- ਅਮਨਦੀਪ ਸਿੰਘ
ਰੌਬਰਟ ਸਿੰਘ ਦੇ ਨਾਮ ਰੌਬਰਟ ਦਾ ਮਤਲਬ ਸ਼ਾਨਦਾਰ ਸ਼ੋਭਾ ਹੁੰਦਾ ਹੈ ਜੋ ਕਿ ਜਰਮਨ ਮੂਲ ਦਾ ਦੂਜਾ ਸਭ ਤੋ ਵੱਧ ਮਸ਼ਹੂਰ ਨਾਮ ਹੈ ਤੇ ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ, ਜੋ ਕਿ ਸੰਸਕ੍ਰਿਤ ਦੇ ਸ਼ਬਦ ਤੋਂ ਬਣਿਆ ਹੈ ਤੇ ਉਹ ਹਿੰਦੁਸਤਾਨ, ਪੰਜਾਬ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਜਿੱਥੇ ਪੰਜਾਬੀ ਲੋਕ ਵੱਸਦੇ ਹਨ, ਇੱਕ ਮਸ਼ਹੂਰ ਉਪਨਾਮ ਹੈ। ਰੋਬਰਟ ਦੀ ਮਾਂ ਅਮਰੀਕਨ ਤੇ ਪਿਤਾ ਪੰਜਾਬੀ ਮੂਲ ਦੇ ਸਨ। ਉਹ ਆਪਣੇ ਨਾਮ ਦੇ ਨਾਲ਼ ਬਿਲਕੁਲ ਮੇਚ ਖਾਂਦਾ ਸੀ। ਉਹ ਦੁਨੀਆਂ ਦੇ ਸਭ ਤੋਂ ਪਹਿਲੇ ਅੰਤਰ-ਤਾਰਾ ਅੰਤਰਿਕਸ਼ ਯਾਨ (Spaceship) 'ਕਲਪਨਾ' ਦਾ ਕਮਾਂਡਰ ਸੀ। ਅੰਤਰਿਕਸ਼ ਯਾਨ 'ਕਲਪਨਾ' ਧਰਤੀ ਦੇ ਵਿਗਿਆਨਕਾਂ ਦੀ ਦੋ ਦਹਾਕਿਆਂ ਦੀ ਸਖਤ ਮਿਹਨਤ ਦਾ ਫ਼ਲ਼ ਸੀ, ਜਿਸਦੀ ਮੰਜ਼ਿਲ ਸਭ ਤੋਂ ਨੇੜੇ ਦਾ ਤਾਰਾ-ਮੰਡਲ ਪ੍ਰਥਮ ਕਿੰਨਰ (Alpha Centauri) ਸੀ, ਜਿੱਥੇ ਅਜੇ ਤੱਕ ਕੋਈ ਮਨੁੱਖ ਨਹੀਂ ਪਹੁੰਚਿਆ ਸੀ। ਉੱਥੇ ਪਹੁੰਚਣ ਦਾ ਸਾਹਸ ਕਰਨਾ ਉਹਨਾਂ ਦਾ ਮੁਖ-ਮੰਤਵ ਸੀ! ਉਸਦੇ ਗਿਰਦ ਘੁੰਮਣ ਵਾਲ਼ੇ ਗ੍ਰਹਿਆਂ ਦੇ ਵਾਰੇ ਜਾਨਣਾ ਤੇ ਦੇਖਣਾ ਕਿ ਉਥੇ ਜੀਵਨ ਦੀ ਹੋਂਦ ਹੈ ਕਿ ਨਹੀਂ, ਜਾਂ ਉਸਦੀ ਸੰਭਾਵਨਾ ਹੋ ਸਕਦੀ ਹੈ? ਸਭ ਤੋਂ ਵੱਧ ਤਾਂ ਇਹ ਖੋਜ ਕਰਨੀ ਕਿ ਜੀਵਨ ਦੀ ਹੋਂਦ ਦਾ ਰਹੱਸ ਕੀ ਹੈ, ਇਹ ਬ੍ਰਹਿਮੰਡ ਕਿਸ ਨੇ ਤੇ ਕਿਓਂ ਬਣਾਇਆ ਹੈ?
ਪ੍ਰਥਮ ਕਿੰਨਰ ਤਾਰਾ-ਮੰਡਲ ਵਿੱਚ ਤਿੰਨ ਸਿਤਾਰੇ ਪ੍ਰਥਮ ਕਿੰਨਰ ਇੱਕ ((Alpha Centauri A) , ਤੇ ਪ੍ਰਥਮ ਕਿੰਨਰ ਦੋ (Alpha Centauri B) , ਜੁੜਵਾਂ ਸਿਤਾਰੇ ਸਨ ਤੇ ਅਗਾਮੀ ਕਿੰਨਰ (Proxima Centauri) ਤੇ ਉਸਦੇ ਗ੍ਰਹਿ ਸਨ। ਪ੍ਰਥਮ ਕਿੰਨਰ ਇੱਕ, ਤੇ ਪ੍ਰਥਮ ਕਿੰਨਰ ਦੋ, ਜੁੜਵਾਂ ਸਿਤਾਰੇ, ਇੱਕ ਦੂਸਰੇ ਦੇ ਗਿਰਦ ਚੱਕਰ ਲਾਉਂਦੇ ਸਨ। ਪ੍ਰਥਮ ਕਿੰਨਰ ਇੱਕ, ਹਰ ਤਰ੍ਹਾਂ ਸਾਡੇ ਸੂਰਜ ਵਰਗਾ ਸਿਤਾਰਾ ਹੀ ਸੀ, ਜਿਸਦੀ ਉਮਰ ਵੀ ਲੱਗਭੱਗ ਸੂਰਜ ਜਿੰਨੀ ਸੀ, ਤੇ ਪ੍ਰਥਮ ਕਿੰਨਰ ਦੋ ਥੋੜਾ ਛੋਟਾ ਤੇ ਘੱਟ ਚਮਕ ਵਾਲ਼ਾ ਸੀ, ਪਰ ਕਾਫ਼ੀ ਹੱਦ ਤੱਕ ਸੂਰਜ ਵਰਗਾ ਹੀ ਸੀ। ਅਗਾਮੀ ਕਿੰਨਰ ਬਹੁਤ ਛੋਟਾ ਲਾਲ ਦੈਂਤ (Red Dwarf ) ਸੀ ਜੋ ਪ੍ਰਥਮ ਕਿੰਨਰ ਇੱਕ ਤੇ ਦੋ ਦੇ ਗਿਰਦ ਚੱਕਰ ਲਾਉਂਦਾ ਸੀ। ਅਗਾਮੀ ਕਿੰਨਰ ਪ੍ਰਿਥਵੀ ਦਾ ਸਭ ਤੋਂ ਨੇੜੇ ਦਾ ਸਿਤਾਰਾ ਸੀ ਤੇ ਪ੍ਰਥਮ ਕਿੰਨਰ ਇੱਕ ਤੇ ਦੋ ਦੂਜੇ ਨੇੜੇ ਦੇ ਸਿਤਾਰੇ ਸਨ। ਨਾਸਾ ਦੀ ਚੰਦਰ ਐਕਸ-ਰੇ ਵੇਦਸ਼ਾਲਾ (Observatory) ਦੇ ਅਨੁਸਾਰ ਜੀਵਨ ਦੀ ਹੋਂਦ ਹੋਣ ਦੀ ਸੰਭਾਵਨਾ ਪ੍ਰਥਮ ਕਿੰਨਰ ਇੱਕ ਤੇ ਦੋ 'ਤੇ ਜ਼ਿਆਦਾ ਸੀ, ਕਿਉਂਕਿ ਅਗਾਮੀ ਕਿੰਨਰ ਤੋਂ ਐਕਸ-ਰੇ ਰੇਡੀਓ ਤਰੰਗਾਂ ਨਿੱਕਲਦੀਆਂ ਸਨ, ਜੋ ਕਿ ਕਿਸੇ ਤਰ੍ਹਾਂ ਦੀ ਜੀਵਨ ਦੀ ਹੋਂਦ ਲਈ ਖ਼ਤਰਨਾਕ ਸਨ। ਪ੍ਰਥਮ ਕਿੰਨਰ ਇੱਕ ਤੇ ਦੋ ਸਾਡੇ ਸੂਰਜ-ਮੰਡਲ ਤੋਂ 10 ਪ੍ਰਤੀਸ਼ਤ ਪੁਰਾਣੇ ਸਨ, ਜੋ ਕਿ ਜੀਵਨ ਦੀ ਹੋਂਦ ਪਣਪਣ ਲਈ ਕਾਫ਼ੀ ਸਮਾਂ ਹੈ! ਵਿਗਿਆਨਕਾਂ ਦੇ ਹਿਸਾਬ ਮੁਤਾਬਿਕ ਸਾਡੀ ਧਰਤੀ ਵਰਗੇ ਗ੍ਰਹਿ ਦਾ ਹੋਣਾ, ਜਿੱਥੇ ਪਾਣੀ ਦੀ ਸੰਭਾਵਨਾ ਹੋ ਸਕਦੀ ਹੈ, ਉਹ ਸਿਤਾਰੇ ਤੋਂ 1.2 ਤੋਂ 1.20 Astronomical Units (AU) ਦੂਰੀ ਵਿੱਚ ਹੋ ਸਕਦਾ ਹੈ। ਇਸ ਤਰ੍ਹਾਂ ਪ੍ਰਥਮ ਕਿੰਨਰ ਇੱਕ ਦੇ ਦੁਆਲ਼ੇ ਘੁੰਮਣ ਵਾਲ਼ਾ ਗ੍ਰਹਿ ਜੇ ਇੰਨੀ ਦੂਰ ਹੋਵੇ ਤਾਂ ਉੱਥੇ ਜੀਵਨ ਦੀ ਹੋਂਦ ਹੋਣ ਦੀ ਸੰਭਾਂਵਨਾ ਸਕਦੀ ਹੈ! ਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਵਿਗਿਆਨਕਾਂ ਨੇ ਪਾਰ-ਗਮਨ (Transit), ਗੁਰੁਤਾਕਰਸ਼ਣ ਲੈਂਜ਼ਿੰਗ (Gravitational Lensing ) ਤੇ ਹੋਰ ਵਿਧੀਆਂ ਨਾਲ਼ ਪ੍ਰਥਮ ਕਿੰਨਰ ਇੱਕ, ਦੋ ਤੇ ਅਗਾਮੀ ਕਿੰਨਰ ਦੇ ਗਿਰਦ ਘੁਮੰਦੇ ਗ੍ਰਹਿ ਲੱਭੇ ਸਨ। ਤੇ ਉਹਨਾਂ ਵਿੱਚੋਂ ਕੁੱਝ ਉਹਨਾਂ ਸਿਤਾਰਿਆਂ ਦੇ ਜੀਵਨ-ਹੋਂਦ ਦੇ ਘੇਰੇ (Habitable Zone) ਵਿੱਚ ਸਨ।
ਅੰਤਰਿਕਸ਼ ਯਾਨ ਦਾ ਨਾਮ 'ਕਲਪਨਾ', ਨਾਸਾ ਤਾਰਾ-ਵਿਗਿਆਨੀ (Astronaut) ਕਲਪਨਾ ਚਾਵਲਾ ਨੂੰ ਸ਼ਰਧਾਂਜਲੀ ਸੀ, ਜੋ ਕਿ 2003 ਈ: ਵਿੱਚ ਆਪਣੇ ਸੱਤ ਸਾਥੀਆਂ ਨਾਲ਼ ਕੁਲੰਬੀਆ ਸਪੇਸ ਸ਼ਟਲ ਹਾਦਸੇ ਵਿੱਚ ਸ਼ਹੀਦ ਹੋ ਗਈ ਸੀ। 'ਕਲਪਨਾ' ਯਾਨ ਪਰਾ-ਆਧੁਨਿਕ ਸੀ, ਜਿਸਦੇ ਦਸ ਹਿੱਸੇ ਸਨ, ਜੋ ਕਿ ਬਿਲਕੁਲ ਇੱਕੋ ਜਿਹੇ ਸਨ, ਜੇ ਇੱਕ ਹਿੱਸਾ ਖਰਾਬ ਹੋ ਗਿਆ ਜਾਂ ਉਸਦਾ ਕਿਸੇ ਅਕਾਸ਼ੀ-ਪਿੰਡ ਨਾਲ਼ ਐਕਸੀਡੈਂਟ ਹੋ ਗਿਆ ਤਾਂ ਦੂਜੇ ਹਿੱਸੇ ਸੁਤੰਤਰ ਤੌਰ ਤੇ ਚੱਲਦੇ ਰਹਿ ਸਕਦੇ ਸਨ। 'ਕਲਪਨਾ' ਯਾਨ ਨਿਊਕਲੀਅਰ ਇੰਜਣ ਨਾਲ਼ ਚੱਲਣ ਵਾਲ਼ਾ ਯਾਨ ਸੀ, ਜੋ ਕਿ ਪ੍ਰਕਾਸ਼ ਦੀ ਗਤੀ ਤੋਂ ਅੱਧੀ ਗਤੀ ਨਾਲ਼ ਚੱਲ ਸਕਦਾ ਸੀ ਤੇ ਇਸ ਤਰ੍ਹਾਂ ਉਹ ਤਕਰੀਬਨ 10 ਸਾਲਾਂ ਵਿੱਚ ਪ੍ਰਥਮ-ਕਿੰਨਰ ਸਿਤਾਰੇ ਤੱਕ ਪੁੱਜ ਸਕਦਾ ਸੀ। ਉਸਦੇ ਵਿੱਚ ਆਕਸੀਜਨ ਜਨਰੇਟਰ, ਕਾਰਬਨ ਡਾਈਆਕਸਾਈਡ ਸਾਫ਼ ਕਰਨ ਵਾਲ਼ਾ ਪਲਾਂਟ, ਬਨਸਪਤੀ ਤੇ ਦਾਲ਼-ਸਬਜ਼ੀਆਂ ਉਗਾਉਣ ਲਈ ਸਾਵਾ-ਘਰ (Green House), ਪਾਣੀ ਤੇ ਹੋਰ ਪਦਾਰਥਾਂ ਨੂੰ ਪੁਨਰਾਵ੍ਰਿਤ (Recycle) ਕਰਨ ਵਾਲ਼ਾ ਪਲਾਂਟ, ਖਾਣ-ਪੀਣ ਦੀ ਸੁੱਕੀ ਸਪਲਾਈ, ਬਰਫ਼, ਆਦਿ ਸਨ, ਜੋ ਕਿ ਇਸ ਤਰ੍ਹਾਂ ਤਿਆਰ ਕੀਤੇ ਗਏ ਸਨ ਤਾਂ ਜੋ ਉਸਦੇ ਯਾਤਰੀਆਂ ਲਈ ਕਾਫ਼ੀ ਹੋਣ। ਵੈਸੇ ਉਸਦੇ ਬਾਕੀ ਦੇ ਪੰਜਾਹ ਯਾਤਰੀ ਸਿਥਲਤਾ ਦੀ ਅਵਸਥਾ ਵਿੱਚ ਹੀ ਸਨ, ਸਿਰਫ ਪੰਜ ਕਰੂ ਮੈਂਬਰ ਸਨ ਜੋ ਯਾਨ ਦੇ ਦਸ ਹਿੱਸਿਆਂ ਦੇ ਇੰਚਾਰਜ ਸਨ। ਵੈਸੇ ਤਾਂ 'ਕਲਪਨਾ' ਯਾਨ ਨੂੰ ਕੰਪਿਊਟਰ ਤੇ ਰੋਬਟ ਹੀ ਚਲਾਉਂਦੇ ਸਨ, ਪਰ ਮਨੁੱਖੀ ਇੰਚਾਰਜ ਉਹਨਾਂ ਹਿੱਸਿਆਂ ਦੀ ਦੇਖਭਾਲ਼ ਕਰਦੇ ਸਨ, ਕਿਓਂਕਿ ਕਈ ਨਿਰਣੇ ਕੰਪਿਊਟਰ ਨਹੀਂ ਸੀ ਲੈ ਸਕਦੇ! 'ਕਲਪਨਾ' ਯਾਨ ਕੰਪਿਊਟਰ ਤੇ ਰੋਬੋਟਾਂ ਨਾਲ਼ ਭਰਿਆ ਪਿਆ ਸੀ, ਕਈ ਰੋਬਟ ਵੀ ਸਿਥਿਲ ਅਵਸਥਾ ਵਿੱਚ ਬੰਦ ਸਨ, ਜਿਨ੍ਹਾਂ ਦਾ ਕੰਮ ਮੰਜ਼ਿਲ ਤੇ ਪਹੁੰਚ ਕੇ ਸ਼ੁਰੂ ਹੋਣਾ ਸੀ।
***
ਰੌਬਰਟ ਸਿੰਘ ਨੇ ਆਪਣੀ ਸਹਿ-ਚਾਲਕ ਰੀਨਾ ਨੂੰ ਬੜੇ ਪਿਆਰ ਨਾਲ਼ ਵੇਖਿਆ ਤੇ ਕਿਹਾ - 'ਹੁਣ ਅਸੀਂ ਪ੍ਰਥਮ ਕਿੰਨਰ ਦੇ ਕੋਲ਼ ਪੁੱਜਣ ਹੀ ਵਾਲ਼ੇ ਹਨ। ਪਤਾ ਹੀ ਨਹੀਂ ਚੱਲਿਆ ਦਸ ਸਾਲ ਕਿੰਝ ਬੀਤ ਗਏ! ਸਿਰਫ਼ ਤੇ ਸਿਰਫ਼ ਤੇਰੇ ਸਾਥ ਦੇ ਕਰਕੇ, ਨਹੀਂ ਤਾਂ ਇਹ ਸਫ਼ਰ ਮੁਸ਼ਕਿਲ ਕੱਟਣਾ ਸੀ।'
ਰੀਨਾ ਨੇ ਵੀ ਪਿਆਰ ਭਰੀਆਂ ਨਜ਼ਰਾਂ ਨਾਲ਼ ਉਸਦੇ ਵੱਲ੍ਹ ਵੇਖਿਆ - 'ਹਾਂ, ਮੇਰੇ ਲਈ ਵੀ ਤੁਹਾਡਾ ਸਾਥ ਬਹੁਤ ਪਿਆਰਾ ਹੈ। ਤੇ ਸ਼ਾਲਾ ਇਹ ਪਿਆਰ ਭਰਿਆ ਸਾਥ ਸਦੀਵੀ ਬਣਿਆ ਰਹੇ - ਪ੍ਰਥਮ ਕਿੰਨਰ ਤੇ ਪੁੱਜ ਕੇ ਵੀ! ਉੱਥੇ ਪਹੁੰਚ ਕੇ ਅਸੀਂ ਸਭ ਹੋਰ ਵੀ ਮਸਰੂਫ਼ ਹੋ ਜਾਵਾਂਗੇ। ਪਰ ਤੁਸੀਂ ਮੇਰਾ ਸਾਥ ਨਾ ਛੱਡਿਓ!'
'ਕਦੇ ਨਹੀਂ, ਤੂੰ ਮੇਰੇ ਲਈ ਇਸ ਮਿਸ਼ਨ ਦੀ ਇੱਕ ਪਿਆਰ ਭਰੀ ਭਾਲ਼ ਏਂ। ਇਸਤੋਂ ਪਹਿਲਾਂ ਮੈਂ ਅਧੂਰਾ ਸੀ। ...' ਰੌਬਰਟ ਨੇ ਆਖਿਆ।
ਯਾਨ ਤੋਂ ਬਾਹਰ ਦੇਖਣ ਤੇ ਉਹਨਾਂ ਨੂੰ ਤਿੰਨ ਚਮਕਦੇ ਸੂਰਜ ਦਿਖਾਈ ਦੇ ਰਹੇ ਸਨ - ਇੱਕ ਵਿਸ਼ਾਲ ਤੇ ਦੋ ਮੱਧਮ ਸੰਗਤਰੀ ਤੇ ਲਾਲ ਸੂਰਜ! ਉਹਨਾਂ ਨੂੰ ਇੱਥੋਂ ਦਾ ਅਕਾਸ਼ ਬੜਾ ਅੱਲਗ-ਅੱਲਗ ਪ੍ਰਤੀਤ ਹੋ ਰਿਹਾ ਸੀ। ਕਿਓਂਕਿ ਇੱਥੋਂ ਉਹ ਹੋਰ ਵੀ ਸਿਤਾਰੇ, ਨੈਬੂਲਾ ਤੇ ਅਕਾਸ਼ਗੰਗਾ ਦੇਖ ਸਕਦੇ ਸਨ। ਬਹੁਤ ਹੀ ਖੂਬਸੂਰਤ ਦ੍ਰਿਸ਼ ਸੀ, ਜਿਸਨੂੰ ਬਿਆਨ ਕਰਨਾ ਮੁਸ਼ਕਿਲ ਸੀ! ਅਗਾਮੀ ਕਿੰਨਰ ਦੀ ਚਮਕ-ਦਮਕ ਜੋ ਕਿ ਕਦੇ ਮੱਧਮ ਤੇ ਕਦੇ ਤੇਜ਼ ਹੋ ਜਾਂਦੀ ਸੀ, ਜਿਵੇਂ ਅੰਤਰਿਕਸ਼ ਵਿੱਚ ਆਤਿਸ਼ਬਾਜ਼ੀ ਵਾਂਗ ਪ੍ਰਤੀਤ ਹੋ ਰਹੀ ਸੀ, ਤੇ ਉਸਦੇ ਪਿੱਛੇ ਜੁੜਵਾਂ ਸਿਤਾਰੇ ਪ੍ਰਥਮ ਕਿੰਨਰ ਇੱਕ ਤੇ ਦੋ ਸੰਗਤਰੀ ਭਾਹ ਵਿਖੇਰ ਰਹੇ ਸਨ। ਉਹਨਾਂ ਦੇ ਪਿੱਛੇ ਜਿਵੇਂ ਅਣਗਿਣਤ ਸਿਤਾਰਿਆਂ ਦੀ ਚਾਂਦੀ ਰੰਗੀ ਤੇ ਨੀਲੀ ਚਮਕ ਇੱਕ ਅਜਬ ਨਜ਼ਾਰਾ ਪੇਸ਼ ਕਰ ਰਹੀ ਸੀ। ਹਾਲਾਂਕਿ ਉਹ ਸਿਤਾਰੇ ਬਹੁਤ ਦੂਰ ਸਨ, ਪਰ ਇਕੱਠੇ ਚਮਕਣ ਕਰਕੇ ਇੱਕ ਨੈਬੂਲਾ ਜਾਂ ਅਕਾਸ਼ਗੰਗਾ ਦਾ ਭੁਲੇਖਾ ਪਾ ਰਹੇ ਸਨ। ਇੱਥੋਂ ਦਾ ਅੰਤਰਿਖ਼ਸ਼ ਬਹੁਤ ਅਲੌਕਿਕ ਤੇ ਅਤਿ ਖੂਬਸੂਰਤ ਸੀ। ਪਰ ਇੱਕੋ ਸਮੇਂ ਉਹ ਅੰਤਰਿਖ਼ਸ਼ ਡਰਾਵਣਾ ਤੇ ਭੇਦਭਰਿਆ ਵੀ ਲੱਗ ਰਿਹਾ ਸੀ। ਰੌਬਰਟ ਨੂੰ ਇੱਕ ਦਮ ਆਪਣੀ ਧਰਤੀ ਦੀ ਯਾਦ ਆ ਗਈ, ਹੁਣ ਜਦੋਂ ਉਹ ਧਰਤੀ ਤੋਂ 4 ਪ੍ਰਕਾਸ਼ ਵਰ੍ਹੇ ਤੋਂ ਵੀ ਜ਼ਿਆਦਾ ਦੂਰ ਸੀ!
'ਸਾਨੂੰ ਹੁਣ ਯਾਨ ਦੀ ਦਿਸ਼ਾ ਪ੍ਰਥਮ ਕਿੰਨਰ ਇੱਕ ਦੇ ਗ੍ਰਹਿ ਗੰਧਰਵ ਵੱਲ੍ਹ ਕਰ ਦੇਣੀ ਚਾਹੀਦੀ ਹੈ। ਜੋ ਕਿ ਜੀਵਨ ਹੋਂਦ ਦੇ ਘੇਰੇ ਵਿੱਚ ਹੈ।' ਰੀਨਾ ਨੇ ਸਲਾਹ ਦਿੱਤੀ।
'ਬਿਲਕੁਲ ਠੀਕ ਹੈ। ਤੂੰ ਕੰਪਿਊਟਰ ਨੂੰ ਨਿਰਦੇਸ਼ ਦੇ ਦੇ। '
ਰੀਨਾ ਨੇ ਕੰਪਿਊਟਰ ਨੂੰ ਨਿਰਦੇਸ਼ ਦੇ ਦਿੱਤਾ ਤੇ ਨਾਲ਼ ਆਪਣੇ ਬਾਕੀ ਸਾਥੀਆਂ ਨੂੰ ਵੀ ਅਨਾਊਂਸਮੈਂਟ ਕਰ ਕੇ ਦੱਸ ਦਿੱਤਾ। ਉਹਨਾਂ ਦੇ ਇੱਕ ਸਾਥੀ ਯੂਰੀ ਨੇ ਯਾਦ ਕਰਾਇਆ ਕਿ ਉਹਨਾਂ ਨੂੰ ਅਗਾਮੀ ਕਿੰਨਰ ਬੀ ਦੇ ਵਾਰੇ ਵੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ।
ਗੰਧਰਵ ਗ੍ਰਹਿ ਵਲ੍ਹ ਜਾਣ ਤੋਂ ਪਹਿਲਾਂ ਉਹਨਾਂ ਨੇ ਯਾਨ ਨੂੰ ਅਗਾਮੀ ਕਿੰਨਰ ਦੇ ਗ੍ਰਹਿ ਅਗਾਮੀ ਕਿੰਨਰ ਬੀ ਦੇ ਦੁਆਲ਼ੇ ਤੇਜ਼ੀ ਨਾਲ਼ ਗੁਜ਼ਰਨ ਦਾ ਨਿਰਦੇਸ਼ ਵੀ ਦੇ ਦਿੱਤਾ ਤਾਂ ਜੋ ਉਹ ਉਸ ਗ੍ਰਹਿ ਵਾਰੇ ਜਾਣਕਾਰੀ ਤੇ ਅੰਕੜੇ ਇਕੱਠੇ ਕਰ ਸਕਣ। ਉੱਥੇ ਜੀਵਨ ਦੀ ਸੰਭਾਵਨਾ ਤਾਂ ਸੰਭਵ ਨਹੀਂ ਹੋ ਸਕਦੀ ਪਰ ਫੇਰ ਵੀ ਆਪਣੇ ਮਿਸ਼ਨ ਦੇ ਮਕਸਦ ਨੂੰ ਸਾਕਾਰ ਕਰਨ ਲਈ ਨਵੀਂ ਜਾਣਕਾਰੀ ਇਕੱਠੀ ਕਰਨਾ ਬਹੁਤ ਜ਼ਰੂਰੀ ਸੀ।
ਸਭ ਤੋਂ ਪਹਿਲਾਂ ਉਹਨਾਂ ਨੇ ਸਿਥਲ ਅਵਸਥਾ ਵਿੱਚ ਪਏ ਤਾਰਾ ਵਿਗਿਆਨੀ ਚੰਦਰ ਸ਼ੇਖ਼ਰ ਨੂੰ ਉਠਾਇਆ ਤਾਂ ਜੋ ਉਹ ਅਗਾਮੀ ਕਿੰਨਰ ਤੇ ਉਸਦੇ ਗ੍ਰਹਿ ਦਾ ਅਧਿਐਨ ਕਰ ਸਕੇ। ਇਸ ਤਰ੍ਹਾਂ ਉਹਨਾਂ ਦੀ ਯੋਜਨਾ ਬਾਕੀ ਦੇ ਸਿਥਲ ਪਏ ਯਾਤਰੀਆਂ ਨੂੰ ਇੱਕ ਇੱਕ ਕਰਕੇ ਉਠਾਉਣ ਦੀ ਸੀ।
ਡਾ: ਚੰਦਰ ਸ਼ੇਖ਼ਰ ਨੂੰ ਸਿਥਲਤਾ ਦੀ ਅਵਸਥਾ ਵਿੱਚੋਂ ਬਾਹਰ ਨਿੱਕਲ ਕੇ ਯਾਨ ਦੇ ਵਾਤਾਵਰਣ ਲਈ ਅਨੁਕੂਲ ਹੋਣ ਲਈ ਇੱਕ-ਦੋ ਦਿਨ ਲੱਗ ਗਏ। ਉਸਤੋਂ ਬਾਅਦ ਉਸਨੇ ਤਰੁੰਤ ਹੀ ਅਗਾਮੀ ਕਿੰਨਰ ਬੀ ਦਾ ਅਧਿਐਨ ਸ਼ੁਰੂ ਕਰ ਦਿੱਤਾ ਜੋ ਆਪਣੇ ਸਿਤਾਰੇ ਦੇ ਜੀਵਨਹੋਂਦ ਦੇ ਘੇਰੇ ਵਿੱਚ ਘੁੰਮ ਰਿਹਾ ਸੀ। ਅਗਾਮੀ ਕਿੰਨਰ ਭਿਆਨਕ ਤਪਸ਼ ਦੀਆਂ ਤਰੰਗਾਂ, ਐਕਸ-ਰੇ ਤੇ ਹੋਰ ਖ਼ਤਰਨਾਕ ਰੇਡੀਓ-ਐਕਟਿਵ ਤਰੰਗਾਂ ਛੱਡ ਰਿਹਾ ਸੀ, ਪਰ ਅਗਾਮੀ ਕਿੰਨਰ ਬੀ ਸਿਤਾਰੇ ਤੋਂ ਪ੍ਰਿਥਵੀ ਵਾਂਗ ਸਹੀ ਦੂਰੀ ‘ਤੇ ਸੀ, ਜਿੱਥੇ ਜੀਵਨ ਦੀ ਸੰਭਾਵਨਾ ਹੋ ਸਕਦੀ ਸੀ। ਉੱਥੇ ਕਿਸ ਤਰ੍ਹਾਂ ਦਾ ਜੀਵਨ ਸੰਭਵ ਹੋਵੇਗਾ? ਚੰਦਰ ਸ਼ੇਖ਼ਰ ਨੇ ਆਪਣੇ ਅਧਿਐਨ ਕਰਕੇ ਉੱਥੇ ਆਕਸੀਜਨ ਹੋਣ ਦੀ ਪੁਸ਼ਟੀ ਕਰ ਲਈ ਸੀ। ਪਰ ਵਿਚਾਰਾ ਗ੍ਰਹਿ ਆਪਣੇ ਸਿਤਾਰੇ ਦੇ ਬਹੁਤ ਨਜ਼ਦੀਕ ਸੀ (ਸੂਰਜ ਤੋਂ ਪ੍ਰਿਥਵੀ ਦੀ ਦੂਰੀ ਤੋਂ 20 ਗੁਣਾ ਨੇੜੇ ), ਤੇ ਉਸ ਨਾਲ਼ ਗੁਰੁਤਾਕਰਸ਼ਣ ਨਾਲ਼ ਇੰਨਾ ਕੱਸ ਕੇ ਬੰਨ੍ਹਿਆ ਹੋਇਆ ਸੀ ਕਿ ਉਸਦਾ ਇੱਕ ਪਾਸਾ ਹਮੇਸ਼ਾਂ ਅਗਾਮੀ ਕਿੰਨਰ ਸਿਤਾਰੇ ਵੱਲ੍ਹ ਸੀ ਤੇ ਅਤਿ ਗਰਮ ਸੀ ਦੂਜਾ ਪਾਸਾ ਅਤਿ ਠੰਡਾ ਸੀ। ਉਸਦੇ ਇੱਕ ਪਾਸੇ ਹਮੇਸ਼ਾਂ ਦਿਨ ਤੇ ਦੂਜੇ ਪਾਸੇ ਹਮੇਸ਼ਾਂ ਰਾਤ ਸੀ। ਪਰ ਵਿਚਕਾਰਲੀ ਜਗ੍ਹਾ ਅਜਿਹੀ ਹੋ ਸਕਦੀ ਸੀ, ਜਿੱਥੇ ਸ਼ਾਇਦ ਜੀਵਨ ਲਈ ਅਨੁਕੂਲ ਵਾਤਾਵਰਣ ਹੋਵੇ! ਗ੍ਰਹਿ ਅਗਾਮੀ ਕਿੰਨਰ ਦੇ ਦੁਆਲੇ ਤਕਰੀਬਨ 11 ਘੰਟੇ ਵਿੱਚ ਇੱਕ ਚੱਕਰ ਕੱਢਦਾ ਸੀ। ਕਿਹੋ ਜਿਹੇ ਜੀਵ ਇਸ ਤਰ੍ਹਾਂ ਦੇ ਮਹੌਲ ਵਿੱਚ ਪ੍ਰਫੁੱਲਿਤ ਹੋ ਸਕਦੇ ਹਨ?
'ਸਾਨੂੰ ਉੱਥੇ ਇੱਕ ਰੋਬੋਟ ਜਾਂਚ ਭੇਜਣੀ ਚਾਹੀਦੀ ਹੈ!' ਡਾ: ਚੰਦਰ ਸ਼ੇਖ਼ਰ ਨੇ ਸੁਝਾਅ ਦਿੱਤਾ।
ਰੌਬਰਟ ਸਿੰਘ ਨੂੰ ਇਹ ਸੁਝਾਅ ਚੰਗਾ ਲੱਗਿਆ, ਪਰ ਉਸਦੇ ਲਈ ਸਿਥੱਲ ਅਵਸਥਾ ਵਿੱਚੋਂ ਰੋਬੋਟ ਤੇ ਰੋਬੋਟ ਮਾਹਿਰ ਵਿਗਿਆਨਕ ਉਠਾਉਣ ਦੀ ਜ਼ਰੂਰਤ ਸੀ।
'ਉਹਨਾਂ ਨੂੰ ਉਠਾਉਣ ਦਾ ਇਸਤੋਂ ਚੰਗਾ ਸਮਾਂ ਕੀ ਹੋ ਸਕਦਾ ਹੈ?' ਉਸਨੇ ਕਿਹਾ।
ਨੀਲ ਭਾਰਦਵਾਜ ਤੇ ਸ਼ਕੀਲ ਖ਼ਾਨ ਰੋਬੋਟ ਵਿਗਿਆਨੀ ਸਨ, ਜਿਨ੍ਹਾਂ ਦਾ ਮੁੱਖ ਕੰਮ ਰੋਬੋਟ ਜਾਂਚ ਛੋਟੇ ਉਪਗ੍ਰਹਿ ਤੇ ਸ਼ਟਲ ਬਣਾਉਣਾ ਸੀ, ਜੋ ਕਿ ਗ੍ਰਹਿ ਦੇ ਗਿਰਦ ਘੁੰਮ ਕੇ ਜਾਂ ਉਸਦੇ ਉੱਪਰ ਉੱਤਰ ਕੇ ਜਾਣਕਾਰੀ ਇਕੱਠੀ ਕਰ ਸਕਣ। ਉਹਨਾਂ ਨੇ ਮੰਗਲ, ਬ੍ਰਹਿਸਪਤੀ ਤੇ ਹੋਰ ਸੌਰ-ਮੰਡਲ ਦੇ ਗ੍ਰਹਿਆਂ ਤੇ ਰੋਬੋਟ ਮਿਸ਼ਨਾਂ ਤੇ ਬਹੁਤ ਕੰਮ ਕੀਤਾ ਸੀ। ਹੁਣ ਵੀ ਉਹ ਸਿਥਲਤਾ ਤੋਂ ਉਠਦੇ ਹੀ ਇਸ ਕੰਮ ਵਿੱਚ ਰੁੱਝ ਗਏ। ਉਹਨਾਂ ਪ੍ਰਿਥਵੀ ਤੋਂ ਨਾਲ਼ ਲਿਆਂਦੀ ਰੋਬੋਟ ਸ਼ਟਲ ਨੂੰ ਤਿਆਰ ਕਰ ਦਿੱਤਾ ਜੋ ਅਗਾਮੀ ਕਿੰਨਰ ਬੀ ‘ਤੇ ਉੱਤਰ ਕੇ ਉਹਨਾਂ ਨੂੰ ਆਂਕੜੇ ਭੇਜ ਸਕਦੀ ਸੀ।
ਜਦੋਂ ਹੀ 'ਕਲਪਨਾ' ਯਾਨ ਅਗਾਮੀ ਕਿੰਨਰ ਸਿਤਾਰੇ ਦੇ ਤੇ ਉਸਦੇ ਗ੍ਰਹਿ ਬੀ ਦੇ ਇੰਨਾ ਨਜ਼ਦੀਕ ਪਹੁੰਚ ਗਿਆ ਕਿ ਰੋਬੋਟ ਸ਼ਟਲ ਆਸਾਨੀ ਨਾਲ਼ ਛੱਡੀ ਜਾ ਸਕਦੀ ਸੀ, ਉਹਨਾਂ ਨੇ ਸਹੀ ਵਕਤ ਦੇਖ ਕੇ ਉਸਨੂੰ ਗ੍ਰਹਿ ਬੀ ਵੱਲ੍ਹ ਨੂੰ ਰਵਾਨਾ ਕਰ ਦਿੱਤਾ। ਰੋਬੋਟ ਸ਼ਟਲ ਸੂਰਜ ਦੀ ਊਰਜਾ ਨਾਲ਼ ਚੱਲ ਸਕਦੀ ਸੀ। ਤਕਰੀਬਨ 24 ਘੰਟਿਆਂ ਬਾਅਦ ਸ਼ਟਲ ਗ੍ਰਹਿ ਬੀ ਦੇ ਧਰੁਵੀ ਖੇਤਰ ਤੇ ਉੱਤਰ ਗਈ। ਉਸ ਖੇਤਰ ਤੇ ਉਹ ਵਿਚਕਾਰਲੇ ਜ਼ੋਨ ਵਿੱਚ ਠਹਿਰ ਗਈ ਜਿੱਥੇ ਕੇ ਨਾ ਬਹੁਤੀ ਗਰਮੀ ਤੇ ਨਾਂ ਹੀ ਬਹੁਤੀ ਸਰਦੀ ਸੀ। ਰੋਬੋਟ ਸ਼ਟਲ ਹੁਣ ਆਂਕੜੇ ਭੇਜਣ ਲਈ ਤਿਆਰ ਸੀ!
ਇਸ ਮਿਸ਼ਨ ਦੀ ਸਫ਼ਲਤਾ ਤੋਂ ਖ਼ੁਸ਼ 'ਕਲਪਨਾ' ਯਾਨ ਦੀ ਟੀਮ ਨੇ ਹੁਣ ਆਪਣੇ ਅਸਲੀ ਨਿਸ਼ਾਨੇ ਗੰਧਰਵ ਗ੍ਰਹਿ ਵੱਲ੍ਹ ਨੂੰ ਯਾਨ ਦਾ ਰੁੱਖ ਮੋੜ ਦਿੱਤਾ ...
***
ਅਸੀਂ ਕੌਣ ਹਾਂ ਤੇ ਕਿੱਥੋਂ ਆਏ ਹਾਂ? ਕੀ ਕਿਤੇ ਹੋਰ ਵੀ ਜੀਵਨ ਦੀ ਹੋਂਦ ਹੈ? ਅਰਬਾਂ-ਖਰਬਾਂ ਸਿਤਾਰਿਆਂ ਦੇ ਵਿੱਚਕਾਰ ਕਿੰਨੇ ਗ੍ਰਹਿ ਹੋਣਗੇ ਜਿੱਥੇ ਜੀਵਨ ਪਣਪ ਸਕਦਾ ਹੈ? ਕੀ ਅਸੀਂ ਕਦੇ ਸਿਤਾਰਿਆਂ ਤੱਕ ਪੁੱਜ ਸਕਦੇ ਹਾਂ? ਜੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਤਾਂ ਕੁਦਰਤੀ ਤੌਰ ਤੇ ਸਾਡਾ ਪਹਿਲਾ ਪੜਾਅ ਸਭ ਤੋਂ ਨੇੜਲਾ ਸਿਤਾਰਾ ਪ੍ਰਥਮ ਕਿੰਨਰ (Alpha Centauri) ਹੋਵੇਗਾ ਜੋ ਕਿ ਧਰਤੀ ਤੋਂ ਤਕਰੀਬਨ 4 ਪ੍ਰਕਾਸ਼ ਵਰ੍ਹੇ ਦੂਰ ਹੈ।
ਇਸ ਤਰ੍ਹਾਂ ਦੇ ਖ਼ਿਆਲ ਮਨੁੱਖ ਦੇ ਅੰਦਰ ਸਦੀਆਂ ਤੋਂ ਉਪਜਦੇ ਆਏ ਹਨ। ਹਰ ਰੋਜ਼ ਜਦੋਂ ਅਸੀਂ ਗਹਿਨ ਅਕਾਸ਼ ਵੱਲ੍ਹ ਝਾਤੀ ਮਾਰਦੇ ਹਾਂ ਤਾਂ ਟਿਮ ਟਿਮ ਕਰਦੇ ਤਾਰੇ ਦੇਖ ਕੇ ਅਨੰਦਿਤ ਵੀ ਹੁੰਦੇ ਹਾਂ ਤੇ ਹੈਰਾਨ ਵੀ! ਬ੍ਰਹਿਮੰਡ ਕਿੰਨਾ ਅਸੀਮ ਹੈ, ਅਸੀਂ ਉਸਦਾ ਅੰਤ ਨਹੀਂ ਪਾ ਸਕਦੇ!
ਸੂਰਜ-ਮੰਡਲ, ਬ੍ਰਹਿਮੰਡ ਦਾ ਇੱਕ ਬਹੁਤ ਹੀ ਛੋਟਾ (ਮਹੀਨ, ਜਿਵੇਂ ਬਾਲੂ ਦੀ ਰੇਤ ਦਾ ਇੱਕ ਕਣ) ਹਿੱਸਾ ਹੈ। ਸਭ ਤੋਂ ਨੇੜਲਾ ਸਿਤਾਰਾ ਪ੍ਰਥਮ ਕਿੰਨਰ (Alpha Centauri) ਜੋ ਤਕਰੀਬਨ 4 ਪ੍ਰਕਾਸ਼ ਵਰ੍ਹੇ ਦੂਰ ਹੈ - ਜਿੱਥੇ ਪ੍ਰਕਾਸ਼ ਨੂੰ ਪਹੁੰਚਣ ਲਈ ਚਾਰ ਸਾਲ ਲੱਗ ਜਾਣਗੇ, ਤੇ ਮਨੁੱਖ ਦੁਆਰਾ ਵਿਕਸਿਤ ਅੰਤਰਿਕਸ਼ ਯਾਨ ਜੇ 13000 ਕਿਲੋਮੀਟਰ/ਘੰਟਾ ਚੱਲੇ ਤਾਂ ਤਕਰੀਬਨ 100 ਸਾਲ ਜਾਂ ਇੱਕ ਪੂਰੀ ਸਦੀ ਤੋਂ ਵੀ ਉੱਪਰ ਦਾ ਸਮਾਂ ਲੱਗ ਜਾਏਗਾ! ਅੰਤਰਿਕਸ਼ ਵਿੱਚ ਦੂਰੀਆਂ ਬਹੁਤ ਵਿਸ਼ਾਲ ਹਨ ਤੇ ਕਾਲ ਦੀ ਗਤੀ ਵੀ ਪ੍ਰਿਥਵੀ ਤੋਂ ਅੱਲਗ ਹੋ ਜਾਂਦੀ ਹੈ। ਵੀਹਵੀਂ ਸਦੀ ਵਿੱਚ ਵਿਗਿਆਨਕਾਂ ਨੇ ਆਧੁਨਿਕ ਤਕਨੀਕ ਨਾਲ਼ ਵਿਸ਼ਾਲ ਦੂਰੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਕੋਸ਼ਿਸ਼ਾਂ ਕਰੀਆਂ, ਪਰ ਉਹਨਾਂ ਦੇ ਬਣਾਏ ਰੌਕੇਟ, ਅੰਤਰਿਕਸ਼ ਯਾਨ ਵੀਹਵੀਂ ਤੇ ਇੱਕੀਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ 13000 ਕਿਲੋਮੀਟਰ/ਘੰਟਾ ਵੀ ਨਹੀਂ ਸੀ ਚੱਲ ਸਕਦੇ। ਪਰ ਤਾਰਾ ਵਿਗਿਆਨੀਆਂ ਨੇ ਆਸ ਨਹੀਂ ਛੱਡੀ, ਤੇ ਸੰਚਾਲਿਕ ਊਰਜਾ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕਰਦੇ ਰਹੇ, ਤੇ ਉਹਨਾਂ ਨੂੰ ਇਕੀਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਜਾ ਕੇ ਸਫ਼ਲਤਾ ਮਿਲ਼ੀ ਜਦੋਂ ਵਿਗਿਆਨਕਾਂ ਨੇ ਪ੍ਰਮਾਣੁ ਊਰਜਾ ਨਾਲ਼ ਚੱਲਣ ਵਾਲ਼ਾ ਅੰਤਰਿਕਸ਼ ਯਾਨ ਵਿਕਸਿਤ ਕਰ ਲਿਆ, ਜੋ ਕਿ ਪ੍ਰਕਾਸ਼ ਤੋਂ ਅੱਧੀ ਗਤੀ ਤੱਕ ਚੱਲ ਸਕਦਾ ਸੀ। ਇਸ ਸਫ਼ਲਤਾ ਤੋਂ ਬਾਅਦ ਸੰਯੁਕਤ ਰਾਸ਼ਟਰ ਅੰਤਰਿਕਸ਼ ਅਨੁਸੰਧਾਨ ਕੇਂਦਰ ਦੇ ਵਿਗਿਆਨੀਆਂ ਨੇ ਸਿਤਾਰਿਆਂ ਤੱਕ ਪਹੁੰਚਣ ਦੇ ਸੁਪਨੇ ਨੂੰ ਸਾਕਾਰ ਕਰਦਾ ਯਾਨ 'ਕਲਪਨਾ' ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। 'ਕਲਪਨਾ' ਯਾਨ ਨੂੰ ਬਣਨ ਤੇ ਵਿਕਸਿਤ ਹੋਣ ਲਈ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਲੱਗਿਆ, ਤੇ ਉਸਤੋਂ ਬਾਅਦ ਟੈਸਟ ਉੜਾਨਾਂ ਕਰਨ ਲਈ ਇੱਕ ਦਹਾਕਾ ਹੋਰ ਲੱਗ ਗਿਆ! ਇਸ ਤਰ੍ਹਾਂ ਉਹ ਇੱਕ ਸੁਪਨੇ ਦੀ ਪੂਰਤੀ ਕਰਨ ਵਾਲ਼ਾ ਯਾਨ ਤਿਆਰ ਹੋਇਆ, ਜਿਸਦੀ ਮੰਜ਼ਿਲ ਸਭ ਤੋਂ ਨੇੜਲਾ ਸਿਤਾਰਾ ਸੀ! 'ਕਲਪਨਾ' ਯਾਨ ਵਿਕਸਿਤ ਕਰਨ ਦਾ ਹਰ ਇੱਕ ਚਰਣ ਇੱਕ ਦਹਾਕੇ ਜਿੰਨਾ ਸੀ, ਤੇ ਉਸਦਾ ਪ੍ਰਥਮ ਕਿੰਨਰ ਸਿਤਾਰਾ-ਮੰਡਲ ਤੱਕ ਪੁੱਜਣ ਦਾ ਅਨੁਮਾਨ ਵੀ ਤਕਰੀਬਨ ਇੱਕ ਦਹਾਕਾ ਸੀ - ਜੋ ਕਿ ਇੱਕ ਇਨਕਲਾਬੀ ਪ੍ਰਾਪਤੀ ਸੀ। ਵੀਹਵੀਂ ਸਦੀ ਦਾ ਮਨੁੱਖ ਕਦੇ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਸਿਤਾਰਿਆਂ ਤੱਕ ਪੁੱਜ ਵੀ ਸਕਦਾ ਹੈ, ਕਿਉਂਕਿ ਵੀਹਵੀਂ ਸਦੀ ਦੇ ਯਾਨ ਨੂੰ ਪ੍ਰਥਮ ਕਿੰਨਰ ਤੱਕ ਪੁੱਜਣ ਲਈ ਦਸ ਸਦੀਆਂ ਲੱਗ ਸਕਦੀਆਂ ਸਨ!
ਜਿਸ ਤਰ੍ਹਾਂ 'ਕਲਪਨਾ' ਯਾਨ ਤਿਆਰ ਹੋ ਰਿਹਾ ਸੀ, ਉਸ ਵਿੱਚ ਸਵਾਰ ਹੋ ਕੇ ਪ੍ਰਥਮ ਕਿੰਨਰ ਤੱਕ ਜਾਣ ਵਾਲ਼ੇ ਜਥੇ ਦੀ ਵੀ ਖੋਜ ਸ਼ੁਰੂ ਹੋ ਗਈ। ਇਸ ਸਾਹਸੀ ਮਿਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇੱਛਾ ਰੱਖਣ ਵਾਲ਼ੇ, ਵਿਗਿਆਨਕ, ਇੰਜਨੀਅਰਿੰਗ, ਡਾਕਟਰੀ, ਨਰਸਾਂ ਤੇ ਅੰਤਰਿਕਸ਼ ਫੌਜ ਦੇ ਮਾਹਿਰਾਂ ਨੂੰ ਸੱਦਾ-ਪੱਤਰ ਦਿੱਤਾ ਗਿਆ। ਜਿਹੜੇ ਵੀ ਮਾਹਿਰ ਭਰਤੀ ਹੋਣ ਲਈ ਆਏ ਉਹਨਾਂ ਦੀ ਸਖ਼ਤ ਪ੍ਰੀਖਿਆ ਲਈ ਗਈ ਤੇ ਉਹਨਾਂ ਵਿੱਚੋਂ ਸਰਬੋਤਮ ਮਾਹਿਰ ਹੀ ਚੁਣੇ ਗਏ। ਉਸਤੋਂ ਬਾਅਦ ਉਹਨਾਂ ਨੂੰ ਉੱਤਮ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਗਈਆਂ ਹਕੀਕੀ ਵਾਸਤਵਿਕਤਾ (Virtual Reality) ਸਿਮੂਲੇਸ਼ਨ (Simulation) ਵੀ ਸਨ ਤਾਂ ਜੋ ਆਪਣੇ ਮਿਸ਼ਨ ਦੇ ਰਸਤੇ ਤੇ ਵਾਤਾਵਰਣ ਵਾਰੇ ਚੰਗੀ ਤਰ੍ਹਾਂ ਸਿੱਖ ਸਕਣ। ਉਹਨਾਂ ਨੂੰ ਇੱਕ ਦਹਾਕੇ ਤੱਕ ਚੱਲਣ ਵਾਲੀਆਂ ਟੈਸਟ ਉੜਾਨਾਂ ਵਿੱਚ ਵੀ ਭਾਗ ਲੈਣ ਦਾ ਮੌਕਾ ਦਿੱਤਾ ਗਿਆ, ਤਾਂ ਜੋ ਉਹ ਯਾਨ ਤੋਂ ਵੀ ਚੰਗੀ ਤਰ੍ਹਾਂ ਜਾਣਕਾਰ ਹੋ ਜਾਣ।
ਰੌਬਰਟ ਸਿੰਘ, ਰੀਨਾ, ਯੂਰੀ, ਚਿੰਗ, ਅਕੀਓ ਅੰਤਰਿਕਸ਼ ਫ਼ੌਜ ਦੇ ਵਿੱਚੋਂ ਚੁਣੇ ਗਏ ਸਨ, ਜਿਨ੍ਹਾਂ ਨੂੰ ਅੰਤਰਿਕਸ਼ ਯਾਨ ਚਲਾਉਣ ਦਾ ਕਾਫ਼ੀ ਤਜਰਬਾ ਸੀ, ਤੇ ਜੋ ਯਾਨ ਦੇ ਵਿੱਚ ਪੂਰੇ ਸੌਰ-ਮੰਡਲ ਦੇ ਚੱਕਰ ਲਗਾ ਚੁੱਕੇ ਸਨ। ਉਹਨਾਂ ਨੂੰ 'ਕਲਪਨਾ' ਨੂੰ ਚਲਾਉਣ ਦੀ ਤੇ ਪ੍ਰਥਮ ਕਿੰਨਰ ਤੱਕ ਸਫ਼ਲਤਾ ਪੂਰਵਕ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਰੌਬਰਟ ਸਿੰਘ ਨੂੰ ਯਾਨ ਦਾ ਕਮਾਂਡਰ ਨਿਯੁਕਤ ਕੀਤਾ ਗਿਆ। ਉਸਦੀ ਜ਼ਿੰਮੇਵਾਰੀ ਯਾਨ ਦੀ ਸਥਿਤੀ ਦੀ ਨਿਗਰਾਨੀ ਕਰਨਾ ਤੇ ਬਾਕੀ ਅਫ਼ਸਰਾਂ ਨੂੰ ਨਿਰਦੇਸ਼ ਦੇਣਾ ਸੀ, ਪਰ ਉਸਦਾ ਸਭ ਤੋਂ ਮਹੱਤਵਪੂਰਨ ਕੰਮ ਕਿਸੇ ਵੀ ਅਫ਼ਸਰ ਦੀ ਗ਼ੈਰਮੌਜੂਦਗੀ ਵਿੱਚ ਉਸਦਾ ਕਾਰਜ ਆਪ ਕਰਨਾ ਸੀ। ਰੀਨਾ ਉਸਦੀ ਸਹਿਯੋਗੀ ਸੀ। ਰੀਨਾ ਡਾਕਟਰ ਵੀ ਸੀ, ਤੇ ਉਸਦਾ ਕਰਤੱਵ ਬਾਕੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਵੀ ਸੀ। ਯੂਰੀ ਤੇ ਚਿੰਗ ਯਾਨ ਦੇ ਇੰਜੀਨਿਅਰ ਵੀ ਸਨ, ਜਿਹਨਾਂ ਦਾ ਕੰਮ ਯਾਨ ਦੀ ਊਰਜਾ ਨੂੰ ਨਿਯੰਤਰਣ ਵਿੱਚ ਰੱਖਣਾ ਸੀ ਤੇ ਜੇ ਕੁੱਝ ਖਰਾਬ ਹੋ ਜਾਵੇ ਤਾਂ ਯਾਨ ਦੀ ਰਿਪੇਅਰ ਕਰਨਾ ਸੀ। ਅਕੀਓ ਯਾਨ ਦਾ ਸੰਚਾਲਕ ਸੀ, ਜਿਸਦਾ ਕੰਮ ਸਭ ਤੋਂ ਮਹਤਵਪੂਰਣ ਸੀ ਜੋ ਕਿ ਯਾਨ ਦੀ ਉੜਾਨ ਨੂੰ ਕੰਟਰੋਲ ਕਰਨ ਦਾ ਸੀ, ਪਰ ਨਾਲ਼ ਹੀ ਉਸਦਾ ਕੰਮ ਯਾਨ ਦੇ ਸਾਰੇ ਆਪ੍ਰੇਸ਼ਨ ਦਾ ਨਿਰੀਖਣ ਤੇ ਨਿਗਰਾਨੀ ਕਰਨਾ ਸੀ। ਇਸ ਤਰ੍ਹਾਂ ਇਹ ਯਾਨ ਦੀ ਮੁੱਖ ਕਰੂ (Crew) ਦੇ ਕੰਮ ਸਨ, ਵੈਸੇ ਤਾਂ ਸਾਰੇ ਕੰਮ ਕੰਪਿਊਟਰ ਤੇ ਰੋਬੋਟਾਂ ਨੇ ਹੀ ਕਰਨੇ ਸਨ, ਪਰ ਉਹਨਾਂ ਦੀ ਦੇਖਰੇਖ ਕਰਨ ਲਈ ਮਨੁੱਖੀ ਨਿਗਰਾਨੀ ਦੀ ਜ਼ਰੂਰਤ ਸੀ। ਬਾਕੀ ਦੇ ਯਾਤਰੀਆਂ ਦਾ ਕੰਮ ਮੰਜ਼ਿਲ ਤੇ ਪਹੁੰਚ ਕੇ ਸ਼ੁਰੂ ਹੋਣਾ ਸੀ, ਜਾਂ ਫੇਰ ਜੇ ਕੋਈ ਐਮਰਜੰਸੀ ਪਰਸਥਿਤੀ ਆ ਜਾਵੇ। ਉਹਨਾਂ ਸਾਰਿਆਂ ਨੂੰ ਇੱਕ ਦਹਾਕੇ ਦਾ ਬਹੁਤਾ ਸਮਾਂ ਸਿਥਲਤਾ (Hibernation) ਦੀ ਅਵਸਥਾ ਵਿੱਚ ਹੀ ਰਹਿਣਾ ਸੀ, ਬੱਸ ਵਿੱਚ-ਵਿੱਚ ਕਦੇ ਕਦੇ ਉਹਨਾਂ ਦੇ ਡਾਕਟਰੀ ਮੁਆਇਨੇ ਕਰਨ ਲਈ ਹੀ ਉੱਠਣਾ ਸੀ! ਉਹਨਾਂ ਦੇ ਵੀ ਵੱਖ-ਵੱਖ ਕੰਮ ਸਨ ਜਿਵੇਂ ਚੰਦਰ ਸ਼ੇਖਰ ਤਾਰਾ ਵਿਗਿਆਨੀ ਸੀ, ਨੀਲ ਭਾਰਦਵਾਜ ਤੇ ਸ਼ਕੀਲ ਖ਼ਾਨ ਰੋਬੋਟ ਇੰਜੀਨਿਅਰ ਸਨ।
ਇਸ ਤਰ੍ਹਾਂ 'ਕਲਪਨਾ' ਯਾਨ ਨੂੰ 25 ਮਾਰਚ, 2100 ਨੂੰ ਚੰਦਰਮਾ ਦੇ ਕੋਲ਼ ਬਣੇ ਅੰਤਰਿਕਸ਼ ਦੁਆਰ (Space Gateway) ਤੋਂ ਸਿਤਾਰਿਆਂ ਤੋਂ ਅੱਗੇ ਦੇ ਜਹਾਨਾਂ ਦੀ ਖੋਜ ਲਈ ਪ੍ਰਥਮ ਕਿੰਨਰ ਵੱਲ੍ਹ ਨੂੰ ਰਵਾਨਾ ਕੀਤਾ ਗਿਆ!
***
'ਕਲਪਨਾ' ਯਾਨ ਹੁਣ ਗੰਧਰਵ ਗ੍ਰਹਿ ਦੇ ਨੇੜੇ ਸੀ। ਚਮਕਦੇ ਹੋਏ ਪ੍ਰਥਮ ਕਿੰਨਰ ਇੱਕ ਤੇ ਦੋ ਸਿਤਾਰੇ ਇੱਕ ਅਜਬ ਖੂਬਸੂਰਤ ਦ੍ਰਿਸ਼ ਬਣਾ ਰਹੇ ਸਨ। ਰੌਬਰਟ ਤੇ ਰੀਨਾ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ ਕਦੇ ਅਜਿਹਾ ਅਲੌਕਿਕ ਨਜ਼ਾਰਾ ਦੇਖ ਸਕਣਗੇ! ਉਹਨਾਂ ਨੇ ਆਪਣੇ ਤਿੰਨ ਸਾਥੀਆਂ ਯੂਰੀ, ਚਿੰਗ ਤੇ ਅਕੀਓ ਨੂੰ ਬੁਲਾ ਕੇ ਪਹਿਲਾਂ ਤੋਂ ਹੀ ਤਹਿ ਕੀਤੀ ਯੋਜਨਾ ਮੁਤਾਬਿਕ ਯਾਨ ਨੂੰ ਗੰਧਰਵ ਗ੍ਰਹਿ ਦਾ ਉਪਗ੍ਰਹਿ ਬਣਾਉਣ ਵਾਰੇ ਵਿਚਾਰ ਮਸ਼ਵਰਾ ਸ਼ੁਰੂ ਕਰ ਦਿੱਤਾ।
'ਯੂਰੀ ਤੇ ਚਿੰਗ ਤੁਸੀਂ ਦੋਵੇਂ ਕੰਟਰੋਲ ਕੰਪਿਊਟਰ ਨੂੰ ਉਪਗ੍ਰਹਿ ਬਣਨ ਲਈ ਨਿਰਦੇਸ਼ ਦੇ ਦਿਓ ਤੇ ਇਸਦੀ ਨਿਗਰਾਨੀ ਕਰੋ। ਰੀਨਾ ਬਾਕੀ ਦੇ ਸਾਥੀਆਂ ਨੂੰ ਸਿਥਲਤਾ ਤੋਂ ਉਠਾ ਰਹੀ ਹੈ ਤੇ ਅਕੀਓ ਤਾਂ ਯਾਨ ਦੇ ਅਪ੍ਰੇਸ਼ਨ ਦੀ ਦੇਖਭਾਲ ਕਰ ਹੀ ਰਿਹਾ ਹੈ। ਨੀਲ ਤੇ ਸ਼ਕੀਲ ਗੰਧਰਵ ਤੇ ਰੋਬੋਟ ਪ੍ਰੋਬ ਭੇਜਣ ਦੀ ਤਿਆਰੀ ਕਰ ਰਹੇ ਹਨ। ਚੰਦਰ ਗੰਧਰਵ ਦੇ ਭੂਗੋਲ ਦਾ ਅਧਿਐਨ ਕਰ ਰਿਹਾ ਹੈ।'
ਥੋੜੇ ਅੰਤਰਾਲ ਬਾਅਦ ਜਿਵੇਂ ਹੀ ਉਹ ਗੰਧਰਵ ਗ੍ਰਹਿ ਦੇ ਕੋਲ਼ ਪੁੱਜੇ ਤਾਂ ਗੰਧਰਵ ਦੀ ਗੁਰੁਤਾਕਰਸ਼ਣ ਖਿੱਚ ਨੇ ਯਾਨ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਇਸ ਤਰ੍ਹਾਂ 'ਕਲਪਨਾ' ਯਾਨ ਗੰਧਰਵ ਗ੍ਰਹਿ ਦਾ ਉਪਗ੍ਰਹਿ ਬਣ ਗਿਆ, ਜਿਸ ਦਾ ਫਾਇਦਾ ਇਹ ਹੋਣਾ ਸੀ ਕਿ ਉਹ ਚੰਗੀ ਤਰ੍ਹਾਂ ਗੰਧਰਵ ਗ੍ਰਹਿ ਦਾ ਮੁਆਇਨਾ ਕਰ ਸਕਦੇ ਸਨ। ਗੰਧਰਵ ਗ੍ਰਹਿ ਪ੍ਰਿਥਵੀ ਵਾਂਗ ਹੀ ਖੂਬਸੂਰਤ ਦਿਖਾਈ ਦੇ ਰਿਹਾ ਸੀ, ਪਰ ਪ੍ਰਿਥਵੀ ਦੇ ਨੀਲੇ, ਹਰੇ ਰੰਗ ਨਾਲ਼ੋਂ ਜ਼ਿਆਦਾ ਗੂੜ੍ਹਾ ਰੰਗ ਸੀ ਜੋ ਕਿ ਜਾਮਣੀ ਭਾਹ ਮਾਰ ਰਿਹਾ ਸੀ।
ਨੀਲ ਤੇ ਸ਼ਕੀਲ ਨੇ ਰੋਬੋਟ ਪ੍ਰੋਬ ਤਿਆਰ ਕਰ ਲਈ ਸੀ, ਜੋ ਕਿ ਗੰਧਰਵ ਤੇ ਭੇਜਣ ਲਈ ਤਿਆਰ ਸੀ। ਇਸਤੋਂ ਪਹਿਲਾਂ ਉਹ ਮਨੁੱਖੀ ਟੀਮ ਭੇਜਣ, ਉਹ ਚੰਗੇ ਤਰੀਕੇ ਨਾਲ਼ ਗੰਧਰਵ ਗ੍ਰਹਿ ਦਾ ਅਧਿਐਨ ਕਰਨਾ ਚਾਹੁੰਦੇ ਸਨ, ਤੇ ਉੱਥੇ ਆਉਣ ਵਾਲ਼ੇ ਖ਼ਤਰਿਆਂ ਦੀ ਜਾਂਚ-ਪੜਤਾਲ ਕਰਨਾ ਚਾਹੁੰਦੇ ਸਨ। ਸਹੀ ਮੌਕਾ ਦੇਖ ਕੇ ਉਹਨਾਂ ਨੇ ਰੋਬੋਟ ਪ੍ਰੋਬ ਨੂੰ ਗੰਧਰਵ ਦੇ ਧਰਾਤਲ ਵੱਲ੍ਹ ਛੱਡ ਦਿੱਤਾ।
***
ਰੀਨਾ ਨੇ ਤਕਰੀਬਨ ਸਾਰੇ ਵਿਗਿਆਨਕਾਂ, ਇੰਜਨੀਅਰਾਂ ਤੇ ਡਾਕਟਰਾਂ ਨੂੰ ਸਿਥਲਤਾ ਦੀ ਅਵਸਥਾ ਵਿੱਚੋਂ ਉਠਾ ਲਿਆ ਸੀ। ਪ੍ਰਿਥਵੀ ਤੋਂ 25 ਖਰਬ ਮੀਲ ਦੂਰ 'ਕਲਪਨਾ' ਯਾਨ ਵਿੱਚ ਖੂਬ ਚਹਿਲ ਪਹਿਲ ਹੋ ਗਈ ਸੀ! ਮਨੁੱਖੀ ਜਾਤ ਉੱਥੇ ਪਹੁੰਚ ਗਈ ਸੀ, ਜਿੱਥੇ ਅੱਜ ਤੱਕ ਕੋਈ ਵੀ ਮਨੁੱਖ ਨਹੀਂ ਸੀ ਪਹੁੰਚਿਆ ਤੇ ਨਾਂ ਹੀ ਕਦੇ ਪਹੁੰਚਣ ਦੇ ਵਾਰੇ ਸੋਚ ਵੀ ਸਕਦਾ ਸੀ! ਮਨੁੱਖ ਦੇ ਦਿਮਾਗ਼ ਤੇ ਵਿਗਿਆਨ ਦੀ ਤਰੱਕੀ ਨੇ ਇਹ ਅਦੁੱਤੀ ਕਾਰਨਾਮਾ ਸਰਅੰਜਾਮ ਕੀਤਾ ਸੀ। ਹੁਣ ਉਹ ਕਿਸੇ ਹੋਰ ਬੁੱਧੀਮਾਨ ਜਾਂ ਆਮ ਜੀਵਨ ਦੀ ਭਾਲ਼ ਕਰਨ ਦੇ ਇੰਨਾ ਨੇੜੇ ਪਹੁੰਚ ਚੁੱਕੇ ਸਨ, ਜਿੰਨਾ ਕਿ ਸੰਭਵ ਹੋ ਸਕਦਾ ਸੀ। ਉਹ ਅਜਨਬੀ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ? ਕੀ ਸੱਚਮੁੱਚ ਉਹ ਕਿਸੇ ਹੋਰ ਜੀਵਨ ਨੂੰ ਲੱਭ ਸਕਣਗੇ ਤੇ ਉਸ ਨਾਲ਼ ਸੰਪਰਕ ਕਰ ਸਕਣਗੇ? ਕਿ ਉਹਨਾਂ ਨੂੰ ਨਿਰਾਸ਼ ਹੋ ਕਿ ਵਾਪਿਸ ਜਾਣਾ ਪਵੇਗਾ? ਕੀ ਪ੍ਰਿਥਵੀ ਤੋਂ ਜੁੱਗਾਂ ਜਿੰਨੀ ਦੂਰੀ ਤੱਕ ਆਉਣਾ ਬੇਅਰਥ ਹੀ ਜਾਵੇਗਾ? ਚਾਹੇ ਕੁੱਝ ਵੀ ਹੋਵੇ, ਪਰ ਉਹਨਾਂ ਦਾ ਮਿਸ਼ਨ ਬੇਅਰਥ ਨਹੀਂ ਜਾਵੇਗਾ। ਰੌਬਰਟ ਸਿੰਘ ਸੋਚ ਰਿਹਾ ਸੀ। ਇਸ ਮਿਸ਼ਨ ਕਰਕੇ ਮਨੁੱਖੀ ਕੌਮ ਨੂੰ ਕਿੰਨੀਆਂ ਪ੍ਰਾਪਤੀਆਂ ਹੋਈਆਂ ਸਨ - ਇੰਨੀ ਦੂਰ ਕਿਸੇ ਅੰਤਰਿਕਸ਼ ਯਾਨ ਦਾ ਸਹੀ-ਸਲਾਮਤ ਆਉਣਾ ਹੀ ਆਪਣੇ ਆਪ ਵਿੱਚ ਇੱਕ ਮਹਾਨ ਪ੍ਰਾਪਤੀ ਸੀ! ਮਨੁੱਖਾਂ ਨੂੰ ਸਿਥਲਤਾ ਵਿੱਚ ਸੁਲਾ ਕੇ ਇੰਨਾ ਪੈਂਡਾ ਤਹਿ ਕਰਨਾ ਵੀ ਇੱਕ ਵੱਡੀ ਪ੍ਰਾਪਤੀ ਸੀ। ਉਹ ਪ੍ਰਥਮ ਕਿੰਨਰ ਸਿਤਾਰਾ-ਮੰਡਲ ਦਾ ਅਧਿਐਨ ਕਰਕੇ ਪ੍ਰਿਥਵੀ ਨੂੰ ਨਵੀਂ ਜਾਣਕਾਰੀ ਭੇਜ ਸਕਦੇ ਸਨ, ਆਪ ਚਾਹੇ ਉਹ ਵਾਪਿਸ ਮੁੜ ਸਕਣ ਜਾਂ ਨਾਂ ਵੀ ਮੁੜ ਸਕਣ!
ਨੀਲ ਤੇ ਸ਼ਕੀਲ ਨੇ ਕਾਫ਼ੀ ਸਾਰੇ ਰੋਬੋਟਾਂ ਨੂੰ ਵੀ ਜਗਾ ਲਿਆ ਸੀ, ਜੋ ਕਿ ਰੁਟੀਨ ਦੇ ਕੰਮ ਕਰਨ ਵਿੱਚ ਕਾਫ਼ੀ ਸਹਾਇਕ ਸਨ। 55 ਅੰਤਰਿਕਸ਼ ਯਾਤਰੂਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੋਬੋਟਾਂ ਦੀ ਬਹੁਤ ਲੋੜ ਸੀ!
