ ਹੈ।
ਤਿੰਨ ਸਕਿੰਟਾ ਬਾਅਦ ਮੇਰਾ ਏਅਰ ਕਰਾਫ਼ਟ “ਖ਼ਤਰਨਾਕ ਖੇਤਰ” ਕੋਲ ਪੁੱਜ ਜਾਂਦਾ ਹੈ। ਥੋੜ੍ਹੀ ਦੂਰ ਹੀ ਮੈਨੂੰ ਅਮਰ ਅਤੇ ਰੀਨਾ ਦਾ ਏਅਰ ਕਰਾਫ਼ਟ ਦਿਖਾਈ ਦਿੰਦਾ ਹੈ।
ਅਜੇ ਮੈਂ ਉਹਨਾਂ ਨਾਲ ਸੰਬੰਧ ਸਥਾਪਿਤ ਕਰਨ ਹੀ ਲੱਗਦਾ ਹਾਂ। ਉੰਨੀ ਦੇਰ ਵਿੱਚ ਉਹਨਾਂ ਦਾ ਏਅਰ ਕਰਾਫ਼ਟ 'ਅਕਾਸ਼ੀ ਭੰਵਰ' ਨੂੰ ਚੀਰਦਾ ਹੋਇਆ - ਗਾੜ੍ਹੇ ਚਿੱਟੇ ਬੱਦਲਾਂ ਵਿੱਚ ਪ੍ਰਵੇਸ਼ ਹੋ ਜਾਂਦਾ ਹੈ।
ਮੈਥੋਂ ਇਹ ਦ੍ਰਿਸ਼ ਵੇਖ ਨਹੀਂ ਹੁੰਦਾ। ਮੈਂ ਆਪਣੀਆਂ ਅੱਖਾਂ ਮੂਹਰੇ ਰੱਖ ਧਰ ਲੈਂਦਾ ਹਾਂ।
ਉਸੇ ਵੇਲੇ ਮੇਰੀ ਚੀਖ਼ ਨਿਕਲ ਜਾਂਦੀ ਹੈ।
(ਉਹ ਮਰਜੀਵੜੇ ਉਸ 'ਅਕਾਸ਼ੀ ਭੰਵਰ' ਦੀ ਰਹਿਸਮਈ ਦਲਦਲ ਦੀ ਖਿੱਚੀ ਹੋਈ ਫਿਲਮ ਛੱਡ ਜਾਂਦੇ ਹਨ।)
ਉਸਨੇ ਆਪਣੀਆਂ ਅੱਖਾਂ ਵਿੱਚ ਅੰਤਾਂ ਦੇ ਵਾਦੇ, ਆਸਾਂ ਅਤੇ ਹੰਝੂਆਂ ਦਾ ਸੈਲਾਬ ਭਰਦਿਆਂ ਮੇਰੇ ਵੱਲ ਨੂੰ ਵੇਖਿਆ। ਮੈਂ ਉਸ ਨਾਲ ਨਜ਼ਰਾਂ ਨਾ ਮਿਲਾ ਸਕਿਆ। ਉਸ ਦੀਆਂ ਗੂੜ੍ਹੀਆਂ ਨੀਲੀਆਂ ਅੱਖਾਂ ਵਿੱਚੋਂ ਨਿਕਲਣ ਵਾਲੀਆਂ ਪ੍ਰਕਾਸ਼ਮਈ ਕਿਰਣਾਂ ਦੀ ਮੈਂ ਤਾਬ ਨਾ ਝੱਲ ਸਕਿਆ। ਮੇਰੇ ਜਿਸਮ ਵਿੱਚ ਕੰਬਣੀ ਦੀ ਇਕ ਲੀਹ ਜਿਹੀ ਉੱਠਦੀ ਚਲੀ ਗਈ। ਕਿੰਨੀ ਹੀ ਦੇਰ ਮੇਰੇ ਮੂੰਹੋਂ ਧੁਨੀ ਤਰੰਗਾਂ ਪ੍ਰਸਫੁਟਿਤ ਨਾ ਹੋ ਸਕੀਆਂ। ਬੱਸ ਮੇਰੇ ਬੁੱਲ੍ਹ ਹਿੱਲ ਕੇ ਰਹਿ ਗਏ। ਮੈਂ ਆਪਣੀ ਕਮੀਜ਼ ਦੇ ਕਾਲਰਾਂ ਨੂੰ ਠੀਕ ਕਰਦਿਆਂ ਅਤੇ ਗਲੇ ਨੂੰ ਖਰਖਰਾਂਦਿਆਂ, ਆਪਣੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਨਿਕਲਣ ਵਾਲੀ ਅਵਾਜ਼ ਨੂੰ ਉਸ ਤੱਕ ਪਹੁੰਚਾਣਾ ਚਾਹਿਆ। ਪਰ ਕਾਮਯਾਬ ਨਾ ਹੋਇਆ।
