ਮੈਨੂੰ ਵੀ ਸੁਪਨੇ ਬਹੁਤ ਚੰਗੇ ਲਗਦੇ ਹਨ ਤੇ ਅਕਸਰ ਮੈਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਜੇ ਸਮਝ ਨਹੀਂ ਆਉਂਦੇ ਤਾਂ ਮਾਨਣ ਦੀ ਕੋਸ਼ਿਸ ਕਰਦਾ ਹਾਂ। ਪਰ ਅਕਸਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਮਨ ਚਾਹਿਆ ਸੁਪਨਾ ਨਹੀਂ ਆਉਂਦਾ, ਕੁੱਝ ਹੋਰ ਹੀ ਤਰ੍ਹਾਂ ਦਾ ਸੁਪਨਾ ਆ ਜਾਂਦਾ ਹੈ - ਪਰ ਉਹ ਹੁੰਦਾ ਬੜਾ ਰੋਚਕ ਹੈ ਜਾਂ ਫਿਰ ਕਦੇ ਕਦੇ ਬੜਾ ਹੀ ਡਰਾਵਣਾ !
ਕੱਲ੍ਹ ਰਾਤ ਮੈਨੂੰ ਇੱਕ ਬੜਾ ਹੀ ਅਜਬ ਜਿਹਾ ਸੁਪਨਾ ਆਇਆ। ਮੈਂ ਇੱਕ ਅਣਜਾਣੇ ਪ੍ਰਦੇਸ਼ ਵਿੱਚ ਘੁੰਮ ਰਿਹਾ ਹਾਂ। ਬੜਾ ਹੀ ਰਹਸਮਈ ਤੇ ਅਨੁਨਮਈ (Esoteric) ਜਿਹਾ ਮਾਹੌਲ ਹੈ। ਮੈਂ ਇਕੱਲਾ ਕਿਸੇ ਅਣਜਾਣੇ ਪ੍ਰਦੇਸ਼ ਵਿੱਚ ਘੁੰਮ ਰਿਹਾ ਹਾਂ। ਮੇਰਾ ਦਿਮਾਗ਼ ਜਿਵੇਂ ਇੱਕ ਧੁੰਦ ਜਿਹੀ ਵਿੱਚ ਘਿਰਿਆ ਹੋਇਆ ਹੈ। ਅਚਾਨਕ ਮੈਨੂੰ ਅਨੁਭਵ ਹੁੰਦਾ ਹੈ ਕਿ ਮੈਂ ਇੱਕ ਰਹੱਸਮਈ ਜਗ੍ਹਾ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹਾਂ - ਸ਼ਾਇਦ ਕੋਈ ਬਾਗ਼ ਜਾਂ ਜੰਗਲ ਹੈ ! ਆਸਪਾਸ ਸਾਵੇ ਰੰਗੇ ਪਰ ਅਜੀਬ ਜਿਹੇ ਦਰਖਤ ਹਨ। ਇੱਕ ਰਸਤਾ ਹੈ ਜੋ ਦੂਰ ਕਿਤੇ ਸੰਘਣੇ ਜੰਗਲ ਦੇ ਵਿੱਚ ਦੀ ਜਾਂਦਾ ਹੈ। ਰਸਤੇ ਦੇ ਆਸਪਾਸ ਪੱਥਰ ਤੇ ਚੱਟਾਨਾਂ ਹਨ। ਕਈ ਚੱਟਾਨਾਂ ਛੋਟੀਆਂ ਤੇ ਕਈ ਬਹੁਤ ਵੱਡੀਆਂ ਹਨ ਤੇ ਆਪਸ ਵਿੱਚ ਮਿਲ਼ ਕੇ ਇੱਕ ਛੋਟੀ ਜਿਹੀ ਪਹਾੜੀ ਬਣਾਉਂਦੀਆਂ ਹਨ। ਚੱਟਾਨਾਂ ਵਿੱਚ ਕਿਤੇ ਕਿਤੇ ਹਰੇ ਪੌਦੇ ਹਨ। ਉਹ ਰਸਤਾ ਜਿਹੜਾ ਤੰਗ ਜਿਹਾ ਹੈ ਦੂਰ ਅੰਦਰ ਨੂੰ ਜਾਂਦਾ ਹੈ। ਮੈਂ ਬਿਨਾਂ ਕਿਸੇ ਸੋਚ ਦੇ ਉਸਦੇ ਉੱਪਰ ਤੁਰਦਾ ਜਾਂਦਾ ਹਾਂ। ਕਾਫ਼ੀ ਤੁਰਨ ਤੋਂ ਬਾਅਦ ਮੈਂ ਉਸ ਬਾਗ਼ ਦੇ ਅੰਦਰਲੇ ਭਾਗ ਵਿੱਚ ਪੁੱਜ ਜਾਂਦਾ ਹਾਂ। ਉੱਥੇ ਆਸਪਾਸ ਹਰਾ ਹਰਾ ਮੁਲਾਇਮ ਘਾਹ ਹੈ। ਆਸਪਾਸ ਕਿਤੇ ਕਿਤੇ ਛੋਟੀਆਂ ਚੱਟਾਨਾਂ ਹਨ। ਓਹੀ ਰਸਤਾ ਹੋਰ ਅੰਦਰ ਜਾਂਦਾ ਹੈ। ਉੱਥੇ ਕੁੱਝ ਲੋਕ ਬੈਠੇ ਹਨ। ਇੱਕ ਪਾਸੇ ਇੱਕ ਅੰਗਰੇਜ਼ ਜੋੜਾ ਬੈਠਾ ਹੈ। ਮੈਂ ਉਸਨੂੰ ਦੂਰੋਂ "ਹੈਲੋ" ਕਹਿੰਦਾ ਹਾਂ। ਬਾਕੀ ਲੋਕਾਂ ਵੱਲ੍ਹ ਬਿਨਾ ਦੇਖੇ, ਮੈਂ ਟੁਰਿਆ ਜਾਂਦਾ ਹਾਂ।
ਅਚਾਨਕ ਇੱਕਦਮ ਦ੍ਰਿੱਸ਼ ਬਦਲ ਜਾਂਦਾ ਹੈ। ਤੇ ਮੈਂ ਇੱਕ ਪੁਰਾਣੀ ਕਿਲੇਨੁਮਾ ਇਮਾਰਤ ਦੇ ਅੰਦਰ ਹਾਂ। ਆਸਪਾਸ ਅਨੇਕਾਂ ਲੋਕ ਹਨ - ਕੁੱਝ ਜਾਣੇ ਪਹਿਚਾਣੇ ਤੇ ਕੁੱਝ ਅਜਨਬੀ। ਇੱਕ ਅਜੀਬ ਕਿਸਮ ਦਾ ਸ਼ੋਰ ਪਸਰਿਆ ਹੋਇਆ ਹੈ। ਸਾਰੇ ਲੋਕ ਜਿਵੇਂ ਇੱਕ ਬੇਚੈਨੀ ਦੀ ਅਵਸਥਾ ਵਿੱਚ ਹਨ। ਉਹ ਬੜੀ ਕਾਹਲ਼ੀ ਵਿੱਚ ਲਗਦੇ ਨੇ। ਫੇਰ ਅਚਾਨਕ ਮੈਂ ਉੱਥੋਂ ਬਾਹਰ ਜਾਣ ਵਾਲ਼ੇ ਰਸਤੇ 'ਤੇ ਆ ਜਾਂਦਾ ਹਾਂ। ਜਿੱਥੇ ਦੋ ਰਸਤੇ ਹਨ - ਮੈਂ ਇੱਕ ਰਸਤਾ ਚੁਣ ਕੇ ਉੱਧਰ ਨੂੰ ਨਿੱਕਲ਼ ਟੁਰਦਾ ਹਾਂ। ਮੇਰੇ ਆਸਪਾਸ ਦੇ ਲੋਕ ਕਹਿੰਦੇ ਹਨ ਕਿ ਇਹੀ ਸਹੀ ਰਸਤਾ ਹੈ - ਦੂਸਰਾ ਰਸਤਾ ਸ਼ਾਇਦ ਬਹੁਤ ਬਿਖਮ ਤੇ ਜ਼ੋਖ਼ਿਮ ਭਰਿਆ ਹੈ ! ਪਰ ਇਸ ਰਸਤੇ 'ਤੇ ਅੱਗੇ ਡੂੰਘੀਆਂ ਪੌੜੀਆਂ ਨਜ਼ਰ ਆਉਂਦੀਆਂ ਹਨ - ਮੈਂ ਜਲਦੀ ਜਲਦੀ ਪੌੜੀਆਂ ਉੱਤਰਦਾ ਹਾਂ। ਬਾਕੀ ਲੋਕ ਵੀ ਮੇਰੇ ਨਾਲ਼ ਹੀ ਹਨ। ਫੇਰ ਮੈਂ ਉੱਥੋਂ ਬਾਹਰ ਆ ਜਾਂਦਾ ਹਾਂ। ਬਾਹਰ ਵੀ ਬੜਾ ਅਜੀਬ ਤੇ ਰਹੱਸਮਈ ਮਾਹੌਲ ਹੈ। ਇੱਕ ਢਲਾਨ ਵਾਲ਼ੀ ਸੜਕ ਹੈ - ਕੋਈ ਪਹਾੜੀ ਇਲਾਕਾ ਲਗਦਾ ਹੈ। ਪਰ ਅਜੀਬ ਜਿਹਾ ਸ਼ਹਿਰ ਹੈ। ਉਸਤੋਂ ਬਾਅਦ ਕੁੱਝ ਯਾਦ ਨਹੀਂ - ਬੜੇ ਦ੍ਰਿੱਸ਼ ਬਦਲੇ।
