ਸ੍ਰੀ ਹਰਿਗੋਬਿੰਦਪੁਰ 

Sri Hargobindpur 

ਨਗਰ ਸ੍ਰੀ ਹਰਿਗੋਬਿੰਦਪੁਰ ਅਤੇ ਇਸ ਦੇ ਧਾਰਮਿਕ ਸਥਾਨ


ਬਲਵਿੰਦਰ ਬਾਲਮ, ਗੁਰਦਾਸਪੁਰ


ਨਗਰ ਸ੍ਰੀ ਹਰਿਗੋਬਿੰਦਪੁਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਚ ਹੈ। ਇਹ ਗੁਰਦਾਸਪੁਰ ਤੋਂ ਲੱਗਭਗ 40 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ ਲਗਭੱਗ 60 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰੂ  ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਨਵੇਂ ਨਗਰ ਕਰਤਾਰਪੁਰ (ਜਲੰਧਰ) ਅਤੇ ਤਰਨਤਾਰਨ ਵਸਾਏ ਸਨ। ਸ੍ਰੀ ਹਰਿਗੋਬਿੰਦਪੁਰ ਵਾਲੀ ਥਾਂ ਤੇ ਨਵਾਂ ਨਗਰ ਵਸਾਉਣਾ ਵੀ ਉਨ੍ਹਾਂ ਦੇ ਪ੍ਰੋਗਰਾਮ ਵਿਚ ਸ਼ਾਮਿਲ ਸੀ। ਉਨ੍ਹਾਂ ਨੇ ਜ਼ਮੀਨ ਖਰੀਦੀ ਅਤੇ ਸੰਨ 1587 ਵਿਚ ਨਗਰ ਵਸਾਉਣਾ ਆਰੰਭ ਕੀਤਾ। ਇਸ ਨਗਰ ਦਾ ਨਾਂਅ ਸ੍ਰੀ ਗੋਬਿੰਦਪੁਰ ਰੱਖਿਆ ਗਿਆ। ਗੁਰੂ ਜੀ ਆਪਣੇ ਹੋਰ ਰੁਝੇਵਿਆਂ ਕਾਰਨ ਨਗਰ ਵਸਾਉਣ ਵੱਲ ਪੂਰਾ ਧਿਆਨ ਨਾ ਦੇ ਸਕੇ। ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਲੋਕ ਭਲਾਈ ਦੇ ਕਾਰਜਾਂ ਵੱਲ ਵਧੇਰੇ ਧਿਆਨ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਤਿਆਰੀ ਲਈ ਵੀ ਲਗਭਗ ਦੋ ਸਾਲ ਦਾ ਸਮਾਂ ਲਗਾਇਆ। ਸਿੱਖ ਧਰਮ ਦੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵੱਲ ਵੀ ਧਿਆਨ ਦੇਣਾ ਚਾਹਿਆ। ਚੰਦੂ ਸ਼ਾਹ ਦੀ ਸ਼ਰਾਰਤ ਨਾਲ ਇਹ ਅਸਥਾਨ ਰੁਹੇਲੇ ਪਿੰਡ ਦੇ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ।


ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਜਦ ਏਧਰ ਆਏ ਤਾਂ ਉਨ੍ਹਾਂ ਨੇ ਇਸ ਸ਼ਹਿਰ ਨੂੰ ਮੁੜ ਵਸਾਇਆ। ਇਥੇ ਗੁਰੂ ਜੀ ਨੇ ਇਕ ਸਰਾਂ, ਗੁਰਦੁਆਰਾ ਅਤੇ ਮਸਜਿਦ ਬਣਵਾਈ। ਇਸ ਇਲਾਕੇ ਦੇ ਅਨੇਕਾਂ ਪਠਾਣ ਗੁਰੂ ਜੀ ਦੇ ਸ਼ਰਧਾਲੂ ਬਣ ਗਏ। ਹਰਿਗੋਬਿੰਦਪੁਰ ਦੀ ਉਸਾਰੀ ਦਾ ਕੰਮ ਭਾਈ ਇਸਮਾਈਲ, ਭਾਈ ਉਮੀਊ, ਭਾਈ ਬੂਲਾ, ਭਾਈ ਜੇਠਾ, ਭਾਈ ਲਾਲੋ ਅਤੇ ਭਾਈ ਕਲਿਆਣੇਂ ਦੇ ਹਵਾਲੇ ਕਰਕੇ ਗੁਰੂ ਸਾਹਿਬ ਬਟਾਲੇ ਦੇ ਰਾਹ ਅੰਮ੍ਰਿਤਸਰ ਪੁੱਜੇ।


ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਮੁੜ ਤੋਂ ਵਸਾਇਆ ਜਾਣ ਅਤੇ ਵਿਕਸਿਤ ਕੀਤਾ ਜਾਣ ਕਰਕੇ ਇਸ ਨਗਰ ਦਾ ਨਾਂਅ ਸ੍ਰੀ ਹਰਿਗੋਬਿੰਦਪੁਰ ਪ੍ਰਸਿੱਧ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦੀਖ਼ੁਸ਼ੀ ਵਿਚ ਇਹ ਨਗਰ ਵਸਾਇਆ ਸੀ ਜਿਸ ਦਾ ਨਾਂਅ ਉਨ੍ਹਾਂ ਨੇ ਸ੍ਰੀ ਹਰਿਗੋਬਿੰਦ ਪੁਰ ਰੱਖਿਆ।


ਇਹ ਨਗਰ ਗੁਰੂ ਅਰਜਨ ਦੇਵ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਬਣਾਇਆ ਸੀ। ਇਹ ਗੁਰਦਾਸਪੁਰ ਜ਼ਿਲ੍ਹੇ ਵਿਚ ਚੰਦੂ ਸ਼ਾਹ ਦੇ ਪਿੰਡ ਰੁਹੇਲੇ ਦੇ ਨੇੜੇ ਹੀ ਹੈ। ਚੰਦੂ ਸ਼ਾਹ ਦੀ ਸਹਾਇਤਾ ਨਾਲ ਹੀ ਭਗਵਾਨ ਦਾਸ ਘੇਰੜ ਇਲਾਕੇ ਦਾ ਚੌਧਰੀ ਬਣਿਆ ਸੀ।