ਮੇਰੇ ਸਾਹਮਣੇ ਮੇਰੇ ਸੁਪਨਿਆਂ ਦੀ ਸ਼ਹਿਜ਼ਾਦੀ ਸੈਂਡਰਾ ਖੜ੍ਹੀ ਸੀ। ਉਸਦੇ ਜਿਸਮ ਤੇ ਲਿਪਟਿਆ ਹਲਕਾ ਪੀਲਾ ਲਬਾਦਾ ਪੱਛਮੀ ਹਵਾ ਨਾਲ ਲਹਿਰਾ ਰਿਹਾ ਸੀ ਅਤੇ ਉਸਦੇ ਖੁੱਲ੍ਹੇ, ਭੂਰੇ ਵਾਲ ਕੁਝ ਸਮੇਂ ਲਈ ਉਸਦੇ ਹੁਸੀਨ ਮੁੱਖੜੇ ਨੂੰ ਆਪਣੀ ਗਲਵੱਕੜੀ ਵਿੱਚ ਲਪੇਟ ਲੈਂਦੇ ਸਨ ਪਰ ਥੋੜ੍ਹੇ ਚਿਰ ਬਾਅਦ ਆਪਣੇ ਆਪ ਹੀ ਹੱਟ ਜਾਂਦੇ ਸਨ। ਮੈਂ ਤਾਂ ਬੱਸ ਇਕ ਕਾਗਜ਼ ਦਾ ਬੁੱਤ ਬਣਿਆ ਹੋਇਆ ਉਸਦੇ ਸਾਹਮਣੇ ਖੜ੍ਹਾ ਸੀ।
ਮੇਰੇ ਮੂੰਹੋਂ ਅਜੇ ਵੀ ਅਵਾਜ਼ ਨਹੀਂ ਨਿੱਕਲ ਰਹੀ ਸੀ। ਮੇਰਾ ਕਾਗਜ਼ ਦਾ ਜਿਸਮ ਹੌਲੀ ਹੌਲੀ ਫੜਫਵਾਇਆ ਅਤੇ ਮੇਰੇ ਹੱਥਾਂ ਨੇ ਆਪ ਮੂਹਾਰੇ ਹੀ ਉਸਦੇ ਨਿਸ਼ਚਲ, ਹੁਸੀਨ ਮੁਖੜੇ ਨੂੰ ਆਪਣੀ ਆਗੋਸ਼ ਵਿੱਚ ਲੈ ਲਿਆ।
"ਸੁਖਾਂਤ, ਕੁਝ ਤਾਂ ਬੋਲੋ।" ਉਸਦੇ ਸੰਗਤਰੀ ਬੁੱਲ੍ਹਾਂ ਨੇ ਹਰਕਤ ਕੀਤੀ ਅਤੇ ਸ਼ਬਦਾਂ ਦਾ ਇਕ ਸੈਲਾਬ ਮੇਰੇ ਜਿਸਮ ਵਿੱਚ ਵਹਿ ਗਿਆ।
ਸੈਂਡਰਾ, ਜਿਸਨੂੰ ਮੈਂ ਕਦੇ ਅੰਤਾ ਦਾ ਚਾਹਿਆਂ ਸੀ, ਹੁਣ ਵੀ ਚਾਹੁੰਦਾ ਹਾਂ ਅਤੇ ਜੁਗੜਿਆਂ ਤੱਕ ਚਾਹੁੰਦਾ ਰਹਾਂਗਾ, ਇਸ ਵੇਲੇ ਮੇਰੇ ਸਾਹਮਣੇ ਖੜ੍ਹੀ ਸੀ। ਨਿਰਜਨ ਅਤੇ ਅਬਾਦੀ ਦੇ ਨਾਂ ਤੇ ਕੁਝ ਕੁ ਵਿਗਿਆਨਕਾਂ ਦੀ ਧਰਤੀ- ਗ੍ਰਹਿ ਸਮਾਰੋ ਤੇ, ਅਧਿਕਾਰ ਕੀਤੇ ਹਰੇ ਸਮੁੰਦਰ ਦੀਆਂ ਲਹਿਰਾਂ, ਸਾਡੇ ਦੋਵਾਂ ਦੇ ਪੈਰਾਂ ਵਿੱਚ ਆ ਕੇ ਦਮ ਤੋੜ ਰਹੀਆਂ ਸਨ। ਛੁਪ ਰਿਹਾ ਸੂਰਜ ਜਿਵੇਂ ਸਾਡੀ ਮੁਹੱਬਤ ਦਾ ਗਵਾਹ ਬਣੀ ਅਜੇ ਤੱਕ ਖਿਤਿਜ ਤੇ ਹੀ ਚਮਕ ਰਿਹਾ ਸੀ। ਸਮਾਰੋ ਗ੍ਰਹਿ ਆਪਣੀ ਧੁਰੀ ਦੁਆਲੇ, ਤਿੰਨ ਬਟਾ ਚਾਰ(ਲਗਪਗ) ਹਿੱਸਾ ਘੁੰਮ ਚੁੱਕਿਆ ਸੀ। ਸੂਰਜ ਦੀ ਤਪਸ਼ ਕੁਝ ਕੁਝ ਘਟਣ ਕਰਕੇ ਵਾਤਾਵਰਣ ਵਿੱਚ ਠੰਢਕ ਫੈਲ ਗਈ ਸੀ।
"ਕੀ ਸੋਚ ਰਿਹੈਂ, ਸੁਖਾਂਤ?"
"ਓਹ....ਸੈਂਡਰਾ............ਮੈਂ ਤੈਨੂੰ ਕੀ ਕਹਾਂ ਤੇ ਕੀ ਨਾ ਕਹਾਂ?"
