ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥
ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥ { ਸ਼੍ਰੀ ਗੁਰੂ ਗਰੰਥ ਸਾਹਿਬ, ਪੰਨਾ 1362}
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਮੁਖਾਰਬਿੰਦ ਤੋਂ ਫੁਰਮਾਉਂਦੇ ਹਨ ਕਿ ਸੁਪਨੇ ਵਿੱਚ ਮੈਂ (ਜੀਵ ਇਸਤਰੀ) ਪ੍ਰਭੂ-ਪਤੀ ਨੂੰ ਵੇਖ ਕੇ ਉੱਭੜ ਵਾਹੇ ਉੱਠ ਖਲੋਤੀ, ਮੈਂ ਉਸਦਾ ਆਂਚਲ ਕਿਓਂ ਨਾ ਫੜਿਆ? ਉਸਦੇ ਸੁੰਦਰ ਨੂਰੀ ਮੁੱਖੜੇ ਨੂੰ ਤੱਕ ਕੇ ਮੇਰਾ ਮਨ ਮੋਹ ਨਾਲ਼ ਭਿੱਜਿਆ ਗਿਆ, ਤੇ ਮੈਨੂੰ ਆਪਣੇ ਆਪ ਦੀ ਸੁਰਤ ਨਾਂ ਰਹੀ। ਹੁਣ ਮੈਂ ਉਸਦੇ ਪਗ-ਚਿੰਨ੍ਹਾਂ ਨੂੰ ਖੋਜਦੀ ਫਿਰਦੀ ਹਾਂ। ਹੈ ਹਰੀ, ਹੇ ਸਖੀ, ਮੈਨੂੰ ਕੋਈ ਅਜਿਹਾ ਤਰੀਕਾ ਦੱਸੋ ਜਿਸ ਨਾਲ਼ ਮੈਨੂੰ ਮੇਰਾ ਪ੍ਰੀਤਮ ਪਿਆਰਾ ਮਿਲ਼ ਜਾਇ।
ਇਹ ਤਾਂ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜੁੱਗ-ਪੁਰਸ਼ ਗੁਰੂ ਜੀ ਦੇ ਮਨ ਦੀ ਆਤਮਿਕ ਅਵਸਥਾ ਹੈ, ਜਿਸਨੂੰ ਅਸੀਂ ਸੰਸਾਰੀ ਜੀਵ ਨਹੀਂ ਸਮਝ ਸਕਦੇ ਹਾਂ। ਪਰ ਅਸੀਂ ਸੰਸਾਰੀ ਜੀਵ ਵੀ ਸੁਪਨੇ ਵਿੱਚ ਉੱਭੜ ਵਾਹੇ ਉੱਠਦੇ ਹਾਂ, ਕਹਿੰਦੇ ਹਨ ਉਹ ਸੁਪਨਾ ਅਕਸਰ ਯਾਦ ਰਹਿੰਦਾ ਹੈ, ਜਿਸ ਵਿੱਚੋਂ ਆਸੀਂ ਇੱਕ-ਦਮ ਜਾਗ ਉੱਠਦੇ ਹਾਂ! ਅਕਸਰ ਉਹ ਕੋਈ ਡਰਾਵਣਾ ਸੁਪਨਾ ਹੁੰਦਾ ਹੈ, ਜਾਂ ਫਿਰ ਜਿਸ ਵਿੱਚ ਕੋਈ ਵਿਰੋਧਾਭਾਸ ਹੋਵੇ - ਡਰਾਵਣਾ ਸੁਪਨਾ ਜਿਸਨੂੰ ਦਬਾਅ (Nightmare) ਵੀ ਕਹਿੰਦੇ ਹਾਂ। ਇੱਕ ਤਾਜ਼ਾ ਖ਼ਬਰ (Sandee LaMotte, CNN News, 2021) ਦੇ ਅਨੁਸਾਰ ਅੱਜ-ਕੱਲ੍ਹ ਕੋਰੋਨਾ ਮਹਾਂਮਾਰੀ ਦੇ ਅਨੁਸਾਰ ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾਤਰ ਡਰਾਵਣੇ ਸੁਪਨੇ ਆ ਰਹੇ ਹਨ, ਕਿਓਂਕਿ ਘਰ ਬੰਦ ਰਹਿਣ ਦੇ ਕਾਰਨ ਉਹਨਾਂ ਦੇ ਸੌਣ ਤੇ ਜਾਗਣ ਦਾ ਸਮਾਂ ਬਦਲ ਗਿਆ ਹੈ। ਲੋਕ ਰਾਤ ਦੇਰ ਤੱਕ ਨਹੀਂ ਸੌਂਦੇ ਕਿਓਂਕਿ ਉਹਨਾਂ ਨੂੰ ਸਵੇਰੇ ਦਫ਼ਤਰ ਜਾਣ ਦਾ ਫਿਕਰ ਨਹੀਂ ਹੁੰਦਾ - ਪਰ ਉਹਨਾ ਨੂੰ ਮਹਾਮਾਰੀ ਜਾਂ ਉਸਤੋਂ ਹੋਣ ਵਾਲ਼ੇ ਦੁਸ਼-ਪ੍ਰਭਾਵਾਂ ਕਰਕੇ ਜੋ ਮਾਨਸਿਕ ਤਣਾਅ ਹੋ ਰਿਹਾ ਹੈ, ਉਹ ਡਰਾਵਣੇ ਸੁਪਨਿਆਂ ਦਾ ਕਾਰਣ ਬਣ ਰਿਹਾ ਹੈ! ਕੈਲੀਫ਼ੋਰਨੀਆ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ: ਰਾਜ ਦਾਸਗੁਪਤਾ, ਜੋ ਨੀਂਦ ਦੇ ਮਾਹਰ ਹਨ, ਕਹਿੰਦੇ ਹਨ ਕਿ ਉਹਨਾਂ ਦੇ ਮਰੀਜ਼ ਦੱਸਦੇ ਹਨ ਕਿ ਉਹਨਾਂ ਨੂੰ ਅੱਜ-ਕੱਲ੍ਹ ਸਾਫ਼ ਤੇ ਸਪਸ਼ਟ ਸੁਪਨੇ ਆ ਰਹੇ ਹਨ, ਜੋ ਉਹਨਾਂ ਨੂੰ ਯਾਦ ਰਹਿੰਦੇ ਹਨ, ਜੋ ਡਰਾਵਣੇ ਵੀ ਹਨ! ਅਜਿਹਾ ਅਕਸਰ ਕਿਸੇ ਸਦਮੇ ਦੇ ਦੌਰਾਨ, ਐਕਸੀਡੈਂਟ ਤੋਂ ਬਾਅਦ ਜਾਂ ਫਿਰ ਕਿਸੇ ਭਿਆਨਕ ਬਿਮਾਰੀ ਦੇ ਵਿੱਚ ਹੋ ਸਕਦਾ ਹੈ। ਮਹਾਂਮਾਰੀ ਜਾ ਹੋਰ ਰਾਸ਼ਟਰੀ ਸੰਤਾਪ ਦੇ ਕਰਕੇ ਵੀ ਡਰਾਵਣੇ ਜਾਨਦਾਰ ਸੁਪਨੇ ਸੰਭਵ ਹਨ, ਜੋ ਅਕਸਰ ਲੋਕਾਂ ਨੂੰ ਯਾਦ ਰਹਿੰਦੇ ਹਨ।
ਰਾਤ ਨੂੰ ਦੇਰ ਨਾਲ਼ ਸੌਣ ਕਰਕੇ ਅਸੀਂ ਦੇਰ ਨਾਲ਼ ਉੱਠਦੇ ਵੀ ਹਾਂ, ਕਦੇ ਕਦੇ ਰਾਤ ਨੂੰ ਵੀ ਨੀਂਦ ਖੁੱਲ੍ਹ ਜਾਂਦੀ ਹੈ ਤੇ ਮੁੜਕੇ ਘੰਟਿਆਂ ਵੱਧੀ ਦੁਬਾਰਾ ਨੀਂਦ ਨਹੀ ਆਉਂਦੀ, ਫੇਰ ਤੜਕੇ ਗੂੜ੍ਹੀ ਅੱਖ ਲੱਗ ਜਾਂਦੀ ਹੈ ਤੇ ਅਸੀਂ ਸਵੇਰੇ ਦੇਰ ਤੱਕ ਸੌਂਦੇ ਹਾਂ, ਜਿਸ ਕਰਕੇ ਦਿਮਾਗ਼ ਨੂੰ ਅੱਖਾਂ ਦੀ ਤੇਜ਼ ਚਾਲ ਨੀਂਦ (Rapid Eye Movement - REM Sleep) ਦੀ ਅਵਸਥਾ (ਸਟੇਜ) ਲਈ ਜ਼ਿਆਦਾ ਸਮਾਂ ਮਿਲਦਾ ਹੈ! ਅੱਖਾਂ ਦੀ ਤੇਜ਼ ਚਾਲ ਅਵਸਥਾ ਸਮੇਂ ਹੀ ਸਾਡਾ ਦਿਮਾਗ਼ ਯਾਦਾਂ ਨੂੰ ਦ੍ਰਿੜ੍ਹ ਕਰਦਾ ਹੈ ਤੇ ਮਹੱਤਵਪੂਰਨ ਯਾਦਾਂ ਨੂੰ ਥੋੜੇ ਸਮੇਂ ਦੀ ਯਾਦ-ਸ਼ਕਤੀ (Short-term Memory) ਤੋਂ ਲੰਮੇ ਸਮੇਂ ਦੀ ਪੱਕੀ ਯਾਦ-ਸ਼ਕਤੀ (Long-term Memory) ਦੇ ਵਿੱਚ ਸੰਗਠਿਤ (Store) ਕਰਦਾ ਹੈ। ਨੀਂਦ ਦੀ ਇਹ ਅਵਸਥਾ ਅਕਸਰ ਰਾਤ ਦੇ ਚੌਥੇ ਪਹਿਰ ਹੁੰਦੀ ਹੈ, ਸਵੇਰੇ ਨੀਂਦ ਖੁੱਲ੍ਹਣ ਤੋਂ ਪਹਿਲਾਂ। ਜੇ ਉਸ ਵਿੱਚ ਚਿੰਤਾ, ਬੇਚੈਨੀ, ਤੇ ਮਹਾਂਮਾਰੀ ਦਾ ਮਾਨਸਿਕ ਤਣਾਅ ਪਾ ਦੇਈਏ ਤਾਂ ਡਰਾਵਣੇ ਸੁਪਨਿਆ ਦਾ ਸੰਪੂਰਨ ਨੁਸਖਾ ਤਿਆਰ ਹੋ ਜਾਂਦਾ ਹੈ।
ਅੱਜ-ਕੱਲ੍ਹ ਦੇ ਤਣਾਅ ਦੀ ਸਥਿੱਤੀ ਵਿੱਚ ਜਦੋਂ ਅੱਖਾਂ ਦੀ ਤੇਜ਼ ਚਾਲ ਨੀਂਦ (REM) ਦੀ ਅਵਸਥਾ ਜ਼ਿਆਦਾ ਸਮਾਂ ਰਹਿੰਦੀ ਹੈ ਤਾਂ ਸਾਨੂੰ ਡਰਾਵਣੇ ਸੁਪਨੇ ਵੀ ਜ਼ਿਆਦਾ ਆਉਂਦੇ ਹਨ। ਅਸੀਂ ਕੋਰੋਨਾ ਮਹਾਮਾਰੀ ਨੂੰ ਇਹਨਾਂ ਡਰਾਵਣੇ ਸੁਪਨਿਆਂ ਦੀ ਵਜ੍ਹਾ ਕਹਿ ਸਕਦੇ ਹਾਂ! ਕਈ ਤਰ੍ਹਾਂ ਦੇ ਡਰਾਵਣੇ ਸੁਪਨੇ ਆ ਸਕਦੇ ਹਨ! ਜਿਹੜੇ ਲੋਕ ਘਰਾਂ ਵਿੱਚ ਲੌਕ ਡਾਊਨ ਦੇ ਕਾਰਨ ਬੰਦ ਹਨ, ਉਹਨਾਂ ਨੂੰ ਅਜਿਹੇ ਸੁਪਨੇ ਆਉਂਦੇ ਹਨ ਕਿ ਜਿਵੇਂ ਉਹ ਕਿਸੇ ਜੇਲ੍ਹ ਵਿੱਚ ਬੰਦ ਹੋਣ। ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਜੀ ਜਾਂ ਸੰਬਧੀ ਮੁਸੀਬਤ ਵਿੱਚ ਹੋਣ। ਜਾਂ ਫਿਰ ਕੋਰੋਨਾ ਹੋ ਜਾਣ ਦੇ ਡਰ ਸੰਬਧੀ ਸੁਪਨੇ ਆਉਂਦੇ ਹਨ। ਡਾਕਟਰ, ਨਰਸਾਂ ਤੇ ਹੋਰ ਮੈਡੀਕਲ ਸਟਾਫ਼ ਜੋ ਇਸ ਮਹਾਂਮਾਰੀ ਨਾਲ਼ ਜੰਗ ਦੇ ਮੋਰਚੇ ਦੇ ਸਭ ਤੋਂ ਅੱਗੇ ਹੋ ਕੇ ਆਪਣੀਆਂ ਜਾਨਾਂ ਜ਼ੋਖ਼ਿਮ ਵਿੱਚ ਪਾ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ, ਉਹਨਾਂ ਦੇ ਉੱਪਰ ਮਾਨਸਿਕ ਤਣਾਅ ਸਭ ਤੋਂ ਵੱਧ ਹੈ, ਪਰ ਉਹਨਾਂ ਨੂੰ ਮਰ ਰਹੇ ਮਰੀਜ਼ਾਂ ਨੂੰ ਬਚਾਉਣ ਦੇ ਸੁਪਨੇ ਹੀ ਆਉਂਦੇ ਹਨ। ਜਿਵੇਂ ਕੋਈ ਮਰੀਜ਼ ਬਿਮਾਰੀ ਨਾਲ਼ ਜੂਝ ਰਿਹਾ ਹੈ, ਆਪਣੇ ਆਖਰੀ ਸਾਹਾਂ ਤੇ ਹੈ, ਤੇ ਡਾਕਟਰ ਤੇ ਨਰਸਾਂ ਉਸਨੂੰ ਬਚਾਉਣ ਦਾ ਪੂਰਾ ਜ਼ੋਰ ਲਗਾ ਰਹੇ ਹਨ - ਕੋਈ ਉਸ ਲਈ ਵੈਂਟੀਲੇਟਰ ਲੱਭ ਰਿਹਾ ਹੈ, ਤੇ ਕੋਈ ਆਕਸੀਜਨ।
