ਅਮਨਦੀਪ ਸਿੰਘ
ਇਸ ਤੋਂ ਪਹਿਲਾਂ ਕਿ ਮੈਂ ਕੁੱਝ ਸੋਚ ਸਕਦਾ ਮੈਂ ਇੰਡੀਆ ਜਾਣ ਵਾਲੇ ਹਵਾਈ-ਜਹਾਜ਼ ਵਿੱਚ ਬੈਠਾ ਹੋਇਆ ਸੀ। ਏਅਰਪੋਰਟ ਤੇ ਬੜੀ ਹਫੜਾਦਫੜੀ ਮਚੀ ਹੋਈ ਸੀ। ਬਹੁਤ ਸਾਰੀਆਂ ਉੜਾਨਾਂ ਕੈਂਸਲ ਹੋ ਚੁੱਕੀਆਂ ਸਨ। ਲੋਕ ਬੜੇ ਪ੍ਰੇਸ਼ਾਨ ਸਨ। ਹਰੇਕ ਏਅਰਲਾਇਨ ਦੇ ਕਾਊਂਟਰ ਤੇ ਕਾਂਵਾਂਰੌਲੀ ਪਈ ਹੋਈ ਸੀ। ਕਈ ਲੋਕ ਏਅਰਲਾਇਨ ਵਾਲ਼ਿਆਂ ਨਾਲ ਲੜ ਰਹੇ ਸਨ ਕਿਓਂਕਿ ਉਹਨਾਂ ਦੀਆਂ ਉੜਾਨਾਂ ਕੈਂਸਲ ਹੋਣ ਕਰਕੇ ਉਹਨਾਂ ਵਾਸਤੇ ਕਿਤੇ ਜਾਣ ਦੀ ਜਗ੍ਹਾ ਨਹੀਂ ਸੀ ਅਤੇ ਉੱਪਰੋਂ ਤੂਫ਼ਾਨਚੜ੍ਹ ਕੇ ਆ ਰਿਹਾ ਸੀ। ਖ਼ੈਰ ਕਿਸਮਤ ਚੰਗੀ ਹੋਣ ਕਰਕੇ ਸਾਡੀ ਉੜਾਨ ਵਕਤ ਤੇ ਜਾਣ ਲਈ ਤਿਆਰ ਖੜੀ ਸੀ। ਮੈਂ ਉੱਪਰ ਖਾਨੇ ਵਿੱਚ ਸਮਾਨ ਰੱਖ ਕੇ ਆਪਣੀ ਸੀਟ ਤੇ ਬੇਠ ਕੇ ਅਰਾਮ ਜਿਹਾ ਮਹਿਸੂਸ ਕੀਤਾ। ਸ਼ਾਇਦ ਅੱਗੇ ਜਾ ਕੇ ਪਤਾ ਨਹੀਂ ਆਰਾਮ ਨਸੀਬ ਵੀ ਹੋਣਾ ਸੀ ਕਿ ਨਹੀਂ …
'ਬੜਾ ਭਿਆਨਕ ਤੂਫ਼ਾਨ ਆਉਣ ਵਾਲਾ ਹੈ!' ਮੇਰੇ ਨਾਲ ਵਾਲੀ ਸੀਟ ਤੇ ਬੈਠਾ ਵਿਅਕਤੀ ਬੋਲਿਆ।
'ਹਾਂ!' ਮੈਂ ਬੱਸ ਹਾਂ ਹੀ ਬੋਲ ਸਕਿਆ। ਮੇਰੇ ਕੋਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਸ਼ਾਇਦ ਉਹ ਵੀ ਸਮਝ ਗਿਆ ਅਤੇ ਅੱਗੋਂ ਗਲਬਾਤ ਜਾਰੀ ਨਹੀਂ ਰੱਖੀ।
ਸਚਮੁਚ ਹੀ ਬੜਾ ਭਿਆਨਕ ਤੂਫ਼ਾਨ ਆਉਣ ਵਾਲਾ ਸੀ - ਇੱਕ ਮਹਾਂ ਤੂਫ਼ਾਨ! ਦੋ ਤੂਫ਼ਾਨ ਇਕੱਠੇ ਹੋ ਕੇ ਤਬਾਹੀ ਦੀ ਹਨੇਰੀ ਅਤੇ ਮੀਂਹ ਵਰਸਾਉਣ ਵਾਲੇ ਸਨ। 80 ਤੋਂ 90 ਮੀਲ ਪ੍ਰਤੀ ਘੰਟਾ ਰਫਤਾਰ ਨਾਲ਼ ਹਨੇਰੀ ਚੱਲਣ ਵਾਲੀ ਸੀ ਅਤੇ ਬਹੁਤ ਜ਼ਬਰਦਸਤ ਬਾਰਿਸ਼ ਹੋਣੀ ਸੀ ਅਤੇ ਹੋ ਸਕਦਾ ਕਈ ਥਾਵਾਂ ਤੇ ਬਰਫ਼ ਵੀ ਪੈ ਸਕਦੀ ਸੀ। ਅਮਰੀਕਾ ਵਿੱਚ ਤਾਂ ਇਹੋ ਜਿਹੇ ਤੂਫ਼ਾਨ ਅਕਸਰ ਕਦੇ ਕਦੇ ਆਉਂਦੇ ਸਨ ਪਰ ਇੰਡੀਆ ਵਿੱਚ ਇਹ ਕਿਸ ਵਕਤ ਦਾ ਤੂਫ਼ਾਨ ਆਉਣ ਵਾਲ਼ਾ ਸੀ? ਇਹੀ ਗੱਲ ਸਮਝ ਤੋਂ ਬਾਹਰ ਸੀ। ਪਰ ਵਿਗਿਆਨਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਓਂਕਿ ਉਹਨਾਂ ਨੂੰ ਪਤਾ ਸੀ ਕੀ ਇਹ ਸਭ ਕੁੱਝ ਧਰਤੀ ਦਾ ਤਾਪਮਾਨ ਵਧਣ (Global warming) ਕਰਕੇ ਹੋ ਰਿਹਾ ਸੀ।
ਪਿਛਲੇ ਪੰਜਾਹ ਸਾਲਾਂ ਤੋਂ ਧਰਤੀ ਦਾ ਔਸਤਨ ਤਾਪਮਾਨ ਜ਼ਿਆਦਾ ਹੀ ਵਧਦਾ ਜਾ ਰਿਹਾ ਹੈ ... ਅਜਿਹਾ ਅਸਮਾਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਣ ਇਕੱਠੇ ਹੋਣ ਕਰਕੇ ਹੋ ਰਿਹਾ ਹੈ। ਇਹ ਸਾਰੇ ਪ੍ਰਦੂਸ਼ਣ ਦੇ ਤੱਤ ਮਿਲਕੇ ਗ਼ੁਬਾਰ ਦੀ ਕੰਬਲੀ ਜਿਹੀ ਬਣਾ ਕੇ ਧਰਤੀ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਹਨ ਅਤੇ ਸੂਰਜ ਦੀ ਊਰਜਾ ਨੂੰ ਕਾਬੂ ਕਰ ਰਹੇ ਹਨ ਅਤੇ ਉਸਨੂੰ ਵਾਯੁਮੰਡਲ ਤੋਂ ਉੱਪਰ ਉੜਨ ਨਹੀਂ ਦੇ ਰਹੇ! ਵਾਤਾਵਰਣ ਵਿਗਿਆਨ ਦੀ ਸਪੈਸ਼ਲ ਰਿਪੋਰਟ ਅਨੁਸਾਰ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਜੇ ਮਨੁੱਖ ਨੇ ਇਸ ‘ਤੇ ਰੋਕ ਨਹੀਂ ਲਾਈ ਤਾਂ ਇੱਕੀਵੀਂ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ 5 ਡਿਗਰੀ ਫ਼ਾਰੇਨਹਾਇਟ ਤੋਂ 10 ਡਿਗਰੀ ਫ਼ਾਰੇਨਹਾਇਟ ਵਧ ਸਕਦਾ ਹੈ। ਸੰਸਾਰਿਕ ਤਾਪ ਇੱਕ ਬਹੁਤ ਹੀ ਪੇਚੀਦਾ ਮਸਲਾ ਹੈ ਅਤੇ ਇਸਦੇ ਅਸਰ ਦਾ ਅਨੁਮਾਨ ਲਗਾਉਣਾ ਬਹੁਤ ਮੁਸ਼ਕਿਲ ਹੈ। ਹਰ ਸਾਲ ਮੌਸਮ ਦੇ ਬਦਲੇ ਅਸਾਰ ਦੇਖ ਕੇ ਵਿਗਿਆਨਿਕਾਂ ਨੂੰ ਇਹ ਸਮਝ ਤਾਂ ਆ ਹੀ ਰਹੀ ਹੈ ਕਿ ਬਦਲਦੇ ਤਾਪਮਾਨ ਦੇ ਸਾਡੇ ਗ੍ਰਹਿ ਧਰਤੀ ਅਤੇ ਉਸਦੇ ਲੋਕਾਂ ਤੇ ਪ੍ਰ੍ਭਾਵ ਤਾਂ ਪਾਉਣਗੇ ਹੀ। ਪਾਣੀ, ਉਰਜਾ, ਯਾਤਾਯਾਤ, ਖੇਤੀਬਾੜੀ ਅਤੇ ਪ੍ਰਸਥਿਤੀ ਪ੍ਰਣਾਲੀ (Eco-system) ਦੇ ਨਾਲ਼-ਨਾਲ਼, ਇਹ ਵਾਤਾਵਰਣ ਦੀ ਤਬਦੀਲੀ ਮਨੁੱਖ ਦੀ ਸਿਹਤ ਨੂੰ ਵੀ ਇੱਕ ਚੁਣੌਤੀ ਦੇ ਰਹੀ ਹੈ ... ਆਪਣੇ ਆਪ ਨੂੰ ਭਿਆਨਕ ਅਤੇ ਜੰਗਲੀ ਮੌਸਮ ਦੇ ਨਾਲ ਨਜਿੱਠਣ ਲਈ ਤਿਆਰ ਹੋ ਜਾਓ!
ਅਤੇ ਇਹ ਜਿਵੇਂ ਕਿ ਬਿਲਕੁਲ ਸਹੀ ਹੀ ਸੀ। ਮੈਂ ਇਹੋ ਹੀ ਕਰਨ ਜਾ ਰਿਹਾ ਸਾਂ। ਹਵਾਈ-ਜਹਾਜ਼ ਉੜਨ ਲੱਗਾ ਸੀ। ਸਭਨੂੰ ਆਪਣੀਆਂ ਆਪਣੀਆਂ ਸੀਟ ਬੈਲਟਾਂ ਬੰਨ੍ਹਣ ਦੀ ਹਿਦਾਇਤ ਦਿੱਤੀ ਗਈ … ਮੇਰੀ ਬੇਟੀ ਰੀਤ ਪੜ੍ਹਾਈ ਦਾ ਆਦਾਨ-ਪ੍ਰਦਾਨ ਕਰਨ ਦੇ ਸੰਬੰਧ ਵਿੱਚ ਪੰਜਾਬ ਵਿੱਚ ਸੀ। ਉਸਨੂੰ ਪੰਜਾਬ ਵੈਸੇ ਵੀ ਬਹੁਤ ਚੰਗਾ ਲਗਦਾ ਹੈ - ਆਪਣੇ ਜਿਹੇ ਲੋਕ ਅਤੇ ਆਪਣਾ ਜਿਹਾ ਖਾਣਾ ਅਤੇ ਆਪਣਿਆਂ ਦਾ ਨਿੱਘ! ਮੈਂ ਉਸਨੂੰ ਵਾਪਿਸ ਲੈਣ ਜਾ ਰਿਹਾ ਸੀ, ਕਿਓਂਕਿ ਇਸ ਭਿਆਨਕ ਤੂਫ਼ਾਨ ਦੇ ਵਿੱਚ ਮੈਂ ਉਸਨੂੰ ਇੱਕਲੇ ਨਹੀਂ ਛੱਡਣਾ ਚਾਂਹੁੰਦਾ ਸੀ। ਪਿਛਲੇ ਕੁੱਝ ਕੁ ਦਿਨਾਂ ਤੋਂ ਮੇਰਾ ਉਸ ਨਾਲ਼ ਸੰਪਰਕ ਨਹੀਂ ਹੋ ਰਿਹਾ ਸੀ। ਮੈਂ ਉਮੀਦ ਕਰ ਰਿਹਾ ਸੀ ਕਿ ਉਹ ਠੀਕ ਹੋਵੇਗੀ!
ਜਹਾਜ਼ ਹਵਾ ਵਿੱਚ ਉੜਨ ਲੱਗਿਆ। ਇਸ ਵਾਰ ਜਹਾਜ਼ ਵਿੱਚ ਵਾਯੂਮੰਡਲੀ ਹਲਚਲ (Turbulence) ਬਹੁਤ ਸੀ। ਜਹਾਜ਼ ਹਵਾ ਦੇ ਵੇਗ ਨਾਲ਼ ਜ਼ਿਆਦਾ ਹਿੱਲ ਰਿਹਾ ਸੀ ਤੇ ਬਹੁਤ ਹੁਜਕੇ ਲੱਗ ਰਹੇ ਸਨ। ਪਾਇਲਟ ਨੇ ਹਰ ਵੇਲੇ ਸੀਟ ਬੈਲਟ ਬੰਨ੍ਹਣ ਦੇ ਨਿਰਦੇਸ਼ ਦਿੱਤੇ ਹੋਏ ਸਨ। ਖ਼ੈਰ, ਜਹਾਜ਼ ਦਿੱਲੀ ਠੀਕ ਠਾਕ ਪਹੁੰਚ ਗਿਆ। ਪਰ ਬਾਹਰ ਦਾ ਮੌਸਮ ਖਰਾਬ ਸੀ। ਅਜੇ ਨਵੰਬਰ ਦਾ ਮਹੀਨਾ ਸੀ, ਪਰ ਬਹੁਤ ਜ਼ਿਆਦਾ ਠੰਡ ਸੀ। ਇਸ ਸਾਲ ਠੰਡ ਪਹਿਲਾਂ ਹੀ ਆ ਗਈ ਸੀ। ਬਹੁਤ ਕੋਰਾ ਪਿਆ ਹੋਇਆ ਸੀ, ਇੰਝ ਲੱਗ ਰਿਹਾ ਸੀ ਅਮਰੀਕਾ ਵਾਂਗ ਇੱਥੇ ਵੀ ਬਰਫ਼ ਨਾ ਪੈਣ ਲੱਗ ਜਾਏ। ਵੈਸੇ ਪੰਜਾਬ ਵਿੱਚ ਤਾਂ ਪਠਾਨਕੋਟ ਦੇ ਇਲਾਕੇ ਵਿੱਚ ਬਰਫ਼ ਪੈ ਚੁੱਕੀ ਸੀ। ਇੱਥੇ ਠੰਡ ਸੀ ਪਰ ਅਮਰੀਕਾ ਵਿੱਚ ਇਸ ਵਾਰ ਇੰਨੀ ਠੰਡ ਨਹੀਂ ਸੀ, ਸਗੋਂ 'ਇੰਡੀਅਨ ਸਮਰ' (Indian Summer) ਸੀ - ਜਦੋਂ ਸਰਦੀਆਂ ਵਿੱਚ ਵੀ ਮੌਸਮ ਗਰਮੀਆਂ ਵਰਗਾ ਹੋ ਜਾਂਦਾ ਹੈ। ਪਰ ਇਸ ਕਰਕੇ ਭਿਆਨਕ ਤੂਫ਼ਾਨ (Hurricane) ਤੇ ਬਰਫ਼ੀਲੇ ਤੂਫ਼ਾਨ ਇਕੱਠੇ ਹੋ ਕੇ ਆ ਰਹੇ ਸਨ - ਜਿਸਨੂੰ ਕਿ ਵਿਗਿਆਨਕ ਬੰਬ ਸਾਇਕਲੋਨ (Cyclone) ਕਹਿੰਦੇ ਹਨ। ਇਹ ਸਭ ਗੜਬੜ-ਘੋਟਾਲ਼ਾ ਸੰਸਾਰਿਕ ਤਾਪ ਕਰਕੇ ਹੀ ਸੀ।
***
ਸਾਵਾ ਘਰ ਪ੍ਰਭਾਵ ਇੱਕ ਅਜਿਹੀ ਕਿਰਿਆ ਹੈ, ਜੋ ਉਦੋਂ ਹੁੰਦੀ ਹੈ ਜਦੋਂ ਸੂਰਜ ਦੀ ਗਰਮੀ ਧਰਤੀ ਦੇ ਵਾਯੂਮੰਡਲ ਵਿੱਚ ਅਟਕ ਜਾਂਦੀ ਹੈ। ਇਹ ਕਿਰਿਆ ਧਰਤੀ ਨੂੰ ਹੋਰ ਵੀ ਗਰਮ ਕਰ ਦਿੰਦੀ ਹੈ, ਜੋ ਕਿ ਬਿਨਾਂ ਕਿਸੇ ਵਾਯੂਮੰਡਲ ਦੇ ਸੰਭਵ ਨਹੀਂ ਹੋ ਸਕਦੀ! ਇਹ ਪ੍ਰਭਾਵ ਧਰਤੀ ਨੂੰ ਜੀਵਨ ਦੇ ਯੋਗ ਬਣਾਉਂਦਾ ਹੈ। ਸਾਵਾ ਘਰ ਪ੍ਰਭਾਵ ਇੱਕ ਸਾਵੇ ਘਰ ਦੇ ਵਾਂਗ ਹੀ ਵਾਪਰਦਾ ਹੈ। ਸਾਵਾ ਘਰ ਇੱਕ ਅਜਿਹੀ ਇਮਾਰਤ ਹੁੰਦੀ ਹੈ, ਜਿਸਦੀ ਛੱਤ ਸ਼ੀਸ਼ੇ ਦੀ ਬਣੀ ਹੁੰਦੀ ਹੈ ਤਾਂ ਜੋ ਸੂਰਜ ਦੀ ਰੌਸ਼ਨੀ ਅੰਦਰ ਆ ਸਕੇ, ਤੇ ਮਨੁੱਖ ਸਰਦੀਆਂ ਦੇ ਮੌਸਮ ਵਿੱਚ ਵੀ ਪੌਦੇ, ਸਬਜ਼ੀਆਂ ਆਦਿ ਉਗਾ ਸਕੇ ਜਦੋਂ ਬਾਹਰ ਖੇਤਾਂ ਵਿੱਚ ਠੰਡੇ ਮੌਸਮ ਜਾਂ ਬਰਫ਼ ਕਰਕੇ ਪੌਦੇ ਨਹੀਂ ਉੱਗ ਸਕਦੇ। ਸਾਵੇ ਘਰ ਠੰਡੇ ਦੇਸ਼ਾਂ ਵਿੱਚ ਆਮ ਤੌਰ ਤੇ ਵੇਖੇ ਜਾ ਸਕਦੇ ਹਨ। ਸਾਵਾ ਘਰ ਸਰਦੀਆਂ ਵਿੱਚ ਵੀ ਗਰਮ ਰਹਿ ਸਕਦਾ ਹੈ ਕਿਓਂਕਿ ਸ਼ੀਸ਼ਾ ਸੂਰਜ ਦੀ ਗਰਮੀ ਨੂੰ ਅੰਦਰ ਬੰਨ੍ਹ ਕੇ ਰੱਖਦਾ ਹੈ, ਤੇ ਪੌਦਿਆਂ ਲਈ ਸੁਖਾਵੀਂ ਤਪਸ਼ ਬਣਾਈ ਰੱਖਦਾ ਹੈ। ਇਸੇ ਤਰ੍ਹਾਂ ਸਾਵਾ ਘਰ ਪ੍ਰਭਾਵ ਧਰਤੀ ਤੇ ਵੀ ਇੰਝ ਹੀ ਸੂਰਜ ਦੀ ਗਰਮੀ ਨੂੰ ਵਾਯੂਮੰਡਲ ਤੋਂ ਬਾਹਰ ਨਹੀਂ ਜਾਣ ਦਿੰਦਾ ਤੇ ਧਰਤੀ ਉੱਤੇ ਤਪਸ਼ ਬਣਾਈ ਰੱਖਦਾ ਹੈ। ਦਿਨ ਦੇ ਸਮੇਂ ਸੂਰਜ ਦੀਆਂ ਕਿਰਨਾਂ ਵਾਯੂਮੰਡਲ ਦੇ ਵਿੱਚੋਂ ਦੀ ਧਰਤੀ ‘ਤੇ ਆਉਂਦੀਆਂ ਹਨ, ਤੇ ਦਿਨ ਵੇਲ਼ੇ ਧਰਤੀ ਦਾ ਵਾਤਾਵਰਣ ਉਹਨਾਂ ਦੀ ਤਪਸ਼ ਨਾਲ਼ ਗਰਮ ਹੋ ਜਾਂਦਾ ਹੈ। ਜਦੋਂ ਰਾਤ ਪੈਂਦੀ ਹੈ ਤਾਂ ਧਰਤੀ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਓਂਕਿ ਸੂਰਜ ਦੀ ਤਪਸ਼ ਵਾਪਿਸ ਉੱਪਰ ਨੂੰ ਪਹੁੰਚ ਜਾਂਦੀ ਹੈ ਤੇ ਵਾਯੂਮੰਡਲ ਤੋਂ ਬਾਹਰ ਨਿੱਕਲ ਜਾਂਦੀ ਹੈ, ਪਰ ਥੋੜੀ ਤਪਸ਼ ਨੂੰ ਵਾਯੂਮੰਡਲ ਦੀਆਂ ਸਾਵੇ ਘਰ ਦੀਆਂ ਗੈਸਾਂ (ਕਾਰਬਨ ਡਾਈਆਕਸਾਈਡ ਆਦਿ) ਬਾਹਰ ਨਹੀਂ ਜਾਣ ਦਿੰਦੀਆਂ। ਇਸ ਤਰ੍ਹਾਂ ਧਰਤੀ ਉੱਤੇ ਰਾਤ ਨੂੰ ਵੀ ਸੁਖਾਵਾਂ ਤਾਪਮਾਨ (ਔਸਤਨ 14 ਡਿਗਰੀ ਸੈਲਸੀਅਸ) ਬਣਿਆ ਰਹਿੰਦਾ ਹੈ।