"ਸਭ ਕੁਝ ਕਹਿ ਦੇ, ਏਸ ਵੇਲੇ, ਮੈਂ ਸਿਰਫ਼ ਤੇਰੇ ਸ਼ਬਦਾਂ ਦਾ ਸੰਗੀਤ ਸੁਣਨਾ ਚਾਹੁੰਦੀ ਹਾਂ।"
"ਸੈਂਡਰਾ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ.....।" ਮੈਂ ਆਪਣੀ ਅਵਾਜ਼ ਨੂੰ ਸੰਜਿਤ ਕਰਦਿਆਂ ਆਖਿਆ ਪਰ ਫੇਰ ਵੀ ਮੇਰੀ ਅਵਾਜ਼ ਥੋੜ੍ਹੀ ਜਿਹੀ ਡਗਮਗਾ ਹੀ ਗਈ। ਇੰਨੀ ਗੱਲ ਕਹਿੰਦਿਆਂ ਮੇਰੀਆਂ ਅੱਖਾਂ ਵਿੱਚ ਤਰਲਤਾ ਫੈਲ ਗਈ ਅਤੇ ਮੇਰੇ ਦਿਲ ਦੀ ਧੜਕਣ ਮੈਂਨੂੰ ਰੁਕਦੀ ਹੋਈ ਪ੍ਰਤੀਤ ਹੋਈ। ਹਾਲਾਂਕਿ ਮੈਂ ਜਾਣਦਾ ਸਾਂ ਕਿ ਸੈਂਡਰਾ ਨੂੰ ਮੇਰੇ ਇਨਕਾਰ ਨਾਲ ਕੋਈ ਹੈਰਾਨੀ ਨਹੀਂ ਹੋਵੇਗੀ। ਪਰ ਫੇਰ ਵੀ ਮੈਂ ਇੰਨੀ ਗੱਲ ਕਹਿੰਦਿਆਂ ਭਾਵਨਾਵਾਂ ਦੇ ਪਾਗਲ ਵਹਿਣਾ ਵਿੱਚ ਗਿਆ ਸੀ। ਉਂਝ ਦਿਲੋਂ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਸਾਂ। ਪਰ ਸਾਡੇ ਵਿਆਹ ਸਾਹਮਣੇ ਅਜਿਹੀ ਮਜ਼ਬੂਰੀ ਸੀ ਕਿ ਮੈਂ ਸੈਂਡਰਾਂ ਦੀ ਜ਼ਿੰਦਗੀ ਕੰਡਿਆਂ ਨਾਲ ਨਹੀਂ ਭਰਨੀ ਚਾਹੁੰਦਾ ਸਾਂ। ਇਹ ਮਜ਼ਬੂਰੀ - ਮੇਰਾ ਸਮਾਂਯਾਤਰੀ ਤੇ ਗਹਿਨ ਅੰਤਰਿਖਸ਼ ਵਿੱਚ ਘੁੰਮਣ ਵਾਲਾ ਖਾਨਾਬਦੋਸ਼ ਹੋਣਾ ਸੀ।
ਮੈਂ ਆਪਣੀ ਗੱਲ ਨੂੰ ਅਗਾਂਹ ਤੋਰਦਿਆਂ ਆਖਿਆ - "ਭਲਾ..... ਵੱਖ ਵੱਖ ਗ੍ਰਹਿਆਂ ਤੇ ਘੁੰਮਣ ਵਾਲਾ ਇਕ ਖ਼ਾਨਾਬਦੋਸ਼ ਇਕ ਜਗ੍ਹਾ ਕਿਵੇਂ ਰਹਿ ਸਕਦਾ ਹੈ। ਸੈਂਡਰਾ, ਅੰਤਰਿਖ਼ਸ਼ ਵਿੱਚ ਜਿੱਥੇ ਕਦਮ ਕਦਮ ਤੇ ਖ਼ਤਰੇ ਨੇ, ਇਕ ਘੁਮੱਕੜ ਕਿਵੇਂ ਤੇਰੀ ਜ਼ਿੰਦਗੀ ਖਤਰੇ ਵਿੱਚ ਪਾ ਸਕਦਾ ਹੈ। ਮੇਰੀ ਜ਼ਿੰਦਗੀ ਦਾ ਕੀ ਭਰੋਸਾ ਕਿ ਕਦੋਂ ਖ਼ਤਮ ਹੋ ਜਾਵੇ ਅਤੇ ਬਾਅਦ ਵਿੱਚ ਤੂੰ ਇਕੱਲੀ ਰਹਿ ਜਾਵੇਂ। ਮੈਂ ਇਹ ਕਦੇ ਵੀ ਨਹੀਂ ਚਾਹ ਸਕਦਾ। ਮੇਰਾ ਜੀਵਨ ਖਤਰਿਆਂ ਤੋਂ ਸਿਵਾ ਕੁਝ ਨਹੀਂ। ਨਾਲੇ ਕੋਣ ਚਾਹ ਸਕਦਾ ਹੈ ਤੇਰੇ ਜਿਹੀ ਖੂਬਸੂਰਤ ਅਤੇ ਜ਼ਹੀਨ ਯੁਵਤੀ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਘੱਲਣਾ। ਮੈਂ ਵੀ ਕਿੰਨਾ ਬਸਨਸੀਬ ਹਾਂ ਜਿਹੜਾ ਤੇਰਾ ਪਿਆਰ ਠੁਕਰਾ ਰਿਹਾ ਹਾਂ। ਪਰ ਇਸਦੇ ਸਿਵਾ ਹੋਰ ਕੋਈ ਚਾਰਾ ਵੀ ਨਹੀਂ। ਸਾਨੂੰ ਆਪਣੇ ਆਪਣੇ ਮਿਸ਼ਨ ਪੂਰੇ ਕਰਕੇ ਲਿਵ ਵਿੱਚ ਵਿਲੀਨ ਹੋਣਾ ਹੈ। ਜ਼ਿੰਦਗੀ ਦੇ ਅਨੰਦਾਂ ਦੀਆਂ ਠੰਡੀਆਂ ਛਾਵਾਂ ਮਾਨਣਾ ਸਾਡੀ ਕਿਸਮਤ ਵਿੱਚ ਨਹੀਂ।"
ਸੂਰਜ ਦੀ ਅੰਤਿਮ ਗੁਲਾਬੀ ਰੌਸ਼ਨੀ ਸੈਂਡਰਾ ਦੇ ਗੋਰੇ ਮੁੱਖੜੇ ਨੂੰ ਸਪੱਰਸ਼ ਕਰ ਰਹੀ ਸੀ। ਉਸਨੇ ਆਪਣੇ ਕੋਮ ਹੱਥਾਂ ਨਾਲ ਮੇਰਾ ਹੱਥ ਫੜਿਆ ਅਤੇ ਫੇਰ ਆਪਣੇ ਕੰਠ ਵਿੱਚੋਂ ਅਥਾਹ ਦਰਦੀਲੀ ਅਵਾਜ਼ ਕੱਢੀ-"ਸੁਖਾਂਤ! ਸਚਮੁਚ ਤੇਰੇ ਇਨਕਾਰ ਦਾ ਮੈਨੂੰ ਕੋਈ ਦੁੱਖ ਨਹੀਂ ਹੋਇਆ।ਸੱਚਾ ਪਿਆਰ ਕਰਨ ਵਾਲੇ, ਮਿਲਾਪ ਦੀ ਖ਼ਾਹਿਸ਼ ਨਹੀਂ ਰੱਕਦੇ। ਪਿਆਰ ਵਿੱਚ ਖੀਵੀ ਆਤਮਾਵਾਂ ਤਾਂ ਆਪਣੇ ਪਿਆਰ ਨੂੰ ਹਰ ਵੇਲੇ, ਆਪਣੇ ਦਿਲ ਵਿੱਚ ਮਘ੍ਹਦਾ ਰੱਖਦੀਆਂ ਹਨ। ਅਤੇ ਉਸ ਪਿਆਰ ਦੀ ਜੋਤ ਕਦੇ ਵੀ ਨਹੀਂ ਬੁਝਦੀ। ਠੀਕ ਹੈ, ਸਾਡਾ ਮਿਲਾਪ ਨਹੀਂ ਹੋ ਸਕਦਾ ਪਰ ਹੁਣ ਹੋਰ ਕੋਈ ਵੀ ਵਿਅਕਤੀ ਮੇਰੀ ਜ਼ਿੰਦਗੀ 'ਚ ਨਹੀਂ ਆ ਸਕਦਾ, ਜਿਸਦੀ ਅਕ੍ਰਿਤੀ ਮੈਂ ਆਪਣੇ ਮਨ 'ਚ ਵਸਾ ਲਵਾਂਗੀ। ਮੈਂ ਪਹਿਲੀ ਤੇ ਅੰਤਿਮ ਵਾਰ ਸਿਰਫ਼ ਤੈਨੂੰ ਹੀ ਪਿਆਰ ਕੀਤਾ ਹੈ ਅਤੇ ਹਮੇਸ਼ਾ ਕਰਦੀ ਰਹਾਂਗੀ।" ਉਸਨੇ ਫੇਰ ਆਪਣੀਆਂ ਬੁੱਲ੍ਹੀਆਂ ਵਿੱਚ ਮੁਸਕਰਾਹਟ ਭਰਦਿਆਂ ਕਿਹਾ-"ਮੈਂ ਹੁਣ ਇਹ ਤਾਂ ਕਹਿ ਨਹੀਂ ਸਕਦੀ ਕਿ ਅਸੀਂ ਸਵਰਗ ਵਿੱਚ ਮਿਲਾਂਗੇ। ਕਿਉਂਕਿ ਮੈਂ ਇਹਨਾਂ ਕਾਲਪਨਿਕ ਚੀਜ਼ਾ ਵਿੱਚ ਯਕੀਨ ਨਹੀਂ ਕਰਦੀ।........"
