-ਅਮਨਦੀਪ ਸਿੰਘ
ਸੂਰਜ ਆਪਣੀ ਦਿਨ ਭਰ ਦੀ ਯਾਤਰਾ ਪੂਰੀ ਕਰਕੇ, ਪੱਛਮ ਦੇ ਅਸਮਾਨ ਤੇ ਹਲਕੀ ਲਾਲ ਅਤੇ ਸੰਗਤਰੀ ਭਾਹ ਫੈਲਾਂਦਿਆਂ, ਦੂਰ ਕਿਸੇ ਸੁੱਖ ਦੇ ਦੀਪ ਵਲ੍ਹ ਨੂੰ ਉਜਾਲਾ ਕਰਨ ਲਈ ਟੁਰ ਪਿਆ ਸੀ | ਅੰਤ ਨੂੰ ਪੱਛਮ ਦਾ ਅਸਮਾਨ ਸੂਰਜ ਦੀ ਹੋਂਦ ਤੋਂ ਵੰਚਿਤ ਹੋ ਗਿਆ, ਅਤੇ ਥੋੜੀ ਦੇਰ ਹਲਕੀ ਸੰਗਤਰੀ ਰੌਸ਼ਨੀ ਦਾ ਅਨੰਦ ਮਾਨਣ ਤੋਂ ਬਾਅਦ, ਰਾਤ ਦੇ ਘਸਮੈਲੇ ਅੰਧਕਾਰ ਦੀ ਮਸਤੀ ਵਿੱਚ ਗੁਆਚ ਗਿਆ | ਰਣਬੀਰ ਵੀ ਸਮੁੰਦਰ ਦੇ ਕੰਢੇ ਤੋਂ ਵਾਪਿਸ ਮੁੜਨ ਨੂੰ ਹੋਇਆ | ਅਜੇ ਤੱਕ ਉਹ ਰੇਤ ਉੱਤੇ ਟੁਰਦਾ, ਨਿੰਮ੍ਹੀਆਂ ਨਿੰਮ੍ਹੀਆਂ ਲਹਿਰਾਂ ਨੂੰ ਤੱਕਦਾ, ਅੱਜ ਪਾਗਲਖਾਨੇ ਵਿੱਚ ਆਈ ਨਵੀਂ ਮਰੀਜ਼ ਔਰਤ ਦੇ ਵਾਰੇ 'ਚ ਸੋਚ ਰਿਹਾ ਸੀ | ਜਿਸਨੇਂ ਆਉਂਦਿਆਂ ਹੀ ਪਾਗਲਖਾਨੇ ਵਿੱਚ ਕੋਹਰਾਮ ਮਚਾ ਦਿੱਤਾ ਸੀ | ਉਸਦੀਆਂ ਚੀਖਾਂ ਸਿਖਰ ਦੁਪਹਿਰ ਤੋਂ ਵੀ ਤੇਜ਼ ਸਨ | ਰਣਬੀਰ ਪਾਗਲਖਾਨੇ ਵਿੱਚ ਇੱਕ ਡਾਕਟਰ ਸੀ |
ਉਹ ਹੌਲੀ ਹੌਲੀ ਉੱਠਿਆ | ਤਦੇ ਉਸਦੀ ਨਜ਼ਰ ਸਾਗਰ ਵੱਲ੍ਹ ਨੂੰ ਪਰਤੀ, ਸੂਰਜ ਡੁੱਬ ਚੁੱਕਾ ਸੀ, ਪਰ ਅਜੇ ਵੀ ਕਿਰਮਚੀ ਰੰਗੀ ਫਿੱਕੀ ਫਿੱਕੀ ਸੰਗਤਰੀ ਰੌਸ਼ਨੀ , ਬੱਦਲਾਂ ਵਿੱਚ ਪ੍ਰਦੀਪਣ ਪੈਦਾ ਕਰ ਰਹੀ ਸੀ | ਬੀਚ ਤੇ ਘੁੰਮਦੀ ਲੋਕਾਂ ਦੀ ਭੀੜ ਹੌਲੀ ਹੌਲੀ ਖਿੰਡ ਰਹੀ ਸੀ | ਉਹ ਵੀ ਆਪਣੇ ਘਰ ਨੂੰ ਟੁਰ ਪਿਆ | ਪਰ ਉਸਦੀਆਂ ਸੋਚਾਂ ਫਿਰ ਉਸ ਪਾਗਲ ਔਰਤ ਮਰੀਚਿਕਾ ਦੇ ਖਿਆਲਾਂ ਵਿੱਚ ਡੁੱਬ ਗਈਆਂ | ਉਸਨੇ ਆਪਣੀ ਡਾਕਟਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਮਰੀਜ਼ ਵੇਖਿਆ ਸੀ |