ਦੁਨੀਆਂ ਦੇ ਵੱਖ-ਵੱਖ ਦੇਸ਼ਾ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਦਾ ਇੱਕ ਹੋਰ ਕਾਰਨ ਵੀ ਸ਼ਾਮਿਲ ਹੋ ਰਿਹਾ ਹੈ। ਸਰਮਾਏਦਾਰ ਆਮ ਕਿਰਤੀ ਕਿਸਾਨਾਂ ਦੀ ਹੋਰ ਲੁੱਟ-ਖਸੁੱਟ ਕਰਨ ਦਾ ਭਾਣਾ ਲੱਭ ਰਹੇ ਹਨ। ਕਿਤੇ ਨਸਲਕੁਸ਼ੀ ਦੇ ਅਧਾਰ 'ਤੇ ਭੇਦਭਾਵ ਤੇ ਮਰਾਮਾਰੀ ਹੋ ਰਹੀ ਹੈ। ਕਿਤੇ ਤਾਨਾਸ਼ਾਹ ਜਾਂ ਫ਼ੌਜੀ ਹਕੂਮਤ ਲੋਕਾਂ ਦੀ ਕਤਲੋਗ਼ਾਰਤ ਕਰ ਰਹੇ ਹਨ। ਮਹਾਂਮਾਰੀ ਦੇ ਕਰਕੇ ਲੋਕਾਂ ਦੇ ਅਸਲੀ ਚਿਹਰੇ ਤੇ ਹਰਕਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਇਸ ਸਭ ਕਰਕੇ ਆਮ ਇਨਸਾਨ ਦੀ ਮਾਨਸਿਕ ਸਥਿੱਤੀ ਬਹੁਤ ਪ੍ਰਭਾਵਿਤ ਹੋ ਰਹੀ ਹੈ! ਇਸ ਕਠੋਰ ਯਥਾਰਥ ਕਰਕੇ ਡਰਾਵਣੇ ਸੁਪਨਿਆਂ ਦੇ ਕਾਰਨ ਵਿੱਚ ਇੱਕ ਹੋਰ ਕਾਰਨ ਸ਼ਾਮਿਲ ਹੋ ਰਿਹਾ ਹੈ! ਇੱਕ ਜਪਾਨੀ ਲੇਖਕ, ਹਾਰੂਕੀ ਮੁਰਾਕਮੀ ਆਪਣਾ ਸੁਪਨਾ ਇੰਝ ਬਿਆਨ ਕਰਦਾ ਹੈ - ਇੱਕ ਸ਼ਹਿਰ ਹੈ ਜਿੱਥੇ ਇੱਕ ਰੇਲਗੱਡੀ ਰੁਕਦੀ ਹੈ, ਉਹ ਉਥੇ ਉੱਤਰਦਾ ਹੈ ਤੇ ਦੇਖਦਾ ਹੈ ਕਿ ਸ਼ਹਿਰ ਬਿਲਕੁਲ ਖਾਲੀ ਹੈ - ਹਰ ਪਾਸੇ ਸੁੰਨਮਸਾਨ ਪਸਰੀ ਹੋਈ ਹੈ। ਲੋਕ ਕਿਧਰੇ ਚਲੇ ਗਏ ਹਨ, ਮਹਾਂਮਾਰੀ ਦੇ ਕਾਰਨ ਜਾਂ ਫਿਰ ਤਾਨਾਸ਼ਾਹੀ ਹਕੂਮਤ ਦੇ ਡਰ ਕਾਰਨ। ਸ਼ਹਿਰ ਵਿੱਚ ਹੁਣ ਕੁੱਝ ਜਾਨਵਰ ਰਹਿੰਦੇ ਹਨ, ਜੋ ਮੌਜਾਂ ਲੁੱਟ ਰਹੇ ਹਨ! ਉਹ ਉਹਨਾਂ ਜਾਨਵਰਾਂ ਤੋਂ ਡਰਦਾ ਤੇ ਬਚਦਾ ਵਾਪਿਸ ਮੁੜਨ ਲਈ ਸਟੇਸ਼ਨ ਤੇ ਆ ਜਾਂਦਾ ਹੈ, ਪਰ ਸਟੇਸ਼ਨ ਵੀ ਖਾਲੀ ਹੈ, ਕੋਈ ਗੱਡੀ ਨਹੀਂ ਆਉਂਦੀ, ਉਹ ਉੱਥੇ ਸਮੇਂ ਦੇ ਚੱਕਰ ਵਿੱਚ ਫਸ ਜਾਂਦਾ ਹੈ ਤੇ ਸਾਲਾਂ ਬੱਧੀ ਇੰਤਜ਼ਾਰ ਕਰਦਾ ਰਹਿੰਦਾ ਹੈ!
ਕਿਸੇ ਨੂੰ ਅੰਗਰੇਜ਼ਾਂ ਦੇ ਜ਼ਮਾਨੇ ਦੇ ਸੁਪਨੇ ਆਉਂਦੇ ਹਨ, ਜਿਵੇਂ ਕੋਈ ਰੇਲਗੱਡੀ ਜਾ ਰਹੀ ਹੋਵੇ, ਪਰ ਉਸਦਾ ਕੋਈ ਡ੍ਰਾਈਵਰ ਨਾ ਹੋਵੇ ਤੇ ਰੇਲਗੱਡੀ ਪਟੜੀ ਤੋਂ ਉੱਤਰਨ ਤੋਂ ਬਚਾਉਣ ਲਈ ਉਸਨੂੰ ਆਪ ਚਲਾਉਣੀ ਪਵੇ! ਸੱਚਮੁੱਚ ਜ਼ਿੰਦਗੀ ਦੀ ਵਾਗਡੋਰ ਵੀ ਸਾਨੂੰ ਆਪਣੇ ਹੱਥ ਵਿੱਚ ਆਪ ਲੈਣੀ ਚਾਹੀਦੀ ਹੈ ਤੇ ਭਿਆਨਕ ਡਰਾਵਣੇ ਸੁਪਨਿਆਂ ਨੂੰ ਸੁਖਦ ਸੁਪਨਿਆਂ ਵਿੱਚ ਬਦਲ ਦੇਣਾ ਚਾਹੀਦਾ ਹੈ - ਜਦੋਂ ਅਸੀਂ ਆਪਣੇ ਸੁਪਨੇ ਦਾ ਅਹਿਸਾਸ ਕਰ ਸਕਦੇ ਹਾਂ ਤਾਂ ਉਸਨੂੰ ਵਿਅਕਤ ਸੁਪਨੇ (Lucid Dreaming) ਆਖਦੇ ਹਨ।
ਜੇ ਕਿਸੇ ਵਿਅਕਤੀ ਨੂੰ ਕਦੇ ਕਦੇ ਡਰਾਵਣੇ ਸੁਪਨੇ ਆਉਣ ਤਾਂ ਆਮ ਜਿਹੀ ਗੱਲ ਹੈ, ਪਰ ਜੇ ਕਿਸੇ ਨੂੰ ਕਾਫ਼ੀ ਦੇਰ ਤੋਂ ਰੋਜ਼ ਹੀ ਡਰਾਵਣੇ ਸੁਪਨੇ ਆਉਣ ਜਾਂ ਦਬਾਅ ਪੈਂਦਾ ਹੋਵੇ ਤਾਂ ਸੌਣ ਵਾਲ਼ੇ ਕਮਰੇ ਦਾ ਤਾਪਮਾਨ ਚੈੱਕ ਕਰਨਾ ਚਾਹੀਦਾ ਹੈ, ਸੌਣ ਵਾਲ਼ਾ ਕਮਰਾ ਬਹੁਤਾ ਗਰਮ ਨਹੀਂ ਹੋਣਾ ਚਾਹੀਦਾ। ਪਰ ਜੇ ਕਿਸੇ ਦੇ ਸੌਣ ਦੇ ਕਮਰੇ ਦਾ ਤਾਪਮਾਨ ਸਹੀ ਹੋਵੇ ਤੇ ਫੇਰ ਵੀ ਡਰਾਵਣੇ ਸੁਪਨੇ ਆਉਣ ਤੇ ਉਹ ਹਮੇਸ਼ਾਂ ਨਿਰਾਸ਼ ਜਾਂ ਉਪਰਾਮ ਹੋਵੇ, ਤਾਂ ਆਪਣੇ ਡਾਕਟਰ ਨਾਲ਼ ਜਾਂ ਦਿਮਾਗ਼ੀ ਡਾਕਟਰ ਨਾਲ਼ ਗੱਲ ਕਰਨੀ ਚਾਹੀਦੀ ਹੈ। ਕਿਓਂਕਿ ਉਸਦਾ ਕਾਰਨ ਬੇਚੈਨੀ (Anxiety ) ਜਾਂ ਨਿਰਾਸ਼ਾ (Depression) ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਰੋਗ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਰਕੇ ਵੀ ਹੋ ਸਕਦੇ ਹਨ। ਦਿਮਾਗ਼ੀ ਰੋਗ, ਸਰੀਰਕ ਰੋਗ (ਜਿਵੇਂ ਬਲੱਡ ਪ੍ਰੈਸ਼ਰ, ਆਦਿ) ਵੀ ਬਣ ਸਕਦੇ ਹਨ।
ਕਈ ਦਵਾਈਆਂ ਜਿਵੇਂ ਬਲੱਡ ਪ੍ਰੈਸ਼ਰ ਬੇਟਾ-ਬਲੌਕਰ ਦਵਾਈਆਂ ਦਿਮਾਗ਼ ਦੇ ਉਸ ਹਿੱਸੇ 'ਤੇ ਦੁਸ਼ਪ੍ਰਭਾਵ ਪਾ ਸਕਦੀਆਂ ਹਨ ਜੋ ਨੋਰੇਪਰੈਫਰੀਨ ਰਸਾਇਣ ਨੂੰ ਕੰਟਰੋਲ ਕਰਦਾ ਹੈ। ਨੋਰੇਪਰੈਫਰੀਨ ਇੱਕ ਤੰਤਰਿਕਾ-ਸੰਚਾਰਕ (Neurotransmitter) ਹੈ, ਜੋ ਮਾਨਸਿਕ ਤਣਾਅ ਪ੍ਰਤੀ ਸਾਡੇ "ਲੜੋ ਜਾਂ ਭੱਜੋ" ਜਵਾਬ ਲਈ ਜ਼ਿੰਮੇਵਾਰ ਹੁੰਦਾ ਹੈ। ਕਈ ਅਲਰਜੀ, ਨਿਰਾਸ਼ਾ ਲਈ, ਨੀਂਦ ਲਿਆਉਣ ਵਾਲੀਆਂ ਦਵਾਈਆਂ ਵੀ ਡਰਾਵਣੇ ਸੁਪਨਿਆਂ ਦਾ ਕਾਰਨ ਬਣ ਸਕਦੀਆਂ ਹਨ। ਸ਼ਰਾਬ ਤੇ ਹੋਰ ਨਸ਼ੇ ਵੀ ਇਹੋ ਜਿਹਾ ਦੁਸ਼ਪ੍ਰਭਾਵ ਪੈਦਾ ਕਰ ਸਕਦੇ ਹਨ!
