- ਅਮਨਦੀਪ ਸਿੰਘ
ਹਨੇਰੇ ਦੀ ਕਾਲੀ ਚੁਨਰੀ ਆਪਣਾ ਦਾਮਨ ਹੌਲੀ ਹੌਲੀ ਫੈਲਾ ਰਹੀ ਹੈ | ਮੈਂ ਆਪਣੇ ਮਕਾਨ ਦੀ ਛੱਤ ਤੇ ਖੜਾ ਦੂਰ ਪੂਰਬ ਵਲ੍ਹ ਨੀਝ੍ਹ ਲਾਈ ਤੱਕ ਰਿਹਾ ਹਾਂ - ਰਾਤ ਦੇ ਸ਼ਹਿਜ਼ਾਦੇ ਚੰਦਰਮਾ ਦੀ ਉਡੀਕ ਵਿੱਚ |ਹੌਲੀ ਹੌਲੀ ਪੂਰਬ ਵਲ੍ਹ ਫੈਲੇ ਹੋਏ ਗੂੜ੍ਹੇ ਹਰੇ ਰੰਗ ਦੇ ਦਰਖ਼ਤ ( ਜੋ ਹੁਣ ਘੁਸਮੁਸੇ ਕਾਰਣ ਕਾਲੇ ਹੋ ਗਏ ਸਨ ), ਚਮਕਣੇ ਸ਼ੁਰੂ ਹੋ ਗਏ ਹਨ | ਇੰਝ ਲਗਦਾ ਹੈ ਜਿਵੇਂ ਚਾਂਦਨੀ ਦੀਆਂ ਚਾਂਦੀ ਰੰਗੀ ਅੱਗ ਦੀਆਂ ਲਪਟਾਂ ਉੱਚੀਆਂ ਉੱਠਦੀਆਂ ਜਾ ਰਹੀਆਂ ਹਨ ਅਤੇ ਸਾਰੇ ਅੰਬਰ ਨੂੰ ਆਪਣੇ ਕਲਾਵੇ ਵਿਚ ਭਰ ਰਹੀਆਂ ਹੋਣ | ਹੌਲੀ ਹੌਲੀ ਚੰਦਰਮਾ ਆਪਣੇ ਮੁੱਖ ਤੋਂ ਹਨੇਰੇ ਦਾ ਪਰਦਾ ਸਰਕਾਉਂਦਾ ਹੈ | ਮੈਂ ਇੱਕ ਨਜ਼ਰ ਉਸਨੂੰ ਤੱਕਦਾ ਹਾਂ ਅਤੇ ਫਿਰ ਸਾਰੀ ਆਕਾਸ਼ਗੰਗਾ ਨੂੰ, ਜਿਸਦੀ ਗੋਦ ਵਿਚ ਅਰਬਾਂ ਖਰਬਾਂ ਸਿਤਾਰੇ ਪਲ ਰਹੇ ਹਨ | ਉਸਤੋਂ ਪਰਾਂ ਹੋਰ ਕਈ ਅਜਿਹੀਆਂ ਆਕਾਸ਼ਗੰਗਾ ਹਨ, ਜਿਨਾਂ ਦੇ ਗਰਭ ਵਿੱਚ ਹਜਾਰਾਂ ਸਭਿਅਤਾਵਾਂ ਵਸ ਰਹੀਆਂ ਹੋਣਗੀਆਂ | ਜਿੱਥੋਂ ਦੇ ਲੋਕਾਂ ਦਾ ਮਸਤਕ ਸ਼ਾਇਦ ਸਾਥੋਂ ਕੀਤੇ ਜ਼ਿਆਦਾ ਵਿਕਸਿਤ ਹੋਵੇਗਾ |
ਅਸਾਡਾ ਬ੍ਰਹਿਮੰਡ ਕੇਡਾ ਵਿਸ਼ਾਲ ਏ, ਇਸਦੀ ਕਲਪਨਾ ਕਰਨੀ ਬਹੁਤ ਮੁਸ਼ਕਿਲ ਹੈ | ਮੈਨੂੰ ਆਪਣਾ ਦਿਮਾਗ਼ ਸੁੰਨ ਹੁੰਦਾ ਜਾਪਦਾ ਹੈ | ਰਾਤ ਦੇ ਬੀਤਣ ਨਾਲ, ਮੇਰੀਆਂ ਪਲਕਾਂ ਵਿੱਚ ਨੀਂਦ ਭਰ ਰਹੀ | ਪਰ ਮੈਂ ਕੁਦਰਤ ਦੇ ਇਹਨਾਂ ਹਸੀਨ ਨਜ਼ਾਰਿਆਂ ਤੋਂ ਆਪਣੀਆਂ ਪਲਕਾਂ ਬੰਦ ਨਹੀਂ ਕਰਨੀਆਂ ਚਾਹੁੰਦਾ |