ਮਰੀਚਿਕਾ ਅੰਤਾਂ ਦੀ ਸੋਹਣੀ ਸੀ, ਪਰ ਉਸਦੀਆਂ ਹਰਕਤਾਂ ਬੜੀਆਂ ਅਜੀਬ ਸਨ | ਕਾਫੀ ਦੇਰ ਸੋਚਣ ਤੇ ਉਹ ਕੁਝ ਵੀ ਸਮਝ ਨਹੀਂ ਸੀ ਸਕਿਆ | ਅੱਜ ਜਦੋਂ ਮਰੀਚਿਕਾ ਨੂੰ ਉਸਦੀ ਸਹੇਲੀ ਪਾਗਲਖਾਨੇ ਲੈ ਕੇ ਆਈ ਤਾਂ ਸਭ ਬੜੇ ਹੈਰਾਨ ਸਨ | ਸ਼ਕਲ ਦੇਖ ਕੇ ਕੋਈ ਵੀ ਉਸਨੂੰ ਪਾਗਲ ਨਹੀਂ ਕਹਿ ਸਕਦਾ ਸੀ | ਆਉਂਦਿਆਂ ਹੀ ਉਹ ਕਮਰੇ ਵਿੱਚ ਮੱਖੀਆਂ ਪਿੱਛੇ ਦੋੜਨ ਲੱਗੀ | ਉਸਨੇਂ ਕਈ ਮੱਖੀਆਂ ਮਾਰ ਕੇ ਖਾ ਵੀ ਲਾਈਆਂ ! ਮਰੀਚਿਕਾ ਦੀ ਸਹੇਲੀ ਨੇ ਦੱਸਿਆ ਕਿ ਮਰੀਚਿਕਾ ਕਾਫੀ ਦੇਰ ਤੋਂ ਉਸਦੇ ਨਾਲ ਰਹਿ ਰਹੀ ਹੈ | ਲੇਕਿਨ ਪਿਛਲੇ ਇੱਕ ਮਹੀਨੇ ਤੋਂ ਉਹ ਅਜੀਬੋ-ਗਰੀਬ ਹਰਕਤਾਂ ਕਰ ਰਹੀ ਹੈ | ਮਰੀਚਿਕਾ ਇੱਕ ਸਕੂਲ ਵਿੱਚ ਅਧਿਆਪਿਕਾ ਸੀ, ਪਰ ਹੁਣ ਉਸਨੂੰ ਪੜ੍ਹਾਉਣਾ ਚੰਗਾ ਨਹੀਂ ਸੀ ਲਗਦਾ |
'"ਇਸਦੇ ਪਾਗਲਪਨ ਦਾ ਜ਼ਰੂਰ ਕੋਈ ਸਥੂਲ ਕਾਰਨ ਹੋਏਗਾ?" ਉਸਨੇ ਪੁੱਛਿਆ |
ਮਰੀਚਿਕਾ ਦੀ ਸਹੇਲੀ ਨੇ ਜਵਾਬ ਦਿੱਤਾ - "ਮਰੀਚਿਕਾ ਦੱਸਦੀ ਹੁੰਦੀ ਸੀ ਕਿ ਉਸਦਾ ਪਤੀ ਦੋ ਸਾਲ ਪਹਿਲਾਂ ਲੜਾਈ ਵਿਚ ਮਾਰਿਆ ਗਿਆ ਸੀ ਅਤੇ ਉਸਦਾ ਬੇਟਾ ਪੂਨੇ ਵਿੱਚ ਹੈ | ਅਤੇ ਉਹ ਉੱਥੇ ਉਸਨੂੰ ਆਪਣੀ ਮਾਂ ਕੋਲ ਛੱਡ ਕੇ ਆਈ ਹੋਈ ਹੈ | ਫੇਰ ਮਹੀਨਾ ਪਹਿਲਾਂ ਖ਼ਬਰ ਆਈ ਕਿ ਉਸਦਾ ਬੇਟਾ ਦੰਗਿਆਂ ਵਿੱਚ ਜ਼ਖ਼ਮੀ ਹੋ ਗਿਆ ਹੈ ! ਮਰੀਚਿਕਾ ਇਹ ਖ਼ਬਰ ਮਿਲਦੇ ਸਾਰ ਪੂਨੇ ਆਪਣੇ ਬੇਟੇ ਕੋਲ ਪਹੁੰਚ ਗਈ | ਕੁਝ ਚਿਰ ਬਾਅਦ ਉਹ ਵਾਪਿਸ ਆਈ ਤਾਂ ਉਹ ਬਿਲਕੁਲ ਗੁੰਮਸੁੰਮ ਸੀ | ਉਸਦੇ ਬੇਟੇ ਦੀ ਮੌਤ ਹੋ ਚੁੱਕੀ ਸੀ | ਉਸਨੇ ਕੁਝ ਦਿਨ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ | ਮੈਂ ਵੀ ਉਸਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਓਂਕਿ ਇੰਨੇ ਵੱਡੇ ਸਦਮੇ ਤੋਂ ਬਾਅਦ ਨਾਰਮਲ ਹੋਣ ਵਿੱਚ ਵਕਤ ਲਗਦਾ ਹੈ ! ਮਰੀਚਿਕਾ ਹੌਲੀ ਹੌਲੀ ਚੰਗੀ ਭਲੀ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਜਿਸਨੇ ਦੁਨੀਆਂ ਤੋਂ ਜਾਣਾ ਹੈ, ਉਸਨੇ ਤਾਂ ਆਪਣੇ ਵਕਤ ਅਨੁਸਾਰ ਚਲੇ ਜਾਣਾ ਹੈ | ਫੇਰ ਸਾਨੂੰ ਉਸਦਾ ਗ਼ਮ ਕਰਨ ਦੀ ਕੀ ਲੋੜ ? ਪਰਮਾਤਮਾ ਨੂੰ ਜੋ ਜੀਵ ਚੰਗਾ ਲਗਦਾ ਹੈ, ਉਹ ਉਸਨੂੰ ਆਪਣੇ ਕੋਲ ਬੁਲਾ ਲੈਂਦਾ ਹੈ |ਮੈਂ ਉਸਨੂੰ ਢਾਰਸ ਦਿੱਤਾ ਅਤੇ ਉਸਨੂੰ ਮੇਰਾ ਤੱਸਲੀ ਦੇਣਾ ਚੰਗਾ ਲੱਗਿਆ | ਪਰ ਇੱਕ ਦਿਨ ਜਦ ਸਕੂਲ ਵਿੱਚ ਇੱਕ ਛੋਟਾ ਜਿਹਾ ਬੱਚਾ ਬੜੀ ਜੋਰ ਨਾਲ ਖੇਡਦਾ-ਖੇਡਦਾ ਡਿਗ ਪਿਆ ਤਾਂ ਉਸਨੇ ਦੋੜ ਕੇ ਉਸਨੂੰ ਛਾਤੀ ਨਾਲ ਲਾ ਲਿਆ ਅਤੇ ਕਿੰਨਾ ਚਿਰ ਰੌਂਦੀ ਰਹੀ ਅਤੇ ਫੇਰ ਕਾਫੀ ਦੇਰ ਤੱਕ ਹੱਸਦੀ ਰਹੀ ...! ਅਸੀਂ ਉਸਨੂੰ ਬੜੀ ਮੁਸ਼ਕਿਲ ਨਾਲ ਘਰ ਲੈ ਕੇ ਆਏ | ਪਰ ਉਹ ਪੂਰੀ ਰਾਤ ਨਹੀਂ ਸੁੱਤੀ ਅਤੇ ਅਜੀਬੋ-ਗਰੀਬ ਗੱਲਾਂ ਕਰਦੀ ਬੜਬੜਾਉਂਦੀ ਰਹੀ | ਦੂਸਰੇ ਦਿਨ ਅਸੀਂ ਉਸਨੂੰ ਆਰਾਮ ਕਰਨ ਦਿੱਤਾ | ਅਸੀਂ ਇਹ ਸੋਚਿਆ ਕਿ ਉਸਦਾ ਸੰਵੇਦਨਸ਼ੀਲ ਮਨ ਅਜੇ ਵੀ ਆਪਣੇ ਬੱਚੇ ਦੀ ਮੌਤ ਨਹੀਂ ਭੁੱਲ ਸਕਿਆ | ਪਰ ਤੀਜੇ ਦਿਨ ਜਦੋਂ ਉਹ ਸਕੂਲ ਆਈ ਤਾਂ ਉਸਦਾ ਸੁਭਾ ਬਦਲ ਚੁੱਕਾ ਸੀ | ਉਹ ਪਾਗਲਪਨ ਵਰਗੀਆਂ ਹਰਕਤਾਂ ਕਾਰਨ ਲੱਗ ਪਈ | ਸਕੂਲ ਦੇ ਚਪੜਾਸੀ ਨੇ ਉਸਨੂੰ ਪ੍ਰਯੋਗਸ਼ਾਲਾ ਵਿਚ ਮੱਖੀਆਂ ਨੂੰ ਮਾਰਦੇ ਅਤੇ ਖਾਂਦੇ ਵੇਖਿਆ ਤਾਂ ਅਸੀਂ ਉਸਨੂੰ ਡਾਕਟਰ ਕੋਲ ਲੈ ਆਏ ਜਿਨਾਂ ਨੇ ਸਾਨੂੰ ਇੱਥੇ ਭੇਜ ਦਿੱਤਾ | ਹੁਣ ਤਾਂ ਇਸਦੀ ਹਾਲਤ ਜ਼ਿਆਦਾ ਹੀ ਮੰਦੀ ਹੋ ਗਈ ਹੈ |"
ਤਦੇ ਇੱਕ ਤੇਜ਼ ਕਿਰਕਿਰਾਉਂਦੀ ਹੋਈ ਕਾਰ ਉਸਦੇ ਕੋਲੋਂ ਦੀ ਲੰਘੀ ਤਾਂ ਉਹ ਤ੍ਰਭਕ ਕੇ ਸੜਕ ਤੋਂ ਪਰੇ ਨੂੰ ਹੋ ਗਿਆ | ਸੋਚਾਂ ਦੇ ਸਮੁੰਦਰ ਵਿੱਚ ਡੁੱਬਿਆ ਰਹਿਣ ਕਰਕੇ ਉਸਨੂੰ ਬਾਹਰੀ ਸੰਸਾਰ ਦੀ ਕੋਈ ਖ਼ਬਰ ਨਹੀਂ ਸੀ |
ਮਰੀਚਿਕਾ ਨੂੰ ਪਾਗਲਖਾਨੇ ਵਿੱਚ ਆਇਆਂ ਲੱਗਭੱਗ ਇੱਕ ਮਹੀਨਾ ਹੋ ਗਿਆ ਸੀ | ਇਹਨਾਂ ਦਿਨਾਂ ਵਿੱਚ ਮਰੀਚਿਕਾ ਨੇ ਜੋ ਅਜੀਬੋ-ਗਰੀਬ ਹਰਕਤਾਂ ਕੀਤੀਆਂ, ਉਹਨਾਂ ਨੂੰ ਉਹ ਆਪਣੀ ਡਾਇਰੀ ਵਿੱਚ ਲਿਖਦਾ ਗਿਆ |
5 ਜੁਲਾਈ : ਅੱਜ ਮਰੀਚਿਕਾ ਦਾ ਪਾਗਲਖਾਨੇ ਵਿੱਚ ਦੂਸਰਾ ਦਿਨ ਹੈ | ਮੈਂ ਸਵੇਰੇ ਸਵੇਰੇ ਪੰਹੁਚਿਆ ਤਾਂ ਰਾਮਚਰਨ ਨੇ ਦੱਸਿਆ ਕਿ ਉਹ ਸਾਰੀ ਰਾਤ ਜਾਗਦੀ ਰਹੀ ਅਤੇ ਆਪਣੇ ਕਮਰੇ ਦੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ ਰੌਂਦੀ ਰਹੀ | ਰਾਤ ਨੂੰ ਉਸਨੇ ਕਮਰੇ ਵਿੱਚ ਰਹਿੰਦੇ ਕਬੂਤਰਾਂ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ | ਅਤੇ ਅੱਜ ਦਿਨ ਭਰ ਮੱਖੀਆਂ ਤੇ ਮੱਛਰ ਮਾਰਦੀ ਰਹੀ | ਕੰਧਾਂ ਨਾਲ ਟੱਕਰਾਂ ਮਾਰ ਕੇ ਉਸਦਾ ਮੱਥਾ ਲਹੁ-ਲੁਹਾਨ ਹੋ ਚੁੱਕਾ ਸੀ | ਸਟਾਫ਼ ਨੇ ਉਸਨੂੰ ਮਰ੍ਹਮ-ਪੱਟੀ ਕਰਕੇ ਅਤੇ ਸੌਂਣ ਦੀ ਦਵਾਈ ਦੇ ਕੇ ਸੁਆ ਦਿੱਤਾ |
7 ਜੁਲਾਈ : ਦੋ ਦਿਨ ਹੋ ਗਏ | ਮਰੀਚਿਕਾ ਹੁਣ ਬੜੀ ਗੁੰਮਸੁੰਮ ਰਹਿੰਦੀ ਹੈ | ਇੰਝ ਲਗਦਾ ਹੈ ਜਿਵੇਂ ਪਾਗਲਖਾਨੇ ਵਿੱਚ ਉਸਦੀ ਹੋਂਦ ਹੀ ਨਹੀਂ ਹੈ |
9 ਜੁਲਾਈ : ਅੱਜ ਤੜਕਸਾਰ ਹੀ ਰਾਮਚਰਨ ਪਾਗਲਖਾਨੇ ਤੋਂ ਮੈਨੂੰ ਲੈਣ ਆਇਆ | ਉਸਦਾ ਸਾਹ ਫੁੱਲਿਆ ਹੋਇਆ ਸੀ | ਉਸਨੇ ਦੱਸਿਆ ਕਿ ਮਰੀਚਿਕਾ ਪਾਗਲਖਾਨੇ ਤੋਂ ਭੱਜ ਗਈ ਹੈ | ਮੈਂ ਉਸਦੇ ਨਾਲ ਜਲਦੀ ਪਾਗਲਖਾਨੇ ਵਿੱਚ ਪੁੱਜਾ | ਮਰੀਚਿਕਾ ਨਾਲ ਦੇ ਸ਼ਮਸ਼ਾਨਘਾਟ ਵਲ੍ਹ ਨੂੰ ਗਈ ਸੀ | ਅਸੀਂ ਉਸਨੂੰ ਲਭਦੇ ਹੋਏ ਸ਼ਮਸ਼ਾਨਘਾਟ ਪੁੱਜੇ ਤਾਂ ਉਹ ਬੋਹੜ ਦੇ ਦਰਖ਼ਤ ਥੱਲੇ ਬੇਠੀ ਸਿਸਕ ਰਹੀ ਸੀ -
"ਹੇ ਕਾਲੀ ਮਾਤਾ ! ਮੈਨੂੰ ਵੀ ਆਪਣੇ ਨਾਲ ਲੈ ਚੱਲੋ | ਮੈਂ ਵੀ ਦੁਸ਼ਟਾਂ ਦਾ ਨਾਸ਼ ਕਰਨਾ ਹੈ | ਤੁਹਾਡੀ ਉਡੀਕ ਵਿੱਚ ਮੇਰੀਆਂ ਅੱਖਾਂ ਪੱਥਰ ਹੋ ਚੁੱਕੀਆਂ ਹਨ ... ਹੇ ਦੇਵੀ ਮਾਂ! ਮੈਂ ਤਾਂ ਤੁਹਾਡੀ ਸ਼ਰਣ ਵਿੱਚ ਜੀਵ ਜੰਤੂ ਭੇਂਟ ਕੀਤੇ ਹਨ, ਪਰ ਮੇਰੀ ਮੁਕਤੀ ... ਮੇਰੀ ਮੁਕਤੀ ਕਦ ਹੋਵੇਗੀ ?"