ਡਰਾਵਣੇ ਸੁਪਨਿਆਂ ਤੋਂ ਨਿਜਾਤ ਪਾਉਣ ਲਈ ਜਾਂ ਫਿਰ ਚੰਗੀ ਨੀਂਦ ਲਿਆਉਣ ਲਈ ਸਾਨੂੰ ਹਰ ਰੋਜ਼ ਸੌਣ ਤੇ ਜਾਗਣ ਦਾ ਇੱਕ ਸਮਾਂ ਰੱਖਣਾ ਚਾਹੀਦਾ ਹੈ, ਜਿਵੇਂ ਪੁਰਾਣੀ ਕਹਾਵਤ ਹੈ - 'ਜਲਦੀ ਸੋਓ ਤੇ ਜਲਦੀ ਜਾਗੋ!' ਇਸ ਤਰ੍ਹਾਂ ਸਰੀਰ ਦਾ ਕੁਦਰਤੀ ਚੱਕਰ (Circadian Rhythm) ਸਹੀ ਰਹਿੰਦਾ ਹੈ, ਜੋ ਕਿ ਸਾਡੇ ਸਰੀਰ ਦੇ ਹਾਰਮੋਨ, ਤਾਪਮਾਨ, ਪਾਚਣ ਸ਼ਕਤੀ, ਤੇ ਨੀਂਦ ਦੇ ਚੱਕਰ ਨੂੰ ਕੰਟਰੋਲ ਕਰਦਾ ਹੈ। ਜੇ ਇਹ ਚੱਕਰ ਬਿਗੜ ਜਾਵੇ ਤਾਂ ਸਾਡਾ ਸਰੀਰ ਤੰਦਰੁਸਤ ਨਹੀਂ ਰਹਿੰਦਾ।
ਸੌਣ ਤੋਂ ਇੱਕ ਦੋ ਘੰਟੇ ਪਹਿਲਾਂ ਨੀਲੀ ਰੌਸ਼ਨੀ ਛੱਡਣ ਵਾਲ਼ੇ ਉਪਕਰਣ ਜਿਵੇਂ ਟੀਵੀ, ਮੋਬਾਇਲ ਫ਼ੋਨ, ਕੰਪਿਊਟਰ ਸਕਰੀਨ, ਆਦਿ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਸੋਸ਼ਲ-ਮੀਡੀਆ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ, ਤੇ ਉਸ ਉੱਤੇ ਹੋ ਰਹੀ ਚਰਚਾ ਵਿੱਚ ਬਹੁਤ ਹਿੱਸਾ ਨਹੀਂ ਲੈਣਾ ਚਾਹੀਦਾ, ਨਿਰਾਰਥਕ ਕਮੈਂਟ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨਾਲ਼ ਤੁਹਾਨੂੰ ਜਾਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ! ਸਾਰਥਿਕ ਚਰਚਾ ਵਿੱਚ ਦਿਨ ਦੇ ਵੇਲ਼ੇ ਭਾਗ ਲੈਣਾ ਫੇਰ ਵੀ ਠੀਕ ਹੈ ਪਰ ਬਹੁਤ ਸਮਾਂ ਸੋਸ਼ਲ-ਮੀਡੀਆ ਤੇ ਬਰਬਾਦ ਨਹੀਂ ਕਰਨਾ ਚਾਹੀਦਾ। ਕਿਓਂਕਿ ਜਿੰਨੀ ਦੇਰ ਅਸੀਂ ਸੋਸ਼ਲ-ਮੀਡੀਆ ਤੇ ਬਿਤਾਉਂਦੇ ਹਾਂ, ਉਹ ਸਮਾਂ ਤਾਂ ਬੇਅਰਥ ਜਾਂਦਾ ਹੀ ਹੈ, ਉਸਤੋਂ ਬਾਅਦ ਦੀਆਂ ਸੋਚਾਂ ਹੋਰ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਹਨ! 