ਪਰ ਉਦਯੋਗਿਕ ਕ੍ਰਾਂਤੀ ਤੇ ਵਿਗਿਆਨ ਦੇ ਵਿਕਾਸ ਨਾਲ਼ ਕੁੱਝ ਕੁ ਦੁਸ਼ਪ੍ਰਭਾਵ ਵੀ ਹੋਏ ਹਨ, ਜਿਸ ਕਰਕੇ ਮਨੁੱਖ ਤਕਰੀਬਨ ਇੱਕ ਸਦੀ ਤੋਂ ਵਾਯੂਮੰਡਲ ਵਿੱਚ ਜੈਵਿਕ ਬਾਲਣ (ਕੋਲਾ, ਤੇਲ ਆਦਿ) ਨਿਰੰਤਰ ਵਰਤ ਰਿਹਾ ਤੇ ਉਸ ਦੇ ਬਲਣ ਕਰਕੇ ਧੂੰਏ ਦੇ ਰੂਪ ਵਿੱਚ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਵਾਤਾਵਰਣ ਵਿੱਚ ਛੱਡ ਕੇ ਉਸਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਹ ਵਾਧੂ ਦੀ ਕਾਰਬਨ ਡਾਈਆਕਸਾਈਡ ਜੋ ਇੱਕ ਸਾਵੇ ਘਰ ਦੀ ਗੈਸ ਹੈ, ਸੂਰਜ ਦੀ ਤਪਿਸ਼ ਨੂੰ ਵਾਯੂਮੰਡਲ ਤੋਂ ਬਾਹਰ ਨਿਕਲਣ ਨਹੀਂ ਦੇ ਰਹੀ। ਇਸ ਕਰਕੇ ਧਰਤੀ ਦਾ ਔਸਤਨ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਧਰਤੀ ਇਸ ਸੰਸਾਰਿਕ ਤਾਪ ਨਾਲ਼ ਗਰਮ ਹੋ ਰਹੀ ਹੈ! ਧਰਤੀ ਦਾ ਔਸਤਨ ਤਾਪਮਾਨ 1880 ਈ: ਤੋਂ ਹੁਣ ਤੱਕ 1 ਡਿਗਰੀ ਸੈਲਸੀਅਸ ਤੋਂ ਵੀ ਵੱਧ ਗਿਆ ਹੈ, ਪਰ 2/3 ਹਿੱਸਾ ਤਾਪਮਾਨ 1975 ਤੋਂ ਬਾਅਦ ਵਿੱਚ ਵਧਿਆ ਹੈ। ਤੁਹਾਨੂੰ ਲੱਗੇਗਾ ਕਿ ਸੰਸਾਰਿਕ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਤਾਂ ਕੁੱਝ ਵੀ ਨਹੀਂ ਹੈ, ਪਰ ਸੰਸਾਰਿਕ ਤਾਪਮਾਨ ਕਿਸੇ ਖੇਤਰ ਦੇ ਆਮ ਤਾਪਮਾਨ ਤੋਂ ਬਹੁਤ ਅੱਲਗ ਹੁੰਦਾ ਹੈ। ਸੰਸਾਰਿਕ ਤਾਪਮਾਨ ਇਸ ਗੱਲ ਉਤੇ ਬਹੁਤ ਨਿਰਭਰ ਕਰਦਾ ਹੈ ਕਿ ਧਰਤੀ ਨੇ ਸੂਰਜ ਤੋਂ ਕਿੰਨੀ ਤਪਿਸ਼ ਲਈ ਹੈ ਤੇ ਕਿੰਨੀ ਵਾਪਿਸ ਅੰਤਰਿਖਸ਼ ਵਿੱਚ ਛੱਡੀ ਹੈ। ਸੰਸਾਰਿਕ ਤਾਪਮਾਨ ਤਕਰੀਬਨ ਸਥਿਰ ਰਹਿੰਦਾ ਹੈ। ਜੇ ਧਰਤੀ ਵਾਯੂਮੰਡਲ ਵਿੱਚ ਜ਼ਿਆਦਾ ਕਾਰਬਨ ਡਾਈਆਕਸਾਈਡ ਗੈਸ ਹੋਣ ਕਰਕੇ ਘੱਟ ਤਪਿਸ਼ ਵਾਪਿਸ ਅੰਤਿਰਖਸ਼ ਵਿੱਚ ਛੱਡਦੀ ਹੈ ਤਾਂ ਇਹ ਸੰਸਾਰਿਕ ਤਾਪਮਾਨ ਇੱਕ-ਇੱਕ ਡਿਗਰੀ ਕਰਕੇ ਵਧਦਾ ਜਾਵੇਗਾ। ਇੱਕ ਡਿਗਰੀ ਵਾਧਾ ਬਹੁਤ ਮਹੱਤਵਪੂਰਨ ਹੈ ਕਿਓਂਕਿ ਧਰਤੀ ਦੇ ਸਾਰੇ ਸਮੁੰਦਰ, ਵਾਤਾਵਰਣ, ਤੇ ਜ਼ਮੀਨ ਨੂੰ ਇੱਕ ਡਿਗਰੀ ਗਰਮ ਕਰਨ ਲਈ ਬਹੁਤ ਜ਼ਿਆਦਾ ਤਾਪਮਾਨ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸੰਸਾਰਿਕ ਤਾਪਮਾਨ ਵਿੱਚ ਇੱਕ ਡਿਗਰੀ ਦੇ ਘਾਟੇ ਨੇ ਧਰਤੀ ਨੂੰ ਛੋਟੇ ਬਰਫ਼ ਯੁੱਗ ਵਿੱਚ ਧੱਕ ਦਿੱਤਾ ਸੀ। 20,000 ਸਾਲ ਪਹਿਲਾਂ, ਸੰਸਾਰਿਕ ਤਾਪਮਾਨ ਵਿੱਚ ਪੰਜ ਡਿਗਰੀ ਦੇ ਘਾਟੇ ਕਰਕੇ ਪੂਰਾ ਉੱਤਰੀ ਅਮਰੀਕਾ ਬਰਫ਼ ਹੇਠਾਂ ਦੱਬਿਆ ਗਿਆ ਸੀ।
ਇਹ ਵੀ ਸੱਚ ਹੈ ਕਿ ਸੰਸਾਰਿਕ ਤਾਪਮਾਨ ਵਿੱਚ ਵਾਧੇ ਕਰਕੇ ਹਰ ਇੱਕ ਦੇਸ਼ ਜਾਂ ਖੇਤਰ ਦਾ ਔਸਤਨ ਤਾਪਮਾਨ ਇੱਕੋ ਜਿਹਾ ਨਹੀਂ ਵਧਿਆ, ਕਿਤੇ 5 ਡਿਗਰੀ ਤੇ ਕਿਤੇ 2 ਡਿਗਰੀ ਵਧਿਆ ਹੈ। ਇੱਕ ਖੇਤਰ ਵਿੱਚ ਅੱਤ ਦੀ ਠੰਡ ਤੋਂ ਬਾਅਦ ਅੱਤ ਦੀ ਗਰਮੀ ਦਾ ਮੌਸਮ ਵੀ ਆ ਸਕਦਾ ਹੈ ਜਾਂ ਫਿਰ ਇੱਕ ਖੇਤਰ ਵਿੱਚਲੀ ਅੱਤ ਦੀ ਠੰਡ ਦੂਜੇ ਖੇਤਰ ਵਿੱਚ ਅੱਤ ਦੀ ਗਰਮੀ ਨਾਲ਼ ਕੁਦਰਤੀ ਤੌਰ ਤੇ ਸੰਤੁਲਿਤ ਹੋ ਸਕਦੀ ਹੈ। ਆਮ ਤੌਰ ਤੇ ਜ਼ਮੀਨ ਸਮੁੰਦਰ ਦੇ ਮੁਕਾਬਲੇ ਜਲਦੀ ਗਰਮ ਹੁੰਦੀ ਹੈ ਤੇ ਇਸ ਕਰਕੇ ਇਹ ਅੱਲਗ-ਅੱਲਗ ਖੇਤਰਾਂ ਵਿੱਚ ਅੱਲਗ ਹੋ ਸਕਦੀ ਹੈ, ਜਿਸ ਤਰਾਂ ਉਹਨਾਂ ਖੇਤਰਾਂ ਦਾ ਭੂਗੋਲਿਕ ਵਰਤਾਰਾ (ਕਿੰਨੀ ਜ਼ਮੀਨ ਤੇ ਕਿੰਨਾ ਪਾਣੀ) ਹੋਵੇਗਾ।
ਇਸ ਸੰਸਾਰਿਕ ਤਾਪ ਦੇ ਪ੍ਰਭਾਵ ਅਸੀਂ ਕਦੋਂ ਦੇ ਵੇਖ ਰਹੇ ਹਾਂ - ਬਰਫ਼ ਦੇ ਗਲੇਸ਼ੀਅਰ ਪਿਘਲ ਰਹੇ ਹਨ, ਸਮੁੰਦਰ ਦਾ ਸਤਰ (Sea Level) ਉੱਚਾ ਹੋ ਰਿਹਾ ਹੈ, ਬਨਸਪਤੀ ਤੇ ਜੀਵ-ਜੰਤੁ ਪਰਵਾਸ ਕਰ ਰਹੇ ਹਨ, ਤੇ ਰੁੱਖ ਜਲਦੀ ਜਲਦੀ ਹਰੇ ਹੋ ਰਹੇ ਹਨ - ਬਸੰਤ ਵਕਤ ਤੋਂ ਪਹਿਲਾਂ ਹੀ ਆ ਰਹੀ ਹੈ। ਜਿੱਥੇ ਕਿਤੇ ਬਸੰਤ ਆ ਚੁੱਕੀ ਹੈ, ਉੱਥੇ ਬਰਫ਼ ਵੀ ਪੈ ਰਹੀ ਹੈ - ਵਿਚਾਰੇ ਰੁੱਖ ਤੇ ਜੀਵ-ਜੰਤੂ ਉਲਝਣ ਵਿੱਚ ਹਨ! ਬੇ-ਮੌਸਮੀ ਗਰਮੀ ਤੇ ਠੰਡ ਹੋ ਰਹੀ ਹੈ। ਸੰਸਾਰ ਵਿੱਚ ਜਗ੍ਹਾ-ਜਗ੍ਹਾ ਅਜੀਬੋ-ਗਰੀਬ ਜ਼ਬਰਦਸਤ ਤੂਫ਼ਾਨ ਤੇ ਹੜ੍ਹ ਆ ਰਹੇ ਹਨ! ਕਿਤੇ ਕਿਤੇ (ਜਿਵੇਂ ਕੈਲੀਫ਼ੋਰਨੀਆ) ਕਈ ਸਾਲਾਂ ਤੋਂ ਮੀਂਹ ਨਾ ਪੈਣ ਕਰਕੇ ਲੰਬਾ ਸੋਕਾ ਪੈ ਗਿਆ ਹੈ! ਵਿਗਿਆਨਕ ਦੱਸਦੇ ਹਨ ਕਿ 2100 ਈ: ਤੱਕ ਸਮੁੰਦਰ ਦਾ ਸਤਰ 1-8 ਫੁੱਟ ਤੱਕ ਵੱਧ ਸਕਦਾ ਹੈ, ਜਿਸ ਕਰਕੇ ਸਮੁੰਦਰ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹ ਆਉਣ ਲੱਗ ਪੈਣਗੇ। ਆਰਕਟਿਕ (ਧਰੁਵੀ) ਖੇਤਰ ਵਿੱਚੋਂ ਬਰਫ਼ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ, ਜੋ ਸਮੁੰਦਰ ਦੇ ਸਤਰ ਨੂੰ ਹੋਰ ਉੱਚਾ ਕਰ ਦੇਵੇਗਾ। ਤੀਬਰ ਮੌਸਮੀ ਘਟਨਾਵਾਂ ਆਮ ਹੋ ਜਾਣਗੀਆਂ! ਇਸਦਾ ਅਸਰ ਖੇਤੀਬਾੜੀ ਤੇ ਵੀ ਪਵੇਗਾ, ਕਿਸੇ ਖੇਤਰ ਵਿੱਚ ਫ਼ਸਲ ਉਗਾਉਣ ਦਾ ਸਮਾਂ ਜ਼ਿਆਦਾ ਹੋ ਜਾਵੇਗਾ ਤੇ ਕਿਤੇ ਘੱਟ। ਸੋਕੇ, ਜ਼ਮੀਨੀ ਪਾਣੀ ਦਾ ਸਤਰ ਨੀਵਾਂ ਹੋਣਾ, ਹੜ੍ਹਾਂ ਤੇ ਤੂਫ਼ਾਨਾਂ ਦਾ ਇਕੱਠਾ ਪ੍ਰਭਾਵ ਫ਼ਸਲਾਂ ਤੇ ਤਬਾਹਕੁੰਨ ਸਾਬਿਤ ਹੋਏਗਾ। ਮਾਲ-ਡੰਗਰਾਂ ਦੀ ਵੀ ਕਮੀ ਪੇਸ਼ ਆਏਗੀ।
ਸਾਨੂੰ ਜਲਦੀ ਹੀ ਸੰਭਲਣਾ ਪਵੇਗਾ ਤਾਂ ਜੋ ਸੰਸਾਰਿਕ ਤਾਪ ਤੇ ਠੱਲ ਪਾ ਸਕੀਏ! ਪਰ ਜੇ ਇੰਝ ਹੀ ਮਨੁੱਖ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਰਹੇਗਾ, ਕੁਦਰਤੀ ਸੋਮਿਆਂ ਦਾ ਨਾਸ ਕਰਦਾ ਰਹੇਗਾ ਤਾਂ ਜਲਦੀ ਹੀ ਧਰਤੀ ਤੇ ਪਰਲੋਂ ਆ ਜਾਏਗੀ, ਜਿਸਤੋਂ ਬਚਣਾ ਬਹੁਤ ਮੁਸ਼ਕਿਲ ਹੋ ਜਾਵੇਗਾ!
***
ਇਹ ਕੀ? ਪਰਲੋਂ ਤਾਂ ਹੁਣੇ ਹੀ ਆ ਰਹੀ ਸੀ। ਇਹ ਖ਼ਤਰਨਾਕ ਤੂਫ਼ਾਨ ਜੋ ਆ ਰਹੇ ਸਨ, ਕੋਈ ਆਮ ਮੌਸਮੀ ਤੂਫ਼ਾਨ ਨਹੀਂ ਸਨ, ਸੰਸਾਰਿਕ ਤਾਪ ਕਾਰਨ ਜੋ ਵਾਤਾਵਰਣ ਵਿੱਚ ਤਬਦੀਲੀ ਆ ਰਹੀ ਸੀ, ਕਿਤੇ ਜ਼ਿਆਦਾ ਦਬਾਅ ਤੇ ਕੀਤੇ ਘੱਟ ਦਬਾਅ, ਇਹਨਾਂ ਤੂਫ਼ਾਨਾਂ ਨੂੰ ਖ਼ਤਰਨਾਕ ਰੂਪ ਦੇ ਰਿਹਾ ਸੀ। ਆਮ ਤੌਰ ਤੇ ਮੀਹ ਇੱਕ ਦੋ ਦਿਨ ਪੈ ਕੇ ਹਟ ਜਾਂਦਾ ਹੈ। ਪਰ ਇਹ ਤਾਂ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਕਰਕੇ ਕਈ ਜਗ੍ਹਾ ਹੜ੍ਹ ਆ ਰਹੇ ਸਨ। ਇਹਨਾਂ ਦੇ ਕਰਕੇ ਇੱਕ ਮਨੁੱਖੀ ਤ੍ਰਾਸਦੀ ਦੇ ਹਾਲਤ ਪੈਦਾ ਹੋ ਰਹੇ ਸਨ! ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਸੀ, ਲੱਖਾਂ ਕਰੋੜਾ ਲੋਕ ਬੇਘਰ ਹੋ ਰਹੇ ਸਨ। ਹਿੰਦੁਸਤਾਨ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਭਿਆਨਕ ਹੜ੍ਹ ਆ ਰਹੇ ਸਨ। ਹਾਲਾਂਕਿ ਇਹਨਾਂ ਦੇਸ਼ਾਂ ਦੀ ਸਾਵੇ ਘਰ ਦੀਆਂ ਗੈਸਾਂ ਨੂੰ ਵਧਾਉਣ ਦੇ ਵਿੱਚ ਇੰਨਾ ਜ਼ਿਆਦਾ ਯੋਗਦਾਨ ਨਹੀਂ ਸੀ, ਜਿੰਨਾ ਕਿ ਅਮਰੀਕਾ, ਚੀਨ ਤੇ ਹੋਰ ਦੇਸ਼ਾਂ ਦਾ ਸੀ, ਪਰ ਇੱਥੇ ਸੰਸਾਰਿਕ ਤਾਪ ਕਰਕੇ ਆ ਰਹੀ ਮੌਸਮੀ ਤਬਦੀਲੀ ਦੇ ਅਸਰ ਜ਼ਿਆਦਾ ਹੋ ਰਹੇ ਸਨ। ਇੱਥੇ ਸੰਸਾਰਿਕ ਤਾਪ ਪ੍ਰਤੀ ਲੋਕਾਂ ਵਿੱਚ ਜਾਗ੍ਰਿਤੀ ਵੀ ਘੱਟ ਸੀ, ਸਰਕਾਰਾਂ ਲੋਕਾਂ ਨੂੰ ਇਸ ਸੰਬਧੀ ਜਾਣਕਾਰੀ ਦੇਣ ਵਿੱਚ ਅਸਫ਼ਲ ਸਨ। ਸੰਸਾਰਿਕ ਤਾਪ ਕਰਕੇ ਹੋ ਰਹੀ ਤਬਾਹੀ ਨੂੰ ਨਜਿੱਠਣ ਦੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ ਸੀ। ਇਹ ਪ੍ਰਤੱਖ ਦਿੱਖ ਰਿਹਾ ਸੀ ਕਿ ਕਿਵੇਂ ਹੜ੍ਹ-ਪੀੜਤ ਲੋਕ ਸੰਘਰਸ਼ ਕਰ ਰਹੇ ਸਨ।
ਦਿੱਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਉੱਤਰ ਕੇ ਮੈਂ ਪਹਿਲਾਂ ਆਪਣੀ ਬੇਟੀ ਨੂੰ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਾ ਮਿਲ਼ ਸਕਿਆ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਮਿਲਾਇਆ ਪਰ ਉਹਨਾਂ ਦਾ ਫ਼ੋਨ ਵੀ ਨਾ ਮਿਲ਼ ਸਕਿਆ। ਫੁਰ ਮੈਂ ਲੋਕਲ ਹਵਾਈ ਅੱਡੇ ਤੇ ਚੰਡੀਗੜ੍ਹ ਨੂੰ ਜਾਣ ਵਾਲ਼ੇ ਜਹਾਜ਼ ਵਿੱਚ ਚੜ੍ਹਨ ਲਈ ਚੱਲ ਪਿਆ। ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਖਰਾਬ ਮੌਸਮ ਕਰਕੇ ਹਵਾਈ-ਉੜਾਨ ਕੈਂਸਲ ਹੋ ਚੁੱਕੀ ਹੈ। ਕਿਸੇ ਨੂੰ ਕੋਈ ਪੱਕਾ ਪਤਾ ਨਹੀਂ ਸੀ ਕਿ ਉਹ ਦੁਬਾਰਾ ਕੱਲ੍ਹ ਨੂੰ ਜਾਵੇਗੀ ਕਿ ਨਹੀਂ। ਚੰਡੀਗੜ੍ਹ ਨੂੰ ਅੱਜ ਕੋਈ ਵੀ ਹਵਾਈ ਜਹਾਜ਼ ਨਹੀਂ ਜਾ ਰਿਹਾ ਸੀ। ਇੰਡੀਅਨ ਏਅਰ ਲਾਈਨ ਦਾ ਭਲਾ ਹੋਵੇ ਜਿਨ੍ਹਾਂ ਨੇ ਮੈਨੂੰ ਚੰਡੀਗੜ੍ਹ ਜਾਣ ਲਈ ਬੱਸ ਵਿੱਚ ਬੁਕਿੰਗ ਕਰ ਦਿੱਤੀ। ਬੱਸ ਏਅਰਪੋਰਟ ਦੇ ਬਾਹਰੋਂ ਹੀ ਚੱਲਣੀ ਸੀ, ਇਸ ਕਰਕੇ ਮੈਨੂੰ ਜ਼ਿਆਦਾ ਖੱਜਲ-ਖ਼ੁਆਰ ਨਹੀਂ ਹੋਣਾ ਪਿਆ। ਬੱਸ ਨੂੰ ਚੱਲਣ ਵਿੱਚ ਅਜੇ ਸਮਾਂ ਸੀ। ਮੈਂ ਬਾਥਰੂਮ ਵਿੱਚ ਜਾ ਕੇ ਹੱਥ-ਮੂੰਹ ਧੋ ਕੇ ਤਾਜ਼ਾ-ਦਮ ਹੋ ਗਿਆ। ਫੇਰ ਮੈਂ ਚਾਹ ਦੇ ਨਾਲ਼ ਬ੍ਰੈੱਡ ਖਾ ਕੇ ਬੱਸ ਵਿੱਚ ਬੈਠ ਗਿਆ। ਥੋੜੀ ਦੇਰ ਮੇਰੀ ਅੱਖ ਲੱਗ ਗਈ। ਜਦੋਂ ਬੱਸ ਚੱਲਣ ਲੱਗੀ ਤਾਂ ਮੈਨੂੰ ਜਾਗ ਆਈ। ਦਿੱਲੀ ਕੈਂਟ ਦੀਆਂ ਸੜਕਾਂ ਤੇ ਐਨਾ ਪਾਣੀ ਨਹੀਂ ਸੀ, ਪਰ ਜਿਵੇਂ ਹੀ ਦਿੱਲੀ ਤੋਂ ਬਾਹਰ ਆਏ ਤਾਂ ਦੂਰ ਦੂਰ ਤੱਕ ਪਾਣੀ ਹੀ ਦਿੱਖ ਰਿਹਾ ਸੀ। ਪਰ ਇਸ ਪਾਸੇ ਇੰਨਾ ਪਾਣੀ ਨਹੀਂ ਜਮ੍ਹਾਂ ਹੋਇਆ ਸੀ। ਪਰ ਜਿਵੇਂ ਜਿਵੇਂ ਸ਼ਹਿਰ ਤੋਂ ਬਾਹਰ ਜਾ ਰਹੇ ਸੀ ਤਾਂ ਜ਼ਮੀਨ ਦੇ ਹਾਲਤਾਂ ਦਾ ਪਤਾ ਲੱਗ ਰਿਹਾ ਸੀ ਕਿ ਇਹ ਕੋਈ ਆਮ ਤੂਫ਼ਾਨ ਨਹੀਂ ਸੀ - ਜਿਸਨੇ ਹਰ ਪਾਸੇ ਪਾਣੀ ਦਾ ਹੜ੍ਹ ਲਿਆ ਦਿੱਤਾ ਸੀ।