ਇਹ ਕਹਿ ਕੇ ਉਹ ਬੜੀ ਜ਼ੋਰ ਨਾਲ ਸਿਸਕਣ ਲੱਗੀ | ਉਸਦੀਆਂ ਸਿਸਕੀਆਂ ਮੌਤ ਦੇ ਸਰਦ ਕੰਠ ਵਰਗੀਆਂ ਸਨ |
12 ਜੁਲਾਈ : ਅੱਜ ਮੈਂ ਟੈਲੀਫੋਨ ਤੇ ਡਾ: ਜੋਜ਼ਫ਼ ਨਾਲ ਗੱਲਬਾਤ ਕੀਤੀ | ਉਹਨਾਂ ਨੇ ਦੱਸਿਆ ਕੇ ਪਤੀ ਅਤੇ ਪੁੱਤਰ ਦੀ ਮੌਤ ਕਰਨ ਉਸਨੂੰ ਦਿਮਾਗੀ ਤੌਰ ਤੇ ਗਹਿਨ ਸਦਮਾ ਪਹੁੰਚਿਆ ਹੈ ਅਤੇ ਉਹ ਇਸ ਤੋਂ ਬਚਣ ਲਈ ਇਹ ਸਭ ਹਰਕਤਾਂ ਕਰ ਰਹੀ ਹੈ | ਉਹਨਾਂ ਨੇ ਦਵਾਈ ਬਦਲਣ ਦੀ ਸਲਾਹ ਦਿੱਤੀ | ਅਸੀਂ ਨਵੀਂ ਦਵਾਈ ਮਰੀਚਿਕਾ ਨੂੰ ਦੇ ਦਿੱਤੀ, ਜਿਸ ਨਾਲ ਉਸਨੂੰ ਕੁਝ ਆਰਾਮ ਮਿਲ ਸਕੇ |
13 ਜੁਲਾਈ : ਅੱਜ ਦਾ ਦਿਨ ਬਹੁਤ ਬੁਰਾ ਲੰਘਿਆ | ਸਿਖਰ ਦੁਪਹਿਰ ਵਰਗੀ ਮਰੀਚਿਕਾ ਪਤਾ ਨਹੀਂ ਸ਼ਾਮ ਦੇ ਅੰਧਕਾਰ ਵਿੱਚ ਕਦੋਂ ਰੁਪਾਂਤਰਿਤ ਹੋ ਗਈ ? ਅੱਜ ਸਵੇਰੇ ਹੀ ਉਹ ਫੇਰ ਉਸੇ ਸ਼ਮਸ਼ਾਨਘਾਟ ਵਲ੍ਹ ਨੂੰ ਚਲੀ ਗਈ | ਰਾਮਚਰਨ ਅਤੇ ਹੋਰ ਕਰਮਚਾਰੀ ਬੜੀ ਮੁਸ਼ਕਿਲ ਨਾਲ ਉਸਨੂੰ ਫੜ ਕੇ ਲੈ ਕੇ ਆਏ ਤਾਂ ਪਤਾ ਨਹੀਂ ਉਸ ਵਿੱਚ ਐਨੀ ਤਾਕਤ ਕਿੱਥੋਂ ਆ ਗਈ, ਉਸਨੇ ਰਾਮਚਰਨ ਨੂੰ ਆਪਣੀਆਂ ਬਾਹਵਾਂ 'ਤੇ ਉਠਾ ਕੇ ਫਰਸ਼ ਤੇ ਬੜੇ ਕਰੁਣਾਮਈ ਢੰਗ ਨਾਲ ਸੁੱਟ ਦਿੱਤਾ | ਉਸਦੇ ਬਹੁਤ ਗਹਿਰੀ ਚੋਟ ਆਈ ਅਤੇ ਉਸਨੂੰ ਹਸਪਤਾਲ ਐਮਰਜੈਂਸੀ ਵਿੱਚ ਦਾਖਲ ਕਰਾਉਣਾ ਪਿਆ | ਉਸਦੀ ਹਾਲਤ ਬਹੁਤ ਗੰਭੀਰ ਹੈ | ਮਰੀਚਿਕਾ ਪਾਗਲਖਾਨੇ ਤੋਂ ਫੇਰ ਭੱਜ ਕੇ ਸ਼ਮਸ਼ਾਨਘਾਟ ਵਲ੍ਹ ਨੂੰ ਚਲੀ ਗਈ | ਅਸੀਂ ਉਸਨੂੰ ਬਹੁਤ ਲਭਿਆ, ਪਰ ਉਹ ਨਾ ਮਿਲੀ | ਉਹ ਪਤਾ ਨਹੀਂ ਕਿਹੜੇ ਅੰਧਕਾਰ ਵਿੱਚ ਗੁੰਮ ਹੋ ਗਈ |
***
ਮਰੀਚਿਕਾ ਦੀ ਕਹਾਣੀ ਲੱਗਭੱਗ ਇੱਕ ਮਹੀਨਾ ਪੁਰਾਣੀ ਹੋ ਗਈ ਸੀ | ਪਰ ਅੱਜ ਸ਼ਾਮ ਨੂੰ ਰਣਬੀਰ ਜਦ ਬੀਚ ਤੇ ਟਹਿਲ ਰਿਹਾ ਸੀ ਤਾਂ ਉਹ ' ਜੀਵਨ ਪਥ ' ਤੇ ਤੁਰੇ ਜਾਂਦੇ ਅਣਗਿਣਤ ਲੋਕਾਂ ਵਿੱਚ ਘੁੰਮਦੀ ਮਿਲ ਗਈ | ਰਣਬੀਰ ਉਸਦੇ ਪਿੱਛੇ ਪਿੱਛੇ ਚੱਲ ਪਿਆ ਅਤੇ ਇੱਕ ਜਗਾਹ ਦੇਖ ਉਸਨੇ ਉਸਨੂੰ ਰੋਕ ਲਿਆ ਅਤੇ ਆਪਣੇ ਬਾਰੇ ਦੱਸਿਆ ਤਾਂ ਉਹ ਇਕਦਮ ਬਚ ਕੇ ਲੰਘ ਜਾਣ ਲੱਗੀ | ਪਰ ਰਣਬੀਰ ਨੇ ਉਸਦਾ ਰਸਤਾ ਰੋਕ ਕੇ ਖੜ ਗਿਆ |
"ਹੁਣ ਕਿਸਦੀ ਮੌਤ ਲੈ ਕੇ ਆਈਂ ਏਂ ? ਰਾਮਚਰਨ ਤਾਂ ਰੱਬ ਦੀ ਕਿਰਪਾ ਕਰਕੇ ਬਚ ਗਿਆ ਸੀ!"
