ਅਮਨਦੀਪ ਸਿੰਘ
ਨਾਦ
ਸੰਗੀਤ ਦਾ ਸੰਬੰਧ ਧੁਨੀ ਨਾਲ ਹੈ। ਧੁਨੀ ਦੋ ਤਰ੍ਹਾਂ ਦੀ ਹੁੰਦੀ ਹੈ -
1. ਸੰਗੀਤ ਉਪਯੋਗੀ - ਇਸਨੂੰ ਨਾਦ ਕਹਿੰਦੇ ਹਨ।
2. ਸ਼ੋਰ ਜਾਂ ਰੌਲ਼ਾ
ਨਾਦ ਦੇ ਸੰਬੰਧ ਵਿੱਚ ਤਿੰਨ ਗੱਲਾਂ ਜ਼ਰੂਰੀ ਹਨ -
1. ਨਾਦ ਦਾ ਛੋਟਾ ਜਾਂ ਵੱਡਾ ਪਨ (Magnitude)- ਨਾਦ ਦਾ ਉਚਾਰਣ ਅਸੀਂ ਹੌਲੀ ਜਾਂ ਜ਼ੋਰ ਨਾਲ ਕਰ ਸਕਦੇ ਹਾਂ।
2. ਨਾਦ ਦੀ ਜਾਤੀ (Timbre)- ਨਾਦ ਦੀ ਜਾਤੀ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਕਿਸੇ ਮਨੁੱਖ ਜਾਂ ਸਾਜ਼ ਦਾ ਹੈ - ਜਿਵੇਂ ਸਿਤਾਰ, ਵੀਣਾ, ਸਾਰੰਗੀ, ਹਰਮੋਨੀਅਮ ਆਦਿ।
3. ਨਾਦ ਦੀ ਉਚਾਈ ਜਾਂ ਉਤਰਾਈ (Pitch)
ਰਾਗ
ਸੰਗੀਤ ਦੀ ਅਜਿਹੀ ਬੰਦਿਸ਼, ਜਿਸ ਨੂੰ ਸੁਣ ਕੇ ਮਨ ਪ੍ਰਸੰਨ ਹੋਵੇ ਅਤੇ ਦਿਲ ਵਿੱਚ ਪ੍ਰੀਤ ਉਤਪੰਨ ਹੋਵੇ। ਰਾਗ ਵਿੱਚ ਗਾਈ ਬਾਣੀ ਮਨ ਤੇ ਡੂੰਘਾ ਅਸਰ ਪਾਉਂਦੀ ਹੈ, ਅਤੇ ਸਰੋਤਿਆਂ ਦੀ ਵ੍ਰਿਤੀ ਨੂੰ ਆਪਣੇ ਵਲ੍ਹ ਖਿੱਚ ਲੈਂਦੀ ਹੈ।
ਗੁਰਬਾਣੀ ਦੇ ਅਨੁਸਾਰ -
ਧੰਨ ਸੁ ਰਾਗ ਸੁਰੰਗੜੇ
ਆਲਾਪਤ ਸਭ ਤਿਖ ਜਾਏ।। (ਵਾਰ ਰਾਮਕਲੀ ਮ. ੫)
ਭਾਵ:- ਉਹ ਸੋਹਣੇ ਰਾਗ ਮੁਬਾਰਿਕ ਹਨ ਜਿਨ੍ਹਾਂ ਦੇ ਗਾਂਵਿਆਂ (ਮਨ ਦੀ) ਤ੍ਰਿਸ਼ਨਾ ਨਾਸ ਹੋ ਜਾਏ।
ਥਾਟ -ਥਾਟ ਜਾਂ ਠਾਠ ਤੋਂ ਰਾਗ ਦਾ ਸਰੂਪ ਪ੍ਰਗਟ ਹੁੰਦਾ ਹੈ। ਉੱਤਰੀ ਜਾਂ ਹਿੰਦੁਸਤਾਨੀ ਸੰਗੀਤ ਦਸ (10) ਥਾਟਾਂ ਤੇ ਅਧਾਰਿਤ ਹੈ - ਥਾਟ ਬਿਲਾਵਲ, ਕਲਿਆਣ, ਖਮਾਜ, ਭੈਰਵ, ਪੂਰਬੀ, ਮਾਰਵਾ, ਕਾਫ਼ੀ, ਆਸਾਵਰੀ, ਭੈਰਵੀ ਅਤੇ ਟੋਡੀ।
