- ਅਮਨਦੀਪ ਸਿੰਘ
'ਜਾਗੋ, ਅੰਬਰੀਸ਼!' ਜਲਤਰੰਗ ਜਿਹੀ ਤਿੱਖੀ ਅਵਾਜ਼ ਉਸਦੇ ਕੰਨਾਂ ਵਿੱਚ ਪਈ ਤਾਂ ਉਸਨੇ ਅੱਖਾਂ ਖੋਲ੍ਹੀਆਂ। ਉਸਦਾ ਸਾਰਾ ਸਰੀਰ ਜਿਵੇਂ ਪੱਥਰ ਬਣ ਚੁੱਕਾ ਸੀ। ਹੌਲ਼ੀ ਹੌਲ਼ੀ ਉਸਨੇ ਆਪਣੇ ਹੱਥ-ਪੈਰ ਹਿਲਾਉਣ ਦੀ ਕੋਸ਼ਿਸ ਕੀਤੀ ਪਰ ਉਹ ਜਿਵੇਂ ਇੱਕਦਮ ਜੜ੍ਹ ਬਣ ਗਏ ਹੋਣ! ਉਸਨੂੰ ਆਪਣਾ ਦਿਮਾਗ਼ ਸੁੰਨ ਹੁੰਦਾ ਜਾਪਿਆ, ਪਰ ਉਹ ਉਸਨੂੰ ਸੁੰਨ ਨਹੀਂ ਹੋਣ ਦੇਣਾ ਚਾਹੁੰਦਾ ਸੀ। ਦਿਮਾਗ਼ ਦੇ ਨਾਲ਼ ਉਸਨੂੰ ਆਪਣਾ ਪੂਰਾ ਸਰੀਰ ਵੀ ਸੁੰਨ ਹੁੰਦਾ ਪ੍ਰਤੀਤ ਹੋ ਰਿਹਾ ਸੀ। ਇੱਕ ਵਾਰ ਫੇਰ ਓਹੀ ਅਵਾਜ਼ ਉਸਦੇ ਕੰਨਾਂ ਵਿੱਚ ਪਈ। ਇੰਝ ਲੱਗ ਰਿਹਾ ਸੀ ਉਹ ਅਵਾਜ਼ ਕਿਸੇ ਡੂੰਘੇ ਖੂਹ ਵਿੱਚੋਂ ਆ ਰਹੀ ਹੋਵੇ! ਫੇਰ ਇੱਕਦਮ ਉਸਨੂੰ ਆਪਣੇ ਸਰੀਰਿ ਵਿੱਚ ਹਰਕਤ ਹੁੰਦੀ ਮਹਿਸੂਸ ਹੋਈ ਤੇ ਥੋੜ੍ਹਾ ਨਿੱਘ ਵੀ ਲੱਗਿਆ। ਅਚਾਨਕ ਉਸਦੀ ਸਾਰੀ ਸੂਰਤ ਜਾਗ ਪਈ ਤੇ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਸਨੂੰ ਇੱਕਦਮ ਯਾਦ ਆ ਗਿਆ ਕਿ ਉਹ ਆਪਣੇ ਅੰਤਰਿਖਸ਼-ਯਾਨ ਜਾਂ ਸਪੇਸ-ਸ਼ਿੱਪ ਵਿੱਚ ਸੀ ਤੇ ਕੰਪਿਊਟਰ ਜ਼ੀਰੋ ਦੀ ਅਵਾਜ਼ ਉਸਨੂੰ ਸਿਥਲਤਾ (Hibernation) ਤੋਂ ਉਠਾ ਰਹੀ ਸੀ।
"Firefly_Jupiter_03" by Sir Mildred Pierce is licensed under CC BY 2.0
ਅੰਬਰੀਸ਼ ਇੱਕ ਪੁਲਾੜ-ਯਾਤਰੀ (Astronaut) ਸੀ। ਉਹ ਕਈ ਵਾਰ ਅੰਤਰਿਖਸ਼ ਦੇ ਚੱਕਰ ਲਗਾ ਚੁੱਕਾ ਸੀ। ਪਰ ਇਸ ਤਰ੍ਹਾਂ ਸਿਥਲਤਾ ਵਿੱਚ ਸਫ਼ਰ ਕਰਨ ਦਾ ਇਹ ਉਸਦਾ ਪਹਿਲਾ ਮੌਕਾ ਸੀ। ਉਸਨੂੰ ਯਾਦ ਆ ਰਿਹਾ ਸੀ ਉਹ ਕਿਵੇਂ ਧਰਤੀ ਤੋਂ ਚੱਲਿਆ ਸੀ - ਕਿਵੇਂ ਉਸਨੇ ਆਪਣੇ ਮਾਤਾ-ਪਿਤਾ ਤੇ ਉਰਵਸ਼ੀ, ਆਪਣੇ ਪਿਆਰ ਤੋਂ ਸੇਜਲ ਅੱਖਾਂ ਦੇ ਨਾਲ਼ ਵਿਦਾ ਲਈ ਸੀ। ਹਾਲਾਂਕਿ ਉਸਨੂੰ ਆਪਣੇ ਪਰਿਵਾਰ ਨੂੰ ਮੁੜ ਦੇਖਣ ਦਾ ਪੂਰਾ ਯਕੀਨ ਸੀ ਪਰ ਫੇਰ ਵੀ ਉਸਨੂੰ ਇੱਕ ਬੇਚੈਨੀ ਜਿਹੀ ਸੀ ਤੇ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਬੇਚੈਨੀ ਕਿਓਂ ਸੀ। ਫੇਰ ਉਸਨੂੰ ਯਾਦ ਆਇਆ ਕਿਵੇਂ ਉਸਨੂੰ ਇੱਕਲੇ ਨੂੰ ਕੰਪਿਊਟਰ ਜ਼ੀਰੋ ਦੇ ਨਾਲ਼ ਅਨੰਤ, ਅਥਾਹ ਤੇ ਡੂੰਘੇ ਅੰਤਰਿਖਸ਼ ਵਿੱਚ ਇੱਕ ਗੁਪਤ ਮਿਸ਼ਨ ਤੇ ਭੇਜਿਆ ਸੀ। ਉਸ ਗੁਪਤ ਮਿਸ਼ਨ ਵਾਰੇ ਉਸਨੂੰ ਕੰਪਿਊਟਰ ਜ਼ੀਰੋ ਤੋਂ ਪਤਾ ਆਪਣੀ ਸਿਥਲਤਾ ਦੀ ਅਵਸਥਾ ਵਿਚੋਂ ਉੱਠਣ ਤੋਂ ਬਾਅਦ ਲੱਗਣਾ ਸੀ, ਜਦੋਂ ਉਸਨੇ ਧਰਤੀ (ਪ੍ਰਿਥਵੀ) ਤੋਂ ਲੱਖਾਂ ਮੀਲ ਦੂਰ ਹਹੋਣਾ ਸੀ। ਇਹ ਖ਼ਿਆਲ ਆਉਂਦਿਆਂ ਹੀ ਉਹ ਇੱਕਦਮ ਚੌਕੰਨਾ ਹੋ ਗਿਆ ਤੇ ਉਸਦੀਆਂ ਅੱਖਾਂ ਅਪਲਕ ਖੁੱਲ੍ਹ ਗਈਆਂ।
'ਹੈਲੋ, ਕੰਪਿਊਟਰ ਜ਼ੀਰੋ।' ਉਹ ਬੋਲਿਆ।
'ਹੈਲੋ, ਅੰਬਰੀਸ਼! ਮੈਨੂੰ ਤੁਹਾਡੇ ਸਹੀ-ਸਲਾਮਤ ਜਾਗਣ ਦੀ ਬਹੁਤ ਖ਼ੁਸ਼ੀ ਹੈ। ਮੈਂ ਤੁਹਾਡੇ ਸਰੀਰ ਦੀ ਪੂਰੀ ਜਾਂਚ ਕਰ ਲਈ ਹੈ - ਤੁਹਾਡਾ ਬਲੱਡ -ਪ੍ਰੈਸ਼ਰ ਤੇ ਸਾਹ ਬਿਲਕੁਲ ਠੀਕ ਹੈ। ਪਹਿਲਾਂ ਤੁਸੀਂ ਤਰੋ-ਤਾਜ਼ਾ ਹੋ ਜਾਵੋ, ਫੇਰ ਮੈਂ ਮਿਸ਼ਨ ਦੇ ਵਾਰੇ ਤੁਹਾਡੇ ਨਾਲ਼ ਜਾਣਕਾਰੀ ਸਾਂਝੀ ਕਰਾਂਗਾ।'
ਅੰਬਰੀਸ਼, ਮਿਸ਼ਨ ਦੇ ਵਾਰੇ ਜਾਨਣ ਲਈ ਇੰਨਾ ਉਤਸੁਕ ਸੀ ਕਿ ਉਸਨੇ ਫਟਾਫਟ ਇਸ਼ਨਾਨ ਕੀਤਾ ਤੇ ਤਿਆਰ ਹੋ ਕੇ ਕੰਟਰੋਲ ਰੂਮ ਵਿੱਚ ਪੁੱਜ ਗਿਆ। ਕੰਪਿਊਟਰ ਜ਼ੀਰੋ ਨੇ ਸਪੇਸ-ਏਜੰਸੀ ਦੇ ਮੁਖੀ ਦਾ ਰਿਕਾਰਡ ਕੀਤਾ ਹੋਇਆ ਸੰਦੇਸ਼ ਚਲਾ ਦਿੱਤਾ।
ਮੁਖੀ ਰਜਿੰਦਰ ਉਸਨੂੰ ਸੰਬੋਧਿਤ ਕਰਕੇ ਬੋਲ ਰਿਹਾ ਸੀ - 'ਅੰਬਰੀਸ਼, ਤੂੰ ਜਦੋਂ ਇਹ ਸੰਦੇਸ਼ ਸੁਣੇਗਾ ਤਾਂ ਧਰਤੀ ਨਾਲ਼ ਤੇਰਾ ਸੰਚਾਰ ਸੰਬੰਧ ਸ਼ਾਇਦ ਨਾ ਰਹੇਗਾ ਜਾਂ ਬਹੁਤ ਦੇਰ ਬਾਅਦ ਹੋਏਗਾ। ਪਰ ਇਹ ਮਿਸ਼ਨ ਅਸੀਂ ਗੁਪਤ ਰੱਖਣਾ ਚਾਹੁੰਦੇ ਸੀ, ਇਸ ਕਰਕੇ ਤੂੰ ਧਰਤੀ ਤੋਂ ਇੰਨੀ ਦੂਰ ਹੁਣ ਇਹ ਸੰਦੇਸ਼ ਸੁਣ ਰਿਹਾ ਏਂ। ਦਰਅਸਲ, ਸਾਡੇ ਵਿਗਿਆਨੀਆਂ ਨੇ ਇੱਕ ਸਾਲ ਪਹਿਲਾਂ ਇਹ ਖੋਜ ਕੀਤੀ ਸੀ ਕਿ ਅਸੀਂ ਪਹਿਲਾਂ ਜਿੰਨੇ ਵੀ ਬਿਨਾ-ਮਨੁੱਖ ਦੇ ਸਪੇਸ-ਸ਼ਿੱਪ ਭੇਜੇ ਹਨ ਉਹ ਇੱਥੇ ਆ ਕੇ ਹਰ ਵਾਰ ਕੋਈ ਨਾ ਕੋਈ ਅਜੀਬ ਕਿਸਮ ਦੀਆਂ ਰੇਡੀਓ ਤਰੰਗਾਂ ਫੜਦੇ (Detect) ਹਨ - ਜਿਨ੍ਹਾਂ ਦੀ ਆਵ੍ਰਿੱਤੀ (Frequency) ਇੱਕ ਵਖੱਰੀ ਕਿਸਮ ਦੀ ਹੈ। ਤੇ ਹਰ ਵਾਰ ਉਹ ਬ੍ਰਹਿਸਪਤੀ ਤੇ ਕੰਪਨੀ (ਉਪਗ੍ਰਹਿ) ਦੇ ਆਸਪਾਸ ਹੀ ਮਿਲ਼ੀ ਹੈ। ਵਿਗਿਆਨੀਆਂ ਨੂੰ ਲਗਦਾ ਹੈ ਕਿ ਇਹ ਰੇਡੀਓ ਤਰੰਗਾਂ ਕੁਦਰਤੀ ਨਹੀਂ ਤੇ ਨਾਂ ਹੀ ਇਹਨਾਂ ਗ੍ਰਹਿਆਂ ਦੇ ਦੇ ਵਿੱਚੋਂ ਜਾਂ ਧਰਤੀ (ਪ੍ਰਿਥਵੀ) ਦੇ ਕਿਸੇ ਪੁਰਾਣੇ ਯੰਤਰ ਵਿੱਚੋਂ ਨਿੱਕਲ ਰਹੀਆਂ ਹਨ। ਉਹਨਾਂ ਨੂੰ ਲਗਦਾ ਹੈ ਇਹ ਕਿਸੇ ਦੂਸਰੀ ਸੱਭਿਅਤਾ ਦੇ ਯੰਤਰ ਵਿੱਚੋਂ ਜਾਂ ਕਿਸੇ ਸਪੈਸ਼ਲ ਅਕਾਸ਼ੀ ਪਿੰਡ ਵਿੱਚ ਨਿੱਕਲ ਰਹੀਆਂ ਹੋ ਸਕਦੀਆਂ ਹਨ। ਵਿਗਿਆਨੀ ਉਹਨਾਂ ਨੂੰ ਸਮਝਣ (decode) ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਕਾਮਯਾਬ ਨਹੀਂ ਹੋ ਸਕੇ। ਤੇ ਪਹਿਲਾਂ ਭੇਜੇ ਕੰਪਿਊਟਰ ਮਿਸ਼ਨ ਵੀ ਉਹਨਾਂ ਦੀ ਉਤਪੱਤੀ ਤੇ ਜਗ੍ਹਾ ਨਹੀਂ ਲੱਭ ਸਕੇ। ਇਸ ਕਰਕੇ ਅਸੀਂ ਇੱਕ ਮਨੁੱਖ ਜਾਣੀ ਤੈਨੂੰ ਇਸ ਖੇਤਰ ਦਾ ਅਧਿਐਨ ਕਰਨ ਲਈ ਭੇਜ ਰਹੇ ਹਾਂ। ਕੰਪਿਊਟਰ ਜ਼ੀਰੋ ਤੈਨੂੰ ਹੋਰ ਜਾਣਕਾਰੀ ਇਕੱਠੀ ਕਰਨ ਦੀਆਂ ਹਦਾਇਤਾਂ ਦੇਵੇਗਾ।' ਇਸਤੋਂ ਬਾਅਦ ਸੰਦੇਸ਼ ਖਤਮ ਹੋ ਗਿਆ।
ਕੰਪਿਊਟਰ ਜ਼ੀਰੋ ਨੇ ਉਸਨੂੰ ਹਦਾਇਤਾਂ ਦੀ ਇੱਕ ਇਲੈਕਟ੍ਰਾਨਿਕ-ਕਿਤਾਬ ਦੇ ਦਿੱਤੀ ਤੇ ਅੰਬਰੀਸ਼ ਨੇ ਉਸਨੂੰ ਕੋਈ ਵੀ ਸਮਾਂ ਨਾ ਬੇਅਰਥ ਕਰਦਿਆਂ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਉਹ ਪੜ੍ਹਦਾ ਰਿਹਾ ਉਹ ਹੋਰ ਹੈਰਾਨ ਤੇ ਉਤਸੁਕ ਹੁੰਦਾ ਗਿਆ।