ਬਾਰਿਸ਼ ਅਜੇ ਵੀ ਹੋ ਰਹੀ ਸੀ, ਪਰ ਭਿਆਨਕ ਤੂਫ਼ਾਨ ਗ਼ੁਜ਼ਰ ਗਿਆ ਲੱਗ ਰਿਹਾ ਸੀ। ਕਈ ਦਿਨ ਚੱਲਣ ਵਾਲ਼ਾ ਤੂਫ਼ਾਨ ਆਪਣੇ ਪਿੱਛੇ ਹੜ੍ਹਾਂ ਦੀ ਭਰਮਾਰ ਛੱਡ ਗਿਆ ਸੀ। ਬਹੁਤ ਜ਼ਬਰਦਸਤ ਬਾਰਿਸ਼ ਹੋਈ ਸੀ, ਜਿਵੇਂ ਕਿ ਮੌਨਸੂਨ ਰੁੱਤ ਵਿੱਚ ਹੁੰਦੀ ਹੈ, ਪਰ ਇਸ ਵਾਰ ਮੌਨਸੂਨ ਦਾ ਮੌਸਮ ਨਵੰਬਰ ਵਿੱਚ ਆ ਗਿਆ ਲਗਦਾ ਸੀ। ਇੰਝ ਲੱਗ ਰਿਹਾ ਸੀ ਕਿ ਮੌਨਸੂਨ ਦੇ ਬਚੇ-ਖੁਚੇ ਬੱਦਲ ਤੇ ਪੱਛਮੀ ਹਵਾਵਾਂ ਦਾ ਸੁਮੇਲ ਹੋ ਗਿਆ ਸੀ ਤੇ ਦੋ ਤਰ੍ਹਾਂ ਦੇ ਸਿਸਟਮ ਇਕੱਠੇ ਹੋ ਕੇ ਮੂਸਲਾਧਾਰ ਮੀਂਹ ਪਾ ਰਹੇ ਸਨ। ਅਸਮਾਨ ਵਿੱਚ ਘਣਘੋਰ ਘਟਾਵਾਂ ਛਾ ਗਈਆਂ ਸਨ। ਖਬਰਾਂ ਦੇ ਅਨੁਸਾਰ 100 ਮਿੱਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਹੋਈ ਸੀ, ਜੋ ਕਿ ਪੂਰੇ ਮਹੀਨੇ ਦੀ ਬਾਰਿਸ਼ ਤੋਂ ਵੀ ਜ਼ਿਆਦਾ ਸੀ। ਗੰਗਾ, ਜਮੁਨਾ, ਸਤਲੁਜ, ਘੱਗਰ, ਬਿਆਸ,ਰਾਵੀ, ਜੇਹਲਮ, ਤੇ ਝਨਾਂ ਸਾਰੇ ਦਰਿਆ ਚੜ੍ਹ ਗਏ ਸਨ, ਤੇ ਉਹਨਾਂ ਵਿੱਚ ਪਾੜ ਪੈਣ ਕਰਕੇ ਸਾਰੇ ਨੀਵੇਂ ਖੇਤਰਾਂ ਵਿੱਚ ਹੜ੍ਹ ਆ ਗਏ ਸਨ! ਪਾਣੀ ਦੇ ਸੈਲਾਬ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ - ਇੰਨਾ ਤੇਜ਼ ਵਹਾਅ ਕਦੇ ਕਿਸੇ ਨੇ ਨਹੀਂ ਦੇਖਿਆ ਸੀ। ਇੱਕੋ ਸਮੇਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਹਨਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ। ਬਹੁਤ ਜਾਨੀ, ਮਾਲੀ ਤੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਸੀ। ਸਾਰਾ ਬੁਨਿਆਦੀ ਢਾਂਚਾ - ਬਿਜਲੀ, ਪਾਣੀ, ਸੰਚਾਰ ਮਾਧਿਅਮ, ਸੜਕਾਂ ਆਦਿ ਹਿੱਲ ਗਿਆ ਸੀ। ਪੂਰੇ ਦੇ ਪੂਰੇ ਪਿੰਡ ਹੜ੍ਹਾਂ ਦੇ ਵਿੱਚ ਵਹਿ ਗਏ ਸਨ, ਸ਼ਹਿਰੀ ਕੇਂਦਰਾਂ ਵਿੱਚ ਪਾਣੀ ਖੜ੍ਹ ਗਿਆ ਸੀ। ਲੋਕਾਂ ਦੇ ਘਰਾਂ ਅੰਦਰ ਪਾਣੀ ਚਲਿਆ ਗਿਆ ਸੀ, ਜਿਸ ਕਰਕੇ ਉਹਨਾਂ ਨੂੰ ਅਚਾਨਕ ਆਪਣੇ ਘਰ ਖਾਲੀ ਕਰਨੇ ਪੈ ਗਏ ਸਨ। ਆਪਣੀ ਜਾਨ ਤੋਂ ਇਲਾਵਾ ਉਹਨਾਂ ਨੂੰ ਕੁੱਝ ਹੋਰ ਨਹੀਂ ਸੁੱਝ ਰਿਹਾ ਸੀ - ਘਰੋਂ ਬੇਘਰ ਹੋਏ ਲੋਕ ਸ਼ਰਣ ਲਈ ਤਰਸ ਰਹੇ ਸਨ। ਕਰੋੜਾਂ ਦੀ ਤਦਾਦ ਵਿੱਚ ਖੇਤੀਬਾੜੀ ਦਾ ਨੁਕਸਾਨ ਹੋਇਆ ਸੀ!
ਇਹ ਇਸ ਸਦੀ ਦੇ ਸਭ ਤੋਂ ਬੁਰੇ ਹੜ੍ਹ ਸਨ! ਕੇਂਦਰ ਤੇ ਸੂਬਾ ਸਰਕਾਰਾਂ ਇਸ ਸਭ ਲਈ ਨਜਿੱਠਣ ਲਈ ਬਿਲਕੁਲ ਵੀ ਤਿਆਰ ਨਹੀਂ ਸਨ, ਵੈਸੇ ਸਰਕਾਰਾਂ ਕਦੇ ਵੀ ਤਿਆਰ ਨਹੀਂ ਹੁੰਦੀਆਂ! ਜਿਵੇਂ ਕਿ ਕਿਸੇ ਵੀ ਸੰਕਟ ਤੋਂ ਬਾਅਦ, ਸਰਕਾਰੀ ਵਿਭਾਗਾਂ ਨੂੰ ਸੂਚਨਾ ਮਿਲਣੀ ਚਾਹੀਦੀ ਹੈ, ਜਿਸ ਨਾਲ਼ ਉਹਨਾਂ ਨੂੰ ਨੁਕਸਾਨ ਦਾ ਅੰਦਾਜ਼ਾ ਹੋ ਸਕੇ, ਪ੍ਰਭਾਵਿਤ ਖੇਤਰਾਂ ਦੇ ਨਕਸ਼ੇ ਮਿਲ਼ ਸਕਣ, ਤੇ ਹੋਰ ਅੰਕੜੇ ਇਕੱਠੇ ਹੋ ਸਕਣ - ਤਾਂ ਜੋ ਉਹ ਸਾਰੀਆਂ ਮਹੱਤਵਪੂਰਨ ਏਜੰਸੀਆਂ ਨੂੰ ਲਾਮਬੱਧ ਕਰ ਕੇ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾ ਸਕਣ। ਪਰ ਅਫ਼ਸੋਸ ਇਹ ਸਭ ਤਾਲਮੇਲ ਇੱਥੇ ਨਹੀਂ ਹੋ ਸਕਿਆ। ਸਰਕਾਰ ਨੇ ਫੌਜ ਨੂੰ ਮਦਦ ਲਈ ਬੁਲਾ ਲਿਆ ਸੀ ਤੇ ਹੌਲ਼ੀ ਹੌਲ਼ੀ ਬਾਕੀ ਦੇ ਵਿਭਾਗਾਂ ਨੂੰ ਵੀ ਤਿਆਰ ਕਰ ਰਹੀ ਸੀ। ਪਰ ਜੋ ਕੰਮ ਜੰਗੀ ਪੱਧਰ ਤੇ ਹੋਣਾ ਚਾਹੀਦਾ ਹੈ ਨਹੀਂ ਸੀ ਹੋ ਰਿਹਾ! ਲੋਕ ਇੱਕ ਦੂਜੇ ਦੀ ਮਦਦ ਤੇ ਨਿਰਭਰ ਸਨ, ਜਾਂ ਫਿਰ ਕੁੱਝ ਕੁ ਲੋਕਲ ਤੇ ਅੰਤਰ-ਰਾਸ਼ਟਰੀ ਗ਼ੈਰ-ਮੁਨਾਫ਼ਾ ਸਮਾਜ ਸੇਵੀ ਸੰਸਥਾਵਾਂ (NGO) ਉਹਨਾਂ ਦੀ ਮਦਦ ਕਰ ਰਹੀਆਂ ਸਨ। ਪਰ ਜ਼ਮੀਨ ਤੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਕੁਦਰਤ ਦੀ ਕਰੋਪੀ ਆਪਣਾ ਰੰਗ ਵਿਖਾ ਰਹੀ ਸੀ। ਇਨਸਾਨ ਡੁੱਬ-ਡੁੱਬ ਕੇ ਮਰ ਰਹੇ ਸਨ! ਕਾਸ਼! ਇਸ ਸਭ ਤੋਂ ਬਚਣ ਦਾ ਕੋਈ ਢੰਗ-ਤਰੀਕਾ ਜਲਦੀ ਹੀ ਨਿੱਕਲੇ। ਭਾਵੇਂ ਸਰਕਾਰ ਦਾਵਾ ਕਰ ਰਹੀ ਸੀ ਕਿ ਉਹ ਬਚਾਅ ਤੇ ਰਲੀਫ਼ ਦਾ ਕੰਮ ਜੰਗੀ ਪੱਧਰ ਤੇ ਕਰ ਰਹੀ ਹੈ ਪਰ ਜਾਨ, ਮਾਲ ਤੇ ਫ਼ਸਲਾਂ ਦੀ ਤਬਾਹੀ ਤੇ ਮਹਾਂਮਾਰੀ ਦਾ ਡਰ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ!
ਬੱਸ ਨੂੰ ਜ਼ੋਰ ਦੇਣੀ ਹੁਝਕਾ ਲੱਗਿਆ ਤੇ ਮੈਂ ਆਪਣੇ ਖ਼ਿਆਲਾਂ ਤੋਂ ਜਾਗਿਆ। ਬਾਹਰ ਸ਼ੀਸ਼ੇ ਵਿੱਚੋਂ ਦੇਖਣ ਤੇ ਹਾਈ-ਵੇ ਦੀ ਸੜਕ ਤੋਂ ਹੇਠਾਂ ਦੂਰ ਦੂਰ ਤੱਕ ਮਿੱਟੀ-ਰੰਗੇ ਪਾਣੀ ਦਾ ਸਮੁੰਦਰ ਦਿਖ ਰਿਹਾ ਸੀ। ਇਹ ਕੋਈ ਸਮੁੰਦਰ ਨਹੀਂ, ਖੇਤ ਤੇ ਘਰ ਸਨ। ਪਰ ਹੁਣ ਪਾਣੀ ਦੇ ਸੈਲਾਬ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਲੋਕ ਮਾਲ ਡੰਗਰ ਤੇ ਹੋਰ ਸਮਾਂ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਲੋਕਾਂ ਦਾ ਸਮਾਨ ਪਾਣੀ ਵਿੱਚ ਡੁੱਬ ਗਿਆ ਸੀ ਜਾਂ ਤੈਰ ਰਿਹਾ ਸੀ। ਖੇਤੀਬਾੜੀ ਲਈ ਉਪਜਾਊ ਜ਼ਮੀਨ ਵੀ ਪਾਣੀ ਦੇ ਹੇਠਾਂ ਆ ਗਈ। ਕਿਸਾਨ ਜੋ ਪਹਿਲਾਂ ਹੀ ਕਰਜੇ ਹੇਠਾਂ ਡੱਬੇ ਪਏ ਸਨ, ਉਹਨਾਂ ਤੇ ਹੁਣ ਇਹ ਹੋਰ ਨਵੀਂ ਆਫ਼ਤ ਆ ਗਈ ਸੀ। ਗ਼ਰੀਬ ਕਿਸਾਨਾਂ ਨੂੰ ਇਸ ਸੈਲਾਬ ਨੇ ਬੇਵੱਸ ਕਰ ਦਿੱਤਾ - ਅੰਨਦਾਤਾ ਨੂੰ ਹੁਣ ਅੰਨ ਮੰਗ ਕੇ ਲੈਣਾ ਪੈਣਾ ਸੀ!
ਅੰਬਾਲਾ ਪਾਰ ਕਰਕੇ ਬੱਸ ਜੀ.ਟੀ. ਰੋਡ ਨੂੰ ਛੱਡ ਕੇ ਚੰਡੀਗੜ੍ਹ ਦੇ ਰਸਤੇ ਪੈ ਗਈ। ਜਿਵੇਂ ਹੀ ਬੱਸ ਥੋੜਾ ਅੱਗੇ ਪਹੁੰਚੀ ਤਾਂ ਟ੍ਰੈਫ਼ਿਕ ਜਾਮ ਸੀ। ਬੱਸ ਕੰਡਕਟਰ ਨਾਲ਼ ਗੱਲ ਕਰਨ ਤੇ ਪਤਾ ਲੱਗਿਆ ਕਿ ਅੱਗੇ ਹੜ੍ਹ ਦੇ ਪਾਣੀ ਨਾਲ਼ ਸੜਕ ਵਿੱਚ ਬਹੁਤ ਵੱਡਾ ਪਾੜ ਪੈ ਗਿਆ ਤੇ ਕੋਈ ਵੀ ਗੱਡੀ ਅੱਗੇ ਨਹੀਂ ਜਾ ਸਕਦੀ! ਸਕੂਟਰਾਂ ਵਾਲ਼ੇ ਵਾਪਿਸ ਮੁੜ ਰਹੇ ਸਨ। ਪਰ ਬੱਸ, ਟਰੱਕ ਨੂੰ ਮੁੜਨ ਲਈ ਸਮਾਂ ਲੱਗ ਰਿਹਾ ਸੀ ਕਿਓਂਕਿ ਅਗੇ ਪਿੱਛੇ ਹੋਰ ਗੱਡੀਆਂ ਸਨ। ਉੱਥੇ ਇੰਝ ਹੀ ਇੱਕ ਘੰਟਾ ਬੀਤ ਗਿਆ। ਦੁਪਹਿਰ ਢਲਣ ਵਿੱਚ ਸੀ। ਪਰ ਅੱਗੇ ਜਾਣ ਦਾ ਕੋਈ ਵੀ ਸਾਧਨ ਨਹੀਂ ਨਜ਼ਰ ਆ ਰਿਹਾ ਸੀ। ਬਾਕੀ ਸਵਾਰੀਆਂ ਵੀ ਉਤਾਵਲੀਆਂ ਹੋ ਰਹੀਆਂ ਸਨ। ਆਖਿਰ ਬੱਸ ਡ੍ਰਾਈਵਰ ਨੇ ਬੱਸ ਵਾਪਿਸ ਪਿੱਛੇ ਮੋੜ ਲਈ ਤੇ ਦੁਬਾਰਾ ਜੀ.ਟੀ. ਰੋਡ ਤੇ ਪਹੁੰਚ ਕੇ ਰਾਜਪੁਰੇ ਵੱਲ੍ਹ ਦੀ ਚੰਡੀਗ੍ਹੜ ਨੂੰ ਜਾਣ ਦੇ ਰਸਤੇ ਤੇ ਪਾ ਲਈ। ਰਾਜਪੁਰੇ ਤੋਂ ਜਿਵੇਂ ਹੀ ਬੱਸ ਚੰਡੀਗੜ੍ਹ ਵੱਲ੍ਹ ਨੂੰ ਮੁੜੀ ਤਾਂ ਅੱਗੇ ਪੂਰੀ ਦੀ ਪੂਰੀ ਸੜਕ ਪਾਣੀ ਨਾਲ਼ ਭਰੀ ਹੋਈ ਸੀ, ਪਾਣੀ ਦਾ ਵਹਾਅ ਤੇਜ਼ ਸੀ ਤੇ ਪਾਣੀ ਬੱਸ ਦੇ ਟਾਇਰਾਂ ਤੋਂ ਵੀ ਉੱਪਰ ਤੱਕ ਸੀ। ਜਿਵੇਂ ਕਿਵੇਂ ਕਰਕੇ ਡ੍ਰਾਈਵਰ ਨੇ ਬੱਸ ਚੱਲਦੀ ਰੱਖੀ ਤੇ ਉਹ ਕਈ ਮੀਲ ਲੰਬੇ ਸੜਕ ਦੇ ਦਰਿਆ ਨੂੰ ਪਾਰ ਕਰਦਾ ਰਿਹਾ। ਸ਼ਹਿਰ ਨਿੱਕਲ ਕੇ ਬੱਸ ਹਾਈਵੇ ਤੇ ਫੇਰ ਪਈ ਤਾਂ ਪਾਣੀ ਦਾ ਜ਼ੋਰ ਥੋੜਾ ਥੰਮਿਆ। ਇਸ ਤਰ੍ਹਾਂ ਸ਼ਾਮ ਤੱਕ ਬੱਸ ਚੰਡੀਗੜ੍ਹ ਪਹੁੰਚੀ। ਸ਼ਹਿਰ ਦੀ ਚੰਗੀ ਪਲੈਨਿੰਗ ਕਰਕੇ ਚੰਡੀਗੜ੍ਹ ਪਾਣੀ ਨਹੀਂ ਦਾ ਨਿਕਾਸ ਚੰਗਾ ਹੋ ਰਿਹਾ ਸੀ ਤੇ ਪਾਣੀ ਜਮ੍ਹਾਂ ਨਹੀਂ ਹੋ ਰਿਹਾ ਸੀ।
ਬੱਸ ਸਟੈਂਡ ਤੋਂ ਟੈਕਸੀ ਲੈ ਕੇ ਮੈਂ ਸਿੱਧਾ ਯੂਨੀਵਰਸਿਟੀ ਪਹੁੰਚਿਆ ਜਿੱਥੇ ਮੇਰੀ ਬੇਟੀ ਨੂੰ ਹੋਣਾ ਚਾਹੀਦਾ ਸੀ। ਪਰ ਉੱਥੇ ਪਹੁੰਚ ਕੇ ਪਤਾ ਚੱਲਿਆ ਕਿ ਉਹ ਉੱਥੇ ਨਹੀਂ ਹੈ ਸਗੋਂ ਆਪਣੇ ਜੱਦੀ ਪਿੰਡ ਗਈ ਹੋਈ ਹੈ ਤੇ ਸ਼ਾਇਦ ਹੜ੍ਹਾਂ ਕਰਕੇ ਉੱਥੇ ਫਸ ਗਈ ਹੋਵੇ। ਹੁਣ ਮੈਨੂੰ ਉਸ ਨਾਲ਼ ਫ਼ੋਨ ਤੇ ਕੋਈ ਸੰਪਰਕ ਨਾ ਹੋਣ ਦਾ ਕਾਰਨ ਸਮਝ ਆਇਆ। ਹੜ੍ਹਾਂ ਕਾਰਨ ਸੰਚਾਰ ਦੇ ਮਾਧਿਅਮ ਬੰਦ ਹੋ ਗਏ ਸਨ। ਮੈਂ ਚੰਡੀਗੜ੍ਹ ਹੀ ਹੋਟਲ ਵਿੱਚ ਰਾਤ ਕੱਟਣ ਦਾ ਫ਼ੈਸਲਾ ਕੀਤਾ। ਵੈਸੇ ਮੈਨੂੰ ਥੋੜੀ ਤੱਸਲੀ ਸੀ ਕਿ ਪਿੰਡ ਵਿੱਚ ਉਹ ਸੁਰੱਖਿਅਤ ਹੋਣੀ ਏ, ਕਿਓਂਕਿ ਉਹ ਪਿੰਡ ਉੱਚਾ ਸੀ ਤੇ ਸਤਲੁਜ ਦਰਿਆ ਤੋਂ ਦੂਰ ਸੀ। ਪਰ ਉੱਥੇ ਪਹੁੰਚਣ ਦਾ ਰਸਤਾ ਜ਼ਰੂਰ ਬੰਦ ਹੋ ਸਕਦਾ ਹੈ। ਪਰ ਉਹ ਕੱਲ੍ਹ ਨੂੰ ਹੀ ਪਤਾ ਲੱਗਣਾ ਸੀ। ਮੈਂ ਫਿਰ ਫ਼ੋਨ ਮਿਲਾਉਂਣ ਦੀ ਕੋਸ਼ਿਸ ਕੀਤੀ, ਪਰ ਫ਼ੋਨ ਨਾ ਮਿਲ਼ ਸਕਿਆ। ਮੈਂ ਪਿੰਡ ਵਿੱਚ ਅਪਣੇ ਮਿੱਤਰ ਤੇ ਹੋਰ ਲੋਕਾਂ ਨੂੰ ਵੀ ਸੰਪਰਕ ਕਰਨ ਦਾ ਕੋਸ਼ਿਸ਼ ਕੀਤਾ, ਪਰ ਕਿਸੇ ਦਾ ਫ਼ੋਨ ਨਾ ਮਿਲਿਆ।
ਮੈਂ ਰਾਤ ਦਾ ਖਾਣਾ ਖਾਂਦੇ ਹੋਏ, ਥੋੜੀ ਦੇਰ ਟੀ.ਵੀ. 'ਤੇ ਖ਼ਬਰਾਂ ਦੇਖੀਆਂ ਤਾਂ ਪਤਾ ਲੱਗਿਆ ਕਿ ਪੰਜਾਬ ਭਿਆਨਕ ਤੂਫ਼ਾਨ ਦੇ ਪਰਿਣਾਮਾਂ ਨਾਲ਼ ਜੱਦੋ-ਜਹਿਦ ਕਰ ਰਿਹਾ ਹੈ। ਰੂਪਨਗਰ, ਜਲੰਧਰ, ਨਵਾਂਸ਼ਹਿਰ, ਤੇ ਲੁਧਿਆਣਾ ਜ਼ਿਲ੍ਹਿਆਂ ਦੇ 1000 ਤੋਂ ਵੀ ਉੱਪਰ ਪਿੰਡ ਸਤਲੁਜ ਦੇ ਵਿੱਚ ਪਾਣੀ ਚੜ੍ਹਨ ਕਰਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਕਿੰਨੇ ਲੋਕ ਆਪਣੇ ਪਿੰਡਾਂ ਵਿੱਚ ਹੀ ਫਸੇ ਹੋਏ ਹਨ। ਬਹੁਤ ਸਾਰੇ ਲੋਕਾਂ ਦੀਆਂ ਹੜ੍ਹਾਂ ਦੇ ਵਹਿਣ ਵਿੱਚ ਜਾਨਾਂ ਚਲੀਆਂ ਗਈਆਂ। ਕਈਆਂ ਦੇ ਘਰਾਂ ਦੀਆਂ ਛੱਤਾਂ ਢਹਿ ਗਈਆਂ ਤੇ ਉਹ ਉਹਨਾਂ ਹੇਠ ਦੱਬ ਕੇ ਮਰ ਗਏ। ਹਰਿਆਣੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਤੇ ਉਹਨਾਂ ਨੇ ਫੌਜ ਨੂੰ ਮਦਦ ਲਈ ਤਿਆਰ ਰਹਿਣ ਲਈ ਕਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ 500 ਤੋਂ ਵੀ ਉੱਪਰ ਲੋਕ ਅਟਕੇ ਹੋਏ ਹਨ ਕਿਉਂਕਿ ਕਿ ਰਸਤੇ ਪਹਾੜ ਤੋਂ ਜ਼ਮੀਨ ਖਿਸਕਣ ਨਾਲ.ਬੰਦ ਹੋ ਗਏ ਹਨ। ਇੱਕ ਜਗ੍ਹਾ ਬਹੁਤ ਬਹੁ ਗਿਣਤੀ ਜ਼ਮੀਨ ਖਿਸਕਣ ਕਰਕੇ ਇੱਕ ਨਦੀ ਦਾ ਪਾਣੀ ਰੁਕ ਕੇ ਝੀਲ ਵਿੱਚ ਤਬਦੀਲ ਹੋ ਗਿਆ ਹੈ। ਬਿਜਲੀ ਤੇ ਪਾਣੀ ਦੀ ਸਪਲਾਈ ਤੇ ਗਹਿਰਾ ਅਸਰ ਪਿਆ ਹੈ। ਭਾਰੀ ਮੀਂਹ ਕਰਕੇ ਉਸਨੂੰ ਮੁੜ-ਬਹਾਲ ਕਰਨ ਲਈ ਕਈ ਦਿਨ ਲੱਗ ਜਾਣਗੇ। ਮੈਂ ਟੀ.ਵੀ. ਬੰਦ ਕੀਤਾ ਤੇ ਸਫ਼ਰ ਤੋਂ ਥੱਕਿਆ ਹੋਇਆ ਮੈਂ ਇੱਕ ਦਮ ਸੌਂ ਗਿਆ।