ਯੂਰੀ, ਚਿੰਗ ਤੇ ਅਕੀਓ ਯਾਨ ਦੇ ਇੱਕ ਹਿੱਸੇ ਨੂੰ ਗੰਧਰਵ ਗ੍ਰਹਿ ਤੱਕ ਜਾਣ ਲਈ ਤਿਆਰ ਕਰਨ ਵਿੱਚ ਰੁੱਝ ਗਏ ਸਨ। 'ਕਲਪਨਾ' ਯਾਨ ਦੇ ਦਸ ਹਿੱਸੇ ਇੱਕਲੇ ਆਪਣੇ ਆਪ ਵਿੱਚ ਇੱਕ ਰੌਕੇਟ ਤੇ ਯਾਨ ਸਨ, ਜੋ ਕਿ ਸੁਤੰਤਰ ਅੱਲਗ ਉੜਨ ਦੇ ਕਾਬਿਲ ਸਨ। ਉਹਨਾਂ ਦੇ ਮਿਸ਼ਨ ਦਾ ਇੱਕ ਮੁੱਖ ਮੰਤਵ ਗੰਧਰਵ ਗ੍ਰਹਿ ਤੇ ਉੱਤਰਨਾ ਸੀ।
ਡਾ: ਚੰਦਰ ਤੇ ਉਸਦੇ ਸਹਾਇਕ ਤਾਰਾ ਵਿਗਿਆਨੀਆਂ ਨੇ ਗੰਧਰਵ ਗ੍ਰਹਿ ਤੇ ਉਸਦੇ ਵਾਯੂਮੰਡਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਸੀ। ਗੰਧਰਵ ਗ੍ਰਹਿ ਕਾਫ਼ੀ ਹੱਦ ਤੱਕ ਉਵੇਂ ਹੀ ਪ੍ਰਿਥਵੀ ਨਾਲ਼ ਮੇਲ਼ ਖਾਂਦਾ ਸੀ ਜਿਵੇਂ ਪ੍ਰਥਮ ਕਿੰਨਰ ਸਿਤਾਰੇ ਸੂਰਜ ਨਾਲ਼ ਮੇਲ਼ ਖਾਂਦੇ ਸਨ। ਉਸਦਾ ਆਕਾਰ ਪ੍ਰਿਥਵੀ ਤੋਂ ਥੋੜਾ ਜਿਹਾ ਹੀ ਵੱਡਾ ਸੀ। ਉਸਦੇ ਵਾਯੂਮੰਡਲ ਵਿੱਚ ਆਕਸੀਜਨ, ਨਾਈਟ੍ਰੋਜਨ ਤੇ ਹੋਰ ਗੈਸਾਂ ਪ੍ਰਿਥਵੀ ਵਾਂਗ ਹੀ ਸਨ। ਉਸਦੇ ਵਾਯੂਮੰਡਲ ਵਿੱਚ ਫਾਸਫ਼ੀਨ (ਫ਼ਾਸਫੋਰਸ ਤੇ ਹਾਈਡ੍ਰੋਜਨ) ਮੌਜੂਦ ਸੀ, ਜੋ ਕਿ ਪ੍ਰਿਥਵੀ ਵਰਗੇ ਜੀਵਨ ਦੇ ਨਿਸ਼ਾਨ ਦਾ ਸਬੂਤ ਦੇ ਰਹੀ ਸੀ। ਉਸਦੇ ਵਾਯੂਮੰਡਲ ਵਿੱਚ ਮਿਥੇਨ ਗੈਸ ਵੀ ਮੌਜੂਦ ਸੀ, ਜੋ ਵੀ ਜੀਵਨ ਦਾ ਚਿੰਨ੍ਹ ਸੀ। ਉਹ ਗ੍ਰਹਿ ਪ੍ਰਿਥਵੀ ਵਰਗਾ ਹੀ ਦਿਖ ਰਿਹਾ ਸੀ, ਪਰ ਉਸਦਾ ਰੰਗ ਥੋੜਾ ਜਾਮਣੀ ਭਾਹ ਮਾਰ ਰਿਹਾ ਸੀ।
'ਇਹ ਜਾਮਣੀ ਰੰਗ ਕਿਓਂ?' ਰੌਬਰਟ ਨੇ ਚੰਦਰ ਨੂੰ ਪੁੱਛਿਆ।
'ਇੰਨੀ ਦੂਰ ਉਪਰੋਂ ਅੰਤਰਿਕਸ਼ ਵਿੱਚੋਂ ਇਸਦਾ ਕਾਰਨ ਸਮਝਣਾ ਮੁਸ਼ਕਿਲ ਹੈ। ਇਹ ਉਸਦੇ ਵਾਯੂਮੰਡਲ ਕਰਕੇ ਵੀ ਹੋ ਸਕਦਾ ਹੈ।'
'ਜਲਦੀ ਹੀ ਪ੍ਰੋਬ ਤੋਂ ਵੀ ਪਤਾ ਚੱਲ ਜਾਏਗਾ।'
'ਹਾਂ, ਪ੍ਰੋਬ ਦੀ ਭੇਜੀ ਸੂਚਨਾ ਆਉਂਦੀ ਹੀ ਜੋਵੇਗੀ। ਮੈਂ ਚੈੱਕ ਕਰਦਾ ਹਾਂ। '
ਡਾ: ਚੰਦਰ ਯਾਨ ਦੀ ਪ੍ਰਯੋਗਸ਼ਾਲਾ ਵਿੱਚ ਰੋਬੋਟ ਪ੍ਰੋਬ ਦੀ ਖਬਰ ਲੈਣ ਗਿਆ, ਤਾਂ ਅਚਾਨਕ ਉਹ ਸ਼ੀਸ਼ੇ ਦੇ ਰਾਹੀਂ ਬਾਹਰ ਦੇਖਣ ਲੱਗ ਪਿਆ, ਰਾਤ ਦਾ ਸਮਾਂ ਸੀ। ਕਿਓਂਕਿ ਯਾਨ, ਗੰਧਰਵ ਗ੍ਰਹਿ ਦਾ ਬਨਾਵਟੀ ਉਪਗ੍ਰਹਿ ਬਣ ਗਿਆ ਸੀ ਤੇ ਉਸਦੇ ਗਿਰਦ 120 ਮਿੰਟਾ ਵਿੱਚ ਇੱਕ ਚੱਕਰ ਲਗਾਉਂਦਾ ਸੀ। ਇਸ ਕਰੇਕ ਇੱਕ-ਇੱਕ ਘੰਟੇ ਬਾਅਦ ਉਹ ਰਾਤ ਤੇ ਦਿਨ ਵੇਖ ਸਕਦੇ ਸਨ। ਆਮ ਤੌਰ ਤੇ ਯਾਨ ਦਾ ਆਪਣਾ 24-ਘੰਟੇ ਦਾ ਦਿਨ-ਰਾਤ ਦਾ ਚੱਕਰ ਸੀ, ਜੋ ਕਿ ਪੁਲਾੜ ਯਾਤਰੀਆਂ ਨੂੰ ਧਰਤੀ ਵਾਂਗ ਸੌਣ ਦਾ ਮਾਹੌਲ ਬਣਾਉਣ ਲਈ ਸੀ ਤੇ ਤਕਰੀਬਨ ਸਾਰੇ ਸ਼ੀਸ਼ੇ ਬੰਦ ਹੀ ਰਹਿੰਦੇ ਸਨ। ਪਰ ਇਹ ਪ੍ਰਯੋਗਸ਼ਾਲਾ ਹੋਣ ਕਰਕੇ ਸ਼ੀਸ਼ਾ ਖੁੱਲਾ ਸੀ। ਉਸਨੇ ਬਾਹਰ ਅਕਾਸ਼ ਵੱਲ੍ਹ ਨਜ਼ਰ ਫੇਰੀ - ਸਾਰਾ ਅਕਾਸ਼ ਤਕਰੀਬਨ ਪ੍ਰਿਥਵੀ ਵਾਂਗ ਹੀ ਦਿਖਾਈ ਦੇ ਰਿਹਾ ਸੀ। ਪਰ ਇੱਕ ਮੈਗਨੀਟਿਊਡ ਦਾ ਸੂਰਜ ਚਮਕਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸਨੂੰ ਇੱਕ ਦਮ ਉਸਦੀ ਤੇ ਪ੍ਰਿਥਵੀ ਦੀ ਕਸ਼ਿਸ਼ ਮਹਿਸੂਸ ਹੋਈ! ਉਹ ਸਾਰੇ ਪ੍ਰਿਥਵੀ ਤੋਂ ਕਿੰਨੀ ਦੂਰ ਆ ਗਏ ਸਨ। ਪਰ ਪ੍ਰਥਮ ਕਿੰਨਰ ਦਾ ਨੇੜਲਾ ਸਿਤਾਰਾ ਸੂਰਜ ਨਹੀਂ, ਲਹਿਮਾਨ-16 ਨਾਂ ਦਾ ਸਿਤਾਰਾ-ਮੰਡਲ ਸੀ, ਜੋ ਕਿ ਦੋ ਭੂਰੇ ਵਾਮਨ (Brown Dwarf) ਸਿਤਾਰੇ ਸਨ, ਜੋ ਉੱਥੋਂ 3.5 ਪ੍ਰਕਾਸ਼ ਵਰ੍ਹੇ ਦੂਰ ਸੀ। ਹਾਲਾਂਕਿ ਭੂਰੇ ਵਾਮਨ ਸਿਤਾਰੇ ਅਸਲ ਸਿਤਾਰੇ ਨਹੀਂ ਹੁੰਦੇ, ਪਰ ਉਹਨਾਂ ਦੀ ਖ਼ੁਦ ਦੀ ਆਪਣੀ ਤਪਿਸ਼ ਹੁੰਦੀ ਹੈ।
'ਗੰਧਰਵ ਦਾ ਜਾਮਣੀ ਰੰਗ ਕਿਓਂ?' ਅਚਾਨਕ ਚੰਦਰ ਨੂੰ ਖ਼ਿਆਲ ਆਇਆ ਕਿ ਉਹ ਗੰਧਰਵ ਤੋਂ ਆਉਣ ਵਾਲੀਆਂ ਰਿਪੋਰਟਾਂ ਦਾ ਨਿਰੀਖਣ ਕਰਨ ਆਇਆ ਹੈ। ਅਗਲੇ ਕੁੱਝ ਘੰਟੇ ਉਹ ਉਹਨਾਂ ਰਿਪੋਰਟਾਂ ਦਾ ਅਧਿਐਨ ਕਰਦਾ ਰਿਹਾ, ਜੋ ਗੰਧਰਵ ਤੋਂ ਰੋਬੋਟ ਪ੍ਰੋਬ ਨੇ ਭੇਜੀਆਂ ਸਨ। ਪਰ ਉਸਨੂੰ ਗ੍ਰਹਿ ਦੀ ਜਾਮਣੀ ਰੰਗਤ ਦਾ ਕੋਈ ਕਾਰਣ ਨਾ ਦਿਖਿਆ। ਉਸਨੇ ਫੇਰ ਇਹ ਮੰਨ ਕੇ ਕਿ ਜਾਮਣੀ ਰੰਗਤ ਵਾਯੂਮੰਡਲ ਦੀਆਂ ਗੈਸਾਂ ਕਰਕੇ ਹੀ ਹੋ ਸਕਦੀ ਹੈ, ਜਿਨ੍ਹਾਂ ਵਿੱਚੋਂ ਜਦੋਂ ਰੌਸ਼ਨੀ ਪ੍ਰਦੀਪਤ ਹੁੰਦੀ ਹੈ ਤਾਂ ਜਾਮਣੀ ਭਾਹ ਬਖੇਰਦੀ ਹੈ, ਉਵੇਂ ਹੀ ਜਿਵੇਂ ਮੀਂਹ ਦੇ ਸਮੇਂ ਇੰਦਰਧਨੁਸ਼ ਬਣਦਾ ਹੈ। ਪਰ ਇੱਕ ਹੋਰ ਮਹਤਵਪੂਰਣ ਜਾਣਕਾਰੀ ਉਸਨੂੰ ਹੈਰਾਨ ਕਰ ਰਹੀ ਸੀ ਕਿ ਗੰਧਰਵ ਗ੍ਰਹਿ 'ਤੇ ਆਕਸੀਜਨ ਦੇ ਹੁੰਦਿਆਂ ਵੀ ਅਜੇ ਤੱਕ ਰੋਬੋਟ ਪ੍ਰੋਬ ਨੂੰ ਕੋਈ ਜੀਵਤ ਪ੍ਰਾਣੀ ਨਹੀਂ ਦਿਖਿਆ ਸੀ! ਉੱਥੇ ਜੀਵਨ ਨੂੰ ਪੈਦਾ ਕਰਨ ਵਾਲ਼ੇ ਸਭ ਅੰਸ਼ ਮੌਜੂਦ ਸਨ, ਆਕਸੀਜਨ, ਵਾਤਾਵਰਣ ਤੇ ਪਾਣੀ। ਪਰ ਕਿਸੇ ਵੀ ਪ੍ਰਾਣੀ ਜਾਂ ਬਨਸਪਤੀ ਦੀ ਮੌਜਦਗੀ ਨਹੀਂ ਸੀ।
ਉਹਨਾਂ ਨੂੰ ਹੁਣ ਗੰਧਰਵ ਗ੍ਰਹਿ ਤੇ ਆਪ ਜਾਣਾ ਪੈਣਾ ਸੀ। ਇਸ ਵਾਰੇ ਗੱਲਬਾਤ ਕਰਨ ਲਈ ਉਹ ਰੌਬਰਟ ਸਿੰਘ ਨੂੰ ਮਿਲਣ ਚੱਲ ਪਿਆ।
***
ਗੰਧਰਵ ਗ੍ਰਹਿ ਤੇ ਰੌਬਰਟ ਸਿੰਘ, ਡਾ: ਚੰਦਰ, ਯੂਰੀ, ਨੀਲ ਤੇ ਡਾ: ਥੌਮਸ ਜੋ ਕਿ ਭੂਗੋਲ ਸ਼ਾਸ਼ਤਰੀ ਸੀ, ਪਹੁੰਚ ਚੁੱਕੇ ਸਨ। ਰੌਬਰਟ ਨੇ 'ਕਲਪਨਾ' ਯਾਨ ਦਾ ਕੰਟਰੋਲ ਰੀਨਾ ਨੂੰ ਦੇ ਦਿੱਤਾ ਸੀ ਕਿਓਂਕਿ ਉਹ ਉਸਦੀ ਡਿਪਟੀ ਕੈਪਟਨ ਸੀ। ਉਹ ਗ੍ਰਹਿ ਦੇ ਮੱਧ ਖੇਤਰ ਵਿੱਚ ਉੱਤਰੇ ਸਨ, ਜਿੱਥੇ ਪਹਿਲਾਂ ਉਹਨਾਂ ਦੀ ਰੋਬਟ ਪ੍ਰੋਬ ਆਈ ਹੋਈ ਸੀ।
'ਇੱਥੋਂ ਦੀ ਆਕਸੀਜਨ ਹਵਾ ਸਾਹ ਲੈਣ ਦੇ ਯੋਗ ਨਹੀਂ ਲਗਦੀ, ਇਸ ਕਰਕੇ ਸਾਨੂੰ ਸਭ ਨੂੰ ਆਪਣੇ ਸਪੇਸ ਸੂਟ ਪਾ ਲੈਣੇ ਚਾਹੀਦੇ ਹਨ।' ਡਾ: ਚੰਦਰ ਨੇ ਸੁਝਾਅ ਦਿੱਤਾ।
'ਬਿਲਕੁਲ ਸਹੀ ,' ਡਾ: ਥੌਮਸ ਬੋਲਿਆ - 'ਇੱਥੋਂ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਲਗਦੀ ਹੈ। ਇੰਝ ਲੱਗ ਰਿਹਾ ਹੈ ਕਿ ਅਸੀਂ ਕਿਸੇ ਗ੍ਰਹਿ ਦੇ ਖੰਡਰ ਵਿੱਚ ਪਹੁੰਚ ਚੁੱਕੇ ਹੋਈਏ।'
'ਖੰਡਰ ਜੋ ਕਿ ਤੁਹਾਡੇ ਭੂਗੋਲ ਸ਼ਾਸ਼ਤਰੀਆਂ ਵਾਸਤੇ ਵਧੀਆ ਅਧਿਐਨ ਹੈ।' ਰੌਬਰਟ ਨੇ ਉਸਨੂੰ ਹਲਕੇ-ਫੁਲਕੇ ਅੰਦਾਜ਼ ਵਿੱਚ ਆਖਿਆ।
ਉਹ ਪੰਜੇ ਜਣੇ ਸਪੇਸ ਸੂਟ ਪਾ ਕੇ ਆਪਣੀ ਸਪੇਸ ਸ਼ਟਲ ਤੋਂ ਬਾਹਰ ਆ ਗਏ।
'ਇੱਥੋਂ ਦੀ ਹਵਾ ਤਾਂ ਪ੍ਰਦੂਸ਼ਿਤ ਹੈ ਹੀ, ਪਰ ਤਾਪਮਾਨ ਵੀ ਬਹੁਤ ਗਰਮ ਹੈ, ਤਕਰੀਬਨ 40 ਡਿਗਰੀ ਸੈਲਸੀਅਸ। ਅਸੀਂ ਜ਼ਿਆਦਾ ਦੇਰ ਇੱਥੇ ਨਹੀਂ ਟਿਕ ਸਕਾਂਗੇ।' ਯੂਰੀ ਨੇ ਆਖਿਆ। ਉਹਨਾਂ ਦੇ ਸਪੇਸ ਸੂਟ ਉਹਨਾਂ ਨੂੰ ਥੋੜੀ ਦੇਰ ਠੰਡੇ ਰੱਖ ਸਕਦੇ ਸਨ, ਪਰ ਬਹੁਤ ਦੇਰ ਨਹੀਂ।
'ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੈ। ਗਰਮੀ ਤਾਂ ਫੇਰ ਵੀ ਸਹਿ ਸਕਦੇ ਹਾਂ ਪਰ ਹੁੰਮ ਨਹੀਂ।'
'ਇੰਝ ਲਗਦਾ ਹੈ ਅਸੀਂ ਪ੍ਰਿਥਵੀ ਤੇ ਅਮੇਜ਼ਨ ਮੀਂਹ ਦੇ ਜੰਗਲ ਵਿੱਚ ਆ ਗਏ ਹੋਈਏ।' ਡਾ: ਥੌਮਸ ਹਲਕੀ ਹਲਕੀ ਬੂੰਦਾ ਬਾਂਦੀ ਮਹਿਸੂਸ ਕਰਦਿਆਂ ਬੋਲਿਆ।
'ਫੇਰ ਤਾਂ ਇੱਥੇ ਬਹੁਤ ਹਰਿਆਲੀ ਹੋਣੀ ਚਾਹੀਦੀ ਹੈ, ਤੇ ਜੀਵ-ਜੰਤੂ ਵੀ।'
'ਪਰ ਇੱਥੇ ਤਾਂ ਚਾਰੇ ਪਾਸੇ ਗੁਲਾਬੀ ਤੇ ਜਾਮਣੀ ਰੰਗੀ ਕਾਈ ਫੈਲੀ ਹੋਈ ਹੈ। ਦੂਰ ਦੂਰ ਤੱਕ, ਜਿਵੇਂ ਘਾਹ ਦੀ ਚਾਰਾਗਾਹ ਹੋਵੇ।'
'ਚਾਰਾਗਾਹ ਨਹੀਂ, ਕਾਈ ਗਾਹ ਬੋਲੋ। ਨਾਲ਼ੇ ਇਹ ਯਾਨ ਤੋਂ ਜਾਮਣੀ ਰੰਗੀ ਭਾਹ ਦਾ ਕਾਰਣ ਵੀ ਸਮਝ ਆ ਗਿਆ।' ਡਾ: ਚੰਦਰ ਨੇ ਰੌਬਰਟ ਨੂੰ ਸੰਬੋਧਿਤ ਕਰਦਿਆਂ ਆਖਿਆ -
'ਇੰਝ ਲਗਦਾ ਹੈ, ਜਿਵੇਂ ਇਹ ਕਾਈ ਸਭ ਕੁੱਝ ਖਾ ਚੁੱਕੀ ਹੋਵੇ। ਇਸਤੋਂ ਇਲਾਵਾ ਦੂਰ ਦੂਰ ਤੱਕ ਕੁੱਝ ਨਹੀਂ ਦਿੱਖ ਰਿਹਾ। ਇਸਦਾ ਕੀ ਕਾਰਣ ਹੋ ਸਕਦਾ ਹੈ?'
'ਹੋ ਸਕਦਾ ਹੈ, ਇੱਥੇ ਕੋਈ ਵੱਡੀ ਘਟਨਾ ਵਾਪਰੀ ਹੋਵੇ ਤੇ ਸਭ ਜੀਵ-ਜੰਤੂ ਤੇ ਬਨਸਪਤੀ ਖਤਮ ਹੋ ਗਈ ਹੋਵੇ। ਤੇ ਸਿਰਫ਼ ਇਹ ਕਾਈ ਹੀ ਬਚੀ ਹੋਵੇ।ਇਹਦੇ ਫੈਲਣ ਲਈ ਪੂਰਾ ਮੈਦਾਨ ਖਾਲੀ ਹੈ ਤੇ ਬਾਅਦ ਵਿੱਚ ਇਸਨੇ ਸਭ ਕਾਸੇ ਤੇ ਕਬਜ਼ਾ ਕਰ ਲਿਆ।'
'ਪਰ, ਕਿਹੋ ਜਿਹੀ ਘਟਨਾ ਵਾਪਰੀ ਹੋ ਸਕਦੀ ਹੈ? ਡਾ: ਥੌਮਸ ਤੁਸੀਂ ਆਪਣੇ ਵਿਚਾਰ ਪੇਸ਼ ਕਰੋ।'
'ਕੁੱਝ ਕਹਿਣਾ ਮੁਸ਼ਕਿਲ ਹੈ, ਕੁਦਰਤੀ ਤੇ ਗ਼ੈਰ-ਕੁਦਰਤੀ ਕੁੱਝ ਵੀ ਹੋ ਸਕਦਾ ਹੈ - ਸੂਰਜੀ ਚਮਕ, ਅਕਾਸ਼ੀ-ਪਿੰਡ ਦਾ ਟਕਰਾ, ਜਾਂ ਕੁੱਝ ਹੋਰ। ਪਰ ਸਾਨੂੰ ਕੀ ਪਤਾ ਕਿ ਇੱਥੇ ਜੀਵ-ਜੰਤੂ ਜਾਂ ਬਨਸਪਤੀ ਸੀ ਜਾਂ ਹੈ। ਇਹ ਕਹਿਣਾ ਬੜਾ ਮੁਸ਼ਕਿਲ ਹੈ ਲਗਦਾ। ਪਰ ਇਹ ਪ੍ਰਿਥਵੀ ਵਰਗਾ ਚਟਾਨੀ, ਤੇ ਪਥਰੀਲਾ ਗ੍ਰਹਿ ਹੈ। ਸੋ ਇੱਥੇ ਜੀਵਨ ਦੇ ਅਸਾਰ ਹੋਣੇ ਬੜੇ ਅਸਾਨ ਹਨ। ਸਾਨੂੰ ਹੋਰ ਖੋਜ ਕਰਨੀ ਚਾਹੀਦੀ ਹੈ।'
ਉਹ ਚੱਲਦੇ ਚੱਲਦੇ ਆਪਣੀ ਸ਼ਟਲ ਤੋਂ ਕਾਫ਼ੀ ਦੂਰ ਆ ਗਏ ਸਨ। ਯੂਰੀ ਤੇ ਨੀਲ ਸ਼ਟਲ ਦੇ ਅੰਦਰ ਹੀ ਸਨ। ਅਚਾਨਕ ਅਕਾਸ਼ ਵਿੱਚ ਬਿਜਲੀ ਚਮਕਣ ਲੱਗੀ, ਪਰ ਇਹ ਬਿਜਲੀ ਪ੍ਰਿਥਵੀ ਵਰਗੀ ਆਮ ਬਿਜਲੀ ਨਹੀਂ ਸੀ, ਬਹੁਤ ਵੱਡੀ ਤੇ ਵਿਸ਼ਾਲ ਸੀ, ਜਿਵੇਂ ਸੂਰਜ ਦੇ ਵਿੱਚੋਂ ਆ ਰਹੀ ਹੋਵੇ। ਤੇ ਇੱਥੇ ਹੈ ਵੀ ਦੋ ਸੂਰਜ ਸਨ। ਇਸ ਕਰਕੇ ਧੁੱਪ ਵੀ ਬੜੀ ਤੇਜ਼ ਸੀ।
'ਇਹ ਸੂਰਜੀ ਤਪਿਸ਼ ਹੈ ਜੋ ਕਿ ਸੂਰਜ ਦੇ ਅੰਦਰ ਚੱਲਦੇ ਤੂਫ਼ਾਨਾਂ ਕਰਕੇ ਕੁਦਰਤੀ ਹੀ ਪੈਦਾ ਹੁੰਦੀ ਹੈ। ਪਰ ਇਹ ਬਹੁਤ ਤੇਜ਼ ਤੇ ਵੱਡੀ ਹੈ! ਸਾਨੂੰ ਸ਼ਟਲ ਵਿੱਚ ਵਾਪਿਸ ਜਾਣਾ ਚਾਹੀਦਾ ਹੈ, ਜਾਂ ਫੇਰ ਕਿਤੇ ਗੁਫ਼ਾ ਦੇ ਵਿੱਚ ਸ਼ਰਣ ਲੈ ਲੈਣੀ ਚਾਹੀਦੀ ਹੈ।' ਡਾ: ਚੰਦਰ ਨੇ ਕਿਹਾ।
'ਸ਼ਟਲ ਤੱਕ ਜਲਦੀ ਨਹੀਂ ਪਹੁੰਚ ਸਕਦੇ। ਉਹ ਸਾਹਮਣੇ ਗੁਫ਼ਾ ਹੈ, ਉਸ ਵਿੱਚ ਚਲੇ ਜਾਣਾ ਚਾਹੀਦਾ ਹੈ। '
ਉਹ ਤਿੰਨੇ ਜਣੇ ਗੁਫ਼ਾ ਦੇ ਅੰਦਰ ਚਲੇ ਗਏ। ਗੁਫ਼ਾ ਦੇ ਆਲੇ-ਦੁਆਲੇ ਵੀ ਕਾਈ ਸੀ।
'ਇਹ ਚੰਗੀ ਗੱਲ ਹੈ ਕਿ ਇੱਥੇ ਵੀ ਕਾਈ ਨੇ ਘੇਰਿਆ ਹੋਇਆ ਹੈ। ਸੂਰਜੀ ਰੇਡੀਓਐਕਟਿਵ ਵਿਕਿਰਨਾਂ ਤੋਂ ਇਹ ਬਚਾ ਕਰ ਸਕਦੀ ਹੈ। '
ਜਿਵੇਂ ਹੀ ਉਹ ਗੁਫ਼ਾ ਦੇ ਅੰਦਰ ਆਏ, ਬਾਹਰ ਜਿਵੇ ਬਿਜਲੀ ਤੇ ਸੂਰਜੀ ਚਮਕ ਦਾ ਤੂਫ਼ਾਨ ਆ ਗਿਆ ਜੋ ਕਿ ਕਾਫੀ ਭਿੰਅਕਰ ਸੀ। ਉਹਨਾਂ ਨੇ ਸ਼ੁਕਰ ਕੀਤਾ ਕਿ ਉਹ ਜਲਦੀ ਨਾਲ਼ ਗੁਫ਼ਾ ਦੇ ਅੰਦਰ ਆ ਗਏ ਹਨ। ਇੰਝ ਲੱਗ ਰਿਹਾ ਸੀ ਜਿਵੇਂ ਸੂਰਜ ਤੋਂ ਨਿੱਕਲ਼ ਕੇ ਚਮਕ ਗੰਧਰਵ ਗ੍ਰਹਿ ਤੇ ਉੱਤਰ ਰਹੀ ਹੋਵੇ। ਉਸ ਚਮਕ ਦੀ ਤਪਿਸ਼ ਤੇ ਗਰਜ ਬਹੁਤ ਜ਼ਿਆਦਾ ਸੀ।
ਉਹਨਾਂ ਨੂੰ ਆਪਣੇ ਹੇਠਲੀ ਜ਼ਮੀਨ ਵੀ ਹਿੱਲਦੀ ਮਹਿਸੂਸ ਹੋਈ, ਜਿਵੇਂ ਭੂਚਾਲ਼ ਵੀ ਆ ਰਿਹਾ ਹੋਵੇ।
'ਲਗਦਾ ਹੈ ਅਸੀਂ ਮਰ ਰਹੀ ਦੁਨੀਆਂ ਵਿੱਚ ਆ ਗਏ। ਇਹ ਗ੍ਰਹਿ ਤੇ ਇਹਦੇ ਦੋਵੇਂ ਸੂਰਜ ਮਰ ਰਹੇ ਲਗਦੇ ਹਨ। ਸਾਨੂੰ ਇੱਥੇ ਬਹੁਤੀ ਦੇਰ ਨਹੀਂ ਰੁਕਣਾ ਚਾਹੀਦਾ।' ਡਾ: ਥੌਮਸ ਬੋਲਿਆ।
'ਹਾਂ, ਇੰਝ ਹੀ ਲੱਗ ਰਿਹਾ ਹੈ।'
ਉਹ ਕਾਫ਼ੀ ਦੇਰ ਗੁਫ਼ਾ ਦੇ ਅੰਦਰ ਰਹੇ ਜਦ ਤੱਕ ਤੂਫ਼ਾਨ ਥੰਮ ਨਹੀਂ ਗਿਆ। ਗੁਫ਼ਾ ਦੇ ਅੰਦਰ ਉਹਨਾਂ ਨੂੰ ਕੁੱਝ ਵੀ ਹੋਰ ਨਹੀਂ ਦੀਖਿਆ। ਉਹਨਾਂ ਨੇ ਇੱਧਰ-ਉੱਧਰ ਕਾਫ਼ੀ ਸਰਵੇਖਣ ਕੀਤਾ। ਪਰ ਕਾਈ ਤੋਂ ਇਲਾਵਾ ਕੁੱਝ ਹੋਰ ਨਹੀਂ ਦਿੱਖ ਰਿਹਾ ਸੀ। ਇੱਕ ਘੰਟੇ ਬਾਅਦ, ਜਦੋਂ ਤੂਫ਼ਾਨ ਥੰਮਿਆ ਤਾਂ ਉਹ ਸ਼ਟਲ ਵੱਲ੍ਹ ਨੂੰ ਵਾਪਿਸ ਚੱਲ ਪਏ।
'ਤੂਫ਼ਾਨ ਤੇ ਬਿਜਲੀ ਦੇ ਕਾਰਣ ਸ਼ਟਲ ਵਿੱਚ ਖਰਾਬੀ ਆ ਗਈ ਹੈ। ਕੋਈ ਸਰਕਿਟ ਸੜ ਗਿਆ ਲਗਦਾ ਹੈ। ਅਸੀਂ ਚੈੱਕ ਕਰ ਰਹੇ ਹਾਂ।' ਯੂਰੀ ਨੇ ਉਹਨਾਂ ਨੂੰ ਦੱਸਿਆ।
'ਕਿੰਨਾ ਕੁ ਸਮਾਂ ਲੱਗ ਜਾਏਗਾ?' ਰੌਬਰਟ ਨੇ ਪੁੱਛਿਆ।
'ਕੁੱਝ ਕਹਿ ਨਹੀਂ ਸਕਦੇ।'
'ਠੀਕ ਹੈ, ਕੋਈ ਗੱਲ ਨਹੀਂ। ਉੱਨੀ ਦੇਰ ਅਸੀਂ ਗ੍ਰਹਿ ਦਾ ਹੋਰ ਸਰਵੇਖਣ ਕਰ ਸਕਦੇ ਹਾਂ। ਪਰ ਇਸ ਵਾਰ ਅਸੀਂ ਪੈਦਲ ਨਹੀਂ ਸਗੋਂ ਰੋਵਰ ਜੀਪ ਦੇ ਵਿੱਚ ਜਾਵਾਂਗੇ।'
ਉਨ੍ਹਾਂ ਨੇ ਸ਼ਟਲ ਦੇ ਪਿਛਲੇ ਕੋਨੇ ਵਿੱਚ ਰੋਵਰ ਜੀਪ ਨੂੰ ਬਾਹਰ ਕੱਢ ਲਿਆ ਜੋ ਕਿ ਇਸੇ ਕੰਮ ਲਈ ਤਿਆਰ ਕੀਤੀ ਗਈ ਸੀ। ਉਸਦੀ ਖ਼ਾਸੀਅਤ ਇਹ ਸੀ ਉਹ ਕਿਸੇ ਵੀ ਤਰ੍ਹਾਂ ਦੇ ਉੱਚੇ-ਨੀਂਵੇਂ ਧਰਾਤਲ 'ਤੇ ਚੱਲ ਸਕਦੀ ਸੀ।
***
ਗੰਧਰਵ ਗ੍ਰਹਿ ਪ੍ਰਿਥਵੀ ਤੋਂ ਤਕਰੀਬਨ ਸਵਾ ਗੁਣਾ ਵੱਡਾ ਸੀ, ਤੇ ਇਸ ਕਰਕੇ ਉਸਦਾ ਗੁਰੁਤਾਕਰਸ਼ਣ ਵੀ ਜ਼ਿਆਦਾ ਸੀ, ਪ੍ਰਿਥਵੀ ਦੇ ਮਨੁੱਖ ਦਾ ਭਾਰ ਵੀ ਸਵਾ ਗੁਣਾ ਜ਼ਿਆਦਾ ਸੀ। ਗੰਧਰਵ ਗ੍ਰਹਿ ਦਾ ਦਿਨ 21 ਘੰਟੇ ਲੰਬਾ ਸੀ ਜੋ ਪ੍ਰਿਥਵੀ ਤੋਂ ਛੋਟਾ ਸੀ ਪਰ ਉੱਥੋਂ ਦਾ ਇੱਕ ਸਾਲ ਪ੍ਰਿਥਵੀ ਦੇ ਸਾਲ ਤੋਂ ਵੱਡਾ ਸੀ। ਉੱਥੇ ਕੋਈ ਅੱਲਗ-ਅੱਲਗ ਮੌਸਮ ਨਹੀਂ ਸਨ, ਸਗੋਂ ਇੱਕੋ ਤਰ੍ਹਾਂ ਦਾ ਮੀਂਹ ਤੇ ਤੂਫ਼ਾਨਾਂ ਨਾਲ਼ ਭਰਿਆ ਮੌਸਮ ਸੀ। ਉਸਦੇ ਦੋ ਚੰਦਰਮਾ ਵੀ ਸਨ ਜੋ ਕਿ ਪ੍ਰਿਥਵੀ ਦੇ ਚੰਦਰਮਾ ਤੋਂ ਥੋੜੇ ਛੋਟੇ ਸਨ ਪਰ ਮਿਲ਼ ਕੇ ਉੱਥੋਂ ਦੇ ਸਮੁੰਦਰ 'ਤੇ ਦੁੱਗਣਾ ਪ੍ਰਭਾਵ ਪਾਉਂਦੇ ਸਨ।
ਇੰਝ ਲੱਗ ਰਿਹਾ ਸੀ ਕਿ ਗੰਧਰਵ ਗ੍ਰਹਿ ਰਹੱਸਮਈ ਤੇ ਗੁੰਝਲਦਾਰ ਸਿਸਟਮ ਸੀ। ਹਰ ਵਕਤ ਇੱਥੇ ਕੁੱਝ ਨਾ ਕੁੱਝ ਅਨੋਖਾ ਘਟ ਰਿਹਾ ਸੀ। ਸੂਰਜੀ ਤੂਫ਼ਾਨਾਂ ਤੋਂ ਆਉਂਦੀਆਂ ਚਮਕਾਂ, ਜੋ ਕਿ ਖਤਰਨਾਕ ਵਿਕਿਰਨਾਂ ਨਾਲ਼ ਭਰਪੂਰ ਸਨ, ਕਿਸੇ ਵੀ ਇਲੈਕਟ੍ਰਾਨਿਕ ਜੰਤਰ ਨੂੰ ਤਬਾਹ ਕਰ ਸਕਦੀਆਂ ਸਨ, ਜਿਵੇਂ ਕੇ ਉਹਨਾਂ ਦੀ ਸ਼ਟਲ ਖਰਾਬ ਹੋ ਗਈ ਸੀ।
ਸਭ ਤੋਂ ਜਟਿਲ ਤਾਂ ਉੱਥੋਂ ਦੀ ਜਾਮਣੀ ਕਾਈ ਸੀ ਜੋ ਕਿ ਦੂਰ ਦੂਰ ਸੈਂਕੜੇ, ਹਜ਼ਾਰਾਂ ਮੀਲ ਤੱਕ, ਜਿੱਧਰ ਵੀ ਨਜ਼ਰ ਫੇਰੋ ਨਜ਼ਰ ਆਉਂਦੀ ਸੀ। ਪਰ ਉਸਦੀ ਵਿਸ਼ੇਸ਼ਤਾ ਸੀ ਕਿ ਉਹ ਤੁਹਾਨੂੰ ਖਤਰਨਾਕ ਵਿਕਿਰਨਾਂ ਤੋਂ ਬਚਾ ਸਕਦੀ ਹੈ, ਜੇ ਕਿਸੇ ਵੀ ਗੁਫ਼ਾ ਜਾਂ ਵਸਤ ਨੂੰ ਢਕ ਲਏ! ਉਹ ਉੱਥੋਂ ਦੇ ਸਮੁੰਦਰ ਤੇ ਹੋਰ ਪਾਣੀਆਂ ਵਿੱਚ ਵੀ ਮੌਜੂਦ ਸੀ, ਜੋ ਕਿ ਜ਼ਮੀਨ ਨਾਲ਼ੋਂ ਜ਼ਿਆਦਾ ਵਿਸਤ੍ਰਿਤ ਸੀ! ਸਮੁੰਦਰ ਦੀ ਕਾਈ ਜ਼ਮੀਨ ਵਾਲ਼ੀ ਕਾਈ ਤੋਂ ਥੋੜੀ ਲੰਬੀ ਪਰ ਇੱਕੋ ਜਿਹੀ ਸੀ। ਉਹ ਕਾਈ ਹਜ਼ਾਰਾਂ, ਲੱਖਾਂ ਸਾਲ ਪੁਰਾਣੀ ਲੱਗ ਰਹੀ ਸੀ। ਉਹ ਇੱਕਦਮ ਪੈਦਾ ਹੋ ਕਿ ਕੁੱਝ ਕੁ ਘੰਟਿਆਂ ਵਿੱਚ ਸੈਂਕੜੇ ਵਰਗਾਕਾਰ ਖੇਤਰ ਵਿੱਚ ਫੈਲਣ ਦੇ ਸਮਰੱਥ ਸੀ। ਉਹ ਖਣਿਜ ਪਦਾਰਥ ਤੇ ਕੱਚੀ ਧਾਤੁ ਦੇ ਨਾਲ਼ ਭਰੀ ਹੋਈ ਸੀ।
ਪਰ, ਉੱਥੇ ਇੱਕਲੀ ਕਾਈ ਨਹੀਂ ਹੋ ਸਕਦੀ, ਕੁੱਝ ਹੋਰ ਵੀ ਜ਼ਰੂਰ ਹੋਵੇਗਾ, ਜਿਸ ਨਾਲ਼ ਕਾਈ ਸਹਿਜੀਵਨ ਮਾਣਦੀ ਹੋਵੇਗੀ। ਪਰ ਉਹ ਬਨਸਪਤੀ ਜਾਂ ਜੀਵ ਕੀ ਤੇ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਦਾ ਹੋ ਸਕਦਾ ਹੈ?
