ਪੰਜਾਬੀ ਬੁਝਾਰਤਾਂ
ਬੰਦ ਗਲੇ ਦੇ ਲੰਮੇ ਕੋਟ ਨੂੰ ਕੀ ਕਹਿੰਦੇ ਹਨ?
(ਅਚਕਨ)
ਸੋਲ਼ਾਂ ਧੀਆਂ
ਚਾਰ ਜੁਆਈ …… ( ਉਂਗਲਾਂ ਤੇ ਅੰਗੂਠੇ)
ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਕੀ ਕਹਿੰਦੇ ਹਨ?
( ਟਰੰਕ )
ਇੱਕ ਟੋਟਰੂ ਦੇ ਦੋ ਬੱਚੇ
ਨਾ ਓਹ ਖਾਂਦੇ ਨਾ ਓਹ ਪੀਂਦੇ
ਬਸ ਦੇਖ-ਦੇਖ ਜੀਂਦੇ…… (ਅੱਖਾਂ)
ਔਹ ਗਈ
ਆਹ ਆਈ…………..( ਨਜ਼ਰ)
ਆਲ਼ਾ ਕੌਡੀਆਂ ਵਾਲ਼ਾ
ਵਿੱਚ ਮੇਰੀ ਭੂਟੋ ਨੱਚਦੀ…… ( ਮੂੰਹ ਵਿਚਲੇ ਦੰਦ ਤੇ ਜੀਭ)
ਲੰਮੇ ਤੇ ਮੋਟੇ ਰੱਸੇ ਨੂੰ ਕੀ ਕਹਿੰਦੇ ਹਨ?
( ਲੱਜ )
ਲੱਗ-ਲੱਗ ਕਹੇ ਨਾ ਲੱਗਦੇ
ਬਿਨ ਆਖੇ ਲੱਗ ਜਾਂਦੇ
ਮਾਮੇ ਨੂੰ ਲੱਗਦੇ
ਤਾਏ ਨੂੰ ਨਹੀਂ ਲੱਗਦੇ …….( ਬੁੱਲ)
ਬਾਪੂ ਕਹੇ ਤੇ ਅੜ ਜਾਂਦਾ
ਚਾਚਾ ਕਹੇ ਤਾਂ ਖੁਲ੍ਹ ਜਾਂਦਾ…..( ਮੂੰਹ ਬੰਦ ਤੇ ਖੁੱਲਾ)
ਮੱਕੀ ਜਾਂ ਕਣਕ ਨੂੰ ਮੋਟੀ ਪੀਹ ਕੇ ਵਿਚ ਲੂਣ, ਮਿਰਚ ਪਾ ਕੇ, ਪਾਣੀ ਵਿਚ ਰਿੰਨ੍ਹ ਕੇ ਬਣਾਈ ਖਾਣ ਵਾਲੀ ਵਸਤ ਨੂੰ ਕੀ ਕਹਿੰਦੇ ਹਨ?
( ਦਲੀਆ )
ਆਈ ਸੀ
ਪਰ ਦੇਖੀ ਨਹੀਂ….. ( ਨੀਂਦ)
ਦਸ ਜਾਣੇ ਪਕਾਣ ਵਾਲ਼ੇ
ਬੱਤੀ ਜਾਣੇ ਖਾਣ ਵਾਲ਼ੇ
ਝੰਡੋ ਕੁੜਿ ਸਮੇਟਣ ਵਾਲ਼ੀ
ਮੌਜਧੈਣ ਸਾਂਭਣ ‘ਤੇ………( ਉਂਗਲਾਂ, ਦੰਦ, ਜੀਭ ਤੇ ਢਿੱਡ)
ਨਿੱਕੀ ਜਿਹੀ ਡੱਬੀ
ਖੋ ਗਈ ਸਬੱਬੀ
ਮੁੜ ਕੇ ਨਾ ਲੱਭੀ……… ( ਜਾਨ)
ਨਿੱਕੀ ਜਿਹੀ ਪਿੱਦਣੀ
ਪਿੱਦ-ਪਿੱਦ ਕਰਦੀ
ਸਾਰੇ ਜਹਾਨ ਦੀ
ਲਿੱਦ ਕੱਠੀ ਕਰਦੀ…… ( ਬਹੁਕਰ/ਝਾੜੂ )
ਤਾਰੇ ਕਿੰਜ ਟਿਕਾਏ, ਦੇਖਾਂ ਚੰਨ ਤਾਂ ਹੋਵੇ ਅਚੰਭਾ।
ਪੂਰੀ ਧਰਤੀ 'ਤੇ ਤਣਿਆ, ਨਾ ਕੋਈ ਸੋਟੀ, ਨਾ ਹੀ ਖੰਭਾ।
( ਆਕਾਸ਼ )
ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਝਾਂਜਰਾਂ,
ਸਾਰਾ ਪਿੰਡ ਸੌਂ ਗਿਆ, ਨੰਗ ਮਾਰੇ ਚਾਂਗਰਾਂ।
( ਕੁੱਤਾ )
ਦੋ ਕੁੜੀਆਂ ਕਾਠ ਵਿਚ ਜੜੀਆਂ,
ਚੀਕਾਂ ਮਾਰ ਅਸਮਾਨੀਂ ਚੜ੍ਹੀਆਂ।
( ਬੰਦੂਕ )
ਓਲ੍ਹਣੀ ਮੋਲ੍ਹਣੀ
ਦਰਾਂ ‘ਚ ਖੋਲ੍ਹਣੀ………(ਜੁੱਤੀ…)
ਝਿੰਗਾਂ ਨਾਲ ਘੇਰੀ ਥਾਂ ਨੂੰ ਕੀ ਕਹਿੰਦੇ ਹਨ?
( ਵਾੜਾ )
ਨਿੱਕਾ ਜਿਹਾ ਕਾਕਾ
ਘਰ ਦਾ ਰਾਖਾ…… ( ਜਿੰਦਰਾ)
ਅੱਗਿਉਂ ਨੀਵਾਂ ਪਿੱਛਿਉਂ ਉੱਚਾ
ਘਰ-ਘਰ ਫਿਰੇ ਹਰਾਮੀ ਲੁੱਚਾ……. (ਛੱਜ)
ਜਿਥੇ ਮੀਂਹ ਦਾ ਪਾਣੀ ਇਕੱਠਾ ਹੋਵੇ ਤੇ ਸਾਰਾ ਸਾਲ ਖੜ੍ਹਾ ਰਹੇ, ਉਸ ਥਾਂ ਨੂੰ ਕੀ ਕਹਿੰਦੇ ਹਨ?
( ਟੋਭਾ )
ਮਿੱਟੀ ਦਾ ਘੋੜਾ
ਲੋਹੇ ਦੀ ਲਗਾਮ
ਉੱਤੇ ਬੈਠਾ ਗੁਦਗੁਦਾ ਪਠਾਣ… (ਚੁੱਲਾ,ਤਵਾ ਤੇ ਰੋਟੀ….)
ਕਾਲ਼ਾ ਹੈ ਪਰ ਕਾਗ ਨਹੀਂ
ਲੰਮਾ ਹੈ ਪਰ ਨਾਗ ਨਹੀਂ………. ( ਪਰਾਂਦਾ )
ਘੋੜੇ ਦੀ ਇਕ ਪਾਸੇ ਦੀ ਅਗਲੀ ਲੱਤ ਨਾਲ ਤੇ ਇਕ ਪਾਸੇ ਦੀ ਪਿਛਲੀ ਲੱਤ ਨਾਲ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?
( ਪੈਂਖੜ )
ਇੰਨੀ ਕੁ ਡੱਡ
ਕਦੀ ਨਾਲ਼ ਕਦੇ ਅੱਡ……….. ( ਟਿਚ-ਬਟਨ / ਕੁੰਜੀ )
ਹਾਬੜ ਦਾਬੜ ਪਈ ਕੁੜੇ
ਪੜਥੱਲੋ ਕਿਧਰ ਗਈ ਕੁੜੇ…… ( ਕੜਛੀ )
ਪਿੱਤਲ ਦੇ ਘੜੇ ਦੀ ਸ਼ਕਲ ਦੇ ਬਰਤਨ ਨੂੰ ਕੀ ਕਹਿੰਦੇ ਹਨ?
( ਗਾਗਰ )
ਅੰਦਰ ਭੂਟੋ
ਬਾਹਰ ਭੂਟੋ
ਛੂਹ ਭੂਟੋ………..( ਝਾੜੂ )
ਨਿੱਕੀ ਜਿਹੀ ਕੁੜੀ
ਲੈ ਪਰਾਂਦਾ ਤੁਰੀ……( ਸੂਈ- ਧਾਗਾ)
ਛੱਤ ਦੇ ਹੇਠ ਬਣੀ ਛੋਟੀ ਛੱਤ ਨੂੰ, ਜਿਸ ਉੱਪਰ ਸਮਾਨ ਰੱਖਿਆ ਜਾਂਦਾ ਹੈ, ਕੀ ਕਹਿੰਦੇ ਹਨ?
( ਪਰਛੱਤੀ )
ਤਲੀ ਉੱਤੇ ਕਬੂਤਰ ਨੱਚੇ…… ( ਆਟੇ ਦਾ ਪੇੜਾ )
ਇੱਕ ਨਿੱਕਾ ਜਿਹਾ ਪਟਵਾਰੀ
ਉਹਦੀ ਸੁੱਥਣ ਬਹੁਤੀ ਭਾਰੀ……. (ਅਟੇਰਨ )
ਐਡੀ ਕੁ ਟਾਟ
ਭਰੀ ਸਬਾਤ……. ( ਦੀਵਾ )
ਮਾਂ ਜੰਮੀ ਨਹੀਂ
ਪੁੱਤ ਬਨੇਰੇ ਖੇਡੇ…… ( ਧੂੰਆਂ ਤੇ ਅੱਗ)
ਅੱਠ ਹੱਡ
ਥੱਬਾ ਆਂਦਰਾਂ ਦਾ
ਜਿਹੜਾ ਮੇਰੀ ਬਾਤ ਨਾ ਬੁੱਝੁ
ਉਹ ਪੁੱਤ ਬਾਂਦਰਾਂ ਦਾ…….. ( ਮੰਜਾ )
ਡੱਗੀ ਕਿਸ ਨੂੰ ਕਹਿੰਦੇ ਹਨ?