"ਮੈਂ ਕਾਲੀ ਮਾਂ ਦੀ ਸ਼ਰਧਾਲੂ ਹਾਂ ਅਤੇ ਦੇਵੀ ਮਾਂ ਮੌਤ ਨਹੀਂ ਸਗੋਂ ਜੀਵਨ ਦਾਨ ਦਿੰਦੀ ਹੈ | ਅਜੇ ਵੀ ਰਕਤਬੀਜ ਵਰਗੇ ਰਾਖਸ਼ਸ ਇਸ ਧਰਤੀ ਤੇ ਯੁਧ ਅਤੇ ਦੰਗਿਆਂ ਦਾ ਕਹਿਰ ਮਚਾ ਰਹੇ ਹਨ ਅਤੇ ਮਾਸੂਮ ਲੋਕਾਂ ਦੀ ਹੱਤਿਆ ਕਰ ਰਹੇ ਹਨ | ਮਹਾਂਕਾਲੀ ਵਿਨਾਸ਼ ਦਾ ਰੂਪ ਧਾਰਨ ਕਰੇਗੀ| ਤੂੰ ਦੇਖਣਾ ਫਿਰ ਉਸ ਦਿਨ ਇਸ ਸੰਸਾਰ ਤੇ ਕਿਆਮਤ ਆਵੇਗੀ ਅਤੇ ਸਾਰੀ ਸ੍ਰਿਸ਼ਟੀ ਤਹਿਸ-ਨਹਿਸ ਹੋ ਜਾਵੇਗੀ | ਅਤੇ ਦੇਵੀ ਮਾਂ ਫਿਰ ਇਸਦੀ ਨਵੇਂ ਸਿਰੇ ਤੋਂ ਸਿਰਜਨਾ ਕਰੇਗੀ | ਨਾਸ਼ਵਾਨ ਧਰਤੀ ਦੇ ਨਾਸ਼ਵਾਨ ਲੋਕਾਂ ਨੂੰ ਹੁਣੇ ਤੋਂ ਹੀ ਆਪਣੇ ਪਾਪਾਂ ਦਾ ਪ੍ਰਾਸਚਿਤ ਸ਼ੁਰੂ ਕਰ ਦੇਣਾ ਚਾਹਿਦਾ ਹੈ | ਤੂੰ ਨਹੀਂ ਮੈਂ ਇਹਨਾਂ ਨਕਾਬ ਲੱਗੇ ਚਿਹਰਿਆਂ ਦੇ ਪਿੱਛੇ ਛੁਪੇ ਅਸਲੀ ਚਿਹਰੇ ਦੇਖੇ ਹਨ, ਜਿਹੜੇ ਆਪ ਤਾਂ ਬਾਹਰ ਕੁਝ ਹੋਰ ਬੋਲਦੇ ਹਨ ਅਤੇ ਪਰਦਿਆਂ ਪਿੱਛੇ ਘਿਨੌਉਣੀਆ ਹਰਕਤਾਂ ਕਰਦੇ ਹਨ ਜਿਨਾਂ ਨੂੰ ਸੁਣਕੇ ਰਗਾਂ ਦਾ ਲਹੁ ਸਰਦ ਹੋ ਜਾਂਦਾ ਹੈ |"
ਇੰਨਾ ਕਹਿੰਦੀ ਹੋਈ ਉਹ ਭੀੜ ਦੇ ਸਮੁੰਦਰ ਵਿੱਚ ਗੁੰਮ ਹੋ ਗਈ | ਉਹ ਉਸਨੂੰ ਜਾਂਦੀ ਸਿਰਫ਼ ਦੇਖਦਾ ਹੀ ਰਹਿ ਗਿਆ ...
ਸੂਰਜ ਪੂਰੀ ਤਰਾਂ ਡੁੱਬ ਚੁੱਕਾ ਸੀ ਪਰ ਹਲਕੇ ਸੁਰਮੇ ਰੰਗ ਦੇ ਬੱਦਲਾਂ ਵਿੱਚ ਅਜੇ ਲਹੂ ਰੰਗੀ ਭਾਹ ਬਾਕੀ ਸੀ |
ਰਣਬੀਰ ਨੂੰ ਲੱਗਿਆ ਕਿ ਜਿਵੇਂ ਕਿਆਮਤ ਸਚਮੁਚ ਹੀ ਆਏਗੀ !