ਸੂਰਜ ਹੁਣ ਸਾਗਰ ਨੂੰ ਆਪਣਾ ਅੰਤਿਮ ਚੁੰਬਨ ਦੇ ਰਿਹਾ ਸੀ। ਸ਼ਾਮ ਦਾ ਹਨੇਰਾ ਜਿਹੜਾ ਸੂਰਜ ਦੀ ਜਗ੍ਹਾਂ ਲੈਣ ਆਇਆ ਸੀ, ਹੌਲੀ ਹੌਲੀ ਆਪਣੇ ਖੰਭ ਪਸਾਰ ਰਿਹਾ ਸੀ। ਸੂਰਜ ਦੀ ਰੌਸ਼ਨੀ ਇਸ ਆਸ ਨਾਲ ਵਿਛੜ ਰਹੀ ਸੀ ਕਿ ਨਵੀਂ ਸਵੇਰ ਜ਼ਰੁਰ ਆਵੇਗੀ ਜਦੋਂ ਸੂਰਜ ਇਕ ਵੇਰਾਂ ਫੇਰ ਆਪਣੇ ਚਮਕਦੇ ਮੁੱਖ ਨਾਲ ਖਿਤਿਜ ਤੇ ਉਭਰੇਗਾ। ਵਿਛੜਨ ਵੇਲੇ ਵੀ ਸੂਰਜ (ਜਿਵੇਂ) ਮੁਸਕਾ ਰਿਹਾ ਸੀ।
ਸੈਂਡਰਾ ਅਤੇ ਮੇਰੀਆਂ ਤਰਲਤਾ ਵਿੱਚ ਡੁੱਬੀਆਂ ਅੱਖਾਂ ਆਪਸ ਵਿੱਚ ਮਿਲੀਆਂ ਅਤੇ ਅਸੀਂ ਇਹ ਜਾਣ ਲਿਆ ਕਿ ਵਸਲ ਵਾਂਗ ਵਿਛੋੜਾ ਵੀ ਅਸਥਾਈ ਹੀ ਹੁੰਦਾ ਹੈ। ਇਨਸਾਨ ਸਦਾ ਜ਼ਿੰਦਗੀ ਦੀ ਸੱਚੀ ਖੋਜ ਦੀ ਸੁਪਨਈ ਯਤਾਰਾ ਕਰਦਾ ਰਹਿੰਦਾ ਹੈ। ਮਿਲਾਪ ਦੇ ਸੁੱਖ ਨਾਲੋਂ ਵਿਛੋੜੇ ਦਾ ਦਰਦ ਜ਼ਿਆਦਾ ਸੁਖਾਵਾਂ ਹੁੰਦਾ ਹੈ। ਅਤੇ ਦਿਲਾਂ ਤੇ ਪਏ ਵਿਛੋੜੇ ਦੇ ਨਿਸ਼ਾਨ ਇਕ ਨਵੀਂ ਤਵਾਰੀਖ ਦੀ ਸਿਰਜਣਾ ਕਰ ਦਿੰਦੇ ਹਨ...............
ਅਸੀਂ ਟੁਰਦੇ ਟੁਰਦੇ ਉੱਥੇ ਆ ਗਏ, ਜਿਥੇ ਮੇਰਾ ਸਪੇਸਸ਼ਿੱਪ ਖੜਾ ਸੀ। ਮੈਂ ਅੰਤਿਮ ਵਾਰ ਸੈਂਡਰਾ ਦੇ ਮੁੱਖੜੇ ਦਾ ਚੁੰਬਨ ਲੈ ਕੇ ਪਲਾਂ ਵਿੱਚ ਹੀ ਸਪੇਸਸ਼ਿੱਪ ਵਿੱਚ ਜਾ ਬੈਠਾ। ਮੈਥੋਂ ਹੁਣ ਸੈਂਡਰਾ ਅਤੇ ਉਸਦੇ ਉਦਾਸ ਨੇਤਰਾਂ ਵੱਲ ਹੋਰ ਨਹੀਂ ਵੇਖਿਆ ਜਾਂਦਾ ਸੀ। ਇੰਝ ਲੱਗ ਰਿਹਾ ਸੀ ਕਿ ਮੇਰੇ ਜਿਹੇ ਪੱਥਰ ਦਿਲ ਦਾ ਵੀ ਰੋਣ ਨਿਕਲ ਜਾਵੇਗਾ। ਸੈਂਡਰਾ ਨੂੰ ਅੰਤਿਮ ਵਿਦਾ ਕਹਿਕੇ ਮੈਂ ਆਪਣੇ ਸਪੇਸਸ਼ਿੱਪ ਨੂੰ ਅਣਜਾਣੀ ਮੰਜ਼ਿਲ ਵੱਲ੍ਹ ਉੜਾ ਦਿੱਤਾ। ਮੈਨੂੰ ਨਹੀਂ ਪਤਾ ਸੀ ਕਿ ਮੈ ਕਿੱਥੇ ਜਾਣਾ ਏ? ਮੇਰਾ ਕੰਮ ਬੱਸ ਇੰਝ ਹੀ ਸਪੇਸ ਵਿੱਚ ਗਸ਼ਤ ਲਗਾਉਣਾ ਸੀ ਅਤੇ ਜੋ ਕਿਸੇ ਜਗ੍ਹਾ "ਅਣਹੋਣੀ" ਹੋ ਰਹੀ ਹੋਵੇ ਤਾਂ ਉਸ ਦੇ ਬਾਰੇ ਪੂਰੇ ਤੱਥ ਪ੍ਰਿਥਵੀ ਤੇ ਸਥਿਤ ਆਪਣੇ ਹੈੱਡਕਵਾਟਰ ਨੂੰ ਭੇਜਣੇ ਸਨ। ਮੈਂ ਇੰਝ ਸਪੇਸ ਅਤੇ ਟਾਈਮ ਦੀ ਯਾਤਰਾ ਕਰਦਾ ਰਹਿੰਦਾ ਸਾਂ। ਇਸ ਕੰਮ ਵਿੱਚ ਮੈਨੂੰ ਕਈ ਵਾਰ ਖ਼ਤਰਿਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਅਨੇਕਾਂ ਵਾਰ ਮੈਂ ਮੌਤ ਦੇ ਮੂੰਹੋ ਵੀ ਬਚ ਕੇ ਨਿਕਲਿਆ ਸੀ।