( ਗਠੜੀ ਨੂੰ )
ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ
ਇੱਕ ਸ਼ਖਸ ਮੈਂ ਐਸਾ ਡਿੱਠਾ, ਧੋਣ ਲੰਮੀ ਸਿਰ ਆਕੜਿਆ
..(ਊਠ )
ਚਿੱਟੀ ਮਸੀਤ ਬੂਹਾ ਕੋਈ ਨਾ…..( ਅੰਡਾ)
ਲੰਮਾਂ ਲੰਮ- ਸੰਲਮਾਂ
ਲੰਮੇ ਦਾ ਪਰਛਾਵਾਂ ਕੋਈ ਨਾ… ( ਸੜਕ/ਦਰਿਆ)
ਚੜ੍ਹ ਚੌਂਕੀ ‘ਤੇ ਬੈਠੀ ਰਾਣੀ
ਸਿਰ ‘ਤੇ ਅੱਗ, ਬਦਨ ‘ਤੇ ਪਾਣੀ…..(ਹੁੱਕਾ )
ਲੱਕ ਦੁਆਲੇ ਬੰਨ੍ਹੇ ਜਾਣ ਵਾਲੇ ਚਾਰਖਾਨੇ ਕੱਪੜੇ ਜਾਂ ਧਾਰੀਦਾਰ ਕੱਪੜੇ ਨੂੰ ਕੀ ਕਹਿੰਦੇ ਹਨ?
ਲੂੰਗੀ (ਧੋਤੀ)
ਰਾਹ ਦਾ ਡੱਬਾ
ਚੁੱਕਿਆ ਨਾ ਜਾਵੇ
ਹਾਏ ਵੇ ਰੱਬਾ……… ( ਖੂਹ/ਕੁੱਪ )
ਕਾਂਸੀ ਦੇ ਗੋਲ ਸ਼ਕਲ ਦੇ ਬਣੇ ਬਰਤਨ ਨੂੰ ਕੀ ਕਹਿੰਦੇ ਹਨ?
( ਛੰਨਾ )
ਬਾਹਰੋਂ ਆਇਆ ਬਾਬਾ ਲਸ਼ਕਰੀ
ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ…… ( ਭੂੰਡ )
ਕਰੀਰ ਦੀ ਝਾੜੀ ਨੂੰ ਲੱਗੇ ਫਲ ਨੂੰ ਕੀ ਕਹਿੰਦੇ ਹਨ?
( ਡੇਲੇ )
ਸਬਜ਼ ਕਟੋਰੀ ਮਿੱਠਾ ਭੱਤ
ਲੁੱਟੋ ਸਈਓ ਹੱਥੋ-ਹੱਥ……. ( ਖ਼ਰਬੂਜਾ )
ਜ਼ਨਾਨੀਆਂ ਦੇ ਗਿੱਟਿਆਂ 'ਤੇ ਪਾਉਣ ਵਾਲੇ ਚਾਂਦੀ ਦੇ ਇਕ ਗਹਿਣੇ ਨੂੰ ਕੀ ਕਹਿੰਦੇ ਹਨ?
( ਪੰਜੇਬਾਂ )
ਸਈਓ ਨੀ ਇੱਕ ਡਿੱਠੇਮੋਤੀ
ਵਿੰਨ੍ਹਦਿਆਂ-ਵਿੰਨ੍ਹਦਿਆਂ ਝੜ ਗਏ
ਮੈਂ ਰਹੀ ਖਲੋਤੀ………..( ਤ੍ਰੇਲ਼-ਤੁਪਕੇ )
ਕੱਪੜੇ ਦੇ ਬਣੇ ਥੈਲੇ ਨੂੰ ਕੀ ਕਹਿੰਦੇ ਹਨ?
( ਝੋਲਾ )
ਤਿੰਨ ਚੱਪੇ ਇੱਕ ਲਕੜੀ ਆਂਦੀ
ਉਸ ਦਾ ਕੀ ਕੁਝ ਘੜੀਏ ?
ਬਾਰਾਂ ਕੋਹਲੂ, ਇੱਕ ਲੱਠ
ਚਰਖਾ ਘੜਿਆ ਤ੍ਰੈ ਸਿ ਸੱਠ ( ਸਾਲ, ਮਹੀਨੇ, ਦਿਨ)
ਸ਼ੱਕਰ ਵਿਚ ਘਿਓ ਮਿਲਾ ਕੇ ਜੋ ਮਿਸ਼ਰਤ ਵਸਤ ਬਣਦੀ ਹੈ, ਉਹ ਨੂੰ ਕੀ ਕਹਿੰਦੇ ਹਨ?
( ਸ਼ੱਕਰ-ਘਿਓ )
ਮਾਸੀ ਦੀ ਸੱਸ ਦੇ, ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ, ਮਾਂ ਨੂੰ ਕੀ ਕਹਿੰਦੇ ਹਨ?
( ਨਾਨੀ )
ਜੇ ਇਸ ਬਾਤ ਦੇ ਨਾਲ਼ ਹੇਠ ਲਿਖੀ ਸਤਰ ਜੋੜ ਦੇਈਏ ਤਾਂ ਜਵਾਬ ਬਦਲ ਜਾਂਦਾ ਹੈ…..
ਅਜੇ ਵੀ ਲੱਕੜੀ ਮੇਰੇ ਹੱਥ……. (ਕਲਮ )
ਸਰਕੜੇ, ਕਾਹੀ ਆਦਿ ਨਾਲ ਬਣਾਏ ਘਰ ਨੂੰ ਕੀ ਕਹਿੰਦੇ ਹਨ?
( ਛੱਪਰੀ )
ਸਿੰਚਾਈ ਲਈ ਖੂਹ ਵਿਚੋਂ ਜਾਂ ਟੋਭੇ ਵਿਚੋਂ ਪਾਣੀ ਕੱਢਣ ਵਾਲੇ ਸੰਦ ਨੂੰ ਕੀ ਕਹਿੰਦੇ ਹਨ?
( ਢੀਂਗਲੀ )
ਭੇਡਾਂ-ਬੱਕਰੀਆਂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ?
( ਆਜੜੀ )
ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ।
ਉੱਤਰ : ਕੇਲਾ
ਏਨੀ ਕੁ ਹਿਰਨੀ, ਸਾਰਾ ਖੇਤ ਚਰਨੀ।
ਮੀਂਗਣ ਇਕ ਨਾ ਕਰਨੀ।
ਉੱਤਰ : ਦਾਤੀ
ਸ੍ਰੀਨਗਰ ਤੋਂ ਭੱਜਿਆ ਡਾਕੂ, ਕਾਨਪੁਰ ਫੜਿਆ ਗਿਆ।
ਹਥੇਲੀ ਨਗਰ ਵਿਚ ਹੋਈ ਪੇਸ਼ੀ, ਨਹੁੰਪੁਰ ਆ ਕੇ ਮਰਿਆ।
ਉੱਤਰ : ਜੂੰ
ਤਿੰਨ ਲਫਜ਼ਾਂ ਦਾ ਦੇਸ਼ ਹੈ, ਜਾਣੇ ਲੱਖ ਕਰੋੜ।
ਪਿੱਠ ਕੱਟੋ ਬਣ ਜਾਂਵਦਾ, ਪੰਜ ਉਂਗਲਾਂ ਦਾ ਜੋੜ।
ਉੱਤਰ : ਪੰਜਾਬ
ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ।
ਬੁੱਝਣੀ ਆ ਤਾਂ ਬੁੱਝ, ਨਹੀਂ ਹੋ ਜਾ ਬਾਹਰ।
ਉੱਤਰ : ਅੱਖਾਂ
ਜਿਉਂ-ਜਿਉਂ ਮੈਨੂੰ ਫੋਲੋਗੇ, ਘੁੰਡੀ ਦਿਲ ਦੀ ਖੋਲ੍ਹੋਗੇ,
ਪਿਆਰ ਮੇਰੇ ਨਾਲ ਪਾਓਗੇ, ਰੂਹ ਦੀ ਭੁੱਖ ਮਿਟਾਓਗੇ।
ਉੱਤਰ : ਕਿਤਾਬ
ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ।
ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।
ਉੱਤਰ : ਹਵਾ
ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ।
ਉੱਤਰ : ਟੈਲੀਫੋਨ
ਇਕ ਸੰਦੂਕੜੀ 'ਚ ਬਾਰਾਂ ਖਾਨੇ, ਹਰ ਖਾਨੇ ਵਿਚ ਤੀਹ-ਤੀਹ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