ਬ੍ਰਹਿਸਪਤੀ ਦੇ ਕੋਲ਼ ਪਹੁੰਚਣ ਨੂੰ ਅਜੇ ਤਿੰਨ ਦਿਨ ਬਾਕੀ ਸਨ - ਕੰਪਿਊਟਰ ਜ਼ੀਰੋ ਨੇ ਹਦਾਇਤਾਂ ਦੇ ਮੁਤਾਬਿਕ ਉਸਨੂੰ ਪੰਜ ਦਿਨ ਪਹਿਲਾਂ ਸਿਥਲਤਾ ਦੀ ਅਵਸਥਾ ਤੋਂ ਜਾਗ੍ਰਤੀ ਕਰ ਦਿੱਤਾ ਸੀ। ਪਹਿਲਾਂ ਉਸਨੇ ਧਰਤੀ ਨਾਲ਼ ਆਪਣੇ ਹੈੱਡ ਕੁਆਰਟਰ ਈ-ਮੀਲ ਭੇਜ ਕੇ ਸੰਪਰਕ ਸਥਾਪਿਤ ਕੀਤਾ। ਤੇ ਪਿਛਲੇ ਦੋ ਦਿਨ ਉਸਨੇ ਕਿਤਾਬ ਪੜ੍ਹਦਿਆਂ ਗੁਜ਼ਾਰੇ ਸਨ ਤੇ ਸਭ ਕੁੱਝ ਭੁੱਲ ਚੁੱਕਾ ਸੀ। ਪਰ ਅੱਜ ਉਸਨੂੰ ਉਸਦੇ ਮਾਤਾ-ਪਿਤਾ ਤੇ ਉਰਵਸ਼ੀ ਦੇ ਯਾਦ ਆ ਰਹੀ ਸੀ। ਉਸਨੂੰ ਧਰਤੀ ਤੋਂ ਚੱਲਿਆਂ ਤਕਰੀਬਨ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ। ਬ੍ਰਹਿਸਪਤੀ ਧਰਤੀ ਤੋਂ 5830 ਲੱਖ ਮੀਲ ਸੀ, ਤੇ ਇੱਕ ਸਪੇਸ-ਸ਼ਿੱਪ ਨੂੰ ਉੱਥੇ ਪੁੱਜਣ ਲਈ ਇੱਕ ਸਾਲ ਤੋਂ ਦੋ ਸਾਲ ਤੱਕ ਲੱਗ ਸਕਦੇ ਹਨ - ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਉਹ ਕਿਸ ਤਰ੍ਹਾਂ ਦਾ ਰਸਤਾ ਇਖ਼ਤਿਆਰ ਕਰੇ। ਇਹ ਵੀ ਨਿਰਭਰ ਕਰਦਾ ਹੈ ਕਿ ਸਪੇਸ-ਸ਼ਿੱਪ ਨੇ ਬ੍ਰਹਿਸਪਤੀ ਦੇ ਗ੍ਰਹਿ-ਪੱਥ ਵਿੱਚ ਜਾਣਾ ਹੈ ਜਾਂ ਕੋਲ਼ੋਂ ਲੰਘਣਾ ਹੈ। ਉਹ ਤਾਂ ਸਿਥਲਤਾ ਦੀ ਨੀਂਦ ਵਿੱਚ ਸੀ ਤੇ ਉਸਨੂੰ ਸਮੇਂ ਦਾ ਪਤਾ ਹੀ ਨਹੀਂ ਚੱਲਿਆ - ਉਸਦਾ ਸਪੇਸ-ਸ਼ਿੱਪ ਚੰਦਰਮਾ, ਮੰਗਲ ਗ੍ਰਹਿ ਤੇ ਉਸਦੇ ਉਪ-ਗ੍ਰਹਿਆਂ ਦੇ ਕੋਲ਼ੋਂ ਦੀ ਹੁੰਦਾ ਹੋਇਆ, ਉਹਨਾਂ ਤੋਂ, ਤੇ ਸੂਰਜ ਦੇ ਗੁਰੁਤਾਕਰਸ਼ਣ ਤੋਂ ਗੁਲੇਲ-ਪ੍ਰਭਾਵ ਦੇ ਤਹਿਤ ਆਪਣੀ ਗਤੀ ਵਧਾਉਂਦਾ ਹੋਇਆ ਪੁੱਜਿਆ ਸੀ। ਕੰਪਿਊਟਰ ਜ਼ੀਰੋ ਤੇ ਸਪੇਸ-ਸ਼ਿੱਪ ਦੇ ਹੋਰ ਕੰਪਿਊਟਰ ਉਸਨੂੰ ਆਪਣੇ ਆਪ ਚਲਾ ਕੇ ਇੱਥੇ ਲੈ ਕੇ ਆਏ ਸਨ - ਧਰਤੀ ਤੋਂ ਵਿਗਿਆਨਕਾਂ ਤੇ ਕੰਪਿਊਟਰ ਦੀ ਟੀਮ ਵੀ ਉਸਨੂੰ ਕੰਟਰੋਲ ਕਰ ਰਹੀ ਸੀ, ਪਰ ਜਿਸ ਤਰ੍ਹਾਂ ਉਹ ਧਰਤੀ ਤੋਂ ਦੂਰ ਹੁੰਦਾ ਗਿਆ ਉਸਦਾ ਸੰਪਰਕ ਧਰਤੀ ਨਾਲ਼ ਦੇਰ ਨਾਲ਼ ਹੁੰਦਾ ਗਿਆ। ਖ਼ੈਰ, ਹੁਣ ਉਹ ਬ੍ਰਹਿਸਪਤੀ ਦੇ ਕੋਲ ਸੀ ਤੇ ਉਸਨੂੰ ਉਹ ਸਾਹਮਣੇ ਨਜ਼ਰ ਆ ਰਿਹਾ ਸੀ। ਪਰ ਉਸਨੂੰ ਪਿੱਛੇ ਰਹਿ ਗਿਆ ਉਸਦਾ ਪਰਿਵਾਰ, ਉਰਵਸ਼ੀ ਤੇ ਹੋਰ ਦੋਸਤ ਯਾਦ ਆ ਰਹੇ ਸਨ। ਉਸਦਾ ਮਨ ਉਹਨਾਂ ਨਾਲ਼ ਗੱਲਬਾਤ ਕਰਨ ਨੂੰ ਕਰ ਰਿਹਾ ਸੀ - ਖ਼ਾਸ ਤੌਰ ਤੇ ਉਰਵਸ਼ੀ ਨਾਲ਼। ਪਰ ਉਹ ਬਹੁਤ ਦੂਰ ਸੀ ਤੇ ਉਹ ਆਪਣਾ ਸੰਦੇਸ਼ ਸਿਰਫ਼ ਰਿਕਾਰਡ ਕਰ ਕੇ ਭੇਜ ਸਕਦਾ ਸੀ ਤੇ ਉਸਨੂੰ ਪਹੁੰਚਣ 'ਚ ਇੱਕ ਘੰਟੇ ਤੋਂ ਲੈ ਕੇ ਇੱਕ ਦਿਨ ਤੱਕ ਲੱਗ ਸਕਦਾ ਸੀ। ਉਸਨੇ ਉਰਵਸ਼ੀ ਨੂੰ ਈ-ਮੇਲ ਭੇਜਣ ਵਾਰੇ ਸੋਚਿਆ।
ਉਰਵਸ਼ੀ ਤੇ ਉਹ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੰਨ੍ਹ ਜਾਣ ਵਾਲ਼ੇ ਸਨ - ਪਰ ਉਸ ਵੇਲੇ ਉਸਨੂੰ ਬ੍ਰਹਿਸਪਤੀ ਤੇ ਗੁਪਤ ਮਿਸ਼ਨ ਦੀ ਡਿਊਟੀ ਮਿਲ਼ ਗਈ। ਉਸਦਾ ਦਿਲ ਚਾਹੁੰਦਾ ਸੀ ਕਿ ਉਹ ਉਰਵਸ਼ੀ ਕੋਲ਼ ਹੀ ਰਹੇ, ਪਰ ਉਰਵਸ਼ੀ ਨੇ ਆਪ ਉਸਨੂੰ ਇਸ ਵਾਰੇ ਪ੍ਰੇਰਿਆ ਸੀ। 'ਸੰਸਾਰਿਕ ਕਾਰਜਾਂ ਨਾਲ਼ੋਂ ਮਨੁੱਖਤਾ ਦਾ ਕਾਰਜ ਤੇ ਆਪਣਾ ਕੰਮ ਵਧੇਰੇ ਮਹਤਵਪੁਰਨ ਹੈ!' ਉਹ ਕਹਿ ਰਹੀ ਸੀ, 'ਮੈਂ ਰਹਿੰਦੀ ਜ਼ਿੰਦਗੀ ਤੇਰਾ ਇੰਤਜ਼ਾਰ ਕਰਾਂਗੀ।' ਨਮ ਅੱਖਾਂ ਨਾਲ਼ ਦੋਵਾ ਨੇ ਇੱਕ ਦੂਜੇ ਤੋਂ ਵਿਦਾ ਲਈ! ਉਰਵਸ਼ੀ ਦੇ ਪ੍ਰੇਰਨਾਮਈ ਬੋਲਾਂ ਨੇ ਜਿਵੇਂ ਉਸ ਵਿੱਚ ਇੱਕ ਅਨੋਖੀ ਸ਼ਕਤੀ ਭਰ ਦਿੱਤੀ ਹੋਵੇ ਤੇ ਉਹ ਆਪਣੇ ਮਿਸ਼ਨ ਲਈ ਤਿਆਰ-ਬਰ-ਤਿਆਰ ਹੋ ਗਿਆ। ਅੱਜ ਹੁਣ ਉਹ ਉਰਵਸ਼ੀ ਦੀ ਕਮੀ ਮਹਿਸੂਸ ਕਰ ਰਿਹਾ ਸੀ। ਉਸਦੇ ਦਿਲ ਵਿੱਚ ਪਿਆਰ ਦੀਆਂ ਅਨਹਦ ਤਰੰਗਾਂ ਉੱਠ ਰਹੀਆਂ ਸ਼ਨ। ਉਸਨੇ ਈ-ਮੇਲ ਰਿਕਾਰਡ ਕਰ ਕੇ ਭੇਜ ਦਿੱਤੀ ਤਾਂ ਉਸਨੂੰ ਥੋੜਾ ਅਰਾਮ ਮਿਲਿਆ। ਫੇਰ ਉਹ ਆਪਣੇ ਮਿਸ਼ਨ ਵਿੱਚ ਦੁਬਾਰਾ ਜੁੱਟ ਗਿਆ। ਉਸਨੂੰ ਵੱਡੇ ਕੰਮ ਤੋਂ ਪਹਿਲਾਂ ਮੁੱਢਲੀ ਤਿਆਰੀ ਕਰਨੀ ਸੀ।
****
ਸਾਡੇ ਸੌਰ-ਮੰਡਲ ਦਾ ਸਭ ਤੋਂ ਬੜਾ ਗ੍ਰਹਿ ਬ੍ਰਹਿਸਪਤੀ ਇੱਕ ਗੈਸ-ਦੈਂਤ ਹੈ, ਉਹ ਇੰਨਾ ਵੱਡਾ ਹੈ ਕਿ ਉਸ ਵਿੱਚ 1300 ਧਰਤੀਆਂ (ਪ੍ਰਿਥਵੀ) ਸਮਾ ਸਕਦੀਆਂ ਹਨ। ਉਹ ਲੱਗਭੱਗ ਇੱਕ ਛੋਟੇ ਸਿਤਾਰੇ ਵਰਗਾ ਹੀ ਹੈ, ਪਰ ਉਹ ਇੰਨਾ ਵੱਡਾ ਨਹੀਂ ਹੋ ਸਕਿਆ ਕਿ ਇੱਕ ਸਿਤਾਰੇ ਵਾਂਗ ਊਰਜਾ ਪੈਦਾ ਕਰ ਸਕੇ। ਉਸਦਾ ਕੋਈ ਠੋਸ ਧਰਾਤਲ ਨਹੀਂ ਹੈ, ਪਰ ਉਸਦੀ ਅੰਦਰੂਨੀ ਠੋਸ ਬਣਤਰ ਧਰਤੀ ਜਿੰਨੀ ਵੱਡੀ ਹੋ ਸਕਦੀ ਹੈ। ਉਸਦੇ ਆਲੇ-ਦੁਆਲ਼ੇ ਮੱਧਮ ਜਿਹੇ ਛੱਲੇ ਵੀ ਹਨ। ਉਸਦੀ ਅੱਖ - ਇੱਕ ਵੱਡਾ ਲਾਲ ਧੱਬਾ ਹੈ (ਦੋ ਧਰਤੀਆਂ ਜਿੰਨਾ ਵੱਡਾ), ਜੋ ਕਿ ਸਦੀਆਂ ਤੋਂ ਇੱਕ ਲਗਾਤਾਰ ਚੱਲਣ ਵਾਲ਼ਾ ਤੂਫ਼ਾਨ ਹੈ। ਉਸਦੇ 75 ਤੋਂ ਵੀ ਜ਼ਿਆਦਾ ਉਪਗ੍ਰਹਿ ਹਨ।
ਬ੍ਰਹਿਸਪਤੀ ਦੇ ਵਾਯੂਮੰਡਲ ਵਿੱਚ ਹਾਈਡ੍ਰੋਜਨ, ਮੀਥੇਨ, ਅਮੋਨੀਆ ਤੇ ਪਾਣੀ ਦੇ ਅੰਸ਼ ਮਿਲਦੇ ਹਨ - ਜੋ ਲਗਾਤਾਰ ਤੂਫ਼ਾਨੀ ਮੌਸਮ ਤੇ ਬਿਜਲੀ ਨਾਲ਼ ਟਕਰਾਉਂਦੇ ਹਨ। 19ਵੀਂ ਸਦੀ ਦੇ ਮਸ਼ਹੂਰ ਵਿਗਿਆਨਕ ਕਾਰਲ ਸੈਗਨ (ਕੋਸਮੋਸ ਟੀਵੀ ਸ਼ੋ ਦਾ ਰਚੇਤਾ) ਨੇ ਉਸਦੇ ਉਤਰਲੇ ਵਾਯੂਮੰਡਲ ਵਿੱਚ ਜੀਵਨ ਦੀ ਸੰਭਾਵਨਾ ਵਾਰੇ ਪ੍ਰਯੋਗ ਕੀਤੇ। ਪ੍ਰਯੋਗਸ਼ਾਲਾ ਵਿੱਚ ਉਸਨੇ ਹੀ ਸਿੱਧ ਕੀਤਾ ਕਿ ਅਮੋਨੀਆ ਨਾਲ਼ ਜ਼ਰਖੇਜ ਵਾਤਾਵਰਨ ਵਿੱਚ ਕੁੱਝ ਮਹੀਨ ਜੀਵ-ਜੰਤੂ ਪ੍ਰਫੁੱਲਿਤ ਹੋ ਸਕਦੇ ਹਨ। ਪਰ ਬ੍ਰਹਿਸਪਤੀ ਦੇ ਭਿਆਨਕ ਤੂਫ਼ਾਨਾਂ ਵਿੱਚ ਇਹ ਸਭ ਕੁੱਝ ਸੰਭਵ ਨਹੀਂ ਹੋ ਸਕਦਾ। ਪਰ ਫੇਰ ਕੀ ਕਿਸੇ ਹੋਰ ਤਰ੍ਹਾਂ ਦਾ ਜੀਵਨ ਸੰਭਵ ਹੋ ਸਕਦਾ ਹੈ? ਜੋ ਕਿ ਸਾਡੇ ਕਿਆਸ ਤੋਂ ਬਾਹਰ ਹੋਵੇ - ਜਿਸ ਵਾਰੇ ਅਸੀਂ ਸੋਚ ਵੀ ਨਹੀਂ ਸਕਦੇ! ਕੀ ਮੀਥੇਨ ਵਿੱਚ ਸਾਹ ਲੈਣ ਵਾਲ਼ੇ ਜੀਵ-ਜੰਤੂ ਹੋ ਸਕਦੇ ਹਨ? ਕੀ, ਬ੍ਰਹਿਸਪਤੀ ਜੋ ਕਿ ਗੈਸਾਂ ਦਾ ਇੱਕ ਦੈਂਤ ਮਈ ਮੁਜੱਸਮਾ ਹੈ, ਉੱਤੇ ਕਿਲੋਮੀਟਰ ਤੋਂ ਵੀ ਲੰਬੇ ਗੈਸ ਦੇ ਅਨੋਖੇ ਜੀਵ ਹੋ ਸਕਦੇ ਹਨ?