***
ਉਹ ਜੀਪ ਤੇ ਕਾਫ਼ੀ ਦੂਰ ਨਿੱਕਲ ਆਏ ਸਨ। ਰੌਬਰਟ ਸਿੰਘ ਜੀਪ ਚਲਾ ਰਿਹਾ ਸੀ। ਉਹਨਾਂ ਨੇ ਇੱਕ ਗੱਲ ਨੋਟ ਕੀਤੀ ਸੀ ਕਿ ਕਾਈ ਦੇ ਉੱਪਰੋਂ ਦੀ ਜੀਪ ਚਲਾਉਣਾ ਬਹੁਤ ਔਖਾ ਸੀ, ਕਾਈ ਜੀਪ ਦੇ ਪਹੀਆਂ ਵਿੱਚ ਫਸ ਕੇ ਉਹਨਾਂ ਨੂੰ ਜਾਮ ਕਰਨ ਦੇ ਸਮਰੱਥ ਸੀ, ਕਿਉਂਕਿ ਜਿਵੇਂ ਹੀ ਉਨ੍ਹਾਂ ਨੇ ਉੱਪਰੋਂ ਦੀ ਜੀਪ ਲੰਘਾਉਣ ਦੀ ਕੋਸ਼ਿਸ ਕੀਤੀ ਤਾਂ ਜੀਪ ਫਸ ਗਈ ਤੇ ਇੱਕ ਤਿੱਖੀ ਤੇ ਅਜੀਬ ਜਿਹੀ ਚੀਖ਼ ਸੁਣਾਈ ਦਿੱਤੀ - ਜਿਵੇਂ ਕਿ ਕਾਈ ਦਰਦ ਨਾਲ਼ ਕਰਾਹ ਉੱਠੀ ਹੋਵੇ। ਉਹਨਾਂ ਨੇ ਜੀਪ ਨੂੰ ਪਾਵਰ ਗੇਅਰ ਦੇ ਵਿੱਚ ਪਾ ਕੇ ਮਸੀਂ ਕੱਢਿਆ। ਫੇਰ ਉਹਨਾਂ ਨੇ ਜੀਪ ਨੂੰ ਸਿਰਫ਼ ਪਥਰੀਲੇ ਰਸਤੇ ਤੇ ਹੀ ਚਲਾਇਆ।
'ਸਾਨੂੰ, ਇਸ ਅਜਨਬੀ ਕਾਈ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤੇ ਇਸ ਉੱਤੇ ਜੀਪ ਨਹੀਂ ਚਲਾਉਣੀ ਚਾਹੀਦੀ!' ਰੌਬਰਟ ਨੇ ਕਿਹਾ।
'ਬਿਲਕੁਲ ਠੀਕ, ਇਸਦੀ ਚੀਖ਼ ਸੁਣਕੇ ਇੰਝ ਲੱਗਿਆ ਜਿਵੇਂ ਕਾਈ ਜੀਵਤ ਹੋਵੇ। ਤੇ ਇੰਨੀ ਸਾਰੀ ਕਾਈ ਨੂੰ ਜੇ ਗੁੱਸਾ ਆ ਗਿਆ ਤਾਂ ਸਾਨੂੰ ਆਪਣੀ ਲਪੇਟ ਵਿੱਚ ਨਾ ਲੈ ਲਵੇ।' ਡਾ: ਥੌਮਸ ਨੇ ਹਾਮੀ ਭਰੀ।
ਡਾ: ਚੰਦਰ ਬੜੇ ਗੌਰ ਨਾਲ਼ ਆਲੇ-ਦੁਆਲੇ ਦੇਖ ਰਿਹਾ ਸੀ।
'ਸਭ ਕੁੱਝ ਕਿੰਨਾ ਹੈਰਾਨੀ ਭਰਿਆ ਹੈ। ਕੁਦਰਤ ਕਿਸ ਤਰ੍ਹਾਂ ਦੀ ਹੈ ਤੇ ਕਿਵੇਂ ਦਾ ਅਲੌਕਿਕ ਵਰਤਾਰਾ ਸਿਰਜਦੀ ਹੈ। ਅਸੀਂ ਆਪਣੀ ਧਰਤੀ ਤੋਂ ਕਿੰਨੀ ਦੂਰ ਆ ਗਏ ਹਾਂ।'
'ਹਾਂ, ਪਹਿਲੀ ਵਾਰ ਮਾਨਵ ਜਾਤੀ ਆਪਣੀ ਧਰਤੀ ਤੋਂ ਇੰਨੀ ਦੂਰ, ਸਿਤਾਰਿਆਂ ਤੋਂ ਪਾਰ ਪਹੁੰਚੀ ਹੈ।'
'ਇਸਦੇ ਪਿੱਛੇ ਕਿੰਨੇ ਵਿਗਿਆਨਕ, ਇੰਜਨੀਅਰ, ਡਾਕਟਰ ਤੇ ਖੋਜਕਾਰਾਂ ਦੀ ਅੱਧੀ ਸਦੀ ਤੋਂ ਉੱਪਰ ਦੀ ਅਣਥੱਕ ਮਿਹਨਤ ਹੈ।'
'ਪ੍ਰਥਮ ਕਿੰਨਰ ਤੇ ਜੀ ਆਈਆਂ ਨੂੰ!' ਰੌਬਰਟ ਸਿੰਘ ਬੋਲਿਆ।
ਉਹ ਆਪਣੇ ਸਾਹਮਣੇ ਅਜਨਬੀ ਗੰਧਰਵ ਗ੍ਰਹਿ ਦਾ ਅਦਭੁਤ ਨਜ਼ਾਰਾ ਦੇਖ ਰਹੇ ਸਨ। ਕਿੰਨਾ ਅਜੀਬੋ-ਗਰੀਬ, ਤੇ ਖਾਲੀ ਗ੍ਰਹਿ ਸੀ। ਚਾਰੇ ਪਾਸੇ ਪੱਥਰ ਤੇ ਜਾਮਣੀ ਕਾਈ ਸੀ। ਹੋਰ ਕੋਈ ਬਨਸਪਤੀ ਜਾਂ ਜੀਵ-ਜੰਤੂ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ। ਇੰਨਾ ਖਾਲੀ ਗ੍ਰਹਿ, ਦੂਰ ਦੂਰ ਤੱਕ ਸੁੰਨਮਸਾਨ ਪਸਰੀ ਹੋਈ ਸੀ! ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਗ੍ਰਹਿ ਕਿਵੇਂ ਚੱਲ ਰਿਹਾ ਹੈ?
'ਇੱਕ ਨਵਾਂ ਸੰਸਾਰ! ਪਰ ਕਿੰਨਾ ਖਾਲੀ ਤੇ ਬੰਜਰ!' ਥੌਮਸ ਕਹਿ ਰਿਹਾ ਸੀ - 'ਕੀ ਇੱਥੇ ਅਸੀਂ ਬਸਤੀ ਵਸਾ ਸਕਦੇ ਹਾਂ? ਮੈਨੂੰ ਨੀ ਲਗਦਾ ਇਹ ਜਗ੍ਹਾ ਰਹਿਣ ਦੇ ਕਾਬਿਲ ਹੈ। ਅਜੇ ਤਾਂ ਅਸਾਂ ਇਸ ਵਿੱਚ ਸਾਹ ਲੈਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਹਵਾ ਵਿੱਚ ਆਕਸੀਜਨ ਹੈ, ਪਰ ਨਾਈਟ੍ਰੋਜਨ, ਹੋਰ ਗੈਸਾਂ ਤੇ ਪ੍ਰਦੂਸ਼ਣ ਬਹੁਤ ਹੈ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ।'
'ਬਿਲਕੁਲ ਸਹੀ, ਇੰਝ ਲਗਦਾ ਹੈ ਕਿ ਇੱਥੇ ਕੋਈ ਵੱਡੀ ਘਟਨਾ ਵਾਪਰੀ ਹੋਵੇਗੀ ਜਿਸ ਨਾਲ਼ ਸਭ ਜੀਵ-ਜੰਤੂ ਤੇ ਬਨਸਪਤੀ ਤਬਾਹ ਹੋ ਗਈ ਹੋਵੇਗੀ। ਜਾਂ ਹੋ ਸਕਦਾ ਹੈ ਇਸ ਕਾਈ ਤੋਂ ਇਲਾਵਾ ਹੋਰ ਜੀਵ-ਜੰਤੂ ਤੇ ਬਨਸਪਤੀ ਕਦੇ ਪਣਪ ਹੀ ਨਹੀਂ ਸਕੀ। ' ਡਾ: ਚੰਦਰ ਨੇ ਆਪਣਾ ਵਿਚਾਰ ਪੇਸ਼ ਕੀਤਾ।
'ਹੁਣ ਅਸੀਂ ਕਿੱਧਰ ਚਲੀਏ?' ਰੋਬਰਟ ਨੇ ਸਾਹਮਣੇ ਸਕਰੀਨ ਤੇ ਪ੍ਰਦਰਸ਼ਿਤ ਨਕਸ਼ੇ ਵੱਲ੍ਹ ਵੇਖ ਕੇ ਦੱਸਿਆ।
'ਕੀ ਇਹ ਮੈਂ ਸਹੀ ਦੇਖ ਰਿਹਾ ਹਾਂ ਕਿ ਸਮੁੰਦਰ ਨੇੜੇ ਹੀ ਹੈ।' ਥੌਮਸ ਬੋਲਿਆ।
'ਹਾਂ, ਪੰਦਰਾਂ ਕੁ ਮੀਲ ਦੂਰ ਲੱਗ ਰਿਹਾ ਹੈ। ਕੀ ਉੱਧਰ ਚੱਲੀਏ।'
'ਬਿਲਕੁਲ, ਕੁੱਝ ਨਵਾਂ ਦਿਖੇਗਾ। ਪੱਥਰ ਤੇ ਕਾਈ ਦੇਖ ਕੇ ਮਨ ਅੱਕ ਗਿਆ ਹੈ। ਨਾਲ਼ੇ ਥੋੜੀ ਗਰਮੀ ਤੋਂ ਰਾਹਤ ਮਿਲੇਗੀ। ਬਹੁਤ ਗਰਮੀ ਹੈ।' ਡਾ: ਚੰਦਰ ਨੇ ਕਿਹਾ - 'ਸਪੇਸ ਸੂਟ ਵਿੱਚ ਦਮ ਘੁੱਟ ਰਿਹਾ ਹੈ।'
ਵੀਹ ਕੁ ਮਿੰਟ ਬਾਅਦ ਉਹ ਸਮੁੰਦਰ ਤੱਟ ਦੇ ਕੋਲ਼ ਪਹੁੰਚ ਗਏ। ਬਿਲਕੁਲ ਪ੍ਰਿਥਵੀ ਦੇ ਵਰਗਾ ਸਮੁੰਦਰ ਸੀ, ਪਰ ਕਾਈ ਦੇ ਪ੍ਰਭਾਵ ਕਰਕੇ ਜਾਮਣੀ ਰੰਗ ਦੀ ਭਾਹ ਮਾਰਦਾ ਸੀ। ਲਹਿਰਾਂ ਉਛਾਲੇ ਮਾਰ ਰਹੀਆਂ ਸਨ ਤੇ ਅਜੀਬ ਕਿਸਮ ਦੀ ਝੱਗ ਜਿਹੀ ਵਖੇਰ ਰਹੀਆਂ ਸਨ। ਦੁਪਹਿਰ ਢਲ ਰਹੀ ਸੀ। ਦੋਵੇਂ ਸੂਰਜ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੇ ਸਨ। ਪ੍ਰਥਮ ਕਿੰਨਰ ਇੱਕ, ਜੋ ਕਿ ਗ੍ਰਹਿ ਦਾ ਮੁੱਖ ਸੂਰਜ ਸੀ, ਪ੍ਰਿਥਵੀ ਦੇ ਸੂਰਜ ਵਰਗਾ ਹੀ ਦਿੱਖ ਰਿਹਾ ਸੀ। ਪ੍ਰਥਮ ਕਿੰਨਰ ਦੋ ਥੋੜਾ ਛੋਟਾ ਤੇ ਸੰਗਤਰੀ ਰੰਗਾ ਦਿੱਖ ਰਿਹਾ ਸੀ। ਜੇ ਦੂਜੇ ਪਾਸੇ ਨਜ਼ਰ ਫੇਰੇ ਤਾਂ ਛੋਟਾ ਜਿਹਾ ਲਾਲ ਰੰਗ ਦਾ ਅਗਾਮੀ ਕਿੰਨਰ (ਪ੍ਰਥਮ ਕਿੰਨਰ ਸੀ) ਦਿਖਾਈ ਦੇ ਰਿਹਾ ਸੀ।
'ਵਾਹ, ਅਸੀਂ ਅਜਿਹਾ ਅਲੌਕਿਕ ਨਜ਼ਾਰਾ ਦੇਖ ਰਹੇ ਕਿੰਨੇ ਖ਼ੁਸ਼ਕਿਸਮਤ ਹਾਂ!' ਡਾ: ਥੌਮਸ ਨੇ ਹੈਰਾਨੀ ਨਾਲ਼ ਆਖਿਆ।
'ਹਾਂ, ਬਹੁਤ ਖ਼ੁਸ਼ਕਿਸਮਤ ਤੇ ਪਹਿਲੇ ਮਨੁੱਖ। ਜੇ ਇਹ ਜੁੜਵੇਂ ਸਿਤਾਰੇ ਨਾ ਹੋਣ ਤਾਂ ਇਹ ਜਗ੍ਹਾ ਪ੍ਰਿਥਵੀ ਦਾ ਭੁਚੱਕਾ ਪਾਉਂਦੀ ਹੈ।'
ਉਹ ਜੀਪ ਰੇਤ ਤੇ ਖੜੀ ਕਰਕੇ, ਸਮੁੰਦਰ-ਤੱਟ ਤੇ ਚੱਲਣ ਲੱਗੇ। ਉਹ ਪਾਣੀ ਤੇ ਰੇਤ ਨੂੰ ਛੂਹ ਕੇ ਦੇਖਣਾ ਚਾਹੁੰਦੇ ਸੀ, ਪਰ ਅਜਿਹਾ ਕਰਨਾ ਉਹਨਾਂ ਦੇ ਨਿਯਮਾਂ ਦੇ ਵਿਰੁੱਧ ਸੀ। ਡਾ: ਥੌਮਸ ਨੇ ਆਪਣੇ ਨਾਲ਼ ਲਿਆਂਦੀ ਪਰਖਨਲੀਆਂ ਵਿੱਚ ਪਾਣੀ, ਤੇ ਰੇਤ ਦੇ ਨਮੂਨੇ ਪਾ ਲਏ।
ਆਪਣੇ ਸਪੇਸ ਸੂਟ ਕਰਕੇ ਉਹ ਚੱਲ ਰਹੀ ਕੂਲੀ ਹਵਾ ਦਾ ਕਿਆਸ ਹੀ ਕਰ ਸਕਦੇ ਸਨ, ਅਹਿਸਾਸ ਨਹੀਂ!
'ਇੱਥੇ ਤਾਂ ਹਵਾ ਪ੍ਰਦੂਸ਼ਿਤ ਨਹੀਂ ਲੱਗ ਰਹੀ!' ਰੌਬਰਟ ਨੇ ਪੁੱਛਿਆ।
'ਨਹੀਂ, ਪਰ ਕੁੱਝ ਨਹੀਂ ਕਹਿ ਸਕਦੇ। ਮੈਂ ਸਮਝ ਸਕਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੋਵੇਂਗਾ। ਅਸੀਂ ਆਪਣੇ ਸਪੇਸ ਸੂਟ ਦਾ ਹੈਲਮਟ ਨਹੀਂ ਉਤਾਰ ਸਕਦੇ।' ਡਾ: ਥੌਮਸ ਨੇ ਉੱਤਰ ਦਿੱਤਾ।
ਉਹ ਉੱਥੇ ਤੱਟ ਤੇ ਇੱਧਰ-ਉੱਧਰ ਫਿਰਦੇ ਰਹੇ।
'ਕੀ ਕਿਤੇ ਸਿੱਪੀਆਂ ਤੇ ਘੋਗੇ ਦਿੱਖ ਰਹੇ ਨੇ।' ਡਾ: ਚੰਦਰ ਨੇ ਪੁੱਛਿਆ।
'ਕਾਸ਼! ਪਰ ਕੁੱਝ ਨਹੀਂ ਦਿੱਖ ਰਿਹਾ, ਕਿੰਨਾ ਪਾਕ ਤੇ ਸਾਫ਼ ਹੈ ਇਹ ਤੱਟ। ਪ੍ਰਿਥਵੀ 'ਤੇ ਸਮੁੰਦਰ ਕਿੰਨੇ ਗੰਧਲੇ ਹੋ ਗਏ ਹਨ।' ਡਾ: ਥੌਮਸ ਨੇ ਕਿਹਾ।
'ਇਸਦਾ ਮਤਲਬ ਇੱਥੇ ਕੁੱਝ ਨਹੀਂ ਹੈ, ਮੱਛੀਆਂ ਵੀ ਨਹੀਂ।' ਰੌਬਰਟ ਨੇ ਕਿਹਾ।
'ਸਾਨੂੰ ਇੱਕ ਪ੍ਰੋਬ ਸਮੁੰਦਰ ਵਿੱਚ ਭੇਜਣੀ ਚਾਹੀਦੀ ਹੈ।' ਚੰਦਰ ਨੇ ਸਲਾਹ ਦਿੱਤੀ।
'ਹਾਂ, ਅਸੀਂ ਵਾਪਿਸ ਮੁੜ ਕੇ ਨੀਲ ਤੇ ਸ਼ਕੀਲ ਨੂੰ ਕੁੱਝ ਇੱਕ ਸਮੁੰਦਰੀ ਪ੍ਰੋਬ ਦੀ ਤਿਆਰੀ ਕਰਨ ਲਈ ਆਖਾਂਗੇ।' ਰੌਬਰਟ ਨੇ ਕਿਹਾ।
ਫੇਰ ਉਹ ਜੀਪ ਦੇ ਵਿੱਚ ਸਵਾਰ ਹੋ ਕੇ ਕਈ ਮੀਲ ਸਮੁੰਦਰ ਤੱਟ ਦਾ ਸਰਵੇਖਣ ਕਰਦੇ ਰਹੇ। ਉਹ ਹੈਰਾਨੀ ਭਰੇ ਅੰਦਾਜ਼ ਨਾਲ਼ ਕੁਦਰਤ ਦੇ ਅਲੌਕਿਕ ਨਜ਼ਾਰੇ ਨੂੰ ਤੱਕਦੇ ਰਹੇ।
'ਬ੍ਰਹਿਮੰਡ ਇੰਨਾ ਵਿਸ਼ਾਲ ਹੈ, ਸਿਤਾਰੇ ਤੇ ਗ੍ਰਹਿ ਕਿੰਨੇ ਮਿਲਦੇ-ਜੁਲਦੇ ਸਮਰੂਪ ਹਨ, ਪ੍ਰੰਤੂ ਕਿੰਨੇ ਅੱਲਗ ਹਨ। ਇਹ ਸਮਝ ਆਉਂਦੀ ਹੈ ਕਿ ਸਿਤਾਰੇ ਇੱਕ ਦੂਜੇ ਤੋਂ ਕਈ ਕਈ ਪ੍ਰਕਾਸ਼-ਵਰ੍ਹੇ ਦੂਰ ਕਿਓਂ ਹਨ। ਪਰ ਇਹ ਨੀ ਸਮਝ ਆਉਂਦੀ ਕਿ ਬ੍ਰਹਿਮੰਡ ਵਿੱਚ ਜੀਵਨ ਇੰਨਾ ਦੁਰਲੱਭ ਕਿਓਂ ਹੈ? ਤੇ ਪ੍ਰਿਥਵੀ ਤੇ ਇੰਨਾ ਪ੍ਰਫੁੱਲਿਤ ਕਿਓਂ ਹੈ? ਇੰਝ ਤਾਂ ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ, ਫੇਰ ਵੀ ਆਦਮੀ ਇੱਕ ਦੂਜੇ ਨਾਲ਼ ਲੜਦੇ ਕਿਓਂ ਹਨ?'
'ਕਿਤੇ ਇਸੇ ਕਰਕੇ ਕੁਦਰਤ ਨੇ ਜੀਵਨ ਇੰਨਾ ਦੁਰਲੱਭ ਤਾਂ ਨਹੀਂ ਬਣਾਇਆ। ਜੇ ਜੀਵਨ ਹਰ ਇੱਕ ਸਿਤਾਰਾ-ਮੰਡਲ ਵਿੱਚ ਨੇੜੇ ਨੇੜੇ ਹੁੰਦਾ ਤਾਂ ਜੀਵਾਂ ਨੇ ਲੜ ਲੜ ਮਰ ਜਾਣਾ ਸੀ ਤੇ ਤਬਾਹੀ ਮਚਾ ਦੇਣੀ ਸੀ।' ਚੰਦਰ ਨੇ ਦਾਰਸ਼ਨਿਕ ਜਵਾਬ ਦਿੱਤਾ।
'ਤੁਹਾਨੂੰ ਪਤਾ ਹੈ ਕਿ ਪ੍ਰਿਥਵੀ ਤੇ ਸਿਰਫ਼ ਇੱਕ ਆਦਮੀ ਹੀ ਬੁੱਧੀਮਾਨ ਜੀਵ ਕਿਓਂ ਹੈ, ਦੂਜੇ ਨੰਬਰ ਦੇ ਬੁੱਧੀਮਾਨ ਜੀਵ ਵ੍ਹੇਲ ਮੱਛੀ ਤੇ ਡੌਲਫਿਨ ਬੁੱਧੀਮਤਾ ਤੱਕੜੀ ਤੇ ਆਦਮੀ ਦੇ ਮੁਕਾਬਲੇ ਬਹੁਤ ਘੱਟ ਭਾਰ ਰੱਖਦੇ ਹਨ।' ਡਾ: ਥੌਮਸ ਨੇ ਪੁੱਛਿਆ।
'ਹਾਂ , ਬੜੀ ਹੈਰਾਨੀਕੁੰਨ ਗੱਲ ਹੈ।' ਰੌਬਰਟ ਨੇ ਕਿਹਾ।
'ਕਿਓਂਕਿ, ਕਾਰਲ ਸੈਗਨ ਦੇ ਅਨੁਸਾਰ ਆਦਮੀ ਜਾਤੀ (Homo sapiens) ਨੇ ਆਪਣੇ ਬਰਾਬਰ ਦੇ ਹਰੇਕ ਬੁੱਧੀਮਾਨ ਜੀਵ ਜਿਵੇਂ ਕਿ ਨਿਐਂਡਰਥਲ ਮਨੁੱਖੀ ਜਾਤ ਨੂੰ ਇੱਕ ਬਕਾਇਦਾ ਵਿਵਸਥਿਤ ਢੰਗ ਨਾਲ਼ ਖਤਮ ਕਰ ਦਿੱਤਾ।' ਡਾ: ਥੌਮਸ ਨੇ ਦੱਸਿਆ।
'ਰੁਕੋ!' ਡਾ: ਚੰਦਰ ਨੇ ਇੱਕ ਦਮ ਕੁੱਝ ਦੇਖ ਕੇ ਬੋਲਿਆ - 'ਘੋਗੇ ਸਿੱਪੀਆਂ ਤਾਂ ਨਹੀਂ ਦਿਖੀਆਂ, ਪਰ ਲਗਦਾ ਹੈ ਮੈਨੂੰ ਸਲੇਟ ਜਿਹੇ ਪੱਥਰ ਦਿੱਖ ਰਹੇ ਹਨ।'
ਰੌਬਰਟ ਨੇ ਜੀਪ ਰੋਕ ਲਈ। ਉਹ ਸੱਚਮੁੱਚ ਹੀ ਇੱਕ ਸਲੇਟ ਸੀ, ਜਿਸਤੇ ਕੁੱਝ ਉੱਕਰਿਆ ਹੋਇਆ ਸੀ - ਜਿਵੇਂ ਕੋਈ ਅਭਿਲੇਖ ਹੋਵੇ!
'ਵਾਹ! ਸੱਚਮੁੱਚ ਅੱਜ ਸਾਡਾ ਭਾਗਾਂ ਵਾਲ਼ਾ ਦਿਨ ਹੈ। ਇੰਝ ਲੱਗ ਰਿਹਾ ਹੈ ਜਿਵੇਂ ਕੋਈ ਇਬਾਰਤ ਲਿਖੀ ਹੋਈ ਹੋਵੇ। ਕੀ ਇੱਥੇ ਬੁੱਧੀਮਾਨ ਜੀਵ ਹਨ ਜਾਂ ਕਦੇ ਸੀ।' ਡਾ: ਥੌਮਸ ਨੇ ਖ਼ਿਆਲ ਪੇਸ਼ ਕੀਤਾ।
'ਹੁਣ, ਤਾਂ ਨਹੀਂ ਲਗਦੇ ਪਰ ਭੂਤਕਾਲ ਵਿੱਚ ਹੋ ਸਕਦੇ ਹਨ।' ਡਾ: ਚੰਦਰ ਨੇ ਆਪਣਾ ਵਿਚਾਰ ਦੱਸਿਆ।
'ਹਾਂ, ਮੈਂ ਇੱਕ ਪਲ ਲਈ ਭੁੱਲ ਗਿਆ ਸੀ ਕਿ ਉੱਪਰ 'ਕਲਪਨਾ' ਯਾਨ ਨੇ ਸਾਰੇ ਗ੍ਰਹਿ ਦੀ ਜਾਂਚ-ਪੜਤਾਲ ਕਰ ਲਈ ਤੇ ਨਕਸ਼ਾ ਵੀ ਤਿਆਰ ਕਰ ਲਿਆ ਹੈ।' ਡਾ: ਥੌਮਸ ਬੋਲਿਆ।
'ਹਾਂ, ਉੱਪਰੋਂ ਟੀਮ ਦੀ ਸੂਚਨਾ ਲਗਾਤਾਰ ਆ ਰਹੀ ਹੈ।' ਰੌਬਰਟ ਨੇ ਦੱਸਿਆ।
ਉਹਨਾਂ ਨੇ ਸਲੇਟ ਜੋ ਕਿ ਚਾਰ ਕੁ ਵਰਗ ਫੁੱਟ ਦੀ ਲੱਗ ਰਹੀ ਸੀ ਨੂੰ ਜੀਪ ਦੇ ਪਿੱਛੇ ਰੱਖ ਲਿਆ। ਉਹ ਹੈਰਾਨ ਤੇ ਪ੍ਰੇਸ਼ਾਨ ਵੀ ਸਨ!
'ਸੱਚਮੁੱਚ ਹੀ ਕੋਈ ਇਬਾਰਤ ਲਿਖੀ ਹੋਈ ਹੈ। ਕੁਦਰਤੀ ਲਿਖਾਈ ਨਹੀਂ ਲੱਗ ਰਹੀ, ਲਗਦਾ ਹੈ ਜਿਵੇਂ ਕਿਸੇ ਬੁੱਧੀਮਾਨ ਸੱਭਿਅਤਾ ਦੇ ਜੀਵਾਂ ਨੇ ਲਿਖੀ ਹੈ।'
'ਕੀ ਅਸੀਂ ਮਨੁੱਖੀ ਜਾਤੀ ਨੇ ਅਜਨਬੀ ਵਸ਼ਿੰਦੇ ਜਾਂ ਉਹਨਾਂ ਦਾ ਇੱਕ ਅੰਸ਼ ਲੱਭ ਲਿਆ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ!' ਡਾ: ਥੌਮਸ ਨੇ ਕਿਹਾ।
ਹੁਣ ਸ਼ਾਮ ਹੋ ਰਹੀ ਸੀ। ਉਹਨਾਂ ਨੇ ਜੀਪ ਵਾਪਿਸ ਸ਼ਟਲ ਵੱਲ੍ਹ ਨੂੰ ਮੋੜ ਲਈ।
'ਸਾਨੂੰ ਹੋਰ ਟੀਮ ਮੰਗਾ ਕੇ ਗ੍ਰਹਿ ਦਾ ਹੋਰ ਸਰਵੇਖਣ ਕਰਨਾ ਚਾਹੀਦਾ ਹੈ। ਹੋਰ ਪ੍ਰੋਬ ਤੇ ਚਿੱਤਰ ਲੈਣੇ ਚਾਹੀਦੇ ਹਨ, ਜੇ ਹੋ ਸਕੇ ਖੁਦਾਈ ਵੀ ਕਰਨੀ ਚਾਹੀਦੀ ਹੈ।' ਡਾ: ਥੌਮਸ ਜੋਸ਼ ਨਾਲ਼ ਬੋਲ ਰਿਹਾ ਸੀ। ਉਸਨੂੰ ਕਾਫ਼ੀ ਮਹਤਵਪੂਰਨ ਖੋਜ ਮਿਲ਼ ਗਈ ਸੀ। ਉਹ ਹੁਣ ਉਸ ਇਬਾਰਤ ਨੂੰ ਸਮਝਣ ਦੇ ਤਰੀਕਿਆਂ ਵਾਰੇ ਸੋਚ ਰਿਹਾ ਸੀ, ਜੋ ਕੰਮ ਕੰਪਿਊਟਰਾਂ ਨੇ ਕਰ ਲੈਣਾ ਸੀ।
ਸ਼ਾਮ ਹੋ ਰਹੀ ਸੀ, ਦੋ ਸੂਰਜ ਸਤਰੰਗੀ ਭਾਹ ਵਖੇਰਦੇ ਸਮੁੰਦਰ ਤੱਟ ਤੇ ਖਿਤਿਜ ਤੇ ਅਦੁੱਤੀ ਦ੍ਰਿਸ਼ ਪੇਸ਼ ਕਰ ਰਹੇ ਸਨ। ਉਹਨਾਂ ਨੇ ਉਸ ਮਨਮੋਹਕ ਦ੍ਰਿਸ਼ ਦੀਆਂ ਕਿੰਨੀਆਂ ਹੀ ਫ਼ੋਟੋ ਖਿੱਚੀਆਂ।
ਅਕਾਸ਼ ਵਿੱਚ ਪੂਰੇ ਚੰਦਰਮਾ ਚੜ੍ਹਨ ਦੀ ਤਿਆਰੀ ਕਰ ਰਹੇ ਸਨ। ਸਮੁੰਦਰ ਦੀਆਂ ਲਹਿਰਾਂ ਜੋਸ਼ ਨਾਲ਼ ਉਸ ਵੱਲ੍ਹ ਉਛਲਣ ਲਈ ਮਚਲ ਰਹੀਆਂ ਸਨ।
***
ਰੋਵਰ ਜੀਪ ਤੇ ਜਦੋਂ ਉਹ ਵਾਪਿਸ ਆ ਰਹੇ ਸਨ, ਤਾਂ ਉਹਨਾਂ ਨੇ ਇੱਕ ਹੋਰ ਅਜਬ ਨਜ਼ਾਰਾ ਵੇਖਿਆ। ਸੱਚਮੁੱਚ ਹੀ ਅੱਜ ਉਹਨਾਂ ਦਾ ਕਿਸਮਤ ਵਾਲ਼ਾ ਦਿਨ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਅਜਨਬੀ ਗ੍ਰਹਿ ਤੇ ਜੀਵਨ ਦੀ ਲੋਅ ਵੇਖੀ। ਉਹਨਾਂ ਦੀਆਂ ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਹਨਾਂ ਨੇ ਜਗ੍ਹਾ-ਜਗ੍ਹਾ ਪੱਥਰਾਂ 'ਤੇ, ਕਾਈ 'ਤੇ ਜੁਗਨੂੰ ਵਰਗੇ ਚਮਕਦੇ ਪਤੰਗੇ ਦੇਖੇ।
'ਇੰਝ ਲੱਗ ਰਿਹਾ ਹੈ, ਕੋਈ ਜੁਗਨੂੰ ਵਰਗੇ ਪਤੰਗੇ ਹਨ।' ਡਾ: ਥੌਮਸ ਨੇ ਕਿਹਾ।
'ਹਾਂ, ਅੱਜ ਦਾ ਦਿਨ ਤਾਂ ਸੱਚਮੁੱਚ ਹੈਰਾਨ ਕਰ ਦੇਣ ਵਾਲ਼ਾ ਹੈ। ਕਾਈ ਦੇ ਸਹਿਜੀਵਨ ਸਾਥੀ ਜੁਗਨੂੰ।' ਡਾ: ਚੰਦਰ ਬੋਲਿਆ।
'ਮੈਨੂੰ ਯਕੀਨ ਨਹੀਂ ਹੋ ਰਿਹਾ! ਫੇਰ ਤਾਂ ਇੱਥੇ ਹੋਰ ਵੀ ਕੀੜੇ-ਮਕੌੜੇ ਜਾਂ ਜਾਨਵਰ ਹੋਣ ਦੇ ਅਸਾਰ ਹੋ ਸਕਦੇ ਹਨ।' ਰੌਬਰਟ ਨੇ ਕਿਆਸ ਕੀਤਾ।
'ਹੋ ਵੀ ਸਕਦਾ ਹੈ ਤੇ ਨਹੀਂ ਵੀ। ਪਰ ਮੈਨੂੰ ਡਰ ਹੈ ਕਿਤੇ ਅਦਿੱਖ ਬੈਕਟੀਰੀਆ ਜਾਂ ਵਾਇਰਸ ਨਾ ਹੋਵੇ। ਦਿਖਣ ਵਾਲ਼ੀ ਚੀਜ਼ ਨਾਲ਼ੋਂ ਨਾ-ਦਿਖਣ ਵਾਲ਼ੀ ਚੀਜ਼ ਜ਼ਿਆਦਾ ਖਤਰਨਾਕ ਹੁੰਦੀ ਹੈ।' ਡਾ: ਚੰਦਰ ਨੇ ਕਿਹਾ।
ਅੱਧੇ ਘੰਟੇ ਬਾਅਦ ਉਹ ਦੁਬਾਰਾ ਸ਼ਟਲ ਦੇ ਕੋਲ਼ ਆ ਗਏ। ਯੂਰੀ ਤੇ ਨੀਲ ਨੇ ਅਜੇ ਵੀ ਸ਼ਟਲ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ।
'ਕੀ ਅਜੇ ਸ਼ਟਲ ਠੀਕ ਨਹੀਂ ਹੋਈ?' ਰੌਬਰਟ ਨੇ ਪੁੱਛਿਆ।
'ਲੱਗਭੱਗ ਹੋ ਗਈ ਹੈ, ਪਰ ਇੱਕ ਪੁਰਜ਼ਾ ਜੋ ਸੜ ਗਿਆ ਹੈ, ਉੱਪਰੋਂ ਯਾਨ ਤੋਂ ਮੰਗਵਾਉਣਾ ਪੈਣਾ ਹੈ।' ਯੂਰੀ ਨੇ ਦੱਸਿਆ।
'ਕੀ ਤੁਸੀਂ ਉੱਪਰ ਕੰਟਰੋਲ ਰੂਮ ਨੂੰ ਪੁਰਜ਼ਾ ਭੇਜਣ ਦੀ ਬੇਨਤੀ ਕਰ ਦਿੱਤੀ ਹੈ?'
'ਹਾਂ ਕਰ ਦਿੱਤੀ ਹੈ ਤੇ ਉਹ ਕੱਲ੍ਹ ਦਿਨ ਨੂੰ ਰੋਬੋਟ ਪ੍ਰੋਬ ਦੇ ਨਾਲ਼ ਭੇਜ ਦੇਣਗੇ।'
'ਹਾਂ, ਸਾਨੂੰ ਇੱਕ ਹੋਰ ਰੋਬੋਟ ਪ੍ਰੋਬ ਸਮੁੰਦਰ ਦੇ ਵਿੱਚ ਭੇਜਣ ਲਈ ਵੀ ਚਾਹੀਦੀ ਹੈ। ਨੀਲ ਕੀ ਤੂੰ ਉਹ ਬੇਨਤੀ ਵੀ ਭੇਜ ਸਕਦਾ ਏਂ?'