***
ਸਵੇਰੇ ਅਖ਼ਬਾਰ ਦੇ ਵਿੱਚ ਪੜ੍ਹਿਆ ਕਿ ਭਾਖੜਾ ਡੈਮ ਦੇ ਵਿੱਚ ਪਾਣੀ 3,00,000 ਕਿਉਸਿਕ ਤੋਂ ਉੱਪਰ ਹੋ ਗਿਆ ਸੀ, ਜਿਸ ਕਰਕੇ ਉਸਦੇ ਰੈਜ਼ਰਵਾਇਰ ਵਿੱਚ ਪਾਣੀ 1700 ਫੁੱਟ ਤੱਕ ਪੁੱਜ ਗਿਆ ਸੀ ਜੋ ਕਿ ਡੈਮ ਦੀ ਸੁਰੱਖਿਆ ਨੂੰ ਖਤਰਾ ਸੀ। ਇਸ ਕਰਕੇ ਪ੍ਰਬੰਧਕੀ ਬੋਰਡ ਨੇ ਡੈਮ ਦੇ ਗੇਟ ਖੋਲ੍ਹ ਦਿੱਤੇ ਤੇ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡ ਦਿੱਤਾ। ਜਿਵੇਂ ਕਿ ਅਕਸਰ ਹੁੰਦਾ ਹੈ ਤੇ ਉਦੋਂ ਤੋਂ ਹੁੰਦਾ ਆਇਆ ਹੈ, ਜਦੋਂ ਤੋਂ ਇਹ ਡੈਮ ਬਣਿਆ ਹੈ, ਵਾਧੂ ਪਾਣੀ ਨਾਲ਼ ਸਤਲੁਜ ਵਿੱਚ ਜਗ੍ਹਾ ਜਗ੍ਹਾ ਪਾੜ ਪੈ ਗਏ ਜੋ ਹੜ੍ਹਾਂ ਦਾ ਮੁੱਖ ਕਾਰਨ ਬਣ ਗਏ। ਭਾਖੜਾ ਡੈਮ ਜੋ ਬਿਜਲੀ ਤੇ ਪਾਣੀ ਨਾਲ਼ ਪੰਜਾਬ ਦੇ ਕਿਸਾਨਾਂ ਨੂੰ ਖ਼ੁਸ਼ਹਾਲੀ ਬਖਸ਼ਦਾ ਹੈ, ਹੁਣ ਉਹਨਾਂ ਲਈ ਮੁਸੀਬਤ ਲੈ ਕੇ ਆਇਆ ਸੀ! ਹੜ੍ਹ ਪੀੜਤ ਲੋਕ ਤੇ ਸਮਾਜ ਸੇਵੀ ਸੰਸਥਾਵਾਂ ਭਾਖੜਾ ਪ੍ਰਬੰਧਕ ਬੋਰਡ ਪੰਜਾਬ 'ਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਦੱਸ ਰਹੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਕਿਸੇ ਸਰਕਾਰ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਨਵੀਆਂ ਨਹਿਰਾਂ ਕੱਢ ਕੇ ਪਾਣੀ ਦੇ ਵਹਾਅ ਨੂੰ ਚੰਗੀ ਤਰ੍ਹਾਂ ਕਾਬੂ ਕਰਕੇ ਸਹੀ ਤਰੀਕੇ ਨਾਲ਼ ਕੰਟਰੋਲ ਕਰਨ ਵਾਰੇ ਕਦੇ ਵੀ ਨਹੀਂ ਸੋਚਿਆ। ਨਹਿਰਾਂ ਨਾਲ਼ ਪਾਣੀ ਉਹਨਾਂ ਖੇਤਰਾਂ ਨੂੰ ਭੇਜਿਆ ਜਾਵੇ ਜਿੱਥੇ ਹੜ੍ਹਾਂ ਦਾ ਖਤਰਾ ਘੱਟ ਹੈ। ਜਿਸ ਤਰ੍ਹਾਂ ਯੂਰਪ ਵਿੱਚ ਇਟਲੀ ਤੇ ਨੀਦਰਲੈਂਡ ਵਿੱਚ ਨਹਿਰਾਂ ਦੇ ਜਾਲ਼ ਸ਼ਹਿਰਾਂ ਦੇ ਅੰਦਰ ਪਾਣੀ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਤਲੁਜ ਤੇ ਹੋਰ ਦਰਿਆਵਾਂ ਦੇ ਬੰਨ੍ਹ ਵੀ ਪੱਕੇ ਨਹੀਂ ਕੀਤੇ ਗਏ ਤਾਂ ਜੋ ਉਹ ਜਲਦੀ ਕਿਤੇ ਨਾ ਟੁੱਟਣ।
ਪੰਜਾਬ ਸਰਕਾਰ ਨੇ ਰਾਸ਼ਟਰੀ ਦੁਰਘਟਨਾ ਰਾਹਤ ਫ਼ੌਜ (NDRF) ਤੇ ਫ਼ੌਜ ਨੂੰ ਮਦਦ ਕਰਨ ਲਈ ਸੱਦ ਲਿਆ ਹੈ, ਜੋ ਹੈਲੀਕਾਪਟਰ, ਕਿਸ਼ਤੀਆਂ ਤੇ ਹੋਰ ਸਾਧਨਾਂ ਨਾਲ਼ ਲੋਕਾਂ ਨੂੰ ਬਚਾ ਰਹੇ ਸਨ। ਖ਼ਾਲਸਾ ਏਡ, ਲੋਕਲ ਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਮਦਦ ਕਰ ਰਹੀਆਂ ਹਨ। ਉਮੀਦ ਹੈ ਜਲਦੀ ਹੀ ਫਸੇ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਪਹੁੰਚ ਦਿੱਤਾ ਜਾਵੇਗਾ।
ਮੈਂ ਇੱਕ ਵਾਰ ਫੇਰ ਆਪਣੀ ਬੇਟੀ ਨੂੰ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਖ਼ੁਸ਼ੀ ਦੀ ਉਦੋਂ ਕੋਈ ਹੱਦ ਨਹੀਂ ਰਹੀ ਜਦੋਂ ਅਚਾਨਕ ਫ਼ੋਨ ਮਿਲ਼ ਗਿਆ ਤੇ ਉਸਦੀ ਸ਼ਹਿਦ ਜਿਹੀ ਮਿੱਠੀ ਆਵਾਜ਼ ਮੇਰੇ ਕੰਨਾਂ ਵਿੱਚ ਪਈ।
'ਪਾਪਾ, ਮੈਂ ਬਿਲਕੁਲ ਠੀਕ ਹਾਂ, ਤੁਸੀਂ ਕੋਈ ਫ਼ਿਕਰ ਨਾ ਕਰੋ।'
'ਬੇਟੇ, ਮੈਂ ਤੈਨੂੰ ਲੈਣ ਆ ਰਿਹਾ ਹਾਂ।'
'ਸਭ ਰਸਤੇ ਬੰਦ ਹਨ, ਪਤਾ ਨਹੀਂ ਤੁਸੀਂ ਕਿਵੇਂ ਆਓਗੇ। ਪਿੰਡ ਦੇ ਬਾਹਰ ਵੀ ਬਹੁਤ ਪਾਣੀ ਜਮ੍ਹਾ ਹੈ। ਭਰੀ ਹੋਈ ਨਹਿਰ ਦੇ ਵਿੱਚ ਪਾੜ ਪੈ ਗਿਆ, ਤੇ ਸਾਰਾ ਪਾਣੀ ਖੇਤਾਂ ਵਿੱਚ ਤੇ ਪਿੰਡ ਦੇ ਬਾਹਰ ਬਾਹਰ ਆ ਗਿਆ, ਸਤਲੁਜ ਦਰਿਆ ਤੋਂ ਵੀ ਪਾਣੀ ਆ ਗਿਆ। ਅਸੀਂ ਉੱਚੀ ਜਗ੍ਹਾ ਤੇ ਹਾਂ, ਪਰ ਬਾਹਰ ਨਹੀਂ ਜਾ ਸਕਦੇ। ਸਾਰੇ ਰਸਤੇ ਪਾਣੀ ਨਾਲ਼ ਭਰੇ ਪਏ ਹਨ !'
ਮੈਂ ਹੈਰਾਨ ਹੋ ਗਿਆ, ਜਿੱਥੇ ਨਹੀਂ ਵੀ ਕਦੇ ਹੜ੍ਹ ਆਏ ਸਨ, ਉੱਥੇ ਵੀ ਹੜ੍ਹ ਆ ਗਏ ਸਨ। ਸੱਚਮੁੱਚ ਕਿੰਨਾ ਖ਼ਤਰਨਾਕ ਤੂਫ਼ਾਨ ਆਇਆ!
ਮੈਂ ਉਸਨੂੰ ਉੱਥੇ ਹੀ ਰਹਿਣ ਲਈ ਕਿਹਾ ਤੇ ਤੱਸਲੀ ਦਿੱਤੀ ਕਿ ਮੈਂ ਜਲਦੀ ਹੀ ਕੋਈ ਹੀਲਾ ਕਰਕੇ ਸ਼ਾਮ ਤੱਕ ਜਾਂ ਕੱਲ੍ਹ ਤੱਕ ਆਵਾਂਗਾ। ਉਹ ਇੱਕ ਹਫ਼ਤੇ ਤੋਂ ਉੱਥੇ ਸੀ। ਪਰ ਉਹ ਉੱਥੇ ਸੁਰੱਖਿਅਤ ਸੀ ਤੇ ਆਪਣਿਆਂ ਦੇ ਕੋਲ਼ ਸੀ।
ਮੈਂ ਆਪਣੇ ਮਿੱਤਰ ਭੁਪਿੰਦਰ ਨਾਲ਼ ਗੱਲ ਕਰੀ ਜਿਸ ਦੇ ਘਰ ਮੇਰੀ ਬੇਟੀ ਰਹਿ ਰਹੀ ਸੀ। ਉਸਨੇ ਦੱਸਿਆ ਕਿ ਉਹਨਾਂ ਨੂੰ ਫਸਿਆਂ ਤਿੰਨ ਦਿਨ ਹੋ ਗਏ ਹਨ ਪਰ ਇੱਥੇ ਅਜੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਜਲਦੀ ਹੀ ਪਹੁੰਚਣ ਦਾ ਭਰੋਸਾ ਦਿੱਤਾ ਤੇ ਉਹਨਾਂ ਨੂੰ ਜੋ ਵੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਸਨ ਉਹਨਾਂ ਦੀ ਸੂਚੀ ਲੈ ਲਈ।
ਫੇਰ ਮੈਂ ਆਪਣੇ ਮਿੱਤਰ ਸੁਖਵਿੰਦਰ ਨੂੰ ਫ਼ੋਨ ਕੀਤਾ ਜੋ ਚੰਡੀਗੜ੍ਹ ਦੇ ਕੋਲ਼ ਹੀ ਰਹਿੰਦਾ ਸੀ ਤੇ ਉਸਨੂੰ ਸਾਰੀ ਗੱਲ ਦੱਸੀ ਤੇ ਇੱਕ ਬੇੜੀ ਤੇ ਟਰੱਕ ਦਾ ਇੰਤਜ਼ਾਮ ਕਰਨ ਲਈ ਕਿਹਾ।
ਉਸਨੇ ਦੱਸਿਆ - 'ਸੁਖਪਾਲ, ਹਾਲਤ ਬਹੁਤ ਮਾੜੇ ਹਨ, ਜਗ੍ਹਾ ਜਗ੍ਹਾ ਹੜ੍ਹ ਆਉਣ ਨਾਲ਼ ਸਭ ਕੁੱਝ ਰੁਕ ਗਿਆ ਹੈ। ਪਰ ,ਮੈਂ ਕੋਸ਼ਿਸ਼ ਕਰਦਾ ਹੈ।'
ਸਾਨੂੰ ਪਿੰਡ ਤੱਕ ਪਹੁੰਚਣ ਲਈ ਇੱਕ ਚੰਗੀ ਬੇੜੀ ਦੀ ਲੋੜ ਪੈਣੀ ਸੀ। ਮੇਰਾ ਮਿੱਤਰ ਕੁੱਝ ਕੁ ਘੰਟਿਆਂ ਤੱਕ ਮੇਰੇ ਕੋਲ਼ ਹੋਟਲ ਪਹੁੰਚ ਗਿਆ। ਅਜੇ ਬੇੜੀ ਦਾ ਇੰਤਜ਼ਾਮ ਨਹੀਂ ਸੀ ਹੋਇਆ, ਕਿਉਂਕਿ ਜਿੰਨੀਆਂ ਵੀ ਬੇੜੀਆਂ ਸਨ, ਉਹ ਸਭ ਸੁਰੱਖਿਆ ਅਪਰੇਸ਼ਨ ਲਈ ਵਰਤੀਆਂ ਜਾ ਰਹੀਆਂ ਸਨ। ਅਸੀਂ ਹੋਰ ਜ਼ਰੂਰੀ ਵਸਤਾਂ ਖਰੀਦਣ ਪਹੁੰਚ ਗਏ। ਅਸੀਂ ਕਾਫ਼ੀ ਸਾਰੇ ਡੱਬੇ ਡਿਟੌਲ ਦੇ ਸਾਬਣ, ਕਪੜੇ ਧੌਣ ਦੇ ਸਾਬਣ ਤੇ ਪਾਊਡਰ, ਕੰਬਲ, ਚਾਦਰਾਂ, ਤਰਪਾਲਾਂ, ਸੁੱਕੇ ਫ਼ਲ, ਚੌਲ਼, ਦਾਲਾਂ, ਮੱਛਰ-ਮਾਰ ਦਵਾਈਆਂ, ਹੋਰ ਜ਼ਰੂਰੀ ਦਵਾਈਆਂ ਆਦਿ ਖਰੀਦਣ ਚੱਲ ਪਏ। ਮੈਂ ਇੱਕ ਟਰੱਕ ਕਿਰਾਏ ਤੇ ਕਰ ਲਿਆ ਸੀ, ਜਿਸ ਵਿੱਚ ਬੇੜੀ ਵੀ ਰੱਖੀ ਜਾ ਸਕਦੀ ਸੀ। ਅਸੀਂ ਸੈਕਟਰ 22 ਦੀ ਮਾਰਕੀਟ ਵਿੱਚੋਂ ਸਾਰਾ ਸਮਾਨ ਖਰੀਦ ਕੇ ਟਰੱਕ ਦੇ ਵਿੱਚ ਰੱਖ ਲਿਆ। ਸੁਖਵਿੰਦਰ ਨੇ ਫ਼ੋਨ ਕਰਕੇ ਇੱਕ ਵਾਰ ਫੇਰ ਬੇੜੀ ਦਾ ਪਤਾ ਕੀਤਾ, ਪਰ ਕਿੱਧਰੇ ਵੀ ਬੇੜੀ ਨਹੀਂ ਸੀ ਮਿਲ਼ ਰਹੀ। ਸੁਖਨਾ ਝੀਲ ਦੀਆਂ ਵੀ ਸਭ ਬੇੜੀਆਂ ਸੁਰੱਖਿਆ ਕਾਰਜਾਂ ਲਈ ਜਾ ਚੁੱਕੀਆਂ ਸਨ, ਤੇ ਜਿਹੜੀਆਂ ਉਹਨਾਂ ਦੇ ਕੋਲ਼ ਸਨ, ਉਹ ਸਿਰਫ਼ ਸੈਰ ਕਰਨ ਲਈ ਹੀ ਸਨ, ਸੁਰੱਖਿਆ ਦੇ ਕੰਮ ਨਹੀਂ ਸੀ ਆ ਸਕਦੀਆਂ। ਪਰ ਉਹਨਾਂ ਤੋਂ ਇਹ ਪਤਾ ਚੱਲ ਗਿਆ ਹੈ ਕਿ ਜਿਸ ਤਰ੍ਹਾਂ ਦੀ ਬੇੜੀ ਸਾਨੂੰ ਚਾਹੀਦੀ ਹੈ, ਉਹ ਰੂਪਨਗਰ ਵਿਖੇ ਮਿਲ਼ ਸਕਦੀ ਹੈ।
ਕਈ ਜਗ੍ਹਾ ਫ਼ੌਜ ਨੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਬੇੜੀ ਦੁਆਰਾ ਅੱਠ ਤੋਂ ਦਸ ਕਿਲੋਮੀਟਰ ਤੱਕ ਚੱਲ ਕੇ ਬਚਾਇਆ ਗਿਆ। ਹਜ਼ਾਰਾਂ ਹੀ ਸਮਾਜ ਸੇਵਾਦਾਰਾਂ ਨੇ ਹਜ਼ਾਰਾਂ ਲੋਕਾਂ ਨੂੰ ਬਚਾਇਆ ਤੇ ਰਲੀਫ਼ ਸਹਾਇਤਾ ਦਿੱਤੀ। ਉਹਨਾਂ ਨੇ ਸਤਲੁਜ ਦਰਿਆ ਵਿੱਚ ਪਏ ਪਾੜ ਨੂੰ ਢਕਣ ਲਈ ਮਿੱਟੀ ਤੇ ਰੇਤ ਨਾਲ਼ ਭਰੇ ਥੈਲੇ ਲਗਾਉਣ ਲਈ ਫ਼ੌਜ ਦੀ ਮਦਦ ਵੀ ਕੀਤੀ। ਵੈਸੇ ਵੀ ਮੈਂ ਰੂਪਨਗਰ ਵੱਲ੍ਹ ਦੀ ਹੀ ਪਿੰਡ ਨੂੰ ਜਾਣਾ ਸੀ। ਦੁਪਹਿਰ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ। ਅਸੀਂ ਦੁਪਹਿਰ ਦਾ ਭੋਜਨ ਕਰਨ ਸੁਖਵਿੰਦਰ ਦੇ ਘਰ ਚਲੇ ਗਏ। ਘਰ ਦਾ ਸੁਆਦਲਾ ਭੋਜਨ ਖਾਣ ਤੋਂ ਬਾਅਦ ਉਹ ਮੇਰੇ ਨਾਲ਼ ਰੂਪਨਗਰ ਤੱਕ ਜਾਣ ਲਈ ਤਿਆਰ ਹੋ ਗਿਆ ਤਾਂ ਜੋ ਮੇਰੇ ਲਈ ਬੇੜੀ ਦਾ ਪ੍ਰਬੰਧ ਕਰ ਸਕੇ। ਮੈਂ ਉਸਦਾ ਇਸ ਸਾਰੀ ਮਦਦ ਲਈ ਅਤਿ ਸ਼ੁਕਰਗ਼ੁਜ਼ਾਰ ਸਾਂ। ਅਸੀਂ ਉਸਦੀ ਕਾਰ ਵਿੱਚ ਟਰੱਕ ਦੇ ਅੱਗੇ ਅੱਗੇ ਚੱਲ ਪਏ। ਸੜਕ ਤਾਂ ਠੀਕ ਸੀ, ਪਰ ਖੇਤਾਂ ਤੇ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤ ਪਾਣੀ ਭਰਿਆ ਹੋਇਆ ਸੀ। ‘ਪਾਣੀ ਦਾ ਇਹ ਪ੍ਰਚੰਡ ਰੂਪ ਵੇਖ ਕੇ ਡਰ ਲਗਦਾ ਹੈ। ਕੁਦਰਤ ਦੇ ਇਸ ਭਿਆਨਕ ਰੂਪ ਅੱਗੇ, ਮਨੁੱਖ ਦੇ ਸਾਰੇ ਯੰਤਰ ਫੇਲ ਹੋ ਜਾਂਦੇ ਹਨ, ਜਿਸਨੂੰ ਵੇਖ ਦਿਲ ਵਿੱਚ ਦਰਦ ਉੱਠਦਾ ਹੈ। ਤੇ ਜਦੋਂ ਜੀਵਨ ਦੇਣ ਵਾਲ਼ਾ ਪਾਣੀ ਜਾਨਲੇਵਾ ਹੋ ਜਾਵੇ, ਤਾਂ ਉਹ ਦਰਦ ਹੋਰ ਵੀ ਵੱਧ ਜਾਂਦਾ ਹੈ।’
ਅੱਗੇ ਚੱਲ ਕੇ ਕੁਰਾਲੀ ਤੋਂ ਅੱਗੇ ਟ੍ਰੈਫਿਕ ਜਾਮ ਹੋ ਗਿਆ। ਬਾਹਰ ਉੱਤਰਨ ਤੇ ਪਤਾ ਚੱਲਿਆ ਕਿ, ਇੱਕ ਬੱਚਾ ਆਪਣੇ ਪਿੰਡ ਸਾਈਕਲ ਤੇ ਜਾ ਰਿਹਾ ਸੀ, ਜਦੋਂ ਪਿੰਡ ਗਲ਼ੀ ਵਿੱਚ ਪਾਣੀ ਆਉਣ ਕਰਕੇ ਉਹ ਇੱਕ ਖਾਈ ਵਿੱਚ ਡਿਗ ਪਿਆ, ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਮਸਾਂ ਹੀ ਉਸਨੂੰ ਬਾਹਰ ਕੱਢਿਆ। ਉਹ ਬੇਹੋਸ਼ ਸੀ ਪਰ ਅਜੇ ਸਾਹ ਲੈ ਰਿਹਾ ਸੀ, ਲੋਕਾਂ ਨੇ ਉਸਨੂੰ ਪੁੱਠਾ ਕਰਕੇ ਪਾਣੀ ਕੱਢਣ ਦੀ ਕੋਸ਼ਿਸ ਕੀਤੀ, ਪਰ ਉਹ ਹੋਸ਼ ਵਿੱਚ ਨਹੀਂ ਸੀ ਆਇਆ। ਇਸ ਕਰਕੇ ਉਹ ਉਸਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਜਾ ਰਹੇ ਸਨ। ਅਸੀਂ ਅਰਦਾਸ ਕਰੀ ਕਿ ਉਹ ਬਚ ਜਾਵੇ!
