-ਅਮਨਦੀਪ ਸਿੰਘ
ਸਟੀਫ਼ਨ ਹਾਕਿੰਗ ਦੇ ਮੁਤਾਬਿਕ ਵੱਡੇ ਧਮਾਕੇ (Big Bang) ਤੋਂ ਪਹਿਲਾਂ ਸਮਾਂ ਜਾਂ ਕਾਲ ਮੌਜੂਦ ਨਹੀਂ ਸੀ, ਕਿਸੇ ਸ਼ਕਤੀ ਨੇ ਬ੍ਰਹਿਮੰਡ ਨੂੰ ਨਹੀਂ ਸਿਰਜਿਆ ਅਤੇ ਨਾ ਹੀ ਕੋਈ ਸਾਡੀ ਕਿਸਮਤ ਲਿਖਦਾ ਹੈ। ਕੋਈ ਸੁਰਗ ਜਾਂ ਨਰਕ ਨਹੀਂ ਹਨ ਅਤੇ ਨਾ ਹੀ ਮੌਤ ਤੋਂ ਬਾਅਦ ਜ਼ਿੰਦਗੀ ਹੈ। ਸਾਡੇ ਕੋਲ਼ ਬ੍ਰਹਿਮੰਡ ਦਾ ਮਹਾਨ ਡਿਜ਼ਾਈਨ ਸਲਾਹੁਣ ਲਈ ਸਿਰਫ਼ ਇੱਕੋ-ਇੱਕ ਇਹੀ ਜ਼ਿੰਦਗੀ ਹੈ, ਅਤੇ ਉਸਦੇ ਲਈ ਮੈਂ ਸ਼ੁਕਰਗ਼ੁਜ਼ਾਰ ਹਾਂ।
ਬਹੁਤ ਹੀ ਮਹੀਨ ਕਾਲ਼ੇ ਖੂਹ, ਅਤੇ ਅੱਜ-ਕੱਲ੍ਹ ਦੇ ਕਾਲ਼ੇ ਖੂਹ ਸਾਨੂੰ ਇਹ ਦਰਸਾਉਂਦੇ ਹਨ ਕਿ ਵੱਡੇ ਧਮਾਕੇ ਤੋਂ ਪਹਿਲਾਂ ਸਮੇਂ ਨੂੰ ਵੀ ਰੁਕਣਾ ਪਿਆ ਹੋਵੇਗਾ। ਤੁਸੀਂ ਵੱਡੇ ਧਮਾਕੇ ਤੋਂ ਪਹਿਲਾਂ ਦੇ ਸਮੇਂ ਤੱਕ ਨਹੀਂ ਪਹੁੰਚ ਸਕਦੇ ਕਿਓਂਕਿ ਉਸਤੋਂ ਪਹਿਲਾਂ ਸਮਾਂ ਸੀ ਹੀ ਨਹੀਂ। ਆਖਿਰਕਾਰ ਅਸੀਂ ਉਹ ਲੱਭ ਲਿਆ ਹੈ ਜਿਸਦਾ ਕੋਈ ਕਾਰਨ ਨਹੀਂ ਹੈ, ਕਿਓਂਕਿ ਕਾਰਨ ਦੀ ਹੋਂਦ ਵੇਲੇ ਸਮਾਂ ਨਹੀਂ ਸੀ। ਸਟੀਫ਼ਨ ਹਾਕਿੰਗ ਦੇ ਲਈ ਇਸਦਾ ਇਹ ਮਤਲਬ ਹੈ ਕਿ ਕਰਤਾ ਦੀ ਸੰਭਾਵਨਾ ਵੀ ਨਹੀਂ ਹੈ, ਕਿਓਂਕਿ ਕਰਤਾ ਦੀ ਹੋਂਦ ਲਈ ਵੀ ਸਮਾਂ ਨਹੀਂ ਸੀ। ਕਿਓਂਕਿ ਸਮੇ ਦੀ ਸ਼ੁਰੂਆਤ ਵੀ ਵੱਡੇ ਧਮਾਕੇ ਦੇ ਪਲ ਵੇਲੇ ਹੀ ਹੋਈ ਸੀ, ਜੋ ਇੱਕ ਘਟਨਾ ਸੀ ਜੋ ਕਿਸੇ ਵਿਅਕਤੀ ਵਿਸ਼ੇਸ਼ ਜਾਂ ਹੋਰ ਕਿਸੇ ਵਸਤ ਤੋਂ ਨਹੀਂ ਸੀ ਉਪਜੀ।
ਸਾਡੇ ਸਭ ਅੰਦਰ ਆਸਾਂ-ਉਮੀਦਾਂ, ਸੁਪਨੇ ਅਤੇ ਖਾਹਿਸ਼ਾਵਾਂ ਧੜਕਦੀਆਂ ਹਨ। ਰਿਨੇ ਡਿਸਕਾਰਟੇਸ (1596-1650 ਈ:) ਨੇ, ਜੋ ਕਿ ਇੱਕ ਫਰਾਂਸੀ ਦਾਰਸ਼ਨਿਕ ਸੀ, ਇਹ ਪ੍ਰਸਤਾਵ ਪੇਸ਼ ਕੀਤਾ ਕਿ ਮਨੁੱਖ ਦੋ ਹਿੱਸਿਆਂ ਸਰੀਰ ਅਤੇ ਦਿਮਾਗ਼ ਤੋਂ ਮਿਲ਼ ਕੇ ਬਣਿਆ ਹੈ। ਉਸਨੇ ਇਹ ਖੁਲਾਸਾ ਕੀਤਾ, “ਕਿਓਂਕਿ ਮੈਂ ਸੋਚਦਾ ਹਾਂ, ਇਸ ਲਈ ਮੈਂ ਹਾਂ”। ਉਸਨੇ ਇਹ ਸੁਝਾਇਆ ਕਿ ਦਿਮਾਗ਼ ਸਰੀਰ ਨਾਲ਼ ਪਿਨਿਅਲ ਗ੍ਰੰਥੀ (Pineal Gland) ਨਾਲ਼ ਜੁੜਿਆ ਹੋਇਆ ਹੈ।