ਮੇਰੀ ਨਜ਼ਰ ਦੱਖਣ ਵੱਲ੍ਹ ਨੂੰ 80 ਡਿਗਰੀ ਤੇ ਉਠ ਜਾਂਦੀ ਹੈ | ਸਾਹਮਣੇ ਪ੍ਰਥਮ ਕਿੰਨਰ (Alpha Century), ਸਭ ਤੋਂ ਨੇੜੇ ਦਾ ਸਿਤਾਰਾ, ਬੁਲੰਦ ਖੜਾ ਚਮਕ ਰਿਹਾ ਹੈ | ਹਰ ਪਲ ਅਨੰਤ ਊਰਜਾ ਖਾਰਿਜ ਕਰ ਰਿਹਾ ਹੈ | ਉਸਨੂੰ ਅਕਸਰ ਵੇਖਣਾ ਮੈਨੂੰ ਚੰਗਾ ਲਗਦਾ ਹੈ, ਜਿਹੜਾ ਆਪਣੇ ਪਰਿਵਾਰ ਵਿੱਚ ਪ੍ਰਿਥਵੀ ਵਰਗੇ ਅਨੇਕਾਂ ਗ੍ਰਹਿ ਸਮੋਈ ਬੈਠਾ ਹੈ | ਹਾਲਾਂਕਿ ਸ਼ਾਇਦ ਜੀਵਨ ਦੀ ਚਿਣਗ ਕਿਸੇ ਤੇ ਵੀ ਨਹੀਂ ਭਖੀ, ਜਾਂ ਭਖਕੇ ਧਰਤੀ ਦੇ ਉਤਪੰਨ ਹੋਣ ਤੋਂ ਪਹਿਲਾਂ ਹੀ ਬੁਝ ਗਈ ਹੋਵੇਗੀ |
ਮੈਂ ਆਪਣੀਆਂ ਨਜ਼ਰਾਂ ਉਸਤੋਂ ਹਟਾ ਕੇ ਆਪਣੀ ਸੋਚ ਨੂੰ ਸੁੰਦਰ ਧਰਤੀ ਤੇ ਵਾਪਿਸ ਲਿਆਉਂਦਾ ਹਾਂ | ਅਚਾਨਕ ਮੈਂ ਅਕਾਸ਼ ਵਿੱਚ ਬਹੁਤ ਨੇੜੇ ਨੀਲੇ ਰੰਗ ਦੀ ਚਮਕਦੀ ਹੋਈ ਰੌਸ਼ਨੀ ਦੇਖਦਾ ਹਾਂ | ਮੈਂ ਆਸਪਾਸ ਨਜ਼ਰ ਸੁੱਟਦਾ ਹਾਂ, ਰਾਤ ਦੇ ਗਿਆਰਾਂ ਵੱਜ ਚੁੱਕੇ ਹਨ ਅਤੇ ਸਭ ਲੋਕ ਨੀਦ ਦੀ ਗੋਦ ਦਾ ਨਿਘਾ ਅਨੰਦ ਮਾਣ ਰਹੇ ਹਨ | ਮੇਰੀਆਂ ਨਜ਼ਰਾਂ ਫੇਰ ਉਸ ਨੀਲੇ ਰੰਗ ਦੇ ਚਮਕਦੇ ਗੋਲੇ ਤੇ ਸਥਿਰ ਹੋ ਜਾਂਦੀਆਂ ਹਨ | ਮੈਂ ਪਹਲਾਂ ਕਦੇ ਅਕਾਸ਼ ਵਿਚ ਇਹੋ ਜਿਹੀ ਨੀਲੀ ਰੌਸ਼ਨੀ ਨਹੀਂ ਵੇਖੀ | ਉਹ ਕੀ ਵਸਤ ਹੈ ? ਕੀ ਉਹ ਕੋਈ ਉਪਗ੍ਰਹਿ ਹੈ | ਪਰ ਉਹ ਤਾਂ ਹੌਲੀ ਹੌਲੀ ਧਰਤੀ ਵਲ੍ਹ ਨੂੰ ਆ ਰਿਹਾ ਹੈ | ਜਿਸ ਤਰਾਂ ਉਹ ਨੇੜੇ ਆ ਰਿਹਾ ਹੈ, ਉਹ ਗੋਲਾ ਹੋਰ ਵੱਡਾ ਹੁੰਦਾ ਲੱਗ ਰਿਹਾ ਹੈ | ਕੀ ਉਹ ਕੋਈ ਦੂਸਰੀ ਦੁਨੀਆਂ ਦਾ ਯਾਨ ਹੋ ਸਕਦਾ ਹੈ ? ਮੇਰੇ ਜਿਹਨ ਵਿੱਚ ਇਹੋ ਜਿਹੇ ਵਿਚਾਰਾਂ ਦੀਆਂ ਕਰੂੰਬਲਾਂ ਫੁੱਟਣ ਲਗਦੀਆਂ ਹਨ | ਅਚਾਨਕ ਮੈਂ ਦੇਖਦਾ ਹਾਂ, ਉਹ ਚਮਕਦਾ ਗੋਲਾ ਪੂਰਬ ਵਲ੍ਹ ਦਰਖਤਾਂ ਦੇ ਵਿਚਕਾਰ ਉੱਤਰ ਰਿਹਾ ਹੈ | ਮੈਂ ਹੈਰਾਨੀ ਨਾਲ ਅੱਖਾਂ ਅੱਡੀ ਉਸਨੂੰ ਤੱਕ ਰਿਹਾ ਹਾਂ | ਮੇਰੇ ਤੇ ਜਿਵੇਂ ਉਸਦੇ ਨੀਲੇਪਣ ਦਾ ਸੰਮੋਹਨ ਹੋ ਗਿਆ ਹੋਵੇ ਅਤੇ ਫੇਰ ਮੈਂ ਆਪਮੁਹਾਰੇ ਹੀ ਆਪਣੇ ਮਕਾਨ ਦੀ ਛੱਤ ਤੋਂ ਉੱਤਰ ਕੇ, ਦਰਖਤਾਂ ਦੇ ਝੁੰਡ ਵਲ੍ਹ ਨੂੰ ਵਧਣ ਲਗਦਾ ਹਾਂ, ਜਿੱਥੇ ਉਹ ਨੀਲੀ ਰੌਸ਼ਨੀ ਉੱਤਰੀ ਹੈ| ਥੋੜੀ ਦੇਰ ਬਾਅਦ ਮੈਂ ਦਰਖਤਾਂ ਦੇ ਝੁੰਡ ਕੋਲ ਪੁੱਜ ਜਾਂਦਾ ਹਾਂ | ਉਹ ਗੋਲਾ ਹੌਲੀ ਹੌਲੀ ਜ਼ਮੀਨ ਤੇ ਅਜੇ ਵੀ ਉੱਤਰ ਰਿਹਾ ਹੈ | ਮੈਂ ਇੱਕ ਚੌੜੇ ਤਣੇ ਵਾਲੇ ਦਰਖ਼ਤ ਦੇ ਉਹਲੇ ਖੜਾ ਹੋ ਜਾਂਦਾ ਹਾਂ | ਹੁਣ ਉਹ ਗੋਲਾ ਜੋ ਕੇ ਅਸਲ ਵਿੱਚ ਇੱਕ ਉੜਨ-ਤਸ਼ਤਰੀ ਲੱਗ ਰਹੀ ਹੈ, ਜ਼ਮੀਨ ਤੇ ਪੂਰੀ ਉੱਤਰ ਚੁੱਕੀ ਹੈ | ਅਕਾਰ ਵਿੱਚ ਉਹ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਦਿਖ ਰਹੀ ਪਰ ਫਿਰ ਵੀ ਉਸਦੀ ਅਜੀਬੋਗ਼ਰੀਬ ਬਣਤਰ ਬੜੀ ਹੈਰਾਨ ਕਰਨ ਵਾਲੀ ਹੈ | ਉਸਦੇ ਹਰ ਪਾਸਿਓਂ ਪ੍ਰਕਾਸ਼ ਦੀਆਂ ਨੀਲੀਆਂ ਲਹਿਰਾਂ ਪ੍ਰਦੀਪਤ ਹੋ ਰਹੀਆਂ ਹਨ | ਮੇਰੀਆਂ ਅੱਖਾਂ ਜਿਵੇਂ ਉਸਦੇ ਸੰਮੋਹਨ ਵਿੱਚ ਬੰਨ੍ਹ ਕੇ ਰਹਿ ਗਈਆਂ ਨੇ | ਮੇਰਾ ਸਰੀਰ ਜਿਵੇਂ ਜੜ੍ਹ ਹੋ ਚੁੱਕਿਆ ਹੈ | ਇਹ ਨਿਸਚੇ ਹੀ ਇਸ ਧਰਤੀ ਦੀ ਨਹੀਂ ਸਗੋਂ ਕਿਸੇ ਦੂਸਰੀ ਦੂਨੀਆਂ ਤੋਂ ਹੈ ! ਸ਼ਾਇਦ ਆਪਣੇ ਵਰਗੀ ਕੋਈ ਵਿਕਸਿਤ ਸਭਿਅਤਾ ਲਭਣ ਵਾਸਤੇ ਭੇਜੀ ਗਈ ਹੋਵੇਗੀ |
ਅਚਾਨਕ ਉਸ ਉੜਨ-ਤਸ਼ਤਰੀ ਦਾ ਦਰਵਾਜ਼ਾ ਖੁੱਲਦਾ ਹੈ | ਉਸਦੇ ਅੰਦਰ ਗਰਮ ਸੰਗਤਰੀ ਰੰਗ ਦਾ ਪ੍ਰਕਾਸ਼ ਪ੍ਰਵਾਹਿਤ ਹੋ ਰਿਹਾ ਹੈ | ਅੰਦਰ ਦਾ ਨਜ਼ਾਰਾ ਬਿਲਕੁਲ ਸਪਸ਼ਟ ਦਿਖ ਰਿਹਾ ਹੈ | ਇੱਕ ਪੁਰਸ਼ ਅਤੇ ਨਾਰੀ ਦੋ ਸੀਟਾਂ ਤੇ ਬੈਠੇ ਦਿਖਾਈ ਦੇ ਰਹੇ ਹਨ | ਉਹਨਾਂ ਦੀਆਂ ਨਜ਼ਰਾਂ ਸਾਹਮਣੇ ਲੱਗੀ ਸਕਰੀਨ 'ਤੇ ਕੇਂਦ੍ਰਿਤ ਹਨ, ਜਿਸ ਉੱਤੇ ਆਸਪਾਸ ਦਾ ਦ੍ਰਿਸ਼ ਕਿਸੇ ਫਿਲਮ ਵਾਂਗ ਦਿਖਾਈ ਦੇ ਰਿਹਾ ਹੈ | ਹੌਲੀ ਜਿਹੇ ਉਹ ਆਪਣੀਆਂ ਸੀਟਾਂ ਤੋਂ ਉੱਠਦੇ ਹਨ | ਉਹਨਾਂ ਦੋਵਾਂ ਦੇ ਸਰੀਰ ਤੇ ਚਿੱਟੇ ਰੰਗ ਦੇ ਲਿਬਾਸ ਹਨ, ਜੋ ਕਿਸੇ ਧਾਤ ਦੇ ਬਣੇ ਹੋਏ ਲੱਗ ਰਹੇ ਹਨ | ਪੂਰਸ਼ ਦੇ ਸਿਰ ਤੇ ਕੋਈ ਵਾਲ ਨਹੀਂ, ਜਦ ਕਿ ਇਸਤਰੀ ਦੇ ਸਿਰ ਤੇ ਪ੍ਰਿਥਵੀ ਦੀਆਂ ਔਰਤਾਂ ਵਾਂਗ ਲੰਬੇ ਲੰਬੇ ਵਾਲ ਹਨ | ਪਰ ਉਸਦੇ ਵਾਲਾਂ ਦਾ ਰੰਗ ਨੀਲਾ ਹੈ | ਇਸਤਰੀ ਦਾ ਰੰਗ ਪੁਰਸ਼ ਦੇ ਮੁਕਾਬਲੇ ਜ਼ਿਆਦਾ ਬਦਾਮੀ ਹੈ | ਉਹਨਾਂ ਦੇ ਚਿਹਰੇ ਬੜੇ ਗੰਭੀਰ ਦਿਖ ਰਹੇ ਨੇ ਅਤੇ ਇੱਕ ਰਹਾਸਮਈ ਨੂਰ ਨਾਲ ਚਮਕ ਰਹੇ ਨੇ | ਉਹ ਲੋਕ ਪ੍ਰਿਥਵੀ ਵਾਸੀਆਂ ਵਾਂਗ ਕਿਓਂ ਦਿਖ ਰਹੇ ਨੇ ? ਸ਼ਾਇਦ ਉਨ੍ਹਾਂ ਨੇ ਪ੍ਰਿਥਵੀ ਵਾਸੀਆਂ ਦਾ ਸਿਰਫ਼ ਰੂਪ ਹੀ ਧਰਿਆ ਹੋਵੇ ਅਤੇ ਉਹਨਾਂ ਦੀ ਅਸਲ ਸ਼ਕਲ ਕੁਝ ਹੋਰ ਹੀ ਹੋਵੇ |