ਕਾਰਲ ਸੈਗਨ ਨੇ ਇਹ ਥਿਊਰੀ ਪੇਸ਼ ਕੀਤੀ ਕਿ ਉੱਥੇ ਗੁਬਾਰਿਆਂ ਜਾਂ ਬੱਦਲਾਂ ਦੇ ਅਕਾਰ ਦੇ ਵਿਸ਼ਾਲ ਜੀਵ ਹੋ ਸਕਦੇ ਹਨ, ਜੋ ਗ੍ਰਹਿ ਦੀਆਂ ਗਰਮ ਗੈਸਾਂ ਦੇ ਵਾਤਾਵਰਣ ਵਿੱਚ ਵਿਚਰਦੇ ਹੋਣ। ਉਹ ਉੱਥੋਂ ਦੇ ਵਾਤਾਵਰਣ ਵਿੱਚ ਵੱਸਦੇ ਮਹੀਨ ਜੰਤੂਆਂ ਨੂੰ ਖਾ ਕੇ ਜਾਂ ਫਿਰ ਸੂਰਜ ਦੀ ਰੌਸ਼ਨੀ ਨਾਲ਼ ਆਪਣੀ ਹੋਂਦ ਬਰਕਰਾਰ ਰੱਖਦੇ ਹੋਣ। ਉਹ ਕਲਪਨਾ ਕਰਦਾ ਹੈ ਕਿ ਵ੍ਹੇਲ ਮੱਛੀ ਤੋਂ ਵੀ ਕਈ ਗੁਣਾ ਵੱਡੇ ਤੈਰਦੇ ਜੀਵਾਂ (Floaters) ਦੀ - ਇੱਕ ਸ਼ਹਿਰ ਤੋਂ ਵੀ ਵੱਡੇ। ਤੇ ਜਿੱਥੇ ਇਸ ਤਰ੍ਹਾਂ ਦੇ ਸੁਸਤ (ਅਪ੍ਰਤੀਰੋਧੀ - Passive) ਜੰਤੂ ਹੋਣ, ਉੱਥੇ ਫਿਰ ਸ਼ਿਕਾਰੀਆਂ ਦਾ ਹੋਣਾ ਤਾਂ ਜ਼ਰੂਰੀ ਹੈ, ਜੋ ਕਿ ਗੈਸਾਂ ਦੇ ਵਿਸ਼ਾਲ ਜੀਵਾਂ ਨੂੰ ਨਿਗਲ ਜਾਣ। ਸ਼ਿਕਾਰੀ ਜੀਵ ਤੇਜ਼ ਤੇ ਚਲਾਕ ਹੋਣਗੇ - ਜੋ ਸਿਥੱਲ ਵਿਸ਼ਾਲ ਜੀਵਾਂ ਨੂੰ ਖਾ ਕੇ ਆਪਣਾ ਢਿੱਡ ਭਰਨ - ਭੌਤਿਕ ਖੁਰਾਕ ਤੇ ਹਾਈਡ੍ਰੋਜਨ ਲੈਣ ਵਾਸਤੇ। ਪਰ ਸ਼ਿਕਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੋ ਸਕਦੀ - ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਇੱਕ ਹੀ ਹੁੰਦਾ ਹੈ। ਜੇ ਬਹੁਤ ਜ਼ਿਆਦਾ ਸ਼ਿਕਾਰੀ ਹੋਣ ਤਾਂ ਉਹ ਸਾਰੇ ਗੈਸ ਦੇ ਵਿਸ਼ਾਲ ਜੀਵਾਂ ਨੂੰ ਖਾ ਜਾਣਗੇ ਤੇ ਭੋਜਨ ਦੀ ਕਮੀ ਕਾਰਨ ਆਪ ਵੀ ਖਤਮ ਹੋ ਜਾਣਗੇ।
ਗੈਸ ਦੇ ਵਿਸ਼ਾਲ ਜੀਵਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਅਕਾਸ਼ ਵਿਚੋਂ ਰਿਜਕ (ਗੈਸਾਂ) ਦੀ ਵਰਖਾ ਹੁੰਦੀ ਹੋਵੇਗੀ। "ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕੁ ਆਗੇ ਕਰ ਧਰਿਆ।। (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਗ 10)", ਗੁਰੂ ਅਰਜਨ ਦੇਵ ਜੀ ਦੇ ਦੇ ਮਹਾਂ ਵਾਕ ਅਨੁਸਾਰ ਜਿਹੜੇ ਜੀਵ ਸਿਰਜਣਹਾਰ ਨੇ ਪੱਥਰਾਂ ਤੇ ਚੱਟਾਨਾਂ ਵਿੱਚ ਪੈਦਾ ਕੀਤੇ ਹਨ, ਉਹਨਾਂ ਲਈ ਰਿਜਕ ਵੀ ਉਹਨਾਂ ਦੇ ਸਾਹਮਣੇ ਹੀ ਰੱਖਿਆ ਹੈ।
****
ਬ੍ਰਹਿਸਪਤੀ, ਸੂਰਜ ਮੰਡਲ ਦਾ ਸਭ ਤੋਂ ਵਿਸ਼ਾਲ ਗ੍ਰਹਿ, ਉਸੁਦੇ ਸਾਹਮਣੇ ਸੀ। ਉਸਦੀ ਅੱਖ, ਮਸ਼ਹੂਰ ਲਾਲ ਧੱਬਾ, ਜੋ ਕਿ ਅਸਲ ਵਿੱਚ ਸਦੀਆਂ (300 ਸਾਲ ਤੋਂ) ਨਿਰਤੰਤ ਚੱਲ ਰਿਹਾ ਇੱਕ ਤੂਫ਼ਾਨ ਸੀ, ਮਚਲ ਰਿਹਾ ਸੀ। ਬ੍ਰਹਿਸਪਤੀ, ਜਿਸ ਵਿੱਚ ਸੈਂਕੜੇ ਪ੍ਰਿਥਵੀਆਂ ਸਮਾ ਜਾਣ, ਉਸਦੀਆਂ ਅੱਖਾਂ ਨੂੰ ਚੁੰਧਿਆ ਰਿਹਾ ਸੀ, ਕਿਸੇ ਛੋਟੇ ਸੂਰਜ ਦੇ ਵਾਂਗ। ਉਸਦੇ ਹਰ ਤਰਫ਼ ਗੈਸ ਦੇ ਬੱਦਲ ਸਨ। ਉਹ ਬ੍ਰਹਿਸਪਤੀ ਦੇ ਚੰਦਰਮਾ (ਉਪਗ੍ਰਹਿ) ਵੀ ਵੇਖ ਸਕਦਾ ਸੀ। ਸੂਰਜ-ਮੰਡਲ ਦਾ ਇਹ ਖੇਤਰ ਜੋ ਸੂਰਜ ਤੋਂ 4840 ਲੱਖ ਮੀਲ ਦੂਰ ਹੈ, ਜਿਵੇਂ ਆਪਣੇ ਆਪ ਇੱਕ ਛੋਟਾ ਸੂਰਜ-ਮੰਡਲ ਹੈ। ਜੇ ਕਿਤੇ ਇੰਝ ਹੋ ਜਾਵੇ ਕਿ ਬ੍ਰਹਿਸਪਤੀ ਇੱਕ ਸੂਰਜ (ਸਿਤਾਰਾ) ਬਣ ਜਾਵੇ ਤੇ ਉਸਦੇ ਉਪਗ੍ਰਹਿ, ਗ੍ਰਹਿ ਬਣ ਜਾਣ, ਹੋ ਸਕਦਾ ਹੈ ਇੱਥੇ ਪ੍ਰਿਥਵੀ ਵਰਗਾ ਜੀਵਨ ਵਿਕਸਿਤ ਹੋ ਜਾਵੇ! ਕਿਓਂਕਿ ਜੀਵਨ ਵਿਕਸਿਤ ਹੋਣ ਲਈ ਚਿੰਗਾਰੀ (ਰੌਸ਼ਨੀ) ਦਾ ਹੋਣਾ ਜ਼ਰੂਰੀ ਹੈ। ਪਰ ਉਹ ਜਾਣਦਾ ਸੀ ਕਿ ਇਹ ਇੱਕ ਖਰੂਦੀ ਵਿਚਾਰ ਹੈ!
ਖ਼ੈਰ, ਅੰਬਰੀਸ਼ ਆਪਣੇ ਮਿਸ਼ਨ 'ਤੇ, ਆਪਣੇ ਕੰਮ ਵਿੱਚ ਧਿਆਨ ਲਗਾਉਣ ਲੱਗਿਆ। ਉਹ ਆਪਣਾ ਕੀਮਤੀ ਸਮਾਂ ਸੋਚਾਂ ਦੇ ਵਿੱਚ ਜਾਇਆ ਨਹੀਂ ਕਰਨਾ ਚਾਹੁੰਦਾ ਸੀ। ਉਹ ਆਪਣਾ ਕੰਮ ਜਲਦੀ ਸੰਪੂਰਨ ਕਰਕੇ ਧਰਤੀ ਤੇ ਆਪਣੇ ਪਰਿਵਾਰ ਕੋਲ਼ ਵਾਪਿਸ ਜਾਣਾ ਚਾਹੁੰਦਾ ਸੀ।
ਉਸਨੇ ਕੰਪਿਊਟਰ ਜ਼ੀਰੋ ਦੀ ਸਹਾਇਤਾ ਨਾਲ਼ ਬਹੁਤ ਸਾਰੇ ਤੱਥ ਤੇ ਤਸਵੀਰਾਂ ਇਕੱਠੇ ਕਰ ਰਿਹਾ ਸੀ, ਤੇ ਲਗਾਤਾਰ ਪ੍ਰਿਥਵੀ ਨੂੰ ਟ੍ਰਾਂਸਮਿਟ ਕਰ ਰਿਹਾ ਸੀ। ਉਹਨਾਂ ਨੇ ਬ੍ਰਹਿਸਪਤੀ ਤੇ ਹੋਣ ਵਾਲ਼ੀ ਬਿਜਲੀ ਦੀ ਗਰਜ ਰਿਕਾਰਡ ਕੀਤੀ ਤੇ ਅੰਕੜੇ ਇਕੱਠੇ ਕੀਤੇ। ਇਸਤੋਂ ਪਹਿਲਾਂ ਦੇ ਗ਼ੈਰ-ਮਨੁੱਖੀ ਮਿਸ਼ਨ ਸਿਰਫ਼ ਫ਼ੋਟੋ ਤੇ ਕਿਲੋ ਹਰਟਜ਼ ਦੀ ਰੇਂਜ ਤੱਕ ਸਿਗਨਲ ਲੱਭ ਸਕਦੇ ਸੀ। ਤੇ ਉਸਦਾ ਮੁੱਖ ਮੰਤਵ ਕੁਦਰਤੀ ਤੇ ਗ਼ੈਰ-ਕੁਦਰਤੀ ਰੇਡੀਓ ਤਰੰਗਾਂ ਦਾ ਅਧਿਐਨ ਕਰਨਾ ਸੀ। ਜਿਵੇਂ ਜਿਵੇਂ ਉਹ ਪ੍ਰਿਥਵੀ ਤੋਂ ਲਿਖੀਆਂ ਹਦਾਇਤਾਂ ਪੜ੍ਹ ਰਿਹਾ ਸੀ, ਉਹ ਹੈਰਾਨ ਵੀ ਹੋ ਰਿਹਾ ਸੀ! ਉਹ ਸੋਚ ਵੀ ਨਹੀਂ ਸੀ ਸਕਦਾ ਕਿ ਉਸਦੇ ਗੁਪਤ ਮਿਸ਼ਨ ਦਾ ਅਸਲ ਕਾਰਨ ਕੀ ਹੋ ਸਕਦਾ ਹੈ? ਪਰ ਉਹ ਆਪਣੇ ਨਾਲ਼ ਲਿਆਂਦੇ ਅਤਿ-ਆਧੁਨਿਕ ਤੇ ਸੰਵੇਦਨਸ਼ੀਲ ਯੰਤਰਾਂ ਨਾਲ਼, ਜਿਨ੍ਹਾਂ ਵਿੱਚ ਮਾਈਕਰੋਵੇਵ ਰੇਡੀਓ ਮੀਟਰ ਆਦਿਕ ਸਨ, ਗੈਸ ਦੇ ਦੈਂਤ ਗ੍ਰਹਿ ਵਿੱਚੋਂ ਨਿੱਕਲਣ ਵਾਲ਼ੀਆਂ ਵਿਲੱਖਣ ਪ੍ਰਾਧੁਨੀਆਂ (Frequencies) ਨੂੰ ਰਿਕਾਰਡ ਕਰ ਰਿਹਾ ਸੀ। ਉਸਦਾ ਮਨ ਕਰਦਾ ਸੀ ਕਿ ਉਹ ਆਪਣੇ ਸਪੇਸ ਕੈਪਸੂਲ ਵਿੱਚ ਬੈਠ ਕੇ ਬਾਹਰ ਜਾਵੇ ਤੇ ਕਾਰਲ ਸੈਗਨ ਦੇ ਖ਼ਿਆਲਾਂ ਦੀ ਹਕੀਕਤ ਨੂੰ ਚੈੱਕ ਕਰੇ ਤੇ ਵੇਖੇ ਕਿ ਗੈਸ ਦੇ ਵਿਸ਼ਾਲ ਜੀਵਾਂ ਦੀ ਹੋਂਦ ਕੀ ਸੱਚਮੁੱਚ ਹੈ? ਪਰ ਉਸਦੇ ਮਿਸ਼ਨ ਦਾ ਇਹ ਮੰਤਵ ਨਹੀਂ ਸੀ, ਕੋਈ ਵੀ ਵਿਸ਼ਾਲ ਗੈਸ ਦੇ ਜੀਵਾਂ ਦੀ ਪ੍ਰਵਾਹ ਨਹੀਂ ਸੀ ਕਰਦਾ। ਪਰ ਉਸਨੇ ਇਹ ਜ਼ਰੂਰ ਨੋਟ ਕਰਿਆ ਕਿ ਬ੍ਰਹਿਸਪਤੀ ਤੇ ਹੋਣ ਵਾਲ਼ੀ ਬਿਜਲੀ ਦੀ ਗਰਜ ਧਰਤੀ ਵਾਂਗ ਹੀ ਬੁਲੰਦ ਤੇ ਖਤਰਨਾਕ ਹੈ ਜੋ ਕਿ ਉੱਥੋਂ ਦੇ ਕਾਲਪਨਿਕ ਗੈਸ ਦੇ ਜੀਵਾਂ ਨੂੰ ਵੀ ਡਰਾਉਣ ਦੇ ਕਾਬਿਲ ਹੈ। ਪਰ ਬ੍ਰਹਿਸਪਤੀ ਤੇ ਬਿਜਲੀ ਗਰਜ ਦੀ ਵੰਡ ਅੰਦਰ ਤੋਂ ਬਾਹਰ ਵੱਲ੍ਹ ਨੂੰ ਪ੍ਰਿਥਵੀ ਤੋਂ ਬਿਲਕੁਲ ਉਲਟ ਹੈ। ਤੇ ਬ੍ਰਹਿਸਪਤੀ ਦੇ ਧਰੁਵੀ ਖੇਤਰਾਂ ਤੇ ਕੇਂਦਰੀ ਭੂ-ਮੱਧ ਰੇਖਾ ਤੋਂ ਜ਼ਿਆਦਾ ਤੇਜ਼ ਹੈ। ਜਿਸਦਾ ਕਾਰਨ ਇਹ ਹੈ ਕਿ ਬ੍ਰਹਿਸਪਤੀ ਸੂਰਜ ਤੋਂ ਪ੍ਰਿਥਵੀ ਨਾਲੋਂ ਪੰਜ ਗੁਣਾ ਜ਼ਿਆਦਾ ਦੂਰ ਹੈ। ਪਰ ਇੱਥੇ ਵੀ ਤੁਸੀਂ ਸੂਰਜ ਦੀ ਤਪਸ਼ ਮਹਿਸੂਸ ਕਰ ਸਕਦੇ ਹੋ! ਹਾਲਾਂਕਿ ਬ੍ਰਹਿਸਪਤੀ ਦਾ ਵਾਯੂਮੰਡਲ ਜ਼ਿਆਦਾਤਰ ਗਰਮੀ ਗ੍ਰਹਿ ਦੀ ਅੰਦਰੂਨੀ ਤਪਸ਼ ਤੋਂ ਹੀ ਲੈਂਦਾ ਹੈ!
ਗ੍ਰਹਿ ਦਾ ਧਰੁਵੀ ਖੇਤਰ 'ਤੇ, ਜਿੱਥੇ ਇੰਨੀ ਤਪਸ਼ ਨਹੀਂ ਹੁੰਦੀ, ਵਾਯੂਮੰਡਲ ਘੱਟ ਸੰਘਣਾ ਹੈ, ਤੇ ਗ੍ਰਹਿ ਦੀਆਂ ਅੰਦਰੂਨੀ ਗੈਸਾਂ ਨੂੰ ਉੱਪਰ ਉੱਠਣ ਦਿੰਦਾ ਹੈ, ਜੋ ਕਨਵੈਕਸ਼ਨ (Convection) ਨੂੰ ਜਨਮ ਦਿੰਦਾ ਹੈ, ਤੇ ਬਿਜਲਈ ਗਰਜ ਲਈ ਸਮਗਰੀ ਪ੍ਰਦਾਨ ਕਰਦਾ ਹੈ। ਉਸਦੇ ਮਿਸ਼ਨ ਦਾ ਦੂਜਾ ਮੰਤਵ ਬ੍ਰਹਿਸਪਤੀ ਵਾਰੇ ਵੱਧ ਤੋਂ ਵੱਧ ਅੰਕੜੇ, ਤਸਵੀਰਾਂ ਇਕੱਠੇ ਕਰਨਾ ਵੀ ਸੀ। ਯੰਤਰਾਂ ਦੀ ਸਹਾਇਤਾ ਨਾਲ਼ ਉਸਨੂੰ ਪਤਾ ਲੱਗਿਆ ਕਿ ਇੱਕ ਸਕਿੰਟ ਵਿੱਚ ਬਿਜਲੀ ਚਾਰ-ਪੰਜ ਵਾਰ ਗਰਜਦੀ ਹੈ। ਉਸਦੇ ਸਪੇਸ-ਸ਼ਿੱਪ ਦਾ ਬ੍ਰਹਿਸਪਤੀ ਦੇ ਕੋਲ਼ ਹੋਣਾ ਬਹੁਤ ਮਹੱਤਵਪੂਰਨ ਸੀ ਤੇ ਉਹ ਉਸਦੇ ਆਲੇ-ਦੁਆਲ਼ੇ ਦੀਆਂ ਰੇਡੀਓ ਤਰੰਗਾਂ ਦੀ ਸਿਗਨਲ ਸ਼ਕਤੀ ਹਜ਼ਾਰਾਂ ਗੁਣਾ ਵੱਧ ਸਹੀ ਮਾਪ ਸਕਦਾ ਸੀ।
ਇਸ ਤਰ੍ਹਾਂ ਉਹ ਅੰਕੜੇ ਤੇ ਤੱਥ ਇਕੱਠੇ ਕਰਦਾ ਤੇ ਪ੍ਰਿਥਵੀ ਤੇ ਸਥਿੱਤ ਆਪਣੇ ਕੰਟਰੋਲ ਰੂਮ ਨੂੰ ਭੇਜ ਦਿੰਦਾ ਸੀ। ਤਕਰੀਬਨ ਹਰ ਰੋਜ਼ ਉਸਨੂੰ ਹੋਰ ਅੰਕੜੇ ਇਕੱਠੇ ਕਰਨ ਦੀਆਂ ਹਦਾਇਤਾਂ ਮਿਲਦੀਆਂ। ਉਸਦੇ ਮਿਸ਼ਨ ਦੀ ਅਵਧੀ ਤਕਰੀਬਨ ਛੇ ਕੁ ਮਹੀਨੇ ਸੀ ਤੇ ਉੰਨੇ ਚਿਰ ਵਾਸਤੇ ਉਸ ਕੋਲ਼ ਕਾਫ਼ੀ ਭੋਜਨ ਸੀ। ਉਸਨੂੰ ਭੋਜਨ ਘੱਟ ਤੇ ਦਵਾਈ ਵੱਧ ਆਖ ਸਕਦੇ ਹਾਂ। ਉਹ ਰੋਜ਼ ਭੋਜਨ ਵਿੱਚ ਕੈਪਸੂਲ ਖਾਂਦਾ ਸੀ ਜੋ ਕਿ ਆਪਣੇ ਆਪ ਵਿੱਚ ਸੰਪੂਰਨ ਸੰਤੁਲਿਤ ਭੋਜਨ ਖੁਰਾਕ ਸੀ। ਉਸ ਕੋਲ਼ ਸੁੱਕੇ ਦੁੱਧ ਦੇ ਬਣੇ ਬਿਸਕੁਟ ਵੀ ਸਨ ਜੋ ਉਸਨੂੰ ਬਹੁਤ ਸੁਆਦਲੇ ਲਗਦੇ ਸਨ - ਉਹ ਉਸਨੂੰ ਬਚਪਨ ਵਿੱਚ ਖਾਧੇ ਬਿਸਕੁਟਾਂ ਦਾ ਸੁਆਦ ਯਾਦ ਕਰਾ ਦਿੰਦੇ ਸਨ। ਉਸਦਾ ਸਪੇਸ-ਸ਼ਿੱਪ ਇੰਨਾ ਵੱਡਾ ਨਹੀਂ ਸੀ ਕਿ ਉਹ ਗੁਰੁਤਾਕਰਸ਼ਣ ਦਾ ਪ੍ਰਭਾਵ ਪੈਦਾ ਕਰ ਸਕੇ ਤਾਂ ਜੋ ਉਸਨੂੰ ਭਾਰ ਹੀਣ ਅਵਸਥਾ ਵਿੱਚ ਨਾ ਵਿਚਰਨਾ ਪਵੇ। ਉਹ ਇਧਰ-ਉੱਧਰ ਹਵਾ ਵਿੱਚ ਤੈਰ ਕੇ ਹੀ ਜਾਂਦਾ ਸੀ ਤੇ ਸਪੇਸ-ਸ਼ਿੱਪ ਦੇ ਅੰਦਰੂਨੀ ਹਿੱਸੇ ਨਾਲ਼ ਅਚਾਨਕ ਟਕਰਾ ਤੋਂ ਬਚਣ ਲਈ ਉਸ ਕੋਲ਼ ਬਹੁਤ ਉਮਦਾ ਪਟੇ (Strap) ਸਨ। ਬਾਥਰੂਮ ਵਿੱਚ ਟੋਆਇਲਟ ਸੀਟ ਤੇ ਉਸਨੂੰ ਆਪਣੇ ਆਪ ਨੂੰ ਪਟੇ ਨਾਲ਼ ਬੰਨ੍ਹਣਾ ਪੈਂਦਾ ਸੀ!