'ਜ਼ਰੂਰ।' ਨੀਲ ਬੋਲਿਆ।
ਫੇਰ ਉਹਨਾਂ ਨੇ ਉਪਰ ਯਾਨ ਦੇ ਕੰਟਰੋਲ ਰੂਮ ਨਾਲ਼ ਸੰਪਰਕ ਕੀਤਾ ਤੇ ਆਪਣੀਆਂ ਦਿਨ ਭਰ ਦੀਆਂ ਗਤੀ ਵਿਧੀਆਂ ਦੱਸੀਆਂ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਅਭਿਲੇਖ ਵਾਲ਼ੀ ਸਲੇਟ ਤੇ ਜੁਗਨੂੰ ਦਿਖੇ। ਤੇ ਉਹ ਪਹਿਲੇ ਮਨੁੱਖ ਹਨ ਜਿਨ੍ਹਾਂ ਨੇ ਅਜਨਬੀ ਜੀਵਨ ਲੱਭਿਆ ਹੈ।
'ਸਿਰਫ਼ ਤੁਸੀਂ ਹੀ ਨਹੀਂ, ਸਾਨੂੰ ਵੀ ਅਗਾਮੀ ਕਿੰਨਰ ਬੀ ਤੇ ਜੀਵਨ ਦੇ ਚਿੰਨ੍ਹ ਪ੍ਰਾਪਤ ਹੋਏ ਹਨ।' ਰੀਨਾ ਨੇ ਉਹਨਾਂ ਨੂੰ ਦੱਸਿਆ, 'ਜੁਗਨੂੰਆਂ ਤੋਂ ਵੀ ਗੁੰਝਲਦਾਰ ਜੀਵਨ - ਇੱਕ ਤਰ੍ਹਾਂ ਦੇ ਜੀਵ ਜੋ ਗ੍ਰਹਿ ਦੇ ਵਿਚਕਾਰਲੇ ਹਿੱਸੇ ਵਿੱਚ ਵੱਸਦੇ ਹਨ, ਜਿੱਥੇ ਨਾ ਬਹੁਤੀ ਗਰਮੀ ਹੈ ਤੇ ਨਾ ਹੀ ਬਹੁਤੀ ਸਰਦੀ। ਰੋਬੋਟ ਪ੍ਰੋਬ ਨੇ ਅਜੀਬ ਕਿਸਮ ਦੇ ਜੀਵਾਂ ਦੇ ਵੀਡੀਓ ਭੇਜੇ ਹਨ। ਤੁਸੀਂ ਆ ਕੇ ਉਹਨਾਂ ਨੂੰ ਦੇਖਣਾ।'
'ਠੀਕ ਹੈ ਕੱਲ੍ਹ ਜੇ ਸ਼ਟਲ ਠੀਕ ਹੋ ਗਈ ਤਾਂ ਅਸੀਂ ਵਾਪਿਸ ਆ ਜਾਵਾਂਗੇ। ਪਰ ਸਾਡਾ ਅਗਲਾ ਪਲਾਨ ਡਾ: ਥੌਮਸ ਦੀ ਮਦਦ ਲਈ ਭੂਗੋਲ ਸ਼ਾਸ਼ਤਰੀ, ਇੰਜਨੀਅਰ ਤੇ ਰੋਬੋਟ ਲੈ ਕੇ ਆਉਣ ਦਾ ਹੈ ਤਾਂ ਜੋ ਉਹ ਗੰਧਰਵ ਗ੍ਰਹਿ ਦੀ ਹੋਰ ਛਾਣਬੀਣ ਕਰਨ ਤੇ ਜੇ ਲੋੜ ਪਈ ਤਾਂ ਖੁਦਾਈ ਵੀ ਕਰਨ।'
'ਠੀਕ ਹੈ।' ਰੀਨਾ ਨੇ ਹਾਮੀ ਭਰੀ।
ਜਦੋਂ ਉਹ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਬਾਹਰ ਉਹਨਾਂ ਨੂੰ ਅਜੀਬੋ-ਗਰੀਬ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ। ਜਿਵੇਂ ਕਾਈ ਤੇ ਜੁਗਨੂੰ ਮਿਲ਼ ਕੇ ਕੋਈ ਗੀਤ ਗਾ ਰਹੇ ਸਨ।
'ਵਾਹ, ਜ਼ਿੰਦਗੀ! ਕਿੱਥੇ ਕਿੱਥੇ ਤੇ ਕਿਸ ਤਰ੍ਹਾਂ ਪੈਦਾ ਹੁੰਦੀ ਹੈ ਤੇ ਵਿਚਰਦੀ ਹੈ।' ਡਾ: ਚੰਦਰ ਨੇ ਆਖਿਆ।
'ਸੱਚਮੁੱਚ ਹੀ। ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪੈਦਾ ਹੁੰਦੀ ਹੈ। ਅਗਾਮੀ ਕਿੰਨਰ ਜਿਸਦਾ ਇੱਕ ਪਾਸਾ ਹਮੇਸ਼ਾਂ ਅਪਣੇ ਸਿਤਾਰੇ ਵੱਲ੍ਹ ਰਹਿੰਦਾ ਹੈ ਤੇ ਬਹੁਤ ਗਰਮ ਹੈ। ਦੂਜਾ ਪਾਸਾ ਬਹੁਤ ਹਨੇਰਾ ਤੇ ਠੰਡਾ ਹੈ। ਸਿਰਫ਼ ਵਿਚਕਾਰਲੀ ਜਗ੍ਹਾ ਜੋ ਕਿ ਜੀਵਨ ਲਈ ਅਨੁਕੂਲ ਹੋ ਸਕਦੀ ਹੈ, ਤੇ ਉੱਥੇ ਸੱਚਮੁੱਚ ਜੀਵਨ ਪਣਪ ਰਿਹਾ ਹੈ।' ਡਾ: ਥੌਮਸ ਨੇ ਕਿਹਾ।
'ਪੂਰੇ ਬ੍ਰਹਿਮੰਡ ਵਿੱਚ ਜੀਵਨ ਬਹੁਤ ਜਗ੍ਹਾ ਹੋ ਸਕਦਾ ਹੈ। ਸਿਰਫ਼ ਸਾਡੀ ਉੱਥੇ ਤੱਕ ਪਹੁੰਚ ਨਹੀਂ ਹੈ। ਕਈ ਜਗ੍ਹਾ ਜੀਵਨ ਪਣਪ ਕੇ ਖਤਮ ਵੀ ਹੋ ਚੁੱਕਾ ਹੋਣਾ ਤੇ ਕਿਤੇ ਸਾਡੇ ਤੋਂ ਬਾਅਦ ਵਿੱਚ ਪਣਪੇਗਾ। ਡਰੇਕ ਸਮੀਕਰਨ ਦੇ ਇੱਕ ਅਨੁਮਾਨ ਅਨੁਸਾਰ ਸਿਰਫ਼ ਸਾਡੀ ਅਕਾਸ਼ਗੰਗਾ ਵਿੱਚ ਹੀ ਘੱਟੋ-ਘੱਟ ਹਜ਼ਾਰ ਤੋਂ ਲੈ ਕੇ ਦਸ ਕਰੋੜ ਤੱਕ ਗ੍ਰਹਿਆਂ ਤੇ ਜੀਵਨ ਹੋ ਸਕਦਾ ਹੈ। ਵਿਗਿਆਨਕਾਂ ਦੇ ਅਨੁਸਾਰ ਉਹਨਾਂ ਵਿੱਚੋਂ ਚਾਰ ਤੋਂ ਲੈ ਕੇ ਦੋ ਸੌ ਗਿਆਰਾਂ ਤੱਕ ਬੁੱਧੀਮਾਨ ਸਭਿਅਤਾਵਾਂ ਹੋ ਸਕਦੀਆਂ ਹਨ, ਜੋ ਇੱਕ ਦੂਸਰੇ ਨਾਲ਼ ਸੰਪਰਕ ਕਰਨ ਦੇ ਸਮਰੱਥ ਹਨ। ਬ੍ਰਹਿਮੰਡ ਤਾਂ ਫੇਰ ਵੀ ਬਹੁਤ ਅਸੀਮ ਹੈ। ਇੱਕ ਬ੍ਰਹਿਮੰਡ ਕੀ, ਅਨੰਤ ਬ੍ਰਹਿਮੰਡ ਹਨ ਤੇ ਜੀਵਨ ਦੇ ਅਨੁਕੂਲ ਵੀ ਅਨੰਤ ਗ੍ਰਹਿ ਹਨ!'
***
ਅਗਲੇ ਦਿਨ 'ਕਲਪਨਾ' ਯਾਨ ਤੋਂ ਰੋਬੋਟ ਪ੍ਰੋਬ ਪਹੁੰਚ ਗਈ, ਜਿਸ ਵਿੱਚ ਸ਼ਟਲ ਦਾ ਖਰਾਬ ਪੁਰਜ਼ਾ ਸੀ। ਯੂਰੀ ਤੇ ਨੀਲ ਤੁਰੰਤ ਉਸਨੂੰ ਸ਼ਟਲ ਵਿੱਚ ਫਿੱਟ ਕਰਨ ਲੱਗੇ। ਰੌਬਰਟ, ਡਾ: ਚੰਦਰ ਤੇ ਥੌਮਸ ਰੋਬਟ ਪ੍ਰੋਬ ਨੂੰ ਲੈ ਕੇ ਸਮੁੰਦਰ ਦੇ ਵਿੱਚ ਉਤਾਰਨ ਚਲੇ ਗਏ।
ਜਦ ਤੱਕ ਸ਼ਟਲ ਠੀਕ ਹੋਈ ਤਾਂ ਰੌਬਰਟ, ਡਾ: ਚੰਦਰ ਤੇ ਥੌਮਸ ਰੋਬਟ ਪ੍ਰੋਬ ਸਮੁੰਦਰ 'ਚ ਉਤਾਰ ਕੇ ਵਾਪਿਸ ਆ ਗਏ। ਹੁਣ ਉਹ ਯਾਨ ਨੂੰ ਵਾਪਿਸ ਜਾਣ ਲਈ ਤਿਆਰ ਸਨ। ਸ਼ਾਮ ਤੱਕ ਉਹਨਾਂ ਨੇ ਸ਼ਟਲ ਨੂੰ ਸਹੀ ਸਮਾਂ ਦੇਖ ਕੇ ਅਕਾਸ਼ ਵੱਲ੍ਹ ਲਾਂਚ ਕਰ ਦਿੱਤਾ। ਤਕਰੀਬਨ ਸੱਤ ਘੰਟਿਆਂ ਵਿੱਚ ਸ਼ਟਲ ਨੇ 'ਕਲਪਨਾ' ਯਾਨ ਨਾਲ਼ ਮਿਲਾਪ (Rendezvous) ਕਰ ਲਿਆ। ਸਭ ਤੋਂ ਪਹਿਲਾਂ ਉਹ ਕੁਆਰਨਟੀਨ ਚੈਂਬਰ ਵਿੱਚ ਪਹੁੰਚੇ ਤੇ ਆਪਣੇ ਆਪ ਨੂੰ ਰੋਗਾਣੂ-ਮੁਕਤ ਕੀਤਾ ਤੇ ਕੁੱਝ ਘੰਟੇ ਉੱਥੇ ਬਿਤਾਏ।
ਅਗਲੇ ਕੁੱਝ ਦਿਨ ਉਹਨਾਂ ਨੇ ਗੰਧਰਵ ਗ੍ਰਹਿ ਤੇ ਕੈਂਪ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਡਾ: ਚੰਦਰ ਤੇ ਥੌਮਸ ਅਭਿਲੇਖ ਸਲੇਟ ਨੂੰ ਪੜ੍ਹਨ ਤੇ ਸਮਝਣ ਲਈ ਟੀਮ ਤਿਆਰ ਕਰਨ ਵਿੱਚ ਜੁਟ ਗਏ। ਉਹਨਾਂ ਨੂੰ ਉਮੀਦ ਸੀ ਕਿ ਸ਼ਕਤੀਸ਼ਾਲੀ ਕੰਪਿਊਟਰਾਂ ਦੀ ਸਹਾਇਤਾ ਨਾਲ਼ ਸਲੇਟ ਤੇ ਉੱਕਰੀ ਇਬਾਰਤ ਜਲਦੀ ਹੀ ਸਮਝੀ ਜਾ ਸਕਦੀ ਹੈ।
ਉਹਨਾਂ ਨੇ ਅਗਾਮੀ ਕਿੰਨਰ ਬੀ ਤੇ ਲੱਭੇ ਜੀਵਨ ਦੇ ਵੀਡੀਓ ਵੀ ਦੇਖੇ, ਜੋ ਹੈਰਾਨ ਕਰ ਦੇਣ ਵਾਲ਼ੇ ਸਨ। ਉਥੋਂ ਦੇ ਸਭ ਤੋਂ ਹਾਵੀ ਜੀਵ ਕਾਕਰੋਚ ਤੇ ਬਿੱਛੂਆਂ ਵਰਗੇ ਵੱਡੇ ਵੱਡੇ ਜੀਵ ਸਨ, ਰੇਗਿਸਤਾਨ ਵਰਗੇ ਇਲਾਕੇ ਵਿੱਚ ਕਿਤੇ ਕਿਤੇ ਪਾਣੀ ਤੇ ਬਨਸਪਤੀ ਵੀ ਸੀ। ਜਿਨ੍ਹਾਂ ਦੇ ਖੋਲ ਰੇਡੀਓ ਐਕਟਿਵ ਤਰੰਗਾਂ ਤੋਂ ਬਚਾਅ ਕਰਨ ਵਾਲ਼ੇ ਲਗਦੇ ਸਨ। ਵਿਕਰਿਨਾਂ ਦੇ ਮਾਹੌਲ ਵਿੱਚ ਵੀ ਜੀਵਨ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲ਼ ਲੈਂਦਾ ਹੈ, ਇਹ ਦੇਖ ਉਹਨਾਂ ਦਾ ਯਕੀਨ ਪੱਕਾ ਹੋ ਗਿਆ ਬ੍ਰਹਿਮੰਡ ਵਿੱਚ ਬਹੁਤ ਸਿਤਾਰਿਆਂ 'ਤੇ ਜੀਵਨ ਦੀ ਹੋਂਦ ਹੋਏਗੀ, ਤੇ ਹੋ ਸਕਦਾ ਹੈ ਉੱਥੇ ਬੁੱਧੀਮਾਨ ਜੀਵ ਵੀ ਹੋਣ। ਖ਼ਾਸ ਕਰਕੇ ਜਿੱਥੇ ਪਾਣੀ ਹੋਏਗਾ, ਉੱਥੇ ਜੀਵਨ ਵੀ ਹੋਏਗਾ! ਕਿਓਂਕਿ ਪਾਣੀ ਕੁਦਰਤੀ ਤੌਰ ਤੇ ਪੌਸ਼ਟਿਕ ਤੱਤਾਂ ਤੇ ਰਸਾਇਣਾਂ ਨੂੰ ਘੋਲਣ ਵਾਲ਼ਾ ਹੁੰਦਾ ਹੈ। ਪ੍ਰਿਥਵੀ ‘ਤੇ ਵੀ ਸਭ ਤੋਂ ਪਹਿਲਾਂ ਪਾਣੀ ਵਿੱਚ ਹੀ ਜੀਵਨ ਦੀ ਉੱਤਪਤੀ ਹੋਈ ਸੀ। ਪਾਣੀ ਤੇ ਜੀਵਨ ਦੇ ਵਿਚਕਾਰਲੀ ਕੜੀ ਬਹੁਤ ਮਜ਼ਬੂਤ ਹੈ, ਪਾਣੀ ਤੋਂ ਵਗੈਰ ਕਿਤੇ ਵੀ ਜੀਵਨ ਦਾ ਕਿਆਸ ਕਰਨਾ ਸੰਭਵ ਨਹੀਂ ਹੈ। ਅਗਾਮੀ ਕਿੰਨਰ ਤੇ ਜੀਵਨ ਗੁੰਝਲਦਾਰ ਸੀ ਪਰ ਬੁੱਧੀਮਾਨ ਨਹੀਂ ਸੀ। ਕਿਓਂਕਿ ਅਗਾਮੀ ਕਿੰਨਰ ਤੇ ਤਾਪਮਾਨ ਤੇ ਵਿਕਿਰਨਾਂ ਦੇ ਪ੍ਰਭਾਵ ਸਦਕਾ ਮਨੁੱਖ ਦਾ ਜਾਣਾ ਸੰਭਵ ਨਹੀਂ ਸੀ, ਇਸ ਕਰਕੇ ਉਹਨਾਂ ਨੇ ਹੋਰ ਰੋਬਟ ਪ੍ਰੋਬ ਭੇਜਣ ਦੀ ਯੋਜਨਾ ਬਣਾਈ। ਉਹਨਾਂ ਦਾ ਇੱਕ ਟੀਚਾ ਉੱਥੇ ਬਨਾਵਟੀ ਉਪਗ੍ਰਹਿ ਸਟੇਸ਼ਨ ਸਥਾਪਤ ਕਰਨਾ ਸੀ, ਪਰ ਉਹ ਪਹਿਲਾਂ ਗੰਧਰਵ ਗ੍ਰਹਿ ਦੇ ਦੁਆਲੇ ਉਪਗ੍ਰਹਿ ਸਟੇਸ਼ਨ ਸਥਾਪਿਤ ਕਰਨਾ ਚਾਹੁੰਦੇ ਸੀ।
ਅਖਿਰ ਉਹ ਦਿਨ ਵੀ ਆ ਗਿਆ, ਜਦੋਂ ਉਹ ਗੰਧਰਵ ਗ੍ਰਹਿ ਤੇ ਕੈਂਪ ਲਗਾਉਣ ਪਹੁੰਚੇ। ਉਹਨਾਂ ਦੀ ਯੋਜਨਾ ਇੱਕ ਸਮੇਂ ਸਿਰਫ਼ ਦਸ ਮੈਂਬਰਾਂ ਦੀ ਟੀਮ ਭੇਜਣ ਦਾ ਸੀ, ਤੇ ਬਾਕੀ ਦੇ ਮੈਂਬਰ 'ਕਲਪਨਾ' ਵਿੱਚ ਰਹਿ ਕੇ ਹੀ ਉਹਨਾਂ ਨੂੰ ਸਹਾਇਤਾ ਕਰਨ ਦਾ ਸੀ। ਇਸ ਤਰ੍ਹਾਂ ਉਹ ਟੀਮ ਮੈਂਬਰਾਂ ਨੂੰ ਕਿਸੇ ਸੰਭਾਵੀ ਬਿਮਾਰੀ ਤੋਂ ਵੀ ਸੁਰੱਖਿਅਤ ਰੱਖ ਸਕਦੇ ਸਨ।
***
ਸੂਰਜ-ਮੰਡਲ ਦਾ ਸਭ ਤੋਂ ਨੇੜਲਾ ਸਿਤਾਰਾ-ਮੰਡਲ ਹੋਣ ਕਰਕੇ, ਪ੍ਰਥਮ ਕਿੰਨਰ ਵਾਰੇ ਜਾਣਕਾਰੀ ਤੇ ਖੋਜ ਕਰਨਾ ਬਹੁਤ ਜ਼ਰੂਰੀ ਸੀ, ਤੇ ਇਸਦਾ ਅਨੁਮਾਨ ਲਗਾਉਣਾ ਮੁਸ਼ਕਿਲ ਸੀ ਕਿ ਉਹ ਕਿੰਨੀ ਕੁ ਜਾਣਕਾਰੀ ਇਕੱਠੀ ਕਰ ਸਕਦੇ ਸਨ। ਜੇ ਕਦੇ ਮਨੁੱਖਾਂ ਨੂੰ ਪ੍ਰਿਥਵੀ ਛੱਡ ਕੇ ਕਿਤੇ ਹੋਰ ਜਾਣਾ ਪਵੇ, ਜੋ ਕਿ ਪ੍ਰਿਥਵੀ ਦੇ ਹਾਲਾਤਾਂ ਤੇ ਪ੍ਰਦੂਸ਼ਣ ਕਰਕੇ ਸੰਭਵ ਸੀ, ਜਾਂ ਫੇਰ ਜਦੋਂ ਸੂਰਜ ਭਵਿੱਖ ਵਿੱਚ ਸੁਪਰ-ਨੋਵਾ ਬਣ ਜਾਵੇਗਾ, ਤਾਂ ਉਹ ਜਾਣਕਾਰੀ ਬਹੁਤ ਵਡਮੁੱਲੀ ਸਾਬਿਤ ਹੋਵੇਗੀ। ਵੈਸੇ ਵੀ ਪ੍ਰਿਥਵੀ ਤੇ ਮਨੁੱਖ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਪਰਵਾਸ ਕਰਦੇ ਰਹੇ ਹਨ, ਤੇ ਜੇ ਉਹ ਪਰਵਾਸ ਨਾ ਕਰਦੇ ਤਾਂ ਮਨੁੱਖ ਦਾ ਵਿਗਿਆਨ ਇੰਨੀ ਤਰੱਕੀ ਨਾ ਕਰਦਾ ਕਿ ਉਹ ਪ੍ਰਥਮ ਕਿੰਨਰ ਤੱਕ ਪਹੁੰਚਣ ਦਾ ਸੁਪਨਾ ਵੀ ਵੇਖ ਸਕਦੇ!
ਉਹਨਾਂ ਦੇ ਮਿਸ਼ਨ ਦੇ ਹੇਠ ਲਿਖੇ ਮੰਤਵ ਸਨ -
1. ਗੰਧਰਵ ਗ੍ਰਹਿ ਦੇ ਜਲਵਾਯੂ ਦਾ ਜਾਇਜ਼ਾ ਲੈਣਾ
2. ਗੰਧਰਵ ਗ੍ਰਹਿ ਦੇ ਭੂਗੋਲ ਦਾ ਅਧਿਐਨ ਕਰਨਾ
3. ਇਹ ਦੇਖਣਾ ਕਿ ਉੱਥੇ ਪਹਿਲਾਂ ਕਿਸ ਤਰ੍ਹਾਂ ਦਾ ਜੀਵਨ ਸੀ?
4. ਦੁਰਲੱਭ ਖਣਿਜ ਪਦਾਰਥ ਤੇ ਹੋਰ ਨਮੂਨੇ ਇਕੱਠੇ ਕਰਨੇ !
5. ਗੰਧਰਵ ਗ੍ਰਹਿ ਦੇ ਗਿਰਦ ਬਨਾਵਟੀ ਉਪਗ੍ਰਹਿ ਸਥਾਪਿਤ ਕਰਨਾ
ਉਹਨਾਂ ਨੂੰ ਲੱਭੀ ਹੋਈ ਅਭਿਲੇਖ ਸਲੇਟ ਇਹ ਦੱਸ ਰਹੀ ਲਗਦੀ ਸੀ ਕਿ ਉੱਥੇ ਕਦੇ ਬੁੱਧੀਮਾਨ ਜੀਵਨ ਸੀ ਜੋ ਕਿ ਲਿਖਣ ਦੇ ਕਾਬਿਲ ਸੀ, ਪਰ ਉਹ ਜੀਵਨ ਹੁਣ ਉੱਥੇ ਨਹੀਂ ਸੀ ਦਿੱਖ ਰਿਹਾ! ਇਸਦਾ ਪਤਾ ਗ੍ਰਹਿ ਦੇ ਭੂਗੋਲ ਨੂੰ ਸਮਝ ਕੇ ਹੀ ਲੱਗ ਸਕਦਾ ਸੀ। ਹੋ ਸਕਦਾ ਹੈ ਉੱਥੇ ਕਦੇ ਬੁੱਧੀਮਾਨ ਜੀਵਨ ਸੀ ਹੀ ਨਹੀਂ, ਸਿਰਫ਼ ਕਾਈ ਤੇ ਜੁਗਨੂੰ ਹੀ ਸਨ।
ਸਭ ਤੋਂ ਪਹਿਲਾ ਕੰਮ ਉਹਨਾਂ ਨੇ ਉੱਥੇ ਮੌਸਮ ਦਾ ਜਾਇਜ਼ਾ ਤੇ ਪੂਰਵ ਅਨੁਮਾਨ ਲਗਾਉਣ ਲਈ ਇੱਕ ਛੋਟਾ ਜਿਹਾ ਸਟੇਸ਼ਨ ਸਥਾਪਿਤ ਕੀਤਾ, ਜੋ ਕਿ 'ਕਲਪਨਾ' ਦੇ ਨਾਲ਼ ਮਿਲ਼ ਕੇ ਰੋਜ਼ਾਨਾ ਮੌਸਮ ਵਾਰੇ ਜਾਣਕਾਰੀ ਲੈਣ ਲਈ ਸੀ। ਗੰਧਰਵ ਗ੍ਰਹਿ ਤੇ ਉਹਨਾਂ ਨੇ ਦੇਖ ਲਿਆ ਸੀ ਕਿ ਮੌਸਮ ਬਹੁਤ ਅਸਥਿਰ ਸੀ, ਕਦੇ ਵੀ ਤੂਫ਼ਾਨ, ਮੀਂਹ ਤੇ ਸੂਰਜੀ ਚਮਕਾਂ ਆ ਸਕਦੀਆਂ ਸਨ।
ਤੂਫ਼ਾਨਾਂ ਤੇ ਸੂਰਜੀ ਚਮਕਾਂ ਤੋਂ ਬਚਣ ਲਈ ਉਹਨਾਂ ਨੇ ਅਜਿਹੀ ਜਗ੍ਹਾ ਚੁਣੀ ਜਿੱਥੇ ਕਿ ਇੱਕ ਵੱਡੀ ਸਾਰੀ ਗੁਫ਼ਾ ਸੀ, ਜਿਸਨੂੰ ਆਲੇ-ਦੁਆਲੇ ਤੋਂ ਕਾਈ ਨੇ ਢਕਿਆ ਹੋਇਆ ਸੀ, ਜੋ ਕਿ ਸੂਰਜੀ ਵਿਕਿਰਨਾਂ ਤੋਂ ਬਚਾਅ ਕਰ ਸਕਦੀ ਸੀ। ਉੱਥੇ ਉਹਨਾਂ ਨੇ ਆਪਣਾ ਅਧਾਰ ਕੈਂਪ ਲਗਾ ਲਿਆ ਜਿਸ ਵਿੱਚ ਦਸ ਟੀਮ ਮੈਂਬਰਾਂ ਲਈ ਦਸ ਕੁਆਰਟਰ ਸਨ, ਤੇ ਇੱਕ ਪ੍ਰਯੋਗਸ਼ਾਲਾ ਸੀ।
'ਕਲਪਨਾ' ਦੀ ਕਮਾਂਡ ਰੀਨਾ ਨੂੰ ਦੇ ਕੇ ਕੈਪਟਨ ਰੌਬਰਟ ਸਿੰਘ ਨੇ ਆਪਣੇ ਨੌਂ ਸਾਥੀਆਂ ਨਾਲ਼ ਤੇ ਵੀਹ ਰੋਬੋਟਾਂ ਤੇ ਹੋਰ ਸਾਧਨਾਂ ਨਾਲ਼ ਗੰਧਰਵ ਗ੍ਰਹਿ ਤੇ ਆ ਡੇਰੇ ਲਾਏ। ਡਾ. ਚੰਦਰ, ਥੌਮਸ, ਯੂਰੀ ਤੇ ਨੀਲ ਦੇ ਨਾਲ਼ ਉਹਨਾਂ ਨੇ ਪੰਜ ਹੋਰ ਕਰੂ ਮੈਂਬਰ ਚੁਣੇ ਜੋ ਕਿ ਗੰਧਰਵ ਗ੍ਰਹਿ ਵਾਰੇ ਖੋਜ ਕਰਨ ਵਿੱਚ ਸਭ ਤੋਂ ਲਾਭਦਾਇਕ ਹੋ ਸਕਦੇ ਸਨ। ਉਹਨਾਂ ਨੇ ਆਪਣੇ ਨਾਲ. ਇੱਕ ਡਾਕਟਰ, ਤੇ ਉਸਦਾ ਸਹਾਇਕ ਰੋਬਟ ਤੇ ਹੋਰ ਜ਼ਰੂਰੀ ਮਸ਼ੀਨਾਂ ਤੇ ਦਵਾਈਆਂ ਵੀ ਲਿਆਂਦੀਆਂ। ਇਸਦੇ ਨਾਲ਼ ਹੀ ਉਹਨਾਂ ਨੇ ਖਾਣ-ਪੀਣ ਦਾ ਸਮਾਨ ਵੀ ਲਿਆਂਦਾ, ਕਿਓਂਕਿ ਉਹਨਾਂ ਦਾ ਵਿਚਾਰ ਇੱਕ ਸਾਲ ਗੰਧਰਵ 'ਤੇ ਰਹਿਣ ਦਾ ਸੀ ਤਾਂ ਜੋ ਰੋਬਟਾਂ ਦੀ ਸਹਾਇਤਾ ਨਾਲ਼ ਗ੍ਰਹਿ ਦੀ ਛਾਣ-ਬੀਣ ਕਰ ਸਕਣ।
ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਗੰਧਰਵ ਗ੍ਰਹਿ ਦੀ ਭੂਗੋਲਿਕ ਜਾਣਕਾਰੀ ਦਿੰਦਾ ਤਿੰਨ-ਅਯਾਮੀ (3-D) ਨਕਸ਼ਾ ਬਣਾਇਆ, ਜੋ ਕਿ 'ਕਲਪਨਾ' ਦੀ ਟੀਮ ਨੇ ਹੀ ਬਣਾਇਆ ਸੀ, ਕਿਓਂਕਿ ਉਪਗ੍ਰਹਿ ਹੋਣ ਕਰਕੇ ਉਹ ਪੂਰੇ ਗੰਧਰਵ ਗ੍ਰਹਿ ਦਾ ਸਰਵੇਖਣ ਕਰ ਸਕਦੇ ਸਨ। ਤਿੰਨ-ਅਯਾਮੀ ਨਕਸ਼ੇ ਦਾ ਇਹ ਫ਼ਾਇਦਾ ਸੀ ਕਿ ਉਸ ਵਿੱਚ ਪੂਰੇ ਗ੍ਰਹਿ ਦੀ ਤਹਿ ਤੱਕ ਦੀ ਜਾਣਕਾਰੀ ਸੀ, ਜਿਸ ਕਰਕੇ ਉਹਨਾਂ ਨੂੰ ਫ਼ਾਲਤੂ ਦੀ ਛਾਣ-ਬੀਣ ਤੇ ਖੁਦਾਈ ਨਹੀਂ ਸੀ ਕਰਨੀ ਪੈਣੀ। ਉਹ ਸਭ ਕੁੱਝ ਨਕਸ਼ੇ ਦੇ ਵਿੱਚੋਂ ਹੀ ਵੇਖ ਸਕਦੇ ਸਨ। ਪਰ ਗ੍ਰਹਿ ਦੇ ਨਕਸ਼ੇ ਵਿੱਚੋਂ ਉਹਨਾਂ ਨੂੰ ਕੁੱਝ ਜ਼ਬਰਦਸਤ ਨਹੀਂ ਲੱਭਿਆ ਸੀ। ਕੋਈ ਇਮਾਰਤੀ ਖੰਡਰ ਨਹੀਂ ਸਨ ਲੱਭੇ, ਕੋਈ ਚੱਲਦੀ-ਫਿਰਦੀ ਜਿਊਂਦੀ ਜਾਗਦੀ ਚੀਜ਼ ਨਹੀਂ ਸੀ ਲੱਭੀ, ਸਿਰਫ਼ ਗ੍ਰਹਿ ਦੀਆਂ ਟੈਕਟੋਨਿਕ ਪਲੇਟਾਂ ਹੀ ਦਿਖੀਆਂ ਸਨ, ਮੈਗਮਾ ਤੇ ਲਾਵਾ ਹੀ ਦੀਖਿਆ ਸੀ! ਸਮੁੰਦਰ ਦੇ ਵਿੱਚ ਵੀ ਉਹਨਾਂ ਨੂੰ ਸਿਵਾਏ ਕਾਈ ਦੇ ਕੋਈ ਮੱਛੀ ਜਾਂ ਹੋਰ ਜੀਵ ਜੰਤੂ ਨਹੀਂ ਨਜ਼ਰ ਆਏ ਸਨ। ਪਰ ਡਾ: ਥੌਮਸ ਦੀ ਸਲਾਹ ਨਾਲ਼ ਰੌਬਰਟ ਨੇ ਗੋਤਾਖੋਰ ਰੋਬੋਟ ਭੇਜਣ ਦੀ ਯੋਜਨਾ ਬਣਾਈ।
ਅਗਲੇ ਦਿਨ ਡਾ: ਥੌਮਸ ਆਪਣੇ ਦੋ ਸਹਾਇਕ ਤੇ ਦੋ ਗੋਤਾਖੋਰ ਰੋਬੋਟ ਲੈ ਕੇ ਸਮੁੰਦਰ ਤੱਟ ਤੇ ਸਵੇਰੇ ਜਲਦੀ ਜਲਦੀ ਪਹੁੰਚ ਗਿਆ। ਆਪਣੀ ਯੌਜਨਾ ਅਨੁਸਾਰ ਉਹਨਾਂ ਨੇ ਰੋਬੋਟਾਂ ਨੂੰ ਸਮੁੰਦਰ ਵਿੱਚ ਉਤਾਰ ਦਿੱਤਾ। ਰੋਬੋਟਾਂ ਦਾ ਪੂਰਾ ਵੀਡੀਓ ਕੰਪਿਊਟਰ ਸਕਰੀਨ 'ਤੇ ਆ ਰਿਹਾ ਸੀ। ਸਮੁੰਦਰ ਦਾ ਕਾਈ-ਯੁਕਤ ਜਾਮਣੀ ਪਾਣੀ ਬਹੁਤ ਸਾਫ਼ ਤੇ ਸੁੰਦਰ ਲੱਗ ਰਿਹਾ ਸੀ, ਹਾਲਾਂਕਿ ਉਸ ਵਿੱਚ ਜੀਵਨ ਦੀ ਰੌਅ ਨਹੀਂ ਰਮਕ ਰਹੀ ਸੀ। ਪਰ ਫੇਰ ਵੀ ਉਹ ਬਹੁਤ ਖੂਬਸੂਰਤ ਸੀ!
'ਕਾਦਰ ਦੀ ਕੁਦਰਤ ਹੈ ਹੀ ਬਹੁਤ ਖੂਬਸੂਰਤ। ਬਣਾਉਣ ਵਾਲ਼ੇ ਨੇ ਕਿੰਨੀ ਖੂਬਸੂਰਤ ਦੁਨੀਆਂ ਬਣਾਈ ਹੈ।' ਇੱਕ ਵਾਰ ਤਾਂ ਉਸਦੇ ਮੂੰਹੋਂ ਅਸਚਰਜ ਭਰੇ ਬੋਲ ਨਿੱਕਲੇ।
'ਸਰ, ਕੀ ਬ੍ਰਹਿਮੰਡ ਸੈਭੰ ਨਹੀਂ ਹੈ!' ਉਸਦਾ ਸਹਾਇਕ ਮੁਸਕਰਾ ਕੇ ਬੋਲਿਆ।
'ਹਾਂ, ਪਰ ਆਓ ਇਸ ਬਹਿਸ ਵਿੱਚ ਨਾ ਹੀ ਪਈਏ ਤੇ ਕੰਮ ਤੇ ਧਿਆਨ ਦੇਈਏ।'
'ਸਰ, ਉਹ ਦੇਖੋ ਰੋਬੋਟ ਨੂੰ ਹੋਰ ਸਲੇਟਾਂ ਦਿਖ ਰਹੀਆਂ ਹਨ।' ਦੋਵੇਂ ਰੋਬੋਟ ਸਮੁੰਦਰ ਤੱਲ ਤੇ ਪਹੁੰਚ ਚੁੱਕੇ ਸਨ।'
'ਹਾਂ,ਵਧੀਆ! ਚਲੋ ਉਹਨਾਂ ਨੂੰ ਉਹ ਸਲੇਟਾਂ ਉੱਪਰ ਲਿਆਉਣ ਦਾ ਆਦੇਸ਼ ਦੇਵੋ।'
ਤਕਰੀਬਨ ਤਿੰਨ-ਚਾਰ ਘੰਟਿਆਂ ਬਾਅਦ ਉਹਨਾਂ ਨੇ ਸੌ ਤੋਂ ਵੀ ਵੱਧ ਸਲੇਟਾਂ ਉੱਪਰ ਕੱਢ ਲਿਆਂਦੀਆਂ। ਪਰ ਅਜੇ ਹੋਰ ਵੀ ਸਲੇਟਾਂ ਸਨ।
ਨਾਲ. ਦੀ ਨਾਲ. ਰੋਬੋਟ ਸਲੇਟਾਂ ਦੀਆਂ ਫੋਟੋਆਂ ਸਕੈਨ ਕਰਕੇ ਕੰਪਿਊਟਰ ਵਿੱਚ ਸੰਭਾਲ ਰਹੇ ਸਨ, ਜੋ ਕਿ ਉਹਨਾਂ ਦਾ ਵਿਸ਼ਲੇਸ਼ਣ ਕਰਨ ਲਈ ਬਹੁਤ ਜ਼ਰੂਰੀ ਸੀ।
***
ਜੁਗਨੀ ਪੁੱਜੀ ਤਾਰਿਆਂ ਪਾਰ!
ਉੱਥੇ ਬੜੇ ਬੜੇ ਸੰਸਾਰ।
ਜੁਗਨੂੰ ਦਿਖਦੇ ਹਰ ਇੱਕ ਡਾਰ!
ਵੀਰ ਮੇਰਿਆ ਵੇ ਜੁਗਨੀ ਕਹਿੰਦੀ ਆ।
ਉਹ ਸੁਪਨੇ ਦੇ ਵਿੱਚ ਰਹਿੰਦੀ ਆ!