ਮਨੁੱਖੀ ਦਿਮਾਗ਼ ਵਿੱਚ ਲੱਗਭੱਗ ਇੰਨੇ ਸੈੱਲ ਹਨ ਜਿੰਨੇ ਬ੍ਰਹਿਮੰਡ ਵਿੱਚ ਸਿਤਾਰੇ ਹਨ।
ਮਨੁੱਖੀ ਦਿਮਾਗ਼ ਬ੍ਰਹਿਮੰਡ ਦੀਆਂ ਸਭ ਰਚਨਾਵਾਂ ਵਿੱਚੋਂ ਸਭ ਤੋਂ ਵਿਲੱਖਣ ਅਤੇ ਸ਼ਾਨਦਾਰ ਰਚਨਾ ਹੈ। ਮਨੁੱਖੀ ਦਿਮਾਗ਼ ਦੀ ਬਣਤਰ ਨੂੰ ਸਮਝਣਾ ਅਤੇ ਬ੍ਰਹਿਮੰਡ ਦੇ ਰਹੱਸ ਨੂੰ ਜਾਨਣਾ, ਸਾਨੂੰ ਇਸ ਸਭ ਵਰਤਾਰੇ ਦਾ ਮਤਲਬ ਸਮਝਣ ਦੀ ਸੋਝੀ ਦੇ ਸਕਦਾ ਹੈ।
ਮਨੁੱਖ ਇਕ ਤਰ੍ਹਾਂ ਦਾ ਸਵੈ-ਸੁਚੇਤ ਜੀਵ ਹੈ।
ਸਰੀਰ ਅਤੇ ਦਿਮਾਗ਼ ਭੌਤਿਕ ਮਾਦੇ ਤੋਂ ਬਣੇ ਹੋਏ ਹਨ, ਅਤੇ ਮਨ ਇਸ ਮਾਦੇ ਦੀ ਪਲ ਪਲ ਬਦਲਦੀ ਅਵਸਥਾ ਦਾ ਫਲ਼ ਹੈ।
ਹਕੀਕਤ ਤਾਂ ਦਰਸ਼ਕ ਦੇ ਮਨ ਵਿੱਚ ਹੁੰਦੀ ਹੈ। ਅੱਖਾਂ ਆਸਪਾਸ ਦੇ ਸੰਸਾਰ ਨੂੰ ਵੇਖਣ ਦੇ ਯੋਗ ਹਨ, ਪਰ ਇਹ ਦਿਮਾਗ਼ ਹੈ ਜੋ ਅੱਖਾਂ ਤੋਂ ਮਿਲਦੇ ਕੱਚੇ ਸੰਕੇਤਾਂ ਨੂੰ ਤਿੰਨ-ਅਯਾਮੀ (3-D) ਚਿੱਤਰਾਂ ਵਿੱਚ ਰੂਪਾਂਤਰਿਤ ਕਰਕੇ ਉਹਨਾਂ ਨੂੰ ਹਕੀਕਤ ਵਿੱਚ ਬਦਲਦਾ ਹੈ।
ਇਹ ਸਧਾਰਣ ਮੰਨਣ ਵਾਲ਼ੀ ਗੱਲ ਹੈ ਕਿ ਸਾਡੇ ਗਿਆਨ ਦੀ ਇੱਕ ਬੁਨਿਆਦੀ ਸੀਮਾ ਹੈ। ਵਿਗਿਆਨ ਦੇ ਵਿੱਚ ਅਸੀਂ ਸਰਵੋਤਮ ਨਮੂਨੇ (Best-fit Model) ਬਣਾਉਂਦੇ ਹਾਂ। ਕਿਸੇ ਚੀਜ਼ ਦਾ ਮਤਲਬ ਵੀ ਸਾਡੇ ਦਿਮਾਗ਼ ਦੁਆਰਾ ਰਚੇ ਨਮੂਨੇ ਦਾ ਇੱਕ ਹਿੱਸਾ ਹੈ। ਜੀਵਨ ਦਾ ਮਤਲਬ ਵੀ ਸਾਡੇ ਕੰਨਾਂ ਦੇ ਵਿਚਾਲੇ ਹੀ ਹੈ। ਇੱਕ ਤਰ੍ਹਾਂ ਨਾਲ ਇਹ ਸਾਨੂੰ ਮਨੁੱਖੀ ਜਾਤ ਬਣਾਉਦਾ ਹੈ।
ਭੌਤਿਕ ਵਿਗਿਆਨ ਨੇ ਬਹੁਤ ਪੁਲਾਂਘਾਂ ਪੁੱਟੀਆਂ ਹਨ, ਅਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਜਿਹੇ ਸਮੇਂ ਵਿੱਚ ਜਿਊਣਾ ਖ਼ੁਸ਼ਕਿਸਮਤ ਸਮਝਦਾ ਹਾਂ ਜੋ ਕਿ ਇੱਕ ਇਤਿਹਾਸਿਕ ਮੋੜ ਹੈ। ਅਸੀਂ ਇਹ ਸੋਚਦੇ ਹਾਂ ਕਿ ਤੰਤੀ ਸਿਧਾਂਤ (String Theory) ਦੇ ਅਨੁਸਾਰ ਬ੍ਰਹਿਮੰਡ ਵਿੱਚ ਸਾਡੀ ਹੋਂਦ ਦਾ ਕੀ ਮਤਲਬ ਹੋਏਗਾ? ਤੰਤੀ ਸਿਧਾਂਤ ਇੱਕ ਅਸਾਧਾਰਣ ਭਵਿੱਖ-ਬਾਣੀ ਕਰਦਾ ਹੈ ਕਿ ਸੌ ਅਰਬ ਜਾਂ ਖਰਬ ਤੋਂ ਵੀ ਜ਼ਿਆਦਾ ਬ੍ਰਹਿਮੰਡ ਹੋਣੇ ਚਾਹੀਦੇ ਹਨ। ਸ਼ਾਇਦ ਉਸਤੋਂ ਵੀ ਜ਼ਿਆਦਾ ਜਿੰਨੇ ਬ੍ਰਹਿਮੰਡ ਵਿੱਚ ਸਿਤਾਰੇ ਹਨ!
ਸਮਾਂ, ਕਾਲ, ਸਿਤਾਰਿਆਂ, ਗਹਿਨ ਬ੍ਰਹਿਮੰਡ ਦੇ ਰਹੱਸ ਅਤੇ ਉਸਦੇ ਕਾਲ਼ੇ ਖੂਹਾਂ ਦੀ ਸੋਝੀ ਰੱਖਣ ਵਾਲਾ - ਸਟੀਫ਼ਨ ਹਾਕਿੰਗ, ਜੋ 14 ਮਾਰਚ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ, ਸੰਸਾਰ ਅਤੇ ਵਿਗਿਆਨ ਦੇ ਖੇਤਰ ਵਿੱਚ ਆਪਣਾ ਗੂੜ੍ਹਾ ਅਕਸ ਛੱਡ ਗਿਆ। ਉਹ ਇੱਕ ਮਹਾਨ ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਲੇਖਕ ਅਤੇ ਕੈਂਬਰਿੱਜ ਯੂਨੀਵਰਸਿਟੀ (ਇੰਗਲੈਂਡ) ਵਿੱਚ ਸਥਿੱਤ ਤਾਰਾ ਵਿਗਿਆਨ ਕੇਂਦਰ ਦਾ ਮੋਢੀ ਸੀ। ਉਸਨੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਮ ਆਦਮੀ ਨੂੰ ਸਮਾਂ ਜਾਂ ਕਾਲ, ਬ੍ਰਹਿਮੰਡ, ਅੰਤਰਿਖਸ਼ ਦੇ ਕਾਲ਼ੇ ਖੂਹ, ਭੌਤਿਕ ਅਤੇ ਤਾਰਾ ਵਿਗਿਆਨ ਵਾਰੇ ਸਮਝਾਉਣ ਲਈ ਕਿਤਾਬਾਂ ਰਚੀਆਂ - ਜੋ ਕਿ ਬੇਹੱਦ ਪ੍ਰਸਿੱਧ ਹੋਈਆਂ। ਉਸਦੀ ‘ਸਮੇਂ ਦਾ ਸੰਖੇਪ ਇਤਿਹਾਸ’ ਨਾਂ ਦੀ ਕਿਤਾਬ ਵਿਸ਼ਵ-ਪ੍ਰਸਿੱਧ ਹੈ। ਉਸਦੀਆਂ ਪ੍ਰਾਪਤੀਆਂ ਬ੍ਰਹਿਮੰਡ ਦੇ ਨਮੂਨਿਆਂ ਨੂੰ ਮੁੜ-ਤਰਤੀਬ ਦੇਣਾ ਅਤੇ ਪਰਿਭਾਸ਼ਿਤ ਕਰਨਾ ਹੈ। ਉਸਦੀਆਂ ਵਿਗਿਆਨਕ ਕਿਰਤਾਂ ਵਿੱਚੋ ਗੁਰੁਤਾਕਰਸ਼ਣ ਇੱਕਤਾ ਸਿਧਾਂਤ (ਰੌਜਰ ਪੈਨਰੋਜ਼ ਦੇ ਨਾਲ਼) (Gravitational Singularity Theorem) ਸਧਾਰਣ ਸਪੇਖਤਾਵਾਦ (General Relativity) ਦੇ ਸੰਦਰਭ ਵਿੱਚ, ਪਰਿਭਾਸ਼ਿਤ ਭਵਿੱਖ-ਬਾਣੀ ਕਿ ਕਾਲ਼ੇ ਖੂਹ ਵੀ ਵਿਕਿਰਨਾਂ ਛੱਡਦੇ ਹਨ, ਜਿਨ੍ਹਾਂ ਨੂੰ ਹਾਕਿੰਗ ਵਿਕਿਰਨਾਂ ਕਹਿੰਦੇ ਹਨ।
