ਧਰਤੀ ਰੋਈ ਅੰਬਰ ਰੋਇਆ ਵਿੱਚ ਸਰਹੰਦ ਦੇ ਕਹਿਰ ਕੀ ਹੋਇਆ
ਧਰਤੀ ਰੋਈ ਅੰਬਰ ਰੋਇਆ ਵਿੱਚ ਸਰਹੰਦ ਦੇ ਕਹਿਰ ਕੀ ਹੋਇਆ
ਜਲਵਾ ਤੱਕ ਕੁਰਬਾਨੀ ਦਾ ਭੇਤ ਕਿਸੇ ਨੀ ਪਾਇਆ ਲੋਕੋ
ਚਹੁੰ ਪੁੱਤਰਾਂ ਦੇ ਦਾਨੀ ਦਾ
ਪਿਤਾ ਵਾਰ ਕੇ ਦਿੱਲੀ ਦੇ ਵਿੱਚ ਹਿੰਦੂ ਧਰਮ ਬਚਾਇਆ ਸੀ
ਜ਼ਾਲਿਮ ਦੀ ਛਾਤੀ ਦੇ ਉੱਤੇ ਧਰਮ ਦਾ ਬੂਟਾ ਲਾਇਆ ਸੀ
ਸਿੱਖ ਪੰਥ ਨੂੰ ਸਾਜ ਗੁਰਾਂ ਨੇ ਵੱਢਿਆ ਮੁੱਢ ਗ਼ੁਲਾਮੀ ਦਾ
ਭੇਤ ਕਿਸੇ ਨੀ ਪਾਇਆ ਲੋਕੋ ਚਹੁੰ ਪੁੱਤਰਾਂ ਦੇ ਦਾਨੀ ਦਾ
ਅਣਖੀ ਯੋਧਾ ਅਣਖ ਦੀ ਖ਼ਾਤਿਰ ਪੁੱਤਰ ਚਾਰੇ ਵਾਰ ਗਿਆ
ਦੋ ਗੜ੍ਹੀ ਚਮਕੌਰ ਦੋਹਾਂ ਨੂੰ ਵਿੱਚ ਸਰਹੰਦ ਖਿਲਾਰ ਗਿਆ
ਮਾਛੀਵਾੜੇ ਜਾ ਕੇ ਸੌਂ ਗਿਆ ਪੜ੍ਹ ਕੇ ਸ਼ਬਦ ਗੁਰਬਾਣੀ ਦਾ
ਭੇਤ ਕਿਸੇ ਨੀ ਪਾਇਆ ਲੋਕੋ ਚਹੁੰ ਪੁੱਤਰਾਂ ਦੇ ਦਾਨੀ ਦਾ
ਜ਼ੋਰਾਵਰ ਤੇ ਫ਼ਤਿਹ ਸਿੰਘ ਨੇ ਜਦੋਂ ਜੈਕਾਰੇ ਛੱਡੇ ਸੀ
ਤੱਕ ਸੂਬੇ ਸਰਹੰਦ ਜਿਹਾਂ ਦੇ ਮੂੰਹ ਹੀ ਰਹਿ ਗਏ ਅੱਡੇ ਸੀ
ਸਿੱਖੀ ਦਾ ਨਾਂ ਰੌਸ਼ਨ ਕਰ ਗਏ ਘੁੱਟ ਨੀ ਮੰਗਿਆ ਪਾਣੀ ਦਾ
ਭੇਤ ਕਿਸੇ ਨੀ ਪਾਇਆ ਲੋਕੋ ਚਹੁੰ ਪੁੱਤਰਾਂ ਦੇ ਦਾਨੀ ਦਾ
ਸਤਿਗੁਰ ਮੇਰਾ ਬਾਜਾਂ ਵਾਲਾ ਖੇਡਾਂ ਕਈ ਖਿਲਾਰ ਗਿਆ
ਗਿੱਦੜੋਂ ਸ਼ੇਰ ਬਣਾ ਕੇ ਸਤਿਗੁਰ ਹੱਥ ਵਿੱਚ ਦੇ ਤਲਵਾਰ ਗਿਆ
“ਰਜ਼ਾਪੁਰੀ” ਜੱਗ ਤਾਹੀਓਂ ਪੂਜੇ ਜਲਵਾ ਰੂਹ ਰੂਹਾਨੀ ਦਾ
ਭੇਤ ਕਿਸੇ ਨੀ ਪਾਇਆ ਲੋਕੋ ਚਹੁੰ ਪੁੱਤਰਾਂ ਦੇ ਦਾਨੀ ਦਾ