ਰੌਬਰਟ ਸਿੰਘ ਨੂੰ ਇਹ ਇੱਕ ਸੁਪਨਾ ਹੀ ਤਾਂ ਲੱਗ ਰਿਹਾ ਸੀ! ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਆਪਣੀ ਜਨਮ-ਭੂਮੀ ਪ੍ਰਿਥਵੀ ਤੋਂ ਚਾਰ ਪ੍ਰਕਾਸ਼ ਵਰ੍ਹੇ ਦੂਰ ਪਹੁੰਚ ਗਏ ਹਨ। ਉਹ ਇੰਨੇ ਮਸਰੂਫ਼ ਸਨ ਕਿ ਉਸਨੂੰ ਕੀ, ਕਿਸੇ ਵੀ ਕਰੂ ਮੈਂਬਰ ਨੂੰ ਅਰਾਮ ਨਾਲ਼ ਬੈਠ ਕੇ ਸੋਚਣ ਦਾ ਵਕਤ ਨਹੀਂ ਮਿਲ਼ ਰਿਹਾ ਸੀ। ਪਰ ਅੱਜ ਗੰਧਰਵ ਗ੍ਰਹਿ ਤੇ ਮਨੁੱਖਤਾ ਦੇ ਪੈਰ ਵੇਖ ਕੇ ਉਹ ਸੋਚਣ ਲਈ ਮਜ਼ਬੂਰ ਹੋ ਗਿਆ ਸੀ। ਬ੍ਰਹਿਮੰਡ, ਸਿਤਾਰੇ, ਗ੍ਰਹਿ, ਉਪਗ੍ਰਹਿ, ਅਕਾਸ਼ੀ ਪਿੰਡ ਤੇ ਜ਼ਿੰਦਗੀ, ਇਹ ਸਭ ਕੁੱਝ ਕਿੰਨਾ ਅਦਭੁੱਤ ਸੀ! ਉਸਨੂੰ ਬਚਪਨ ਵਿੱਚ ਸੁਣਿਆ ਪੰਜਾਬੀ ਲੋਕ ਗੀਤ 'ਜੁਗਨੀ' ਯਾਦ ਆ ਰਿਹਾ ਸੀ। ਕਿਵੇਂ 'ਜੁਗਨੀ' ਜਾਂ 'ਜ਼ਿੰਦਗੀ (ਜੀਵਨ ਜੋਤ)' ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਘੁੰਮਦੀ ਹੋਈ ਹੈਰਾਨੀ ਨਾਲ਼ ਆਪਣਾ ਅਨੁਭਵ ਬਿਆਨ ਕਰਦੀ ਹੈ! ਤੇ ਜੇ ਜੁਗਨੀ ਹੁਣ ਇੱਥੇ ਸਿਤਾਰਿਆਂ ਤੋਂ ਪਾਰ ਪਹੁੰਚ ਗਈ ਹੈ ਤਾਂ ਉਹ ਉਸ ਅਨੁਭਵ ਨੂੰ ਕਿਵੇਂ ਪੇਸ਼ ਕਰੇਗੀ? ਪਰ ਇੱਥੇ ਤਾਂ ਜੁਗਨੀ ਨਹੀਂ ਜੁਗਨੂੰ ਹਨ, ਇਕੱਲੇ ਤੇ ਇੱਕਲੇ ਜੁਗਨੂੰ - ਕੋਈ ਹੋਰ ਜੀਵ ਜੰਤੂ ਨਹੀਂ ਦਿੱਖ ਰਿਹਾ, ਹਾਂ ਅਦਿੱਖ ਜਿਵਾਣੂ ਜ਼ਰੂਰ ਹੋ ਸਕਦੇ ਹਨ - ਕੋਈ ਬੈਕਟੀਰੀਆ ਜਾਂ ਵਾਇਰਸ ਇੱਥੇ ਜ਼ਰੂਰ ਹੋਏਗਾ। ਇਸ ਕਰਕੇ ਉਹ ਤੇ ਉਸਦੇ ਸਾਥੀ ਬਹੁਤ ਧਿਆਨ ਨਾਲ਼ ਆਪਣਾ ਹਰ ਕਦਮ ਰੱਖ ਰਹੇ ਸਨ। ਅਜੇ ਤੱਕ ਉਸਦੇ ਸਾਥੀ ਵਿਗਿਆਨਕਾਂ ਨੂੰ ਕੋਈ ਵੀ ਬੈਕਟੀਰੀਆ ਜਾਂ ਵਾਇਰਸ ਨਹੀਂ ਸੀ ਮਿਲਿਆ, ਪਰ ਉਹ ਹੈਰਾਨ ਸਨ ਕਿ ਜੇ ਇੱਥੇ ਗੁੰਝਲਦਾਰ ਜੀਵ-ਜੰਤੂ ਜੁਗਨੂੰ ਤੇ ਕਾਈ ਹੋ ਸਕਦੇ ਹਨ, ਤਾਂ ਬੈਕਟੀਰੀਆ ਜਾਂ ਵਾਇਰਸ ਕਿਵੇਂ ਨਹੀਂ ਹੋ ਸਕਦਾ। ਹਾਂ ਬਾਕੀ ਦੀ ਬਨਸਪਤੀ ਤੇ ਦਰਖਤ ਜਾਂ ਜੀਵ-ਜੰਤੂਆਂ ਦਾ ਨਿਸ਼ਾਨ ਹੋ ਸਕਦਾ ਹੈ ਕਿਸੇ ਕਾਰਣ ਕਰਕੇ ਮਿਟ ਚੁੱਕਿਆ ਹੋਵੇ। ਪਰ ਬੈਕਟੀਰੀਆ ਤੇ ਵਾਇਰਸ ਜ਼ਰੂਰ ਹੋਵੇਗਾ ਤੇ ਉਸਤੋਂ ਬਚ ਕੇ ਰਹਿਣਾ ਪਵੇਗਾ। ਕਿਉਂਕਿ ਜੇ ਕਿਸੇ ਇੱਕ ਵੀ ਵਿਅਕਤੀ ਨੂੰ ਕੋਈ ਛੂਤ ਦੀ ਬਿਮਾਰੀ ਲੱਗ ਗਈ ਤਾਂ ਉਹ ਜਲਦੀ ਹੀ ਦੂਜਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਕਰਕੇ ਉਹ ਸਾਰੀਆਂ ਸਾਵਧਾਨੀਆਂ ਤੇ ਸਫ਼ਾਈ ਦੇ ਨਿਯਮਾਂ ਦਾ ਪਾਲਣ ਕਰ ਰਹੇ ਸਨ।
ਸਾਇਰਾ ਫੈਨ, ਜੋ ਕਿ ਡਾਕਟਰ ਸੀ, ਪਰ ਉਹ ਬਨਸਪਤੀ ਤੇ ਜੀਵ ਵਿਗਿਆਨ ਦੀ ਵੀ ਮਾਹਿਰ ਸੀ। ਉਹ ਕਾਈ, ਜੁਗਨੂੰਆਂ ਤੇ ਹੋਰ ਸੰਭਾਵੀ ਜੀਵਾਂ ਵਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਸੀ। ਰੌਬਰਟ ਨੇ ਉਸਦੇ ਨਾਲ਼ ਗੱਲਬਾਤ ਕੀਤੀ -
'ਸਾਨੂੰ ਧਰਤੀ ਤੇ ਵੀ ਕਾਈ ਤੇ ਉੱਲੀ ਤੋਂ ਬਹੁਤ ਡਰ ਲਗਦਾ ਹੈ, ਤੇ ਇੱਥੇ ਵੀ ਇਹ ਦੇਖ ਕੇ ਕਿ ਇਹ ਸਾਰੇ ਗ੍ਰਹਿ ਤੇ ਫੈਲੀ ਹੋਈ ਹੈ, ਅਜੀਬ ਜਿਹਾ ਲਗਦਾ ਹੈ। ਦਰਅਸਲ ਕਾਈ ਮਰ ਚੁੱਕੇ ਜੀਵਾਂ, ਬਨਸਪਤੀ ਨੂੰ ਸਾੜ ਕੇ ਜਾਂ ਗਾਲ ਕੇ ਮਿੱਟੀ ਵਿੱਚ ਮਿਲਾਉਂਦੀ ਹੈ। ਇਸ ਕਰਕੇ ਲਗਦਾ ਹੈ, ਇੱਥੇ ਇਹ ਸਭ ਜਗ੍ਹਾ 'ਤੇ ਹੈ। ਦੂਜਾ ਇਹ ਗਰਮੀ ਤੇ ਨਮੀ ਕਰਕੇ ਵੀ ਵਧ-ਫੁਲ ਰਹੀ ਹੈ। ਜੁਗਨੂੰ ਤੇ ਕਾਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਜ਼ਮੀਨ ਦੇ ਵਿੱਚ ਜ਼ਰੂਰ ਹੀ ਕਾਈ ਦੇ ਵਾਸਤੇ ਹੋਰ ਭੋਜਨ ਵੀ ਹੋਵੇਗਾ। ਕਾਈ ਜਾਨਵਰਾਂ ਤੇ ਬਨਸਪਤੀ ਤੋਂ ਅੱਲਗ ਹੈ, ਦਰਅਸਲ ਇਹ ਉਹਨਾਂ ਦੋਵਾਂ ਦੇ ਵਿਚਕਾਰ ਹੈ - ਨਾਂ ਹੀ ਜੀਵ ਤੇ ਨਾਂ ਹੀ ਬਨਸਪਤੀ, ਇੱਕ ਅਲੱਗ ਵਰਗ ਅਤੇ ਜੀਵਾਂ ਤੇ ਬਨਸਪਤੀ ਦੇ ਵਿਚਕਾਰ ਇਕ ਕੜੀ! ਤੇ ਇਸ ਕਾਈ ਦਾ ਜਾਲ਼ ਜਿੰਨਾ ਉੱਪਰ ਹੈ, ਉਸਤੋਂ ਦੁੱਗਣਾ ਜ਼ਮੀਨ ਦੇ ਹੇਠਾਂ ਹੈ। ਪ੍ਰਿਥਵੀ ਤੇ ਤਾਂ ਕਾਈ ਦਾ ਜ਼ਮੀਨ ਹੇਠਲਾ ਜਾਲ਼ ਰੁੱਖਾਂ ਨੂੰ ਇੱਕ ਦੂਜੇ ਨਾਲ਼ ਜੋੜਦਾ ਹੈ। ਪਰ ਇੱਥੇ ਇੱਹ ਆਪਸ ਵਿੱਚ ਅੱਲਗ-ਅੱਲਗ ਕਿਸਮ ਦੀ ਕਾਈ ਨੂੰ ਹੀ ਜੋੜਦਾ ਹੈ। ਤੇ ਪ੍ਰਿਥਵੀ 'ਤੇ ਤਾਂ ਬਹੁਤ ਅੱਲਗ ਤੇ ਜ਼ਿਆਦਾ ਗੁੰਝਲਦਾਰ ਹੈ!'
'ਤੇ ਇਹ ਜੁਗਨੂੰ?' ਰੌਬਰਟ ਨੇ ਪੁੱਛਿਆ।
'ਇਹ ਪ੍ਰਿਥਵੀ ਦੇ ਜੁਗਨੂੰਆਂ ਤੋਂ ਥੋੜੇ ਅੱਲਗ ਹਨ, ਇਹ ਗਰਮ ਵਾਤਾਵਰਣ ਵਿੱਚ ਪ੍ਰਫੁੱਲਿਤ ਹੋ ਰਹੇ ਹਨ ਤੇ ਕਾਈ 'ਤੇ ਭੋਜਨ ਲਈ ਨਿਰਭਰ ਕਰਦੇ ਹਨ, ਤੇ ਕਾਈ ਇਹਨਾਂ 'ਤੇ! ਇੱਥੇ ਕਿਓਂਕਿ ਕੋਈ ਹੋਰ ਜੀਵ-ਜੰਤੂ ਨਹੀਂ ਹਨ, ਇਸ ਕਰਕੇ ਅਸੀਂ ਚਾਰੇ ਪਾਸੇ ਜੁਗਨੂੰਆਂ ਨੂੰ ਵੇਖ ਸਕਦੇ ਹਾਂ।'
'ਇਹ ਬੜੀ ਹੈਰਾਨੀ ਵਾਲ਼ੀ ਗੱਲ ਹੈ ਕਿ ਇੱਥੇ ਕੋਈ ਹੋਰ ਜੀਵ-ਜੰਤੂ ਨਹੀਂ ਹਨ। ...'
'ਹਾਂ, ਸੱਚਮੁੱਚ, ਲਗਦਾ ਹੈ ਜੀਵ-ਜੰਤੂ, ਬਨਸਪਤੀ ਸਭ ਖਤਮ ਹੋ ਗਈ! ਪਰ ਫਿਰ ਵੀ ਮੈਨੂੰ ਲਗਦਾ ਹੈ, ਹੋਰ ਜੀਵ-ਜੰਤੂ ਜ਼ਰੂਰ ਹੋਣਗੇ, ਪਰ ਸਾਨੂੰ ਦਿੱਖ ਨਹੀਂ ਰਹੇ!'
'ਕੀ ਤੈਨੂੰ ਕੋਈ ਬੈਕਟੀਰੀਆ ਜਾਂ ਵਾਇਰਸ ਦਿਖਿਆ?'
'ਨਹੀਂ, ਅਜੇ ਤੱਕ ਤਾਂ ਨਹੀਂ, ਪਰ ਕੋਸ਼ਿਸ ਜਾਰੀ ਹੈ। ...'
'ਕੀ ਅਸੀਂ ਇਸ ਕਾਈ ਵਿੱਚੋਂ ਪੌਸ਼ਟਿਕ ਤੱਤ ਕੱਢ ਸਕਦੇ ਹਾਂ?'
'ਇਸਦੇ ਬਾਰੇ ਵਿੱਚ ਸੋਚਣਾ ਤੇ ਵਿਚਾਰਨਾ ਪਵੇਗਾ। ਜੇ ਅਸੀਂ ਇਹ ਧਰਤੀ, ਇਹ ਜ਼ਮੀਨ ਰਹਿਣ ਵਾਸਤੇ ਤਿਆਰ ਕਰਨੀ ਹੈ ਤਾਂ ਸਾਨੂੰ ਕਾਈ ਵਿੱਚੋਂ ਪੌਸ਼ਟਿਕ ਤੱਤ ਜਾਂ ਖਾਣ ਵਾਲ਼ੀ ਕਾਈ ਲੱਭਣ ਲਈ ਤਕਨੀਕ ਵਿਕਸਿਤ ਕਰਨੀ ਪਵੇਗੀ। ਪਰ ਅਜੇ ਤਾਂ ਇਸਨੂੰ ਅਸੀਂ ਸਿਰਫ਼ ਵਿਕਿਰਨਾਂ ਤੋਂ ਸੁਰੱਖਿਆ ਲਈ ਹੀ ਵਰਤ ਸਕਦੇ ਹਾਂ।'
'ਇਹ ਗ੍ਰਹਿ ਸਾਨੂੰ ਇੱਥੇ ਰਹਿਣ ਵਾਲ਼ਾ ਤਾਂ ਨਹੀਂ ਲੱਗ ਰਿਹਾ!' ਰੌਬਰਟ ਨੇ ਮਯੂਸੀ ਨਾਲ਼ ਆਖਿਆ।
'ਹਾਂ, ਇਹ ਸੱਚ ਹੈ। ਪਰ ਅਜੇ ਅਸੀਂ ਇਸਦੇ ਧਰੁਵੀ ਖੇਤਰ ਤੇ ਹੋਰ ਥਾਵਾਂ ਨਹੀਂ ਦੇਖੀਆਂ। ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਜੇ ਇੱਥੇ ਪਹਿਲਾਂ ਬੁੱਧੀਮਾਨ ਜੀਵਨ ਦੀ ਹੋਂਦ ਸੀ ਤਾਂ ਉਸਦਾ ਕੀ ਬਣਿਆ? ਉਹ ਵਿਲੁਪਤ ਕਿਓਂ ਤੇ ਕਿਵੇਂ ਹੋ ਗਿਆ?'
'ਇੱਥੇ ਹੋਰ ਕੀ ਕੀ ਥਾਵਾਂ ਹਨ?'
'ਸਮੁੰਦਰ ਤੋਂ ਇਲਾਵਾ, ਪ੍ਰਿਥਵੀ ਵਾਂਗ ਹੀ ਇੱਥੇ ਦਰਿਆ ਵੀ ਹਨ। ਜੋ ਕਿ ਕੁਦਰਤੀ ਰਸਤੇ ਹਨ ਤੇ ਸਮੁੰਦਰ ਤੱਕ ਜਾਂਦੇ ਹਨ। ਛੋਟੇ ਤਾਲ ਤੇ ਝੀਲਾਂ ਵੀ ਹਨ, ਜੋ ਕਿ ਮੀਂਹ ਦੇ ਪਾਣੀ ਨੂੰ ਇਕੱਠਾ ਕਰਦੇ ਹਨ।'
ਰੌਬਰਟ ਸਾਇਰਾ ਨਾਲ਼ ਗੱਲਬਾਤ ਕਰਕੇ ਵਾਪਿਸ ਆਇਆ ਤਾਂ ਡਾ: ਚੰਦਰ ਨੂੰ ਵੀ ਮਿਲਣ ਚਲਾ ਗਿਆ। ਚੰਦਰ ਵੀ ਗੰਧਰਵ ਗ੍ਰਹਿ ਦਾ ਸਰਵੇਖਣ ਕਰ ਰਿਹਾ ਸੀ, ਪਰ ਉਸਦਾ ਕੇਂਦਰ ਗ੍ਰਹਿ ਦੇ ਦੋ ਸੂਰਜ ਤੇ ਚੰਦਰਮਾ ਦੇ ਪ੍ਰਭਾਵ 'ਤੇ ਸੀ।
'ਗੰਧਰਵ ਗ੍ਰਹਿ ਇੱਕ ਰਹਸਮਈ ਤੇ ਗੁੰਝਲਦਾਰ ਸਿਸਟਮ ਹੈ। ਇੱਥੇ ਘਟਨਾਵਾਂ ਅਚਨਚੇਤ ਘਟਦੀਆਂ ਹਨ, ਸੂਰਜੀ ਚਮਕਾਂ ਦੀ ਗਤੀਵਿਧੀ ਜੋ ਕਿ ਅਕਸਰ ਹੀ ਤੇਜ਼ ਹੋ ਜਾਂਦੀ ਹੈ, ਜਿਸ ਕਰਕੇ ਗ੍ਰਹਿ ਦਾ ਤਾਪਮਾਨ ਵੱਧ ਸਕਦਾ ਹੈ। ਉਸ ਨਾਲ਼ ਹੋਰ ਖਤਰਨਾਕ ਤੂਫ਼ਾਨ ਆ ਸਕਦੇ ਹਨ। ਪਰ ਜੇ ਸੂਰਜੀ ਚਮਕ ਬਹੁਤ ਜ਼ਿਆਦਾ ਹੋ ਜਾਵੇ ਤਾਂ ਪੂਰੇ ਗ੍ਰਹਿ ਦਾ ਤਾਪਮਾਨ ਵੱਧ ਸਕਦਾ ਹੈ ਤੇ ਪਰਲੋਂ ਲਿਆ ਸਕਦਾ ਹੈ। ਤੇ ਇੱਥੇ ਪ੍ਰਿਥਵੀ ਵਾਂਗ ਅੱਲਗ-ਅੱਲਗ ਮੌਸਮ ਨਹੀਂ ਹਨ, ਜਿਸ ਦਾ ਕਾਰਨ ਇਸਦੀ ਧੁਰੀ ਦਾ ਘੱਟ ਟੇਢਾ ਹੋਣਾ ਹੈ। '
'ਹਾਂ ਦੋ ਸੂਰਜ ਹੋਣ ਕਰਕੇ ਉਹਨਾਂ ਦੀ ਚਮਕ ਹੋਰ ਵੀ ਵੱਧ ਪ੍ਰਭਾਵ ਪਾਉਂਦੀ ਹੋਵੇਗੀ। ਤੇ ਇਸਦੇ ਦੋ ਚੰਦਰਮਾ ਕੀ ਪ੍ਰਭਾਵ ਪਾਉਂਦੇ ਹਨ?'
'ਇਸਦੇ ਦੋ ਚੰਦਰਮਾ ਇੱਕਲੇ ਇੰਨਾ ਪ੍ਰਭਾਵ ਨਹੀਂ ਪਾਉਂਦੇ, ਪਰ ਜਦੋਂ ਉਹ ਮਿਲ਼ ਜਾਂਦੇ ਹਨ ਤਾਂ ਇੱਥੋਂ ਦੇ ਜਵ੍ਹਾਰਭਾਟੇ ਪ੍ਰਿਥਵੀ ਤੋਂ ਜ਼ਿਆਦਾ ਉੱਚੇ ਹੁੰਦੇ ਹਨ।'
'ਵਾਹ, ਇਹ ਗ੍ਰਹਿ ਪ੍ਰਿਥਵੀ ਵਰਗਾ ਵੀ ਹੈ ਤੇ ਉਸਤੋਂ ਕਿੰਨਾ ਅੱਲਗ ਵੀ ਹੈ। ਇੱਥੋਂ ਦੇ ਧਰੁਵੀ ਖੇਤਰ ਕਿਸ ਤਰ੍ਹਾਂ ਦੇ ਹਨ?'
'ਜ਼ਿਆਦਾ ਸੂਰਜੀ ਤਪਿਸ਼ ਕਰਕੇ ਇਥੋਂ ਦੇ ਧਰੁਵੀ ਖੇਤਰਾਂ ਤੇ ਬਰਫ ਬਹੁਤ ਘੱਟ ਹੈ। ਪ੍ਰਿਥਵੀ ਵਾਂਗ ਇਹ ਗ੍ਰਹਿ ਵੀ ਸੰਸਾਰਿਕ-ਤਾਪ ਦਾ ਸ਼ਿਕਾਰ ਹੈ, ਜਿਸਦੇ ਪ੍ਰਭਾਵ ਉਵੇਂ ਦੇ ਹੀ ਹਨ, ਜਿਵੇਂ ਕਿ ਲਗਾਤਾਰ ਭਿਆਨਕ ਤੂਫ਼ਾਨ ਆਉਣੇ, ਮੀਂਹ ਪੈਣਾ, ਕਿਤੇ ਬਹੁਤ ਗਰਮੀ ਤੇ ਕਿਤੇ ਬਹੁਤੀ ਠੰਡ, ਆਦਿ। ਪਰ ਉਸਦਾ ਕਾਰਨ ਪ੍ਰਿਥਵੀ ਤੋਂ ਬਿਲਕੁਲ ਅੱਲਗ ਹੈ। ਹੋ ਸਕਦਾ ਹੈ, ਇਸ ਕਰਕੇ ਹੀ ਇੱਥੇ ਜੀਵਨ ਨਸ਼ਟ ਹੋ ਗਿਆ ਹੋਵੇ ਤੇ ਸਿਰਫ਼ ਕਾਈ ਤੇ ਜੁਗਨੂੰ ਹੀ ਰਹਿ ਗਏ ਹੋਣ। ਹਾਲਾਂਕਿ ਅਸੀਂ ਅਜੇ ਗ੍ਰਹਿ ਦੀ ਪੂਰੀ ਛਾਣਬੀਣ ਨਹੀਂ ਕੀਤੀ, ਹੋ ਸਕਦਾ ਹੈ ਇੱਥੇ ਹੋਰ ਜੀਵ-ਜੰਤੂ ਵੀ ਹੋਣ। ਪਰ ਉਸਦੇ ਅਸਾਰ ਬਹੁਤ ਘੱਟ ਲਗਦੇ ਹਨ। '
'ਥੌਮਸ ਨੂੰ ਹੋਰ ਬਹੁਤ ਸਲੇਟਾਂ ਮਿਲੀਆਂ ਹਨ, ਹੋ ਸਕਦਾ ਹੈ ਉਹਨਾਂ ਤੋਂ ਕੋਈ ਸੁਰਾਗ ਮਿਲ਼ੇ। 'ਕਲਪਨਾ' ਦੇ ਸੁਪਰ-ਕੰਪਿਊਟਰ ਤੇ ਵਿਗਿਆਨਕ ਲਗਾਤਾਰ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।'
'ਹਾਂ, ਇੱਕ ਵਾਰ ਸਲੇਟਾਂ ਤੇ ਲਿਖੀ ਲਿਖਾਈ ਸਮਝ ਆ ਗਈ ਤਾਂ ਕਾਫ਼ੀ ਕੁੱਝ ਪਤਾ ਲੱਗ ਸਕਦਾ ਹੈ।'
'ਸਾਨੂੰ, ਥੌਮਸ ਨਾਲ਼ ਸੰਪਰਕ ਕਰਕੇ ਖਣਿਜ ਪਦਾਰਥ ਦੇਖਣ 'ਤੇ ਸੰਭਾਵਿਤ ਤੌਰ ਤੇ ਉਹਨਾਂ ਨੂੰ ਕੱਢਣ ਲਈ ਖਾਣ ਦੀ ਖੁਦਾਈ ਵੀ ਕਰਨ ਵਾਰੇ ਸੋਚਣਾ ਹੈ।' ਰੌਬਰਟ ਨੇ ਆਖਿਆ।
'ਹਾਂ, ਪਹਿਲਾਂ ਉਸਨੂੰ ਸਲੇਟਾਂ ਲੱਭਣ 'ਤੋਂ ਵਿਹਲ ਤਾਂ ਮਿਲ਼ੇ!' ਚੰਦਰ ਨੇ ਵਿਅੰਗ ਕੱਸਦਿਆਂ ਕਿਹਾ।
ਉਸੇ ਵੇਲੇ ਰੌਬਰਟ ਦਾ ਫ਼ੋਨ ਵੱਜਿਆ ਤੇ ਦੂਜੇ ਪਾਸੇ ਥੌਮਸ ਹੀ ਸੀ।
'ਸਾਡਾ ਕੰਮ ਤਕਰੀਬਨ ਇੱਥੇ ਖਤਮ ਹੋ ਚੁੱਕਾ ਹੈ। ਅਸੀਂ ਹੋਰ ਸਲੇਟਾਂ ਨਹੀਂ ਲੱਭ ਰਹੇ। ਸਲੇਟਾਂ ਨੂੰ ਵੇਖਣ ਤੇ ਇਹ ਲੱਗ ਰਿਹਾ ਕਿ ਉਹਨਾਂ ਸਭ ਤੇ ਇੱਕੋ-ਜਿਹੀ ਇਬਾਰਤ ਜਾਂ ਸੰਕੇਤ ਹਨ!'
'ਠੀਕ ਹੈ, ਤੁਸੀਂ ਵਾਪਿਸ ਆ ਜਾਵੋ। ਹੁਣ ਅਸੀਂ ਖੁਦਾਈ ਵਾਰੇ ਸੋਚਦੇ ਹਾਂ।'
'ਠੀਕ ਹੈ!' ਥੌਮਸ ਨੇ ਜਵਾਬ ਦਿੱਤਾ।
'ਸਾਨੂੰ ਜੋ ਵੀ ਕੰਮ ਕਰਨਾ ਹੈ, ਉਹ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ।' ਚੰਦਰ ਨੇ ਸੁਝਾਅ ਦਿੱਤਾ - 'ਪਤਾ ਨਹੀਂ ਕਿਹੜੇ ਵੇਲੇ ਤੂਫ਼ਾਨ ਆ ਜਾਣ?'
'ਹਾਂ, ਸਹੀ ਹੈ!' ਰੌਬਰਟ ਨੇ ਹਾਮੀ ਭਰੀ।
***
ਮਨੁੱਖੀ ਜਾਤ ਜਦੋਂ ਸੋਚਦੀ ਹੈ ਤਾਂ ਕੁੱਝ ਵੱਡਾ ਹੀ ਸੋਚਦੀ ਹੈ। ਉਹਨਾਂ ਨੇ ਸੋਚਿਆ ਕਿ ਪ੍ਰਥਮ ਕਿੰਨਰ ਤੱਕ ਜਾਣ ਵਾਲ਼ਾ ਮਿਸ਼ਨ ਜੇ ਆਪਣੇ ਨਾਲ਼ ਵਾਪਿਸ ਉੱਥੋਂ ਦੀ ਮਿੱਟੀ, ਖਣਿਜ ਪਦਾਰਥਾਂ ਦੇ ਨਮੂਨੇ ਤੇ ਇਸ ਤਰ੍ਹਾਂ ਦੇ ਖਣਿਜ ਪਦਾਰਥ ਜੋ ਧਰਤੀ ਤੇ ਦੁਰਲੱਭ ਹਨ ਜਾਂ ਮਨੁੱਖੀ ਵਰਤੋਂ ਕਰਕੇ ਖਤਮ ਹੋ ਰਹੇ ਹਨ, ਵੀ ਲਿਆਂਦੇ ਜਾਣ, ਜੋ ਵਿਗਿਆਨਕ ਖੋਜ ਤੇ ਵਪਾਰ ਲਈ ਵਰਤੇ ਜਾ ਸਕਦੇ ਹਨ। ਤਾਂ ਜੋ ਭਵਿੱਖ ਦੇ ਮਿਸ਼ਨਾਂ ਨੂੰ ਫ਼ਾਇਦਾ ਹੋ ਸਕੇ। ਅੰਤਰਿਕਸ਼ ਖੋਜ ਤੋਂ ਬਾਅਦ ਖਣਿਜ ਪਦਾਰਥਾਂ ਖੁਦਾਈ ਹੀ ਅਗਲੀ ਮੰਜ਼ਿਲ ਹੈ। ਜਿੱਥੇ ਵੀ ਮਨੁੱਖ ਨੇ ਆਪਣੇ ਮਿਸ਼ਨ ਭੇਜੇ, ਉੱਥੇ ਖੁਦਾਈ ਦਾ ਪ੍ਰਬੰਧ ਜ਼ਰੂਰ ਕੀਤਾ ਤੇ ਹੌਲ਼ੀ ਹੌਲ਼ੀ ਅੰਤਰਿਕਸ਼ ਵਿੱਚ ਖਣਿਜ ਪਦਾਰਥਾਂ ਦੀ ਖੁਦਾਈ ਦਾ ਇੱਕ ਵੱਡਾ ਵਪਾਰ ਬਣ ਗਿਆ। ਤੇ ਜਦੋਂ 'ਕਲਪਨਾ' ਯਾਨ ਨੂੰ ਤਿਆਰ ਕੀਤਾ ਗਿਆ ਤਾਂ ਉਸ ਵਿੱਚ ਪ੍ਰਿਥਵੀ ਦੀ ਸਭ ਤੋਂ ਵੱਡੀ ਅੰਤਰਿਕਸ਼ ਖੁਦਾਈ ਕੰਪਨੀ ਦੀ ਜਗ੍ਹਾ, ਮਸ਼ੀਨਾਂ ਤੇ ਸਮਾਨ ਰੱਖੇ ਗਏ। ਖੁਦਾਈ ਕੰਪਨੀ ਦੇ ਕੁੱਝ ਵਿਗਿਆਨਕ, ਇੰਜਨੀਅਰ ਤੇ ਬਹੁਤ ਸਾਰੇ ਖੁਦਾਈ ਨੂੰ ਸਮਰਪਿਤ ਰੋਬਟ ਵੀ ਭੇਜੇ ਗਏ, ਤਾਂ ਜੋ ਆਪਣੀ ਸਪੈਸ਼ਲ ਕਾਬਲੀਅਤ ਨਾਲ. ਖੁਦਾਈ ਦਾ ਕੰਮ ਚੰਗੀ ਤਰ੍ਹਾਂ ਨੇਪਰੇ ਚਾੜ੍ਹ ਸਕਣ।
ਅੰਤਰਿਕਸ਼ ਦੀਆਂ ਜ਼ਿਆਦਾਤਰ ਵਸਤੂਆਂ ਉਹਨਾਂ ਖਣਿਜ ਪਦਾਰਥਾਂ ਤੇ ਧਾਤਾਂ ਤੋਂ ਹੀ ਬਣੀਆਂ ਹਨ, ਜਿਨ੍ਹਾਂ ਤੋਂ ਅੱਜ ਤੋਂ 2.5 ਖਰਬ ਵਰ੍ਹੇ ਪਹਿਲਾਂ ਪ੍ਰਿਥਵੀ ਬਣੀ ਸੀ। ਇਸ ਕਰਕੇ ਉਹ ਖਣਿਜ ਪਦਾਰਥ ਮਨੁੱਖ ਨੂੰ ਹੋਰ ਲਾਭ ਪਹੁੰਚਾ ਸਕਦੇ ਹਨ, ਕਿਓਂਕਿ ਸਾਰੇ ਖਣਿਜ ਪਦਾਰਥ ਹਰ ਜਗ੍ਹਾ ਬਹੁਤ ਕੰਮ ਆਉਂਦੇ ਹਨ। ਹਾਈਡ੍ਰੋਜਨ, ਹੀਲੀਅਮ ਤੇ ਲਿਥੀਅਮ ਤਿੰਨ ਤੱਤ ਸਨ ਜੋ 13.8 ਖਰਾਬ ਸਾਲ ਪਹਿਲਾਂ ਵੱਡੇ-ਧਮਾਕੇ ਦੌਰਾਨ ਹੋਂਦ ਵਿੱਚ ਆਏ। ਬਾਕੀ ਦੇ ਹੋਰ ਬਹੁਤ ਖਣਿਜ ਪਦਾਰਥ ਸਿਤਾਰਿਆਂ ਦੇ ਸੁਪਰਨੋਵਾ ਧਮਾਕਿਆਂ ਤੋਂ ਹੋਂਦ ਵਿੱਚ ਆਏ। ਸੁਪਰਨੋਵਾ ਧਮਾਕੇ ਕਈ ਖਰਬ ਡਿਗਰੀ ਸੈਲਸੀਅਸ ਤਾਪ ਪੈਦਾ ਕਰਦੇ ਹਨ, ਜੋ ਕਾਰਬਨ ਤੇ ਆਕਸੀਜਨ ਨੂੰ ਭਾਰੀ ਤੱਤਾਂ ਜਿਵੇਂ ਸੋਨਾ, ਯੂਰੇਨੀਅਮ, ਨਿੱਕਲ ਆਦਿ ਵਿੱਚ ਬਦਲਦੇ ਹਨ। ਇਹ ਭਾਰੇ ਤੱਤ ਸਿਰਫ ਸੁਪਰਨੋਵਾ ਧਮਾਕਿਆਂ ਦੌਰਾਨ ਹੀ ਬਣਦੇ ਹਨ। ਸੁਪਰਨੋਵਾ ਧਮਾਕੇ ਦੇ ਦੌਰਾਨ ਉੱਬਲਦਾ ਮਾਦਾ 15,000 ਤੋਂ 40,000 ਕਿਲੋਮੀਟਰ ਪ੍ਰਤੀ ਸਕਿੰਟ ਦੂਰ ਤੱਕ ਫੈਲਦਾ ਹੈ। ਇਹਨਾ ਧਮਾਕਿਆਂ ਤੋਂ ਹੀ ਪ੍ਰਿਥਵੀ ਤੇ ਬ੍ਰਹਿਮੰਡ ਦੇ ਬਾਕੀ ਅਕਾਸ਼ੀ ਪਿੰਡ ਬਣੇ ਹਨ। ਉਹ ਅਕਾਸ਼ੀ ਪਿੰਡ ਇੱਕ-ਦੂਜੇ ਨਾਲ਼ ਟਕਰਾਉਂਦੇ, ਹੋਰ ਅਕਾਸ਼ੀ ਪਿੰਡਾਂ ਨੂੰ ਆਪਣੇ ਵੱਲ੍ਹ ਆਕਰਸ਼ਿਤ ਕਰਦੇ, ਇੱਕ-ਦੂਜੇ ਨਾਲ਼ ਜੁੜਦੇ ਵੱਡੇ ਬਣਦੇ ਗਏ ਤੇ ਗ੍ਰਹਿਆਂ ਵਿੱਚ ਵਟ ਗਏ। ਖਣਿਜ ਪਦਾਰਥ ਅੰਤਰਿਕਸ਼ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਵੀ ਕਰਦੇ ਹਨ। ਉਹਨਾਂ ਦੇ ਹੈਲਮਟ ਦੇ ਉੱਪਰਲੇ ਹਿੱਸੇ 'ਤੇ ਸੋਨੇ ਦੀ ਪਤਲੀ ਜਿਹੀ ਪਰਤ ਉਹਨਾਂ ਨੂੰ ਖਤਰਨਾਕ ਵਿਕਿਰਨਾਂ ਤੋਂ ਬਚਾਉਂਦੀ ਹੈ। ਲਿਥੀਅਮ ਹਾਈਡ੍ਰੋਕਸਾਈਡ ਉਹਨਾਂ ਦੇ ਅੰਤਰਿਕਸ਼ ਸੂਟਾਂ ਤੋਂ ਕਾਰਬਨ ਡਾਈਆਕਸਾਈਡ ਤੇ ਪਾਣੀ ਦੇ ਤੁਪਕਿਆਂ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ। ਚਾਂਦੀ ਤੇ ਜ਼ਿੰਕ ਦੀ ਬੈਟਰੀ ਉਹਨਾਂ ਦੇ ਸੂਟਾਂ ਨੂੰ ਊਰਜਾ ਦਿੰਦੀ ਹੈ, ਤੇ ਟਾਈਟੇਨੀਅਮ ਤੇ ਸਟੀਲ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ। ਸੋਨਾ ਇਲੈਕਟ੍ਰੋਨਿਕ ਵਸਤੂਆਂ ਵਿੱਚ ਵੀ ਵਰਤੋਂ ਵਿੱਚ ਆਉਂਦਾ ਹੈ - ਉਹ ਇੰਨਾ ਨਰਮ ਹੁੰਦਾ ਹੈ ਕਿ ਦੋ-ਤਿੰਨ ਤੌਲਿਆਂ ਤੋਂ 80 ਕਿਲੋਮੀਟਰ ਲੰਬੀ ਤਾਰ ਬਣਾਈ ਜਾ ਸਕਦੀ ਹੈ, ਜੋ ਕਿ ਧੁੰਦਲੀ ਨਹੀਂ ਪੈਂਦੀ ਤੇ ਬਿਜਲੀ ਦੀ ਵਧੀਆ ਚਾਲਕ ਹੈ। ਇੱਕ ਅੰਤਰਿਕਸ਼ ਯਾਨ ਵਿੱਚ ਸੋਨੇ ਦੇ ਮੁਲੰਮ੍ਹੇ ਵਾਲ਼ੀ ਪੋਲੀਐਸਟਰ ਦੀ ਫਿਲਮ ਹੁੰਦੀ ਹੈ ਜੋ ਇਨਫਰਾਰੈੱਡ ਵਿਕਿਰਨਾਂ ਨੂੰ ਪਰਿਵਰਤਿਤ ਕਰਦੀ ਹੈ ਤੇ ਯਾਨ ਦਾ ਤਾਪਮਾਨ ਸੰਤੁਲਿਤ ਕਰਨ ਵਿੱਚ ਮਦਦ ਕਰਦੀ ਹੈ।
'ਕਲਪਨਾ' ਦੀ ਟੀਮ ਦੇ ਨਾਲ਼ ਆਈ ਹੋਈ ਖ਼ਾਸ ਖੁਦਾਈ ਦੀ ਟੀਮ ਤੇ ਰੋਬੋਟਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਦਾ ਮਕਸਦ ਸੋਨਾ, ਚਾਂਦੀ, ਟਾਈਟੇਨੀਅਮ, ਯੂਰੇਨੀਅਮ, ਲੈਂਥੇਨਮ (Lanthanum), ਨਿਓਡੀਮੀਅਮ (neodymium), ਇਟਰੀਅਮ (yttrium) ਆਦਿ ਦੁਰਲੱਭ ਪਦਾਰਥ ਲੱਭਣਾ ਸੀ। ਪਹਿਲਾਂ ਕੀਤੇ ਸਰਵੇ ਮੁਤਾਬਿਕ ਉਹਨਾਂ ਨੇ ਦੋ ਟੀਮਾਂ ਅੱਲਗ-ਅਲੱਗ ਜਗ੍ਹਾ ਤੇ ਕੰਮ ਵਿੱਚ ਲਗਾ ਦਿੱਤੀਆਂ। ਰੋਬਟ ਮਸ਼ੀਨਾਂ ਨੇ ਜ਼ਮੀਨ ਦੀ ਖੁਦਾਈ ਸ਼ੁਰੂ ਕਰ ਦਿੱਤੀ। ਵੈਸੇ ਤਾਂ ਉਹਨਾਂ ਨੇ ਪੂਰਾ ਧਿਆਨ ਰੱਖਿਆ ਕਿ ਗ੍ਰਹਿ ਦੀ ਬਨਸਪਤੀ ਤੇ ਜੀਵਨ (ਜਿੰਨਾ ਕੁ ਸੀ) ਨੂੰ ਨਾ ਛੇੜਿਆ ਜਾਏ। ਪਰ ਜਦੋਂ ਮਨੁੱਖ ਵੱਡੇ ਪੱਧਰ ਤੇ ਕੋਈ ਕੰਮ ਕਰਦਾ ਹੈ ਤਾਂ ਆਪਣੇ ਆਲੇ-ਦੁਆਲ਼ੇ ਦਾ ਖ਼ਿਆਲ ਨਹੀਂ ਰੱਖਦਾ! ਇਸ ਤਰ੍ਹਾਂ ਹੀ ਉੱਥੇ ਵੀ ਹੋਇਆ। ਖੁਦਾਈ ਦੇ ਦੌਰਾਨ ਗ੍ਰਹਿ ਦੀ ਕਾਈ ਵੀ ਪੁੱਟਣੀ ਸ਼ੁਰੂ ਹੋ ਗਈ। ਉਹਨਾਂ ਨੇ ਬੜੀ ਜਲਦੀ ਉਥੇ ਰੋਬੋਟਿਕ ਅਸੰਬਲੀ ਪਲਾਂਟ ਲਗਾ ਦਿੱਤਾ ਜੋ ਜ਼ਮੀਨ ਵਿੱਚੋਂ ਖੋਦੇ ਹੋਏ ਖਣਿਜ ਪਦਾਰਥਾਂ ਨੂੰ ਸਾਫ਼ ਕਰਨ ਤੇ ਢਾਲਣ ਦਾ ਕੰਮ ਕਰਨ ਲੱਗਿਆ, ਇਸ ਨਾਲ਼ ਉਹਨਾਂ ਨੂੰ ਖਣਿਜ ਪਦਾਰਥਾਂ ਦੇ ਵਾਰੇ ਵਿੱਚ ਕਾਫ਼ੀ ਜਾਣਕਾਰੀ ਮਿਲਣ ਲੱਗੀ। ਪਹਿਲਾਂ ਪਹਿਲ ਤਾਂ ਉਹਨਾਂ ਨੇ ਹੌਲ਼ੀ ਹੌਲ਼ੀ ਕੰਮ ਸ਼ੁਰੂ ਕੀਤਾ ਤੇ ਉਹਨਾਂ ਦਾ ਝਾੜ ਇੱਕਾ-ਦੁੱਕਾ ਖਣਿਜ ਪਦਾਰਥ ਹੀ ਸਨ। ਪਰ ਜਿਵੇਂ ਜਿਵੇਂ ਉਹਨਾਂ ਨੂੰ ਉੱਥੋਂ ਦੀ ਜ਼ਮੀਨ ਦੀ ਹੋਰ ਜਾਣਕਾਰੀ ਹੁੰਦੀ ਗਈ ਤਾਂ ਉਹਨਾਂ ਨੇ ਆਪਣੀ ਟੈਕਨੋਲੋਜੀ ਦਾ ਸਹੀ ਉਪਯੋਗ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਉਤਪਾਦਨ ਵਧਣ ਲੱਗਿਆ। ਉਹਨਾਂ ਨੂੰ ਸੋਨਾ, ਚਾਂਦੀ, ਲੈਂਥੇਨਮ ਆਦਿ ਦੁਰਲੱਭ ਖਣਿਜ ਪਦਾਰਥ ਮਿਲਣ ਲੱਗੇ। ਪਰ ਜਿਵੇ ਜਿਵੇਂ ਉਹ ਹੋਰ ਜ਼ਿਆਦਾ ਖਣਿਜ ਪਦਾਰਥ ਇੱਕਠੇ ਕਰਨ ਦਾ ਲਾਲਚ ਕਰਨ ਲੱਗੇ, ਤਾਂ ਉਹ ਆਪਣੇ ਆਲੇ-ਦੁਆਲ਼ੇ ਦਾ ਹੋਰ ਵੱਧ ਨੁਕਸਾਨ ਕਰਨ ਲੱਗੇ। ਤੇ ਕੁਦਰਤ ਤਾਂ ਕੁਦਰਤ ਹੀ ਹੈ, ਆਪਣਾ ਸੋਸ਼ਣ ਕਿਵੇਂ ਬਰਦਾਸ਼ਤ ਕਰ ਸਕਦੀ ਹੈ?