ਇਹੋ ਜਿਹੀਆਂ ਪ੍ਰਸਥਿਤੀਆਂ ਵਿੱਚ ਗੁਜ਼ਰਦਿਆਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਇਕ ਗੁਲਾਬੀ ਅਤੇ ਸੰਗਤਰੀ ਸਵੇਰ ਨੂੰ ਮੇਰੀ ਸੈਂਡਰਾਂ ਨਾਲ ਮੁਲਾਕਾਰ ਗ੍ਰਹਿ ਸਮਾਰੋ ਤੇ ਹੀ ਹੋਸੀ ਸੀ। ਮੈਂ ਅਤਿਅੰਤ ਜ਼ਖਮੀ ਹਾਲਤ ਵਿੱਚ ਸਾਂ। ਮੇਰੇ ਤੇ ਖਤਰਨਾਕ ਕਾਸਮਿਕ ਕਿਰਨਾਂ ਦਾ ਪ੍ਰਭਾਵ ਸੀ। ਉਦੋਂ ਸੈਂਡਰਾਂ ਨੇ ਹੀ ਮੇਰਾ ਇਲਾਜ ਕੀਤਾ ਸੀ।
ਸੈਂਡਰਾਂ ਗ੍ਰਹਿ ਸਮਾਰੋ ਤੋਂ ਪੰਜ ਪ੍ਰਕਾਸ਼ ਵਰ੍ਹੇ ਦੂਰ ਗ੍ਰਹਿ ਬਰਿਹੋਜ ਦੀ ਰਹਿਣ ਵਾਲੀ ਸੀ। ਦਰਅਸਲ ਕੁਝ ਸਾਲ ਹੋਏ ਐਂਡਰੋਮੈਡਾ ਗਲੈਕਸੀ ਵਿੱਚ ਸਥਿਤ ਤਿੰਨ ਗ੍ਰਹਿਆਂ ਬਰਿਹੋਜ, ਵਿਵਾਂਸ ਅਤੇ ਗੋਟਰੇ ਦੇ ਪ੍ਰਤੀਨਿਧੀਆਂ ਨੇ ਆਪਣੇ ਸੋਰ ਮੰਡਲ ਵਿੱਚ ਸਥਿਤ ਗ੍ਰਹਿ ਸਮਾਰੋ ਤੇ ਜੀਵਨ ਦੀ ਚਿਣਗ ਵਸਾਉਣ ਦੀ ਸਮੂਹਿਕ ਕੋਸ਼ਿਸ਼ ਅਰੰਭੀ ਸੀ। ਇਸ ਸਿਲਸਿਲੇ ਵਿੱਚ ਇਹਨਾਂ ਤਿੰਨਾਂ ਗ੍ਰਹਿਆਂ ਤੋਂ ਉੱਚ ਕੋਟੀ ਦੇ ਵਿਗਿਆਨਕਾਂ ਦੀ ਇਕ ਟੀਮ ਗ੍ਰਹਿ ਸਮਾਰੋ ਤੇ ਭੇਜੀ ਗਈ ਸੀ। ਸੈਂਡਰਾ ਉਸ ਟੀਮ ਦੀ ਪ੍ਰਮੁੱਖ ਸੀ।
ਛੇ ਮਹੀਨਿਆਂ ਬਾਅਦ
ਅੱਜ ਮੇਰਾ ਮਨ ਬਹੁਤ ਉਦਾਸ ਹੈ। ਸੈਂਡਰਾ ਦੀ ਯਾਦ ਰਹਿ ਰਹਿ ਕੇ ਆ ਰਹੀ ਹੈ। ਮੈਂ ਕੀ ਕਰਾਂ ਤੇ ਕੀ ਨਾ ਕਰਾਂ? ਮਨ ਪਾਗਲ ਕੁਝ ਵੀ ਸਮਝ ਨਹੀਂ ਸੀ ਰਿਹਾ।
ਪਿਛਲੇ ਛੇ ਮਹੀਨੇ ਮੈਂ ਕਿੰਝ ਬਿਤਾਏ ਹਨ। ਇਹ ਸਿਰਫ਼ ਮੈਂ ਹੀ ਜਾਣਦਾ ਹਾਂ। ਇਹਨਾਂ ਛੇ ਮਹੀਨਿਆਂ ਵਿੱਚ ਮੈਂ ਐਨੀ ਪੀੜ ਹੰਢਾਈ ਜਿੰਨੀ ਮੈਨੂੰ ਹੁਣ ਤੱਕ ਲੱਗੇ ਸਰੀਰਕ ਜ਼ਖ਼ਮਾਂ ਤੋਂ ਵੀ ਕਦੇ ਨਹੀਂ ਮਹਿਸੂਸ ਹੋਈ। ਹਰ ਵੇਲੇ ਮੇਰੇ ਦਿਲੋ ਦਿਮਾਗ ਤੇ ਸੈਂਡਰਾ ਦਾ ਹੁਸੀਨ ਮੁਖੜਾ ਹੀ ਛਾਇਆ ਰਹਿੰਦਾ ਸੀ। ਮੈਂ ਉਸ ਦੀ ਯਾਦ ਨਾ ਭੁਲਾ ਸਕਿਆ, ਭਾਵੇਂ ਮੈਂ ਬ੍ਰਹਿਮੰਡ ਵਿੱਚ ਭਿੰਨ-ਭਿੰਨ ਮਾਮਲਿਆਂ 'ਚ ਸਰਗਰਮ ਰਿਹਾ
ਸੀ।