ਦੂਰ ਤੱਕ ਵੇਖਣ ਤੇ ਜਗ੍ਹਾ ਜਗ੍ਹਾ ਪਾਣੀ ਹੀ ਪਾਣੀ ਸੀ। ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਆ ਗਿਆ ਸੀ। ਇੱਕ ਜਗ੍ਹਾ ਪੂਰੇ ਦਾ ਪੂਰਾ ਟਰੈਕਟਰ ਪਾਣੀ ਵਿੱਚ ਡੁੱਬਿਆ ਵੇਖਿਆ, ਵਿਚਾਰਾ ਕੋਈ ਕਿਸਾਨ ਖੇਤਾਂ ਵਿੱਚੋਂ ਆ ਰਿਹਾ ਹੋਣਾ! ਲੋਕ ਘਰਾਂ ਦੀਆਂ ਛੱਤਾਂ ਤੇ ਬੈਠੇ ਦਿਖਾਈ ਦਿੱਤੇ। ਉਹਨਾਂ ਨੂੰ ਬਚਾਉਣ ਕੋਈ ਕਦੋਂ ਆਏਗਾ? ਕਿਤੇ ਕੋਈ ਸਕੂਟਰ ਪਾਣੀ ਵਿੱਚ ਫਸਿਆ ਦਿੱਖ ਰਿਹਾ ਸੀ ਤੇ ਕਿਤੇ ਕੋਈ ਕਾਰ।
ਖ਼ਬਰਾਂ ਦੇ ਅਨੁਸਾਰ ਸਤਲੁਜ ਦਰਿਆ ਵਿੱਚ ਕੀਤੀ ਜਾਂਦੀ ਲੈਂਡ ਮਾਈਨਿੰਗ ਕਰਕੇ, ਦਰਿਆ ਨੇ ਆਪਣਾ ਰਸਤਾ ਬਦਲ ਲਿਆ ਤੇ ਹੜ੍ਹਾਂ ਦਾ ਪਾਣੀ ਉਹਨਾਂ ਪਿੰਡਾਂ ਵਿੱਚ ਵੀ ਦਾਖ਼ਲ ਹੋ ਗਿਆ ਜਿੱਥੇ ਪਹਿਲਾਂ ਕਦੇ ਹੜ੍ਹ ਨਹੀਂ ਸਨ ਆਏ! ਇਨਸਾਨ ਜਦੋਂ ਕੁਦਰਤ ਦੇ ਨਾਲ਼ ਖਿਲਵਾੜ ਕਰਦਾ ਹੈ ਤਾਂ ਕੁਦਰਤ ਉਸਨੂੰ ਬਖ਼ਸ਼ਦੀ ਨਹੀਂ! ਇੱਕ ਪਿੰਡ ਦੇ ਸਕੂਲ ਵਿੱਚ ਪਾਣੀ ਭਰਨ ਕਰਕੇ ਕਈ ਬੱਚਿਆਂ ਦੀ ਡੁੱਬਣ ਨਾਲ਼ ਮੌਤ ਹੋ ਗਈ। ਉੱਥੇ ਬੱਚਿਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਪੁਲਿਸ ਨੂੰ ਗੋਤਾਖੋਰ ਲਿਆ ਕੇ ਬੱਚਿਆਂ ਦੀਆਂ ਲਾਸ਼ਾਂ ਨੂੰ ਕੱਢਣਾ ਪਿਆ। ਪੰਜਾਬ ਸਰਕਾਰ ਮਦਦ ਕਰਨ ਦਾ ਵਾਅਦਾ ਕਰ ਰਹੀ ਸੀ, ਪਰ ਮਦਦ ਅਜੇ ਦੂਰ ਸੀ। ਬਹੁਤ ਜ਼ਿਆਦਾ ਪੱਧਰ ਤੇ ਬਹੁਤ ਜਗ੍ਹਾ ਤੇ ਇੱਕੋ ਵਾਰ ਹੜ੍ਹ ਆਉਣ ਕਰਕੇ ਪ੍ਰਸ਼ਾਸ਼ਨ ਨੂੰ ਸਥਿਤੀ ਸੰਭਾਲਣੀ ਮੁਸ਼ਕਿਲ ਹੋ ਰਹੀ ਸੀ। ਬਚਾਅ ਦਾ ਕੰਮ ਤਾਂ ਫ਼ੌਜ ਦੀ ਮਦਦ ਨਾਲ਼ ਹੀ ਸੰਭਵ ਹੋ ਸਕਦਾ ਹੈ। ਪਰ ਇਸ ਸਭ ਵਰਤਾਰੇ ਵਿੱਚ ਲੋਕਾਂ ਦਾ ਸਹਿਯੋਗ ਵੇਖਣ ਵਾਲ਼ਾ ਸੀ। ਲੋਕ ਇੱਕ ਦੂਜੇ ਦੀ ਭਰਾਵਾਂ ਵਾਂਗ ਮਦਦ ਕਰ ਰਹੇ ਸਨ। ਮੇਰਾ ਮਿੱਤਰ ਵੀ ਤਾਂ ਭਰਾ ਬਣਕੇ ਮੇਰੇ ਨਾਲ਼ ਸੀ। ਰੂਪਨਗਰ ਸੜਕ ਦੇ ਕਿਨਾਰੇ ਤੇ ਸ਼ਹੀਦ ਗੁਰਦੁਆਰਾ ਸਾਹਿਬ, ਜਿੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ, ਨੇ ਆਪਣੇ ਦਰਵਾਜ਼ੇ ਹੜ੍ਹਪੀੜਤ ਪਿੰਡਾਂ ਦੇ ਲੋਕਾਂ ਲਈ ਖੋਲ੍ਹ ਦਿੱਤੇ ਸਨ। ਅਸੀਂ ਵੀ ਉੱਥੇ ਰੁਕ ਗਏ, ਨਤਮਸਤਕ ਹੋ ਕੇ, ਚਾਹ ਦਾ ਲੰਗਰ ਛਕਿਆ। ਉੱਥੇ ਹੜ੍ਹ-ਪੀੜਤਾਂ ਲਈ ਲੰਗਰ ਦਾ ਪੂਰਾ ਇੰਤਜ਼ਾਮ ਸੀ। ਗੁਰਦੁਆਰਾ ਸਾਹਿਬ ਦੇ ਖਾਲੀ ਕਮਰਿਆਂ ਵਿੱਚ ਹੜ੍ਹ ਪੀੜਤ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰ ਠਹਿਰ ਹੋਏ ਸਨ। ਬਾਹਰ ਖੁੱਲ੍ਹੀ ਜਗ੍ਹਾ ਤੇ ਟੈਂਟ ਵੀ ਲਗਾ ਦਿੱਤੇ ਗਏ ਸਨ। ਖ਼ਾਲਸਾ ਏਡ ਵਾਲਿਆਂ ਨੇ ਇੱਥੇ ਆਪਣਾ ਕੈਂਪ ਲਗਾਇਆ ਹੋਇਆ ਸੀ, ਜਿੱਥੇ ਲੋਕਾਂ ਨੂੰ ਦਵਾਈਆਂ, ਪੀਣ ਲਈ ਸਾਫ਼ ਪਾਣੀ, ਸੁੱਕਾ ਭੋਜਨ, ਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਜਾ ਰਹੀਆਂ ਸਨ। ਹੜ੍ਹਾਂ ਦੇ ਗੰਦੇ ਪਾਣੀ ਕਰਕੇ ਮੱਛਰ ਤੇ ਹੋਰ ਕੀਟਾਣੂ ਵੱਧ ਜਾਂਦੇ ਹਨ, ਜਿਸ ਕਰਕੇ ਮਲੇਰੀਆ, ਡੇਂਗੂ, ਹੈਜ਼ਾ, ਆਦਿ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ! ਉਹਨਾਂ ਨੇ ਇੱਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਫ਼ੰਡ ਦੇਣ ਦਾ ਵਾਅਦਾ ਕੀਤਾ ਹੈ। ਖ਼ਾਲਸਾ ਏਡ ਦੁਨੀਆਂ ਵਿੱਚ ਜਿੱਥੇ ਵੀ ਤ੍ਰਾਸਦੀ ਹੁੰਦੀ ਹੈ, ਉੱਥੇ ਮਦਦ ਲਈ ਪਹੁੰਚ ਜਾਂਦੀ ਹੈ, ਤੇ ਲੋਕਲ ਪ੍ਰਬੰਧਕਾਂ ਨਾਲ਼ ਮਿਲ਼ ਕੇ ਪੀੜਤ ਲੋਕਾਂ ਦੀ ਮਦਦ ਕਰਦੀ ਹੈ। ਉਸਦੇ ਸੇਵਾਦਾਰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ 'ਮਾਨਸ ਕਿ ਜਾਤ ਸਬੈ ਏਕੇ ਪਹਿਚਾਨਬੋ' ਦੇ ਮਹਾਂਵਾਕ ਅਨੁਸਾਰ ਧਰਮ, ਜ਼ਾਤ ਤੇ ਰੰਗ ਦੇ ਭੇਦ ਨੂੰ ਨਾ ਮੰਨ ਕੇ ਸਭ ਦੀ ਸਾਂਝੀ ਮਦਦ ਕਰਦੇ ਹਨ। ਵਾਹਿਗੁਰੂ ਉਹਨਾਂ ਨੂੰ ਇਸੇ ਤਰ੍ਹਾਂ ਡਟ ਕੇ ਸਹਾਇਤਾ ਕਰਨ ਦਾ ਹੋਰ ਬੱਲ ਬਖ਼ਸ਼ੇ!