ਉਸਨੂੰ ਅੱਜ ਧਰਤੀ ਤੋਂ ਆਇਆਂ ਇੱਕ ਮਹੀਨਾ ਬੀਤ ਗਿਆ ਸੀ। ਇਸ ਦੌਰਾਨ ਉਸਨੇ ਬਹੁਤ ਜਾਣਕਾਰੀ ਇਕੱਠੀ ਕਰਕੇ ਪ੍ਰਿਥਵੀ ਨੂੰ ਭੇਜੀ ਸੀ। ਪ੍ਰਿਥਵੀ ਤੇ ਵਿਗਿਆਨਕ ਉਸਦਾ ਲਗਾਤਾਰ ਵਿਸ਼ਲੇਸ਼ਣ ਕਰ ਰਹੇ ਸਨ, ਤੇ ਉਸਨੂੰ ਹੋਰ ਜਾਣਕਾਰੀ ਇਕੱਠੀ ਕਰਨ ਲਈ ਗਾਈਡ ਕਰ ਰਹੇ ਸਨ। ਆਪਣੇ ਇੱਕਲੇਪਣ ਤੋਂ ਬਚਣ ਲਈ ਉਹ ਕੰਪਿਊਟਰ ਜ਼ੀਰੋ ਨਾਲ਼ ਜ਼ਿਆਦਾ ਸਮਾਂ ਬਿਤਾਉਂਦਾ ਸੀ। ਉਸਦੇ ਕੋਲ਼ ਮਨੋਰੰਜਨ ਲਈ ਵੇਖਣ ਲਈ ਫ਼ਿਲਮਾਂ, ਸੁਣਨ ਲਈ ਸੰਗੀਤ ਤੇ ਅਧਿਐਨ ਕਰਨ ਲਈ ਕਿਤਾਬਾਂ ਸਨ। ਪਰ ਉਸਦਾ ਮਨ ਮਨੋਰੰਜਨ ਲਈ ਨਹੀਂ ਸੀ ਕਰਦਾ। ਉਹ ਤਾਂ ਆਪਣੇ ਪਰਿਵਾਰ, ਆਪਣੇ ਮਾਤਾ ਪਿਤਾ ਤੇ ਉਰਵਸ਼ੀ ਨੂੰ ਯਾਦ ਕਰਦਾ ਰਹਿੰਦਾ ਸੀ, ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਵੇਖਦਾ ਰਹਿੰਦਾ ਸੀ। ਜਾਂ ਫਿਰ ਉਹਨਾਂ ਨੂੰ ਸੰਦੇਸ਼ ਭੇਜਦਾ ਸੀ। ਉਹ ਅਕਸਰ ਹੀ ਇੱਕ ਦੂਜੇ ਨਾਲ਼ ਈ-ਮੇਲ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਕਰਦੇ ਸਨ। ਪਰ ਹਰ ਵੇਲੇ ਉਸਦੇ ਮਾਤਾ-ਪਿਤਾ ਤੇ ਉਰਵਸ਼ੀ ਉਸਨੂੰ ਆਪਣੇ ਮੰਤਵ ਨੂੰ ਸਫ਼ਲ ਕਰਨ ਲਈ ਉਤਸ਼ਾਹਿਤ ਕਰਦੇ ਤੇ ਪ੍ਰੇਰਦੇ ਸਨ ਤਾਂ ਜੋ ਮਾਨਵਤਾ ਦਾ ਕੁੱਝ ਭਲਾ ਹੋ ਸਕੇ! ਉਹਨਾਂ ਦਾ ਉਤਸ਼ਾਹ ਹੀ ਸੀ ਜੋ ਉਸਨੂੰ ਚੱਲਦੇ ਤੇ ਆਪਣੇ ਮਿਸ਼ਨ ਤੇ ਕੇਂਦਰਿਤ ਰੱਖਦਾ ਸੀ।
****
ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸੀ, ਵਿਗਿਆਨਕਾਂ ਨੇ ਉਸਦੇ ਇਕੱਠੇ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਲਿਆ ਸੀ, ਤੇ ਹੋਰ ਅੰਕੜੇ ਇਕੱਠੇ ਕਰਨ ਲਈ ਉਸਨੂੰ ਬਾਹਰਲੈ ਖੇਤਰ ਵਿੱਚ ਬ੍ਰਹਿਸਪਤੀ ਵੱਲ੍ਹ ਜਾਣਾ ਪੈਣਾ ਸੀ। ਉਹਨਾਂ ਨੇ ਰੇਡੀਓ ਤਰੰਗਾਂ ਦਾ ਵਿਸ਼ਲੇਸ਼ਣ ਵੀ ਕੀਤਾ ਸੀ ਤੇ ਬੜੇ ਹੀ ਹੈਰਾਨੀਕੁੰਨ ਤੱਥ ਸਾਹਮਣੇ ਆਏ ਸਨ!
ਉਸਨੇ ਆਪਣਾ ਸਪੇਸ-ਕੈਪਸੂਲ ਤਿਆਰ ਕਰ ਲਿਆ, ਤੇ ਕੰਪਿਊਟਰ ਜ਼ੀਰੋ ਨੇ ਉਸਦੀ ਚੰਗੀ ਤਰ੍ਹਾਂ ਜਾਂਚ ਕੀਤੀ ਤੇ ਆਪਣੇ ਨਾਲ਼ ਸੰਚਾਰ ਸਥਾਪਿਤ ਕਰ ਲਿਆ। ਉਸਦਾ ਮਿਸ਼ਨ ਬ੍ਰਹਿਸਪਤੀ ਦੇ ਬੱਦਲਾਂ ਵਿੱਚ ਛੁਪਿਆ ਰੇਡੀਓ ਤਰੰਗਾਂ ਦਾ ਸੋਮਾ ਲੱਭਣਾ ਸੀ। ਉਹ ਆਪਣਾ ਸਪੈਸ਼ਲ ਅੰਤਰਿਖਸ਼ ਸੂਟ ਪਾ, ਤਿਆਰ ਹੋ ਕੇ ਸਪੇਸ-ਕੈਪਸੂਲ ਵਿੱਚ ਬੈਠ ਗਿਆ, ਤੇ ਕੰਪਿਊਟਰ ਜ਼ੀਰੋ ਦੇ ਨਿਰਦੇਸ਼ ਤੇ ਆਪਣੇ ਸਪੇਸ-ਸ਼ਿੱਪ ਵਿੱਚੋਂ ਬਾਹਰ ਆ ਗਿਆ। ਉਹ ਤੇਜ਼ੀ ਨਾਲ਼ ਬ੍ਰਹਿਸਪਤੀ ਵੱਲ੍ਹ ਨੂੰ ਜਾ ਰਿਹਾ ਸੀ, ਬ੍ਰਹਿਸਪਤੀ ਦਾ ਗੁਰੁਤਾਕਰਸ਼ਣ ਉਸਨੂੰ ਆਪਣੇ ਵੱਲ੍ਹ ਖਿੱਚ ਰਿਹਾ ਸੀ। ਥੋੜੀ ਦੇਰ ਬਾਅਦ ਹੀ ਉਹ ਬ੍ਰਹਿਸਪਤੀ ਦੇ ਵਾਯੂਮੰਡਲ ਵਿੱਚ ਪਹੁੰਚ ਗਿਆ, ਉਹ ਵੱਡੇ ਵਿਸ਼ਾਲ ਬੱਦਲਾਂ ਦੇ ਦਰਮਿਆਨ ਸੀ ਜੋ ਕੇ ਕਾਰਲ ਸੈਗਨ ਦੇ ਵਿਸ਼ਾਲ ਜੀਵ ਸਨ। ਉਹ ਇੱਕ ਵਿਸਮ ਭਰਿਆ ਵਰਤਾਰਾ ਸੀ, ਜਿਸਨੂੰ ਵੇਖ ਕੇ ਉਸਦੀਆਂ ਅੱਖਾਂ ਚੁੰਧਿਆ ਰਹੀਆਂ ਸਨ। ਉਸਨੇ ਸੋਚਿਆ ਇਹਨਾਂ ਵਿਸ਼ਾਲ ਜੀਵਾਂ ਨੂੰ ਖਾਣ ਵਾਲ਼ੇ ਸ਼ਿਕਾਰੀ ਵੀ ਨੇੜੇ ਤੇੜੇ ਹੀ ਹੋਣਗੇ। ਦੂਰੋਂ ਕਿਤਿਓਂ ਬਹੁਤ ਉੱਚੀ ਆਵਾਜ਼ ਆਈ ਕਿ ਉਸਦੇ ਕੰਨ ਬੋਲੇ ਹੋਣ ਲੱਗੇ। 'ਕਿਸੇ ਸ਼ੇਰ ਨੇ ਜਿਵੇਂ ਕਿਸੇ ਭੱਜੇ ਜਾਂਦੇ ਇੱਕਲੇ ਹਿਰਨ ਨੂੰ ਦਬੋਚ ਲਿਆ ਹੈ!' ਉਸਨੇ ਸੋਚਿਆ। ਸ਼ਿਕਾਰੀ ਦਾ ਕੰਮ ਤਾਂ ਸ਼ਿਕਾਰ ਕਰਨਾ ਹੈ - ਤੇ ਤਕੜੇ ਜੀਵ ਹੀ ਜਿਉਂਦੇ ਹਨ - ਡਾਰਵਿਨ ਦੀ ਥਿਉਰੀ ਇੱਥੇ ਧਰਤੀ ਤੋਂ ਇੱਡੀ ਦੂਰ ਵੀ ਲਾਗੂ ਹੁੰਦੀ ਹੈ! ਉਸਨੇ ਸੋਚਿਆ ਕਿ ਉਹ ਜੀਵ ਆਪਸ ਵਿੱਚ ਕਿਵੇਂ ਸੰਚਾਰ (ਸੰਪਰਕ) ਕਿਵੇਂ ਕਰਦੇ ਹੋਣਗੇ। ਫੇਰ ਇੱਕਦਮ ਉਸਨੂੰ ਸਮੁੰਦਰ ਵਿੱਚ ਵਸਦੀਆਂ ਵਿਸ਼ਾਲ ਵ੍ਹੇਲ ਮੱਛੀਆਂ ਦਾ ਖ਼ਿਆਲ ਆਇਆ ਜੋ ਕਿ ਰੇਡੀਓ ਤਰੰਗਾਂ ਦੇ ਮਾਧਿਅਮ ਨਾਲ਼ ਆਪਸ ਵਿੱਚ ਸੰਪਰਕ ਕਰਦਿਆਂ ਸਨ - ਉਂਵੇ ਹੀ ਇਹ ਬੱਦਲ-ਨੁਮਾ ਵਿਸ਼ਾਲ ਜੀਵ ਵੀ ਰੇਡੀਓ ਤਰੰਗਾਂ ਨਾਲ਼ ਹੀ ਸੰਪਰਕ ਕਰਦੇ ਹੋਣੇ ਨੇ। ਕੀ ਉਹ ਵਿਸ਼ਾਲ ਜੀਵ-ਜੰਤੂ ਤਾਂ ਹੀ ਰੇਡੀਓ ਕਿਰਨਾਂ ਦਾ ਸ੍ਰੋਤ ਤਾਂ ਨਹੀਂ? ਪਰ ਫੇਰ ਉਸਨੇ ਸੋਚਿਆ ਕਿ ਇਹ ਸਵਾਲ ਇੰਨਾ ਅਸਾਨ ਨਹੀਂ ਹੋ ਸਕਦਾ।
ਉਸਨੂੰ ਕੰਪਿਊਟਰ ਜ਼ੀਰੋ ਦਾ ਸੰਦੇਸ਼ ਆਇਆ - 'ਅੰਬਰੀਸ਼, ਤੂੰ ਸ੍ਰੋਤ ਦੇ ਨੇੜੇ ਪਹੁੰਚਣ ਵਾਲ਼ਾ ਏਂ। ਪਰ ਬਹੁਤ ਨੇੜੇ ਨਾ ਜਾਵੀਂ ਕਿ ਸਾਡਾ ਸੰਪਰਕ ਟੁੱਟ ਜਾਵੇ। ਵੈਸੇ ਤਾਂ ਤੇਰਾ ਸਪੇਸ-ਕੈਪਸੂਲ ਇਨਾ ਯੋਗ ਹੈ ਕਿ ਉਹ ਬਿਨਾ ਸੰਪਰਕ ਦੇ ਵੀ ਆਪਣੇ ਸਪੇਸ-ਸ਼ਿੱਪ ਤੱਕ ਵਾਪਸ ਆ ਸਕਦਾ ਹੈ, ਸੋ ਉਸਦੀ ਚਿੰਤਾ ਨਹੀਂ ਪਰ ਅਜੇ ਕੀਤੇ ਹੋਰ ਖਤਰਾ ਨਾ ਹੋਵੇ ਕਿ ਸਪੇਸ-ਕੈਪਸੂਲ ਜਾਂ ਤੈਨੂੰ ਕੋਈ ਨੁਕਸਾਨ ਹੋ ਜਾਵੇ।'
'ਕੋਈ ਚਿੰਤਾ ਨਹੀਂ। ਮੈਂ ਧਿਆਨ ਰਖਾਂਗਾ।' ਉਹ ਹੋਰ ਥੱਲੇ ਡਿਗਦਾ ਜਾ ਰਿਹਾ ਸੀ। ਉਸਨੂੰ ਇੱਕ ਤਰ੍ਹਾਂ ਦਾ ਅਨੰਦ ਵੀ ਆ ਰਿਹਾ ਸੀ ਪਰ ਉਸਦੇ ਕਿੱਧਰੇ ਧੁਰ ਅੰਦਰ ਇੱਕ ਸਹਿਮ ਵੀ ਸੀ!