ਉੱਤਰ : ਸਾਲ, ਮਹੀਨੇ ਅਤੇ ਦਿਨ।
ਇਕ ਖੁੱਡ ਵਿਚ ਸੁੱਤਾ ਸੱਪ, ਦੋ ਹੱਥਾਂ ਨਾਲ ਲਿਆ ਨੱਪ।
ਉੱਤਰ : ਨਾਲਾ
ਬਾਹਰੋਂ ਲਿਆਂਦੀ ਕੱਟ-ਵੱਢ ਕੇ, ਘਰ ਵਿਚ ਨੱਥਾਂ ਪਾਈਆਂ।
ਜਦੋਂ ਪੂਰੀ ਤਿਆਰੀ ਹੋ ਗਈ, ਖੂਬ ਚਪੇੜਾਂ ਲਾਈਆਂ।
ਉੱਤਰ : ਢੋਲਕੀ
ਇਕ ਜਾਨਵਰ ਰੁੱਖਾ, ਜਿਸ ਦੇ ਸਿਰ 'ਤੇ ਪੱਖਾ।
ਉੱਤਰ : ਮੋਰ
4 ਪੈਰ ਮਣ-ਮਣ ਦੇ, 80 ਮਣ ਦਾ ਜੱਟ।
ਬੁੱਝਣੀ ਐ ਤਾਂ ਬੁੱਝ, ਨਹੀਂ ਰੁਪਏ ਧਰ 60।
ਉੱਤਰ : ਹਾਥੀ
ਤੂੰ ਪਾਈ ਬਾਤ, ਬਾਤ ਤਾਂ ਬੜੀ ਚੰਗੀ ਆ,
ਖੱਡ ਵਿਚ ਹੈ ਮਿਆਊਂ, ਉਹਦੀ ਪੂਛ ਨੰਗੀ ਆ |
ਉੱਤਰ : ਪਤੀਲੀ ਵਿਚ ਕੜਛੀ
ਹੇਠਾਂ ਮਿੱਟੀ ਦਾ ਮਟੁੰਨ,
ਉੱਤੇ ਲੋਹੇ ਦਾ ਘਸੁੰਨ,
ਉੱਤੇ ਗੁਦਗੁਦੀਆਂ |
ਉੱਤਰ : ਚੁੱਲ੍ਹਾ, ਤਵਾ ਤੇ ਰੋਟੀ
ਰੋਟੀ ਪਕਾਉਣ ਵਾਲੀ ਭੜੋਲੇ ਵਰਗੀ ਉੱਚੀ ਭੱਠੀ ਨੂੰ ਕੀ ਕਹਿੰਦੇ ਹਨ?
ਉੱਤਰ : ਤੰਦੂਰ
ਆਰ ਢਾਂਗਾ ਪਾਰ ਢਾਂਗਾ, ਵਿਚ ਟੱਲਮ ਟੱਲੀਆਂ |
ਆਉਣ ਕੂੰਜਾਂ ਦੇਣ ਗੇੜੇ, ਨਦੀ ਨਹਾਵਣ ਚੱਲੀਆਂ |
ਉੱਤਰ : ਖੂਹ ਦੀਆਂ ਟਿੰਡਾਂ
ਵੱਡੇ ਆਕਾਰ ਦੀ ਰੋਟੀ ਨੂੰ ਕੀ ਕਹਿੰਦੇ ਹਨ?
ਉੱਤਰ : ਰੋਟ
ਲੱਕੜ ਦੇ ਬਣੇ ਹੋਏ ਦੀਵਾ ਰੱਖਣ ਵਾਲੇ ਅੱਡੇ ਨੂੰ ਕੀ ਕਹਿੰਦੇ ਹਨ?
ਉੱਤਰ : ਦੀਵਟ
ਅੱਧਾ ਜਲ ਵਿਚ, ਅੱਧਾ ਥਲ ਵਿਚ,
ਕੀਟ-ਪਤੰਗੇ, ਮੱਛਰ ਖਾ ਲੈਂਦਾ।
ਉੱਤਰ : ਡੱਡੂ
ਉੱਪਰੋਂ ਫਿੱਕਾ ਅੰਦਰੋਂ ਸ਼ਹਿਦ,
ਖਾਓ ਜਿਸ ਨੂੰ ਕਹਿੰਦੇ ਵੈਦ।
ਉੱਤਰ : ਗੰਨਾ
ਨਵਾਂ ਖਜ਼ਾਨਾ ਘਰ ਵਿਚ ਆਇਆ,
ਡੱਬੇ ਵਿਚ ਸੰਸਾਰ ਸਮਾਇਆ।
ਉੱਤਰ : ਟੈਲੀਵਿਜ਼ਨ
ਕਿੱਕਰ ਦੇ ਫਲ ਨੂੰ ਕੀ ਕਹਿੰਦੇ ਹਨ?
ਉੱਤਰ : ਤੁੱਕੇ
ਸਿਰ ਦੇ ਵਾਲਾਂ ਦੇ ਇਕ ਥਾਂ ਗੁੰਦੇ ਗੁੱਛੇ ਨੂੰ ਕੀ ਕਹਿੰਦੇ ਹਨ?
ਉੱਤਰ : ਮੀਢੀ
ਪਸ਼ੂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ?
ਉੱਤਰ : ਪਾਲੀ
ਬੀਜੀ ਫਸਲ ਨੂੰ ਹੋਈ ਕਰੰਡ ਨੂੰ ਭੰਨਣ ਵਾਲੇ ਪੁਰਾਤਨ ਖੇਤੀ ਸੰਦ ਨੂੰ ਕੀ ਕਹਿੰਦੇ ਹਨ?