ਸਭ ਤੋਂ ਹੈਰਾਨਕੁੰਨ ਇੱਕ ਹੋਰ ਗੱਲ ਸੀ ਕਿ ਉਹਨਾਂ ਨੂੰ ਜ਼ਮੀਨ ਦੇ ਅੰਦਰ ਜੀਵਾਂ ਦੇ ਅਵਸ਼ੇਸ਼ ਤੇ ਜੀਵਾਸ਼ਮ (ਫ਼ਾਸਿਲਜ਼) ਮਿਲਣ ਲੱਗੇ। ਜੋ ਕਿ ਪੁਰਾਣੇ ਤੇ ਨਵੇਂ ਸਨ। ਉਹਨਾਂ ਦੇ ਦੁਆਲ਼ੇ ਕਾਈ ਜੰਮੀ ਹੋਣ ਕਰਕੇ ਇਸਦੀ ਪੁਸ਼ਟੀ ਹੋ ਰਹੀ ਸੀ ਕਿ ਸੱਚਮੁੱਚ ਉਥੇ ਪਹਿਲਾਂ ਕਦੇ ਜੀਵਨ ਸੀ ਤੇ ਕਾਈ ਅਜੇ ਵੀ ਉਹਨਾਂ ਤੋਂ ਆਪਣਾ ਭੋਜਨ ਲੈਂਦੀ ਹੈ। ਡਾ: ਥੋਮਸ ਦੇ ਅਨੁਸਾਰ ਹੋ ਸਕਦਾ ਹੈ ਕਿ ਕੋਈ ਬਹੁਤ ਵੱਡੀ ਘਟਨਾ ਕਰਕੇ ਉੱਥੇ ਜੀਵਨ ਇੱਕੋ ਦਮ ਖਤਮ ਹੋ ਗਿਆ ਤੇ ਕਾਈ ਨੇ ਆਪਣਾ ਰਾਜ ਕਾਇਮ ਕਰ ਲਿਆ। ਇਸ ਕਰਕੇ ਹੁਣ ਉੱਥੇ ਵਿਭਿੰਨ ਕਿਸਮ ਦਾ ਜੀਵਨ ਨਹੀਂ ਸੀ!
***
ਉਹਨਾਂ ਨੂੰ ਗੰਧਰਵ ਗ੍ਰਹਿ ਦੀ ਛਾਣਬੀਣ ਕਰਦਿਆਂ ਤੇ ਖਣਿਜ ਪਦਾਰਥਾਂ ਦੀ ਖੁਦਾਈ ਕਰਦਿਆਂ ਹੁਣ ਤਿੰਨ ਮਹੀਨਿਆਂ ਤੋਂ ਵੀ ਉੱਪਰ ਹੋ ਗਏ ਸਨ। ਉੱਪਰ 'ਕਲਪਨਾ' ਦੀ ਟੀਮ ਵੀ ਉਹਨਾਂ ਦੀ ਸਹਾਇਤਾ ਕਰ ਰਹੀ ਸੀ। ਤੇ ਨਾਲ਼ ਨਾਲ਼ ਉਹ ਅਗਾਮੀ ਕਿੰਨਰ ਦਾ ਅਧਿਐਨ ਵੀ ਕਰ ਰਹੇ ਸਨ। ਉਹਨਾਂ ਨੇ ਅਗਾਮੀ ਕਿੰਨਰ ਦੇ ਦੁਆਲੇ ਬਨਾਵਟੀ ਉਪਗ੍ਰਹਿ ਸਥਾਪਿਤ ਕਰ ਦਿੱਤਾ ਸੀ, ਜੋ ਕਿ ਉੱਥੋਂ ਦੀ ਜਾਣਕਾਰੀ ਪ੍ਰਿਥਵੀ ਨੂੰ ਭੇਜ ਰਿਹਾ ਸੀ। ਹਾਲਾਂਕਿ ਪ੍ਰਿਥਵੀ ਤੱਕ ਉਹਨਾਂ ਦਾ ਸੰਦੇਸ਼ 4 ਸਾਲ ਤੱਕ ਪੁੱਜਣਾ ਸੀ, ਪਰ ਫੇਰ ਵੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਉੱਥੇ ਜਾ ਸਕਦੀ ਸੀ। ਇਸੇ ਤਰ੍ਹਾਂ ਇੱਥੋਂ ਵਾਪਿਸ ਜਾਣ ਤੋਂ ਪਹਿਲਾਂ ਉਹਨਾਂ ਦਾ ਮੰਤਵ ਗੰਧਰਵ ਗ੍ਰਹਿ ਦੇ ਦੁਆਲ਼ੇ ਵੀ ਇੱਕ ਬਨਾਵਟੀ ਉਪਗ੍ਰਹਿ ਸਥਾਪਿਤ ਕਰਨਾ ਸੀ।
ਉੱਧਰ ਗੰਧਰਵ ਗ੍ਰਹਿ ਦੀ ਛਾਣਬੀਣ ਕਰਦੇ ਹੋਏ, ਓਹੀ ਗੱਲ ਹੋਈ ਜਿਸ ਦਾ ਉਹਨਾਂ ਸਾਰਿਆਂ ਨੂੰ ਡਰ ਸੀ। ਜ਼ਮੀਨੀ ਟੀਮ ਦੇ ਮੈਂਬਰਾਂ ਨੂੰ ਇੱਕ ਅਜੀਬ ਜਿਹੀ ਬਿਮਾਰੀ ਹੋਣ ਲੱਗੀ ਜੋ ਕਿ ਕਾਈ ਦੇ ਵਰਗੀ ਸੀ। ਗਰਮੀਂ ਤੋਂ ਪ੍ਰੇਸ਼ਾਨ, ਸਾਰਾ ਦਿਨ ਸਪੇਸ ਸੂਟ ਵਿੱਚ ਬੰਦ ਰਹਿਣ ਕਰਕੇ ਉਹਨਾਂ ਦੇ ਸਰੀਰ ਤੇ ਕਾਈ ਇਨਫੈਕਸ਼ਨ ਹੋਣ ਲੱਗੀ। ਜੋ ਕਿ ਕਾਫ਼ੀ ਖ਼ਤਰਨਾਕ ਸੀ। ਜਿਵੇਂ ਕਾਈ ਨੇ ਸਾਰੇ ਗ੍ਰਹਿ ਤੇ ਕਬਜ਼ਾ ਕਰ ਰੱਖਿਆ ਸੀ, ਉਵੇਂ ਹੀ ਉਹ ਉਹਨਾਂ ਦੇ ਸਰੀਰ 'ਤੇ ਵੀ ਹਾਵੀ ਹੋਣ ਲੱਗੀ। ਸਭ ਤੋਂ ਪਹਿਲਾਂ ਉਹ ਇਨਫੈਕਸ਼ਨ ਜੀਵ ਤੇ ਬਨਸਪਤੀ ਵਿਗਿਆਨੀਆਂ ਨੂੰ ਹੋਈ, ਤੇ ਫੇਰ ਹੌਲ਼ੀ ਹੌਲ਼ੀ ਬਾਕੀਆਂ ਨੂੰ ਵੀ ਹੋਣ ਲੱਗੀ। ਉਹਨਾਂ ਨੂੰ ਸਿਰ ਦਰਦ, ਹਲਕਾ-ਹਲਕਾ ਬੁਖ਼ਾਰ, ਬਦਨ ਦਰਦ, ਤੇ ਅਜੀਬ ਜਿਹੇ ਕਿਸਮ ਦੇ ਚੱਕਰ ਤੇ ਦਿਨ-ਦਿਹਾੜੇ ਜਾਗਦੇ ਹੋਏ ਸੁਪਨੇ ਆ ਰਹੇ ਸਨ, ਜਿਨ੍ਹਾਂ ਨੂੰ ਸਮਝਣਾ ਤੇ ਬਿਆਨ ਕਰਨਾ ਬੜਾ ਮੁਸ਼ਕਿਲ ਸੀ । ਉਹਨਾਂ ਦਾ ਸਾਰਾ ਕੰਮ ਰੁਕ ਗਿਆ ਤੇ ਸਭ ਦਾ ਧਿਆਨ ਇਨਫੈਕਸ਼ਨ ਨੂੰ ਠੀਕ ਕਰਨ ਵਿੱਚ ਲੱਗ ਪਿਆ। ਪਰ ਇਨਫੈਕਸ਼ਨ ਸੀ ਕਿ ਹਟਣ ਦਾ ਨਾਂ ਹੀ ਨਹੀਂ ਸੀ ਲੈ ਰਹੀ! ਤੇ ਉੱਪਰੋਂ ਬਰਸਾਤ ਵੀ ਸ਼ੁਰੂ ਹੋ ਗਈ ਸੀ, ਜੋ ਰੁਕ ਨਹੀਂ ਰਹੀ ਸੀ। ਪ੍ਰਥਮ ਕਿੰਨਰ ਸੂਰਜ ਦੀ ਧੁੱਪ ਨੂੰ ਬੱਦਲਾਂ ਨੇ ਢਕਿਆ ਹੋਇਆ ਸੀ ਜੋ ਕਿ ਕਾਈ ਇਨਫੈਕਸ਼ਨ ਠੀਕ ਹੋਣ ਤੋਂ ਹੋਰ ਵੀ ਰੋਕ ਰਿਹਾ ਸੀ, ਕਿਉਂਕਿ ਧੁੱਪ ਦੇ ਵਿੱਚ ਕਾਈ ਇਨਫੈਕਸ਼ਨ ਦਾ ਘੱਟ ਅਸਰ ਹੋ ਰਿਹਾ ਸੀ। ਪ੍ਰਿਥਵੀ ਤੋਂ ਲਿਆਂਦੀਆਂ ਦਵਾਈਆਂ ਤੇ ਕਰੀਮਾਂ ਬਹੁਤ ਥੋੜਾ ਅਸਰ ਕਰ ਰਹੀਆਂ ਸਨ। ਪਰ ਇੱਕ ਗੱਲ ਚੰਗੀ ਹੋਈ ਸੀ ਕਿ ਉਹਨਾਂ ਨੇ ਆਪਣੇ ਹੈਲਮਟ ਤੇ ਅੰਤਰਿਕਸ਼ ਸੂਟ ਉਤਾਰ ਕੇ ਹਲਕੇ ਕੱਪੜੇ ਪਾ ਲੈ ਸਨ। ਉਹ ਗੰਧਰਵ ਗ੍ਰਹਿ ਦੀ ਹਵਾ (ਆਕਸੀਜਨ) ਵਿੱਚ ਸਾਹ ਲੈ ਰਹੇ ਸਨ, ਪਰ ਅਜੇ ਵੀ ਉਹਨਾਂ ਨੇ ਆਪਣਾ ਮੂੰਹ ਸਪੈਸ਼ਲ ਮਾਸਕ ਨਾਲ਼ ਢਕਿਆ ਹੋਇਆ ਸੀ।
ਡਾ: ਸਾਇਰਾ ਅਜੇ ਬਚੀ ਹੋਈ ਸੀ। ਉਹ ਉਪਰੋਂ ਡਾ: ਰੀਨਾ, ਹੋਰ ਡਾਕਟਰਾਂ ਨਾਲ਼ ਤੇ ਮਨੁੱਖੀ ਸਿਹਤ ਦੇ ਵਿੱਚ ਸਪੈਸ਼ਲਿਸਟ ਕੰਪਿਊਟਰ, ਰੋਬਟਾਂ ਦੀ ਸਲਾਹ ਨਾਲ਼ ਸਾਰੇ ਬਿਮਾਰਾਂ ਦਾ ਇਲਾਜ ਕਰ ਰਹੀ ਸੀ। ਇਹ ਫੇਰ ਵੀ ਚੰਗਾ ਸੀ ਕਿ ਇਨਫੈਕਸ਼ਨ ਛੂਤ ਦੀ ਬਿਮਾਰੀ ਨਹੀਂ ਸੀ, ਪਰ ਵਾਤਾਵਰਣ ਤੋਂ ਹੀ ਕਿਤਿਓਂ ਫੈਲ ਰਹੀ ਸੀ ਜੋ ਕਿ ਅਜੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ। ਉਹ ਰੌਬਰਟ ਦਾ ਹਾਲ ਦੇਖਣ ਆਈ ਤਾਂ ਉਸਨੇ ਪੁੱਛਿਆ -
'ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ?'
'ਬਹੁਤ ਬੁਰਾ ਹਾਲ ਹੈ। ਇਸ ਤਰ੍ਹਾਂ ਦਾ ਸਿਰ ਤੇ ਬਦਨ ਦਰਦ ਕਦੇ ਨਹੀਂ ਹੋਇਆ। ਮੈਂ ਉੱਠ ਵੀ ਨਹੀਂ ਸਕਦਾ। ਬਸ ਅਜੀਬ ਜਿਹੀ ਘੂਕੀ ਛਾਈ ਹੋਈ ਹੈ। ਅਜੀਬੋ-ਗਰੀਬ ਸੁਪਨੇ ਆ ਰਹੇ ਹਨ, ਜਿਨ੍ਹਾਂ ਨੂੰ ਯਾਦ ਰੱਖਣਾ ਬੜਾ ਮੁਸ਼ਕਿਲ ਹੈ।'
'ਤੁਹਾਡਾ ਸਰੀਰ ਇਨਫੈਕਸ਼ਨ ਨਾਲ਼ ਲੜ ਰਿਹਾ ਹੈ, ਇਸ ਕਰਕੇ ਤੁਹਾਨੂੰ ਅਜਿਹਾ ਮਹਿਸਸ ਹੋ ਰਿਹਾ ਹੈ।'
'ਪਰ ਕਿੰਨਾ ਸਮਾਂ। ਇੱਕ ਹਫ਼ਤੇ ਤੋਂ ਉੱਪਰ ਹੋ ਗਿਆ ਹੈ।'
'ਹਾਂ, ਅਜੇ ਕੋਈ ਵੀ ਠੀਕ ਨਹੀਂ ਹੋਇਆ।'
'ਚੰਦਰ ਦਾ ਹਾਲ ਤਾਂ ਹੋਰ ਵੀ ਮਾੜਾ ਹੈ। ਉਸਨੂੰ ਤਾਂ ਹੋਰ ਅਜੀਬ ਜਿਹੇ ਸੁਪਨੇ ਆ ਰਹੇ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਜਿੰਦਾ ਹਾਂ।'
'ਨਹੀਂ ਇਸ ਤਰ੍ਹਾਂ ਨਾ ਕਹੋ। ਰੀਨਾ ਇੱਥੇ ਆਉਣ ਵਾਰੇ ਕਹਿ ਰਹੀ ਸੀ।'
'ਨਹੀਂ, ਮੈਂ ਉਸਨੂੰ ਕਹਾਂਗਾ ਕਿ ਇੱਥੇ ਅਜੇ ਆਉਣ ਦੀ ਲੋੜ ਨਹੀਂ। ਕਿਓਂਕਿ ਇੱਥੇ ਆਉਣਾ ਖਤਰੇ ਤੋਂ ਖਾਲੀ ਨਹੀਂ। ਉਸਨੂੰ ਵੀ ਇਹ ਇਨਫੈਕਸ਼ਨ ਹੋ ਸਕਦੀ ਹੈ।'
ਉਸੇ ਸਮੇਂ ਨਾਲ਼ ਦੇ ਕੈਬਿਨ ਵਿੱਚੋਂ ਹੌਲ਼ੀ ਹੌਲ਼ੀ ਤੁਰਦਾ ਡਾ: ਚੰਦਰ ਆਇਆ। ਉਸਦੀ ਹਾਲਤ ਕਾਫ਼ੀ ਖ਼ਸਤਾ ਸੀ।
'ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨ ਆਇਆ ਹਾਂ। ਸਾਨੂੰ ਜ਼ਮੀਨ ਦੀ ਖੁਦਾਈ ਪੂਰਨ ਤੌਰ ਤੇ ਬੰਦ ਕਰ ਦੇਣੀ ਚਾਹੀਦੀ ਹੈ। ਮੈਨੂੰ ਬੜਾ ਅਜੀਬ ਜਿਹਾ ਸੁਪਨਾ ਆਇਆ - ਜਿਵੇਂ ਮੈਂ ਕਿਸੇ ਚੱਕਰਵਿਊ ਜਿਹੇ ਵਿੱਚ ਘਿਰਿਆ ਹੋਵਾਂ। ਪਰ ਉਹ ਚੱਕਰਵਿਊ ਕੋਈ ਇਮਾਰਤ ਜਾਂ ਢਾਂਚਾ ਨਹੀਂ ਸੀ ਸਗੋਂ ਮਨੋਵਿਕ੍ਰਿਤਕਾਰੀ (Psychedelic) ਸੀ। ਮੇਰੇ ਆਸ ਪਾਸ ਜਿਵੇਂ ਰੰਗ-ਬਰੰਗੀਆਂ ਧਾਰੀਆਂ ਹੋਣ, ਜਿਵੇ ਸਤਰੰਗੀ ਪੀਂਘ ਹੋਵੇ ਤੇ ਮੈਂ ਉਸਤੇ ਝੂਟੇ ਲੈ ਰਿਹਾ ਹੋਵਾਂ। ਤੇ ਅਚਾਨਕ ਮੈਂ ਥੱਲੇ ਕਾਈ ਤੇ ਡਿਗ ਜਾਂਦਾ ਹਾਂ, ਮੈਨੂੰ ਕਾਈ ਤੇ ਜੁਗਨੂੰ ਮੇਰੇ ਆਸਪਾਸ ਦਿਖਦੇ ਹਨ। ਕਾਈ ਰੋ ਰਹੀ ਹੈ ਤੇ ਜੁਗਨੂੰ ਜਿਵੇਂ ਉਸਨੂੰ ਬਰਚਾ ਰਹੇ ਹੋਣ। ਕਾਈ ਜਿਵੇਂ ਉਹਨਾਂ ਨੂੰ ਕਹਿ ਰਹੀ ਹੋਵੇ ਕਿ ਇਹ ਅਜਨਬੀ ਲੋਕਾਂ ਨੇ ਸਾਡਾ ਪੂਰਾ ਵਾਤਾਵਰਣ ਭੰਗ ਕਰ ਦਿੱਤਾ ਹੈ। ਤੇ ਜੁਗਨੂੰ ਜਿਵੇ ਉਸਨੂੰ ਸਹਿਲਾਉਂਦੇ ਹੋਏ ਕਹਿ ਰਹੇ ਹਨ ਕਿ ਚਿੰਤਾ ਨਾ ਕਰ ਮਨਰਾਜ ਨੇ ਇਹਨਾਂ ਨੂੰ ਬਿਮਾਰ ਕਰ ਦਿੱਤਾ ਹੈ ਤੇ ਉਹ ਆਪੇ ਹੀ ਹੁਣ ਸਾਨੂੰ ਵੀ ਬਚਾਵੇਗਾ।'
'ਇਹ ਮਨਰਾਜ ਕੌਣ ਹੈ?' ਸਾਇਰਾ ਤੇ ਰੌਬਰਟ ਇੱਕਠੇ ਬੋਲੇ।
'ਇੰਝ ਲਗਦਾ ਹੈ ਜਿਵੇਂ ਇਹ ਪੂਰੇ ਗ੍ਰਹਿ ਦੇ ਮਨ ਇਕੱਠੇ ਹੋ ਕੇ ਇੱਕ ਸੰਪੂਰਨ ਮਨ ਬਣਾਉਂਦੇ ਹੋਣ। ਮੈਨੂੰ ਲਗਦਾ ਹੈ ਕਿ ਇਹ ਕਾਈ ਜਿਸਨੇ ਪੂਰੇ ਗ੍ਰਹਿ ਨੂੰ ਢਕਿਆ ਹੋਇਆ ਇੱਕ ਜੀਵ ਹੀ ਹੈ - ਇੱਕ ਸੰਘਠਿਤ ਜੀਵ। ਤੇ ਇਹ ਵੀ ਸੰਭਵ ਹੈ ਕਿ ਇਹ ਜਾਲ਼ ਜ਼ਮੀਨ ਵਿੱਚ ਵੀ ਫੈਲਿਆ ਹੋਇਆ ਹੈ ਤੇ ਇਸਦਾ ਇੱਕ ਰਾਜਾ ਜਾਂ ਰਾਣੀ ਵੀ ਹੈ - ਜੋ ਕਿ ਮਨਰਾਜ ਹੋ ਸਕਦਾ ਹੈ। ਜਿਵੇਂ ਇੱਕ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਦੀ ਇੱਕ ਰਾਣੀ ਹੁੰਦੀ ਹੈ ਜੋ ਪੂਰੇ ਛੱਤੇ ਦੀਆਂ ਮੱਖੀਆਂ ਨੂੰ ਕੰਟਰੋਲ ਕਰਦੀ ਹੈ ਤੇ ਬਾਕੀ ਮੱਖੀਆਂ ਸਿਰਫ਼ ਕਾਮੇ ਜਾਂ ਨਰ ਹੁੰਦੀਆਂ ਹਨ। ਜਾਂ ਫੇਰ ਜਿਵੇਂ ਕੀੜੀਆਂ ਦੀ ਕਲੋਨੀ ਇਕੱਠੇ ਕੰਮ ਕਰਦੀ ਹੈ। ਤੁਸੀਂ ਪਤਾ ਨਹੀਂ ਜਾਣਦੇ ਹੋ ਕਿ ਨਹੀਂ ਪ੍ਰਿਥਵੀ ਤੇ ਵੀ ਸਭ ਤੋਂ ਵੱਡਾ ਤੇ ਉਮਰ ਵਾਲ਼ਾ ਜੀਵ ਵ੍ਹੇਲ ਮੱਛੀ ਨਹੀਂ ਸਗੋਂ ਅਰਮਿਲੈਰਿਆ (Armillaria ostoyae) ਕਾਈ ਹੈ, ਜੋ ਕਿ ਓਰੇਗਨ (ਅਮਰੀਕਾ) ਦੀਆਂ ਨੀਲੀਆਂ ਪਹਾੜੀਆਂ ਵਿੱਚ ਹੈ ਤੇ 10 ਵਰਗ ਕਿਲੋਮੀਟਰ ਵੱਡੀ ਹੈ ਤੇ ਤਕਰੀਬਨ 9000 ਸਾਲ ਪੁਰਾਣੀ ਹੈ। ਜੇ ਡਾ: ਸਾਇਰਾ ਤੁਸੀਂ ਕਾਈ ਦੇ ਦੂਰ ਦੂਰ ਤੋਂ ਅਲੱਗ-ਅਲੱਗ ਨਮੂਨਿਆਂ ਦੀ ਡੀ ਐਨੇ ਨਿਸ਼ਾਨ (DNA fingerprints) ਮਿਲਾਓ ਤਾਂ ਇਸ ਗੱਲ ਦੀ ਪੁਸ਼ਟੀ ਹੋ ਸਕਦੀ ਹੈ ਕਿ ਇਹ ਸੰਪੂਰਨ ਕਾਈ ਇਕੋ ਜੀਵ ਹੀ ਹੈ। '
'ਵਾਹ!' ਹੈਰਾਨਕੁੰਨ ਰੌਬਰਟ ਸਿਰਫ਼ ਇੰਨਾ ਹੀ ਕਹਿ ਸਕਿਆ। ਉਹ ਚੰਦਰ ਦੇ ਗਿਆਨ ਤੋਂ ਹਮੇਸ਼ਾਂ ਹੀ ਬਹੁਤ ਪ੍ਰਭਾਵਿਤ ਹੁੰਦਾ ਸੀ। ਉਸਨੂੰ ਉਸਦੀਆਂ ਗੱਲਾਂ ਵਿੱਚ ਕਾਫ਼ੀ ਸਚਾਈ ਨਜ਼ਰ ਆ ਰਹੀ ਸੀ।
ਡਾ: ਸਾਇਰਾ ਵੀ ਹੈਰਾਨ ਸੀ। ਉਹ ਬੋਲੀ - 'ਡੀ ਐਨੇ ਨਿਸ਼ਾਨ ਚੈੱਕ ਕਰਨੇ ਤਾਂ ਬਾਅਦ ਦੀ ਗੱਲ ਹੈ। ਪਰ ਸਭ ਤੋਂ ਪਹਿਲਾਂ ਤਾਂ ਸਾਡੀ ਪਹਿਲ ਤੁਹਾਡੇ ਸਾਰਿਆਂ ਦੀ ਇਨਫੈਕਸ਼ਨ ਠੀਕ ਕਰਨਾ ਹੈ।'
'ਬਿਲਕੁਲ ਸਹੀ ਹੈ। ਮੈਨੂੰ ਲਗਦਾ ਹੈ ਜੇ ਅਸੀਂ ਖੁਦਾਈ ਰੋਕ ਦੇਈਐ, ਇਹ ਮੀਂਹ ਹਟ ਜਾਵੇ ਤੇ ਤਾਜ਼ੀ ਹਵਾ ਮਿਲੇ ਤਾਂ ਸਾਡੀ ਇਨਫੈਕਸ਼ਨ ਠੀਕ ਹੋ ਸਕਦੀ ਹੈ।'
'ਖੁਦਾਈ ਤਾਂ ਪਹਿਲਾਂ ਹੀ ਰੁਕੀ ਪਈ ਹੈ। ਪਰ ਮੈਂ ਹੁਣ ਰੋਬਟਾਂ ਨੂੰ ਵੀ ਬੰਦ ਕਰਨ ਦੇ ਤੇ ਸਾਰੇ ਸਮਾਨ ਨੂੰ ਪੈਕ ਕਰਨ ਦੇ ਹੁਕਮ ਦੇ ਦਿੰਦਾ ਹਾਂ। ਤੇ ਸਾਰਾ ਸਮਾਨ ਉੱਪਰ 'ਕਲਪਨਾ' ਤੱਕ ਪਹੁੰਚਾ ਦੇਣਾ ਚਾਹੀਦਾ ਹੈ।' ਰੌਬਰਟ ਨੇ ਆਖਿਆ।
ਸਾਇਰਾ ਤੇ ਚੰਦਰ ਦੇ ਜਾਣ ਤੋਂ ਬਾਅਦ ਉਸਨੇ ਰੀਨਾ ਨੂੰ ਫ਼ੋਨ ਮਿਲਾਇਆ। ਰੀਨਾ ਉਸਦੀ ਹਾਲਤ ਤੇ ਕਾਫ਼ੀ ਚਿੰਤਤ ਸੀ। ਪਰ ਰੌਬਰਟ ਨੇ ਉਸਨੂੰ ਡਾ: ਚੰਦਰ ਦੀ ਸਲਾਹ ਦੱਸੀ ਤਾਂ ਉਸਨੇ ਵੀ ਆਪਣੀ ਹਾਮੀ ਭਰੀ ਤੇ ਖੁਦਾਈ ਦਾ ਸਮਾਨ ਵਾਪਿਸ 'ਕਲਪਨਾ' ਤੱਕ ਲਿਜਾਉਣ ਲਈ ਮੰਨ ਗਈ। ਰੌਬਰਟ ਨੇ ਉਸਨੂੰ ਇੱਕ ਸਪੇਸ ਸ਼ਟਲ ਤੇ ਨਾਲ਼ ਚਾਰ-ਪੰਜ ਕਰੂ ਮੈਂਬਰ ਭੇਜਣ ਲਈ ਕਿਹਾ।
***
ਦੂਜੇ ਦਿਨ ਪੰਜ ਕਰੂ ਮੈਂਬਰ ਸਪੇਸ ਸ਼ਟਲ ਦੇ ਨਾਲ਼ ਆ ਗਏ। ਉਹ ਆਪਣੇ ਨਾਲ਼ ਉਹਨਾਂ ਲਈ ਕੁੱਝ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਵੀ ਲੈ ਕੇ ਆਏ, ਜੋ ਉਹਨਾਂ ਨੇ ਰੌਬਰਟ ਤੇ ਸਾਇਰਾ ਨੂੰ ਦੇ ਦਿੱਤੀਆਂ।
ਉਹਨਾਂ ਨੇ ਖੁਦਾਈ ਦਾ ਸਾਰਾ ਸਮਾਨ ਤੇ ਹੋਰ ਗ਼ੈਰ ਜ਼ਰੂਰੀ ਸਮਾਨ ਸ਼ਟਲ ਤੇ ਲੱਦ ਲਿਆ। ਬਰਸਾਤ ਰੁਕ ਚੁੱਕੀ ਸੀ। ਇਸ ਕਰਕੇ ਸਮਾਨ ਲੱਦਣ ਵਿੱਚ ਉਹਨਾਂ ਨੂੰ ਕੋਈ ਬਹੁਤੀ ਪ੍ਰੇਸ਼ਾਨੀ ਨਹੀਂ ਹੋਈ। ਉਹਨਾਂ ਨੇ ਖੁਦਾਈ ਦੇ ਰੋਬਟ ਵੀ ਬੰਦ ਕਰਕੇ ਸ਼ਟਲ ਤੇ ਨਾਲ਼ ਹੀ ਲੱਦ ਲਏ। ਸ਼ਾਮ ਤੱਕ ਜਿੰਨਾ ਵੀ ਸਮਾਨ ਲੱਦ ਹੋ ਸਕਦਾ ਸੀ ਲੈ ਕੇ ਉਹ ਵਾਪਿਸ 'ਕਲਪਨਾ' ਵੱਲ੍ਹ ਨੂੰ ਉਡਾਣ ਭਰ ਗਏ।
ਰੌਬਰਟ ਤੇ ਚੰਦਰ ਨੂੰ ਥੋੜੀ ਤੱਸਲੀ ਮਿਲ਼ੀ। ਉਹ ਹੁਣ ਥੋੜਾ ਠੀਕ ਮਹਿਸੂਸ ਕਰ ਰਹੇ ਸਨ। ਜੋ ਕਿ ਕੁਦਰਤੀ ਹੀ ਸੀ ਕਿਉਂਕਿ ਉਹਨਾਂ ਦੇ ਮਨ ਤੋਂ ਇੱਕ ਬੋਝ ਹਟ ਚੁੱਕਾ ਸੀ। ਹੁਣ ਉਹਨਾਂ ਦਾ ਮੰਤਵ ਬਾਕੀ ਦਾ ਸਮਾਨ ਤੇ ਮਿਸ਼ਨ ਨੂੰ ਸਮੇਟਣਾ ਸੀ ਤਾਂ ਜੋ ਉਹ ਵਾਪਿਸ ਪ੍ਰਿਥਵੀ ਵੱਲ੍ਹ ਮੁੜਨ ਦੀ ਤਿਆਰੀ ਕਰ ਸਕਣ। ਉਹਨਾਂ ਦਾ ਮੰਤਵ ਇੱਥੇ ਤਕਰੀਬਨ ਇਕ ਸਾਲ ਰਹਿਣਾ ਸੀ। ਪਰ ਇੰਝ ਲੱਗ ਰਿਹਾ ਸੀ ਕਿ ਉਹਨਾਂ ਨੂੰ ਪਹਿਲਾਂ ਹੀ ਇੱਥੋਂ ਜਾਣਾ ਪਏਗਾ।
ਜੁਗਨੂੰ ਜਿਹੜੇ ਉਹਨਾਂ ਦੀ ਖੁਦਾਈ ਤੇ ਹੋਰ ਗਤੀਵਿਧੀਆਂ ਕਰਕੇ ਉੱਥੋਂ ਚਲੇ ਗਏ ਸਨ, ਵਾਪਿਸ ਮੁੜ ਆਏ ਸਨ। ਹੁਣ ਉਹ ਦੁਬਾਰਾ ਤੋਂ ਜੁਗਨੂੰਆਂ ਦੀ ਸੁਖਦਾਈ ਰੌਸ਼ਨੀ ਦੇਖ ਸਕਦੇ ਸਨ!