'ਕਿੰਨੇ ਲੋਕਾਂ ਨੇ ਮੇਰੀਆਂ ਪੋਸਟਾਂ ਪਸੰਦ ਕੀਤੀਆਂ ਤੇ ਕਿੰਨਿਆਂ ਨੇ ਨਹੀਂ!,' ਇਹਨਾਂ ਸੋਚਾਂ ਵਿੱਚ ਹੀ ਸਾਡਾ ਸਮਾਂ ਲੰਘ ਜਾਂਦਾ ਹੈ! ਉਹ ਸਮਾਂ ਜੇ ਅਸੀਂ ਆਪਣੇ ਕਿਸੇ ਸ਼ੌਕ (Hobby) ਦਾ ਵਿਕਾਸ ਕਰਨ ਲਈ ਬਿਤਾਈਏ ਤਾਂ ਅਸੀਂ ਕੁੱਝ ਰਚਨਾਤਮਕ ਕੰਮ ਕਰ ਸਕਦੇ ਹਾਂ, ਤੇ ਆਪਣੇ ਸ਼ੌਕ ਨੂੰ ਹੋਰ ਗੂੜ੍ਹਾ ਤੇ ਪ੍ਰਬੀਨ ਕਰ ਸਕਦੇ ਹਾਂ। ਰਾਤ ਨੂੰ ਸੌਣ ਤੋਂ ਪਹਿਲਾਂ ਜੇ ਅਸੀਂ ਰੋਜ਼ ਕੋਈ ਇੱਕ ਰੀਤ (Ritual) ਰੱਖੀਏ, ਜਿਵੇਂ ਕਿ ਕੋਈ ਕਿਤਾਬ ਪੜ੍ਹਨਾ, ਸੰਗੀਤ ਸੁਣਨਾ, ਪਾਠ ਕਰਨਾ, ਅਰਦਾਸ ਕਰਨੀ, ਧਿਆਨ ਲਗਾਉਣਾ (Meditation), ਯੋਗ-ਆਸਣ ਜਾਂ ਹਲਕੀ-ਫੁਲਕੀ ਕਸਰਤ, ਡਾਇਰੀ ਲਿਖਣਾ ਆਦਿ, ਤਾਂ ਸਾਡਾ ਸਰੀਰ ਬੇਚੈਨੀ ਤੇ ਮਾਨਸਿਕ ਤਣਾਅ ਤੋਂ ਰਾਹਤ ਪਾ ਸਕਦਾ ਹੈ ਤੇ ਸਾਨੂੰ ਆਪ-ਮੁਹਾਰੇ ਹੀ ਸਾਨੂੰ ਨੀਂਦ ਆ ਸਕਦੀ ਹੈ। ਇਹ ਲਿਖਣਾ ਸੌਖਾ ਹੈ ਪਰ ਕਰਨਾ ਬਹੁਤ ਔਖਾ, ਕਿਓਂਕਿ ਅਸੀਂ ਸੰਸਾਰਿਕ ਜੀਵ ਜਲਦੀ ਹੀ ਮੁੱਦੇ ਤੋਂ ਭਟਕ ਜਾਂਦੇ ਹਾਂ। ਨਵੀਂ ਤਕਨਾਲੋਜੀ (ਮੋਬਾਈਲ, ਇੰਟਰਨੈੱਟ, ਸੋਸ਼ਲ-ਮੀਡੀਆ, ਆਦਿ) ਨੇ ਸਾਡੇ ਜੀਵਨ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆ ਦਿੱਤੀ ਹੈ, ਜਿਸਦੇ ਬਹੁਤ ਫ਼ਾਇਦੇ ਹਨ, ਪਰ ਨੁਕਸਾਨ ਵੀ ਬਹੁਤ ਹਨ! ਖ਼ਾਸ ਤੌਰ ਤੇ ਬੱਚਿਆਂ ਤੇ ਬਹੁਤ ਮਾੜਾ ਅਸਰ ਹੋ ਰਿਹਾ ਹੈ, ਉਹ ਦਿਨ ਵਿਚ 6-8 ਘੰਟੇ ਫ਼ੋਨ, ਟੀਵੀ, ਕੰਪਿਊਟਰ, ਆਦਿ ਤੇ ਹੀ ਬਤੀਤ ਕਰਦੇ ਹਨ। ਜਿਸਦੇ ਤਤਕਲੀਨ ਮਾੜੇ ਅਸਰ ਹਨ - ਉਹਨਾਂ ਵਿੱਚ ਵਧ ਰਹੀ ਬੇਚੈਨੀ, ਵਤੀਰੇ ਤੇ ਅਚਾਰ-ਵਿਹਾਰ ਵਿੱਚ ਬਦਲਾਅ, ਆਦਿ। ਪਰ ਜੋ ਮਾੜੇ ਅਸਰ ਅੱਜ ਤੋਂ 10-15 ਸਾਲ ਬਾਅਦ ਹੋਣੇ ਹਨ ਉਹਨਾਂ ਦਾ ਸਾਨੂੰ ਕੋਈ ਵੀ ਅੰਦਾਜ਼ਾ ਨਹੀਂ - ਜਿਵੇਂ ਗਰਦਨ, ਹੱਥ, ਜਾਂ ਗੁੱਟ, ਬਾਂਹ ਦਾ ਦਰਦ ਆਦਿ ਦੀਰਘ ਬਿਮਾਰੀਆਂ ਹੋ ਸਕਦੀਆਂ ਹਨ!