1942 ਵਿਚ ਜਨਮਿਆ, ਡਾਕਟਰ ਮਾਤਾ ਪਿਤਾ ਦਾ ਹੋਣਹਾਰ ਲਾਡਲਾ ਬਚਪਨ ਤੋਂ ਹੀ ਬੁੱਧੀਮਾਨ ਸੀ ਭਾਵੇਂ ਕਿ ਉਹ ਪੜ੍ਹਾਈ ਵਿੱਚ ਪਹਿਲਾਂ ਇੰਨਾ ਕਾਮਯਾਬ ਨਹੀਂ ਸੀ, ਪਰ ਕਿਉਂਕਿ ਉਹ ਵਧੀਆ ਸਕੂਲਾਂ ਵਿੱਚ ਪੜ੍ਹਿਆ, ਆਪਣੇ ਦੋਸਤਾਂ ਨਾਲ਼ ਦਿਮਾਗੀ ਖੇਡਾਂ ਖੇਡਦਾ ਵਧੀਆ ਸੰਗਤ ਵਿੱਚ ਵਿਚਰਿਆ, ਉਸਨੂੰ ਕਾਫ਼ੀ ਗਿਆਨ ਹਾਸਿਲ ਹੋਇਆ। ਸਕੂਲ ਵਿੱਚ ਉਸਨੇ ਆਪਣੇ ਗਣਿਤ ਦੇ ਅਧਿਆਪਕ ਅਤੇ ਸਾਥੀਆਂ ਦੀ ਮਦਦ ਨਾਲ਼ ਇੱਕ ਘੜੀ, ਫੋਨ ਅਤੇ ਹੋਰ ਵਸਤਾਂ ਨੂੰ ਮੁੜ-ਵਰਤ ਕੇ ਇੱਕ ਕੰਪਿਊਟਰ ਬਣਾਇਆ। ਉਸਨੂੰ ਸਕੂਲ ਵਿਚ “ਆਇਨਸਟਾਈਨ” ਕਿਹਾ ਜਾਂਦਾ ਸੀ।
ਉਸਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਉਸਨੂੰ ਪੜ੍ਹਾਈ ਬੜੀ ਅਸਾਨ ਮਹਿਸੂਸ ਹੋਈ, ਪਰ ਉਹ ਤੱਥਾਂ ਤੋਂ ਜ਼ਿਆਦਾ ਥਿਊਰੀ ਦੇ ਪ੍ਰਸ਼ਨ ਹੱਲ ਕਰਨੇ ਪਸੰਦ ਕਰਦਾ ਸੀ। ਆਕਸਫੋਰਡ ਤੋਂ ਸਫ਼ਲਤਾ ਪ੍ਰਾਪਤ ਕਰਕੇ ਉਹ ਕੈਂਬਰਿਜ ਯੂਨੀਵਰਸਿਟੀ ਉੱਚ-ਵਿਦਿਆ ਪ੍ਰਾਪਤ ਕਰਨ ਚਲਿਆ ਗਿਆ। ਉੱਥੇ ਉਸਨੂੰ ਪਹਿਲਾ ਸਾਲ ਔਖਾ ਲੱਗਿਆ - ਉਸਨੂੰ ਲੱਗਿਆ ਕਿ ਉਸਦਾ ਗਣਿਤ ਸਧਾਰਣ ਸਪੇਖਤਾਵਾਦ ਪੜ੍ਹਨ ਲਈ ਕਾਫ਼ੀ ਨਹੀਂ ਹੈ। ਉਦੋਂ ਹੀ ਉਸ ਨਾਲ਼ ਇੱਕ ਹੋਰ ਕਹਿਰ ਵਾਪਰਿਆ, ਉਸਨੂੰ ਮੋਟਰ ਨਿਊਰੋਨ (Motor Neuron) ਨਾਂ ਦੀ ਬਿਮਾਰੀ ਹੋ ਗਈ, ਇੱਕ ਕਿਸਮ ਦਾ ਅਧਰੰਗ, ਜਿਸ ਨਾਲ਼ ਚੱਲਣਾ-ਫਿਰਨਾ, ਬੋਲਣਾ ਅਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਹ ਨਿਰਾਸ਼ਾ ਦੇ ਗਹਿਨ ਸਮੁੰਦਰ ਵਿੱਚ ਡੁੱਬ ਗਿਆ। ਡਾਕਟਰਾਂ ਦੇ ਅਨੁਸਾਰ ਉਸ ਕੋਲ਼ ਬੱਸ ਹੁਣ ਦੋ ਕੁ ਸਾਲ ਦਾ ਸਮਾਂ ਹੀ ਸੀ।