ਉਸ ਰਾਤ ਉਹਨਾਂ ਸਾਰਿਆਂ ਨੂੰ ਇੱਕੋ ਸੁਪਨਾ ਆਇਆ ਜੋ ਕਿ ਬੜਾ ਹੀ ਅਜੀਬ ਸੀ। ਇੰਝ ਲੱਗਿਆ ਕਿ ਉਹਨਾਂ ਦੀਆਂ ਸੋਚਾਂ ਵੀ ਇੱਕ ਦੂਜੇ ਨਾਲ਼ ਤੇ ਗ੍ਰਹਿ ਦੇ ਕਾਈ ਤੇ ਜੁਗਨੂੰਆਂ ਦੇ ਛੱਤੇ ਵਾਤਾਵਰਣ (Hive Mind) ਨਾਲ਼ ਜੁੜ ਗਈਆਂ ਹੋਣ। ਸੁਪਨੇ ਵਿੱਚ ਉਹ ਸਾਰੇ ਇੱਕ ਦੂਜੇ ਨੂੰ ਵੇਖ ਸਕਦੇ ਸਨ ਤੇ ਗੱਲਬਾਤ ਕਰ ਸਕਦੇ ਸਨ। ਜਾਮਣੀ ਕਾਈ ਦੇ ਨਾਲ਼ ਉਹ ਜੁਗਨੂੰਆਂ ਦੀ ਰੌਸ਼ਨੀ ਵੀ ਵੇਖ ਸਕਦੇ ਸਨ। ਉਹ ਇੱਕ ਹੋਰ ਤਰ੍ਹਾਂ ਦੀਆਂ ਰੌਸ਼ਨੀਆਂ ਵੀ ਵੇਖ ਸਕਦੇ ਸਨ ਜੋ ਕਿ ਇੱਕ ਲੰਬੀਆਂ ਲਕੀਰਾਂ ਜਾਂ ਤਰੰਗਾਂ ਦੇ ਵਾਂਗ ਫੈਲੀਆਂ ਹੋਈਆਂ ਸਨ। ਉਹਨਾਂ ਨੂੰ ਇੰਝ ਲੱਗ ਰਿਹਾ ਸੀ ਕਿ ਉਹ ਕਿਸੇ ਕਾਲ਼ੇ ਖੂਹ ਵਿੱਚ ਡਿਗਦੇ ਜਾ ਰਹੇ ਹੋਣ। ਉਹਨਾਂ ਨੂੰ ਆਪਣਾ ਡਿਗਣਾ ਜਿਵੇਂ ਭਾਰ-ਮੁਕਤ ਲੱਗ ਰਿਹਾ ਸੀ - ਬਿਲਕੁਲ ਹੌਲ਼ਾ ਫੁੱਲ ਜਿਵੇਂ ਉਹਨਾਂ ਦੇ ਜਿਸਮਾਂ ਦਾ ਭਾਰ ਹੀ ਨਾ ਹੋਵੇ! ਸਿਤਾਰਿਆਂ ਦੇ ਵਾਂਗ ਹੀ ਉਹਨਾਂ ਨੂੰ ਦੂਰ ਤੱਕ ਛੋਟੀਆਂ ਛੋਟੀਆਂ ਚਮਕਦੀਆਂ ਰੌਸ਼ਨੀਆਂ ਤੇ ਤਰੰਗਾਂ ਹੀ ਤਰੰਗਾਂ ਨਜ਼ਰ ਆ ਰਹੀਆਂ ਸਨ। ਫੇਰ ਇੱਕ ਦਮ ਇਵੇਂ ਲੱਗਿਆ ਉਹ ਕਾਲ਼ੇ ਖੂਹ ਦੇ ਤਲ ਤੱਕ ਪਹੁੰਚ ਗਏ ਹੋਣ। ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸੂਰਜ ਵਰਗੀ ਰੌਸ਼ਨੀ ਦਿਖਾਈ ਦੇ ਰਹੀ ਸੀ, ਜੋ ਕਿ ਹੋਰ ਵੱਡੀ ਹੋਈ ਜਾ ਰਹੀ ਸੀ। ਉਹਨਾਂ ਨੇ ਸੋਚਿਆ ਕਿ ਸੁਰੰਗ ਦੇ ਅੰਤ ਵਿੱਚ ਜਿਵੇਂ ਰੌਸ਼ਨੀ ਦਿਖਾਈ ਦਿੰਦੀ ਹੈ, ਉਵੇਂ ਹੀ ਉਹਨਾਂ ਨੂੰ ਵੀ ਦਿਖਾਈ ਦੇ ਰਹੀ ਹੈ, ਜੋ ਕਿ ਸ਼ਾਇਦ ਚੰਗੀ ਗੱਲ ਹੋਵੇ। ਜਿਵੇਂ ਜਿਵੇਂ ਉਹ ਵੱਡੀ ਰੌਸ਼ਨੀ ਦੇ ਕੋਲ਼ ਪਹੁੰਚ ਰਹੇ ਸਨ ਉਹ ਹੋਰ ਵੱਡੀ ਹੋ ਗਈ ਤੇ ਫਿਰ ਜਦੋਂ ਉਹ ਕੋਲ਼ ਪਹੁੰਚੇ ਤਾਂ ਉਹ ਸਭ ਉਸ ਵਿੱਚ ਹੀ ਸਮਾਂ ਗਏ ਤੇ ਸਭ ਪਾਸੇ ਦਿਨ ਦਾ ਉਜਾਲ਼ਾ ਫੈਲ ਗਿਆ। ਜੁਗਨੂੰ ਤੇ ਲੰਬੀਆਂ ਤਰੰਗਾਂ ਦਿਖਣੋ ਹਟ ਗਈਆਂ।
'ਅਸੀਂ ਕਿੱਥੇ ਹਾਂ?' ਰੌਬਰਟ ਨੇ ਥੋੜੀ ਦੂਰ ਖੜੇ ਚੰਦਰ ਤੇ ਥੌਮਸ ਨੂੰ ਪੁੱਛਿਆ।
'ਕੁੱਝ ਸਮਝ ਨਹੀਂ ਪੈ ਰਹੀ। ਮੈਨੂੰ ਵੀ ਬਹੁਤ ਹੈਰਾਨੀ ਹੋ ਰਹੀ ਹੈ।' ਚੰਦਰ ਨੇ ਕਿਹਾ।
'ਹਾਂ, ਮੈਨੂੰ ਵੀ। ਪਰ ਇਵੇਂ ਲੱਗ ਰਿਹਾ ਹੈ ਕਿ ਅਸੀਂ ਕਿਸੇ ਕਿਸੇ ਵਿਸ਼ਾਲ ਚੱਕਰਵਿਊ ਵਿੱਚ ਫਸ ਗਏ ਹੋਈਏ।'
ਉਸੇ ਵਕਤ ਉਹਨਾਂ ਨੂੰ ਕਿਤਿਓਂ ਅਵਾਜ਼ ਸੁਣਾਈ ਦਿੱਤੀ, ਜਿਵੇਂ ਅਕਾਸ਼ਬਾਣੀ ਹੋਵੇ।
'ਹੈ, ਪ੍ਰਿਥਵੀ ਵਾਸੀਓ। ਤੁਹਾਡਾ ਗੰਧਰਵ ਗ੍ਰਹਿ ਤੇ ਸਵਾਗਤ ਹੈ, ਜਿਸਨੂੰ ਤੁਸੀਂ ਇਹ ਨਾਂ ਦਿੱਤਾ ਹੈ, ਪਰ ਅਸੀਂ ਇਸਨੂੰ ਬੇਟੇਜ਼ਡ ਅਖਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣ ਹੀ ਗਏ ਹੋ, ਇਹ ਗ੍ਰਹਿ ਜੋ ਦੋ ਤਾਰਿਆਂ ਦੇ ਵਿੱਚ ਸਥਿੱਤ ਹੈ, ਇੱਕ ਰਹੱਸਮਈ ਤੇ ਗੁੰਝਲਦਾਰ ਸਿਸਟਮ ਹੈ। ਇੱਥੇ ਹਰ ਵਕਤ ਕੁੱਝ ਨਾ ਕੁੱਝ ਅਜੀਬ ਵਾਪਰਦਾ ਹੈ ਤੇ ਜਿਸਨੂੰ ਤੁਸੀਂ ਪਹਿਲਾਂ ਤੋਂ ਜਾਣ ਨਹੀਂ ਸਕਦੇ। ਪਰ ਇਸ ਤਰ੍ਹਾਂ ਤਾਂ ਤੁਹਾਡੇ ਗ੍ਰਹਿ ਤੇ ਵੀ ਹੁੰਦਾ ਹੈ। ਇੱਥੇ ਅੱਲਗ ਇਹ ਹੈ ਕਿ ਦੋ ਸਿਤਾਰੇ ਤੇ ਦੋ ਦੀ ਚੰਦਰਮਾ ਹਨ। ਜੇ ਤੁਸੀਂ ਇਸਦੇ ਗੁੰਝਲਦਾਰ ਵਾਤਾਵਰਣ ਦੀ ਇੱਜ਼ਤ ਨਹੀਂ ਕਰਦੇ ਤੇ ਉਸਨੂੰ ਤਬਾਹ ਕਰਨ ਲਗਦੇ ਹੋ ਤਾਂ ਇਹ ਤੁਹਾਡੇ ਖ਼ਿਲਾਫ਼ ਹੀ ਹੋ ਜਾਵੇਗਾ, ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ। ਤੁਸੀਂ ਬਹੁਤ ਖੁਸ਼ਕਿਸਮਤ ਹੋ ਜੋ ਆਪਣੇ ਗ੍ਰਹਿ ਤੋਂ ਇੰਨੀ ਦੂਰ ਠੀਕ ਠਾਕ ਹੋ ਤੇ ਕਿਸੇ ਦੀ ਮੌਤ ਨਹੀਂ ਹੋਈ! ਤੁਸੀਂ ਕੋਈ ਇੰਨਾ ਨੁਕਸਾਨ ਨਹੀਂ ਕੀਤਾ, ਪਰ ਜੇ ਤੁਸੀਂ ਨਹੀਂ ਹਟਦੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਣਾ ਸੀ। ਇਹ ਬਹੁਤ ਚੰਗਾ ਹੋਇਆ ਕਿ ਤੁਸੀਂ ਹੁਣ ਹਟ ਗਏ ਹੋ ਤੇ ਅਸੀਂ ਵੀ ਤੁਹਾਡਾ ਭਲਾ ਹੀ ਚਾਹੁੰਦੇ ਹਾਂ। ਤੁਹਾਡਾ ਮਿਸ਼ਨ ਤੇ ਉਸਦਾ ਉਦੇਸ਼ ਮਾਨਵਤਾ ਦੇ ਭਲੇ ਦਾ ਹੈ, ਹਾਲਾਂਕਿ ਉਸ ਵਿੱਚ ਥੋੜਾ ਵਪਾਰ ਵੀ ਸ਼ਾਮਿਲ ਹੈ! ਪਰ ਫੇਰ ਵੀ ਤੁਹਾਡਾ ਇਰਾਦਾ ਖਤਰਨਾਕ ਨਹੀਂ ਹੈ। ਇਸ ਕਰਕੇ ਅਸੀਂ ਤੁਹਾਨੂੰ ਇਹ ਹੀ ਸਲਾਹ ਦੇਵਾਂਗੇ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਵਾਪਿਸ ਮੁੜ ਜਾਵੋ। ਅਸੀਂ ਤੁਹਾਡੇ ਉਸ ਫੈਸਲੇ ਦੀ ਕਦਰ ਕਰਾਂਗੇ ਤੇ ਜੇ ਹੋ ਸਕਿਆ ਤਾਂ ਤੁਹਾਡੀ ਮਦਦ ਵੀ ਕਰਾਂਗੇ। ਪਰ ਅਸੀਂ ਤੁਹਾਡੇ ਨਾਲ਼ ਇੱਕ ਹੋਰ ਖਤਰੇ ਦੀ ਜਾਣਕਾਰੀ ਸਾਂਝਾ ਕਰਨੀ ਚਾਹੁੰਦੇ ਹਾਂ। ਹਰ ਤੁਹਾਡੇ 80 ਸਾਲ ਬਾਅਦ ਗੰਧਰਵ ਗ੍ਰਹਿ ਆਪਣੇ ਸੂਰਜਾਂ ਦੇ ਕੋਲ਼ ਉਪਸੌਰ (Perihelion) ਪੱਥ ਵਿੱਚ ਪਹੁੰਚ ਜਾਂਦਾ ਹੈ, ਜਿਸ ਨਾਲ਼ ਗ੍ਰਹਿ ਦਾ ਤਾਪਮਾਨ ਬਹੁਤ ਵੱਧ ਜਾਂਦਾ ਹੈ। ਜਿਸ ਨਾਲ਼ ਇੱਥੋਂ ਦੇ ਜੀਵਨ ਵਿੱਚ ਖਲਬਲੀ ਮੱਚ ਜਾਂਦੀ ਹੈ ਤੇ ਹਰ ਕੋਈ ਉਹ ਪਾਗਲ ਹੋ ਜਾਂਦਾ ਹੈ। ਕੋਈ ਹੋਰ ਜੀਵ ਨਹੀਂ ਬਚਦਾ, ਸਿਰਫ਼ ਇਹ ਕਾਈ ਹੀ ਬਚਦੀ ਹੈ ਜਾਂ ਜੋ ਜੀਵ ਜ਼ਮੀਨ ਦੇ ਅੰਦਰ ਹੋਣ ਉਹ ਬਚ ਸਕਦੇ ਹਨ। ਪਰ ਇਸ ਸਮੇਂ ਜ਼ਮੀਨ ਦੇ ਅੰਦਰ ਤੇ ਬਾਹਰ ਕੁੱਝ ਵੀ ਨਹੀਂ ਹੈ। ਜੋ ਕਾਈ ਤੇ ਜੁਗਨੂੰ ਤੁਸੀਂ ਦੇਖ ਰਹੇ ਹੋ, ਸਿਰਫ ਇਹ ਹੀ ਹਨ।'
'ਜੋ ਵੀ ਤੁਸੀਂ ਹੋ ਤੁਹਾਡਾ ਇਸ ਸਾਰੀ ਜਾਣਕਾਰੀ ਲਈ ਬਹੁਤ ਧੰਨਵਾਦ।' ਚੰਦਰ ਬੋਲਿਆ -'ਅਸੀਂ ਤੁਹਾਡੇ ਬਹੁਤ ਰਿਣੀ ਹਾਂ ਜੋ ਤੁਸੀਂ ਸਾਨੂੰ ਇਹ ਸਬਕ ਦਿੱਤਾ। ਕੀ ਤੁਸੀਂ ਸਾਨੂੰ ਆਪਣੇ ਵਾਰੇ ਹੋਰ ਜਾਣਕਾਰੀ ਦੇ ਸਕਦੇ ਹੋ ਤੇ ਇਹ ਜਾਣਦੇ ਹੋ ਕਿ ਇੱਥੇ ਪਹਿਲਾਂ ਹੋਰ ਬੁੱਧੀਮਾਨ ਜੀਵ ਸਨ ਕਿ ਨਹੀਂ। ਕਿਉਂਕਿ ਅਸੀਂ ਜੋ ਸਲੇਟਾਂ ਲੱਭੀਆਂ ਹਨ, ਉਹਨਾਂ ਤੇ ਕੁੱਝ ਲਿਖਿਆ ਹੋਇਆ ਇਹ ਦੱਸਦਾ ਹੈ ਕਿ ਇੱਥੇ ਪਹਿਲਾਂ ਕਦੇ ਅਜਿਹੇ ਜੀਵ ਸਨ ਜੋ ਲਿਖ ਸਕਦੇ ਸਨ।'
'ਅਸੀਂ ਕੋਈ ਜੀਵ ਨਹੀਂ ਸਗੋਂ ਇਸ ਗ੍ਰਹਿ ਦੀ ਸੰਗਠਿਤ ਚੇਤਨਤਾ ਹਾਂ। ਜਿਸਨੂੰ ਤੁਸੀਂ ਮਨਰਾਜ ਵੀ ਕਹਿ ਸਕਦੇ ਹੋ। ਕਾਈ ਤੇ ਜੁਗਨੂੰ ਆਪਸ ਵਿੱਚ ਤੇ ਇਸ ਗ੍ਰਹਿ ਦੀ ਆਤਮਾ ਨਾਲ਼ ਜੁੜੇ ਹੋਏ ਹਨ ਤੇ ਇੰਝ ਸਮਝੋ ਉਸਦਾ ਹੀ ਇੱਕ ਹਿੱਸਾ ਹਨ। ਇੱਥੇ ਤਕਰੀਬਨ ਇੱਕ ਲੱਖ ਵਰ੍ਹੇ ਪਹਿਲਾਂ ਬੁੱਧੀਮਾਨ ਜੀਵਨ ਸੀ, ਉਦੋਂ ਜਦੋ ਤੁਹਾਡੀ ਪ੍ਰਿਥਵੀ ਤੇ ਬੁੱਧੀਮਾਨ ਜੀਵਨ ਦੀ ਸ਼ੁਰੂਆਤ ਹੋ ਰਹੀ ਸੀ। ਉਹਨਾਂ ਦੇ ਵਿਗਿਆਨ ਨੇ ਬਹੁਤ ਤੱਰਕੀ ਕਰ ਲਈ ਸੀ, ਪਰ ਜਦੋਂ ਵੀ ਹਰ ਅੱਸੀ ਸਾਲ ਬਾਅਦ ਉਪਸੌਰ ਆਉਂਦਾ ਸੀ ਤਾਂ ਵਧਦੇ ਤਾਪਮਾਨ ਕਰਕੇ ਉਹ ਭੜਕਾਹਟ ਵਿੱਚ ਆ ਜਾਂਦੇ ਤੇ ਇੱਕ ਦੂਸਰੇ ਨਾਲ਼ ਲੜਕੇ ਮਰਨ ਲਗੇ। ਇਸ ਤਰ੍ਹਾਂ ਹੌਲੀ ਹੌਲੀ ਉਹ ਖਤਮ ਹੁੰਦੇ ਗਏ। ਤੇ ਉਹਨਾਂ ਵਿੱਚੋਂ ਕੁੱਝ ਸਮਝਦਾਰ ਬਚੇ ਜੋ ਬੇਟੇਜ਼ਡ ਗ੍ਰਹਿ ਨੂੰ ਛੱਡਕੇ ਕਿੱਧਰੇ ਹੋਰ ਚਲੇ ਗਏ।'
'ਕੀ ਉਹਨਾਂ ਦੀ ਕੋਈ ਹੋਰ ਨਿਸ਼ਾਨੀ ਵੀ ਬਚੀ ਹੈ? ਉਹ ਇੱਥੋਂ ਕਿਸ ਤਰ੍ਹਾਂ ਗਏ?'
'ਕਿਓਂਕਿ ਬਹੁਤ ਸਮਾਂ ਬੀਤ ਗਿਆ, ਉਹਨਾਂ ਦੀਆਂ ਸਭ ਨਿਸ਼ਾਨੀਆਂ ਜਾਂ ਤਾਂ ਤਬਾਹ ਹੋ ਗਈਆਂ ਜਾਂ ਜ਼ਮੀਨ ਦੇ ਅੰਦਰ ਦੱਬੀਆਂ ਗਈਆਂ। ਉਹਨਾਂ ਦੇ ਵਿਗਿਆਨ ਤੁਹਾਡੇ ਵਰਗਾ ਨਹੀਂ ਸਗੋਂ ਅੱਲਗ ਕਿਸਮ ਦਾ ਸੀ। ਉਹਨਾਂ ਨੇ ਵਿਗਿਆਨ ਦੇ ਉਹ ਅਯਾਮ ਖੋਜ ਲੈ ਸਨ ਕਿ ਉਹਨਾਂ ਨੂੰ ਇੱਥੋਂ ਕਿਧਰੇ ਜਾਣ ਲਈ ਕਿਸੇ ਸ਼ਿੱਪ ਦੀ ਜ਼ਰੂਰਤ ਨਹੀਂ ਸਗੋਂ ਸਿਰਫ਼ ਸੋਚਣ ਦੀ ਹੀ ਲੋੜ ਸੀ। ਉਹਨਾਂ ਨੇ ਦੇਖ ਲਿਆ ਸੀ ਕਿ ਜੀਵ ਦਾ ਸਰੀਰਕ ਅਕਾਰ ਤਾਂ ਦੁੱਖ ਹੀ ਦਿੰਦਾ ਹੈ ਤੇ ਜਨਮ-ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਰੀਰਕ ਬੰਧਨਾਂ ਤੋਂ ਅਜ਼ਾਦ ਕਰ ਲਿਆ ਸੀ। ਹੁਣ ਉਹ ਦੂਰ ਦੇ ਤਾਰਾ ਮੰਡਲਾਂ ਦੇ ਕਿਸੇ ਸੁਹਾਵਣੇ ਕੋਨੇ ਵਿੱਚ ਅਰਾਮ ਨਾਲ਼ ਆਪਣੀ ਖੇਡ ਖੇਡ ਰਹੇ ਹੋਣਗੇ!'
'ਬਹੁਤ ਧੰਨਵਾਦ!' ਚੰਦਰ ਨੇ ਬੱਸ ਇੰਨਾ ਹੀ ਕਿਹਾ। ਅਕਾਸ਼ਬਾਣੀ ਸੁਣਕੇ ਉਹ ਬਹੁਤ ਹੈਰਾਨ ਸੀ।
'ਹੁਣ, ਅਸੀਂ ਤੁਹਾਥੋਂ ਵਿਦਾ ਲੈਂਦੇ ਹਾਂ। ਤੁਸੀਂ ਜਲਦੀ ਹੀ ਠੀਕ ਹੋ ਜਾਓਗੇ।'
ਇੰਨਾ ਸੁਣਦੇ ਹੀ ਉਹਨਾਂ ਸਭ ਦੀ ਅੱਖ ਖੁੱਲ੍ਹ ਗਈ। ਤਰੁੰਤ ਹੀ ਰੌਬਰਟ ਨੇ ਚੰਦਰ ਤੇ ਥੌਮਸ ਨਾਲ਼ ਸੰਪਰਕ ਕੀਤਾ। ਉਹਨਾਂ ਨੇ ਸਾਂਝੇ ਸੁਪਨੇ ਦੀ ਪੁਸ਼ਟੀ ਕੀਤੀ। ਬਾਅਦ ਵਿੱਚ ਬਾਕੀ ਕਰੂ ਮੈਂਬਰ ਜੋ ਬਿਮਾਰ ਸਨ, ਸਭ ਨੇ ਉਸ ਸੁਪਨੇ ਦੀ ਪੁਸ਼ਟੀ ਕੀਤੀ। ਜਿਸ ਕਾਈ ਇਨਫੈਕਸ਼ਨ ਨੇ ਉਹਨਾਂ ਨੂੰ ਫੜਿਆ ਹੋਇਆ ਸੀ, ਉਹ ਉਹਨਾਂ ਦੇ ਦਿਮਾਗ਼ ਤੱਕ ਫੈਲ ਚੁੱਕੀ ਸੀ। ਪਰ ਹੁਣ ਉਹਨਾਂ ਨੂੰ ਆਸ ਦੀ ਲੋਅ ਨਜ਼ਰ ਆ ਰਹੀ ਸੀ ਕਿ ਉਹ ਜਲਦੀ ਸਿਹਤਯਾਬ ਹੋ ਜਾਣਗੇ।
***
ਉਸ ਅਜੀਬੋ-ਗਰੀਬ ਸੁਪਨੇ ਤੋਂ ਜਾਗਦੇ ਹੀ, ਸਭ ਤੋਂ ਪਹਿਲਾਂ ਉਹਨਾਂ ਨੇ ਕੰਪਿਊਟਰ ਸਿਮੂਲੈਸ਼ਨ ਦੇ ਨਾਲ਼ ਗੰਧਰਵ ਗ੍ਰਹਿ ਦੇ ਉਪਸੌਰ ਦਾ ਅਨੁਮਾਨ ਲਗਾਇਆ ਜੋ ਕਿ ਬਿਲਕੁਲ ਸਹੀ ਸੀ। ਇਸਦਾ ਮਤਲਬ ਸੁਪਨੇ ਵਿੱਚ ਜੋ ਵੀ ਉਹਨਾਂ ਨੂੰ ਪਤਾ ਲੱਗਿਆ ਉਹ ਸੱਚ ਸੀ! ਰੌਬਰਟ ਨੇ ਜਲਦੀ ਨਾਲ਼ ਕਰੂ ਨੂੰ ਸਾਰਾ ਸਮਾਨ ਪੈਕ ਕਰਨ ਦੇ ਆਦੇਸ਼ ਦੇ ਦਿੱਤੇ। ਉਹ ਆਪ ਵੀ ਉਸ ਕੰਮ ਦੇ ਵਿੱਚ ਰੁੱਝ ਗਿਆ। ਹੁਣ ਉਹ ਸਾਰੇ ਕਾਫੀ ਚੰਗਾ ਮਹਿਸੂਸ ਕਰ ਰਹੇ ਸਨ, ਤੇ ਦਰਦ ਦੀਆਂ ਦਵਾਈਆਂ ਵੀ ਹੁਣ ਉਹਨਾਂ 'ਤੇ ਕਾਫ਼ੀ ਅਸਰ ਕਰ ਰਹੀਆਂ ਸਨ, ਜਿਸ ਨਾਲ਼ ਉਹਨਾਂ ਨੂੰ ਬੜੀ ਰਾਹਤ ਮਹਿਸੂਸ ਹੋ ਰਹੀ ਸੀ। ਹਰ ਰੋਜ਼ ਉਹਨਾਂ ਨੇ ਸਮਾਨ ਪੈਕ ਕਰਕੇ ਉੱਪਰ 'ਕਲਪਨਾ' ਯਾਨ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਵਿਚ ਉਹਨਾਂ ਨੂੰ ਇੱਕ ਹਫ਼ਤਾ ਲੱਗ ਗਿਆ। ਆਖਰੀ ਦਿਨ ਜਦੋਂ ਉਹ ਗ੍ਰਹਿ ਨੂੰ ਵਿਦਾ ਕਹਿਕੇ ਜਾਣ ਲੱਗੇ ਤਾਂ ਅਚਾਨਕ ਸੂਰਜੀ ਚਮਕਾਂ ਸ਼ੁਰੂ ਹੋ ਗਈਆਂ। ਗ੍ਰਹਿ ਦਾ ਤਾਪਮਾਨ ਇੱਕ ਦਮ ਵਧਣਾ ਸ਼ੁਰੂ ਹੋ ਗਿਆ। ਉਹਨਾਂ ਨੇ ਸਮਝ ਲਿਆ ਕਿ ਉਪਸੌਰ ਸ਼ੁਰੂ ਹੋ ਗਿਆ ਹੈ। ਸੂਰਜੀ ਚਮਕਾਂ ਇੰਨੀਆਂ ਤੇਜ਼ ਸਨ ਕਿ ਉਹਨਾਂ ਦੀ ਸ਼ਟਲ ਦਾ ਸੰਚਾਰ ਸਿਸਟਮ ਤਬਾਹ ਹੋ ਗਿਆ ਤੇ ਉਹਨਾਂ ਦਾ 'ਕਲਪਨਾ' ਦੇ ਨਾਲ਼ ਸੰਪਰਕ ਟੁੱਟ ਗਿਆ। ਬਾਕੀ ਸਾਰੇ ਕਰੂ ਮੈਂਬਰ ਪਹਿਲਾ ਹੀ ਚਲੇ ਗਏ ਸਨ। ਉੱਥੇ ਸਿਰਫ ਰੌਬਰਟ, ਚੰਦਰ, ਥੌਮਸ, ਯੂਰੀ ਤੇ ਨੀਲ ਦੀ ਮੁੱਢਲੀ ਟੀਮ ਹੀ ਬਚੀ ਸੀ। ਬਿਨਾ ਸੰਪਰਕ ਦੇ ਉਹ 'ਕਲਪਨਾ' ਤੱਕ ਉਡਾਨ ਨਹੀਂ ਸੀ ਲੈ ਕੇ ਜਾ ਸਕਦੇ!
ਨੀਲ ਤੇ ਯੂਰੀ ਨੁਕਸਾਨ ਦਾ ਅੰਦਾਜ਼ਾ ਤੇ ਉਸਨੂੰ ਠੀਕ ਕਰਨ ਦੇ ਵਾਰੇ ਸ਼ਟਲ ਦੀ ਜਾਂਚ-ਪੜਤਾਲ ਕਰਨ ਲੱਗੇ। ਰੌਬਰਟ ਨੇ ਸੈਟੇਲਾਈਟ ਫ਼ੋਨ ਦੇ ਨਾਲ਼ ਰੀਨਾ ਨਾਲ਼ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ ਕੀਤੀ ਪਰ ਸੰਪਰਕ ਨਾ ਬਣ ਸਕਿਆ। ਉਹਨਾਂ ਕੋਲ ਇੰਤਜ਼ਾਰ ਕਰਨ ਤੇ ਸ਼ਟਲ ਦੇ ਸੰਚਾਰ ਸਿਸਟਮ ਨੂੰ ਠੀਕ ਕਰਨ ਤੋਂ ਇਲਾਵਾ ਹੋ ਕੋਈ ਚਾਰਾ ਨਹੀਂ ਸੀ, ਕਿਓਂਕਿ ਖਰਾਬ ਹੋਏ ਪੁਰਜ਼ੇ 'ਕਲਪਨਾ' ਤੋਂ ਮੰਗਵਾਉਣੇ ਪੈਣੇ ਸਨ। ਪੂਰਾ ਦਿਨ ਉਹਨਾਂ ਨੇ 'ਕਲਪਨਾ' ਨਾਲ਼ ਸੰਪਰਕ ਕਰਨ ਦਾ ਕੋਈ ਹੋਰ ਤਰੀਕਾ ਲੱਭਣ ਵਿੱਚ ਗ਼ੁਜ਼ਾਰ ਦਿੱਤਾ, ਪਰ ਉਹਨਾਂ ਨੂੰ ਕੋਈ ਹੋਰ ਜ਼ਰੀਆ ਨਹੀਂ ਲੱਭ ਰਿਹਾ ਸੀ। ਜਿਵੇਂ ਹੀ ਰਾਤ ਹੋਈ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਇੱਕ ਲੰਬੀ ਰੌਸ਼ਨੀ ਦੀ ਤਰੰਗ ਉਹਨਾਂ ਦੀ ਸ਼ਟਲ ਤੋਂ ਨਿੱਕਲ ਕੇ ਅਕਾਸ਼ ਵੱਲ੍ਹ ਜਾਣ ਲੱਗੀ।
'ਇਹ ਰੌਸ਼ਨੀ ਕੀ ਹੋ ਸਕਦੀ ਹੈ?' ਰੌਬਰਟ ਬੋਲਿਆ।
'ਹਾਂ, ਬੜੀ ਅਜੀਬ ਗੱਲ ਹੈ ਇਹ ਸ਼ਟਲ ਵਿੱਚੋਂ ਨਿੱਕਲ ਕੇ ਉੱਪਰ ਅਸਮਾਨ ਵੱਲ੍ਹ ਵੀ ਜਾ ਰਹੀ ਹੈ।' ਥੌਮਸ ਬੋਲਿਆ।
'ਪਰ ਇਹ ਸ਼ਟਲ ਤੋਂ ਕਿਵੇਂ ਨਿੱਕਲ ਰਹੀ ਹੈ। ਸ਼ਟਲ ਵਿੱਚ ਤਾਂ ਅਜਿਹੀ ਕੋਈ ਚੀਜ਼ ਨਹੀਂ।' ਚੰਦਰ ਬੋਲਿਆ। ਫੇਰ ਨੀਲ ਤੇ ਯੂਰੀ ਨੂੰ ਮੁਖਾਤਿਬ ਹੁੰਦਾ ਬੋਲਿਆ - 'ਕੀ ਅਜਿਹੀ ਕੋਈ ਚੀਜ਼ ਸ਼ਟਲ ਵਿੱਚ ਹੈ?'
'ਨਹੀਂ, ਸਾਡੀ ਜਾਣਕਾਰੀ ਵਿੱਚ ਤਾਂ ਨਹੀਂ। ਪਰ ਚਲੋ ਅੰਦਰ ਚੱਲ ਕੇ ਦੇਖਦੇ ਹਾਂ।' ਉਹ ਦੋਵੇਂ ਇੱਕੋ ਵੇਲੇ ਬੋਲੇ।
ਜਿਵੇਂ ਹੀ ਉਹ ਸ਼ਟਲ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਅਜਿਹਾ ਕੁੱਝ ਨਹੀਂ ਦੀਖਿਆ ਜੋ ਰੌਸ਼ਨੀ ਉਪਰ ਨੂੰ ਭੇਜ ਰਿਹਾ ਹੋਵੇ।
'ਚਲੋ ਇੱਕ ਵਾਰ 'ਕਲਪਨਾ' ਨਾਲ਼ ਸੰਪਰਕ ਕਰਕੇ ਦੇਖਦੇ ਹਾਂ। ਕੀ ਪਤਾ ਹੋ ਹੀ ਜਾਵੇ!' ਯੂਰੀ ਨੇ ਕਿਹਾ।
ਤੇ ਸੱਚਮੁੱਚ ਉਹਨਾਂ ਦਾ 'ਕਲਪਨਾ' ਨਾਲ਼ ਸੰਪਰਕ ਹੋ ਗਿਆ। ਉੱਧਰੋਂ ਵੀ ਟੀਮ ਦਾ ਇੰਚਾਰਜ ਬੋਲਿਆ - 'ਅਸੀਂ ਵੀ ਤੁਹਾਡੇ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੂਰਜੀ ਚਮਕਾਂ ਨਾਲ਼ ਸਾਡੇ ਸੰਚਾਰ ਸਿਸਟਮ ਤੇ ਵੀ ਪ੍ਰਭਾਵ ਪਿਆ ਹੈ। ਅਸੀਂ ਕੁੱਝ ਨਹੀਂ ਕੀਤਾ, ਪਰ ਹੁਣ ਆਪਣੇ ਆਪ ਤੁਹਾਡੇ ਨਾਲ਼ ਸੰਪਰਕ ਹੋ ਗਿਆ।'
ਯੂਰੀ ਤੇ ਨੀਲ ਨੇ ਸਲਾਹ ਦਿੱਤੀ -'ਹੁਣ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਜਲਦੀ ਨਾਲ਼ ਸ਼ਟਲ ਨੂੰ ਉਡਾਣ ਦੀ ਤਿਆਰੀ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਸੰਪਰਕ ਦੇ ਹੁੰਦੇ ਹੁੰਦੇ 'ਕਲਪਨਾ' ਤੱਕ ਪੁੱਜ ਜਾਈਏ।'
ਸਾਰੇ ਉਹਨਾਂ ਦੀ ਰਾਏ ਨਾਲ਼ ਸਹਿਮਤ ਸਨ। ਰਾਤ ਦੇ ਹਨੇਰੇ ਵਿੱਚ ਹੀ, ਪੱਥਪ੍ਰਦ੍ਰਸ਼ਿਕ ਰੌਸ਼ਨੀ ਦੀ ਇੱਕ ਤਰੰਗ ਦੇ ਸਹਾਰੇ, ਉਹਨਾਂ ਨੇ 'ਗੰਧਰਵ' ਗ੍ਰਹਿ ਨੂੰ ਵਿਦਾ ਆਖ ਕੇ ਸ਼ਟਲ ਦੀ ਆਖਰੀ ਉਡਾਣ ਭਰ ਦਿੱਤੀ।
ਕੁੱਝ ਘੰਟਿਆਂ ਬਾਅਦ ਉਹ 'ਕਲਪਨਾ' ਦੇ ਕੋਲ਼ ਸਨ। ਰੀਨਾ ਤੇ ਉਹਨਾਂ ਦੇ ਹੋਰ ਸਾਥੀ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਖੜੇ ਸਨ। ਉਹਨਾਂ ਨੇ ਦੂਰ ਤੋਂ ਹੀ ਉਹਨਾਂ ਨੂੰ ਹੱਥ ਹਿਲਾਇਆ, ਕਿਉਂਕਿ ਅਜੇ ਉਹਨਾਂ ਨੂੰ ਕੁੱਝ ਸਮਾਂ ਕੁਆਰਨਟੀਨ ਕਰਨਾ ਪੈਣਾ ਸੀ।
ਉਹ ਸਾਰੇ ਜਾਣੇ ਸੋਚ ਹੀ ਰਹੇ ਸਨ ਕਿ ਉਹ ਰਹੱਸਮਈ ਰੌਸ਼ਨੀ ਕੀ ਹੋ ਸਕਦੀ ਹੈ। ਫੇਰ ਉਹਨਾਂ ਨੂੰ ਆਪਣਾ ਸਾਂਝਾ ਸੁਪਨਾ ਯਾਦ ਆਇਆ। 'ਅਕਾਸ਼ਬਾਣੀ' ਨੇ ਉਹਨਾਂ ਦੀ ਗੰਧਰਵ ਗ੍ਰਹਿ ਤੋਂ ਜਾਣ ਲਈ ਮਦਦ ਕਰਨ ਦਾ ਵਾਅਦਾ ਕੀਤਾ ਸੀ। ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਰੌਸ਼ਨੀ ਗੰਧਰਵ ਗ੍ਰਹਿ ਦੀ ਰਹਸਮਈ ਸੰਗਠਿਤ ਚੇਤਨਾ ਦਾ ਹੀ ਕਾਰਨਾਮਾ ਹੋ ਸਕਦਾ ਹੈ। ਉਹਨਾਂ ਦੇ ਮਨ ਵਿੱਚ ਉਸ ਚੇਤਨਾ ਲਈ ਧੰਨਵਾਦ ਦੇ ਭਾਵ ਪੈਦਾ ਹੋਏ!
ਰੌਬਰਟ ਦੇ ਆਦੇਸ਼ ਤੇ 'ਕਲਪਨਾ' ਦੀ ਕਰੂ ਨੇ ਯਾਨ ਨੂੰ ਵਾਪਿਸ ਪ੍ਰਿਥਵੀ ਵੱਲ੍ਹ ਮੋੜ ਦਿੱਤਾ। ਸੂਰਜੀ ਚਮਕਾਂ ਹੋਰ ਤੇਜ਼ ਹੋ ਰਹੀਆਂ ਸਨ। ਉਹ ਜਲਦੀ ਜਲਦੀ ਉੱਥੋਂ ਦੂਰ ਚਲੇ ਜਾਣਾ ਚਾਹੁੰਦੇ ਸਨ, ਆਪਣੀ ਧਰਤੀ ਵੱਲ੍ਹ ਨੂੰ ...