ਅਚਾਨਕ ਜਿਵੇਂ ਬ੍ਰਹਿਸਪਤੀ ਦਾ ਅਕਾਸ਼ ਦੋ ਟੁਕੜਿਆਂ ਵਿੱਚ ਟੁੱਟ ਗਿਆ। ਸੰਗਤਰੀ, ਪੀਲ਼ੇ, ਤੇ ਹਰੇ ਰੰਗ ਦੀ ਚਮਕ ਜੋ ਅੱਗ ਵਰਗੀ ਸੀ ਚਮਕਣ ਲੱਗੀ। ਬੱਦਲਾਂ ਦੇ ਅੰਦਰ ਬਹੁਤ ਜ਼ੋਰ ਨਾਲ ਬਿਜਲੀ ਗਰਜਣ ਲੱਗੀ। ਹਨੇਰਾ ਜਿਹਾ ਵੀ ਛਾਉਣ ਲੱਗਿਆ।
'ਖਤਰਾ ਅੰਬਰੀਸ਼!' ਕੰਪਿਊਟਰ ਜ਼ੀਰੋ ਦੀ ਆਵਾਜ਼ ਇਸ ਤਰ੍ਹਾਂ ਆਈ ਜਿਵੇਂ ਡੂੰਘੇ ਖੂਹ ਵਿਚੋਂ ਆ ਰਹੀ ਹੋਵੇ। ਤੇ ਉਸਨੂੰ ਲੱਗਿਆ ਕਿ ਉਹ ਜਿਵੇਂ ਇੱਕ ਕਾਲ਼ੇ ਖੂਹ ਵਿੱਚ ਡਿਗ ਰਿਹਾ ਹੈ।
'ਅੰਬਰੀਸ਼, ਇੰਝ ਲੱਗ ਰਿਹਾ ਹੈ ਕਿ ਬਹੁਤ ਵੱਡਾ ਤੇ ਖਤਰਨਾਕ ਤੂਫ਼ਾਨ ਆ ਰਿਹਾ ਹੈ। ਮੇਰੀ ਸਲਾਹ ਹੈ ਕਿ ਤੂੰ ਜਲਦੀ ਨਾਲ਼ ਵਾਪਿਸ ਆ ਜਾ। ਅਸੀਂ ਇਹ ਕੰਮ ਕੱਲ੍ਹ ਫੇਰ ਜਾਰੀ ਕਰ ਲਵਾਂਗੇ।'
'ਹਾਂ, ਤੂੰ ਠੀਕ ਕਹਿ ਰਿਹਾ ਏਂ। ਬੱਸ ਮੈਂ ਦੋ ਮਿੰਟ ਵਿੱਚ ਮੁੜਦਾ ਹਾਂ।' ਅੰਬਰੀਸ਼ ਬੋਲਿਆ। ਉਸਨੇ ਸੋਚਿਆ ਕਿ ਉਹ ਥੋੜਾ ਹੋਰ ਅੱਗੇ ਜਾ ਕੇ ਕੁੱਝ ਹੋਰ ਫੋਟੋ ਲੈ ਲਵੇ। ਉਸਦਾ ਸਪੇਸ-ਕੈਪਸੂਲ ਨਿਰੰਤਰ ਵੀਡੀਓ ਰਿਕਾਰਡ ਕਰ ਰਿਹਾ ਸੀ।
ਅਚਾਨਕ ਉਸਦੇ ਸਾਹਮਣੇ ਦਾ ਅਕਾਸ਼ ਇੱਕਦਮ ਨੀਲਾ ਤੇ ਸਫ਼ੈਦ ਹੋ ਗਿਆ। ਉਸਦਾ ਸਪੇਸ-ਕੈਪਸੂਲ ਇੰਝ ਹਿੱਲਿਆ ਜਿਵੇਂ ਉਸ ਨਾਲ਼ ਬਿਜਲੀ ਟਕਰਾ ਗਈ ਹੋਵੇ! ਉਸਨੂੰ ਲੱਗ ਰਿਹਾ ਸੀ ਕਿਤੇ ਉਸਦੇ ਸਿਰ ਨੂੰ ਧੱਕਾ ਨਾ ਲੱਗ ਜਾਵੇ। ਇੰਝ ਲੱਗ ਰਿਹਾ ਸੀ ਕਿ ਸਾਹਮਣੇ ਦੇ ਅਕਾਸ਼ ਇੱਕ ਵਿਸ਼ਾਲ ਖਲਾਅ ਪੈਦਾ ਹੋ ਰਿਹਾ ਹੋਵੇ ਜਿਵੇਂ ਪ੍ਰਿਥਵੀ ਤੇ ਸੁਮੰਦਰ ਵਿੱਚ ਸੁਨਾਮੀ (Tsunami) ਆਉਣ ਤੋਂ ਪਹਿਲਾਂ ਸਮੁੰਦਰ ਦਾ ਪਾਣੀ ਅੰਦਰ ਵੱਲ੍ਹ ਨੂੰ ਖਿਚਿਆ ਜਾਂਦਾ ਹੈ ਤੇ ਫੇਰ ਇੱਕ ਦਮ ਪੂਰੇ ਜ਼ੋਰ ਨਾਲ਼ ਬਾਹਰ ਨੂੰ ਸੈਲਾਬ ਬਣ ਪਰਬਤਾਂ ਤੋਂ ਵੀ ਉੱਚਾ ਉੱਠ ਕੇ ਆਉਂਦਾ ਹੈ। ਐਨ ਉਸੇ ਵਕਤ ਜਦੋਂ ਉਸਨੇ ਵਾਪਿਸ ਮੁੜਨ ਲਈ ਆਪਣਾ ਸਪੇਸ-ਕੈਪਸੂਲ ਮੋੜਿਆ ਤਾਂ ਸਿਆਹ ਕਾਲ਼ਾ ਭੰਵਰ ਉਸਦੇ ਗਿਰਦ ਚਾਰ ਚੁਫੇਰੇ ਪਸਰ ਗਿਆ ਤੇ ਉਹ ਉਸਦੇ ਘੇਰੇ ਦੇ ਵਿੱਚ ਆ ਗਿਆ। ਉਹ ਉਸ ਭਵਰ ਵਿੱਚ ਫਸ ਕੇ ਹੇਠਾਂ ਨੂੰ ਡਿਗਦਾ ਜਾ ਰਿਹਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਬ੍ਰਹਿਸਪਤੀ ਦੇ ਉੱਪਰ ਇੱਕ ਭਿਅੰਕਰ ਭੂਚਾਲ਼ ਆ ਰਿਹਾ ਸੀ। ਇੱਕ ਵੱਡਾ ਸਾਰਾ ਕਾਲ਼ਾ ਸਤੰਭ ਜਿਸ ਵਿੱਚੋਂ ਅੱਗ ਤੇ ਧੂਆਂ ਨਿੱਕਲ ਰਿਹਾ ਸੀ ਉੱਪਰ ਨੂੰ ਉੱਠ ਰਿਹਾ ਸੀ ਤੇ ਬ੍ਰਹਿਸਪਤੀ ਦੇ ਉੱਪਰਲੇ ਵਾਯੂਮੰਡਲ ਵਿੱਚ ਸਿਆਹ ਰਾਖ ਫੈਲਾ ਰਿਹਾ ਸੀ - ਜਿਵੇਂ ਕੋਈ ਜਵਾਲਾਮੁਖੀ ਹੋਵੇ। ਅੰਬਰੀਸ਼ ਨੂੰ ਕੁੱਝ ਵੀ ਸਮਝ ਨਹੀਂ ਪੈ ਰਹੀ ਸੀ, ਉਸਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਈ ਤਰ੍ਹਾਂ ਦੇ ਤੂਫ਼ਾਨ ਇਕੱਠੇ ਹੋ ਗਏ ਹੋਣ। ਕੰਪਿਊਟਰ ਜ਼ੀਰੋ ਨਾਲ਼ੋਂ ਵੀ ਉਸਦਾ ਸੰਪਰਕ ਟੁੱਟ ਗਿਆ ਸੀ।
ਇਹ ਸਾਰਾ ਵਰਤਾਰਾ ਕਾਫ਼ੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਤੇ ਉਸਨੂੰ ਸਮੇਂ ਦਾ ਕੋਈ ਅੰਦਾਜ਼ਾ ਨਾ ਰਿਹਾ! ਫੇਰ ਇੱਕ ਦਮ ਜਿਵੇਂ ਦਿਨ ਦਾ ਉਜਾਲ਼ਾ ਫੇਲ ਗਿਆ, ਜਿਵੇਂ ਸੂਰਜ ਦੀ ਰੌਸ਼ਨੀ ਬੱਦਲਾਂ ਵਿੱਚੋਂ ਪ੍ਰਦੀਪਤ ਹੋ ਕੇ ਰਾਤ ਦੇ ਸਿਆਹ ਅਕਾਸ਼ ਦੇ ਕੈਨਵਸ ਉੱਤੇ ਰੰਗਾਂ ਨਾਲ਼ ਇੱਕ ਸੁਪਨਈ ਰੰਗ-ਬਰੰਗੀ, ਸਤਰੰਗੀ ਪੀਂਘ ਦੇ ਵਾਂਗ ਚਿੱਤਰ ਬਣਾ ਰਹੀ ਹੋਵੇ! ਉਹ ਸਾਹਮਣੇ ਸਾਫ਼ ਦੇਖ ਸਕਦਾ ਸੀ, ਬੱਦਲ, ਤੇ ਹੋਰ ਬਹੁਤ ਸਾਰਾ ਮਾਦਾ ਇੱਕ ਕਾਲ਼ੇ ਜਿਹੇ ਖੂਹ ਵਿੱਚ ਧਸਦਾ ਜਾ ਰਿਹਾ ਸੀ। ਤੇ ਅੰਬਰੀਸ਼ ਉੱਥੋਂ ਬਾਹਰ ਨਿੱਕਲਣਾ ਚਾਹੁੰਦਾ ਸੀ। ਤੂਫ਼ਾਨ ਤੋਂ ਇੱਕਦਮ ਬਾਅਦ ਹੋਈ ਨਿਸ਼ਚਲਤਾ ਵਿੱਚ ਉਸਨੂੰ ਲੱਗਿਆ ਕਿ ਇਹ ਹੁਣ ਉਸਦਾ ਆਖਰੀ ਮੌਕਾ ਹੈ, ਉਸਨੇ ਆਪਣਾ ਕੈਪਸੂਲ 360 ਡਿਗਰੀ ਤੇ ਮੋੜ ਕੇ ਉੱਪਰ ਵੱਲ੍ਹ ਨੂੰ ਜਾਣ ਲੱਗਿਆ। ਇਹ ਇੱਕ ਕ੍ਰਿਸ਼ਮਾ ਸੀ ਜਾਂ ਉਸਦੀ ਕਿਸਮਤ ਚੰਗੀ ਸੀ ਕਿ ਉਸਨੂੰ ਬ੍ਰਹਿਸਪਤੀ ਦੇ ਗੁਰੁਤਾਕਰਸ਼ਣ ਨਾਲ਼ ਗੁਲੇਲ ਪ੍ਰਭਾਵ ਦੇ ਕਾਰਨ ਹੁਲਾਰਾ ਮਿਲ ਗਿਆ ਤੇ ਉਹ ਉਸ ਭੰਵਰ ਤੋਂ ਬਾਹਰ ਆ ਗਿਆ। ਕੰਪਿਊਟਰ ਜ਼ੀਰੋ ਨਾਲ਼ ਉਸਦਾ ਸੰਪਰਕ ਸਥਾਪਿਤ ਹੋ ਗਿਆ ਤੇ ਥੋੜ੍ਹੇ ਹੀ ਅੰਤਰਾਲ ਬਾਅਦ ਉਹ ਆਪਣੇ ਸਪੇਸ-ਸ਼ਿੱਪ ਕੋਲ ਪਹੁੰਚ ਗਿਆ। ਕੰਪਿਊਟਰ ਜ਼ੀਰੋ ਨੇ ਸ਼ਿੱਪ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਸਦੇ ਕੈਪਸੂਲ ਨੂੰ ਅੰਦਰ ਖਿੱਚ ਲਿਆ।
ਉਸਨੂੰ ਆਪਣਾ ਸ਼ਿੱਪ ਬੜਾ ਅੱਲਗ ਤੇ ਪੁਰਾਣਾ ਮਹਿਸੂਸ ਹੋਇਆ। ਉਸਨੂੰ ਅਹਿਸਾਸ ਹੋਇਆ ਕਿ ਕੁੱਝ ਤਾਂ ਗੜਬੜ ਹੈ।
'ਕੰਪਿਊਟਰ ਜ਼ੀਰੋ, ਕੀ ਸਭ ਕੁੱਝ ਠੀਕ ਹੈ। ਮੈਂ ਇੱਕ ਭਿਆਨਕ ਤੂਫ਼ਾਨ ਦੇ ਵਿੱਚ ਫਸ ਗਿਆ ਸੀ। '
ਕੰਪਿਊਟਰ ਜ਼ੀਰੋ ਬੋਲਿਆ - 'ਹਾਂ, ਮੈਨੂੰ ਪਤਾ ਹੈ। ਮੈਂ ਸਭ ਕੁੱਝ ਵੇਖ ਰਿਹਾ ਸੀ ਤੇ ਹਾਲਾਤ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰ ਬਹੁਤ ਦੇਰ ਹੋ ਚੁੱਕੀ ਹੈ, ਤੈਨੂੰ ਪਤਾ ਹੈ ਤੂੰ ਧਰਤੀ ਦੇ ਚਾਲ਼ੀ ਸਾਲਾਂ ਬਾਅਦ ਵਾਪਿਸ ਆਇਆ ਏਂ!'
ਇਹ ਸੁਣ ਕੇ ਅੰਬਰੀਸ਼ ਦੀਆਂ ਅੱਖਾਂ ਹੈਰਾਨੀ ਨਾਲ਼ ਅੱਡੀਆਂ ਰਹੀ ਗਈਆਂ! ਉਸਦੇ ਮੁੱਖ 'ਚੋਂ ਬੱਸ ਇੰਨਾ ਹੀ ਬੋਲ ਨਿੱਕਲਿਆ -
'ਕੀ ?....'
****
'ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ (ਗੁਰੂ ਨਾਨਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1035)
ਗੁਰੂ ਨਾਨਕ ਦੇ ਅਨੁਸਾਰ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਘੁੱਪ ਹਨੇਰਾ ਪਸਰਿਆ ਹੋਇਆ ਸੀ। ਨਾ ਧਰਤੀ ਸੀ, ਨਾ ਅਕਾਸ਼, ਨਾ ਚੰਦ, ਨਾ ਸੂਰਜ ਤੇ ਹੋਰ ਗ੍ਰਹਿ ਤੇ ਸਿਤਾਰੇ ਸਨ। ਹਰ ਪਾਸੇ ਸੁੰਨ ਦੀ ਅਵਸਥਾ ਸੀ। ਉਸ ਇੱਕ ਦਾ ਹੁਕਮ ਸੀ।
ਸਟੀਫ਼ਨ ਹਾਕਿੰਗ ਗੁਰੁਤਾਕ੍ਰਸ਼ਣ ਇੱਕਤਾ ਦੇ ਸਿਧਾਂਤ (Gravitational Singularity Theorem) ਨੂੰ ਵਰਣਨ ਕਰਦੇ ਹੋਏ ਦੱਸਦਾ ਹੈ - ਗੁਰੁਤਾਕਰਸ਼ਣ ਇੱਕਤਾ ਸਿਧਾਂਤ ਜਾਂ ਖਲਾਅ ਤੇ ਸਮੇਂ ਦੀ ਇੱਕਤਾ ਖਲਾਅ ਤੇ ਸਮੇਂ ਵਿੱਚ ਅਜਿਹੀ ਜਗ੍ਹਾ ਹੈ ਜਿੱਥੇ ਇੱਕ ਅਕਾਸ਼ੀ ਪਿੰਡ ਦਾ ਗੁਰੁਤਾਕਰਸ਼ਣ ਇਸ ਤਰ੍ਹਾਂ ਅਸੀਮ ਹੋ ਜਾਂਦਾ ਹੈ ਕਿ ਉਹ ਨਿਰਦੇਸ਼-ਅੰਕ ਪੱਧਤੀ ਤੇ ਨਿਰਭਰ ਨਹੀਂ ਰਹਿੰਦਾ। ਕਿਉਂਕਿ ਉਹਨਾਂ ਨਾਲ ਸਬੰਧਿਤ ਹੋਰ ਸਭ ਗਿਣਤੀਆਂ ਵੀ ਅਸੀਮ ਹੋ ਜਾਂਦੀਆ ਹਨ, ਇਸ ਕਰਕੇ ਖਲਾਅ ਤੇ ਸਮੇਂ ਦੇ ਸਧਾਰਣ ਨਿਯਮ ਵੀ ਹੋਂਦ ਵਿੱਚ ਨਹੀਂ ਰਹਿੰਦੇ! ਸਪੇਖਤਾਵਾਦ (Relativity) ਅਨੁਸਾਰ ਇੱਕ ਸੀਮਾ ਤੋਂ ਪਰੇ ਵਸਤਾਂ ਦਾ ਤਬਾਹ ਹੋਣਾ, ਮਤਲਬ ਕਾਲ਼ੇ ਖੂਹਾਂ ਦਾ ਜਨਮ ਹੋਣਾ ਹੈ, ਜਿਨ੍ਹਾਂ ਅੰਦਰ ਇੱਕਤਾ ਪੈਦਾ ਹੋ ਸਕਦੀ ਹੈ। ਵੱਡੇ ਧਮਾਕੇ (Big Bang) ਤੋਂ ਪਹਿਲਾਂ ਬ੍ਰਹਿਮੰਡ ਦੀ ਮੁੱਢਲੀ ਅਵਸਥਾ ਨੂੰ ਵੀ “ਇੱਕਤਾ” ਹੋਣ ਦਾ ਹੀ ਅਨੁਮਾਨ ਲਗਾਇਆ ਗਿਆ ਹੈ!