ਅਸੀਂ ਜਦੋਂ ਰੂਪਨਗਰ ਪਹੁੰਚੇ ਤਾਂ ਬੇੜੀ ਵਾਲ਼ੇ ਦਾ ਪਤਾ ਲੱਭਣ ਵਿੱਚ ਕਾਫ਼ੀ ਸਮਾਂ ਲੱਗ ਪਿਆ। ਪੁੱਛਦੇ ਪੁਛਾਂਦੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਕੋਲ ਵੀ ਬੇੜੀ ਨਹੀਂ ਹੈ, ਪਰ ਉਹ ਕੱਲ੍ਹ ਤੱਕ ਬੇੜੀ ਦਾ ਇੰਤਜ਼ਾਮ ਕਰ ਸਕਦਾ ਹੈ, ਪਰ 50,000 ਰੁਪਏ ਲੱਗਣਗੇ। ਅਸੀਂ ਉਸਨੂੰ ਬੇੜੀ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਤੇ ਵਾਪਸ ਚੰਡੀਗੜ੍ਹ ਆ ਗਏ। ਟਰੱਕ ਵਾਲ਼ੇ ਨੂੰ ਵੀ ਕੱਲ੍ਹ ਸਵੇਰੇ ਆਉਣ ਲਈ ਕਹਿ ਦਿੱਤਾ। ਉਹ ਰਾਤ ਮੈਂ ਆਪਣੇ ਦੋਸਤ ਦੇ ਘਰ ਕੱਟੀ। ਉਸਦੀ ਮਾਤਾ ਜੀ ਦਾ ਬਣਾਇਆ ਖਾਣਾ ਬੜਾ ਦੀ ਲਜੀਜ਼ ਸੀ! ਰਾਤ ਨੂੰ ਫ਼ੋਨ ਕਰਕੇ ਮੈਂ ਪਿੰਡ ਹੁਣ ਕੱਲ੍ਹ ਆਉਣ ਦੀ ਖ਼ਬਰ ਦੇ ਦਿੱਤੀ ਤੇ ਉਹਨਾਂ ਨੂੰ ਬੇੜੀ ਦੇ ਇੰਤਜ਼ਾਮ ਵਾਰੇ ਵੀ ਦੱਸਿਆ। ਉਹਨਾਂ ਨੇ ਸੁੱਖ ਦਾ ਸਾਹ ਲਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ। ਖ਼ਬਰਾਂ ਦੇ ਵਿੱਚ ਇੱਕ ਵਾਰ ਫੇਰ ਹੜ੍ਹ ਦੇ ਨਾਲ਼ ਆਉਣ ਵਾਲ਼ੀ ਤਬਾਹੀ ਦੇ ਭਿਆਨਕ ਦ੍ਰਿੱਸ਼ ਦੇਖੇ। ਇੱਕ ਜਗ੍ਹਾ ਹੜ੍ਹ ਤੋਂ ਪ੍ਰਭਾਵਿਤ ਤੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਸਿੰਮਿਆ ਹੋਇਆ ਘਰ ਅਸਮਾਨੀ ਬਿਜਲੀ ਡਿਗਣ ਕਰਕੇ ਢਹਿ ਪਿਆ, ਜਿਸ ਨਾਲ. ਪਰਿਵਾਰ ਦੇ ਤਿੰਨ ਜੀਅ ਗ਼ੁਜ਼ਰ ਗਏ ਤੇ ਹੋਰ ਦੁਖਾਂਤ ਇਹ ਹੋਇਆ ਕਿ ਉਹਨਾਂ ਦੀ ਦਸ ਸਾਲਾ ਬੇਟੀ ਇੱਕਲੀ ਰਹੀ ਗਈ। ਉਸਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ! ਉਹਨਾਂ ਦੀ ਮਦਦ ਲਈ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਪਹੁੰਚੀ। ਪਿੰਡ ਵਾਲਿਆ ਨੇ ਖ਼ੁਦ ਹੀ ਸਸਕਾਰ ਦੇ ਸਾਰੇ ਪ੍ਰਬੰਧ ਕੀਤੇ।
***
ਦੂਜੇ ਦਿਨ ਮੈਂ ਸਵੇਰੇ ਹੀ ਟਰੱਕ ਵਾਲ਼ੇ ਨੂੰ ਬੁਲਾ ਲਿਆ। ਮੇਰਾ ਦੋਸਤ ਵੀ ਮੇਰੇ ਨਾਲ਼ ਜਾਣ ਲਈ ਤਿਆਰ ਸੀ, ਅਸੀਂ ਦੋਵੇਂ ਟਰੱਕ ਵਿੱਚ ਬੈਠ ਕੇ ਰੂਪਨਗਰ ਨੂੰ ਚੱਲ ਪਏ। ਬੇੜੀ ਵਾਲ਼ੇ ਨੇ ਵਾਅਦੇ ਦੇ ਅਨੁਸਾਰ ਬੇੜੀ ਮੰਗਵਾ ਦਿੱਤੀ ਸੀ। ਅਸੀਂ ਬੇੜੀ ਦੀ ਕੀਮਤ ਅਦਾ ਕਰਕੇ, ਉਸਨੂੰ ਟਰੱਕ ਦੇ ਪਿੱਛੇ ਰਖਵਾ ਦਿੱਤਾ ਤੇ ਪਿੰਡ ਵੱਲ੍ਹ ਨੂੰ ਚੱਲ ਪਏ। ਅੱਗੇ ਸਤਲੁਜ ਨਦੀ ਠਾਠਾਂ ਮਾਰ ਰਹੀ ਸੀ, ਪਰ ਇਹ ਸ਼ੁਕਰ ਸੀ ਕਿ ਉਸ ਉੱਤੇ ਇੱਕ ਨਵਾਂ ਪੁਲ ਬਣਿਆ ਹੋਇਆ ਸੀ। ਪੁਲ ਤੇ ਹਲਕਾ ਹਲਕਾ ਟ੍ਰੈਫਿਕ ਸੀ। ਟਰੱਕ ਉਸਤੇ ਹੌਲ਼ੀ ਹੌਲ਼ੀ ਚੱਲ ਰਿਹਾ ਸੀ। ਇੱਕ ਦਮ ਗਾਵਾਂ ਦਾ ਝੁੰਡ ਪਤਾ ਨਹੀਂ ਕਿਥੋਂ ਆਇਆ, ਤੇ ਟੱਰਕ ਇੱਕ ਗਾਂ ਦੇ ਵਿੱਚ ਜਾ ਵੱਜਿਆ। ਇੱਕ ਦਮ ਸਾਨੂੰ ਝਟਕਾ ਲੱਗਾ, ਪਰ ਸੀਟ ਤੇ ਬੈਠੇ ਹੋਣ ਕਰਕੇ ਅਸੀਂ ਸੀਟ ਬੈਲਟ ਲਾਈ ਹੋਈ ਸੀ ਤੇ ਆਪਣੇ ਆਪ ਨੂੰ ਸੰਭਾਲ ਲਿਆ। ਸੜਕ ਦੇ ਵਿੱਚ ਡਿਵਾਈਡਰ ਸੀ ਤੇ ਉਸ ਉੱਤੇ ਉੱਚੀਆਂ ਝਾੜੀਆਂ ਤੇ ਦਰਖ਼ਤ ਸਨ, ਜਿਸ ਕਰਕੇ ਡ੍ਰਾਈਵਰ ਨੂੰ ਇੱਕ ਦਮ ਅਚਾਨਕ ਆਉਂਦੀਆਂ ਗਾਵਾਂ ਨਹੀਂ ਦਿਖੀਆਂ। ਵਿਚਾਰੀ ਗਾਂ ਵੈਸੇ ਤਾਂ ਉੱਠ ਕੇ ਭੱਜ ਗਈ, ਪਰ ਇੰਝ ਲਗਦਾ ਸੀ ਉਸਦੇ ਅੰਦਰੂਨੀ ਸੱਟ ਲੱਗ ਸੀ! ਤੇ ਟਰੱਕ ਦੇ ਅਗਲੇ ਹਿੱਸੇ ਦਾ ਬਹੁਤ ਨੁਕਸਾਨ ਹੋਇਆ, ਅਗਲਾ ਬੰਪਰ ਪਿਚਕ ਗਿਆ ਸੀ। ਪਰ ਟੱਰਕ ਉੰਝ ਠੀਕ ਸੀ, ਡ੍ਰਾਈਵਰ ਨੇ ਟਰੱਕ ਚੰਗੀ ਤਰ੍ਹਾਂ ਚੈੱਕ ਕਰਿਆ ਤੇ ਫੇਰ ਹੀ ਚੱਲਿਆ।
'ਹਿੰਦੁਸਤਾਨ ਵਿੱਚ ਗਊ ਮਾਤਾ ਨੂੰ ਪੂਜਿਆ ਜਾਂਦਾ ਹੈ, ਪਰ ਬਿਰਧ ਗਾਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ।' ਮੈਂ ਆਖਿਆ।
'ਕਿਓਂਕਿ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ, ਇਸ ਕਰਕੇ ਮਾਲਕਾਂ ਲਈ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਤੇ ਫੇਰ ਉਹ ਉਹਨਾਂ ਦੀ ਕਿਵੇਂ ਦੇਖ-ਭਾਲ ਕਰਨ। ਬੇਮਾਲਕ ਗਾਵਾਂ ਸੜਕਾਂ ਤੇ, ਖੇਤਾਂ ਵਿੱਚ ਇੱਧਰ ਉੱਧਰ ਫਿਰਦੀਆਂ ਹਨ ਤੇ ਸੜਕ ਤੇ ਆਪਣੇ ਲਈ, ਲੋਕਾਂ ਤੇ ਵਾਹਨਾਂ ਲਈ ਖ਼ਤਰਾ ਪੈਦਾ ਕਰਦੀਆਂ ਹਨ।' ਸੁਖਵਿੰਦਰ ਨੇ ਦੱਸਿਆ।
'ਅੱਜ-ਕਲ੍ਹ ਪਤਾ ਨਹੀਂ ਬੇਮਾਲਕ ਅਨਾਥ ਗਾਵਾਂ ਕਿਓਂ ਬਹੁਤ ਵੱਧ ਗਈਆਂ ਹਨ! ਇਹਨਾਂ ਲਈ ਗਊਸ਼ਾਲਾ ਕਿਓਂ ਘੱਟ ਹੋ ਗਈਆਂ ਹਨ, ਜਾਂ ਫੇਰ ਇਸ ਸਮੱਸਿਆ ਦਾ ਕੋਈ ਹੋਰ ਇਲਾਜ ਕਿਓਂ ਨਹੀਂ ਹੋ ਸਕਦਾ? ਇੱਥੇ ਤਾਂ ਲੋਕ ਘਰੋਂ-ਬੇਘਰ ਹੋ ਰਹੇ ਹਨ, ਫੇਰ ਇਹ ਬਿਰਧ ਭਟਕਦੀਆਂ ਗਊਆਂ ਦੀ ਸਮੱਸਿਆ ਨੂੰ ਤਰਜੀਹ ਦੇਣ ਦੀ ਗੱਲ ਤਾਂ ਇਸ ਧਰਤੀ ਤੋਂ ਪਰੇ ਦੀ ਹੈ।'
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਕੋਲ਼ੋਂ ਲੰਘ ਰਹੇ ਸੀ, ਤੇ ਗੁਰੂ ਜੀ ਦਾ ਵਚਨ ਹੈ -
"ਦੀਨਨ ਕੀ ਪ੍ਰਤਿਪਾਲ ਕਰੇ ਨਿਤ ਸੰਤ ਉਬਾਰਿ ਗਨੀਮਨ ਗਾਰੈ।। ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਕੋ ਪ੍ਰਤਿਪਾਰੇ।।"
ਉਹ ਵਾਹਿਗੁਰੂ ਦੀਨਾ ਤੇ ਸੰਤਾਂ ਦੀ ਰੱਖਿਆ ਕਰਦਾ ਹੈ, ਦੁਸ਼ਟਾਂ ਦਾ ਨਾਸ਼ ਕਰਦਾ ਹੈ। ਹਰ ਸਮੇਂ ਵਿੱਚ ਉਹ ਜਾਨਵਰਾਂ, ਪੰਛੀਆਂ, ਨਾਗਾਂ, ਕੁਦਰਤ ਤੇ ਆਪਣੇ ਬੰਦਿਆਂ ਦੀ ਸੰਭਾਲ ਕਰਦਾ ਹੈ। ਇਹ ਤਾਂ ਆਦਮੀ ਹੀ ਹੈ, ਜੋ ਕੁਦਰਤ, ਜਾਨਵਰਾਂ ਤੇ ਆਪਣਿਆਂ ਦੀ ਤਬਾਹੀ ਲੋਚਦਾ ਹੈ। ਉਮੀਦ ਹੈ ਵਾਹਿਗੁਰੂ ਇਸ ਸੈਲਾਬ ਤੋਂ ਉਪਜਣ ਵਾਲ਼ੇ ਸੰਕਟ ਨੂੰ ਜਲਦੀ ਟਾਲ ਦੇਵੇਗਾ। ਕੋਈ ਮਤਸਿਆ ਅਵਤਾਰ, ਕੋਈ ਨੂਹ ਭੇਜੇਗਾ ਜੋ ਸੈਲਾਬ 'ਚ ਡੁੱਬਦੀ ਖ਼ਲਕਤ ਦਾ ਸਹਾਈ ਹੋਵੇਗਾ!
ਖ਼ੈਰ, ਇਹ ਤਾਂ ਅਨਾਥ ਭਟਕਦੀਆਂ ਗਊਆਂ ਦਾ ਮਸਲਾ ਹੈ ਜਿਸ ਲਈ ਆਦਮੀ ਜ਼ਿੰਮੇਵਾਰ ਹੈ। ਪਰ ਹੜ੍ਹ ਦੇ ਹੋਰ ਭਿਆਨਕ ਕੁਦਰਤੀ ਦੁਸ਼-ਪ੍ਰਭਾਵ ਵੀ ਹਨ ਜਿਵੇਂ ਕਿ ਦੂਸ਼ਿਤ ਪਾਣੀ, ਮੱਛਰਾਂ ਤੇ ਹੋਰ ਕਿਟਾਣੂਆਂ ਤੋਂ ਉਪਜਣ ਵਾਲੀਆਂ ਮਹਾਂਮਾਰੀਆਂ, ਉੱਲੀ ਆਦਿ। ਹੋਰ ਭਟਕੇ ਹੋਏ ਜੀਵ-ਜੰਤੂ ਤੇ ਸੱਪ ਜੋ ਕਿ ਇਨਸਾਨਾਂ ਲਈ ਅੱਲਗ ਕਿਸਮ ਦੇ ਖਤਰੇ ਪੈਦਾ ਕਰਦੇ ਹਨ। ਜਿਨ੍ਹਾਂ ਤੋਂ ਬਚਣ ਦੀਆਂ ਯੋਜਨਾਵਾਂ ਪਹਿਲਾਂ ਤੋਂ ਬਣਾਉਣੀਆਂ ਚਾਹੀਦੀਆਂ ਹਨ। ਹੜ੍ਹ ਤੋਂ ਬਚਕੇ ਨਿੱਕਲਣ ਤੋਂ ਬਾਅਦ ਪੀੜਤਾਂ ਲਈ ਕੈਂਪਾਂ ਦਾ ਬੰਦੋਬਸਤ ਹੋਣਾ ਚਾਹੀਦਾ ਹੈ।
ਸੜਕ ਦੇ ਨਾਲ਼ ਸਤਲੁਜ ਤੋਂ ਨਿਕਲਣ ਵਾਲ਼ੀ ਬਿਸਤ-ਦੁਆਬ ਨਹਿਰ ਵੀ ਨੱਕੋ-ਨੱਕ ਭਰੀ ਹੋਈ ਸੀ, ਪਾਣੀ ਬਾਹਰ ਨੂੰ ਉਛਾਲੇ ਮਾਰ ਰਿਹਾ ਸੀ ਤੇ ਸੜਕ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਜਗ੍ਹਾ ਜਾ ਕੇ ਸਾਨੂੰ ਇੱਕ ਛੋਟੀ ਜਿਹੀ ਪਹਾੜੀ ਨਦੀ ਦੇ ਉੱਪਰਲੇ ਪੁਲ਼ ਤੋਂ ਗੁਜ਼ਰ ਕੇ ਪਿੰਡ ਵੱਲ੍ਹ ਨੂੰ ਜਾਣਾ ਪੈਣਾ ਸੀ। ਪੁਲ਼ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ, ਉੱਥੋਂ ਦੇ ਲੋਕਾਂ ਦੀ ਸਲਾਹ ਸੀ ਕਿ ਪੁਲ਼ ‘ਤੇ ਨਾਂ ਹੀ ਜਾਇਆ ਜਾਵੇ ਤਾਂ ਚੰਗਾ ਹੈ। ਪਰ ਹੋਰ ਕੋਈ ਰਸਤਾ ਵੀ ਨਹੀਂ ਸੀ, ਹੋਰ ਵਾਹਨ ਵੀ ਪੁਲ਼ ਪਾਰ ਕਰ ਰਹੇ ਸਨ। ਪਰ ਜਿਵੇਂ ਹੀ ਸਾਡੇ ਟੱਰਕ ਨੇ ਵੀ ਪੁਲ਼ ਪਾਰ ਕੀਤਾ, ਇੱਕਦਮ ਪੁਲ਼ ਢਹਿ ਗਿਆ। ਉਹ ਤਾਂ ਵਾਹਿਗੁਰੂ ਦਾ ਸ਼ੁਕਰ ਸੀ ਕਿ ਸਾਡਾ ਟਰੱਕ ਸਹੀ-ਸਲਾਮਤ ਲੰਘ ਗਿਆ। ਅੱਗੇ ਦਾ ਰਸਤਾ ਹੋਰ ਵੀ ਖਰਾਬ ਸੀ, ਥੋੜਾ ਪਹਾੜੀ ਰਸਤਾ ਸ਼ੁਰੂ ਹੋ ਗਿਆ ਸੀ, ਸੜਕ ਤੇ ਜਗ੍ਹਾ ਜਗ੍ਹਾ ਪਾਣੀ ਸੀ। ਅੱਗੇ ਇੱਕ ਚੋਅ ਆ ਰਿਹਾ ਸੀ, ਜਿਸ ਦੇ ਵਿੱਚ ਕਾਫ਼ੀ ਪਾਣੀ ਵਹਿ ਰਿਹਾ ਸੀ, ਪਰ ਅਸੀਂ ਅੰਦਾਜ਼ਾ ਲਗਾਇਆ ਕਿ ਟਰੱਕ ਦੇ ਟਾਇਰਾਂ ਦੇ ਸਾਈਜ਼ ਤੋਂ ਉੱਪਰ ਨਹੀਂ ਸੀ ਹੋਣਾ, ਇਸ ਕਰਕੇ ਅਸੀਂ ਟਰੱਕ ਨੂੰ ਚੋਅ ਦੇ ਵਿੱਚ ਲੈ ਗਏ, ਹੌਲ਼ੀ ਹੌਲੀ ਟਰੱਕ ਪਾਣੀ ਵਿੱਚ ਦੀ ਜਾ ਰਿਹਾ ਸੀ, ਪਾਣੀ ਟਰੱਕ ਦੇ ਟਾਇਰਾਂ ਤੱਕ ਤੇ ਫੇਰ ਟਾਇਰਾਂ ਤੋਂ ਵੀ ਉੱਪਰ ਪਹੁੰਚ ਗਿਆ। ਪਰ ਅਸੀਂ ਅੱਧਾ ਚੋ ਪਾਰ ਕਰ ਚੁੱਕੇ ਸੀ ਤੇ ਅੱਧਾ ਹੀ ਰਹਿੰਦਾ ਸੀ। ਸ਼ੁਕਰ ਸੀ ਕਿ ਪਾਣੀ ਦਾ ਲੈਵਲ ਹੋਰ ਉੱਚਾ ਨਹੀਂ ਹੋਇਆ। ਉਸਤੋਂ ਅੱਗੇ ਜਾ ਕੇ ਇੱਕ ਹੋਰ ਬਰਸਾਤੀ ਨਦੀ ਨੂੰ ਪਾਰ ਕਰਨਾ ਪੈਣਾ ਸੀ, ਉਸ ਉੱਤੇ ਕੋਈ ਪੁਲ਼ ਨਹੀਂ ਸੀ। ਉਸ ਵਿੱਚ ਇੱਕ ਫੁੱਟ ਤੱਕ ਪਾਣੀ ਲੱਗ ਇਹ ਸੀ। ਕੁੱਝ ਇੱਕ ਸਾਈਕਲ-ਸਵਾਰ ਤੇ ਪੈਦਲ ਲੋਕ ਉਸਨੂੰ ਪਾਰ ਕਰ ਰਹੇ ਸਨ। ਅਸੀਂ ਵੀ ਟਰੱਕ ਉਸ ਵਿਚੋਂ ਦੀ ਲੰਘਾ ਲਿਆ, ਤੇ ਵਾਹਿਗੁਰੂ ਦਾ ਨਾਮ ਜਪਦੇ ਹੋਏ ਦੂਜੇ ਕਿਨਾਰੇ ਪਹੁੰਚ ਗਏ। ਉਸਤੋਂ ਅੱਗੇ ਫੇਰ ਸਾਨੂੰ ਕੋਈ ਹੋਰ ਜ਼ਿਆਦਾ ਪਾਣੀ ਨਹੀਂ ਮਿਲਿਆ। ਇੱਥੋਂ ਪਿੰਡ ਤੱਕ ਪਹੁੰਚਣ ਲਈ ਅਜੇ ਇੱਕ ਅੱਧਾ ਘੰਟਾ ਹੋਰ ਲੱਗਣਾ ਸੀ। ਦੁਪਹਿਰ ਤੱਕ ਅਸੀਂ ਪਿੰਡ ਪਹੁੰਚ ਗਏ, ਜੋ ਰਸਤਾ ਦੋ ਕੁ ਘੰਟੇ ਦਾ ਸੀ ਉਸਨੂੰ ਚਾਰ ਘੰਟੇ ਲੱਗੇ। ਹੜ੍ਹਾਂ ਦੀ ਹਾਲਤ ਨੂੰ ਦੇਖ ਕੇ ਉਹ ਇੰਨਾ ਜ਼ਿਆਦਾ ਨਹੀਂ ਸੀ।
ਜਦੋਂ ਅਸੀਂ ਪਿੰਡ ਦੇ ਕੋਲ਼ ਪਹੁੰਚੇ ਤਾਂ ਸਾਨੂੰ ਸੜਕ ਤੇ ਪਿੰਡ ਦੇ ਬਾਹਰ ਹੀ ਰੁਕਣਾ ਪਿਆ ਕਿਓਂਕਿ ਪਾਣੀ ਨੇ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀ। ਪਿੰਡ ਅੰਦਰ ਜਾਣ ਲਈ ਕੋਈ ਵੀ ਰਸਤਾ ਨਹੀਂ ਸੀ। ਹਾਲਾਂਕਿ ਨਹਿਰ ਦਾ ਬੰਨ੍ਹ ਪਿੰਡ ਵਾਲ਼ੇ ਪੂਰ ਚੁੱਕੇ ਸਨ, ਪਰ ਜਿਹੜਾ ਪਾਣੀ ਅੰਦਰ ਆ ਗਿਆ ਸੀ, ਉਸਦਾ ਨਿਕਾਸ ਕਿੱਧਰੇ ਵੀ ਨਹੀਂ ਹੋ ਰਿਹਾ ਸੀ। ਪਰ ਇੰਝ ਲੱਗ ਰਿਹਾ ਸੀ ਪਾਣੀ ਇੱਕਲਾ ਨਹਿਰ ਦਾ ਬੰਨ੍ਹ ਟੁੱਟਣ ਕਰਕੇ ਨਹੀਂ ਸੀ ਆਇਆ, ਸਗੋਂ ਇਸਦਾ ਕਾਰਨ ਕੁੱਝ ਹੋਰ ਵੀ ਸੀ। ਦੇਖਣ ਨੂੰ ਉਹ ਇੱਕ ਦਰਿਆ ਲੱਗ ਰਿਹਾ ਸੀ, ਪਰ ਉਹ ਖੇਤ ਤੇ ਗਲ਼ੀਆਂ ਸਨ। ਕੱਲ੍ਹ ਜਿੱਥੇ ਹਰੇ-ਭਰੇ ਖੇਤਾਂ ਦੀ ਹਰਿਆਲੀ ਸੀ, ਅੱਜ ਉੱਥੇ ਪਾਣੀ ਦਾ ਮਟਿਆਲ਼ਾ ਸੈਲਾਬ ਸੀ। ਪਾਣੀ ਉਹਨਾਂ ਘਰਾਂ ਦੇ ਅੰਦਰ ਵੀ ਚਲਿਆ ਗਿਆ ਸੀ, ਜਿਹੜੇ ਕਿ ਨੀਵੀਂ ਜਗ੍ਹਾ, ਸੜਕ ਤੇ ਖੇਤਾਂ ਦੇ ਨਾਲ਼ ਸਨ। ਉਸਦੇ ਅੰਦਰ ਕੋਈ ਵੀ ਵਾਹਨ ਨਹੀਂ ਸੀ ਜਾ ਸਕਦਾ।
ਮੈਂ ਫ਼ੋਨ ਕਰਕੇ ਆਪਣੇ ਦੋਸਤ ਭੁਪਿੰਦਰ ਨੂੰ ਆਪਣੇ ਆਉਣ ਦੀ ਖ਼ਬਰ ਦੇ ਦਿੱਤੀ - ’ਜਲਦੀ ਹੀ ਬੇੜੀ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ!’
