Bhulaven Akhar
ਭੁਲਾਵੇਂ ਅੱਖਰ
ਅਮਨਦੀਪ ਸਿੰਘ
ਅਮਨਦੀਪ ਸਿੰਘ
ਕਦੇ ਤੁਸੀਂ ਸੋਚਿਆ ਹੈ ਕਿ ਜਦੋਂ ਅਸੀਂ ਕੋਈ ਭਾਸ਼ਾ ਜਾਂ ਲਿਪੀ ਸਿੱਖਦੇ ਹਾਂ ਤਾਂ ਅਸੀਂ ਭੁਲਾਵੇਂ ਅੱਖਰ ਕਿਓਂ ਵਰਤਦੇ ਹਾਂ? ਤਾਂ ਜੋ ਅਸੀਂ ਵੱਖ-ਵੱਖ ਤਰ੍ਹਾਂ ਦੇ ਅੱਖਰ ਸਿੱਖ ਸਕੀਏ ਤੇ ਯਾਦ ਰੱਖ ਸਕੀਏ! ਜੇ ਅਸੀਂ ਵਰਣਕ੍ਰਮ ਅਨੁਸਾਰ ਸਿੱਖਣ ਦੀ ਕੋਸ਼ਿਸ ਕਰਦੇ ਰਹੀਏ ਤੇ ਰੱਟਾ ਮਾਰਦੇ ਰਹੀਏ ਤਾਂ ਅਸੀਂ ਉਹਨਾਂ ਅੱਖਰਾਂ ਨੂੰ ਯਾਦ ਤਾਂ ਰੱਖ ਸਕਾਂਗੇ ਪਰ ਸਿੱਖ ਨਹੀਂ ਸਕਾਂਗੇ। ਇਸ ਕਰਕੇ ਭੁਲਾਵੇਂ ਅੱਖਰ ਨਵੀਂ ਲਿੱਪੀ ਨੂੰ ਸਿੱਖਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।
ਆਓ ਹੁਣ ਜਾਣੀਏ, ਅਸੀਂ ਕੋਈ ਵੀ ਨਵਾਂ ਵਿਸ਼ਾ ਜਾਂ ਸੰਕਲਪ ਆਸਾਨੀ ਨਾਲ਼ ਕਿਵੇਂ ਸਿੱਖ ਸਕਦੇ ਹਾਂ? ਜਾਂ ਫਿਰ ਕੋਈ ਕਿਤਾਬ ਪੜ੍ਹ ਕੇ ਅਸੀਂ ਉਸਨੂੰ ਆਸਾਨੀ ਨਾਲ਼ ਕਿਵੇਂ ਯਾਦ ਰੱਖ ਸਕਦੇ ਹਾਂ? ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਆਮ ਜਾਣਕਾਰੀ ਵਾਸਤੇ ਕਿਤਾਬ ਪੜ੍ਹਦੇ ਹਾਂ ਤੇ ਕੁੱਝ ਚਿਰ ਬਾਅਦ ਉਸਨੂੰ ਭੁੱਲ ਜਾਂਦੇ ਹਾਂ। ਜੇ ਓਹੀ ਕਿਤਾਬ ਅਸੀਂ ਸਕੂਲ ਦੇ ਪਾਠਕ੍ਰਮ ਵਿੱਚ ਪੜ੍ਹੀ ਹੁੰਦੀ ਤਾਂ ਸ਼ਾਇਦ ਉਸ ਵਿੱਚੋਂ ਕੁੱਝ ਯਾਦ ਰਹਿ ਜਾਂਦਾ, ਕਿਓਂਕਿ ਪਾਠਕ੍ਰਮ ਤੇ ਇਮਤਿਹਾਨ ਵਿੱਚ ਹੋਣ ਕਰਕੇ ਅਸੀਂ ਉਸਨੂੰ ਚੰਗੀ ਤਰ੍ਹਾਂ ਮਨ ਲਗਾ ਕੇ ਪੜ੍ਹਿਆ ਹੋਵੇਗਾ, ਤੇ ਉਸ ਵਿਚਲੇ ਮਹੱਤਵਪੂਰਨ ਸੰਕਲਪ ਸਮਝਣ ਲਈ ਆਪਣੇ ਅਧਿਆਪਕ, ਜਮਾਤੀਆਂ, ਦੋਸਤਾਂ, ਤੇ ਪਰਿਵਾਰਿਕ ਮੈਂਬਰਾਂ ਨਾਲ਼ ਉਸ ਸੰਬੰਧ ਵਿੱਚ ਵਿਚਾਰ-ਵਿਮਰਸ਼ ਵੀ ਕੀਤਾ ਹੋ ਸਕਦਾ ਹੈ, ਜਿਸ ਕਰਕੇ ਉਹ ਸੰਕਲਪ ਸਾਨੂੰ ਅੱਜ ਵੀ ਯਾਦ ਹੋ ਸਕਦੇ ਹਨ।
ਜੇ ਇਹੀ ਤਰੀਕਾ ਅਸੀਂ ਕਿਸੇ ਨਵੀਂ ਕਿਤਾਬ, ਸੰਕਲਪ, ਜਾਂ ਕੋਈ ਖੇਡ ਸਿੱਖਣ ਲਈ ਵਰਤੀਏ ਤਾਂ ਸਹਿਜੇ ਹੀ ਅਸੀਂ ਉਸਨੂੰ ਸਮਝ ਸਕਦੇ ਹਾਂ, ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ, ਤੇ ਉਸਦੇ ਮਾਹਿਰ ਜਾਂ ਮਾਸਟਰ ਬਣ ਸਕਦੇ ਹਾਂ। ਇੱਕ ਅਜਿਹਾ ਹੀ ਤਰੀਕਾ ਨੋਬਲ ਪੁਰਸਕਾਰ ਵਿਜੇਤਾ ਭੌਤਿਕ ਵਿਗਿਆਨੀ ਰਿਚਰਡ ਫੇਨਮਨ (1918-1988) ਨੇ ਵਿਕਸਿਤ ਕੀਤਾ ਸੀ। ਗਹਿਰੀ ਪੜ੍ਹਾਈ ਤੇ ਸਿੱਖਣ ਦੇ ਇਸ ਤਰੀਕੇ ਦੇ ਚਾਰ ਚਰਣ ਹਨ:
1. ਪੜ੍ਹਾਈ - ਇਹ ਪਹਿਲਾ ਚਰਣ ਹੈ ਤੇ ਸੌਖਾ ਵੀ ਹੈ। ਤੁਹਾਨੂੰ ਸਿਰਫ਼ ਕੋਈ ਵੀ ਵਿਸ਼ਾ ਚੁਣਨਾ ਹੈ ਤੇ ਉਸਦੇ ਵਾਰੇ ਵਿੱਚ ਪੜ੍ਹਨਾ ਹੈ। ਪਰ ਪੜ੍ਹਦੇ ਹੋਏ ਤੁਹਾਨੂੰ ਸਿਰਫ਼ ਉਸਦੇ ਵਾਰੇ ਉਹ ਸਭ ਕੁੱਝ ਲਿਖਣਾ ਹੈ ਜੋ ਤੁਹਾਨੂੰ ਪਤਾ ਲੱਗ ਰਿਹਾ ਹੈ। ਫਿਰ ਉਸਨੂੰ ਮਹਤਵਪੂਰਣ ਭਾਗਾਂ ਵਿੱਚ ਵੰਡ ਕੇ, ਸੰਪੂਰਨ ਤੌਰ ਤੇ ਉਸਨੂੰ ਸਮਝਣ ਦੀ ਕੋਸ਼ਿਸ ਕਰੋ।
2. ਸਿਖਾਣਾ - ਜਦੋਂ ਤੁਸੀਂ ਉਸ ਵਿਸ਼ੇ ਨੂੰ ਪੂਰਾ ਪੜ੍ਹ ਲਿਆ ਤਾਂ ਉਸਨੂੰ ਕਿਸੇ ਵਿਅਕਤੀ (ਖ਼ਾਸ ਤੌਰ ਤੇ ਬੱਚੇ ਨੂੰ) ਨੂੰ ਸਿਖਾਉਣ ਦੀ ਕੋਸ਼ਿਸ ਕਰੋ। ਤੁਸੀਂ ਕਿਸੇ ਨਿਰਜੀਵ ਚੀਜ਼ (ਪੁਤਲੇ) ਜਾਂ ਪਾਲਤੂ ਜਾਨਵਰ ਨੂੰ ਵੀ ਸਿੱਖਾ ਸਕਦੇ ਹੋ। ਪਰ ਕਿਸੇ ਵਿਅਕਤੀ ਜਾਂ ਬੱਚੇ ਨੂੰ ਸਿਖਾਉਣ ਵਿੱਚ ਇੱਕ ਖ਼ਾਸ ਲਾਭ ਹੈ ਕਿ ਉਹ ਤੁਹਾਨੂੰ ਉਸ ਸੰਬਧੀ ਪ੍ਰਸ਼ਨ ਪੁੱਛ ਸਕਦੇ ਹਨ। ਜਿਵੇਂ ਜਿਵੇਂ ਉਹ ਸਵਾਲ ਪੁੱਛਣਗੇ, ਤੇ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਦੇ ਸਕੋਂਗੇ ਤਾਂ ਤੁਹਾਨੂੰ ਆਪਣੀ ਸਮਝ ਵਿੱਚ ਖਾਲੀ ਥਾਵਾਂ ਜਾਂ ਕਮਜ਼ੋਰੀਆਂ ਨਜ਼ਰ ਆਉਣਗੀਆਂ। ਜੋ ਕਿ ਚੰਗੀ ਗੱਲ ਹੈ, ਕਿਉਂਕਿ ਤੁਸੀਂ ਦੁਬਾਰਾ ਤੋਂ ਪੜ੍ਹਾਈ ਕਰਕੇ ਉਹਨਾਂ ਖਾਲੀ ਥਾਵਾਂ ਨੂੰ ਭਰ ਸਕਦੇ ਹੋ। ਸਿਖਾਉਣ ਵਾਸਤੇ ਤੁਸੀਂ ਕਿਸੇ ਕਲਾਸ ਨੂੰ ਲੈਕਚਰ ਵੀ ਦੇ ਸਕਦੇ ਹੋ ਜਾਂ ਮਹਿਮਾਨ ਅਧਿਆਪਕ (ਸਵੈ ਸੇਵਕ - ਬਿਨਾਂ ਕਿਸੇ ਮਿਹਨਤਾਨੇ ਦੇ) ਬਣ ਕੇ ਜਾ ਸਕਦੇ ਹੋ। ਪੁਰਾਣੀ ਕਹਾਵਤ ਹੈ ਕਿ ਗਿਆਨ ਵੰਡਣ ਨਾਲ਼ ਹੋਰ ਵਧਦਾ ਹੈ!
3. ਖਾਲੀ ਥਾਵਾਂ ਭਰਨੀਆਂ - ਇਸ ਚਰਣ ਦਾ ਮਹੱਤਵ ਖਾਲੀ ਥਾਵਾਂ ਨੂੰ ਭਰਨਾ ਜਾਂ ਕਮਜ਼ੋਰੀਆਂ ਨੂੰ ਦੂਰ ਕਰਕੇ, ਉਸ ਵਿਸ਼ੇ ਵਾਰੇ ਆਪਣੀ ਸਮਝ ਨੂੰ ਮਜ਼ਬੂਤ ਕਰਨਾ ਹੈ। ਉਸ ਜਾਣਕਾਰੀ ਨੂੰ ਤਲਾਸ਼ ਕਰਨਾ ਹੈ ਜੋ ਤੁਹਾਡੀ ਰਣਨੀਤੀ ਨੂੰ ਪ੍ਰਭਾਵਸ਼ਾਲੀ ਬਣਾ ਸਕਦੀ ਹੈ ਤੇ ਤੁਸੀਂ ਉਸ ਵਿਸ਼ੇ ਦਾ ਹੋਰ ਗਹਿਰਾ ਅਧਿਐਨ ਕਰ ਸਕਦੇ ਹੋ। ਆਪਣੀਆਂ ਕਮਜ਼ੋਰੀਆਂ ਸਮਝਣ ਲਈ ਜਾਂ ਖਾਲੀ ਥਾਵਾਂ ਭਰਨ ਲਈ, ਤੁਸੀਂ ਉਸ ਵਿਸ਼ੇ ਦੇ ਪ੍ਰੈਕਟਿਸ ਟੈਸਟ ਵੀ ਹੱਲ ਕਰ ਸਕਦੇ ਹੋ।
4. ਸੌਖਾ ਕਰਨਾ - ਹੁਣ ਜਦੋਂ ਤੁਸੀਂ ਉਸ ਵਿਸ਼ੇ ਦਾ ਤਿੰਨ ਵਾਰ ਅਧਿਐਨ ਕਰ ਲਿਆ ਹੈ, ਤਾਂ ਤੁਸੀਂ ਉਸ ਦੇ ਉਸਤਾਦ ਬਣ ਗਏ ਹੋ, ਪਰ ਇੰਨੀ ਜਲਦੀ ਨਹੀਂ ... ਹੁਣ ਤੁਹਾਨੂੰ ਉਸ ਵਿਸ਼ੇ ਦੀ ਜਾਣਕਾਰੀ ਨੂੰ ਸੌਖਾ ਕਰਨਾ ਹੈ। ਇਹ ਚਰਣ ਔਖਾ ਵੀ ਹੈ, ਪਰ ਉਸ ਵਿਸ਼ੇ ਦੀ ਪੂਰਨ ਜਾਣਕਾਰੀ ਲੈਣ ਲਈ ਬਹੁਤ ਜ਼ਰੂਰੀ ਹੈ। ਜੇ ਤੁਸੀਂ ਉਹ ਵਿਸ਼ਾ ਸੌਖੇ ਸ਼ਬਦਾਂ ਵਿੱਚ ਕਿਸੇ ਬੱਚੇ ਨੂੰ ਜਾਂ ਆਮ ਵਿਅਕਤੀ ਦੀ ਸਿੱਧੀ ਭਾਸ਼ਾ ਵਿੱਚ ਸਮਝਾ ਸਕਦੇ ਹੋ ਤਾਂ ਤੁਹਾਨੂੰ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੈ, ਤੇ ਤੁਸੀਂ ਉਸਦੇ ਉਸਤਾਦ ਬਣ ਗਏ ਹੋ। ਅਜਿਹਾ ਕਰਨ ਨਾਲ਼ ਤੁਹਾਨੂੰ ਉਸ ਵਿਸ਼ੇ ਦੇ ਮਹਤਵਪੂਰਣ ਭਾਗਾਂ ਨੂੰ ਇੱਕ ਵਾਰ ਫੇਰ ਸਮਝਣ ਤੇ ਜੋੜਨ ਲਈ ਥੋੜ੍ਹਾ ਹੋਰ ਜ਼ੋਰ ਲਗਾਉਣਾ ਪਏਗਾ! ਤੁਸੀਂ ਉਸਨੂੰ ਉੱਚੀ ਅਵਾਜ਼ ਵਿੱਚ ਵੀ ਪੜ੍ਹ ਸਕਦੇ ਹੋ। ਉਸਨੂੰ ਇਸ ਤਰ੍ਹਾਂ ਜੋੜ ਸਕਦੇ ਹੋ ਜਿਵੇਂ ਕੋਈ ਕਹਾਣੀ ਸੁਣਾ ਰਹੇ ਹੋਵੋਂ। ਜੇ ਤੁਹਾਨੂੰ ਫੇਰ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਉਸਨੂੰ ਵਾਰ-ਵਾਰ ਦੁਹਰਾ ਕੇ ਅਭਿਆਸ ਕਰ ਸਕਦੇ ਹੋ। ਪਰ ਅਭਿਆਸ ਹੁਸ਼ਿਆਰੀ ਨਾਲ਼ ਕਰਨਾ ਹੈ, ਨਾ ਕਿ ਰੱਟਾ ਲਗਾਉਣਾ ਹੈ! ਉਦੋਂ ਤੱਕ ਅਭਿਆਸ ਕਰਦੇ ਰਹਿਣਾ ਹੈ ਜਦੋਂ ਤੱਕ ਤੁਸੀਂ ਉਸਨੂੰ ਇੱਕ ਕਹਾਣੀ ਵਾਂਗ ਨਹੀਂ ਦੱਸ ਦਕਦੇ। ਜੇ ਤੁਸੀਂ ਰੱਟਾ ਨਹੀਂ ਲਗਾਉਗੇ ਸਗੋਂ ਅਰਾਮ ਨਾਲ਼ ਲਗਾਤਾਰ ਰੋਜ਼ ਅਭਿਆਸ ਕਰੋਗੇ ਤਾਂ ਤੁਸੀਂ ਉਸ ਵਿਸ਼ੇ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹੋ। ਤੇ ਤੁਹਾਨੂੰ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਪੜ੍ਹਨ ਲਈ ਜਾਗਣਾ ਨਹੀਂ ਪਏਗਾ!
ਸੁਰੀਲਾ ਗਲ਼ਾ ਤਾਂ ਕੁਦਰਤੀ ਹੁੰਦਾ ਹੈ, ਪਰ ਸੰਗੀਤ ਅਜਿਹੀ ਵਿੱਦਿਆ ਹੈ ਜੋ ਮਿਹਨਤ ਤੇ ਸਮੇਂ ਨਾਲ਼ ਸਿੱਖੀ ਜਾ ਸਕਦੀ ਹੈ। ਜੇ ਤੁਸੀਂ ਕਿਸੇ ਉਸਤਾਦ ਤੋਂ ਸਿੱਖੋ, ਤੇ ਦਸ ਸਾਲ ਹਰ ਰੋਜ਼ ਦਸ ਮਿੰਟ ਮਨ ਲਗਾਕੇ, ਡੁੱਬ ਕੇ ਗਹਿਰਾ ਅਧਿਐਨ ਕਰੋ ਤਾਂ ਤੁਸੀਂ ਸੰਗੀਤ ਸਿੱਖ ਸਕਦੇ ਹੋ। ਪਰ ਸਿੱਖਣ ਦੇ ਨਾਲ਼ ਨਾਲ਼ ਤੁਹਾਨੂੰ ਜਿੱਥੇ ਮੌਕਾ ਮਿਲ਼ੇ ਜਾਂ ਕਿਸੇ ਧਾਰਮਿਕ ਸਥਾਨ 'ਤੇ ਭਜਨ ਜਾਂ ਸ਼ਬਦ ਰਾਹੀਂ ਆਪਣੀ ਸੰਗੀਤ ਕਲਾ ਨੂੰ ਪੇਸ਼ ਵੀ ਕਰਦੇ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਖੇਲ੍ਹ ਵਿੱਚ ਪਰਿਪੱਕ ਹੋਣਾ ਹੈ ਤਾਂ ਮੈਦਾਨ ਵਿੱਚ ਅਭਿਆਸ ਕਰਦੇ ਹੋਏ ਰੁਕਾਵਟਾਂ ਪੈਦਾ ਕਰੋ, ਮੁਸ਼ਕਲਾਂ ਬਣਾਓ ਤੇ ਉਹਨਾਂ ਨੂੰ ਪਾਰ ਕਰੋ। ਬ੍ਰਾਜ਼ੀਲ ਦੇ ਖਿਡਾਰੀ ਫੁੱਟਬਾਲ ਵਿੱਚ ਚੈਂਪੀਅਨ ਹਨ, ਕਿਉਂਕਿ ਉਹ ਫੁੱਟਬਾਲ ਦਾ ਅਭਿਆਸ, ਹੁਸ਼ਿਆਰੀ ਨਾਲ਼ ਕਿਸੇ ਛੋਟੇ ਹਾਲ (ਫੁੱਟਬਾਲ ਦੇ ਮੈਦਾਨ ਤੋਂ ਕਾਫ਼ੀ ਛੋਟਾ) ਦੇ ਅੰਦਰ ਰੁਕਾਵਟਾਂ ਲਗਾ ਕੇ, ਛੋਟੀ ਤੇ ਸਖ਼ਤ ਗੇਂਦ ਨਾਲ਼ ਖੇਲ੍ਹਦੇ ਹਨ, ਜਿਸਨੂੰ ਕਿ ਫੁੱਟਸਾਲ ਆਖਦੇ ਹਨ। ਜਿਸਦਾ ਮਕਸਦ ਰੌਚਿਕ ਤੇ ਰਚਨਾਤਮਕ ਤਰੀਕੇ ਨਾਲ਼ ਖਿਡਾਰੀਆਂ ਦੀ ਖੇਡ ਤਕਨੀਕ ਦਾ ਸੁਧਾਰ ਕਰਨਾ ਹੁੰਦਾ ਹੈ।