ਵੱਡੇ ਧਮਾਕੇ ਤੋਂ ਬਾਅਦ ਬ੍ਰਹਿਮੰਡ ਫੈਲਣਾ ਸ਼ੁਰੂ ਹੋ ਗਿਆ, ਸਿਤਾਰੇ, ਗ੍ਰਹਿ, ਉਪਗ੍ਰਹਿ, ਤੇ ਹੋਰ ਅਕਾਸ਼ੀ ਪਿੰਡ ਹੋਂਦ ਵਿੱਚ ਆਏ। ਤੇ ਹੌਲ਼ੀ ਹੌਲ਼ੀ ਜਿੱਥੇ ਸਹੀ ਹਾਲਾਤ ਸਨ, ਜੀਵਨ ਦੀ ਰੌ ਰੁਮਕਣੀ ਸ਼ੁਰੂ ਹੋ ਗਈ। ਪਰ ਕਿੱਧਰੇ ਨਾ ਕਿੱਧਰੇ ਬ੍ਰਹਿਮੰਡ ਦੇ ਆਰੰਭ ਵਿੱਚਲੇ ਅਕਾਸ਼ੀ ਪਿੰਡ ਜੋ ਕਾਲ਼ੇ ਖੂਹ (Black Holes) ਵੀ ਸਨ, ਉਨ੍ਹਾਂ ਦੇ ਖੰਡਰ ਅਜੇ ਤੱਕ ਵੀ ਹਨ ਤੇ ਭਟਕਦੇ ਰਹਿੰਦੇ ਹਨ।
ਬ੍ਰਹਿਸਪਤੀ 'ਤੇ ਜਿਹੜਾ ਉਹ ਭਿਅੰਕਰ ਤੂਫ਼ਾਨ ਆਇਆ ਉਹ ਅਸਲ ਵਿੱਚ ਇੱਕ ਵੱਡੇ-ਧਮਾਕੇ ਦਾ ਬਚਿਆ ਹੋਇਆ - ਇੱਕਤਾ (Singularity) ਦਾ ਇੱਕ ਮਹੀਨ ਹਿੱਸਾ ਸੀ ਜੋ ਉੱਥੇ ਆ ਟਕਰਾਇਆ। ਉਸਦੇ ਕਾਰਨ ਬ੍ਰਹਿਸਪਤੀ 'ਤੇ ਤੂਫ਼ਾਨ, ਭੁਚਾਲ ਆ ਗਏ ਤੇ ਜਵਾਲਾਮੁਖੀ ਫੁੱਟ ਪਏ। ਬੱਦਲਾਂ ਵਿੱਚ ਤੈਰਦੇ ਬਹੁਤ ਸਾਰੇ ਵਿਸ਼ਾਲ ਜੀਵ ਵੀ ਉਸ ਤੂਫ਼ਾਨ ਦੀ ਭੇਂਟ ਚੜ੍ਹ ਗਏ। ਕਾਲ਼ੇ ਖੂਹ ਨਾਲ਼ ਟਕਰਾਉਣ ਕਰਕੇ ਉੱਥੇ ਸਮਾਂ ਦਾ ਇਸ ਤਰ੍ਹਾਂ ਵਿਸਤਾਰ ਹੋ ਗਿਆ ਕਿ ਉੱਥੋਂ ਦਾ ਇੱਕ ਘੰਟਾ ਪ੍ਰਿਥਵੀ ਦੇ ਪੰਜ ਵਰ੍ਹਿਆਂ ਬਰਾਬਰ ਸੀ।
ਉਸ ਤੂਫ਼ਾਨ ਵਿੱਚ ਜਦੋਂ ਅੰਬਰੀਸ਼ ਫਸ ਗਿਆ ਤਾਂ ਉਸਨੂੰ ਆਪਣੇ ਸਪੇਸ ਸ਼ਿੱਪ ਤੱਕ ਪਹੁੰਚਣ ਲਈ ਤਕਰੀਬਨ ਅੱਠ ਘੰਟੇ ਲੱਗ ਗਏ ਜੋ ਕਿ ਪ੍ਰਿਥਵੀ ਦੇ 40 ਸਾਲ ਸਨ।
ਕਾਲ਼ੇ ਖੂਹ ਦੇ ਘਟਨਾ ਸੀਮਾ (Event horizon) ਦੇ ਕੋਲ਼ ਸਮਾਂ ਹੌਲ਼ੀ ਹੋ ਜਾਂਦਾ ਹੈ ਤੇ ਡਿਗ ਰਹੀ ਵਸਤੂ ਦੀਆਂ ਸਰੀਰਕ ਕਿਰਿਆਵਾਂ ਵੀ ਹੌਲ਼ੀ ਹੋ ਜਾਂਦੀਆਂ ਹਨ। ਜੇ ਘਟਨਾ ਸੀਮਾ ਦੇ ਅੰਦਰ ਕੋਈ ਘਟਨਾ ਘਟੇ ਤਾਂ ਉਸਦੀ ਜਾਣਕਾਰੀ ਬਾਹਰੀ ਸੰਸਾਰ ਦੇ ਦਰਸ਼ਕ ਨੂੰ ਨਹੀਂ ਪਤਾ ਲਗਦੀ ਤੇ ਇਹ ਪਤਾ ਲਗਾਉਣਾ ਲੱਗਭੱਗ ਅਸੰਭਵ ਹੁੰਦਾ ਹੈ ਕਿ ਘਟਨਾ ਬਾਕਿਆ ਹੀ ਘਟੀ ਹੈ ਕਿ ਨਹੀਂ। ਘਟਨਾ ਸੀਮਾ ਤੇ ਆ ਕੇ ਪੁੰਜ (Mass) ਦੀ ਮੌਜੂਦਗੀ ਖਲਾਅ ਤੇ ਸਮੇਂ ਨੂੰ ਇਸ ਤਰ੍ਹਾਂ ਵਿਕ੍ਰਿਤ ਕਰ ਦਿੰਦੀ ਹੈ ਕਿ ਪ੍ਰਮਾਣੂਆਂ ਦੁਆਰਾ ਲਿਆ ਗਿਆ ਪੱਥ ਪੁੰਜ ਵੱਲ੍ਹ ਨੂੰ ਟੇਢਾ ਹੋ ਜਾਂਦਾ ਹੈ। ਇਹ ਵਿਕ੍ਰਿਤੀ ਇੰਨੀ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ ਕਿ ਕੋਈ ਵੀ ਪੱਥ ਨਹੀਂ ਹੁੰਦਾ ਜੋ ਕਾਲ਼ੇ ਖੂਹ ਤੋਂ ਬਾਹਰ ਨੂੰ ਜਾਂਦਾ ਹੋਵੇ! ਦੂਰ ਦੇ ਦਰਸ਼ਕ ਨੂੰ ਬਾਕੀਆਂ ਦੇ ਮੁਕਾਬਲੇ ਕਾਲ਼ੇ ਖੂਹ ਦੇ ਨੇੜੇ ਘੜੀ ਹੌਲ਼ੀ ਚੱਲਦੀ ਦਿਖਾਈ ਦਿੰਦੀ ਹੈ - ਇਸ ਪ੍ਰਭਾਵ ਨੂੰ ਸਮਾਂ ਵਿਸਤਾਰ ਕਿਹਾ ਜਾਂਦਾ ਹੈ, ਕਾਲ਼ੇ ਖੂਹ ਵਿੱਚ ਡਿਗਦੀ ਵਸਤੂ ਜਦੋਂ ਘਟਨਾ ਸੀਮਾ ਦੇ ਕੋਲ਼ ਪਹੁੰਚਦੀ ਹੈ ਤਾਂ ਹੌਲ਼ੀ ਦਿਖਾਈ ਦਿੰਦੀ ਹੈ, ਤੇ ਉਸਨੂੰ ਉੱਥੇ ਤੱਕ ਪਹੁੰਚਣ ਲਈ ਅਨੰਤ ਸਮਾਂ ਲੱਗ ਸਕਦਾ ਹੈ। ਸਮਾਂ ਵਿਸਤਾਰ ਦੋ ਘੜੀਆਂ ਦੁਆਰਾ ਮਾਪੇ ਗਏ ਬੀਤ ਚੁੱਕੇ ਸਮੇਂ ਵਿਚਕਾਰ ਅੰਤਰ ਹੈ, ਜੋ ਕਿ ਉਹਨਾਂ ਦਰਮਿਆਨ ਤੁਲਨਾਤਮਕ ਵੇਗ ਜਾਂ ਉਹਨਾਂ ਦੀ ਸਥਾਨਿਕ ਗੁਰੁਤਾਕਰਸ਼ਣ ਵਿਚਲੇ ਅੰਤਰ ਕਰਕੇ ਹੋ ਸਕਦਾ ਹੈ। ਦੂਰ ਦੇ ਦਰਸ਼ਕ ਤੇ ਚੱਲਦੀ ਹੋਈ ਘੜੀ ਕਰਕੇ ਸਿਗਨਲ ਦੇ ਬਿਲੰਭ ਨੂੰ ਪੂਰਣ (Compensate) ਕਰਕੇ, ਦਰਸ਼ਕ ਨੂੰ ਚੱਲਦੀ ਹੋਈ ਘੜੀ, ਉਸਦੀ ਆਪਣੀ ਘੜੀ ਜੋ ਉਸਦੇ ਸੰਦਰਭ ਵਿੱਚ ਹੁੰਦੀ ਹੈ, ਹੌਲ਼ੀ ਲੱਗਦੀ ਹੈ। ਇੱਕ ਵਿਸ਼ਾਲ ਅਕਾਸ਼ੀ ਪਿੰਡ (ਜਿਵੇਂ ਕਾਲ਼ੇ ਖੂਹ) ਦੇ ਕੋਲ਼ ਦੀ ਘੜੀ (ਜਿਥੇ ਗੁਰੁਤਾਕਰਸ਼ਣ ਘੱਟ ਹੁੰਦਾ ਹੈ) ਬੀਤ ਗਏ ਸਮੇਂ ਨੂੰ, ਵਿਸ਼ਾਲ ਅਕਾਸ਼ੀ ਪਿੰਡ ਤੋਂ ਦੂਰ ਦੀ ਘੜੀ ਦੇ ਮੁਕਾਬਲੇ ਘੱਟ ਰਿਕਾਰਡ ਕਰਦੀ ਹੈ। ਸਪੇਖਤਾਵਾਦ ਦੇ ਸਿਧਾਂਤ ਦੇ ਇਹ ਕਥਨ ਬਾਰ ਬਾਰ ਪ੍ਰਯੋਗਾਂ ਰਾਹੀਂ ਸਿੱਧ ਕੀਤੇ ਗਏ ਹਨ ਜਿਵੇਂ ਕਿ ਬਨਾਵਟੀ ਉਪਗ੍ਰਹਿ ਯੰਤਰ (GPS), ਅੰਤਰਾਰਸ਼ਟਰੀ ਅੰਤਰਿਖਸ਼ ਸਟੇਸ਼ਨ ਆਦਿ।
***
ਅੰਬਰੀਸ਼ ਦਾ ਮਨ ਵੈਰਾਗ ਨਾਲ਼ ਭਰ ਉੱਠਿਆ। ਇਹ ਸੋਚ ਕਿ ਉਹ ਆਪਣੇ ਮਾਤਾ-ਪਿਤਾ ਤੇ ਉਰਵਸ਼ੀ ਨੂੰ ਕਦੇ ਨਹੀਂ ਮਿਲ਼ ਸਕੇਗਾ, ਉਸਦੇ ਦਿਲ ਵਿੱਚ ਇੱਕ ਹੌਲ ਜਿਹਾ ਪੈ ਗਿਆ। ਕਿੰਨੀ ਦੇਰ ਉਹ ਗ਼ਮ ਦੀ ਅਵਸਥਾ ਵਿੱਚ ਰਿਹਾ! ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਡੁਲਕ ਆਏ। ਜਦ ਉਸਦੀਆਂ ਅੱਖਾਂ ਤੇ ਦਿਲ ਹੰਝੂਆਂ ਨਾਲ਼ ਧੋਤਾ ਗਿਆ ਤਾਂ ਉਸਨੇ ਆਪਣੇ ਆਪ ਨੂੰ ਸੰਭਾਲਿਆ ਤੇ ਕੰਪਿਊਟਰ ਜ਼ੀਰੋ ਨਾਲ਼ ਅਗਲਾ ਪ੍ਰੋਗਰਾਮ ਉਲੀਕਣ ਲੱਗਿਆ।
'ਇਸ ਦੌਰਾਨ ਕੀ ਤੇਰਾ ਧਰਤੀ ਨਾਲ਼ ਸੰਪਰਕ ਕਾਇਮ ਰਿਹਾ?' ਉਸਨੇ ਕੰਪਿਊਟਰ ਜ਼ੀਰੋ ਨੂੰ ਪੁੱਛਿਆ।
'ਪਹਿਲਾਂ ਪਹਿਲਾਂ ਤਾਂ ਮੇਰਾ ਸੰਪਰਕ ਰਿਹਾ ਤੇ ਮੈਂ ਉੱਥੇ ਸਾਰੀ ਜਾਣਕਾਰੀ ਭੇਜਦਾ ਰਿਹਾ। ਪਰ ਹੌਲ਼ੀ ਹੌਲ਼ੀ ਸੰਪਰਕ ਟੁੱਟਦਾ ਗਿਆ। ਸਾਡੇ ਸਪੇਸ-ਕਰਾਫ਼ਟ ਦੀ ਪਾਵਰ ਵੀ ਘੱਟ ਹੋ ਰਹੀ ਸੀ ਤੇ ਮੈਨੂੰ ਤਕਰੀਬਨ ਸਾਰੇ ਹਿੱਸੇ ਬੰਦ ਕਰਨੇ ਪਏ।'
'ਕੀ ਹੁਣ ਅਸੀਂ ਧਰਤੀ ਨੂੰ ਵਾਪਿਸ ਜਾਣ ਦੇ ਸਮਰੱਥ ਹਾਂ?'
'ਜੇ ਸਾਨੂੰ ਬ੍ਰਹਿਸਪਤੀ ਤੋਂ ਗੁਲੇਲ ਪ੍ਰਭਾਵ ਨਾਲ਼ ਸਹਾਰਾ ਮਿਲ਼ ਜਾਏ ਤਾਂ ਫੇਰ ਅਸੀਂ ਸੂਰਜ ਤੋਂ ਊਰਜਾ ਲੈ ਕੇ ਚੱਲ ਸਕਦੇ ਹਾਂ, ਜੇ ਕੋਈ ਹੋਰ ਰੁਕਾਵਟ ਨਾ ਆਈ ਤਾਂ ਅਸੀਂ ਧਰਤੀ ਤੱਕ ਪਹੁੰਚ ਸਕਦੇ ਹਾਂ ਤੇ ਹੋ ਸਕਦਾ ਹੈ ਰਸਤੇ ਵਿੱਚ ਸਾਡਾ ਉੱਥੇ ਸੰਪਰਕ ਵੀ ਹੋ ਜਾਏ!'
ਉਹਨਾਂ ਨੇ ਧਰਤੀ ਵੱਲ੍ਹ ਨੂੰ ਤਿਆਰੀ ਖਿੱਚ ਦਿੱਤੀ। ਬਿਲਕੁਲ ਉਂਵੇ ਹੀ ਹੋਇਆ - ਬ੍ਰਹਿਸਪਤੀ ਦੇ ਗੁਰੁਤਾਕਰਸ਼ਣ ਦੇ ਗੁਲੇਲ ਪ੍ਰਭਾਵ ਕਰਕੇ ਉਹਨਾਂ ਦੇ ਸਪੇਸ-ਸ਼ਿੱਪ ਨੂੰ ਜ਼ੋਰ ਮਿਲ਼ ਗਿਆ ਤੇ ਉਹ ਧਰਤੀ ਵੱਲ੍ਹ ਦੇ ਮਾਰਗ ਤੇ ਚੱਲ ਪਿਆ। ਇੱਕ ਵਾਰ ਜਦੋਂ ਰਸਤੇ ਤੇ ਪੈ ਗਿਆ ਤਾ ਫੇਰ ਸਪੇਸ-ਸ਼ਿੱਪ ਨੂੰ ਸੂਰਜ ਦੀ ਰੌਸ਼ਨੀ ਤੋਂ ਊਰਜਾ ਮਿਲਣ ਲੱਗੀ। ਸਪੇਸ਼-ਸਿੱਪ ਦੇ ਉੱਪਰ ਉਸਦੇ ਬਾਹਰ ਸੂਰਜ ਦੀਆਂ ਕਿਰਨਾਂ ਦੇ ਨਾਲ਼ ਚੱਲਣ ਵਾਲ਼ੇ ਬਾਦਬਾਨ ਸਨ, ਜਿਨ੍ਹਾਂ ਕਰਕੇ ਸਪੇਸ-ਸ਼ਿੱਪ ਆਸਾਨੀ ਨਾਲ਼ ਅੰਤ੍ਰਿਖਸ਼ ਵਿੱਚ ਅਰਾਮ ਨਾਲ਼ ਤੈਰਨ ਲੱਗਿਆ। ਹੁਣ ਉਸਨੇ ਬੇਫ਼ਿਕਰ ਹੋ ਕੇ ਕੰਪਿਊਟਰ ਜ਼ੀਰੋ ਨੂੰ ਆਖਿਆ ਕਿ ਉਹ ਉਸਨੂੰ ਸਿਥਲਤਾ ਦੀ ਅਵਸਥਾ ਵਿੱਚ ਪਾ ਦਵੇ ਕਿਉਂਕਿ ਉਹਨਾਂ ਨੂੰ ਧਰਤੀ ਤੱਕ ਪੁੱਜਣ ਲਈ ਤਕਰੀਬਨ ਇੱਕ ਸਾਲ ਦਾ ਸਮਾਂ ਲੱਗ ਜਾਣਾ ਸੀ। ਕੰਪਿਊਟਰ ਜ਼ੀਰੋ ਨੇ ਉਸਨੂੰ ਸਿਥਲਤਾ ਵਿੱਚ ਪਾ ਦਿੱਤਾ ਤੇ ਉਹ ਅਰਾਮ ਨਾਲ਼ ਇੱਕ ਲੰਬੀ ਨੀਂਦ ਸੌਂ ਗਿਆ!