ਪਰ ਅੱਜ ਦਾ ਦਿਨ ਬਹੁਤ ਔਖਾ ਹੈ। ਹੁਣ ਮੈਂ ਨਿਸ਼ਚਾ ਕਰ ਲਿਆ ਹੈ ਕਿ ਮੈਂ ਸਮਾਰੋ ਗ੍ਰਹਿ ਤੇ ਸੈਂਡਰਾ ਕੋਲ ਜਾਵਾਂਗਾ। ਮੈਂ ਉਸ ਨੂੰ ਆਪਣਾ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।
1000 ਘੰਟੇ ਬਾਅਦ-ਮੈਂ ਸਮਾਰੋ ਗ੍ਰਹਿ ਪੁੱਜ ਚੁੱਕਾ ਹਾਂ। ਗ੍ਰਹਿ ਸਮਾਰੋ ਦਾ ਹੁਣ ਕਾਫ਼ੀ ਵਿਕਾਸ ਹੋ ਚੁੱਕਾ ਹੈ। ਉਥੇ ਕੁਝ ਕੁ ਇਸਪਾਤ ਦੀਆਂ ਇਮਾਰਤਾਂ ਉਸਰ ਚੁੱਕੀਆਂ ਹਨ ਅਤੇ ਰਹਿ ਰਹੇ ਪਰਿਵਾਰਾਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ। ਉਥੋਂ ਦੇ ਵਾਤਾਵਰਣ ਵਿੱਚ ਵਹਿ ਰਹੀ ਹਵਾ ਵਿੱਚ ਜੀਵਨ ਦੇਣ ਵਾਲੀ ਆਕਸੀਜਨ ਦੀ ਪ੍ਰਤੀਸ਼ਨ ਮਾਤਰਾ ਵੀ ਵਧ ਗਈ ਹੈ। ਪਰ ਪਤਾ ਨਹੀਂ ਕਿਉਂ ਮੈਨੂੰ ਇਹ ਹਵਾ ਪਰਾਈ ਲੱਗ ਰਹੀ ਹੈ?
ਐਸ ਵੇਲੇ ਮੈਂ ਸੰਸਾਰ ਭਰ ਦੀ ਵਿਰਾਨਗੀ ਅਤੇ ਉਦਾਸੀ ਵਿੱਚ ਡੁਬਿਆ ਸੈਂਡਰਾ ਦੀ ਕਬਰ ਕੋਲ ਖੜਾ ਹਾਂ। ਲਗੇ ਹੀ ਮੇਰੀ ਸੈਂਡਰਾ ਦਾ ਮੋਮ ਦਾ ਬੁੱਤ ਲੱਗਾ ਹੋਇਆ ਹੈ। ਪਰ ਉਹ ਮੇਰੀ ਸੈਂਡਰਾ ਨਹੀਂ। ਮੇਰੀ ਸੈਂਡਰਾ ਤਾਂ ਮੌਤ ਦੇ ਅਥਾਹ ਆਨੰਦ ਵਿੱਚ ਡੁੱਬ ਚੁੱਕੀ ਹੈ। ਸਮਾਰੋ ਗ੍ਰਹਿ ਦੇ ਪਰਬਤਾਂ ਦੇ ਆਂਚਲ ਵਿੱਚੋਂ ਨਿਕਲਣ ਵਾਲੀਆਂ ਰੇਡੀਓ ਐਕਟਿਵ ਤਰੰਗਾ ਨੇ ਉਸ ਦੇ ਜਿਸਮ ਤੇ ਵਿਨਾਸ਼ਕਾਰੀ ਪ੍ਰਭਾਵ ਨੂੰ ਨਾ ਝਲਦਿਆਂ ਹੋਇਆਂ, ਉਹ ਮੌਤ ਦੇ ਰਹੱਸਮਈ ਰਾਹਾਂ ਦੀ ਰਾਹੀ ਬਣ ਗਈ ਸੀ।
ਮੇਰੀਆਂ ਪਲਕਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਡਿੱਗ ਰਹੇ ਹਨ। ਮੇਰੀਆਂ ਅੱਖਾਂ ਮੂਹਰਿਓ ਸੈਂਡਰਾ ਦਾ ਹੁਸੀਨ ਮੁਖੜਾ ਨਹੀਂ ਹਟ ਰਿਹਾ। ਸੈਂਡਰਾ ਦਾ ਉਹ ਹੁਸੀਨ ਮੁਖੜਾ ਮੇਰੇ ਜਿਸਮ ਦੇ ਰੋਮ-ਰੋਮ ਵਿੱਚ ਘਰ ਕਰ ਜਾਂਦਾ ਹੈ।
ਮੈਂ ਫੇਰ ਉਥੇ ਇਕ ਪਲ ਵੀ ਨਹੀਂ ਰੁਕਦਾ ਹਾਂ। ਮੈਂ ਆਪਣੇ ਸਪੇਸਸ਼ਿੱਪ ਨੂੰ ਛਿਣਾਂ ਵਿੱਚ ਹੀ ਸਮਾਰੋ ਗ੍ਰਹਿ ਤੋਂ ਦੂਰ ਲੈ ਆਉਂਦਾ ਹਾਂ ਅਤੇ ਫੇਰ ਮੇਰਾ ਸਫ਼ਰ ਇਕ ਅਣਦੇਖੀ ਮੰਜ਼ਿਲ ਵੱਲ ਨੂੰ ਸ਼ੁਰੂ ਹੋ ਜਾਂਦਾ ਹੈ। ਸ਼ਾਇਦ.... ਮੌਤ ਵੱਲ ਨੂੰ!