ਉੱਤਰ : ਕਰੰਡੀ
ਕੱਚੇ ਕੋਠੇ ਦੇ ਅੰਦਰ ਕੰਧ ਨਾਲ ਬਣਾਏ ਭਾਂਡੇ ਰੱਖਣ ਵਾਲੇ ਵਾਧੇ ਨੂੰ ਕੀ ਕਹਿੰਦੇ ਹਨ?
ਉੱਤਰ : ਟਾਂਡ
ਪਿੱਤਲ ਦੇ ਗੋਲ ਚੌੜੇ ਉਸ ਭਾਂਡੇ ਨੂੰ, ਜਿਸ ਵਿਚ ਆਟਾ ਗੁੰਨ੍ਹਿਆ ਜਾਂਦਾ ਹੈ, ਕੀ ਕਹਿੰਦੇ ਹਨ?
ਉੱਤਰ : ਪਰਾਤ
ਉਹ ਕਿਹੜੀ ਬੀਨ ਹੈ ਜੋ ਵਜਾਉਣ ਦੇ ਕੰਮ ਨਹੀਂ ਆਉਂਦੀ?
ਉੱਤਰ : ਸੋਇਆਬੀਨ
ਸਣ, ਸੂਤ ਦੀ ਰੱਸੀ ਵੱਟਣ ਵਾਲੇ ਲੱਕੜ ਦੇ ਬਣੇ ਜੰਤਰ ਨੂੰ ਕੀ ਕਹਿੰਦੇ ਹਨ?
ਉੱਤਰ : ਢੇਰਨਾ
ਬਾਂਸ ਦੀ ਲੰਮੀ ਡਾਂਗ ਦੇ ਇਕ ਸਿਰੇ 'ਤੇ ਲੋਹੇ ਦੇ ਲਾਏ ਤੇਜ਼ਧਾਰ ਫਲ ਨੂੰ ਕੀ ਕਹਿੰਦੇ ਹਨ?
ਉੱਤਰ : ਗੰਡਾਸੀ
ਨਿੱਕੀ ਜਿਹੀ ਛੋਕਰੀ, ਉਹਦੇ ਸਿਰ ਗੋਹੇ ਦੀ ਟੋਕਰੀ।
ਉੱਤਰ : ਹੁੱਕੀ
ਰੜੇ ਮੈਦਾਨ ਵਿਚ ਖੜ੍ਹਾ ਆਦਮੀ, ਨਾ ਤੁਰਦਾ, ਨਾ ਬੋਲੇ
ਉੱਤਰ : ਡਰਨਾ
ਚੌਰਸ ਪਿੰਜਰ ਆਂਦਰਾ ਅਨੇਕ।
ਉੱਤਰ : ਮੰਜਾ
ਸੜਕ-ਸੜਕ ਰੂੰ ਰੁੜ੍ਹੀ ਜਾਂਦੀ।
ਉੱਤਰ : ਖਰਗੋਸ਼
ਛੋਲਿਆਂ ਦੀਆਂ ਹਰੀਆਂ ਟਾਂਟਾਂ ਵਿਚੋਂ ਕੱਢੇ ਕੱਚੇ ਹਰੇ ਛੋਲਿਆਂ ਦੇ ਹਰੇ ਦਾਣਿਆਂ ਨੂੰ ਕੀ ਕਹਿੰਦੇ ਹਨ?
ਉੱਤਰ : ਛੋਲੂਆ
ਖੂਹੀਆਂ, ਖੂਹਾਂ ਵਿਚੋਂ ਪਾਣੀ ਕੱਢਣ ਵਾਲੇ ਲੋਹੇ ਦੇ ਚੌੜੇ ਮੂੰਹ ਵਾਲੇ ਬਰਤਨ ਨੂੰ ਕੀ ਕਹਿੰਦੇ ਹਨ?
ਉੱਤਰ : ਡੋਲ
ਛੋਟੇ ਮੁੰਡਿਆਂ ਦੇ ਲੱਕ ਦੁਆਲੇ ਮਣਕੇ, ਘੁੰਗਰੂ ਜਾਂ ਕੌਡੀਆਂ ਪਰੋ ਕੇ ਬੰਨ੍ਹੇ ਕਾਲੇ ਰੰਗ ਦੇ ਧਾਗੇ ਨੂੰ ਕੀ ਕਹਿੰਦੇ ਹਨ?