ਸਪਤਕ - ਵੈਸੇ ਤਾਂ ਸੱਤ ਸੁਰਾਂ ਦੇ ਸੁਮੇਲ ਨੂੰ ਸਪਤਕ ਕਹਿੰਦੇ ਹਨ। ਪਰ ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ ਸੁਰ ਮਿਲਾ ਕੇ ਸਪਤਕ ਵਿੱਚ ਬਾਰਾਂ ਸੁਰ ਹੁੰਦੇ ਹਨ। ਸ਼ੁੱਧ ਅਤੇ ਵਿਕ੍ਰਿਤ ਸੁਰਾਂ ਨੂੰ ਪ੍ਰਕ੍ਰਿਤ ਅਤੇ ਵਿਕ੍ਰਿਤ ਵੀ ਕਹਿੰਦੇ ਹਨ। ਮੂਲ ਸੁਰ ਆਪਣੇ ਨੀਯਤ ਸਥਾਨ ਤੋਂ ਹੇਠਾਂ ਉਤਾਰਨ ਨਾਲ ਕੋਮਲ ਅਤੇ ਉੱਤੇ ਚੜ੍ਹਾਉਣ ਨਾਲ ਤੀਵਰ ਬਣ ਜਾਂਦਾ ਹੈ। ਇਸ ਕਰਕੇ ਆਪਣੇ ਸਥਾਨ ਤੋਂ ਹਟਣ ਕਰਕੇ ਇਸਨੂੰ ਵਿਕ੍ਰਿਤ ਕਿਹਾ ਜਾਂਦਾ ਹੈ। ਇਸ ਪ੍ਰਕਾਰ ਬਾਰਾਂ ਸੁਰਾਂ ਦੀ ਸਹਾਇਤਾ ਨਾਲ ਰਾਗ ਦਾ ਨਿਰਮਾਣ ਕੀਤਾ ਜਾਂਦਾ ਹੈ।
ਨਾਦ ਦੀ ਉਚਾਈ-ਉਤਰਾਈ ਦੇ ਅਨੁਰੂਪ ਉਸਦੇ ਮੰਦਰ, ਮੱਧ ਤੇ ਤਾਰ ਸਪਤਕ ਤਿੰਨ ਭੇਦ ਹਨ, ਜਿਨ੍ਹਾਂ ਨੂੰ ਨਾਦ ਦਾ ਸਥਾਨ ਵੀ ਕਹਿੰਦੇ ਹਨ। ਗਾਇਨ ਦੇ ਵਿੱਚ ਇਨ੍ਹਾਂ ਤਿੰਨਾਂ ਸਪਤਕਾਂ ਦੀ ਵਰਤੋਂ ਹੁੰਦੀ ਹੈ।
ਮੰਦਰ ਸਪਤਕ - ਸਧਾਰਣ ਅਵਾਜ਼ ਨੂੰ ਘਟਾ ਕੇ ਜਦੋਂ ਨੀਵੀਂ ਆਵਾਜ਼ ਵਿੱਚ ਬੋਲਿਆ ਜਾਏ ਤਾਂ ਉਸਨੂੰ ਮੰਦਰ ਸਪਤਕ ਕਹਿੰਦੇ ਹਨ। ਮੰਦਰ ਸਪਤਕ ਦੇ ਸੁਰਾਂ ਦੇ ਥੱਲੇ ਬਿੰਦੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਅਸੀਂ ਇੱਥੇ ਬਿੰਦੀ ਸੁਰ ਦੇ ਖੱਬੇ ਪਾਸੇ ਲਗਾਵਾਂਗੇ, ਕਿਓਂਕਿ ਕੰਪਿਊਟਰ ਦੇ ਯੂਨੀਕੋਡ ਫੌਂਟ ਵਿੱਚ ਥੱਲੇ ਬਿੰਦੀ ਲਗਾਉਣਾ ਸੰਭਵ ਨਹੀਂ।
.ਸ .ਰੇ .ਗ .ਮ .ਪ .ਧ .ਨੀ
ਮੱਧ ਸਪਤਕ - ਮੰਦਰ ਸਪਤਕ ਤੋਂ ਦੁੱਗਣੀ ਆਵਾਜ਼ ਮੱਧ ਸਪਤਕ ਦੀ ਹੁੰਦੀ ਹੈ। ਆਮ ਤੌਰ ਤੇ ਸਧਾਰਣ ਮਨੁੱਖ ਇਸ ਸਪਤਕ ਵਿਚ ਗੱਲ ਕਰਦੇ ਹਨ।
ਸ ਰੇ ਗ ਮ ਪ ਧ ਨੀ