ਪਰ ਉਸਦੀ ਜ਼ਿੰਦਗੀ ਤੇ ਪਕੜ ਹੈਰਾਨੀ ਜਨਕ ਸੀ। ਉਸਨੇ ਮੁਸ਼ਕਿਲਾਂ ਨੂੰ ਰੀਂਘ੍ਹ ਕੇ ਪਾਰ ਨਹੀਂ ਕਰਿਆ, ਸਗੋਂ ਸਵੈ-ਭਰੋਸੇ ਦੇ ਚਾਨਣ ਅਤੇ ਦ੍ਰਿੜ੍ਹ ਇਰਾਦੇ ਨਾਲ਼ ਸਰ ਕੀਤਾ। ਉਹ ਬਿਮਾਰ ਨਹੀਂ ਸੀ ਹੋਇਆ, ਕੁਕਨੂਸ ਦੇ ਵਾਂਗ ਉਸਦਾ ਪੁਨਰ-ਜਨਮ ਹੋਇਆ ਸੀ। ਆਪਣੇ ਅਧਿਆਪਕ ਦੇ ਉਤਸ਼ਾਹਿਤ ਕਰਨ ‘ਤੇ, ਚੱਲਣ-ਫਿਰਨ ਤੇ ਬੋਲਣ ਤੋਂ ਅਸਮਰੱਥ ਉਹ ਵਾਪਿਸ ਪੜ੍ਹਾਈ ਦੇ ਕੰਮ ਵਿੱਚ ਜੁਟ ਗਿਆ। ਉਦੋਂ ਉਸਦੀ ਕਾਬਲੀਅਤ ਅਤੇ ਪ੍ਰਤਿਭਾ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ, ਜਦੋਂ ਉਸਨੇ ਫਰੈੱਡ ਹੋਇਲ ਅਤੇ ਉਸਦੇ ਵਿਦਿਆਰਥੀ ਜਯੰਤ ਨਾਰਲੀਕਰ ਨੂੰ ਇੱਕ ਲੈਕਚਰ ਦੇ ਦਰਮਿਆਨ ਚੁਨੌਤੀ ਦਿੱਤੀ। ਉਸ ਸਮੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵੱਡੇ ਧਮਾਕੇ ਅਤੇ ਸਥਿਰ-ਅਵਸਥਾ ਥਿਊਰੀ ਦੇ ਵਾਰੇ ਵਿੱਚ ਬਹਿਸ ਚੱਲ ਰਹੀ ਸੀ। ਰੌਜਰ ਪੈਨਰੋਜ਼ ਦੇ ‘ਕਾਲ਼ੇ ਖੂਹ ਦੇ ਕੇਂਦਰ ਵਿੱਚ ਖਲਾਅ ਅਤੇ ਸਮੇਂ ਦੀ ਇੱਕਤਾ ਦੇ ਸਿਧਾਂਤ’ ਤੋਂ ਪ੍ਰਭਾਵਿਤ ਹੋ ਕੇ ਉਸਨੇ ਉਹੀ ਸੋਚ ਪੂਰੇ ਬ੍ਰਹਿਮੰਡ ਤੇ ਲਾਗੂ ਕਰਕੇ ਆਪਣਾ ਥੀਸਸ ਲਿਖਿਆ, ਜੋ ਕਿ ਮਨਜ਼ੂਰ ਹੋ ਗਿਆ। ਉਸੇ ਸਾਲ ਉਸਨੂੰ ਰਿਸਰਚ ਫੈਲੋਸ਼ਿਪ ਮਿਲ ਗਈ ਅਤੇ ਉਸਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ।
ਬਾਅਦ ਵਿੱਚ ਉਹ ਕੈਂਬਰਿਜ ਵਿੱਚ ਹੀ ਰੀਡਰ ਦੀ ਪੋਸਟ ਤੇ ਲੱਗ ਗਿਆ। ਉਸਨੇ ਅਖਬਾਰ ਤੇ ਟੈਲੀਵਿਯਨ ਵਿੱਚ ਕਾਲ਼ੇ ਖੂਹਾਂ ਵਾਰੇ ਕਈ ਇੰਟਰਵਿਊ ਦਿੱਤੇ ਅਤੇ ਲੋਕਾਂ ਨੂੰ ਉਹਨਾਂ ਵਾਰੇ ਮਹਤਵਪੂਰਣ ਜਾਣਕਾਰੀ ਪ੍ਰਦਾਨ ਕੀਤੀ। ਉਸਨੂੰ ਉਸਦੇ ਕੰਮ ਵਾਰੇ ਚੰਗੀ ਮਾਨਤਾ ਮਿਲ਼ੀ! ਆਪਣੇ ਕੰਮ ਵਾਰੇ ਲੋਕਾਂ ਨੂੰ ਜਾਗਰੁਕ ਕਰਨ ਲਈ ਉਹ ਕਾਫ਼ੀ ਘੁੰਮਿਆ। ਉਸਨੇ ਪਾਰਟੀਆਂ ਵਿੱਚ ਐਸ਼ ਵੀ ਕੀਤੀ, ਅਤੇ ਜੀਵਨ ਨੂੰ ਜਿੰਨਾ ਕੁ ਹੋ ਸਕਦਾ ਸੀ ਮਾਣਿਆ!