ਟਿੱਪਣੀ - ਸੂਰਜ-ਮੰਡਲ ਬ੍ਰਹਿਮੰਡ ਦਾ ਇੱਕ ਬਹੁਤ ਹੀ ਛੋਟਾ (ਮਹੀਨ, ਜਿਵੇਂ ਬਾਲੂ ਦੀ ਰੇਤ ਦਾ ਇੱਕ ਕਣ) ਹਿੱਸਾ ਹੈ। ਸਭ ਤੋਂ ਨੇੜਲਾ ਸਿਤਾਰਾ ਪ੍ਰਥਮ ਕਿੰਨਰ (Alpha Centauri) ਤਕਰੀਬਨ 4 ਪ੍ਰਕਾਸ਼ ਵਰ੍ਹੇ ਦੂਰ ਹੈ - ਜਿੱਥੇ ਪ੍ਰਕਾਸ਼ ਨੂੰ ਪਹੁੰਚਣ ਲਈ ਚਾਰ ਸਾਲ ਲੱਗ ਜਾਣਗੇ, ਤੇ ਮਨੁੱਖ ਦੁਆਰਾ ਵਿਕਸਿਤ ਖਾਵਾ ਯੂਹਾਨ (Space Ship) ਜੇ 13000 ਕਿਲੋਮੀਟਰ/ਘੰਟਾ ਚੱਲੇ ਤਾਂ ਤਕਰੀਬਨ 100 ਸਾਲ ਤੋਂ ਵੀ ਉੱਪਰ ਦਾ ਸਮਾਂ ਲੱਗ ਜਾਏਗਾ , ਜੋ ਕਿ ਇੱਕ ਸਦੀ ਦੇ ਬਰਾਬਰ ਹੈ! ਅੰਤਰਿਖਸ਼ ਵਿੱਚ ਦੂਰੀਆਂ ਬਹੁਤ ਵਿਸ਼ਾਲ ਹਨ ਤੇ ਕਾਲ (ਸਮਾਂ) ਦੀ ਗਤੀ ਵੀ ਪ੍ਰਿਥਵੀ ਤੋਂ ਅੱਲਗ ਹੋ ਜਾਂਦੀ ਹੈ। ਮਨੁੱਖ ਦੀ ਆਧੁਨਿਕ ਤਕਨੀਕ ਅਜੇ ਤੱਕ ਉਸਦਾ ਹੱਲ ਨਹੀਂ ਲੱਭ ਸਕੀ। ਅਮਰੀਕਾ ਵਲ੍ਹੋਂ 1972 ਵਿੱਚ ਪਾਇਨੀਅਰ 10 ਅੰਤਰਿਖਸ਼ ਮਿਸ਼ਨ ਭੇਜਿਆ ਗਿਆ ਸੀ, ਜੋ 1973 ਵਿੱਚ ਬ੍ਰਹਿਸਪਤੀ ਗ੍ਰਹਿ ਦੇ ਕੋਲੋ ਦੀ ਲੰਘਿਆ, ਉਸਨੇ ਸੂਰਜ-ਮੰਡਲ ਦੇ ਬੇਸ਼ਕੀਮਤੀ ਫ਼ੋਟੋ ਪ੍ਰਿਥਵੀ ਨੂੰ ਪ੍ਰਸਾਰਿਤ ਕੀਤੇ, ਪਰ ਸਦੀਆਂ ਤੱਕ ਉਹ ਕਿਸੇ ਵੀ ਨੇੜਲੇ ਸਿਤਾਰੇ ਕੋਲ਼ ਨਹੀਂ ਪੁੱਜੇਗਾ ...ਤੇ 2003 ਵਿੱਚ ਬੈਟਰੀ ਫ਼ੇਲ ਹੋਣ ਕਰਕੇ ਉਸਦਾ ਪ੍ਰਿਥਵੀ ਨਾਲ਼ੋਂ ਸੰਪਰਕ ਟੁੱਟ ਗਿਆ! ਇਹ ਉਸ ਸੁਪਨੇ ਦਾ ਅੰਤ ਸੀ ਜੋ ਕਿ ਵਿਕਸਿਤ ਗ੍ਰਹਿ ਖੋਜਣ ਲਈ ਸਾਕਾਰ ਨਹੀਂ ਸੀ ਹੋ ਸਕਿਆ। ਇੱਕ ਆਸ ਸੀ ਕਿ ਪ੍ਰਿਥਵੀ ਦਾ ਵਿਗਿਆਨ ਦੂਰ ਗਹਿਨ ਅੰਤਰਿਖਸ਼ ਵਿੱਚੋਂ ਉਹਨਾਂ ਦੇ ਸੰਦੇਸ਼ ਸਮਝਣ ਦੇ ਯੋਗ ਹੋ ਜਾਵੇਗਾ।