ਤਾਰ ਸਪਤਕ - ਮੱਧ ਸਪਤਕ ਤੋਂ ਦੁੱਗਣੀ ਆਵਾਜ਼ ਤਾਰ ਸਪਤਕ ਦੀ ਹੁੰਦੀ ਹੈ। ਜਿਵੇਂ ਕੋਈ ਮਨੁੱਖ ਉੱਚੀ ਅਵਾਜ਼ ਵਿੱਚ ਗੱਲ ਕਰੇ। ਤਾਰ ਸਪਤਕ ਦੇ ਸੁਰਾਂ ਦੇ ਉੱਤੇ ਬਿੰਦੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ।
ਸਂ ਰੇਂ ਗਂ ਮਂਂ ਪਂ ਧਂ ਨੀਂ
ਔੜਵ - ਜਿਸ ਰਾਗ ਵਿੱਚ 5 ਸੁਰ ਹੁੰਦੇ ਹਨ।
ਛਾੜਵ - ਜਿਸ ਰਾਗ ਵਿੱਚ 6 ਸੁਰ ਹੁੰਦੇ ਹਨ।
ਸੰਪੂਰਨ - ਜਿਸ ਰਾਗ ਵਿੱਚ 7 ਸੁਰ ਹੁੰਦੇ ਹਨ।
ਰਾਗ ਯਮਨ
ਸਭ ਹੀ ਤੀਵਰ ਸੁਰ ਜਹਾਂ, ਵਾਦੀ ਗੰਧਾਰ ਸੋਹਾਏ।
ਔਰ ਸੰਵਾਦੀ ਨਿਖਾਦ, ਤੈਂ ਯਮਨ ਰਾਗ ਕਹਾਏ।
- ਚੰਦ੍ਰਿਕਾਸਾਰ
ਥਾਟ: ਕਲਿਆਨ
ਜਾਤੀ: ਸੰਪੂਰਨ(7), ਸੰਪੂਰਨ(7)
ਵਾਦੀ: ਗ
ਸੰਵਾਦੀ: ਨੀ
ਗਾਉਣ ਦਾ ਸਮਾਂ: ਸ਼ਾਮ ਦਾ ਸੂਰਜ ਛਿਪਣ ਵੇਲੇ (ਸ਼ਾਮ 6-9 ਵਜੇ ), ਰਾਤ ਦਾ ਪਹਿਲਾ ਪਹਿਰ
ਆਰੋਹ: ਸ ਰੇ ਗ ਮ॑ ਪ ਧ ਨੀ ਸਂ
ਅਵਰੋਹ: ਸਂ ਨੀ ਧ ਪ ਮ॑ ਪ ਗ ਰੇ ਸ
ਪਕੜ: ਨੀ ਰੇ ਗ ਰੇ ਸ, ਪ ਮ॑, ਗ ਰੇ ਸ
ਰਾਗੁ ਬੈਰਾੜੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
ਜੋ ਚਾਹਤ ਸੋਈ ਮਨਿ ਪਾਇਓ ॥
ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
ਸਰਬ ਸੂਖ ਹਰਿ ਨਾਮਿ ਵਡਾਈ ॥
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ {ਪੰਨਾ 720}
ਰਾਗ ਧਨਾਸਰੀ
ਥਾਟ: ਕਾਫ਼ੀ
ਜਾਤੀ: ਔੜਵ (5)/ ਸੰਪੂਰਨ(7)
ਵਾਦੀ: ਪ
ਸੰਵਾਦੀ: ਸ
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਆਰੋਹ: ਸ ਗੁ, ਮ ਪ, ਨੀੁ ਸਂ