ਉੜਨ-ਤਸ਼ਤਰੀ ਦੇ ਦਰਵਾਜ਼ੇ ਵਿਚੋਂ ਇੱਕ ਪਲੈਟਫੋਰਮ ਬਾਹਰ ਨੂੰ ਨਿਕਲਦਾ ਹੈ ਅਤੇ ਉਹ ਦੋਵੇਂ ਉਸਤੇ ਚੱਲ ਕੇ ਬਾਹਰ ਆ ਜਾਂਦੇ ਹਨ | ਉਹਨਾਂ ਦੋਵਾਂ ਨੇ ਆਪਣੇ ਹੱਥਾਂ ਵਿਚ ਇੱਕ ਮੁਗਦਰ ਜਿਹਾ ਫੜਿਆ ਹੋਇਆ ਹੈ, ਜੋ ਸ਼ਾਇਦ ਕੋਈ ਹਥਿਆਰ ਹੋਵੇਗਾ |
'ਪ੍ਰਿਥਵੀ ਵਾਸੀ ਸਾਹਮਣੇ ਆ ਜਾਵੋ! ਅਸੀਂ ਤੈਨੂੰ ਦੇਖ ਰਹੇ ਹਾਂ !' ਇਸਤਰੀ ਮੂਹੋਂ ਘੰਟੀਆਂ ਵਰਗੀ ਆਵਾਜ਼ ਛਣਕਦੀ ਹੈ |
ਮੇਰੀਆਂ ਅੱਖਾਂ ਅਤੇ ਮੂੰਹ ਹੈਰਾਨੀ ਨਾਲ ਅੱਡਿਆ ਰਹਿ ਜਾਂਦਾ ਹੈ | ਉਸ ਔਰਤ ਤੋਂ ਆਪਣੀ ਭਾਸ਼ਾ ਵਿੱਚ ਬੋਲ ਸੁਣ ਕੇ, ਮੈਂਨੂੰ ਬਿਲਕੁਲ ਯਕੀਨ ਨਹੀਂ ਹੋ ਰਿਹਾ | ਪਲ ਲਈ ਮੈਂ ਆਪਣੇ ਸਥਾਨ ਤੇ ਸੀਤ ਬਰਫ਼ ਹੋ ਕੇ ਜੰਮ ਜਾਂਦਾ ਹਾਂ |
'ਘਬਰਾਓ ਨਾ, ਸਾਹਮਣੇ ਆ ਜਾਓ!' ਵਾਤਾਵਰਣ ਵਿੱਚ ਘੰਟੀਆਂ ਜਿਹੀਆਂ ਗੂੰਜਦੀਆਂ ਹਨ |
ਮੇਰੇ ਰੋਮ ਰੋਮ ਵਿਚ ਉਸਦੇ ਬੋਲਾਂ ਦਾ ਸੰਮੋਹਨ ਛਾ ਜਾਂਦਾ ਹੈ | ਸੁੱਤੇ ਸਿਧ ਹੀ ਮੈਂ ਉਹਨਾਂ ਦੋਵਾਂ ਸਾਹਮਣੇ ਇੱਕ ਕਠਪੁਤਲੀ ਵਾਂਗ ਜਾ ਖੜਾ ਹੁੰਦਾ ਹਾਂ | ਇਸ ਵੇਲੇ ਮੈਨੂੰ ਸਿਰਫ਼ ਉਹ ਦੋਵੇਂ ਹੀ ਨਜ਼ਰ ਆ ਰਹੇ ਨੇ |
'ਮੇਰਾ ਨਾਂ ਸਾਫੀਨ ਹੈ ਅਤੇ ਇਹ ਮੇਰਾ ਸਹਯੋਗੀ ਰਾਵਜ ਹੈ | ਅਸੀਂ ਤੁਹਾਡੀ ਪ੍ਰਿਥਵੀ ਤੇ ਜੀਵਨ ਦੀ ਝਲਕ ਵੇਖਣ ਆਏ ਹਾਂ ਅਤੇ ਸਾਨੂੰ ਇੱਕ ਪ੍ਰਿਥਵੀ ਵਾਸੀ ਮਨੁੱਖ ਦੀ ਜ਼ਰੁਰਤ ਹੈ ਤਾਂ ਕੀ ਅਸੀਂ ਉਸਤੋਂ ਪ੍ਰਿਥਵੀ ਦਾ ਜੀਵਨ ਸਮਝ ਸਕੀਏ!'