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਪਰਤਣ ਉਪਰੰਤ ਇਧੱਰ ਆਏ ਸਨ। ਉਨ੍ਹਾਂ ਇੱਥੇ ਸਿੱਖ ਸੰਗਤਾਂ ਦੇ ਕੈਂਪ ਲਗਵਾਏ ਇਸ ਥਾਂ ਦੀ ਨਵੀਂ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਗਰ ਦੇ ਆਲੇ ਦੁਆਲੇ ਦੀਵਾਰ ਬਣਾਉਣੀ ਆਰੰਭ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਜਿਥੇ ਵੀ ਕੋਈ ਸਰਦਾ ਪੁਜਦਾ ਚੌਧਰੀ ਰਹਿੰਦਾ ਸੀ ਉਸ ਦਾ ਪਿੰਡ ਕਿਲ੍ਹੇ ਦੀ ਤਰ੍ਹਾਂ ਦੀਵਾਰ ਨਾਲ ਵਲਿਆ ਹੁੰਦਾ ਸੀ। ਭਗਵਾਨ ਦਾਸ ਘੇਰੜ ਨੇ ਸਮਝਿਆ ਕਿ ਗੁਰੂ ਸਾਹਿਬ ਇਥੇ ਰਹਿਣ ਲੱਗ ਪੈਣਗੇ ਤੇ ਇਹ ਉਸ ਲਈ ਖਤਰੇ ਵਾਲੀ ਗੱਲ ਹੋਵੇਗੀ। ਉਸ ਨੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਤਾਂ ਕਿ ਗੁਰੂ ਜੀਉੱਥੋਂ ਚਲੇ ਜਾਣ, ਪਰ ਜਦ ਗੁਰੂ ਜੀ ਨੇ ਉਸ ਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਉਸ ਨੇ ਸਿੱਧੀ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ। ਇਕ ਦਿਨ ਝਗੜਾ ਕਰਦਾ ਹੋਇਆ, ਉਹ ਸਿੱਖ ਸੰਗਤਾਂ ਹੱਥੋਂ ਮਾਰਿਆ ਗਿਆ। ਇਸ ਗੱਲ ਨੇ ਝਗੜੇ ਨੂੰ ਹੋਰ ਵਧਾ ਦਿੱਤਾ। ਉਸਦਾ ਪੁੱਤਰ ਰਤਨ ਚੰਦ, ਪਿਉ ਦੀ ਮੌਤ ਦਾ ਬਦਲਾ ਲੈਣ ਦੇ ਢੰਗ ਤਰੀਕੇ ਸੋਚਣ ਲੱਗਾ। ਉਸ ਨਾਲ ਪਿੰਡ ਰੁਹੇਲੇ ਦਾ ਕਰਮ ਚੰਦ ਵੀ ਮਿਲ ਗਿਆ, ਜਿਸ ਦੇ ਪਿਤਾ ਚੰਦੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਉਨ੍ਹਾਂ ਨੂੰ ਅਸਹਿ ਤੇ ਅਕਹਿ ਕਸ਼ਟ ਦਿੱਤੇ ਸਨ, ਜਿਸ ਕਾਰਨ ਸਿੱਖਾਂ ਨੇ ਉਸ ਨੂੰ ਨੱਕ ਵਿਚ ਨਕੇਲ ਪਾ ਕੇ ਲਾਹੋਰ ਦੇਬਜ਼ਾਰਾਂ ਵਿਚ ਫੇਰਿਆ ਸੀ ਅਤੇ ਗੁਰਦਿੱਤੇ ਭੜਭੂੰਜੇ ਨੇ ਉਸ ਦੇ ਸਿਰ ਤੋਂ ਆਪਣਾ ਕੜਛਾ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਸੀ। ਇਸ ਲਈ ਕਰਮ ਚੰਦ ਆਪਣੇ ਪਿਉ ਦੀ ਮੌਤ ਦਾ ਬਦਲਾ ਸਿੱਖਾਂ ਪਾਸੋਂ ਲੈਣਾ ਚਾਹੁੰਦਾ ਸੀ। ਸੋ ਦੋਵੇਂ, ਕਰਮ ਚੰਦ ਅਤੇ ਰਤਨ ਚੰਦ, ਜਲੰਧਰ ਦੇ ਫੋਜਦਾਰ ਅਬਦੁੱਲਾ ਖਾਨ ਕੌਲ ਜਾ ਫਰਿਆਦੀ ਹੋਏ। ਉਹ ਵੀ ਗੁਰੂ ਜੀ ਦੇ ਦੁਆਬੇ ਵਿਚ ਆ ਕੇ ਵਸਣ ਨੂੰ ਆਪਣੇ ਲਈ ਖਤਰਾ ਸਮੱਝਦਾ ਸੀ। ਉਹ ਚਾਰਹਜ਼ਾਰ ਫੋਜੀਆਂ ਨਾਲ ਗੁਰੂ ਜੀ ਤੇ ਹਮਲਾ ਕਰਨ ਲਈ ਤੁਰ ਪਿਆ। ਇਲਾਕੇ ਦੇ ਕਈ ਮੁਸਲਮਾਨਾਂ ਤੇ ਹੋਰ ਲੋਕਾਂ ਨੂੰ ਉਸ ਨੇ ਆਪਣੇ ਅਹੁਦੇ ਦੇ ਪ੍ਰਭਾਵ ਕਾਰਨ ਆਪਣੇ ਨਾਲ ਮਿਲਾ ਲਿਆ।