ਖ਼ੈਰ, ਆਓ ਮੁੜ ਤੋਂ ਸੁਪਨਿਆਂ ਦੀ ਗੱਲ ਕਰੀਏ, ਖੂਬਸੂਰਤ ਸੁਪਨਿਆਂ ਦੀ ਤੇ ਆਸ ਦੀ! ਦਰਅਸਲ ਸੁਪਨੇ ਤੇ ਆਸ ਇੱਕ ਦੂਸਰੇ ਦੇ ਪੂਰਕ ਹਨ, ਤੇ ਸਾਡੀ ਜ਼ਿੰਦਗੀ ਵਿੱਚ ਰਾਹਤ ਦਾ ਸਰੋਤ ਹਨ! ਇਹਨਾਂ ਤੋਂ ਵਗੈਰ ਅਸੀਂ ਜੀਵਨ ਦੇ ਦੁੱਖਾਂ ਦੀ ਅੱਗ ਵਿੱਚ ਪਿਘਲ ਸਕਦੇ ਹਾਂ, ਦਰਦ ਦੀ ਕਸ਼ਮਕਸ਼ ਵਿੱਚ ਫਸ ਸਕਦੇ ਹਾਂ। ਸੁਪਨੇ ਆਉਣ ਵਾਲ਼ੀ ਜ਼ਿੰਦਗੀ ਨੂੰ ਨਵੀਂ ਤਰਤੀਬ ਦਿੰਦੇ ਹਨ ਤੇ ਆਸ ਉਹਨਾਂ ਨੂੰ ਸਾਕਾਰ ਕਰਨ ਦਾ ਬੱਲ ਦਿੰਦੀ ਹੈ! ਇਸ ਕਰਕੇ ਸਾਨੂੰ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਹਨ, ਪਰ ਖੂਬਸੂਰਤ ਤੇ ਜਾਨਦਾਰ ਸੁਪਨੇ, ਡਰਾਵਣੇ ਨਹੀਂ! ਅਸੀਂ ਸੌਣ ਤੋਂ ਪਹਿਲਾਂ ਆਪਣੇ ਆਪ (ਦਿਮਾਗ਼ ) ਨੂੰ ਕਹਿ ਸਕਦੇ ਹਾਂ ਕਿ ਅੱਜ ਕੋਈ ਚੰਗਾ ਸੁਪਨਾ ਆਏ! ਤੁਸੀਂ ਕੋਈ ਵੀ ਵਿਅਕਤੀ ਜਾਂ ਜਗ੍ਹਾ ਜੋ ਵੀ ਤੁਹਾਨੂੰ ਚੰਗੇ ਲਗਦੇ ਹਨ, ਉਹਨਾਂ ਵਾਰੇ ਸੋਚ ਸਕਦੇ ਹੋ, ਆਪਣੇ ਮਨ ਵਿੱਚ ਉਸਦਾ ਅਕਾਰ ਬਣਾ ਸਕਦੇ ਹੋ, ਤੇ ਹੋ ਸਕਦਾ ਹੈ ਉਸ ਰਾਤ ਨੀਂਦ ਵਿੱਚ ਤੁਹਾਨੂੰ ਉਹ ਹੀ ਸੁਪਨਾ ਆਵੇ! ਜੇ ਤੁਹਾਡਾ ਕੋਈ ਮਨਪਸੰਦ ਸੁਪਨਾ ਹੈ ਜੋ ਤੁਸੀਂ ਵਾਰ ਵਾਰ ਲੈਣਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਸਦੇ ਵਾਰੇ ਵਿੱਚ ਸੋਚੋ ਤੇ ਆਪਣੇ ਮਨ ਵਿੱਚ ਉਸਦੀ ਛਵੀ ਬਣਾਓ। ਤੁਹਾਡਾ ਮਨਭਾਉਂਦਾ ਸੁਪਨਾ ਤੁਹਾਨੂੰ ਜ਼ਰੂਰ ਆਏਗਾ! ਹੋ ਸਕਦਾ ਹੈ ਜਿਵੇ ਗੁਰੂ ਜੀ ਲਿਖਦੇ ਹਨ 'ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥', ਤੁਹਾਨੂੰ ਉਸ 'ਸੋਹਣੇ' ਦੇ ਦੀਦਾਰ ਹੋ ਜਾਣ ਜਿਸਦੇ ਮੋਹ ਵਿੱਚ ਤੁਹਾਡਾ ਮਨ ਰੰਗਿਆ ਗਿਆ ਹੈ, ਪਰ ਇਸ ਵਾਰ ਜੇ ਵਹਿਗੂਰੂ ਦੀ ਮਿਹਰ ਹੋਵੇ ਤਾਂ ਤੁਸੀਂ ਉਸਦਾ ਆਂਚਲ ਨਾ ਛੱਡੋਂਗੇ! ਅਜਿਹਾ ਸੰਭਵ ਹੈ ਜੇ ਤੁਸੀਂ ਕੋਈ ਵਿਅਕਤ ਸੁਪਨਾ (Lucid Dream) ਵੇਖੋਂ। ਵਿਅਕਤ ਸੁਪਨੇ ਦੇ ਵਾਰੇ ਅਸੀਂ ਕਦੇ ਫੇਰ ਗੱਲਬਾਤ ਕਰਾਂਗੇ ...
~ ਅਮਨਦੀਪ ਸਿੰਘ
ਹਵਾਲੇ:
https://www.cnn.com/2021/03/19/health/pandemic-nightmares-quaradreaming-wellness/index.html
Image Coyrtesy: David Zydd - Pixabay