ਅਵਰੋਹ: ਸਂ ਨੀੁ ਧ ਪ, ਮ ਪ ਗੁ, ਰੇ ਸ
ਪਕੜ: ਨੀੁ ਸ ਗੁ, ਮ ਪ, ਨੀੁ ਧ ਪ, ਮ ਪ ਗੁ, ਰੇ ਸ
ਕੁੰਜੀ:
.ਸ .ਰੇੁ .ਗੁ .ਗ .ਮ .ਮੇ .ਪ .ਧੁ .ਧ .ਨੀੁ .ਨੀ
ਸ ਰੇੁ ਰੇ ਗੁ ਗ ਮ ਮੇ ਪ ਧੁ ਧ ਨੀੁ ਨੀ
ਸਂ ਰੇੁਂ ਰੇਂ ਗੁਂ ਗਂ ਮਂਂ ਮੇਂ ਪਂ ਧੁਂ ਧਂ ਨੀੁਂ ਨੀਂ
ਵਾਦੀ - ਰਾਗ ਦੀ ਮੁੱਖ ਸੁਰ ਜੋ ਸਭ ਤੋਂ ਵੱਧ ਲਗਦੀ ਹੈ - ਜਿਵੇਂ ਕਿ ਰਾਜਾ ਹੋਵੇ।
ਸੰਵਾਦੀ - ਸਹਾਇਕ ਸੁਰ ਜੋ ਦੂਜੀ ਵੱਧ ਲਗਦੀ ਹੈ - ਜਿਵੇਂ ਕਿ ਵਜ਼ੀਰ ਹੋਵੇ।
ਅਨੁਵਾਦੀ - ਸਹਾਇਤਾ ਕਰਨ ਵਾਲਾ ਸੁਰ - ਜਿਵੇਂ ਕਿ ਸੇਵਕ ਹੋਵੇ।
ਵਿਵਾਦੀ - ਜਿਸ ਸੁਰ ਦੇ ਲੱਗਣ ਨਾਲ ਰਾਗ ਦਾ ਸਰੂਪ ਵਿਗੜ ਜਾਵੇ - ਜਿਵੇਂ ਕਿ ਦੁਸ਼ਮਣ ਹੋਵੇ।
ਗ੍ਰਿਹ ਸੁਰ - ਜਿਸ ਤੋਂ ਰਾਗ ਸ਼ੁਰੂ ਹੁੰਦਾ ਹੈ।
ਅੰਸ਼ ਸੁਰ - ਜਿਸ ਤੇ ਰਾਗ ਦਾ ਪ੍ਰਸਾਰ ਹੁੰਦਾ ਹੈ।
ਨਯਾਸ ਸੁਰ - ਜਿਸ ਤੇ ਰਾਗ ਦੀ ਸਮਾਪਤੀ ਹੁੰਦੀ ਹੈ।
ਅਰੋਹ - ਸੁਰਾਂ ਦੇ ਚੜ੍ਹਾਓ ਨੂੰ ਅਰੋਹ ਜਾਂ ਆਰੋਹੀ ਕਹਿੰਦੇ ਹਨ।
ਅਵਰੋਹ - ਸੁਰਾਂ ਦੇ ਚੜ੍ਹਾਓ ਨੂੰ ਅਵਰੋਹ ਜਾਂ ਅਵਰੋਹੀ ਕਹਿੰਦੇ ਹਨ।
ਸਪਤਕ - ਸੱਤ ਸੁਰਾਂ ਦੇ ਸੁਮੇਲ ਨੂੰ ਸਪਤਕ ਕਹਿੰਦੇ ਹਨ।
ਹਵਾਲੇ:
ਗੁਰੂ ਗ੍ਰੰਥ ਦਰਪਨ - ਪੋ:: ਸਾਹਿਬ ਸਿੰਘ
ਹਿੰਦੁਸਤਾਨੀ ਸੰਗੀਤ ਪੱਦਤੀ - ਪੰਡਿਤ ਵਿਸ਼ਣੂ ਨਰਾਇਣ ਭਾਤਖੰਡੇ - ਸੰਗੀਤ ਪ੍ਰੈਸ ਹਾਥਰਸ ਯੂ. ਪੀ.
ਆਦਿ ਗ੍ਰੰਥ ਦਾ ਸੰਗੀਤ ਪ੍ਰਬੰਧ - ਪਿਆਰਾ ਸਿੰਘ ਪਦਮ
ਗੁਰਮਤਿ ਸੰਗੀਤ ਸਾਗਰ - ਪ੍ਰਿੰਸੀਪਲ ਦਿਆਲ ਸਿੰਘ - ਗੁਰੂ ਨਾਨਕ ਵਿਦਿਆ ਭੰਡਾਰ ਟ੍ਰਸਟ, ਨਵੀਂ ਦਿੱਲੀ