ਰੁਹੇਲੇ ਪਿੰਡ ਕੋਲ ਲੜਾਈ ਹੋਈ ਜੋ ਕਿ 28 ਸਤੰਬਰ ਤੋਂ 3 ਅਕਤੂਬਰ 1621 ਤੱਕ ਚੱਲੀ। ਗੁਰੂ ਜੀ ਦੇ ਕਈ ਮੁਸਲਮਾਨ ਸ਼ਰਧਾਲੂਆਂ ਨੇ ਵੀ ਇਸ ਜੰਗ ਵਿਚ ਹਿੱਸਾ ਲਿਆ, ਜਿਵੇਂ ਕਿ ਪੈਂਦੇ ਖ਼ਾਨ, ਜਾਨੀ ਸ਼ਾਹ, ਜਮਾਲ ਖ਼ਾਨ, ਜਹਾਂਗੀਰ ਸ਼ਾਹ ਆਦਿ। ਭਾਈ ਪਰਾਗਾ, ਤੱਦ ਮਥੁਰਾ ਅਤੇ ਭੱਟ ਕੀਰਤ (ਦੋਵੇਂ ਭੱਟ ਤਿੱਖਾ ਜੀ ਦੇ ਸਪੁੱਤਰ), ਜੱਟੂ, ਕਾਲਿਆਨਾ, ਜਸਨਾ ਅਤੇ ਨਾਨੂ ਆਦਿ ਨੇ ਵੀ ਬਹਾਦਰੀ ਦੇ ਜ਼ੋਹਰ ਵਿਖਾਏ। ਭਾਈ ਨਾਨੂੰ ਨੇ ਰਤਨ ਚੰਦ ਅਤੇ ਕਰਮ ਚੰਦ ਦੋਹਾਂ ਨੂੰ ਪਾਰ ਬੁਲਾ ਦਿੱਤਾ। ਭੱਟ ਮਥੁਰਾ ਜੀ ਨੇ ਇਕ ਤਕੜੇ ਫੌਜੀ ਜਰਨੈਲ ਬੈਰਮਖ਼ਾਨ ਦਾ ਸਿਰ ਲਾਹ ਦਿੱਤਾ। ਭੱਟ ਮਥੁਰਾ ਅਤੇ ਕੀਰਤ ਦੋਵੇਂ ਇਸ ਜੰਗ ਵਿਚ ਸ਼ਹੀਦ ਹੋ ਗਏ। ਦੂਜੇ ਪਾਸੇ, ਸਿੱਖ ਸੂਰਮਿਆਂ ਨੇ ਫੌਜਦਾਰ ਅਬਦੁੱਲਾ ਖ਼ਾਨ ਮਾਰ ਦਿੱਤਾ। ਬਚੇ ਹੋਏ ਵੈਰੀ ਮੈਦਾਨ ਛੱਡ ਕੇ ਦੌੜ ਗਏ। ਭੱਟ ਮਥੁਰਾ ਅਤੇ ਕੀਰਤ ਉਨ੍ਹਾਂ ਭੱਟਾਂ ਵਿਚੋਂ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਹ ਭੱਟ ਕੇਵਲ ਬਾਣੀ ਰਚਨ ਵਾਲੇ ਹੀ ਨਹੀਂ ਸਨ, ਸਗੋਂ ਜੰਗ ਦੇ ਮੈਦਾਨ ਵਿਚ ਬਹਾਦਰੀ ਦਿਖਾਉਣ ਵਾਲੇ ਅਤੇ ਕੁਰਬਾਨੀਆ ਕਰਨ ਵਾਲੇ ਸਨ।


ਸਿੱਖ ਇਤਿਹਾਸ ਦੀ ਇਹ ਪਹਿਲੀ ਜੰਗ ਸੀ। ਇਸ ਨੇ ਮੁਗਲ ਸੈਨਾ ਨੇ ਅਜਿੱਤ ਹੋਣ ਦੇ ਵਿਸ਼ਵਾਸ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ। ਸਿੱਖਾਂ ਦੇ ਹੌਸਲੇ ਬੁਲੰਦ ਹੋਏ ਅਤੇ ਕਈ ਜੰਗਾਂ ਜਿੱਤੀਆਂ।


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਮੀਰੀ-ਪੀਰੀ ਦੇ ਸਿਧਾਂਤ ਦੀ ਵਿਵਹਾਰਿਕ ਰੂਪ ਵਿਚ ਵਰਤੋ ਕੀਤੀ ਗਈ। ‘ਅਕਾਲ ਤਖ਼ਤ ਦੀ ਸਿਰਜਨਾ, ਗੁਰੂ ਸਾਹਿਬ ਦਾ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਂਰਨ ਕਰਕੇ ਉਥੇ ‘ਸੱਚੇ ਪਾਤਸ਼ਾਹ ਦੇ ਰੂਪ ਵਿਚ’ ਕਲਗੀ ਸਜਾ ਕੇ ਵਿਰਾਜਣਾ, ਸਿੱਖਾਂ ਦੇ ਨਾਮ ‘ਹੁਕਮਨਾਮੇ ਜਾਰੀ ਕਰਨਾ, ਨਗਾਰਾ ਵਜਾਉਣਾ, ਅਕਾਲ ਤਖ਼ਤ ਅਤੇ ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਉਣੇ ਅਤੇ ਉੱਥੇ ਉੱਘੀਆਂ ਸ਼ਖ਼ਸੀਅਤਾਂ ਦਾ ਮਿਲਣ ਆਉਣਾ, ਸਿੱਖਾਂ ਦੇ ਮਸਲਿਆਂ ਦੇ ਫ਼ੈਸਲੇ ਕਰਨਾ, ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਣੀਆਂ, ਸ਼ਸਤਰਾਂ ਦੇ ਅਭਿਆਸ ਹੋਣੇਂ, ਫੌਜਾਂ ਤਿਆਰ ਕਰਨਾ, ਸ਼ਿਕਾਰ ਖੇਡਣ ਜਾਣਾ ਆਦਿ ਮੀਰੀ ਤੇ ਪੀਰੀ ਦੇ ਪ੍ਰਤੱਖ ਸੁਮੇਲ ਦੀਆਂ ਉਦਾਹਰਣਾਂ ਹਨ। ਗੁਰੂ ਜੀ ਨੇ ਵੇਲੇ ਦੀ ਹਕੂਮਤ ਵਲੋਂ ਠੋਸੇ ਸਾਰੇ ਯੁੱਧ ਜਿੱਤ ਲਏ, ਇਹ ਮੀਰੀ ਤੇ ਪੀਰੀ ਦੇ ਸੁਮੇਲ ਦਾ ਹੀ ਸਿੱਟਾ ਸੀ।


ਗੁਰੂ ਸਾਹਿਬ ਦੇਉੱਦਮ ਸਦਕਾ ਪ੍ਰਚਾਰ ਦੇ ਕਈ ਨਵੇਂ ਕੇਂਦਰ ਹੋਂਦ ਵਿਚ ਆਏ। ਪੰਜਾਬ ਵਿਚ ਕੀਰਤਪੁਰ, ਕਰਤਾਰਪੁਰ, ਸ੍ਰੀ ਹਰਿਗੋਬਿੰਦਪੁਰ, ਗੜ੍ਹਸ਼ੰਕਰ, ਡਰੋਲੀ, ਭਾਈ ਰੂਪਾ, ਕਾਂਗੜ, ਮਹਿਰਾਜ ਆਦਿ ਪ੍ਰਚਾਰ ਕੇਂਦਰ ਬਣੇ। ਕਸ਼ਮੀਰ ਵਿਚ ਸ੍ਰੀ ਨਗਰ ਅਤੇ ਬਾਕੀ ਭਾਰਤ ਵਿਚ ਨਾਨਕਮਤਾ, ਬਨਾਰਸ, ਅਯੁੱਧਿਆ, ਦੇਉ ਨਗਰ, ਸਮਰਾਮ, ਪਟਨਾ, ਆਲਮਗੰਜ, ਜਗਨਨਾਥਪੁਰੀ ਵਿਖੇ ਸਿੱਖ ਸੰਗਤਾਂ ਸਥਾਪਿਤ ਹੋਈਆਂ ਅਤੇ ਇਨ੍ਹਾਂ ਅਸਥਾਨਾਂ ਤੋਂ ਦੂਰ-ਦੂਰ ਤੱਕ ਧਰਮ ਪ੍ਰਚਾਰ ਦਾ ਪ੍ਰਬੰਧ ਕੀਤਾ ਗਿਆ।


ਨਗਰ ਸ੍ਰੀ ਹਰਗੋਬਿੰਦਪੁਰ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਰਾਜਧਾਨੀ ਵੀ ਸੀ।