ਅਜੇ ਧਰਤੀ ਨੂੰ ਪਹੁੰਚਣ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਪਿਆ ਸੀ, ਜਦੋਂ ਉਸਨੂੰ ਕੰਪਿਊਟਰ ਜ਼ੀਰੋ ਨੇ ਸਿਥਲਤਾ ਦੀ ਨੀਂਦ ਤੋਂ ਉਠਾਇਆ। ਜਦੋਂ ਉਹ ਪੂਰੀ ਹੋਸ਼ ਵਿੱਚ ਆ ਗਿਆ ਤਾਂ ਕੰਪਿਊਟਰ ਜ਼ੀਰੋ ਨੇ ਉਸਨੂੰ ਦੱਸਿਆ -
'ਅਸੀਂ ਮੰਗਲ ਗ੍ਰਹਿ ਦੇ ਕੋਲ਼ੋਂ ਦੀ ਲੰਘ ਰਹੇ ਹਾਂ। ਇੰਝ ਲੱਗ ਰਿਹਾ ਹੈ ਕਿ ਮਨੁੱਖ ਮੰਗਲ ਗ੍ਰਹਿ ਤੇ ਪੁੱਜ ਚੁੱਕਾ ਹੈ ਤੇ ਉਸਨੇ ਇੱਥੇ ਆਪਣਾ ਪੱਕਾ ਵਸੇਵਾਂ ਕਰ ਲਿਆ ਹੈ।'
ਦੂਰ ਬਹੁਤ ਦੂਰ ਚਮਕਦਾ ਹੋਇਆ ਲਾਲ ਮੰਗਲ ਗ੍ਰਹਿ ਬੜਾ ਖੂਬਸੂਰਤ ਲੱਗ ਰਿਹਾ ਸੀ। ਮਨੁੱਖਾਂ ਨੇ ਮੰਗਲ ਗ੍ਰਹਿ ਦੀ ਧਰਤੀ ਨੂੰ ਆਪਣੇ ਅਨੁਕੂਲ (Terraform) ਬਣਾ ਲਿਆ ਹੋਣਾ ਏ। ਜਦੋਂ ਉਹ ਬ੍ਰਹਿਸਪਤੀ ਦੇ ਮਿਸ਼ਨ ਤੇ ਚੱਲਿਆ ਸੀ ਤਾਂ ਮੰਗਲ ਗ੍ਰਹਿ ਤੇ ਜਾਣ ਦੀਆ ਪਰਿਯੋਜਨਾਵਾਂ ਬਣ ਰਹੀਆਂ ਸਨ। ਇਸਦਾ ਮਤਲਬ ਮਨੁੱਖ ਨੇ ਚੰਦਰਮਾ 'ਤੇ ਵੀ ਆਪਣਾ ਅੱਡਾ ਬਣਾ ਲਿਆ ਹੋਣਾ ਏ, ਕਿਉਂਕਿ ਉਹ ਵੀ ਮੰਗਲ ਗ੍ਰਹਿ ਤੇ ਜਾਣ ਦੀਆਂ ਯੋਜਨਾਵਾਂ ਦਾ ਇੱਕ ਹਿੱਸਾ ਸੀ।
ਖ਼ੈਰ, ਉਹ ਤੇ ਕੰਪਿਊਟਰ ਜ਼ੀਰੋ ਪ੍ਰਿਥਵੀ ਤੇ ਆਪਣੇ ਹੈੱਡਕੁਆਰਟਰ ਨਾਲ਼ ਸੰਪਰਕ ਬਣਾਉਣ ਦੀ ਕੋਸ਼ਿਸ ਕਰ ਰਹੇ ਸਨ। ਜਿਵੇਂ ਹੀ ਮੰਗਲ ਗ੍ਰਹਿ ਦੇ ਕੋਲ਼ੋਂ ਦੀ ਗ਼ੁਜ਼ਰੇ, ਉਹਨਾਂ ਦਾ ਸੰਪਰਕ ਪ੍ਰਿਥਵੀ 'ਤੇ ਹੈੱਡਕੁਆਰਟਰ ਨਾਲ਼ ਬਣ ਗਿਆ। ਹੈੱਡਕੁਆਰਟਰ ਦੇ ਵਿਗਿਆਨਿਕ ਬਹੁਤ ਖ਼ੁਸ਼ ਤੇ ਹੈਰਾਨ ਹੋਏ। ਉਹ ਸਭ ਨਵੇਂ ਸਨ, ਪਰ ਉਹਨਾਂ ਨੂੰ ਬ੍ਰਹਿਸਪਤੀ ਦੇ ਗੁੰਮ ਹੋ ਚੁੱਕੇ ਮਿਸ਼ਨ ਵਾਰੇ ਪਤਾ ਸੀ। ਉਹਨਾਂ ਨੇ ਅੰਬਰੀਸ਼ ਤੇ ਕੰਪਿਊਟਰ ਜ਼ੀਰੋ ਦਾ ਪ੍ਰਿਥਵੀ ਤੱਕ ਸੁਰੱਖਿਅਤ ਪਹੁੰਚਣ ਲਈ ਮਾਰਗ-ਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਿਥਵੀ ਦੇ ਸਾਰੇ ਸਪੇਸ-ਸ਼ਿੱਪ ਹੁਣ ਚੰਦਰਮਾ 'ਤੇ ਸਥਿੱਤ ਅੱਡੇ ਤੇ ਰੁਕ ਕੇ ਜਾਂਦੇ ਸਨ। ਚੰਦਰਮਾ ਦਾ ਹਲਕਾ ਵਾਤਾਵਰਣ ਉਹਨਾਂ ਵਿੱਚ ਤਾਜ਼ਗੀ ਭਰਦਾ ਸੀ ਤੇ ਉਹਨਾਂ ਨੂੰ ਅਗਲੇ ਮਿਸ਼ਨ ਲਈ ਤਿਆਰ ਕਰਦਾ ਸੀ। ਵਿਗਿਆਨਕਾਂ ਦੀ ਸਲਾਹ ਨਾਲ਼ ਉਹ ਪਹਿਲਾਂ ਚੰਦਰਮਾ ਤੇ ਰੁਕ ਗਏ। ਚੰਦਰਮਾ ਤੇ ਸਥਿੱਤ ਅੱਡਾ ਬਹੁਤ ਹੀ ਆਧੁਨਿਕ ਸੀ ਜੋ ਕਿ ਸੂਰਜ ਦੀ ਊਰਜਾ ਨਾਲ਼ ਹੀ ਚੱਲਦਾ ਸੀ। ਉੱਥੇ ਇੱਕ ਸੰਚਾਰ ਕੇਂਦਰ ਸੀ, ਜੋ ਪ੍ਰਿਥਵੀ ਤੇ ਹੋਰ ਗ੍ਰਹਿਆਂ ਨਾਲ਼ ਮੁੱਖ ਸੰਚਾਰ ਦਾ ਮਾਧਿਅਮ ਸੀ। ਇੱਕ ਪ੍ਰਯੋਗਸ਼ਾਲਾ, ਥੋੜਾ ਸਮਾਂ ਰਹਿਣ ਲਈ ਕੁਆਰਟਰ, ਤੇ ਰੌਕੇਟ, ਸਪੇਸ-ਸ਼ਿੱਪ, ਕਾਰਾਂ, ਰੌਬਟ ਤੇ ਹੋਰ ਸਮਾਂ ਰੱਖਣ ਲਈ ਸਟੋਰ ਆਦਿ ਸਨ। ਇਹ ਹੋਰ ਗ੍ਰਹਿਆਂ ਤੱਕ ਜਾਣ ਦਾ ਪ੍ਰਮੁੱਖ-ਦੁਆਰ ਵੀ ਸੀ! ਅੰਬਰੀਸ਼ ਨੂੰ ਉੱਥੇ ਰੋਕਣ ਦਾ ਇੱਕ ਹੋਰ ਕਾਰਨ ਵੀ ਸੀ ਤਾਂ ਜੋ ਇੱਕ ਹਫ਼ਤਾ ਅੱਲਗ ਰਹੀ ਕਿ ਕੁਆਰਨਟੀਨ (Quarantine) ਕਰ ਸਕੇ। ਆਖਿਰਕਾਰ ਉਹ ਚਾਲੀ ਸਾਲ ਬਾਅਦ ਇੰਨੀ ਦੂਰ ਦੇ ਗ੍ਰਹਿਆਂ ਤੋਂ ਆਇਆ ਸੀ! ਵਿਗਿਆਨਕ ਇਹ ਵੇਖਣਾ ਚਾਹੁੰਦੇ ਸਨ ਕਿ ਉਸਦੀ ਸਿਹਤ ਠੀਕ ਹੋਵੇ ਤੇ ਉਸਨੂੰ ਕੋਈ ਅਣਜਾਣ ਬਿਮਾਰੀ ਨਾ ਹੋਵੇ।
ਇੱਕ ਹਫ਼ਤਾ ਉਸਨੇ ਅਰਾਮ ਕਰ ਕੇ ਗੁਜ਼ਾਰਿਆ, ਚੰਦਰਮਾ ਤੇ ਸਥਿੱਤ ਵਿਗਿਆਨਕ ਤੇ ਡਾਕਟਰ ਬਹੁਤ ਵਧੀਆ ਸਨ। ਉਸਦੇ ਪੂਰੇ ਚੈੱਕ-ਅਪ ਤੋਂ ਬਾਅਦ ਉਸਨੂੰ ਪ੍ਰਿਥਵੀ ਤੇ ਵਾਪਿਸ ਜਾਣ ਦੀ ਆਗਿਆ ਦੇ ਦਿੱਤੀ। ਉਸਦਾ ਸਪੇਸ-ਸ਼ਿੱਪ ਹੁਣ ਇੱਕ ਹੋਰ ਰੌਕੇਟ ਦੇ ਸਹਾਰੇ ਪ੍ਰਿਥਵੀ ਨੂੰ ਵਾਪਿਸ ਲਿਜਾਇਆ ਗਿਆ।
ਦੂਰੋਂ ਖੂਬਸੂਰਤ, ਨੀਲੀ ਤੇ ਹਰਿਆਲੀ ਧਰਤੀ ਵੇਖ ਕੇ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸਨੂੰ ਉਰਵਸ਼ੀ ਦੀ ਯਾਦ ਆ ਗਈ। ਉਰਵਸ਼ੀ ਦੀ ਉਮਰ ਹੁਣ 65 ਸਾਲ ਦੀ ਹੌਣੀ ਏ। ਉਸਨੇ ਉਸ ਨਾਲ਼ ਅਜੇ ਸੰਪਰਕ ਨਹੀਂ ਕੀਤਾ ਸੀ ਕਿਉਂਕਿ ਉਸਨੂੰ ਨਹੀਂ ਸੀ ਪਤਾ ਉਹ ਕਿਸ ਹਾਲ ਵਿੱਚ ਹੋਣੀ ਏ! ਉਸਦੇ ਮਾਤਾ ਪਿਤਾ ਕੁੱਝ ਸਾਲ ਪਹਿਲਾਂ ਗ਼ੁਜ਼ਰ ਗਏ ਸਨ। ਉਸਦਾ ਮਨ ਇਹ ਸੋਚ ਕੇ ਬਹੁਤ ਭਾਵੁਕ ਹੋ ਰਿਹਾ ਸੀ ਪਰ ਉਸਨੇ ਆਪਣੇ ਆਪ ਤੇ ਕਾਬੂ ਰੱਖਿਆ ਹੋਇਆ ਸੀ। ਜਿਵੇਂ ਹੀ ਰੌਕੇਟ ਜ਼ਮੀਨ ਦੇ ਕੋਲ਼ ਪਹੁੰਚਿਆ ਤਾਂ ਉਸਦਾ ਧਿਆਨ ਹਕੀਕਤ ਵਿੱਚ ਵਾਪਿਸ ਪਹੁੰਚਿਆ।
ਪ੍ਰਿਥਵੀ ਤੇ ਉਸਦਾ ਬੜੀ ਗਰਮਜੋਸ਼ੀ ਨਾਲ਼ ਸਵਾਗਤ ਹੋਇਆ। ਖ਼ਬਰ ਮਿਲ਼ਦੇ ਹੀ ਉਸਦੇ ਪੁਰਾਣੇ ਸਹਿਕਰਮੀ ਤੇ ਦੋਸਤ ਉਸਨੂੰ ਮਿਲਣ ਤੇ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਉਹ ਹੁਣ ਸਾਰੇ ਬਜ਼ੁਰਗ ਤੇ ਰਿਟਾਇਰ ਹੋ ਚੁਕੇ ਸਨ। ਪਰ ਉਹ ਉਂਵੇ ਦਾ ਉਂਵੇ ਹੀ ਤੀਹ ਸਾਲ ਦਾ ਨੌਜਵਾਨ ਸੀ, ਜਿਵੇਂ ਜਦੋਂ ਉਹ ਧਰਤੀ ਛੱਡ ਕੇ ਗੁਪਤ ਮਿਸ਼ਨ ਤੇ ਗਿਆ ਸੀ। ਉਸਨੇ ਸਭ ਨੂੰ ਦੂਰੋਂ ਹੱਥ ਹਿਲਾ ਕੇ ਨਮਸਕਾਰ ਕੀਤੀ। ਉਸਨੂੰ ਅਜੇ ਤਿੰਨ ਦਿਨ ਲਈ ਹੋਰ ਜ਼ਰੂਰੀ ਕੁਆਰਨਟੀਨ ਕਰਨਾ ਪੈਣਾ ਸੀ।
ਤਿੰਨ ਦਿਨ ਬਾਅਦ - ਉਸਦੇ ਸਭ ਦੋਸਤਾਂ ਤੇ ਹੈਡ-ਕੁਆਰਟਰ ਦੇ ਨਵੇਂ ਵਿਗਿਆਨਕਾਂ ਨੇ ਉਸਦੇ ਵਾਪਿਸ ਆਉਣ ਦੀ ਖ਼ੁਸ਼ੀ ਵਿੱਚ ਰਿਸੈਪਸ਼ਨ ਰੱਖੀ। ਉਹਨਾਂ ਸਭ ਨੇ ਉਸਦੀ ਵਾਪਸੀ ਤੇ ਬਹੁਤ ਖ਼ੁਸ਼ੀ ਜ਼ਾਹਿਰ ਕੀਤੀ। ਮੁਖੀ ਰਜਿੰਦਰ ਨੇ ਦੱਸਿਆ ਕਿ ਜਦੋਂ ਉਹ ਬ੍ਰਹਿਸਪਤੀ ਤੇ ਤੂਫ਼ਾਨ ਵਿੱਚ ਗੁੰਮ ਹੋ ਗਿਆ, ਤੇ ਉਸਦਾ ਸੰਪਰਕ ਪ੍ਰਿਥਵੀ ਨਾਲ਼ੋਂ ਟੁੱਟ ਗਿਆ, ਤੇ ਜਦੋਂ ਸਾਲਾਂ-ਬੱਧੀ ਉਸਦਾ ਕੋਈ ਸੰਦੇਸ਼ ਨਾ ਆਇਆ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਹੁਣ ਸ਼ਾਇਦ ਵਾਪਿਸ ਨਹੀਂ ਆਵੇਗਾ। ਪਰ ਸਭ ਨੂੰ ਫੇਰ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਸੀ, ਤੇ ਉਹਨਾਂ ਨੂੰ ਆਸ ਸੀ ਕਿ ਹੋ ਸਕਦਾ ਹੈ ਉਹ ਸ਼ਾਇਦ ਇੱਕ ਦਿਨ ਵਾਪਿਸ ਆ ਜਾਵੇ! ਇਸ ਕਰਕੇ ਸਪੇਸ-ਏਜੰਸੀ ਨੇ ਅੰਬਰੀਸ਼ ਨੂੰ ਕਦੇ ਵੀ ਮਰ ਚੁੱਕਾ ਘੋਸ਼ਿਤ ਨਹੀਂ ਸੀ ਕੀਤਾ। ਬਜਟ ਤੇ ਕਿ ਹੋਰ ਕਾਰਨਾਂ ਕਰਕੇ ਉਹ ਅੰਬਰੀਸ਼ ਨੂੰ ਲੱਭਣ ਲਈ ਨਵਾਂ ਮਿਸ਼ਨ ਨਾ ਭੇਜ ਸਕੇ। ਫੇਰ ਸਪੇਸ-ਏਜੰਸੀ ਦਾ ਮਨੋਰਥ ਤੇ ਤਰਜੀਹ ਮੰਗਲ ਮਿਸ਼ਨ ਤੇ ਕੇਂਦਰਿਤ ਹੋ ਗਈ।
ਅੰਤਰਿਖਸ਼ ਤਰ੍ਹਾਂ ਤਰ੍ਹਾਂ ਦੇ ਖ਼ਤਰਿਆਂ ਤੇ ਹੈਰਾਨੀ ਨਾਲ਼ ਭਰਿਆ ਪਿਆ ਹੈ - ਤੇ ਉੱਥੇ ਕੁੱਝ ਵੀ ਹੋ ਸਕਦਾ ਹੈ। ਪਰ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਉਂਵੇ ਦਾ ਉਂਵੇ ਜਵਾਨ ਹੀ ਵਾਪਿਸ ਆ ਜਾਵੇਗਾ - ਜੋ ਕੁਦਰਤ ਦਾ ਇੱਕ ਕ੍ਰਿਸ਼ਮਾ ਸੀ! ਜੋ ਵੀ ਜਾਣਕਾਰੀ ਉਸਨੇ ਚਾਲੀ ਸਾਲ ਪਹਿਲਾਂ ਪ੍ਰਿਥਵੀ ਤੇ ਭੇਜੀ ਸੀ, ਉਹ ਬਹੁਤ ਮਹੱਤਵਪੂਰਨ ਸੀ, ਜਿਸ ਤੋਂ ਇਹ ਸਾਬਿਤ ਹੋ ਗਿਆ ਸੀ ਕਿ ਰੇਡੀਓ ਤਰੰਗਾਂ ਕਿਸੇ ਦੂਜੀ ਸੱਭਿਅਤਾ ਤੋਂ ਨਹੀਂ ਸਗੋਂ ਵੱਡੇ ਧਮਾਕੇ ਦੇ ਬਚੇ ਹੋਏ ਅੰਸ਼ਾਂ ਤੋਂ ਆ ਰਹੀਆਂ ਸਨ।
ਆਪਣੇ ਦੋਸਤ ਅਮਰ ਤੋਂ ਉਸਨੇ ਉਰਵਸ਼ੀ ਵਾਰੇ ਪੁੱਛਿਆ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਉਸਦੇ ਜੱਦੀ-ਸ਼ਹਿਰ ਵਿੱਚ ਉਸਦੇ ਘਰ ਹੀ ਰਹਿ ਰਹੀ ਹੈ। ਉਸਦੀ ਹੈਰਾਨੀ ਤੇ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਸਦਾ ਮਨ ਉਰਵਸ਼ੀ ਕੋਲ਼ ਜਾਣ ਲਈ ਕਾਹਲਾ ਪੈਣ ਲੱਗਾ।
***
ਅਹਿਲੇ-ਦਿਲ ਇਸ ਤਰ੍ਹਾਂ ਵੀ ਜ਼ਿੰਦਗੀ ਨੂੰ ਜੀ ਲੈਂਦੇ ਹਨ - ਪਿਆਰ ਦਾ, ਹਿਜਰ ਦਾ ਦਰਦ ਸੀਨੇ ਦੇ ਵਿੱਚ ਛੁਪਾ ਕੇ, ਸਾਂਭ ਕੇ ਰੱਖ ਲੈਂਦੇ ਹਨ। ਮੁਹੱਬਤ ਦੇ ਰਾਹਗੀਰ ਤਾਂ ਆਪਣੇ ਕਦਮਾਂ ਵਿੱਚ ਅਸਮਾਨਾਂ ਨੂੰ ਵੀ ਝੁਕਾ ਲੈਂਦੇ ਹਨ ਇਹ ਤਾਂ ਫੇਰ ਵੀ ਸਿਰਫ਼ ਇੰਤਜ਼ਾਰ ਸੀ ਜੋ ਕਿ ਉਰਵਸ਼ੀ ਕਿਆਮਤ ਤੱਕ ਕਰਨ ਦਾ ਇਰਾਦਾ ਤੇ ਵਾਅਦਾ ਕਰਕੇ ਬੈਠੀ ਸੀ। ਆਪਣੀ ਸਾਰੀ ਉਮਰ ਉਸਨੇ ਅੰਬਰੀਸ਼ ਦੀ ਯਾਦ ਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਲੰਘਾ ਦਿੱਤੀ। ਜਦੋ ਅੰਬਰੀਸ਼ ਬ੍ਰਹਿਸਪਤੀ 'ਤੇ ਗੁਪਤ ਮਿਸ਼ਨ ਲਈ ਰਵਾਨਾ ਹੋਇਆ ਤਾਂ ਉਹ ਉਸਦੇ ਮਾਤਾ ਪਿਤਾ ਦੇ ਨਾਲ਼ ਉਸਦੇ ਜੱਦੀ ਘਰ ਰਹਿਣ ਲੱਗ ਪਈ, ਤਾਂ ਜੋ ਉਹ ਉਹਨਾਂ ਦਾ ਖ਼ਿਆਲ ਰੱਖ ਸਕੇ ਤੇ ਸਹਾਰਾ ਬਣ ਸਕੇ ਜਾਂ ਸਹਾਰਾ ਲੈ ਸਕੇ। ਕਿਉਂਕਿ ਉਹਨਾਂ ਸਾਰਿਆਂ ਨੂੰ ਅੰਬਰੀਸ਼ ਦੇ ਵਿਛੋੜੇ ਨੂੰ ਨਿਭਾਉਣ ਲਈ ਸਹਾਰੇ ਦੀ ਬਹੁਤ ਲੋੜ ਸੀ, ਤਾਂ ਜੋ ਉਹ ਅੰਬਰੀਸ਼ ਨੂੰ ਵੀ ਸਹਾਰਾ ਦੇ ਸਕਣ ਤੇ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਕੇ ਸੁਖ-ਸਵੀਲੀ ਵਾਪਿਸ ਘਰ ਪਰਤੇ। ਜਦੋਂ ਵੀ ਉਹ ਅੰਬਰੀਸ਼ ਦੀ ਈ-ਮੇਲ ਦਾ ਜਵਾਬ ਦਿੰਦੇ ਸੀ, ਉਹ ਉਸਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੇ ਸਨ। ਉਹਨਾਂ ਨੂੰ ਯਕੀਨ ਸੀ ਕਿ ਉਹ ਜ਼ਰੂਰ ਕਾਮਯਾਬ ਹੋ ਕੇ ਮੁੜੇਗਾ!