ਉੱਥੇ ਸਾਨੂੰ ਪਿੰਡ ਦੇ ਕੁੱਝ ਬੰਦੇ ਮਿਲ਼ ਗਏ। ਉਹਨਾਂ ਨੇ ਦੱਸਿਆ - 'ਗ਼ੈਰ-ਕਨੂੰਨੀ ਮਾਈਨਿੰਗ ਕਰਕੇ ਸਤਲੁਜ ਦਰਿਆ ਦਾ ਪਾਣੀ ਇੱਧਰ ਨੂੰ ਆ ਗਿਆ, ਹਾਲਾਂਕਿ ਸਤਲੁਜ ਉੱਥੋਂ 10 ਕੁ ਕਿਲੋਮੀਟਰ ਦੂਰ ਹੋਣਾ ਏ, ਪਰ ਉਸਦਾ ਰੁੱਖ ਇਸ ਵਾਰ ਇੱਧਰ ਨੂੰ ਹੋ ਗਿਆ। ਹੁਣ ਤਾਂ ਦਰਿਆ ਇੱਥੋਂ ਤਕਰੀਬਨ 2-3 ਕਿਲੋਮੀਟਰ ਹੀ ਹੋਣਾ ਏ।'
'ਜਿਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਸੀ, ਉਹਨਾਂ ਨੂੰ ਅਚਾਨਕ ਆਪਣਾ ਘਰ ਛੱਡਣਾ ਪਿਆ ਤੇ ਆਪਣੇ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਹੜ੍ਹ-ਪੀੜਤ ਲੱਗੇ ਕੈਂਪ ਵਿੱਚ ਭੇਜਣਾ ਪਿਆ। ਜਿਹੜੇ ਲੋਕ ਇੱਥੇ ਰਹਿ ਗਏ, ਉਹ ਤਰਪਾਲਾਂ ਤਾਣ ਕੇ ਠੰਡੀਆਂ ਰਾਤਾਂ ਵਿੱਚ ਸੌਣ ਲਈ ਮਜ਼ਬੂਰ ਹਨ। ਸਰਕਾਰ ਦੇ ਕਿਸੇ ਅਧਿਕਾਰੀ ਨੇ ਸਾਡੀ ਸਾਰ ਨਾ ਲਈ ਤੇ ਨਾ ਹੀ ਆ ਕੇ ਪੁੱਛਿਆ। ਕੁੱਝ ਕੁ ਸਮਾਜ ਸੇਵੀ ਸੰਸਥਾਵਾਂ ਨੇ ਆ ਕੇ ਉਹਨਾਂ ਨੂੰ ਗਰਮ ਲੰਗਰ ਛਕਾਇਆ ਤੇ ਹੋਰ ਜ਼ਰੂਰੀ ਵਸਤਾਂ ਦੀ ਸੇਵਾ ਕੀਤੀ। ਹੋਰ ਵੀ ਵਿਅਕਤੀਆਂ ਨੇ ਆਪਣੇ ਲੈਵਲ ਤੇ ਸਹਾਇਤਾ ਕੀਤੀ। ਪਰ ਅਜੇ ਵੀ ਉਹਨਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ। ਸਭ ਤੋਂ ਜ਼ਿਆਦਾ ਤਾਂ ਕਿਸੇ ਪੱਕੇ ਕੈਂਪ ਦੀ ਲੋੜ, ਜਿੱਥੇ ਉਹ ਥੋੜਾ ਸਮਾਂ ਬੇਫ਼ਿਕਰ ਹੋ ਕੇ ਗੁਜ਼ਾਰ ਸਕਣ। ਪੰਜਾਬੀਆਂ ਦੀ ਇੱਕ ਬਹੁਤ ਵੱਡੀ ਖ਼ੂਬੀ ਹੈ ਕਿ ਉਹ ਆਪ ਮੁਸੀਬਤ ਵਿੱਚ ਹੋ ਕੇ ਵੀ ਇੱਕ ਦੂਜੇ ਦੀ ਵਧ-ਚੜ੍ਹ ਕੇ ਮਦਦ ਕਰਦੇ ਹਨ। ਅਸੀਂ ਉਹਨਾਂ ਨੂੰ ਮਦਦ ਕਰਨ ਦਾ ਭਰੋਸਾ ਦੁਆਇਆ।
ਉਹਨਾਂ ਨੇ ਦੱਸਿਆ ਕਿ ਜਿਹੜੇ ਪਿੰਡ ਦਰਿਆ ਦੇ ਨੇੜੇ ਸਨ, ਉੱਥੇ ਤਾਂ ਇੰਨਾ ਹੜ੍ਹ ਆਇਆ ਕਿ ਇਵੇਂ ਲੱਗਾ ਕਿ ਪਾਣੀ ਦੀ ਕੰਧ ਡਿਗ ਪਈ ਹੋਵੇ, ਜੋ ਕੀਮਤੀ ਜਾਨਾਂ, ਘਰਾਂ ਦੇ ਘਰ ਹੜ੍ਹਾ ਕੇ ਲੈ ਗਈ! ਦਸ-ਦਸ ਫੁੱਟ ਤੋਂ ਉੱਪਰ ਪਾਣੀ ਚਲਿਆ ਗਿਆ ਸੀ!
ਹੁਣ, ਸਾਨੂੰ ਬੇੜੀ ਪਾਣੀ ਵਿੱਚ ਉਤਾਰਨੀ ਪੈਣੀ ਸੀ, ਤਾਂ ਜੋ ਮੇਰੀ ਬੇਟੀ ਤੇ ਹੋਰ ਪਿੰਡ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਲਿਆ ਸਕੀਏ ਤੇ ਉਹਨਾਂ ਦੀ ਮਦਦ ਕਰ ਸਕੀਏ। ਕੁੱਝ ਕੁ ਲੋਕਾਂ ਦੀ ਮਦਦ ਨਾਲ਼ ਅਸੀਂ ਟਰੱਕ ਵਿੱਚੋਂ ਬੇੜੀ ਲਾਹ ਕੇ ਪਾਣੀ ਵਿੱਚ ਉਤਾਰੀ। ਸਾਨੂੰ ਬੇੜੀ ਚਲਾਉਣ ਦਾ ਕੋਈ ਅਨੁਭਵ ਨਹੀਂ ਸੀ, ਪੰਜਾਬੀ ਲੋਕ ਸੈਰ-ਸਪਾਟੇ ਤੋਂ ਇਲਾਵਾ ਬੇੜੀ ਕਿੱਥੇ ਚਲਾਉਂਦੇ ਹਨ? ਅਸੀਂ ਸੋਚਿਆ, ਚੱਪੂ ਇੱਧਰ-ਉੱਧਰ ਚਲਾ ਕੇ ਬੇੜੀ ਚੱਲ ਪਏਗੀ। ਮੈਂ ਤੇ ਮੇਰੇ ਦੋਸਤ ਸੁਖਵਿੰਦਰ ਨੇ ਇੱਕ ਇੱਕ ਚੱਪੂ ਸਾਂਭ ਲਿਆ ਤੇ ਅਸੀਂ ਨਾਲ਼ ਪਿੰਡ ਦੇ ਇੱਕ ਬੰਦੇ ਨੂੰ ਬਿਠਾ ਲਿਆ। ਪਰ ਪਾਣੀ ਦੇ ਵਹਾਅ ਕਰਕੇ ਬੇੜੀ ਡਿੱਕ-ਡੋਲੇ ਖਾਣ ਲੱਗੀ। ਅਸੀਂ ਚੱਪੂਆਂ ਨਾਲ਼ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੈਰ-ਸਪਾਟੇ ਵਾਲੀ ਪੈਡਲ-ਬੋਟ ਚਲਾਉਣੀ ਸੌਖੀ ਹੈ! ਖ਼ੈਰ, ਸਾਡੀ ਅਨੁਭਵ ਹੀਣਤਾ ਤੇ ਖ਼ਸਤਾ ਹਾਲਤ ਦੇਖ ਕੇ ਟਰੱਕ ਡ੍ਰਾਈਵਰ ਨੇ ਕਿਹਾ ਕਿ ਉਹ ਕੋਸ਼ਿਸ਼ ਕਰਦਾ ਹੈ, ਕਿਓਂਕਿ ਉਹ ਪਿੱਛਿਓਂ ਬੰਗਾਲ ਤੋਂ ਸੀ ਤੇ ਉਸਨੂੰ ਬੇੜੀ ਚਲਾਉਣ ਦਾ ਥੋੜਾ ਜਿਹਾ ਅਨੁਭਵ ਸੀ। ਉਸ ਨੇ ਬੇੜੀ ਨੂੰ ਕੰਟਰੋਲ ਕਰਕੇ ਸਹੀ ਦਿਸ਼ਾ ਵੱਲ੍ਹ ਨੂੰ ਪਾ ਲਿਆ, ਸਾਨੂੰ ਜ਼ਿਆਦਾ ਦੂਰ ਨਹੀਂ ਜਾਣਾ ਪੈਣਾ ਸੀ ਬੱਸ ਤਕਰੀਬਨ ਅੱਧਾ ਕਿਲੋਮੀਟਰ ਹੀ ਜਾਣਾ ਪੈਣਾ ਸੀ। ਡ੍ਰਾਈਵਰ ਨੇ ਸਾਨੂੰ ਸਹੀ ਦਿਸ਼ਾ ਵਿੱਚ ਪਾ ਕੇ ਚੱਪੂ ਦੇ ਦਿੱਤੇ ਤਾਂ ਜੋ ਅਸੀਂ ਵੀ ਉਹਨਾਂ ਨੂੰ ਚਲਾਉਣਾ ਸਿੱਖ ਲਈਏ। ਉਸਦੇ ਦਿਸ਼ਾ ਵਿੱਚ ਪਾਉਣ ਕਰਕੇ ਹੁਣ ਚੱਪੂ ਚਲਾਉਣੇ ਸੌਖੇ ਸਨ। ਉਸਤੋਂ ਅੱਗੇ ਘਾਟੀ ਚੜ੍ਹ ਕੇ ਪਿੰਡ ਦੇ ਉੱਪਰਲੇ ਪਾਸੇ ਪੈਦਲ ਜਾਣਾ ਪੈਣਾ ਸੀ ਜਿੱਥੇ ਮੇਰੇ ਦੋਸਤ ਦਾ ਘਰ ਸੀ ਤੇ ਮੇਰੀ ਬੇਟੀ ਠਹਿਰੀ ਹੋਈ ਸੀ ਜਾਂ ਅਟਕੀ ਹੋਈ ਸੀ। ਅੱਜ ਥੋੜਾ ਚੰਗਾ ਮੌਸਮ ਸੀ, ਤੇ ਧੁੱਪ ਨਿੱਕਲ ਆਈ ਸੀ। ਦਸ ਕੁ ਮਿੰਟ ਵਿੱਚ ਹੀ ਅਸੀਂ ਪਿੰਡ ਦੇ ਅੰਦਰ ਪਹੁੰਚ ਗਏ ਤੇ ਬੇੜੀ ਨੂੰ ਉੱਥੇ ਪਾਣੀ ਤੋਂ ਬਾਹਰ ਰੱਖ ਕੇ ਘਾਟੀ ‘ਤੇ ਉੱਪਰ ਚੜ੍ਹਨ ਲੱਗੇ।
ਭੁਪਿੰਦਰ ਦੇ ਘਰ ਕੋਲ਼ ਪੁੱਜ ਕੇ ਅਸੀਂ ਦੇਖਿਆ ਕਿ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਏ ਹਨ, ਤੇ ਦੀਵਾਨ ਲੱਗਿਆ ਹੋਇਆ ਹੈ। ਪਿੰਡ ਦੇ ਹੇਠਾਂ ਗੁਰਦੁਆਰਾ ਸਾਹਿਬ ਵਿੱਚ ਵੀ ਜਦੋਂ ਪਾਣੀ ਭਰਨਾ ਸ਼ੁਰੂ ਹੋ ਗਿਆ ਤਾਂ ਸੰਗਤਾਂ ਸਤਿਕਾਰ ਸਹਿਤ ਸ਼੍ਰੀ ਗੁਰੂ ਗੰਥ ਸਾਹਿਬ ਜੀ ਦਾ ਦਾ ਸਰੂਪ ਘਾਟੀ ਦੇ ਉੱਪਰਲੇ ਗੁਰਦੁਆਰਾ ਸਾਹਿਬ ਲੈ ਆਈਆਂ ਸਨ। ਤੇ ਉਸ ਦਿਨ ਤੋਂ ਹਰ ਵਕਤ ਦੀਵਾਨ ਲੱਗ ਰਹੇ ਸਨ ਤੇ ਗੁਰਬਾਣੀ ਕੀਰਤਨ ਦਾ ਅਨੰਤ-ਪ੍ਰਵਾਹ ਚੱਲ ਰਿਹਾ ਸੀ। ਅਸੀਂ ਸਭ ਤੋਂ ਪਹਿਲਾਂ ਉੱਥੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। ਮੇਰੀ ਬੇਟੀ ਕੀਰਤਨ ਦੀ ਹਾਜ਼ਿਰੀ ਲਗਾ ਰਹੀ ਸੀ -
"ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।"
ਗੁਰੂ ਅਮਰਦਾਸ ਜੀ ਪਾਤਿਸ਼ਾਹ ਦਾ ਇਹ ਸ਼ਬਦ ਅੱਜ ਦੇ ਮੌਕੇ ਤੇ ਬੜਾ ਢੁਕਦਾ ਹੈ। ਸੰਸਾਰਿਕ ਤਾਪ ਕਰਕੇ ਅੱਜ ਧਰਤੀ ਜਲ ਰਹੀ ਹੈ, ਕਿਤੇ ਹੜ੍ਹ ਆ ਰਹੇ ਹਨ, ਕਿਤੇ ਬਰਫ਼ੀਲੇ ਤੂਫ਼ਾਨ, ਕਿਤੇ ਸੋਕਾ, ਕਿਤੇ ਅਤਿ-ਗਰਮੀ ਤੇ ਕਿਤੇ ਅਤਿ-ਸਰਦੀ ਦਾ ਮੌਸਮ ਹੈ। ਅੱਜ ਵੀ ਉਸ ਵਾਹਿਗੁਰੂ ਦੀ ਮਿਹਰ ਦੀ ਜ਼ਰੂਰਤ ਹੈ, ਜੋ ਉਹ ਇਸ ਸੜਦੇ ਸੰਸਾਰ ਨੂੰ ਬਚਾਅ ਲਵੇ!
ਆਪਣੀ ਬੇਟੀ ਰੀਤ ਨੂੰ ਸੁੱਖ-ਸਲਾਮਤ ਤੇ ਸ਼ਬਦ ਪੜ੍ਹਦਿਆਂ ਦੇਖ ਕੇ ਮੇਰੇ ਮਨ-ਅੰਤਰ ਨੂੰ ਬੜੀ ਤੱਸਲੀ ਮਿਲ਼ੀ ਥੋੜੀ ਦੇਰ ਅਸੀਂ ਕੀਰਤਨ ਸੁਣਨ ਤੋਂ ਬਾਅਦ ਬਾਹਰ ਆ ਗਏ। ਰੀਤ, ਭੁਪਿੰਦਰ ਤੇ ਉਸਦੇ ਪਰਿਵਾਰ ਨੂੰ ਮਿਲ਼ ਕੇ ਬੜਾ ਚੰਗਾ ਲੱਗਿਆ। ਭੁਪਿੰਦਰ ਸਾਨੂੰ ਸਭ ਤੋਂ ਪਹਿਲਾਂ ਲੰਗਰ ਛਕਾਉਣ ਲੈ ਗਿਆ। ਲੰਗਰ ਛਕ ਕੇ ਅਸੀਂ ਹਾਲਾਤ ਦਾ ਜਾਇਜ਼ਾ ਲਿਆ। ਮੈਂ ਸੁਖਵਿੰਦਰ, ਡ੍ਰਾਈਵਰ ਤੇ ਪਿੰਡ ਦੇ ਇੱਕ ਹੋਰ ਬੰਦਿਆਂ ਨੂੰ ਭੇਜ ਕੇ ਟਰੱਕ ਵਿੱਚੋਂ ਨਾਲ਼ ਲਿਆਂਦਾ ਸਮਾਨ ਲੈਣ ਲਈ ਭੇਜ ਦਿੱਤਾ ਤੇ ਅਸੀਂ ਉਸਨੂੰ ਗੁਰਦੁਆਰਾ ਸਾਹਿਬ ਵਿੱਚ ਰੱਖਣ ਦਾ ਪ੍ਰਬੰਧ ਕਰਨ ਲੱਗੇ। ਹੌਲ਼ੀ ਹੌਲ਼ੀ ਕਰਕੇ ਉਹ ਬੇੜੀ ਦੇ ਰਾਹੀਂ ਸਾਰਾ ਸਮਾਨ ਲੈ ਆਏ।
ਮੈਂ ਭੁਪਿੰਦਰ ਤੇ ਪਿੰਡ ਦੇ ਹੋਰ ਬੰਦਿਆਂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਪੁੱਛੀ।
'ਨਹੀਂ ਹੋਰ ਸਭ ਕੁੱਝ ਠੀਕ ਹੈ। ਉਮੀਦ ਹੈ ਜਲਦੀ ਹੀ ਪਾਣੀ ਦਾ ਨਿਕਾਸ ਹੋ ਜਾਵੇਗਾ। ਪਰ ਜਿਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਹੈ, ਉਹਨਾਂ ਨੂੰ ਕੈਂਪ ਦੀ ਲੋੜ ਹੈ। ਤੇ ਸਾਨੂੰ ਉਹਨਾਂ ਦੀ ਮਦਦ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ' ਉਸਨੇ ਕਿਹਾ।
ਸੱਚਮੁੱਚ ਉੱਥੇ ਕੈਂਪ ਦੀ ਬੜੀ ਜ਼ਰੂਰਤ ਸੀ। ਜਗ੍ਹਾ ਜਗ੍ਹਾ ਪਾਣੀ ਭਰਿਆ ਹੋਇਆ ਸੀ। ਅਸੀਂ ਖ਼ਾਲਸਾ ਏਡ ਤੇ ਹੋਰ ਸਮਾਜ-ਸੇਵੀ ਜਥੇਬੰਦੀਆਂ ਨਾਲ਼ ਸੰਪਰਕ ਕਰਨ ਦੇ ਵਾਰੇ ਸੋਚਿਆ ਤਾਂ ਜੋ ਇੱਕ ਕੈਂਪ ਲਗਾ ਸਕੀਏ।
ਸ਼ਾਮ ਨੂੰ ਅਸੀਂ ਚੰਡੀਗੜ੍ਹ ਜਾਣ ਲਈ ਚੱਲ ਪਏ ਤਾਂ ਜੋ ਕੈਂਪ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਖ਼ਾਲਸਾ ਏਡ ਨਾਲ਼ ਵੀ ਸੰਪਰਕ ਕੀਤਾ ਜਾ ਸਕੇ। ਬੇੜੀ ਰਾਹੀਂ ਮੇਰੀ ਬੇਟੀ, ਸੁਖਵਿੰਦਰ ਤੇ ਮੈਂ ਦੁਬਾਰਾ ਸੜਕ ਦੇ ਕੋਲ਼ ਆ ਗਏ ਜਿੱਥੇ ਟਰੱਕ ਖੜਾ ਸੀ। ਹੁਣ ਸਾਨੂੰ ਬੇੜੀ ਚਲਾਉਣ ਦਾ ਥੋੜਾ ਅਭਿਆਸ ਹੋ ਗਿਆ ਸੀ! ਮੈਂ ਭੁਪਿੰਦਰ ਦਾ ਧੰਨਵਾਦ ਕਰਕੇ ਕੱਲ੍ਹ ਫੇਰ ਆਉਣ ਦਾ ਵਾਅਦਾ ਕਰਕੇ ਵਿਦਾ ਲਈ। ਅਸੀਂ ਬੇੜੀ ਉੱਥੇ ਹੀ ਛੱਡ ਦਿੱਤੀ ਤਾਂ ਜੋ ਉਹ ਉਸਨੂੰ ਆਪਣੀ ਜ਼ਰੂਰਤ ਦੇ ਮੁਤਾਬਿਕ ਇੱਧਰ-ਉੱਧਰ ਜਾਣ ਲਈ ਵਰਤ ਸਕਣ।
ਵਾਪਿਸ ਆਉਂਦੇ ਹੋਏ ਸਾਨੂੰ ਫੇਰ ਓਹੀ ਰਸਤੇ ਵਿੱਚ ਬਰਸਾਤੀ ਨਦੀ ਦੇ ਪਾਣੀ ਤੇ ਚੋਅ ਵਿੱਚੋਂ ਦੀ ਗ਼ੁਜ਼ਰਨਾ ਪਿਆ। ਜਿਹੜਾ ਪੁਲ਼ ਟੁੱਟ ਗਿਆ ਸੀ, ਉਸ ਰਸਤੇ ਦੀ ਬਜਾਇ ਹੁਣ ਹੋਰ ਰਸਤਾ ਲੈਣਾ ਪਿਆ ਜੋ ਕਿ ਥੋੜਾ ਲੰਬਾ ਸੀ। ਪਰ ਰਸਤੇ ਵਿੱਚ ਕੋਈ ਬਹੁਤੀ ਔਕੜ ਨਹੀਂ ਆਈ। ਰੂਪਨਗਰ ਤੱਕ ਪਹੁੰਚਦੇ ਰਾਤ ਦੇ ਸੱਤ ਕੁ ਵੱਜ ਚੁੱਕੇ ਸਨ। ਅਸੀਂ ਸ਼ਹੀਦੀ ਗੁਰਦੁਆਰਾ ਸਾਹਿਬ ਰੁਕੇ, ਜਿੱਥੇ ਖ਼ਾਲਸਾ ਏਡ ਦਾ ਕੈਂਪ ਲੱਗਿਆ ਹੋਇਆ ਸੀ। ਸ਼੍ਰੀ ਗੁਰੂ ਗੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸੀਂ ਖ਼ਾਲਸਾ ਏਡ ਵਾਲ਼ੇ ਵੀਰਾਂ ਨਾਲ਼ ਗੱਲਬਾਤ ਕੀਤੀ ਤੇ ਉਹਨਾਂ ਨੂੰ ਪਿੰਡ ਦੇ ਲੋਕਾਂ ਦੀ ਸਹਾਇਤਾ ਕਰਨ ਵਾਰੇ ਬੇਨਤੀ ਕੀਤੀ। ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੁਆਇਆ, ਤੇ ਸਾਨੂੰ ਕੱਲ੍ਹ ਆਉਣ ਲਈ ਕਿਹਾ ਤਾਂ ਜੋ ਉਹ ਸਾਡੇ ਨਾਲ਼ ਜਾਕੇ ਸਥਿਤੀ ਦਾ ਜਾਇਜ਼ਾ ਲੈ ਸਕਣ।