ਉੱਤਰ : ਤੜਾਗੀ
ਏਨਾ ਲੰਮਾ ਬੰਦਾ, ਨਾਲ ਉਸ ਦੇ ਤਾਰਾਂ ਦਾ ਸ਼ਿਕੰਜਾ।
ਉੱਤਰ : ਬਿਜਲੀ ਦਾ ਖੰਭਾ
ਅੰਦਰੋਂ ਲਾਲ ਬਾਹਰੋਂ ਕਾਲੀ,
ਚੁਗੀ ਜਾਵਾਂ ਵਿਚ ਰੱਖ ਕੇ ਥਾਲੀ।
ਉੱਤਰ : ਮਸਰਾਂ ਦੀ ਦਾਲ
ਵੀਹ ਸੀਸ ਫੜ ਧੜੋਂ ਉਤਾਰੇ, ਕੀਤਾ ਖੂਨ ਨਾ ਜਾਨੋਂ ਮਾਰੇ।
ਉੱਤਰ : ਨਹੁੰ
ਜਲ ਵਿਚ ਹੋਇਆ, ਜਲ ਵਿਚ ਮੋਇਆ।
ਜਲ ਵਿਚ ਉਸ ਦੇ ਸਾਸ, ਨਾ ਹੱਡੀ ਨਾ ਮਾਸ।
ਉੱਤਰ : ਪਾਣੀ ਦਾ ਬੁਲਬੁਲਾ
ਇਤਨੀ ਕੁ ਡੱਬੀ, ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ।
ਉੱਤਰ : ਜਾਨ
ਡਿੰਗ-ਪੜਿੰਗੀਆਂ ਲੱਕੜੀਆਂ, ਡਿੰਗ ਪੜਿੰਗਾ ਰਸ,
ਜਿਹੜਾ ਮੇਰੀ ਬਾਤ ਨਾ ਬੁੱਝੇ, ਰੁਪਏ ਦੇਵੇ ਦਸ।
ਉੱਤਰ : ਜਲੇਬੀ
ਇਕ ਮਾਂ, ਧੀਆਂ-ਪੁੱਤਰ ਬੇਸ਼ੁਮਾਰ,
ਬਚਦੇ ਜੋ ਹੋ ਜਾਂਦੇ ਨੇ ਕੁੰਡਲੋਂ ਬਾਹਰ।
ਉੱਤਰ : ਸੱਪ
ਅਮਰ ਵੇਲ, ਅਮਰ ਵੇਲ, ਕਈਆਂ ਦੇ ਕੁਹਾੜੇ ਟੁੱਟੇ,
ਪਰ ਅਮਰ ਵੇਲ ਨਹੀਂ ਟੁੱਟਦੀ।
ਉੱਤਰ : ਛਾਂ
ਐਡੇ ਜ਼ੋਰ ਦੀ ਵਰਖਾ ਹੋਈ, ਹਾਥੀ ਖੜ੍ਹਾ ਨਹਾਵੇ,
ਸਾਰਾ ਸ਼ਹਿਰ ਵਿਚ ਡੁੱਬ ਜਾਵੇ, ਪਰ ਕੌਲ ਨਾ ਭਰਿਆ ਜਾਵੇ।
ਉੱਤਰ : ਤਰੇਲ
ਕੌਣ ਤਪੱਸਿਆ ਨਿੱਤ ਕਰੇ, ਕੌਣ ਜੋ ਨਿੱਤ ਨਹਾਵੇ,
ਕੌਣ ਜੋ ਸਭ ਰਸ ਉਗਲਦਾ, ਕੌਣ ਜੋ ਸਭ ਰਸ ਖਾਵੇ।
ਉੱਤਰ : ਸੂਰਜ , ਮੱਛੀ, ਬੱਦਲ, ਧਰਤੀ
ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,
ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹੈ।
ਉੱਤਰ : ਬਿਜਲੀ
ਲਾਲ ਗਾਂ ਲੱਕੜ ਖਾਵੇ,
ਪਾਣੀ ਪੀ ਕੇ ਮਰ ਜਾਵੇ।
ਉੱਤਰ : ਅੱਗ
ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ।
ਉੱਤਰ : ਮੁੜ੍ਹਕਾ
ਐਡੀ ਦਿੱਲੀ ਦੇ ਵਣਜਾਰੇ, ਚਿੱਟੀ ਚਾਦਰ ਪਏ ਚੰਗਿਆੜੇ।
ਉੱਤਰ : ਸੂਰਜ, ਚੰਦ, ਤਾਰੇ
ਸਾਉਣ-ਭਾਦੋਂ ਇਕ ਰੁੱਤ, ਦੋ ਬੁੱਢੀਆਂ ਦੀ ਇਕ ਗੁੱਤ।
ਉੱਤਰ : ਪੀਂਘ
ਅੰਤ ਕਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾਂ।
ਵਿਚਾਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸ ਦਾ ਨਾਂਅ।
ਉੱਤਰ : ਕਾਗਜ਼।
ਸਾਲ ਮਗਰੋਂ ਗੱਡੀ ਆਈ
ਕੋਈ ਚੜ੍ਹ ਗਿਆ ਕੋਈ ਰਹਿ ਗਿਆ?