ਗੁਰੂ ਸਾਹਿਬ ਲੇ ਇਸ ਨਗਰ ਨੂੰ ਵਿਗਿਆਨਕ ਢੰਗ ਨਾਲ ਬਣਵਾਇਆ ਸੀ। ਬਜ਼ਾਰ ਵਧੀਆ ਢੰਗ ਨਾਲ ਬਣਵਾਇਆ ਸੀ। ਬਜ਼ਾਰ ਵਧੀਆ ਢੰਗ ਦੇ ਬਣਾਏ ਗਏ। ਹਵਾ ਚੱਲਣ ਨਾਲ ਗਲੀਆਂ ਅਪਣੇਂ ਆਪ ਸਾਫ਼ ਹੋ ਜਾਂਦੀਆਂ।


ਗੁਰੂ ਜੀ ਨੇ ਲੋੜਵੰਦ ਚੀਜ਼ਾਂ ਬਣਾਉਣ ਵਾਲੇ ਅਨੇਕਾਂ ਜਾਤੀਆਂ ਦੇ ਲੋਕਾਂ ਨੂੰ ਇਥੇ ਵਸਾਇਆ, ਖ਼ਾਸ ਕਰਕੇ ਚੇਤ ਮੰਗੀਏ, ਲੁਹਾਰ, ਕੰਘੀ ਘਾੜੇ, ਜੁਲਾਹੇ, ਮੋਚੀ,ਝੀਊਰ, ਸੱਕੇ (ਮੁਸਲਮਾਨ) ਬ੍ਰਾਹਮਣ ਆਦਿ।


ਸ੍ਰੀ ਹਰਗੋਬਿੰਦਪੁਰ ਨਗਰ ਦਾ ਨਾਂਅ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ ਸੀ।  ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ ਸਨ ਉਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਗਿਆਰਾਂ ਸਾਲਾਂ ਦੀ ਉਮਰ ਸੀ।


ਬਾਬਾ ਬੁੱਢਾ ਜੀ ਨੇ ਹੀ ਮਗਰੋਂ ਉਨ੍ਹਾਂ ਦੀ ਦੇਖ ਭਾਲ ਕੀਤੀ ਅਤੇ ਸਿੱਖਿਆਵਾਂ ਦਿੱਤੀਆਂ।


ਨਗਰ ਸ੍ਰੀ ਹਰਗੋਬਿੰਦਪੁਰ ਨੂੰ ਜੋ ਮਾਨਤਾ ਮਿਲਣੀ ਚਾਹੀਦੀ ਹੈ ਮਿਲੀ ਨਹੀਂ। ਕਿਸੇ ਵੀ ਸਰਕਾਰ ਨੇ ਇਸ ਨਗਰ ਦੀ ਇਤਿਹਾਸਕ ਤੇ ਧਾਰਮਿਕ ਮਰਿਆਦਾ ਵੱਲ ਧਿਆਨ ਨਹੀਂ ਦਿੱਤਾ।


ਨਗਰ ਸ੍ਰੀ ਹਰਿਗੋਬਿੰਦਪੁਰ ਵੱਲ ਸਰਕਾਰ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਇਸ ਪਿੰਡ ਨੇ ਕਿਸੇ ਕਿਸਮ ਦੀ ਕੋਈ ਤਰੱਕੀ ਨਹੀਂ ਕੀਤੀ। ਬਿਆਸ ਦਰਿਆ ’ਤੇ ਵਸਿਆ ਇਹ ਨਗਰ ਅੱਜ ਵੀ ਸਹੂਲਤਾਂ ਤੋਂ ਪਛੜਿਆ ਹੋਇਆ ਹੈ। ਗੁਰੂ ਜੀ ਵਲੋਂ ਬਣਾਈ ਗਈ ਮਸੀਤ ਦਾ ਬੁਰਾ ਹਾਲ ਹੈ। ਉਸ ਦੀ ਜ਼ਮੀਨ ਜਾਇਦਾਦ ਦਾ ਕੋਈ ਪਤਾ ਹੀ ਨਹੀਂ ਹੈ। ਪੁਰਾਤਨ ਇਮਾਰਤਾਂ ਅਜੇ ਵੀ ਮੌਜੂਦ ਹਨ ਜੋ ਸਿੱਖ ਇਤਿਹਾਸ ਦੀ ਗਵਾਹੀ ਭਰਦੀਆਂ ਹਨ।

balambalwinder@gmail.com