ਸੈਫ਼-ਉਲ-ਮਲੂਕ
- ਮੀਆਂ ਮੁਹੰਮਦ ਬਖ਼ਸ਼
ਅੱਵਲ ਹਮਦ ਸੁਣਾ ਇਲਾਹੀ ਜੋ ਮਾਲਿਕ ਹਰ ਹਰ ਦਾ
ਉਸ ਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਨਾ ਹਰਦਾ
ਆਪ ਮਕਾਨੋਂ ਖ਼ਾਲੀ ਉਸ ਥੀਂ ਕੋਈ ਮਕਾਨ ਨਾ ਖ਼ਾਲੀ
ਹਰ ਵੇਲੇ ਹਰ ਚੀਜ਼ ਮੁਹੰਮਦ ਰੱਖਦਾ ਨਿੱਤ ਸੰਭਾਲੀ
ਰਹਿਮਤ ਦਾ ਮੀਂਹ ਪਾ ਖ਼ੁਦਾਇਆ ਬਾਗ਼ ਸੁੱਕਾ ਕਰ ਹਰਿਆ
ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰਿਆ ਭਰਿਆ
ਮਾਲੀ ਦਾ ਕੰਮ ਪਾਣੀ ਦੇਣਾਂ, ਭਰ ਭਰ ਮਸ਼ਕਾਂ ਪਾਵੇ ।
ਮਾਲਿਕ ਦਾ ਕੰਮ ਫਲ ਫੁਲ ਲਾਉਣਾ, ਲਾਵੇ ਜਾਂ ਨਾ ਲਾਵੇ ।
ਬਾਦਸ਼ਾਹਾਂ ਥੀਂ ਭੀਖ ਮੰਗਾਵੇ, ਤਖ਼ਤ ਬਹਾਵੇ ਘਾਹੀ ।
ਕੁਝ ਪਰਵਾਹ ਨਹੀਂ ਘਰ ਉਸਦੇ, ਦਾਇਮ ਬੇਪਰਵਾਹੀ ।
ਲੋਇ ਲੋਇ ਭਰ ਲੈ ਕੁੜੀਏ, ਜੇ ਤੁਧਿ ਭਾਂਡਾ ਭਰਨਾ ।
ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰਿ ਜਾਂਦੀ ਨੇ ਡਰਨਾ ।
ਸਦਾ ਨਾਂ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਹੁਸਨ ਜਵਾਨੀ ਮਾਪੇ, ਸਦਾ ਨਾ ਸੋਹਬਤ ਯਾਰਾਂ
ਬਾਗ਼ ਬਹਾਰਾਂ ਤੇ ਗੁਲਜ਼ਾਰਾਂ, ਬਿਨ ਯਾਰਾਂ ਕਿਸ ਕਾਰੀ ?
ਯਾਰ ਮਿਲੇ ਦੁਖ ਜਾਣ ਹਜ਼ਾਰਾਂ, ਸ਼ੁਕਰ ਕਹਾਂ ਲਖ ਵਾਰੀ ।
ਉੱਚੀ ਜਾਈ ਨੇਂਹੁੰ ਲਗਾਇਆ, ਬਣੀ ਮੁਸੀਬਤ ਭਾਰੀ ।
ਯਾਰਾਂ ਬਾਜ੍ਹ ਮੁਹੰਮਦ ਬਖ਼ਸ਼ਾ, ਕੌਣ ਕਰੇ ਗ਼ਮਖ਼ਾਰੀ ।
ਬਾਬੇ ਨਾਨਕ ਬਾਣੀ ਅੰਦਰ, ਬਾਤ ਕਹੀ ਇਕ ਚੰਗੀ ।
ਵਸਿ ਹੋਇਆ ਮੁੜ ਜਾਂਦਾ ਨਾਹੀਂ, ਰੀਤ ਸਜਨ ਦੀ ਚੰਗੀ ।
ਬੇਲੀ ਬੇਲੀ ਹਰਕ ਕੋਈ ਕਹਿੰਦਾ ਅਲਬੇਲੀ ਵੀ ਬੇਲੀ
ਉਸ ਵੇਲੇ ਦਾ ਕੋਈ ਨਾ ਬੇਲੀ ਜਦ ਨਿੱਕਲੇ ਜਾਨ ਅਕੇਲੀ
ਲੈ ਹੁਣ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ
ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