ਅਸੀਂ ਚੰਡੀਗੜ੍ਹ ਰਾਤ ਦੇ ਨੌਂ ਕੁ ਵਜੇ ਪਹੁੰਚੇ। ਰਾਤ ਸੁਖਵਿੰਦਰ ਦੇ ਘਰ ਠਹਿਰੇ।
***
ਸਵੇਰੇ ਪਹਿਲਾਂ ਰੀਤ ਨੂੰ ਯੂਨੀਵਰਸਿਟੀ ਛੱਡਿਆ ਤਾਂ ਜੋ ਆਪਣੀ ਪੜ੍ਹਾਈ ਦਾ ਕੰਮ ਸੰਪੂਰਨ ਕਰ ਸਕੇ। ਅਸੀਂ ਹਫ਼ਤੇ ਬਾਅਦ ਵਾਪਿਸ ਅਮਰੀਕਾ ਜਾਣਾ ਸੀ।
ਰੀਤ ਨੂੰ ਛੱਡਕੇ ਅਸੀਂ ਉੱਥੋਂ ਹੋ ਸਿੱਧੇ ਰੂਪਨਗਰ ਨੂੰ ਚੱਲ ਪਏ। ਸ਼ਹੀਦੀ ਗੁਰਦੁਆਰਾ ਸਾਹਿਬ ਤੋਂ ਖ਼ਾਲਸਾ ਏਡ ਦਾ ਇੱਕ ਸੇਵਾਦਾਰ ਸਾਡੇ ਨਾਲ਼ ਚੱਲ ਪਿਆ। ਪਿੰਡ ਪਹੁੰਚ ਕੇ ਅਸੀਂ ਉਸਨੂੰ ਫ਼ਸਲਾਂ ਨੂੰ ਹੋਇਆ ਨੁਕਸਾਨ ਦਿਖਾਇਆ, ਲੋਕਾਂ ਦੇ ਘਰ ਦਿਖਾਏ ਜਿਨ੍ਹਾਂ ਅੰਦਰ ਪਾਣੀ ਘਰ ਕਰ ਗਿਆ ਸੀ , ਜੋ ਉਹਨਾਂ ਨੂੰ ਬੇਘਰੇ ਕਰ ਗਿਆ ਸੀ।
ਪਹਿਲਾਂ ਅਸੀਂ ਭੁਪਿੰਦਰ ਨੂੰ ਮਿਲ਼ੇ ਤੇ ਉਸਨੂੰ ਨਾਲ਼ ਲੈ ਕੇ ਹੜ੍ਹ-ਪੀੜਤ ਲੋਕਾਂ ਨਾਲ਼ ਗੱਲਬਾਤ ਕਰੀ। ਉਹਨਾਂ ਨੂੰ ਜੋ ਵੀ ਸਮਾਨ ਦੀ ਚਾਹੀਦਾ ਸੀ, ਉਹ ਨੋਟ ਕਰ ਲਿਆ।
'ਫ਼ਸਲਾਂ ਦਾ ਤਾਂ ਬਹੁਤ ਨੁਕਸਾਨ ਹੋਇਆ। ਉਸਦਾ ਤਾਂ ਕੁੱਝ ਨਹੀਂ ਹੋ ਸਕਦਾ, ਪਰ ਪਸ਼ੂ ਜਿਹਨਾਂ ਦੇ ਸਹਾਰੇ ਹੁਣ ਸਮਾਂ ਲੰਘਾਉਣਾ ਹੈ, ਉਹਨਾਂ ਨੂੰ ਫੀਡ ਦੀ ਬਹੁਤ ਜ਼ਰੂਰਤ ਹੈ।' ਇੱਕ ਪਿੰਡ ਵਾਸੀ ਨੇ ਸਾਨੂੰ ਦੱਸਿਆ।
ਇਸ ਤਰ੍ਹਾਂ ਪੂਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਦਾ ਜਾਇਜ਼ਾ ਲਿਆ। ਦੁਪਹਿਰ ਤੋਂ ਬਾਅਦ ਅਸੀਂ ਵਾਪਿਸ ਚੰਡੀਗੜ੍ਹ ਲਈ ਚੱਲ ਪਏ।
'ਅਸੀਂ ਸਾਰੀਆਂ ਵਸਤਾਂ ਖ਼ਾਸ ਤੌਰ ਤੇ ਪਸ਼ੂਆਂ ਦੀ ਫੀਡ ਦਾ ਦੋ ਕੁ ਦਿਨਾਂ ਤੱਕ ਪ੍ਰਬੰਧ ਕਰ ਲਵਾਂਗੇ।' ਸੇਵਾਦਾਰ ਨੇ ਸਾਨੂੰ ਭਰੋਸਾ ਦਿੱਤਾ।
'ਅਸੀਂ ਟਰੱਕ ਤੇ ਹੋਰ ਖਾਣ-ਪੀਣ ਦੀ ਸਮਗਰੀ ਲੈ ਲਵਾਂਗੇ।' ਮੈਂ ਆਪਣਾ ਵੀ ਤਿਲ਼-ਫ਼ੁਲ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਮੈਂ ਖ਼ਾਲਸਾ ਏਡ ਨੂੰ ਵੀ ਮਾਇਕ ਹਿੱਸਾ ਪਾਉਣ ਦਾ ਵੀ ਯਕੀਨ ਦੁਆਇਆ।
ਦੂਜੇ ਦਿਨ, ਅਸੀਂ ਖਾਣ-ਪੀਣ ਦੀ ਸਮਗਰੀ ਬਦਾਮ, ਕਾਜੂ, ਅਖਰੋਟ ਆਦਿ ਸੁੱਕੇ-ਫ਼ਲ, ਰਾਸ਼ਨ, ਪਾਣੀ, ਲੰਗਰ ਵਾਸਤੇ ਬਰਤਨ, ਰੁਮਾਲੇ, ਚੰਦੋਆ ਸਾਹਿਬ ਆਦਿ ਖਰੀਦ ਕੇ ਟਰੱਕ ਵਿੱਚ ਰੱਖ ਲਏ। ਬਾਕੀ ਦਾ ਰਾਹਤ ਦਾ ਸਮਾਨ ਪਸ਼ੂਆਂ ਲਈ ਫੀਡ, ਦਵਾਈਆਂ, ਬਿਸਤਰੇ, ਕੰਬਲ, ਇਨਵਰਟਰ ਆਦਿ ਖ਼ਾਲਸਾ ਏਡ ਵਾਲਿਆਂ ਨੇ ਖਰੀਦ ਲਏ। ਉਹਨਾਂ ਨੇ ਕੁੱਝ ਇੱਕ ਡਾਕਟਰਾਂ ਦੀ ਟੀਮ ਨੂੰ ਵੀ ਸੰਪਰਕ ਕੀਤਾ ਤਾਂ ਜੋ ਉਹ ਵੀ ਪਹੁੰਚ ਕੇ ਲੋਕਾਂ ਦਾ ਚੈੱਕ-ਅਪ ਕਰ ਸਕਣ। ਉਹਨਾਂ ਨੇ ਇੱਕ ਡੰਗਰ-ਡਾਕਟਰ ਨੂੰ ਵੀ ਸੇਵਾ ਕਰਨ ਲਈ ਬੇਨਤੀ ਕੀਤੀ।
ਦੋ ਦਿਨ ਬਾਅਦ ਅਸੀਂ ਸਾਰੀ ਰਾਹਤ ਸਮਗਰੀ ਲੈ ਕੇ ਪਿੰਡ ਪਹੁੰਚ ਗਏ। ਭਪਿੰਦਰ ਦੀ ਮਦਦ ਨਾਲ਼ ਅਸੀਂ ਪਿੰਡ ਦੇ ਬਾਹਰ ਸਕੂਲ ਵਿੱਚ ਕੈਂਪ ਲਗਾਇਆ। ਕੁੱਝ ਇੱਕ ਹੜ੍ਹ-ਪੀੜਤ ਪਰਿਵਾਰ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਸੀ, ਸਕੂਲ ਵਿੱਚ ਰਹਿ ਰਹੇ ਸਨ। ਅਸੀਂ ਤਿੰਨ ਦਿਨ ਲਗਾਤਾਰ ਕੈਂਪ ਲਗਾਇਆ ਤੇ ਸਾਰੀ ਰਾਹਤ ਸਮਗਰੀ ਜ਼ਰੂਰਤ-ਮੰਦ ਲੋਕਾਂ ਨੂੰ ਵੰਡੀ। ਡਾਕਟਰਾਂ ਦੀ ਟੀਮ ਨੇ ਹੜ੍ਹ-ਪੀੜਤਾਂ ਨੂੰ ਚੈੱਕ ਕਰਿਆ ਤੇ ਉਹਨਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ। ਕਈ ਲੋਕਾਂ ਦਾ ਦੂਸ਼ਿਤ ਪਾਣੀ ਪੀਣ ਕਰਕੇ ਪੇਟ ਖਰਾਬ ਸੀ, ਤੇ ਬਹੁਤਿਆਂ ਨੂੰ ਚਮੜੀ ਦੇ ਰੋਗ ਲੱਗ ਗਏ ਸਨ। ਬਾਕੀ ਲੋਕਾਂ ਨੂੰ ਬਚਾਅ ਲਈ ਦਵਾਈਆਂ ਵੀ ਦਿੱਤੀਆਂ ਗਈਆਂ। ਡੰਗਰ-ਡਾਕਟਰ ਨੇ ਪਸ਼ੂਆਂ ਦਾ ਮੁਆਇਨਾ ਕੀਤਾ ਤੇ ਉਹਨਾਂ ਨੂੰ ਵੀ ਦਵਾਈਆਂ ਦਿੱਤੀਆਂ। ਇਹ ਸਭ ਕੁੱਝ ਖ਼ਾਲਸਾ ਏਡ ਦੀ ਮਦਦ ਕਰਕੇ ਹੀ ਸੰਭਵ ਹੋ ਸਕਿਆ। ਨਹੀਂ ਤਾਂ ਇੱਕ-ਦੋ ਵਿਅਕਤੀ ਕੀ ਕਰ ਸਕਦੇ ਹਨ? ਇਸ ਤਰ੍ਹਾਂ ਦੇ ਮਹਾਨ ਕੰਮ ਤਾਂ ਮਹਾਨ ਜਥੇਬੰਦੀਆਂ ਹੀ ਕਰ ਸਕਦੀਆਂ ਹਨ! ਇਹ ਬਹੁਤ ਚੰਗੀ ਗੱਲ ਹੈ ਕਿ ਖ਼ਾਲਸਾ ਏਡ ਵਾਲ਼ੇ ਪਹਿਲਾਂ ਤੋਂ ਹੋ ਤਿਆਰ-ਬਰ-ਤਿਆਰ ਸਨ, ਕਿਉਂਕਿ ਪੰਜਾਬ, ਇੰਡੀਆ ਤੇ ਪੂਰੀ ਦੁਨੀਆਂ ਵਿੱਚ ਇਹੋ ਜਿਹੀਆਂ ਤ੍ਰਾਸਦੀਆਂ ਤਾਂ ਹੁਣ ਹਰ ਸਾਲ ਆਮ ਹੋ ਗਈਆਂ ਹਨ। ਹੁਣ ਤਾਂ ਜੰਗੀ-ਪੱਧਰ ਦੀਆਂ ਤਿਆਰੀਆਂ ਦੀ ਲੋੜ ਹੈ - ਇੱਕ ਤਰ੍ਹਾਂ ਨਾਲ਼ ਫ਼ੌਜ ਦੀ ਲੋੜ ਹੈ।
"ਖ਼ਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਦੀ ਮੌਜ।। "
ਅਸਲੀ ਖ਼ਾਲਸਾ ਓਹੀ ਹੈ ਜੋ ਧਰਮ, ਜ਼ਾਤ ਤੇ ਰੰਗ-ਭੇਦ ਤੋਂ ਬਿਨਾਂ ਲੋਕਾਂ ਦੀ ਸਹਾਇਤਾ ਕਰੇ!
ਸਮਾਜ-ਸੇਵੀ ਜਥੇਬੰਦੀਆਂ ਸਰਕਾਰ ਨਹੀਂ ਹਨ ਪਰ ਸਰਕਾਰ ਦੇ ਨਾਲ਼ ਮਿਲ-ਵਰਤੋਂ ਕਰਕੇ ਜਿੱਥੇ ਵੀ ਮਦਦ ਦੀ ਲੋੜ ਹੈ, ਸਹਾਇਤਾ ਕਰ ਸਕਦੀਆਂ ਹਨ। ਸਰਕਾਰ ਤੇ ਦੇਸ਼ ਦੀ ਫ਼ੌਜ ਜੋ ਕਰ ਸਕਦੀ ਹੈ ਉਹ ਕੋਈ ਵੀ ਸਮਾਜ-ਸੇਵੀ ਜਥੇਬੰਦੀ ਨਹੀਂ ਕਰ ਸਕਦੀ। ਇੰਡੀਆ ਦੀ ਫ਼ੌਜ ਨੇ ਅਤਿਅੰਤ ਮਦਦ ਕੀਤੀ, ਜਿੱਥੇ ਕੋਈ ਵੀ ਮਦਦ ਨਹੀਂ ਕਰ ਸਕਦਾ ਉੱਥੇ ਸਿਰਫ਼ ਫ਼ੌਜ ਹੀ ਆਪਣੇ ਆਧੁਨਿਕ ਸਾਧਨਾਂ ਤੇ ਹੈਲੀਕਾਪਟਰ ਆਦਿ ਨਾਲ਼ ਪਹੁੰਚ ਸਕਦੀ ਹੈ। ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ, ਲੋਕਾਂ ਦੀ ਮੁੜ-ਬਹਾਲੀ ਲਈ ਮਾਇਕ ਸਹਾਇਤਾ ਦਾ ਐਲਾਨ ਕਰ ਸਕਦੀ ਹੈ, ਪਰ ਅਫ਼ਸੋਸ ਜਿੰਨੇ ਮੁਆਵਜ਼ੇ ਦਾ ਐਲਾਨ ਸਰਕਾਰ ਕਰਦੀ ਹੈ, ਉਸਦਾ ਦਸ ਪ੍ਰਤੀਸ਼ਤ ਵੀ ਪੀੜਤ ਲੋਕਾਂ ਨੂੰ ਨਹੀਂ ਮਿਲ਼ਦਾ। ਸਰਕਾਰ ਨੂੰ ਬਿਨਾ ਕਿਸੇ ਵਿਚੋਲੇ ਦੇ ਉਹ ਮੁਆਵਜ਼ਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦੇਣਾ ਚਾਹੀਦਾ ਹੈ। ਮੋਬਾਇਲ ਫ਼ੋਨ ਤੇ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਦੇ ਨਾਲ਼ ਸਿੱਧਾ ਸੰਪਰਕ ਰੱਖਣਾ ਚਾਹੀਦਾ ਹੈ।
ਖ਼ੈਰ, ਇਹਨਾਂ ਹੜ੍ਹ-ਪੀੜਤਾਂ ਦੀ ਐਮਰਜੰਸੀ ਮਦਦ ਹੀ ਹੋਈ ਹੈ ਪਰ ਅਜੇ ਉਹਨਾਂ ਦੇ ਮੁੜ ਵਸੇਵੇਂ ਦਾ ਵੀ ਪ੍ਰਬੰਧ ਕਰਨਾ ਹੈ ਤਾਂ ਜੋ ਦੁਬਾਰਾ ਤੋਂ ਆਪਣੀ ਜ਼ਿੰਦਗੀ ਪਹਿਲਾਂ ਵਰਗੀ ਸ਼ੁਰੂ ਕਰ ਸਕਣ!
ਹਫ਼ਤੇ ਬਾਅਦ ਮੈਂ ਆਪਣੀ ਬੇਟੀ ਰੀਤ ਨਾਲ਼ ਅਮਰੀਕਾ ਜਾਣ ਵਾਲ਼ੇ ਜਹਾਜ਼ ਵਿੱਚ ਸੀ। ਪੂਰੇ ਸੰਸਾਰ ਵਿੱਚ ਭਿਅੰਕਰ ਤੂਫ਼ਾਨਾਂ ਨੇ ਤਹਿਲਕਾ ਮਚਾਇਆ ਹੋਇਆ ਸੀ ਇੰਡੀਆ ਤੇ ਪਾਕਿਸਤਾਨ ਵਿੱਚ ਹੜ੍ਹਾਂ ਨੇ, ਅਮਰੀਕਾ ਵਿੱਚ ਹਰੀਕੇਨ, ਬਰਫ਼ੀਲੇ ਤੂਫ਼ਾਨਾਂ ਨੇ, ਜੰਗਲੀ ਅੱਗਾਂ ਨੇ, ਸੋਕੇ ਨੇ, ਜਪਾਨ ਤੇ ਜਰਮਨ ਵਿੱਚ ਭਾਰੀ ਬਾਰਿਸ਼ ਤੇ ਅੱਤ ਦੀ ਗਰਮੀ, ਫਿਲਪੀਨਜ਼ ਵਿੱਚ ਟਾਈਫ਼ੂਨ, ਅਫ਼ਰੀਕਾ ਵਿੱਚ ਸੋਕਾ, ਅਕਾਲ਼, ਤੇ ਵਿਲੁਪਤ (Extinct) ਹੋ ਰਹੇ ਜੰਗਲੀ ਜਾਨਵਰਾਂ ਨੂੰ ਖ਼ਤਰੇ, ਅਸਟ੍ਰੇਲੀਆ ਤੇ ਨਾਲ਼ ਲਗਦੇ ਦੇਸ਼ਾ (ਫਿਜੀ ਆਦਿ) ਵਿੱਚ ਸਾਈਕਲੋਨ ਆਦਿ। ਇਹ ਸਭ ਦੇਸ਼ ਸੰਸਾਰਿਕ ਤਾਪ ਦੇ ਖ਼ਤਰਿਆਂ ਤੋਂ ਜ਼ਿਆਦਾ ਜਲਦੀ ਨਾਲ਼ ਪ੍ਰਭਾਵਿਤ ਹੋ ਰਹੇ ਹਨ, ਵੈਸੇ ਤਾਂ ਪੂਰੇ ਸੰਸਾਰ ਦੇ ਦੇਸ਼ਾਂ ਨੂੰ ਸੰਸਾਰਿਕ ਤਾਪ ਦੇ ਪ੍ਰਭਾਵਾਂ ਤੋਂ ਖਤਰਾ ਹੈ।
ਜਦੋਂ ਅਸੀਂ ਘਰ ਪਹੁੰਚੇ ਤਾਂ ਅਮਰੀਕਾ ਵਿੱਚ ਆਉਣ ਵਾਲ਼ਾ ਤੂਫ਼ਾਨ ਵੀ ਗ਼ੁਜ਼ਰ ਚੁੱਕਾ ਸੀ, ਪਰ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਸੀ, ਇੱਥੇ ਵੀ ਕਰੋੜਾਂ ਦਾ ਨੁਕਸਾਨ ਹੋਇਆ, ਘਰਾਂ ਦੇ ਘਰ ਤਬਾਹ ਹੋ ਗਏ, ਬਹੁਤ ਲੋਕ ਘਰੋਂ-ਬੇਘਰ ਹੋ ਗਏ। ਅਸੀਂ ਸਮੁੰਦਰ ਤੋਂ ਥੋੜਾ ਦੂਰ ਰਹਿੰਦੇ ਸੀ, ਇਸ ਕਰਕੇ ਉੱਥੇ ਇੰਨਾ ਨੁਕਸਾਨ ਨਹੀਂ ਹੋਇਆ। ਮੇਰੀ ਪਤਨੀ ਨੇ ਦੱਸਿਆ ਕਿ ਸਿਰਫ ਘਰ ਦੀ ਛੱਤ ਦੇ ਇੱਕ ਪਾਸਿਓਂ ਹੀ ਨੁਕਸਾਨ ਹੋਇਆ ਸੀ।
ਸੰਸਾਰਿਕ ਤਾਪ (ਗਲੋਬਲ ਵਾਰਮਿੰਗ) ਤੋਂ ਬਚਣ ਦਾ ਕੋਈ ਅਸਾਨ ਰਸਤਾ ਨਹੀਂ ਹੈ, ਸਾਰੇ ਦੇਸ਼ਾਂ ਨੂੰ ਤੇ ਲੋਕਾਂ ਨੂੰ ਇਸ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਪੈਣਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਜੋ ਕਾਰਬਨ ਡਾਈਆਕਸਾਈਡ ਲੈ ਕੇ ਜੀਵਨ ਦੇਣ ਵਾਲ਼ੀ ਆਕਸੀਜਨ ਦਿੰਦੇ ਹਨ। ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਦੂਸ਼ਣ ਦਾ ਗ਼ੁਬਾਰ ਘੱਟ ਹੋ ਸਕੇ। ਸਾਨੂੰ ਆਪਣੇ ਵਾਹਨਾਂ ਦੀ ਵਜਾਇ ਸਰਕਾਰੀ ਟਰਾਂਸਪੋਰਟੇਸ਼ਨ (ਬੱਸ, ਰੇਲ-ਗੱਡੀਆਂ, ਆਦਿ) ਦੀ ਵੱਧ ਵਰਤੋਂ ਕਰਨੀ ਚਾਹੀਦੀ ਹੈ, ਘੱਟ ਕੂੜਾ, ਜ਼ਿਆਦਾ ਰੀ-ਸਾਇਕਲ (Recycle) ਕਰਨਾ ਚਾਹੀਦਾ ਹੈ। ਜੇ ਅੱਜ ਅਸੀਂ ਨਹੀਂ ਸੰਭਲੇ ਤੇ ਵਾਤਾਵਰਣ ਦਾ ਧਿਆਨ ਨਾ ਰੱਖਿਆ ਤਾਂ ਆਪਣੇ ਬੱਚਿਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਇਹ ਸੰਸਾਰ ਹਰ-ਭਰਾ ਨਹੀਂ ਛੱਡ ਸਕਦੇ!