ਉੱਤਰ : ਨਤੀਜਾ
ਸਾਨੂੰ ਦੇ ਕੇ ਗਏ ਬਾਹਰਲੇ ਬੰਦੇ
ਸਵੇਰੇ ਉਠਦਾ ਹਰ ਕੋਈ ਮੰਗੇ।
ਉੱਤਰ : ਚਾਹ
ਇਕ ਚੀਜ਼ ਜੋ ਬਾਹਰੋਂ ਆਵੇ
ਮੋਟਰ ਕਾਰਾਂ ਤਾਈਂ ਭਜਾਵੇ।
ਉੱਤਰ : ਪੈਟਰੋਲ-ਡੀਜ਼ਲ
ਧਰਤੀ ਦਾ ਬਣਿਆ ਭਗਵਾਨ
ਉਹਦੇ ਪਿੱਛੇ ਪਿਆ ਜਹਾਨ।
ਉੱਤਰ : ਪੈਸਾ
ਐਸਾ ਵਹਿੜਕਾ ਹਲ ਵਾਹੇ ਟਿੱਬੀ ਢਾਹੇ
ਅੱਸੀ ਨੱਥਾਂ ਪਾਈਆਂ ਹਜੇ ਬੁੜ੍ਹਕਦਾ ਜਾਵੇ।
ਉੱਤਰ : ਢੋਲ
ਤੇਜ਼ੀ ਉਸ ਦੀ ਨੁਕਸਾਨ ਕਰੇ
ਉਹਦੇ ਬਿਨ ਨਾ ਬਿੰਦ ਸਰੇ।
ਉੱਤਰ : ਹਵਾ
ਲੰਬੀਆਂ-ਲੰਬੀਆਂ ਤਾਰਾਂ
ਉੱਤੇ ਚੱਲਣ ਮਾਰੂਤੀ ਕਾਰਾਂ।
ਉੱਤਰ : ਵਾਲ ਤੇ ਜੂੰਆਂ
ਦੋ ਬਾਜੂ ਉਹਦੇ ਪਾਵੇ ਚਾਰ
ਚਾਹੁੰਦੀ ਉਹਨੂੰ ਸਾਰੀ ਸਰਕਾਰ।
ਉੱਤਰ : ਕੁਰਸੀ
ਨਿੱਕੀ ਜਿਹੀ ਨਰਸ
ਪੀਲੇ ਕੱਪੜੇ ਪਾਉਂਦੀ ਏ
ਮੁਫਤ ਟੀਕੇ ਲਾਉਂਦੀ ਏ।
ਉੱਤਰ : ਭਰਿੰਡ
ਚੂਨੇ ਗੱਚ ਹਵੇਲੀ,
ਬੂਹਾ ਕੋਈ ਨਾ।
ਉੱਤਰ : ਆਂਡਾ
ਹਰੀ ਟੋਪੀ ਲਾਲ ਦੁਸ਼ਾਲਾ,
ਪੇਟ ਵਿਚ ਮੋਤੀਆਂ ਦੀ ਮਾਲਾ।
ਉੱਤਰ : ਲਾਲ ਮਿਰਚ
ਚਿੱਟੀ ਪਲੇਟ ਵਿਚ ਕਾਲਾ ਰਸਗੁੱਲਾ।
ਉੱਤਰ : ਅੱਖ
ਤਿੰਨ ਭਰਾ, ਜਿਹੜੇ ਆਪਸ ਵਿਚ ਫੜੇ ਨਹੀਂ ਜਾਂਦੇ,
ਜਿੰਨਾ ਮਰਜ਼ੀ ਤੇਜ਼ ਭੱਜ ਲੈਣ।
ਉੱਤਰ : ਪੱਖੇ ਦੇ ਪਰ
ਹਰੀ-ਹਰੀ ਕੋਠੜੀ,
ਵਿਚ ਵਿਛਿਆ ਗਲੀਚਾ ਲਾਲ।
ਉੱਤਰ : ਤਰਬੂਜ਼
ਇਕ ਡੱਬੀ ਵਿਚ ਬੱਤੀ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
ਉੱਤਰ : ਦੰਦ
ਦੋ ਸਿਪਾਹੀ ਲੜਦੇ ਜਾਣ, ਨਿੰਮ ਦੇ ਪੱਤੇ ਝੜਦੇ ਜਾਣ।
ਉੱਤਰ :ਟੋਕਾ ਮਸ਼ੀਨ
ਚਾਰ ਸਿਪਾਹੀ, ਚਾਰ ਗੰਨੇ, ਚਾਰਾਂ ਦੇ ਮੂੰਹ 'ਚ ਦੋ ਦੋ ਤੁੰਨੇ।
ਉੱਤਰ :ਮੰਜਾ
ਉਹ ਗਈ ਉਹ ਗਈ।
ਉੱਤਰ :ਨਿਗ੍ਹਾ/ਨਜ਼ਰ
ਆਲਾ ਭਰਿਆ ਕੌਡੀਆਂ ਦਾ, ਵਿਚ ਤੋਤਕੜੀ ਨੱਚੇ।
ਧੁੱਪ ਵੇਖਕੇ ਪੈਦਾ ਹੋਇਆ, ਛਾਂ ਵੇਖ ਕੇ ਮੁਰਝਾ ਗਿਆ।