ਉਸਨੂੰ ਬਹੁਤ ਸਾਰੇ ਇਨਾਮ ਅਤੇ ਮਾਣ ਮਿਲੇ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਦਾ ਸਭ ਤੋਂ ਵੱਡਾ ਸੁਤੰਤਰਤਾ ਦਾ ਤਮਗਾ, ਰਾਇਲ ਸੋਸਾਇਟੀ ਦਾ ਫੈਲੋ ਮੈਂਬਰ ਅਤੇ ਹੋਰ ਬਹੁਤ ਸਾਰੇ ਮਾਣ-ਸਨਮਾਨ। ਅਫ਼ਸੋਸ ਉਸਨੂੰ ਨੋਬਲ ਇਨਾਮ ਨਹੀਂ ਮਿਲ ਸਕਿਆ!
ਜਦੋਂ ਉਹ ਕੈਂਬਰਿਜ ਪੜ੍ਹਦਾ ਸੀ ਤਾਂ ਉਸਨੇ ਜੇਨ ਵਾਇਲਡ ਨੂੰ ਆਪਣੀ ਜੀਵਨ-ਸਾਥੀ ਬਣਾਇਆ ਅਤੇ ਉਹਨਾਂ ਦੇ ਘਰ ਤਿੰਨ ਬੱਚੇ ਹੋਏ। ਉਸਨੂੰ ਜਿਵੇਂ ਜਿਉਣ ਦਾ ਇੱਕ ਕਾਰਨ ਮਿਲ਼ ਗਿਆ। ਪਰ ਉਹ ਖੁਸ਼ੀ ਬਹੁਤੀ ਦੇਰ ਪ੍ਰਾਹੁਣੀ ਨਾ ਰਹੀ, ਉਸਦੀ ਬਿਮਾਰੀ ਵਧ ਰਹੀ ਸੀ। ਜੇਨ ਨੂੰ ਇੱਕ ਹੋਰ ਵਿਅਕਤੀ ਨਾਲ਼ ਮਿੱਤਰਤਾ ਹੋ ਗਈ ਅਤੇ ਹਾਕਿੰਗ ਨੇ ਉਸਨੂੰ ਖ਼ੁਸ਼ੀ ਨਾਲ਼ ਉਸਦੇ ਨਾਲ਼ ਤੋਰ ਦਿੱਤਾ ਤਾਂ ਜੋ ਉਹ ਤਾਂ ਆਪਣਾ ਜੀਵਨ ਮਾਣ ਸਕੇ ਕਿਉਂਕਿ ਉਸਦੀ ਬਿਮਾਰੀ ਕਰਕੇ ਜੇਨ ਤੇ ਕਾਫ਼ੀ ਬੋਝ ਪੈ ਗਿਆ ਸੀ। ਕੁੱਝ ਸਾਲਾਂ ਬਾਅਦ ਹਾਕਿੰਗ ਨੇ ਆਪਣੀ ਇੱਕ ਨਰਸ ਈਲੇਨ ਮੇਸਨ ਨਾਲ਼ ਵਿਆਹ ਕਰ ਲਿਆ - ਜਿਸਨੂੰ ਉਹ ਪਿਆਰ ਕਰਦਾ ਸੀ। ਪਰ ਇੱਕ ਅਰਸੇ ਬਾਅਦ ਉਹਨਾਂ ਦਾ ਤਲਾਕ ਹੋ ਗਿਆ। ਹੁਣ ਹਾਕਿੰਗ ਜੇਨ ਅਤੇ ਆਪਣੇ ਬੱਚਿਆਂ ਤੇ ਪੋਤਰੇ-ਪੋਤਰੀਆਂ ਦੇ ਨੇੜੇ ਰਹਿਣ ਲੱਗਿਆ।
ਹਾਕਿੰਗ ਨੇ ਕੈਂਬਰਿਜ ਸਥਿੱਤ ਆਪਣੇ ਘਰ ਵਿਖੇ, 14 ਮਾਰਚ 2018 ਨੂੰ ਅੰਤਿਮ ਸਾਹ ਲਏ, ਉਹ 76 ਸਾਲ ਦਾ ਸੀ। ਵਿਗਿਆਨੀਆਂ, ਅਦਾਕਾਰਾਂ, ਰਾਜਨੀਤਕਾਂ ਅਤੇ ਹੋਰ ਲੋਕਾਂ ਨੇ ਉਸਨੂੰ ਸ਼ਰਧਾਂਜਲੀਆਂ ਦਿੱਤੀਆਂ। ਉਸਦੇ ਆਖਰੀ ਸ਼ਬਦ ਇੱਕ ਟੀਵੀ ਪ੍ਰੋਗਰਾਮ ਵਿੱਚ ਦਰਜ ਹਨ, ਜਿਸਦਾ ਸਿਰਲੇਖ ਹੈ - “ਧਰਤੀ ਨੂੰ ਵਿਦਾਇਗੀ : ਜਾਂ ਕਿਸੇ ਗ੍ਰਹਿ ਨੂੰ ਕਿੰਝ ਬਸਤੀ ਬਣਾਉਣਾ?”