ਅੱਜ ਸਾਰਾ ਦਿਨ ਮੈਨੂੰ ਇਸ ਸੁਪਨੇ ਨੇ ਇੱਕ ਅਜੀਬ ਜਿਹੀ ਸਨਸਨੀ ਤੇ ਝਰਨਾਹਟ ਪੈਦਾ ਕੀਤੀ। ਤੇ ਮੈਂ ਆਪਮੁਹਾਰੇ ਇਸਨੂੰ ਡਾਇਰੀ ਵਿੱਚ ਲਿਖਣ ਲੱਗਿਆ। ਜਿਹੜੀ ਗੱਲ ਮੈਨੂੰ ਜ਼ਿਆਦਾ ਹੈਰਾਨ ਕਰ ਰਹੀ ਸੀ, ਉਹ ਇਹ ਸੀ ਕਿ ਮੈਂ ਇਹੋ ਜਿਹਾ ਬਾਗ਼ ਪਹਿਲਾਂ ਵੀ ਕਈ ਵਾਰ ਸੁਪਨਿਆਂ ਵਿੱਚ ਵੇਖਿਆ ਸੀ। ਪਤਾ ਨਹੀਂ ਕਿਹੋ ਜਿਹਾ ਸੁਪਨਾ ਸੀ, ਪਰ ਸੀ ਬੜਾ ਭੇਦਭਰਿਆ। ਵੈਸੇ ਤਾਂ ਸੁਪਨੇ ਯਾਦ ਨਹੀਂ ਰਹਿੰਦੇ ਪਰ ਕਈ ਸੁਪਨੇ ਬਹੁਤ ਸਪਸ਼ਟ ਯਾਦ ਰਹਿੰਦੇ ਨੇ, ਤੇ ਤੁਹਾਨੂੰ ਕਈ ਕਈ ਦਿਨ ਤੜਪਾਉਂਦੇ ਨੇ। ਕਹਿੰਦੇ ਨੇ ਅਕਸਰ ਸਵੇਰ ਦੇ ਸੁਪਨੇ ਯਾਦ ਰਹਿੰਦੇ ਨੇ ਜਾਂ ਉਹ ਸੁਪਨੇ ਜਿਨ੍ਹਾਂ ਦੌਰਾਨ ਤੁਹਾਡੀ ਜਾਗ ਖੁੱਲ੍ਹ ਜਾਂਦੀ ਹੈ। ਵੈਸੇ ਤਾਂ ਸਾਨੂੰ ਰੋਜ਼ ਹੀ ਸੁਪਨੇ ਆਉਂਦੇ ਹਨ, ਪਰ ਬਹੁਤੇ ਯਾਦ ਨਹੀਂ ਰਹਿੰਦੇ। ਪਰ ਸਾਰੇ ਸੁਪਨੇ ਤੁਹਾਡੀ ਪਹਿਚਾਣ ਸਮਝਣ ਦਾ ਇੱਕ ਤਰੀਕਾ ਦੱਸਦੇ ਨੇ - ਆਪਣੇ ਆਪ ਨੂੰ ਖੋਜਣ ਦਾ ਮਾਰਗ - ਸਵੈ ਦੀ ਤਲਾਸ਼। ਇਸ ਸੁਪਨਈ ਤਲਾਸ਼ ਵਿੱਚ ਥੋੜਾ ਅਨੰਦ ਵੀ ਛਿਪਿਆ ਹੁੰਦਾ ਹੈ। ਪਰ ਜਿਵੇਂ ਜਿਵੇਂ ਤੁਸੀਂ ਉਸ ਤਲਾਸ਼ ਦੇ ਮਾਰਗ ਤੇ ਚੱਲਦੇ ਹੋ ਤੁਹਾਡੇ ਅੱਗੇ ਹੋਰ ਪ੍ਰਸ਼ਨ ਚਿੰਨ੍ਹ ਸਾਹਵੇਂ ਆਉਂਦੇ ਨੇ - ਪ੍ਰਸ਼ਨ ਚਿੰਨ੍ਹ ਜਿਨ੍ਹਾਂ ਦਾ ਕੋਈ ਉੱਤਰ ਨਹੀਂ ਮਿਲਦਾ। ਤੇ ਪ੍ਰਸ਼ਨ ਚਿੰਨ੍ਹਾਂ ਦਾ ਇੱਕ ਵੱਡਾ ਅੰਬਾਰ ਜਮ੍ਹਾ ਹੋ ਜਾਂਦਾ ਹੈ। ਤੇ ਅਸੀਂ ਸੋਚਣ ਲਗਦੇ ਹਾਂ ਕਿ ਕੌਣ ਦੇਵੇਗਾ ਉਹਨਾਂ ਦਾ ਉੱਤਰ?