ਸਫੀਨ ਦੀ ਆਵਾਜ਼ ਮਧਮ ਪਰ ਤਿੱਖੀ ਅਤੇ ਅਸਰ ਭਰਪੂਰ ਹੈ |
'ਤੇਰਾ ਕੀ ਨਾਂ ਹੈ ? ਕੀ ਤੂੰ ਸਾਡੇ ਨਾਲ ਚੱਲੇਂਗਾ ?'
ਮੈਂ ਆਪਣੇ ਆਪ ਨੂੰ ਸਮੇਂ ਦੀ ਦਲਦਲ ਵਿੱਚ ਧਸਦਾ ਮਹਿਸੂਸ ਕਰ ਰਿਹਾ ਹਾਂ | ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿੱਕਲ ਜਾਂਦਾ ਹੈ - ' ਮੇਰ ਨਾਂ ਸੁਜਾਨ ਹੈ ਅਤੇ ਮੈਂ ਆਪਣੀ ਧਰਤੀ ਨੂੰ ਛੱਡ ਕੇ ਨਹੀਂ ਜਾ ਸਕਦਾ ...'
'ਸੁਜਾਨ, ਅਸੀਂ ਤੈਨੂੰ ਇੱਕ ਬਿਲਕੁਲ ਨਵੀਂ ਦੁਨੀਆ ਵਿੱਚ ਲੈ ਜਾਵਾਂਗੇ ਜਿੱਥੇ ਪ੍ਰਿਥਵੀ ਤੋਂ ਕਿਤੇ ਜ਼ਿਆਦਾ ਸੁਖ-ਸਾਧਨ ਹਨ !ਸਾਡੀ ਦੁਨੀਆਂ ਇੱਕ ਆਦਰਸ਼ ਦੁਨੀਆਂ ਹੈ ਜੋ ਜਨਮ ਮਰਨ ਤੋਂ ਵੀ ਰਹਿਤ ਹੈ |'
'ਨਹੀਂ ...!' ਮੈਂ ਆਪਣੀ ਪੂਰੀ ਸ਼ਕਤੀ ਨਾਲ ਚੀਕਦਾ ਹਾਂ | ਮੈਂ ਉੱਥੋਂ ਦੂਰ ਭੱਜ ਜਾਣ ਦੀ ਕੋਸ਼ਿਸ਼ ਕਰਦਾ ਹਾਂ ਪਰ ਮੇਰਾ ਜਿਸਮ ਹਿਲ ਨਹੀਂ ਰਿਹਾ ਹੈ | ਉਹ ਦੋਵੇਂ ਆਪਣਾ ਮੁਗਦਰ ਉੱਚਾ ਉਠਾ ਕੇ ਮੇਰੇ ਵਲ੍ਹ ਨੂੰ ਘੁਮਾਉਂਦੇ ਹਨ | ਮੈਂ ਆਪਣੇ ਹੱਥ ਉਠਾਉਣ ਦੀ ਹਿੰਮਤ ਕਰਦਾਂ ਹਾਂ ਤਾਂ ਕੀ ਮੈਂ ਉਹਨਾਂ ਤੋ ਮੁਗਦਰ ਖੋ ਸਕਾਂ | ਪਰ ਮੈਂ ਮੁਗਦਰ ਵਿਚੋਂ ਨਿਕਲਣ ਵਾਲੀਆਂ ਤਰੰਗਾਂ ਦੀ ਚਪੇਟ ਵਿੱਚ ਆ ਜਾਂਦਾ ਹਾਂ | ਮੇਰੇ ਸਰੀਰ ਦੇ ਗਿਰਦ ਸੰਘਣੀ ਨੀਲੀ ਧੁੰਧ ਜਿਹੀ ਪਸਰ ਜਾਂਦੀ ਹੈ ਅਤੇ ਮੈਂ ਉਸ ਧੁੰਧ ਵਿੱਚ ਧਸਦਾ ਜਾ ਰਿਹਾ ਹਾਂ ...