ਉਸਦੀ ਮੌਤ ਤੋਂ ਕੁੱਝ ਦਿਨਾਂ ਬਾਅਦ, ਰੂਸ ਦੇ ਦੋ ਤਾਰਾ-ਵਿਗਿਆਨੀਆਂ ਵਲ੍ਹੋਂ ਓਫਯੂਕਸ ਤਾਰਾ-ਮੰਡਲ ਵਿੱਚ ਲੱਭੇ ਗਏ ਨਵ-ਜਨਮੇ ਕਾਲ਼ੇ ਖੂਹ ਦੀ ਖੋਜ ਸਟੀਫ਼ਨ ਹਾਕਿੰਗ ਨੂੰ ਸਮਰਪਿਤ ਕੀਤੀ ਗਈ।
ਖੋਜ ਵਿਗਿਆਨੀ ਉਸਦਾ ਦਿਮਾਗ਼ ਸੰਭਾਲ ਕੇ ਰੱਖਣਾ ਚਾਹੁੰਦੇ ਸਨ, ਤਾਂ ਜੋ ਜੇ ਭਵਿੱਖ ਵਿੱਚ ਮਨੁੱਖੀ ਮਸਤਕ ਨੂੰ ਮੁੜ ਸੁਰਜੀਤ ਕਰਨ ਦੀ ਵਿਧੀ ਵਿਕਸਤ ਹੋ ਸਕੇ ਤਾਂ ਉਹ ਮਹਾਨ ਵਿਗਿਆਨੀ ਸਟੀਫ਼ਨ ਹਾਕਿੰਗ ਦਾ ਮਸਤਕ ਸਭ ਤੋਂ ਪਹਿਲਾ ਸੁਰਜੀਤ ਕਰ ਸਕਣ! ਇੱਕ ਮਨੁੱਖ ਲਈ ਇਸ ਤੋਂ ਵੱਧ ਕੇ ਕੋਈ ਹੋਰ ਸ਼ਰਧਾਂਜਲੀ ਨਹੀਂ ਹੋ ਸਕਦੀ!
ਗੁਰੁਤਾਕਰਸ਼ਣ ਇੱਕਤਾ ਸਿਧਾਂਤ ਜਾਂ ਖਲਾਅ ਤੇ ਸਮੇਂ ਦੀ ਇੱਕਤਾ ਖਲਾਅ ਤੇ ਸਮੇਂ ਵਿੱਚ ਅਜਿਹੀ ਜਗ੍ਹਾ ਹੈ ਜਿੱਥੇ ਇੱਕ ਅਕਾਸ਼ੀ ਪਿੰਡ ਦਾ ਗੁਰੁਤਾਕਰਸ਼ਣ ਇਸ ਤਰ੍ਹਾਂ ਅਸੀਮ ਹੋ ਜਾਂਦਾ ਹੈ ਕਿ ਉਹ ਨਿਰਦੇਸ਼-ਅੰਕ ਪੱਧਤੀ ਤੇ ਨਿਰਭਰ ਨਹੀਂ ਰਹਿੰਦਾ। ਕਿਉਂਕਿ ਉਹਨਾਂ ਨਾਲ ਸਬੰਧਿਤ ਹੋਰ ਸਭ ਗਿਣਤੀਆਂ ਵੀ ਅਸੀਮ ਹੋ ਜਾਂਦੀਆ ਹਨ, ਇਸ ਕਰਕੇ ਖਲਾਅ ਤੇ ਸਮੇਂ ਦੇ ਸਧਾਰਣ ਨਿਯਮ ਵੀ ਹੋਂਦ ਵਿੱਚ ਨਹੀਂ ਰਹਿੰਦੇ! ਸਪੇਖਤਾਵਾਦ ਅਨੁਸਾਰ ਇੱਕ ਸੀਮਾ ਤੋਂ ਪਰੇ ਵਸਤਾਂ ਦਾ ਤਬਾਹ ਹੋਣਾ, ਮਤਲਬ ਕਾਲ਼ੇ ਖੂਹਾਂ ਦਾ ਜਨਮ ਹੋਣਾ ਹੈ, ਜਿਨ੍ਹਾਂ ਅੰਦਰ ਇੱਕਤਾ ਪੈਦਾ ਹੋ ਸਕਦੀ ਹੈ। ਵੱਡੇ ਧਮਾਕੇ ਤੋਂ ਪਹਿਲਾਂ ਬ੍ਰਹਿਮੰਡ ਦੀ ਮੁੱਢਲੀ ਅਵਸਥਾ ਨੂੰ ਵੀ “ਇੱਕਤਾ” ਹੋਣ ਦਾ ਹੀ ਅਨੁਮਾਨ ਲਗਾਇਆ ਗਿਆ ਹੈ!