ਅੱਜ ਪੱਚੀ ਕੁ ਸਾਲ ਬਾਅਦ, ਜਦੋਂ ਮੈਂ ਉਸ ਸੁਪਨੇ ਵਾਰੇ ਲਿਖ ਰਿਹਾਂ ਹਾਂ, ਤਾਂ ਲਗਦਾ ਹੈ ਕਿ ਉਸ ਸਮੇਂ ਜਦੋਂ ਮੈਨੂੰ ਉਹ ਸੁਪਨਾ ਆਇਆ ਸੀ ਤਾਂ ਮੈਂ ਬਾਹਰਲੇ ਮੁਲਕ (ਖ਼ਾਸ ਤੌਰ ਤੇ ਅਮਰੀਕਾ) ਜਾਣ ਵਾਰੇ ਸੋਚਦਾ ਸੀ ਤੇ ਕੋਸ਼ਿਸ ਕਰ ਰਿਹਾ ਸੀ ਕਿ ਮੈਨੂੰ ਅਮਰੀਕਾ ਵਿਖੇ ਨੌਕਰੀ ਮਿਲ਼ ਜਾਵੇ। ਸ਼ਾਇਦ ਇਸੇ ਕਰਕੇ ਮੈਨੂੰ ਇਸ ਤਰ੍ਹਾਂ ਦੇ ਸੁਪਨੇ ਵੀ ਆ ਰਹੇ ਸਨ - ਜੋ ਕਿ ਅੰਗਰੇਜ਼ ਜੋੜੇ ਦੇ ਜ਼ਿਕਰ ਤੋਂ ਸਪਸ਼ਟ ਨਜ਼ਰ ਆਉਂਦਾ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਵਿਸ਼ਲੇਸ਼ਣ ਸੱਚ ਹੋਵੇ। ਕਿਓਂਕਿ ਸੁਪਨਿਆਂ ਦਾ ਵਿਸ਼ਲੇਸ਼ਣ ਤੇ ਉਹਨਾਂ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਅਤੇ ਉਹਨਾਂ ਦੇ ਮਤਲਬ ਦਾ ਕਿਆਸ ਹੀ ਕਰ ਸਕਦੇ ਹਾਂ। ਕਾਰਲ ਸੈਗਨ ਦੇ ਅਨੁਸਾਰ ਜੇ ਸੁਪਨੇ ਦਾ ਮਤਲਬ ਸੱਚ ਹੋ ਜਾਵੇ ਤਾਂ ਅਸੀਂ ਉਸਨੂੰ ਇੱਕ ਪ੍ਰਮਾਣ ਸਮਝ ਕੇ ਉਸਦੇ ਵਾਰੇ ਦੂਸਰਿਆਂ ਨੂੰ ਦੱਸਦੇ ਹਾਂ ਤੇ ਉਸਦਾ ਰਿਕਾਰਡ ਰੱਖਦੇ ਹਾਂ, ਪਰ ਜੇ ਸੱਚ ਨਾ ਹੋਵੇ ਤਾਂ ਅਸੀਂ ਉਸਦਾ ਜ਼ਿਕਰ ਨਹੀਂ ਕਰਦੇ ਤੇ ਰਿਕਾਰਡ ਵੀ ਨਹੀਂ ਕਰਦੇ। ਜੋ ਕਿ ਸਹੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਵਿਗਿਆਨ ਦੀ ਕਸੌਟੀ ਤੇ ਉਹ ਵਿਚਾਰ ਪੂਰਾ ਨਹੀਂ ਉੱਤਰਦਾ, ਕਿਓਂਕਿ ਵਿਗਿਆਨ ਸਬੂਤ ਮੰਗਦਾ ਹੈ। ਪਰ ਅਸੀਂ ਕਈ ਵਾਰ ਜਾਣੇ-ਅਣਜਾਣੇ ਗ਼ਲਤ ਸਬੂਤ ਜਾਂ ਤੱਥ ਪੇਸ਼ ਕਰ ਦਿੰਦੇ ਹਾਂ। ਇਸ ਕਰਕੇ ਮਨੋਵਿਗਿਆਨ ਸੁਪਨਿਆਂ ਦਾ ਵਿਸ਼ਲੇਸ਼ਣ ਕਰਦਾ ਹੈ ਪਰ ਵਿਗਿਆਨ ਨਹੀਂ। ਤੇ ਇਹ ਜ਼ਰੂਰੀ ਹੀ ਨਹੀਂ ਕਿ ਉਹ ਵਿਸ਼ਲੇਸ਼ਣ ਸਹੀ ਹੋਵੇ। ਪਰ ਅਸੀਂ ਨਿਸ਼ਚਿਤ ਹੀ ਉਸਦਾ ਅਨੰਦ ਜ਼ੂਰਰ ਮਾਣ ਸਕਦੇ ਹਾਂ।
ਪਰ ਜੇ ਵਿਗਿਆਨ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸੁਪਨਿਆਂ ਦਾ ਕੋਈ ਮਤਲਬ ਨਹੀਂ ਹੁੰਦਾ, ਉਹ ਸਿਰਫ਼ ਦਿਮਾਗ਼ ਦੇ ਨਿਤਪ੍ਰਤੀ ਦੀਆਂ ਮਹਤਵਪੂਰਣ ਯਾਦਾਂ ਨੂੰ ਲੰਮੀ ਯਾਦ-ਸ਼ਕਤੀ ਵਿੱਚ ਟਿਕਾਉਣ ਦੇ ਵਰਤਾਰੇ ਦਾ ਦੁਸ਼ਪ੍ਰਭਾਵ (Side effect) ਹੁੰਦੇ ਹਨ! ਰਿਸਰਚ ਦੇ ਅਨੁਸਾਰ ਨੀਂਦ, ਯਾਦ-ਸ਼ਕਤੀ ਨੂੰ ਬਹਾਲ ਕਰਨ ਵਿੱਚ ਮਦਦ ਕਰਦੀ ਹੈ। ਜੇ ਤੁਸੀਂ ਨਵੀਂ ਜਾਣਕਾਰੀ ਸਿੱਖਦੇ ਜਾਂ ਪੜ੍ਹਦੇ ਹੋ ਤੇ ਉਸਤੋਂ ਬਾਅਦ ਸੌਂ ਜਾਂਦੇ ਹੋ ਤਾਂ ਤੁਸੀਂ ਉਸਨੂੰ ਜਲਦੀ ਤੇ ਬਿਹਤਰ ਯਾਦ ਕਰ ਸਕਦੇ ਹੋ।
ਤੇ ਸੁਪਨੇ ਦਿਮਾਗ਼ ਨੂੰ ਮਹਤਵਪੂਰਣ ਗਿਆਨ ਪ੍ਰਭਾਵਸ਼ਾਲੀ ਤਰੀਕੇ ਨਾਲ਼ ਯਾਦ ਕਰਨ ਵਿੱਚ ਸਹਾਇਤਾ ਕਰਦੇ ਹੋ ਸਕਦੇ ਹਨ, ਫ਼ਾਲਤੂ ਦੇ ਵਿਚਾਰਾਂ ਨੂੰ ਛਾਣ ਕੇ ਤਾਂ ਜੋ ਉਹ ਯਾਦ-ਸ਼ਕਤੀ ਤੇ ਸਿੱਖਿਆ ਦੇ ਵਿੱਚ ਰੁਕਾਵਟ ਨਾ ਪਾ ਸਕਣ।
Sagan, Carl (1980). Cosmos. Random House.
https://books.google.com/books?id=EIqoiww1r9sC
https://www.healthline.com/health/why-do-we-dream#the-role-of-dreams