ਪਰ ਜਦੋਂ ਅੰਬਰੀਸ਼ ਦਾ ਕਈ ਦਿਨ ਕੋਈ ਸੁਨੇਹਾ ਨਾ ਆਇਆ ਤਾਂ ਉਸਨੇ ਸਪੇਸ-ਏਜੰਸੀ ਨਾਲ਼ ਸੰਪਰਕ ਕੀਤਾ, ਜਿਹਨਾਂ ਨੇ ਉਸਨੂੰ ਅੰਬਰੀਸ਼ ਦੇ ਲਾਪਤਾ ਹੋਣ ਵਾਰੇ ਦੱਸਿਆ। ਦਿਨ, ਮਹੀਨੇ ਤੇ ਸਾਲ ਬੀਤ ਗਏ, ਪਰ ਅੰਬਰੀਸ਼ ਦਾ ਕੋਈ ਪਤਾ ਨਾ ਲੱਗਿਆ। ਅੰਬਰੀਸ਼ ਦੇ ਮਾਤਾ-ਪਿਤਾ ਤੇ ਉਹ ਹੁਣ ਦਿਲ ਵਿੱਚ ਉਸਦੀ ਯਾਦ ਸਮੇਟੇ, ਇੱਕ-ਦੂਜੇ ਦਾ ਅਸਲੀ ਸਹਾਰਾ ਬਣੇ। ਉਸਨੇ ਅੰਬਰੀਸ਼ ਦੇ ਮਾਤਾ-ਪਿਤਾ ਦੀ ਬਹੁਤ ਸੇਵਾ ਕੀਤੀ ਤੇ ਆਪਣੇ ਫ਼ਰਜ਼ ਨੂੰ ਬਖੂਬੀ ਨਿਭਾਇਆ। ਪਰ ਅੰਬਰੀਸ਼ ਦੇ ਮਾਤਾ-ਪਿਤਾ ਵੀ ਉਸਨੂੰ ਸਦੀਵੀ ਵਿਛੋੜਾ ਦੇ ਗਏ - ਪਹਿਲਾਂ ਉਸਦੇ ਪਿਤਾ ਜੀ ਤੇ ਫੇਰ ਕੁੱਝ ਸਾਲ ਬਾਅਦ ਮਾਤਾ ਜੀ ਚੱਲ ਵਸੇ। ਪਰ ਚਾਲ਼ੀ ਸਾਲਾਂ ਵਿੱਚ ਇੱਕ ਦਿਨ ਵੀ ਨਹੀਂ ਬੀਤਿਆ ਹੋਣਾ ਜਦੋਂ ਉਸਨੇ ਅੰਬਰੀਸ਼ ਨੂੰ ਯਾਦ ਨਾ ਕੀਤਾ ਹੋਵੇ ਤੇ ਉਸਦੀ ਵਾਪਸੀ ਦੀ ਕਾਮਨਾ ਨਾ ਕੀਤੀ ਹੋਵੇ। ਜਿਵੇਂ ਕਹਿੰਦੇ ਹਨ ਕਿ ਪਿਆਰ ਕਰਨ ਵਾਲਿਆਂ ਨੂੰ ਇੱਕ-ਦੂਜੇ ਵਿੱਚ ਰੱਬ ਨਜ਼ਰ ਆਉਂਦਾ ਹੈ। ਉਸਨੇ ਵੀ ਅੰਬਰੀਸ਼ ਨੂੰ ਰੱਬ ਵਾਂਗ ਯਾਦ ਕੀਤਾ। ਹੁਣ ਉਹ ਇੱਕਲੀ ਹੀ ਰਹਿੰਦੀ ਸੀ ਤੇ ਸਿਰਫ਼ ਅੰਬਰੀਸ਼ ਦੀ ਯਾਦ ਹੀ ਉਸਦਾ ਇੱਕ ਸਹਾਰਾ ਸੀ।
ਅੱਜ ਵੀ ਉਹ ਸਵੇਰੇ ਇੱਕਲੀ ਹੀ ਘਰ ਦੇ ਵਿਹੜੇ ਵਿਚ ਬੈਠੀ ਅੰਬਰੀਸ਼ ਦੀਆਂ ਯਾਦਾਂ ਦੀ ਫੁਲਕਾਰੀ ਨੂੰ ਬੁਣ ਰਹੀ ਸੀ। ਗਰਮ ਤੇ ਅਸਹਿ ਮੌਸਮ ਵਿੱਚ ਉਸਨੂੰ ਅੰਬਰੀਸ਼ ਦੀਆਂ ਯਾਦਾਂ ਇੱਕ ਸੁਕੂਨ ਦਿੰਦਿਆਂ ਸਨ। ਸਰਦੀ ਦੇ ਸੀਤ ਮੌਸਮ ਵਿੱਚ ਯਾਦਾਂ ਹੀ ਉਸਨੂੰ ਨਿੱਘ ਦਿੰਦੀਆਂ ਸਨ। ਪਰ ਅੱਜ ਸੱਜਣ ਦੀ ਯਾਦ ਉਸਦੇ ਦਿਲ ਵਿੱਚ ਹਲਚਲ ਮਚਾ ਰਹੀ ਸੀ। ਉਹ ਚਾਹ ਰਹੀ ਸੀ ਕਿ ਇਸਤੋਂ ਪਹਿਲਾਂ ਉਹ ਇਸ ਦੁਨੀਆਂ ਤੋਂ ਸਦਾ ਲਈ ਟੁਰ ਜਾਵੇ ਉਸਨੂੰ ਆਪਣੇ ਸੱਜਣ, ਆਪਣੇ ਰੱਬ ਦੇ ਇੱਕ ਵਾਰ, ਸਿਰਫ਼ ਇੱਕ ਵਾਰ ਹੀ ਦੀਦਾਰ ਹੋ ਜਾਣ! ਇਹ ਸਭ ਸੋਚਦੇ ਹੋਏ ਉਸਦੀ ਆਖ ਲੱਗ ਗਈ, ਜਦੋਂ ਘੰਟੀ ਵੱਜੀ ਤਾਂ ਉਸਨੇ ਅੱਖਾਂ ਖੋਲ੍ਹੀਆਂ।
'ਦੁਪਹਿਰ ਦੇ ਵਕਤ ਕੌਣ ਹੋ ਸਕਦਾ ਹੈ?' ਉਸਨੇ ਸੋਚਿਆ - 'ਸ਼ਾਇਦ, ਡਾਕੀਆ ਹੋਵੇ।'
ਉਹ ਉੱਠੀ ਤੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਓਹੀ ਜਵਾਨ ਅੰਬਰੀਸ਼ ਖੜਾ ਸੀ। ਉਸਨੂੰ ਲੱਗਿਆ ਕਿ ਉਹ ਫੇਰ ਅੰਬਰੀਸ਼ ਦਾ ਸੁਪਨਾ ਵੇਖ ਰਹੀ ਹੈ। ਅੰਬਰੀਸ਼ ਅਕਸਰ ਹੀ ਉਸਦੇ ਸੁਪਨੇ ਵਿੱਚ ਆਉਂਦਾ ਸੀ। ਉਸਨੂੰ ਇਹ ਸੁਪਨਾ ਬਹੁਤ ਚੰਗਾ ਲੱਗ ਰਿਹਾ ਸੀ, ਕਿਓਂਕਿ ਉਸਨੂੰ ਅੰਬਰੀਸ਼ ਦੇ ਸਾਹ ਮਹਿਸੂਸ ਹੋ ਰਹੇ ਸਨ, ਤੇ ਉਸਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ।
'ਮੈਂ ਆਖਿਰ ਵਾਪਸ ਆ ਗਿਆ ਹਾਂ।' ਅੰਬਰੀਸ਼ ਨੇ ਅੰਦਰ ਆਉਂਦਿਆਂ ਕਿਹਾ।
ਇੱਕ ਅਵਚੇਤਨ ਅਵਸਥਾ ਵਿੱਚ ਉਸਨੇ ਉਸਨੂੰ ਅੰਦਰ ਆਉਣ ਦਿੱਤਾ। ਉਸਦਾ ਪੂਰਾ ਸਰੀਰ ਇੱਕ ਵਿਸਮਾਦ ਜਿਹੇ ਵਿੱਚ ਭਿੱਜ ਗਿਆ ਸੀ। ਬੱਸ ਉਹ ਸਿਰਫ਼ ਬੇਹੋਸ਼ ਹੀ ਨਹੀਂ ਸੀ ਹੋਈ। ਉਸਨੇ ਅੰਬਰੀਸ਼ ਨੂੰ ਬੈਠਣ ਲਈ ਵੀ ਨਹੀਂ ਕਿਹਾ ਕਿਓਂਕਿ ਉਹ ਸੁਪਨਾ ਸੀ ਤੇ ਅੰਬਰੀਸ਼ ਆਪਣੇ ਘਰ ਹੀ ਤਾਂ ਵਾਪਿਸ ਆਇਆ ਸੀ। ਪਰ ਅੰਬਰੀਸ਼ ਤੋਂ ਰੁਕਿਆ ਨਹੀਂ ਜਾ ਰਿਹਾ ਸੀ, ਉਹ ਉਰਵਸ਼ੀ ਨੂੰ ਗਲ਼ਵੱਕੜੀ ਪਾ ਲੈਣਾ ਚਾਹੁੰਦਾ ਸੀ, ਪਰ ਉਸਨੂੰ ਪਤਾ ਸੀ ਕਿ ਉਸਨੇ ਉਰਵਸ਼ੀ ਨੂੰ ਇੱਕ ਹੈਰਤ ਵਿੱਚ ਰੱਖਿਆ ਸੀ, ਇਸ ਕਰਕੇ ਉਹ ਉਸਨੂੰ ਸੰਭਲਣ ਦਾ ਸਮਾਂ ਦੇਣਾ ਚਾਹੁੰਦਾ ਸੀ। ਜਦੋਂ ਉਹ ਦੋਵੇਂ ਬੈਠ ਗਏ ਤਾਂ ਉਸਨੇ ਉਰਵਸ਼ੀ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ। ਜਦੋਂ ਉਰਵਸ਼ੀ ਨੇ ਉਸਦਾ ਸਪਰਸ਼ ਮਹਿਸੂਸ ਕੀਤਾ ਤਾਂ ਹੌਲ਼ੀ ਹੌਲ਼ੀ ਉਹ ਹਕੀਕਤ ਵਿੱਚ ਪਰਤਣ ਲੱਗੀ ਤੇ ਉਸਨੂੰ ਅਹਿਸਾਸ ਹੋਇਆ ਕਿ ਅੰਬਰੀਸ਼ ਸੱਚਮੁੱਚ ਉਸਦੇ ਸਾਹਮਣੇ ਹੈ। ਇਹ ਮਹਿਸੂਸ ਕਰਕੇ ਉਸਦਾ ਦਿਲ ਹੋਰ ਜ਼ੋਰ ਨਾਲ਼ ਧੜਕਣ ਲੱਗਿਆ ਪਰ ਅੰਬਰੀਸ਼ ਦੇ ਕੋਮਲ ਸਪਰਸ਼ ਨੇ ਉਸਨੂੰ ਸੁਕੂਨ ਦੇਣਾ ਸ਼ੁਰੂ ਕਰ ਦਿੱਤਾ। ਇੱਕਦਮ ਉਸਨੂੰ ਜਿਵੇਂ ਇੱਕ ਟਿਕਾ ਜਿਹਾ ਮਿਲ ਗਿਆ, ਜਿਵੇਂ ਇੱਕ ਸਹਾਰਾ ਜਿਹਾ ਮਿਲ਼ ਗਿਆ। ਹੁਣ ਉਹ ਇੱਕਲੀ ਨਹੀਂ ਹੋਵੇਗੀ - ਅੰਬਰੀਸ਼ ਸਦਾ ਉਸਦੇ ਨਾਲ਼ ਹੋਵੇਗਾ।
ਅੰਬਰੀਸ਼ ਨੇ ਸੰਖੇਪ ਵਿੱਚ ਉਸਨੂੰ ਆਪਣੇ ਆਉਣ ਦੀ ਸਾਰੀ ਕਹਾਣੀ ਦੱਸੀ। ਦੋਵਾਂ ਵਿੱਛੜੀਆਂ ਰੂਹਾਂ ਹੁਣ ਦੁਬਾਰਾ ਮਿਲ਼ ਗਈਆਂ ਸਨ। ਉਹਨਾਂ ਦੀਆਂ ਅੱਖਾਂ ਦੇ ਵਿੱਚ ਸ਼ੁਕਰਾਨੇ ਦੇ ਹੰਝੂ ਸਨ।
'ਮੈਨੂੰ ਯਕੀਨ ਸੀ ਕਿ ਤੂੰ ਇੱਕ ਦਿਨ ਜ਼ਰੂਰ ਵਾਪਿਸ ਪਰਤੇਂਗਾ। ਮਾਤਾ-ਪਿਤਾ ਤੈਨੂੰ ਬਹੁਤ ਯਾਦ ਕਰਦਿਆਂ ਗਏ।'
'ਮੈਨੂੰ ਤੇਰੇ ਭਰੋਸੇ ਤੇ ਮਾਣ ਹੈ। ਤੇ ਮੈਨੂੰ ਪਤਾ ਹੈ ਮਾਤਾ-ਪਿਤਾ ਵੀ ਜਿੱਥੇ ਕਿਤੇ ਵੀ ਹੋਣਗੇ, ਅੱਜ ਸਾਡਾ ਮਿਲਾਪ ਦੇਖ ਕੇ ਖ਼ੁਸ਼ ਹੋ ਰਹੇ ਹੋਣਗੇ। ਉਹਨਾਂ ਦਾ ਸਾਥ ਤੇ ਸਹਾਰਾ ਦੇਣ ਲਈ ਤੇਰਾ ਸ਼ੁਕਰੀਆ!'
ਇਹ ਕਹਿ ਕੇ ਅੰਬਰੀਸ਼ ਨੇ ਉਰਵਸ਼ੀ ਨੂੰ ਘੁੱਟ ਕੇ ਗਲਵੱਕੜੀ ਪਾ ਲਈ।