ਭੌਤਿਕ ਵਿਗਿਆਨ ਵਿੱਚ ਤੰਤੀ (ਤਾਰ) ਸਿਧਾਂਤ ਇੱਕ ਅਜਿਹਾ ਢਾਂਚਾ ਹੈ ਜਿਸ ਵਿੱਚ ਕਣ (Particle) ਇੱਕ-ਅਯਾਮੀ ਤਾਰ ਨਾਲ਼ ਬਦਲ ਦਿੱਤੇ ਜਾਂਦੇ ਹਨ, ਅਤੇ ਇਹ ਦਰਸਾਇਆ ਜਾਂਦਾ ਹੈ ਉਹ ਤਾਰਾਂ ਖਲਾਅ ਵਿੱਚ ਕਿਵੇਂ ਫੈਲਦੀਆਂ ਹਨ ਅਤੇ ਇੱਕ ਦੂਜੇ ਤੇ ਕਿਵੇਂ ਪ੍ਰਭਾਵ ਪਾਉਂਦੀਆਂ ਹਨ। ਇਹ ਸਿਧਾਂਤ ਇੱਕ ਵਿਸਤ੍ਰਿਤ ਸਿਧਾਂਤ ਹੈ ਜੋ ਕਿ ਭੌਤਿਕ ਵਿਗਿਆਨ ਦੇ ਗਹਿਰੇ ਪ੍ਰਸ਼ਨਾਂ ਨੂੰ ਸੰਬੋਧਿਤ ਕਰਦਾ ਹੈ। ਇਸਨੂੰ ਕਾਲ਼ੇ ਖੂਹਾਂ, ਮੁੱਢਲਾ ਬ੍ਰਹਿਮੰਡ, ਨਿਊਕਲੀ ਭੌਤਿਕ ਵਿਗਿਆਨ, ਗਣਿਤ ਆਦਿਕ ਤੇ ਲਾਗੂ ਕੀਤਾ ਗਿਆ ਹੈ। ਕਿਓਂਕਿ ਇਹ ਸਿਧਾਂਤ ਸੰਭਾਵਿਕ ਤੌਰ ਤੇ ਗੁਰੁਤਾਕਰਸ਼ਣ ਅਤੇ ਕਣ ਭੌਤਿਕ ਵਿਗਿਆਨ ਦਾ ਇੱਕ ਵੇਰਵਾ ਦਿੰਦਾ ਹੈ, ਮੂਲ ਤੌਰ ਤੇ ਇਹ ਹਰ ਵਸਤੂ ਦਾ ਸਿਧਾਂਤ ਬਣਨ ਦਾ ਦਾਅਵੇਦਾਰ ਹੈ।
ਇੱਕ ਦਿਨ ਅਚਨਚੇਤ ਹੀ ਬਹੁਤ ਸਾਲ ਪਹਿਲਾਂ ਸਟੀਫ਼ਨ ਹਾਕਿੰਗ ਵਾਰੇ ਦੇਖੇ ਟੀਵੀ ਪ੍ਰੋਗਰਾਮ ਨੂੰ ਯਾਦ ਰੱਖਣ ਵਾਲੇ ਵੇਰਵੇ ਲੱਭੇ ਤਾਂ ਮਨ ਉਸ ਮਹਾਨ-ਆਤਮਾ ਨੂੰ ਸ਼ਰਧਾਂਜਲੀ ਲਿਖਣ ਲਈ ਕਰ ਆਇਆ,ਪਰ ਵਿਕੀਪੀਡੀਆ ਦੀ ਸਹਾਇਤਾ ਤੋਂ ਬਿਨਾ ਇਹ ਲੇਖ ਸੰਭਵ ਨਹੀਂ ਸੀ। ਸੋ ਉਨ੍ਹਾਂ ਦਾ ਅਤਿ-ਧੰਨਵਾਦ, ਜਿਨ੍ਹਾਂ ਨੇ ਉਹ ਟੀਵੀ ਪ੍ਰੋਗਰਾਮ ਬਣਾਇਆ ਅਤੇ ਵਿਕੀਪੀਡੀਆ ‘ਤੇ ਆਪਣਾ ਯੋਗਦਾਨ ਦਿੱਤਾ।